ਇਨਸਾਨ ਕੁੱਤਿਆਂ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ, ਇਸਦੇ ਪਿੱਛੇ ਕੀ ਵਿਗਿਆਨ ਹੈ

ਤਸਵੀਰ ਸਰੋਤ, Getty Images
ਕਈ ਵਾਰ ਵਿਸ਼ਵਾਸ ਕਰਨਾ ਔਖਾ ਹੁੰਦਾ ਹੈ, ਪਰ ਦੁਨੀਆਂ ਦੇ ਸਾਰੇ ਕੁੱਤਿਆਂ ਦੇ ਪੂਰਵਜ ਬਘਿਆੜ ਹਨ। ਇਸਦਾ ਮਤਲਬ ਹੈ ਕਿ ਉਹ ਪੁਰਾਤਣ ਸਮੇਂ ਵਿੱਚ ਬਘਿਆੜਾਂ ਤੋਂ ਵਿਕਸਤ ਹੋ ਕੇ ਕੁੱਤੇ ਬਣੇ ਸਨ।
ਭਾਵੇਂ ਉਹ ਦੁਨੀਆਂ ਦਾ ਸਭ ਤੋਂ ਛੋਟਾ ਮੰਨਿਆ ਜਾਂਦਾ ਚਿਹੁਆਹੁਆ ਕੁੱਤਾ ਹੋਵੇ, ਜਾਂ ਕੋਈ ਵੀ ਵੱਡਾ ਕੁੱਤਾ।
ਉਨ੍ਹਾਂ ਦੇ ਪੂਰਵਜ ਹੁਣ ਧਰਤੀ 'ਤੇ ਨਹੀਂ ਹਨ। ਉਨ੍ਹਾਂ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਸਲੇਟੀ ਬਘਿਆੜ ਹੈ, ਜੋ ਅੱਜ ਵੀ ਜੰਗਲ ਵਿੱਚ ਰਹਿੰਦਾ ਹੈ ਅਤੇ ਇੱਕ ਬਹੁਤ ਸ਼ਕਤੀਸ਼ਾਲੀ ਸ਼ਿਕਾਰੀ ਮੰਨਿਆ ਜਾਂਦਾ ਹੈ।
ਪਰ ਸਵਾਲ ਇਹ ਰਹਿੰਦਾ ਹੈ ਕਿ ਬਘਿਆੜ ਮਨੁੱਖ ਦੇ ਇੰਨੇ ਨੇੜੇ ਕਦੋਂ ਰਹਿਣ ਲੱਗ ਪਏ? ਅਤੇ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਵਿੱਚ ਕੁੱਤੇ ਇੰਨੀ ਖ਼ਾਸ ਜਗ੍ਹਾ ਕਿਉਂ ਰੱਖਦੇ ਹਨ?
ਅਸੀਂ ਇੱਥੇ ਤੱਕ ਕਿਵੇਂ ਪਹੁੰਚੇ?

ਤਸਵੀਰ ਸਰੋਤ, Getty Images
ਮੰਨਿਆ ਜਾਂਦਾ ਹੈ ਕਿ ਕੁੱਤੇ ਮਨੁੱਖਾਂ ਵੱਲੋਂ ਪਾਲਤੂ ਬਣਾਏ ਗਏ ਪਹਿਲੇ ਜਾਨਵਰ ਸਨ।
2017 ਵਿੱਚ ਇੱਕ ਪੁਰਾਤਣ ਕੁੱਤੇ ਦੇ ਡੀਐੱਨਏ ਦੇ ਅਧਿਐਨ ਨੇ ਸੁਝਾਅ ਦਿੱਤਾ ਕਿ ਕੁੱਤੇ ਸੰਭਾਵਿਤ ਤੌਰ 'ਤੇ 20,000 ਤੋਂ 40,000 ਸਾਲ ਪਹਿਲਾਂ ਯੂਰਪ ਵਿੱਚ ਬਘਿਆੜਾਂ ਤੋਂ ਵਿਕਸਤ ਹੋਏ ਸਨ।
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕੁੱਤਿਆਂ ਦਾ ਪਾਲਣ-ਪੋਸ਼ਣ ਦੋ ਵੱਖ-ਵੱਖ ਬਘਿਆੜਾਂ ਦੀ ਆਬਾਦੀ ਨਾਲ ਸ਼ੁਰੂ ਹੋਇਆ ਸੀ, ਜੋ ਇੱਕ-ਦੂਜੇ ਤੋਂ ਹਜ਼ਾਰਾਂ ਮੀਲ ਦੀ ਦੂਰੀ 'ਤੇ ਵਸੀਆਂ ਹੋਈਆਂ ਸਨ।
ਕੁੱਤੇ ਮਨੁੱਖੀ ਸਾਥੀ ਕਿਵੇਂ ਬਣੇ, ਇਸ ਦਾ ਅਜੇ ਵੀ ਕੋਈ ਪੱਕਾ ਜਵਾਬ ਨਹੀਂ ਹੈ। ਖੋਜਕਰਤਾ ਅਜੇ ਵੀ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਸਬੰਧੀ ਕਈ ਵੱਖ-ਵੱਖ ਸਿਧਾਂਤ ਮੌਜੂਦ ਹਨ।
ਉਦਾਹਰਣ ਵਜੋਂ, ਇੱਕ ਪ੍ਰਸਿੱਧ ਸਿਧਾਂਤ ਸੁਝਾਅ ਦਿੰਦਾ ਹੈ ਕਿ ਮਨੁੱਖਾਂ ਨੇ ਬਘਿਆੜ ਦੇ ਬੱਚਿਆਂ ਨੂੰ ਫੜਿਆ ਅਤੇ ਪਾਲਿਆ ਅਤੇ ਉਨ੍ਹਾਂ ਨੂੰ ਪਾਲਤੂ ਬਣਾਇਆ, ਹੌਲੀ ਹੌਲੀ ਘੱਟ ਹਮਲਾਵਰ ਬਘਿਆੜਾਂ ਨੂੰ ਸ਼ਿਕਾਰ ਕਰਨ ਵਿੱਚ ਮਦਦ ਕਰਨ ਲਈ ਰੱਖਣਾ ਸ਼ੁਰੂ ਕਰ ਕੀਤਾ।
ਇੱਕ ਹੋਰ ਪ੍ਰਸਿੱਧ ਸਿਧਾਂਤ ਕਹਿੰਦਾ ਹੈ ਕਿ ਬਘਿਆੜਾਂ ਨੂੰ ਮਨੁੱਖਾਂ ਵੱਲੋਂ ਨਹੀਂ, ਸਗੋਂ ਬਘਿਆੜਾਂ ਨੇ ਖ਼ੁਦ ਨੂੰ ਹੀ ਮਨੁੱਖਾਂ ਦਾ ਪਾਲਤੂ ਬਣਾ ਲਿਆ ਸੀ।
ਇਸ ਸਿਧਾਂਤ ਮੁਤਾਬਕ ਕੁਝ ਬਘਿਆੜ ਮਨੁੱਖਾਂ ਤੋਂ ਘੱਟ ਡਰਦੇ ਸਨ ਅਤੇ ਮਨੁੱਖੀ ਬਸਤੀਆਂ ਦੇ ਨੇੜੇ ਆਉਣ ਲੱਗ ਪਏ ਅਤੇ ਬਚਿਆ ਹੋਇਆ ਭੋਜਨ ਖਾਣ ਲੱਗ ਪਏ।
ਹੌਲੀ-ਹੌਲੀ ਮਨੁੱਖਾਂ ਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਬਘਿਆੜਾਂ ਦੀ ਮੌਜੂਦਗੀ ਫ਼ਾਇਦੇਮੰਦ ਸੀ। ਇਹ ਭੇੜੀਏ ਖ਼ਤਰੇ ਬਾਰੇ ਵੀ ਦੱਸਦੇ ਸਨ ਅਤੇ ਨੇੜਲੇ ਜਾਨਵਰਾਂ ਨੂੰ ਦੂਰ ਵੀ ਰੱਖਦੇ ਸਨ।

ਸਿਧਾਂਤ ਮੁਤਾਬਕ ਬਘਿਆੜ, ਜੋ ਜ਼ਿਆਦਾ ਨਿਡਰ ਸਨ ਅਤੇ ਮਨੁੱਖਾਂ ਤੋਂ ਘੱਟ ਡਰਦੇ ਸਨ, ਉਹ ਜ਼ਿਆਦਾ ਆਸਾਨੀ ਨਾਲ ਜਿਉਂਦੇ ਬਚ ਗਏ ਅਤੇ ਉਨ੍ਹਾਂ ਨੇ ਜ਼ਿਆਦਾ ਬੱਚੇ ਪੈਦਾ ਕੀਤੇ।
ਇਸ ਤਰ੍ਹਾਂ, ਕੁਦਰਤੀ ਵਰਤਾਰੇ ਨਾਲ ਘੱਟ ਡਰਨ ਅਤੇ ਵਧੇਰੇ ਮਿਲਣਸਾਰ ਹੋਣ ਵਰਗੇ ਗੁਣ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਗਏ ਅਤੇ ਹੌਲੀ-ਹੌਲੀ ਉਹ ਬਘਿਆੜ ਕੁੱਤਿਆਂ ਵਰਗੇ ਪਾਲਤੂ ਜਾਨਵਰ ਬਣ ਗਏ।
ਆਕਸਫੋਰਡ ਯੂਨੀਵਰਸਿਟੀ ਵਿੱਚ ਐਵੋਲਉਸ਼ਨਰੀ ਜੀਨੋਮਿਕਸ ਅਤੇ ਜੈਨੇਟਸਿਸਟ ਦੇ ਪ੍ਰੋਫੈਸਰ ਗ੍ਰੇਗਰ ਲਾਰਸਨ ਦਾ ਮੰਨਣਾ ਹੈ ਕਿ ਮਨੁੱਖਾਂ ਅਤੇ ਬਘਿਆੜਾਂ ਵਿਚਕਾਰ ਰਿਸ਼ਤੇ ਦੀ ਸ਼ੁਰੂਆਤ ਵਿੱਚ ਦੋਵਾਂ ਨੂੰ ਫ਼ਾਇਦਾ ਹੋਇਆ ਸੀ, ਕਿਉਂਕਿ ਇਸਨੇ ਦੋਵਾਂ ਲਈ ਸ਼ਿਕਾਰ ਕਰਨਾ ਸੌਖਾ ਬਣਾ ਦਿੱਤਾ ਸੀ।
ਗ੍ਰੇਗਰ ਲਾਰਸਨ ਕਹਿੰਦੇ ਹਨ, "ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਬਘਿਆੜਾਂ ਨੂੰ ਪਾਲਤੂ ਬਣਾਇਆ ਹੈ, ਤਾਂ ਅਜਿਹਾ ਲੱਗਦਾ ਹੈ ਕਿ ਅਸੀਂ ਇਹ ਜਾਣਬੁੱਝ ਕੇ ਕੀਤਾ ਹੈ, ਜਦੋਂ ਕਿ ਸਾਡੀ ਜ਼ਿੰਦਗੀ ਵਿੱਚ ਜ਼ਿਆਦਾਤਰ ਰਿਸ਼ਤੇ ਇਸ ਤਰ੍ਹਾਂ ਦੇ ਨਹੀਂ ਹੁੰਦੇ।"
"ਅਜਿਹਾ ਲੱਗਦਾ ਹੈ ਕਿ ਅਸੀਂ ਜਾਣਦੇ ਸੀ ਕਿ ਅਸੀਂ ਕੀ ਕਰ ਰਹੇ ਹਾਂ, ਸਾਡੇ ਕੋਲ ਇੱਕ ਯੋਜਨਾ ਸੀ ਅਤੇ ਅਸੀਂ ਬਹੁਤ ਸਮਝਦਾਰੀ ਨਾਲ ਕੰਮ ਕਰ ਰਹੇ ਸੀ।"
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸਾਨੂੰ ਫਾਇਦਾ ਹੋਇਆ ਕਿਉਂਕਿ ਜੇਕਰ ਬਘਿਆੜ ਸਾਨੂੰ ਆਪਣੇ ਝੁੰਡ ਦਾ ਹਿੱਸਾ ਸਮਝਦੇ ਸਨ ਤਾਂ ਉਹ ਚੌਕੀਦਾਰ ਵਜੋਂ ਚੌਕਸ ਰਹਿੰਦੇ ਸਨ, ਜਿਸ ਨਾਲ ਸੁਰੱਖਿਆ ਵਧਦੀ ਸੀ। ਬਘਿਆੜਾਂ ਦੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਨੂੰ ਸ਼ਾਇਦ ਭੋਜਨ ਨਿਯਮਤ ਤੌਰ ਉੱਤੇ ਮਿਲ ਜਾਂਦਾ ਸੀ।"
ਦਿਲਚਸਪ ਖੋਜ

ਤਸਵੀਰ ਸਰੋਤ, AFP via Getty Images
ਹਜ਼ਾਰਾਂ ਸਾਲਾਂ ਤੋਂ ਮਨੁੱਖਾਂ ਨੇ ਸ਼ਿਕਾਰ ਅਤੇ ਪਸ਼ੂ ਪਾਲਣ ਦੇ ਹੁਨਰ ਵਰਗੇ ਖ਼ਾਸ ਗੁਣਾਂ ਨੂੰ ਵਿਕਸਤ ਕਰਨ ਲਈ ਕੁੱਤਿਆਂ ਨੂੰ ਚੋਣਵੇਂ ਰੂਪ ਵਿੱਚ ਪਾਲਿਆ ਹੈ। ਸਮੇਂ ਦੇ ਨਾਲ ਉਨ੍ਹਾਂ ਦੇ ਕੰਮ ਵੀ ਬਹੁਤ ਬਦਲ ਗਏ ਹਨ।
ਪਹਿਲਾਂ ਉਹ ਗੁਫਾਵਾਂ ਦੀ ਰਾਖੀ ਕਰਦੇ ਸਨ ਅਤੇ ਅੱਜ ਉਹ ਗਾਈਡ ਡਾਗ ਜਾਂ ਹਵਾਈ ਅੱਡਿਆਂ 'ਤੇ ਸ਼ੱਕੀ ਸਮਾਨ ਨੂੰ ਸੁੰਘਣ ਵਰਗੇ ਕੰਮ ਕਰਦੇ ਹਨ।
ਇਸ ਮਨੁੱਖੀ ਦਖਲਅੰਦਾਜ਼ੀ ਕਾਰਨ ਅੱਜ ਸੈਂਕੜੇ ਕੁੱਤਿਆਂ ਦੀਆਂ ਨਸਲਾਂ ਹੋਂਦ ਵਿੱਚ ਆਈਆਂ ਹਨ।
ਮਾਨਵ-ਵਿਗਿਆਨੀ ਜੌਨ ਬ੍ਰੈਡਸ਼ਾ ਮੁਤਾਬਕ, ਕੁੱਤੇ ਕਿਸੇ ਵੀ ਹੋਰ ਥਣਧਾਰੀ ਜਾਨਵਰ ਨਾਲੋਂ ਆਕਾਰ ਵਿੱਚ ਸਭ ਤੋਂ ਵੱਡੀ ਵਿਭਿੰਨਤਾ ਦਿਖਾਉਂਦੇ ਹਨ।
ਇਤਿਹਾਸ ਵਿੱਚ ਇੱਕ ਸਮਾਂ ਅਜਿਹਾ ਆਇਆ ਜਦੋਂ ਕੁੱਤਿਆਂ ਦਾ ਕੰਮ ਸਿਰਫ਼ ਸਾਡੀ ਮਦਦ ਕਰਨਾ ਨਹੀਂ ਸੀ, ਸਗੋਂ ਉਹ ਪਰਿਵਾਰ ਦਾ ਹਿੱਸਾ ਬਣ ਗਏ।
2020 ਵਿੱਚ ਯੂਕੇ ਵਿੱਚ ਨਿਊਕੈਸਲ ਯੂਨੀਵਰਸਿਟੀ ਨੇ ਪਾਲਤੂ ਜਾਨਵਰਾਂ ਦੇ ਕਬਰਸਤਾਨਾਂ ਵਿੱਚ ਸ਼ਿਲਾਲੇਖਾਂ ਦਾ ਅਧਿਐਨ ਕੀਤਾ ।
ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ 1881 ਵਿੱਚ ਪਹਿਲੇ ਜਨਤਕ ਪਾਲਤੂ ਜਾਨਵਰਾਂ ਦੇ ਕਬਰਸਤਾਨ ਦੇ ਖੁੱਲ੍ਹਣ ਤੋਂ ਬਾਅਦ ਪਾਲਤੂ ਜਾਨਵਰਾਂ ਪ੍ਰਤੀ ਲੋਕਾਂ ਦੇ ਰਵੱਈਏ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਖੋਜ ਮੁਤਾਬਕ ਵਿਕਟੋਰੀਅਨ ਯੁੱਗ ਵਿੱਚ ਕਬਰਾਂ 'ਤੇ ਪਾਲਤੂ ਕੁੱਤਿਆਂ ਲਈ ਸਾਥੀ ਜਾਂ ਦੋਸਤ ਲਿਖਿਆ ਜਾਂਦਾ ਸੀ, ਪਰ ਬਾਅਦ ਦੇ ਸਾਲਾਂ ਵਿੱਚ ਲੋਕਾਂ ਨੇ ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂ ਵਾਂਗ ਮੰਨਣਾ ਕਰਨਾ ਸ਼ੁਰੂ ਕਰ ਦਿੱਤਾ।
ਖ਼ਾਸ ਕਰਕੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੁੱਤਿਆਂ ਨੂੰ 'ਪਰਿਵਾਰ ਦਾ ਹਿੱਸਾ' ਦਰਸਾਉਂਦੀਆਂ ਕਬਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ।
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ 20ਵੀਂ ਸਦੀ ਦੇ ਮੱਧ ਤੱਕ ਲੋਕ ਪਾਲਤੂ ਜਾਨਵਰਾਂ ਲਈ ਪਰਲੋਕ ਵਿੱਚ ਵਿਸ਼ਵਾਸ ਕਰਨ ਲੱਗ ਪਏ ਸਨ। ਯਾਨੀ, ਲੋਕ ਇਹ ਵਿਸ਼ਵਾਸ ਕਰਨ ਲੱਗ ਪਏ ਕਿ ਉਨ੍ਹਾਂ ਦੇ ਕੁੱਤਿਆਂ ਦੀ ਮੌਤ ਤੋਂ ਬਾਅਦ ਵੀ ਕੋਈ ਦੁਨੀਆਂ ਹੈ।
ਕੁੱਤੇ ਇੰਨੇ ਪਿਆਰੇ ਕਿਉਂ ਲੱਗਦੇ ਹਨ?

ਤਸਵੀਰ ਸਰੋਤ, Getty Images
ਕਾਰਨੇਲ ਯੂਨੀਵਰਸਿਟੀ ਮੁਤਾਬਕ ਕਤੂਰੇ ਲਈ ਆਪਣੀ ਮਾਂ ਅਤੇ ਭੈਣ-ਭਰਾਵਾਂ ਨਾਲ 8 ਤੋਂ 12 ਹਫ਼ਤਿਆਂ ਤੱਕ ਰਹਿਣਾ ਸਭ ਤੋਂ ਵਧੀਆ ਹੈ। ਇਹ ਉਨ੍ਹਾਂ ਦੀ ਸਿੱਖਣ ਦੀ ਸਭ ਤੋਂ ਅਹਿਮ ਉਮਰ ਹੈ।
ਇਸ ਦੌਰਾਨ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਨੇ 2018 ਵਿੱਚ ਇੱਕ ਅਧਿਐਨ ਕੀਤਾ । ਇਸ ਵਿੱਚ ਖੁਲਾਸਾ ਹੋਇਆ ਕਿ ਇਹ ਉਹ ਉਮਰ ਹੈ ਜਦੋਂ ਕਤੂਰੇ ਸਭ ਤੋਂ ਪਿਆਰੇ ਦਿਖਾਈ ਦਿੰਦੇ ਹਨ।
ਪ੍ਰੋਫ਼ੈਸਰ ਲਾਰਸਨ ਦੱਸਦੇ ਹਨ, "ਇਹ ਉਹ ਸਮਾਂ ਹੁੰਦਾ ਹੈ ਜਦੋਂ ਬੱਚੇ ਆਪਣੀਆਂ ਮਾਵਾਂ 'ਤੇ ਸਭ ਤੋਂ ਵੱਧ ਨਿਰਭਰ ਹੁੰਦੇ ਹਨ ਅਤੇ ਆਪਣੇ ਬਲਬੂਤੇ 'ਤੇ ਨਹੀਂ ਰਹਿ ਸਕਦੇ।"
"ਇਸ ਉਮਰ ਵਿੱਚ ਉਹ ਮਨੁੱਖਾਂ ਨੂੰ ਬਹੁਤ ਪਿਆਰੇ ਲੱਗਦੇ ਹਨ, ਇਸ ਲਈ ਮਨੁੱਖ ਉਨ੍ਹਾਂ ਨੂੰ ਗੋਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਦਿੰਦੇ ਹਨ।"
2019 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਕੁੱਤਿਆਂ ਦੀਆਂ ਅੱਖਾਂ ਦੇ ਆਲੇ-ਦੁਆਲੇ ਮਾਸਪੇਸ਼ੀਆਂ ਵਿਕਸਤ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਮਾਸੂਮ ਭਾਵਨਾਵਾਂ ਪ੍ਰਦਰਸ਼ਿਤ ਕਰਨ ਦੀ ਆਗਿਆ ਦਿੰਦੀਆਂ ਹਨ ਜੋ ਮਨੁੱਖਾਂ ਨੂੰ ਇਕਦਮ ਪਿਆਰੀਆਂ ਲੱਗਦੀਆਂ ਹਨ।
ਇਸ ਨਾਲ ਕੁੱਤਿਆਂ ਅਤੇ ਮਨੁੱਖਾਂ ਵਿਚਕਾਰ ਬੰਧਨ ਮਜ਼ਬੂਤ ਹੋਇਆ ਹੈ।
ਮਾਨਵ-ਵਿਗਿਆਨੀ ਬ੍ਰੈਡਸ਼ਾ ਕਹਿੰਦੇ ਹਨ, "ਇੱਕ ਵਾਰ ਜਦੋਂ ਇੱਕ ਕਤੂਰਾ ਸਿੱਖ ਜਾਂਦਾ ਹੈ ਕਿ ਮਨੁੱਖ ਖ਼ਤਰਾ ਨਹੀਂ ਹਨ ਤਾਂ ਉਸਦੀ ਪ੍ਰਵਿਰਤੀ ਉਸਨੂੰ ਦੱਸਦੀ ਹੈ ਕਿ ਬਚਣ ਦਾ ਸਭ ਤੋਂ ਵਧੀਆ ਤਰੀਕਾ ਮਨੁੱਖ ਨਾਲ ਦੋਸਤੀ ਕਰਨਾ ਹੈ।"
ਜ਼ਿਆਦਾਤਰ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਕੁੱਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਹੁਣ ਵਿਗਿਆਨੀਆਂ ਕੋਲ ਇਸਦਾ ਸਬੂਤ ਹੈ।
ਐਮੋਰੀ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟ ਅਤੇ ਮਨੋਵਿਗਿਆਨ ਦੇ ਪ੍ਰੋਫ਼ੈਸਰ ਗ੍ਰੈਗਰੀ ਬਰਨਜ਼, ਕੁੱਤਿਆਂ ਅਤੇ ਮਨੁੱਖਾਂ ਵਿਚਕਾਰ ਸਬੰਧਾਂ ਦਾ ਅਧਿਐਨ ਕਰਦੇ ਹਨ।
ਉਨ੍ਹਾਂ ਨੇ ਕੁੱਤਿਆਂ ਨੂੰ ਫੰਕਸ਼ਨਲ ਰੈਜ਼ੋਨੈਂਸ ਇਮੇਜਿੰਗ ਸਕੈਨ ਨਾਲ ਪੂਰੀ ਤਰ੍ਹਾਂ ਸ਼ਾਂਤ ਬੈਠਣ ਦੀ ਸਿਖਲਾਈ ਦਿੱਤੀ, ਤਾਂ ਜੋ ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਨੂੰ ਦੇਖਿਆ ਜਾ ਸਕੇ।
ਉਨ੍ਹਾਂ ਦੀ ਖੋਜ ਤੋਂ ਪਤਾ ਲੱਗਿਆ ਹੈ ਕਿ ਕੁੱਤਿਆਂ ਦੇ ਦਿਮਾਗ ਦਾ ਉਹ ਹਿੱਸਾ ਜੋ ਸਕਾਰਾਤਮਕ ਉਮੀਦਾਂ ਅਤੇ ਸਕਾਰਾਤਮਕ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ, ਉਦੋਂ ਸਭ ਤੋਂ ਵੱਧ ਸਰਗਰਮ ਹੁੰਦਾ ਹੈ ਜਦੋਂ ਉਹ ਕਿਸੇ ਜਾਣੇ-ਪਛਾਣੇ ਵਿਅਕਤੀ ਨੂੰ ਸੁੰਘਦੇ ਹਨ।
ਇਸਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਕੁੱਤਿਆਂ ਨੂੰ ਪਿਆਰ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਇਹ ਪਿਆਰ ਦੋਤਰਫ਼ਾ ਹੋ ਜਾਂਦਾ ਹੈ।
ਇਹ ਲੇਖ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ 'ਵਾਇ ਡੂ ਵੂਈ ਡੂ ਦੈਟ' ਅਤੇ 'ਨੈਚੁਰਲ ਹਿਸਟਰੀ' 'ਤੇ ਆਧਾਰਿਤ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












