ਕਾਕਰੋਚਾਂ ਨੂੰ ਕੁਦਰਤ ਤੋਂ ਅਜਿਹਾ ਕੀ 'ਵਰਦਾਨ' ਮਿਲਿਆ ਹੈ ਕਿ ਇਹ ਖਤਮ ਹੀ ਨਹੀਂ ਹੁੰਦੇ

ਕਾਕਰੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਕਰੋਚ ਸਦੀਆਂ ਪੁਰਾਣੇ ਹਨ, ਇੰਨੇ ਪੁਰਾਣੇ ਕਿ ਉਹ ਡਾਇਨਾਸੌਰਾਂ ਤੋਂ ਪਹਿਲਾਂ ਮੌਜੂਦ ਸੀ ਅਤੇ ਅੱਜ ਵੀ ਮੌਜੂਦ ਹਨ।
    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਅਨਿਲ ਕਪੂਰ: ਕਾਕਰੋਚ, ਕਾਕਰੋਚ...

ਸ਼੍ਰੀਦੇਵੀ: ਕਾਕਰੋਚ, ਕ ਕ ਕ, ਕਹਾਂ ਹੈ, ਕਹਾਂ ਹੈ ਕਾਕਰੋਚ, ਕਹਾਂ ਹੈ?

ਅਨਿਲ ਕਪੂਰ: ਵੋ ਵਹਾਂ, ਹਮਾਰੀ ਤਰਫ਼ ਦੇਖ ਰਹਾ ਹੈ।

ਸ਼੍ਰੀਦੇਵੀ: ਤੁਮ ਕਾਕਰੋਚ ਸੇ ਡਰਤੇ ਹੋ?

ਅਨਿਲ ਕਪੂਰ: ਮੇਮ ਸਾਹਬ, ਡਰਤਾ ਤੋਂ ਮੈਂ ਸ਼ੇਰ ਸੇ ਭੀ ਨਹੀਂ, ਪਰ ਹਾਂ ਕਾਕਰੋਚ ਸੇ ਡਰਤਾ ਹੂੰ!

ਜਿਨ੍ਹਾਂ ਨੇ ਅਰੁਣ ਵਰਮਾ ਅਤੇ ਸੀਮਾ ਦੇ ਕਿਰਦਾਰਾਂ ਵਾਲੀ ਫਿਲਮ ਮਿਸਟਰ ਇੰਡੀਆ ਦੇਖੀ ਹੈ, ਉਨ੍ਹਾਂ ਨੂੰ ਇਹ ਦ੍ਰਿਸ਼ ਜ਼ਰੂਰ ਯਾਦ ਹੋਵੇਗਾ। ਇਹ 1987 ਵਿੱਚ ਰਿਲੀਜ਼ ਹੋਈ ਫਿਲਮ ਸੀ, ਪਰ ਅੱਜ ਵੀ ਜੇਕਰ ਤੁਸੀਂ ਆਪਣੇ ਮੋਬਾਈਲ ਜਾਂ ਟੀਵੀ 'ਤੇ ਇਸ ਦਾ ਕੋਈ ਵੀ ਸੀਨ ਦੇਖਦੇ ਹੋ, ਤਾਂ ਤੁਹਾਡੀਆਂ ਨਜ਼ਰਾਂ ਰੁੱਕ ਜਾਂਦੀਆਂ ਹਨ।

ਪਰ ਅੱਜ ਅਸੀਂ ਅਨਿਲ ਕਪੂਰ ਵੱਲੋਂ ਅਰੁਣ ਦੀ ਭੂਮਿਕਾ ਨਿਭਾਉਣ ਜਾਂ ਸ਼੍ਰੀਦੇਵੀ ਵੱਲੋਂ ਸੀਮਾ ਦੀ ਭੂਮਿਕਾ ਨਿਭਾਉਣ ਬਾਰੇ ਗੱਲ ਨਹੀਂ ਕਰਾਂਗੇ। ਅੱਜ, ਅਸੀਂ ਇਸ ਸੀਨ ਵਿੱਚ ਤੀਜੇ ਕਿਰਦਾਰ ਕਾਕਰੋਚ ਬਾਰੇ ਗੱਲ ਕਰਾਂਗੇ।

ਕਾਕਰੋਚ ਰਸੋਈ ਵਿੱਚ ਭੱਜੇ ਫਿਰਦੇ ਨੇ, ਰਾਤ ਨੂੰ ਰਸੋਈ ਦੇ ਭਾਂਡਿਆਂ ਵਿੱਚ ਘੁੰਮਦੇ ਹਨ ਅਤੇ ਤਰੇੜਾਂ ਵਿੱਚੋਂ ਝਾਕਦੇ ਹਨ। ਉਹ ਆਪਣਾ ਐਂਟੀਨਾ ਕੱਢ ਕੇ ਡਰਾਉਂਦੇ ਹਨ। ਮੁਸੀਬਤ ਇਹ ਹੈ ਕਿ ਵਾਰ-ਵਾਰ ਭਜਾਉਣ ਦੇ ਬਾਵਜੂਦ ਵਾਪਸ ਆ ਜਾਂਦੇ ਹਨ।

ਦੁਨੀਆ ਭਰ ਵਿੱਚ ਕਾਕਰੋਚ ਦੀਆਂ 4,500 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਪਰ ਮਨੁੱਖੀ ਬਸਤੀਆਂ ਅਤੇ ਰਿਹਾਇਸ਼ੀ ਥਾਵਾਂ ਉੱਤੇ ਸਿਰਫ਼ 30 ਦੇ ਕਰੀਬ ਪਾਈਆਂ ਜਾਂਦੀਆਂ ਹਨ। ਕਾਕਰੋਚ ਬਲਾਟੋਡੀਆ ਆਰਡਰ ਨਾਲ ਸਬੰਧਤ ਹਨ, ਜਿਸ ਵਿੱਚ ਸਿਉਂਕ ਵੀ ਸ਼ਾਮਲ ਹੈ।

ਕਾਕਰੋਚ ਧਰਤੀ 'ਤੇ ਕਿੰਨੇ ਸਮੇਂ ਤੋਂ ਘੁੰਮ ਰਹੇ ਹਨ?

ਕਾਕਰੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਵਿਕ ਸਬੂਤ ਵੀ ਸੁਝਾਅ ਦਿੰਦੇ ਹਨ ਕਿ ਕਾਕਰੋਚ ਦੀਆਂ ਜੜਾਂ ਕਾਰਬੋਨੀਫੇਰਸ ਦੇ ਸਮੇਂ ਨਾਲ ਜੁੜੀਆਂ ਹਨ

ਇੱਕ ਹੋਰ ਕਮਾਲ ਦੀ ਗੱਲ ਇਹ ਹੈ ਕਿ ਕਾਕਰੋਚ ਸਦੀਆਂ ਪੁਰਾਣੇ ਹਨ। ਇੰਨੇ ਪੁਰਾਣੇ ਕਿ ਉਹ ਡਾਇਨਾਸੌਰਾਂ ਤੋਂ ਪਹਿਲਾਂ ਮੌਜੂਦ ਸੀ ਅਤੇ ਅੱਜ ਵੀ ਮੌਜੂਦ ਹਨ।

ਉਨ੍ਹਾਂ ਨੂੰ ਧਰਤੀ ਦੇ ਸਭ ਤੋਂ ਪੁਰਾਣੇ ਕੀੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੈਵਿਕ ਸਬੂਤ ਵੀ ਸੁਝਾਅ ਦਿੰਦੇ ਹਨ ਕਿ ਕਾਕਰੋਚ ਦੀਆਂ ਜੜਾਂ ਕਾਰਬੋਨੀਫੇਰਸ ਦੇ ਸਮੇਂ ਨਾਲ ਜੁੜੀਆਂ ਹਨ। ਪਰ ਇਹ ਕਿਹੜਾ ਦੌਰ ਸੀ?

ਇਹ 35 ਕਰੋੜ ਸਾਲ ਪੁਰਾਣੀ ਗੱਲ ਹੈ। ਹਾਂ, ਤੁਸੀਂ ਸਹੀ ਪੜ੍ਹਿਆ ਹੈ। ਕਾਕਰੋਚ 35 ਕਰੋੜ ਸਾਲ ਪਹਿਲਾਂ ਵੀ ਮੌਜੂਦ ਸਨ। ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮਲ ਕਾਲਜ ਦੇ ਜੀਵ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਨਵਾਜ਼ ਆਲਮ ਖਾਨ, ਇਸਦੀ ਵਿਆਖਿਆ ਕਰਦੇ ਹਨ।

ਡਾ. ਖਾਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਤੁਹਾਨੂੰ ਕਾਕਰੋਚਾਂ ਬਾਰੇ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਡਾਇਨਾਸੌਰਾਂ ਨਾਲੋਂ ਵੀ ਪੁਰਾਣੇ ਹਨ। ਜਦੋਂ ਅਸੀਂ ਭੂਤਕਾਲ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਮਿਜੋਜ਼ੋਇਕ ਯੁੱਗ ਬਾਰੇ ਗੱਲ ਕਰ ਰਹੇ ਹਾਂ। ਇਸ ਯੁੱਗ ਵਿੱਚ ਡਾਇਨਾਸੌਰ ਮੌਜੂਦ ਸਨ।"

"ਇਸ ਯੁੱਗ ਵਿੱਚ ਜੁਰਾਸਿਕ ਕਾਲ ਵੀ ਸ਼ਾਮਲ ਸੀ, ਜਿਸਨੂੰ ਡਾਇਨਾਸੌਰਾਂ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਕਾਰਬੋਨੀਫੇਰਸ ਯੁੱਗ ਸੀ ਜਿਸ ਵਿੱਚ ਪ੍ਰਾਚੀਨ ਜੀਵਨ, ਪ੍ਰਾਚੀਨ ਜਾਨਵਰ ਅਤੇ ਹੋਰ ਜੀਵ ਦਿਖਾਈ ਦਿੰਦੇ ਸਨ। ਕਾਕਰੋਚ ਉਦੋਂ ਵੀ ਮੌਜੂਦ ਸਨ। ਉਹ ਲਗਭਗ 30-35 ਕਰੋੜ ਸਾਲ ਪਹਿਲਾਂ ਮੌਜੂਦ ਸਨ ਅਤੇ ਉਹ ਅੱਜ ਵੀ ਮੌਜੂਦ ਹਨ।"

ਕਾਕਰੋਚ

ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਦੁਸ਼ਯੰਤ ਕੁਮਾਰ ਚੌਹਾਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਉਹ ਕਹਿੰਦੇ ਹਨ, "ਕਾਕਰੋਚ ਡਾਇਨਾਸੌਰਾਂ ਨਾਲੋਂ ਵੀ ਪੁਰਾਣੇ ਹਨ। ਉਨ੍ਹਾਂ ਨੂੰ ਇਨਵਰਟੇਬ੍ਰੇਟ ਸਮੂਹ ਵਿੱਚ ਰੱਖਿਆ ਗਿਆ ਹੈ। ਰੀੜ੍ਹ ਦੀ ਹੱਡੀ ਵਾਲੇ ਜੀਵ-ਜੰਤੂ ਉਨ੍ਹਾਂ ਤੋਂ ਬਾਅਦ ਆਏ। ਕਾਕਰੋਚ ਡਾਇਨਾਸੌਰਾਂ ਤੋਂ ਵੀ ਪਹਿਲਾਂ ਆਏ। ਉਨ੍ਹਾਂ ਤੋਂ ਮਗਰੋਂ ਆਏ ਜੀਵਾਂ ਦੀ ਹੋਂਦ ਬਾਅਦ ਵਿੱਚ ਪਾਈ ਗਈ।"

ਪਰ ਉਨ੍ਹਾਂ ਦਾ ਲੰਮੇਂ ਸਮੇਂ ਤੱਕ ਬਚੇ ਰਹਿਣਾ ਇੰਨਾ ਮਹੱਤਵਪੂਰਨ ਕਿਉਂ ਹੈ? ਡਾ. ਨਵਾਜ਼ ਆਲਮ ਖਾਨ ਦੇ ਅਨੁਸਾਰ ਇਹ ਦਿਲਚਸਪ ਹੈ ਕਿ ਲੱਖਾਂ ਸਾਲਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਵਾਤਾਵਰਣ, ਮੌਸਮ, ਹਾਲਾਤ, ਸਭ ਕੁਝ ਬਦਲ ਗਿਆ ਹੈ। ਇਨ੍ਹਾਂ ਬਦਲਾਅ ਦੇ ਕਾਰਨ, ਉਦੋਂ ਤੋਂ ਬਹੁਤ ਸਾਰੇ ਜੀਵ ਅਲੋਪ ਹੋ ਗਏ ਹਨ ਜਾਂ ਖਤਮ ਹੋ ਗਏ ਹਨ। ਡਾਇਨਾਸੌਰ ਇਸਦੀ ਸਭ ਤੋਂ ਪ੍ਰਮੁੱਖ ਉਦਾਹਰਣ ਹਨ।

"ਡਾਇਨਾਸੌਰ ਤੋਂ ਇਲਾਵਾ, ਬਹੁਤ ਸਾਰੇ ਹੋਰ ਜੀਵ ਅਲੋਪ ਹੋ ਗਏ ਹਨ। ਪਰ ਕਾਕਰੋਚਾਂ ਨਾਲ ਅਜਿਹਾ ਨਹੀਂ ਹੋਇਆ। ਉਹ ਜਿਵੇਂ ਸੀ ਉਸੇ ਤਰ੍ਹਾਂ ਹਨ। ਇਸ ਲੰਬੇ ਸਮੇਂ ਦੌਰਾਨ ਬਦਲਾਅ ਆਏ ਹਨ, ਪਰ ਉਹ ਬਹੁਤ ਛੋਟੇ ਹਨ, ਕੋਈ ਵੱਡੀ ਤਬਦੀਲੀ ਦਿਖਾਈ ਨਹੀਂ ਦਿੰਦੀ।"

ਇਹੀ ਗੱਲ ਕਾਕਰੋਚਾਂ ਨੂੰ ਇੰਨਾ ਖਾਸ ਬਣਾਉਂਦੀ ਹੈ। ਉਹ ਲੱਖਾਂ ਸਾਲਾਂ ਤੋਂ ਜਿਉਂਦੇ ਹਨ ਅਤੇ ਫਿਰ ਵੀ ਉਨ੍ਹਾਂ ਦੀ ਸਰੀਰਕ ਬਣਤਰ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ।

ਇਹ ਵੀ ਪੜ੍ਹੋ-

ਕਾਕਰੋਚ ਸਿਰ ਕੱਟਣ ਤੋਂ ਬਾਅਦ ਵੀ ਜਿਉਂਦਾ ਰਹਿ ਸਕਦਾ ਹੈ

ਕਾਕਰੋਚ ਦਾ ਸਰੀਰ ਕੁਦਰਤ ਦਾ ਇੱਕ ਚਮਤਕਾਰ ਹੈ। ਇਸਦਾ ਸਰੀਰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ- ਸਿਰ, ਛਾਤੀ ਅਤੇ ਪੇਟ।

ਦੋ ਐਂਟੀਨਾ ਵਰਗੀਆਂ ਬਣਤਰਾਂ ਜੋ ਅਸੀਂ ਸਾਹਮਣੇ ਦੇਖਦੇ ਹਾਂ ਉਹ ਇਸਦੇ ਸੈਂਸਰ ਵਾਲੇ ਅੰਗ ਹਨ, ਜੋ ਵਾਤਾਵਰਣ ਅਤੇ ਇਸਦੇ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਸਮਝਣ ਲਈ ਵਰਤੀਆਂ ਜਾਂਦੀਆਂ ਹਨ।

ਡਾ. ਦੁਸ਼ਯੰਤ ਕੁਮਾਰ ਚੌਹਾਨ ਨੇ ਕਿਹਾ, "ਕਾਕਰੋਚ ਦੇ ਸਰੀਰ 'ਤੇ ਅਸੀਂ ਜੋ ਗੂੜ੍ਹਾ ਭੂਰਾ ਖੋਲ ਦੇਖਦੇ ਹਾਂ ਉਸ ਨੂੰ ਐਕਸੋਸਕੇਲੇਟਨ ਕਿਹਾ ਜਾਂਦਾ ਹੈ। ਇਹ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਕਾਈਟਨ ਤੋਂ ਬਣਿਆ ਹੁੰਦਾ ਹੈ। ਕਾਈਟਨ ਉਹੀ ਸਮੱਗਰੀ ਹੈ ਜਿਸ ਤੋਂ ਸਾਡੇ ਨਹੁੰ ਬਣੇ ਹੁੰਦੇ ਹਨ।''

''ਐਕਸੋਸਕੇਲੇਟਨ ਨੂੰ ਤੁਸੀਂ ਬਾਹਰੀ ਖੋਲ ਕਹਿ ਸਕਦੇ ਹੋ, ਕਾਕਰੋਚ ਦਾ ਬਾਹਰੀ ਢੱਕਣ ਕਹਿ ਸਕਦੇ ਹੋ। ਇਹ ਬਹੁਤ ਸੁਰੱਖਿਆਤਮਕ ਹੈ। ਕਾਕਰੋਚ ਦੀ ਰੱਖਿਆ ਕਰਨੀ ਅਤੇ ਉਸ ਨੂੰ ਸੁਰੱਖਿਅਤ ਰੱਖਦਾ ਹੈ। ਇਹ ਇਸਨੂੰ ਵਾਤਾਵਰਣ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਦੁਸ਼ਮਣਾਂ ਦੋਵਾਂ ਤੋਂ ਬਚਾਉਂਦਾ ਹੈ।"

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਇੱਕ ਕਾਕਰੋਚ ਦਾ ਸਿਰ ਕੱਟ ਦਿੱਤਾ ਜਾਵੇ ਜਾਂ ਕੁਚਲ ਦਿੱਤਾ ਜਾਵੇ ਤਾਂ ਵੀ ਉਹ ਜਿਉਂਦਾ ਰਹਿ ਸਕਦਾ ਹੈ ਪਰ ਕਿਵੇਂ?

ਕਾਕਰੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਕਰੋਚ ਰਾਤ ਸਮੇਂ ਜ਼ਿਆਦਾ ਸਰਗਰਮ ਹੁੰਦੇ ਹਨ

ਡਾ. ਨਵਾਜ਼ ਆਲਮ ਖਾਨ ਦੱਸਦੇ ਹਨ ਕਿ ਜਿਸ ਤਰ੍ਹਾਂ ਇੱਕ ਮਨੁੱਖ ਦਾ ਦਿਮਾਗ ਹੁੰਦਾ ਹੈ, ਜੋ ਪੂਰੇ ਸਰੀਰ ਨੂੰ ਕੰਟਰੋਲ ਕਰਦਾ ਹੈ, ਉਸੇ ਤਰ੍ਹਾਂ ਕਾਕਰੋਚਾਂ ਵਿੱਚ ਵੀ ਗੈਂਗਲੀਅਨ ਹੁੰਦੇ ਹਨ।

ਹਾਲਾਂਕਿ, ਇਹ ਸਿਰਫ਼ ਉਨ੍ਹਾਂ ਦੇ ਸਿਰਾਂ ਵਿੱਚ ਹੀ ਨਹੀਂ, ਸਗੋਂ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਕਈ ਨਾੜੀਆਂ ਮਿਲ ਕੇ ਗੈਂਗਲੀਅਨ ਬਣਾਉਂਦੀਆਂ ਹਨ। ਉਨ੍ਹਾਂ ਦੇ ਸਿਰਾਂ, ਛਾਤੀਆਂ ਅਤੇ ਪੇਟ ਵਿੱਚ ਗੈਂਗਲੀਅਨ ਹੁੰਦੇ ਹਨ।

ਕਾਕਰੋਚ ਦੇ ਸਿਰ ਵਿੱਚ ਮੌਜੂਦ ਗੈਂਗਲੀਅਨ ਨੂੰ ਸੁਪਰਾਈਸੋਫੇਜੀਅਲ ਗੈਂਗਲੀਅਨ ਜਾਂ ਸਬਈਸੋਫੇਜੀਅਲ ਗੈਂਗਲੀਅਨ ਕਿਹਾ ਜਾਂਦਾ ਹੈ। ਇਹ ਮਿਲ ਕੇ ਦਿਮਾਗ ਦਾ ਫੰਕਸ਼ਨ ਕਰ ਸਕਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਕਰੋਚ ਦਾ ਦਿਮਾਗ ਕਿਹਾ ਜਾਂਦਾ ਹੈ।

ਡਾ. ਖਾਨ ਦੱਸਦੇ ਹਨ, "ਜੇਕਰ ਕਾਕਰੋਚ ਦਾ ਸਿਰ ਕੱਟ ਦਿੱਤਾ ਜਾਂਦਾ ਹੈ, ਤਾਂ ਥੌਰੈਕਸ ਗੈਂਗਲੀਅਨ ਅਤੇ ਪੇਟ ਦਾ ਗੈਂਗਲੀਅਨ ਕੰਮ ਕਰਦੇ ਹਨ ਅਤੇ ਇਸਦੇ ਸਰੀਰ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਇਹ ਇੱਕ ਹਫ਼ਤੇ ਤੱਕ ਜਿਉਂਦਾ ਰਹਿ ਸਕਦਾ ਹੈ। ਮਨੁੱਖ ਆਪਣੇ ਨੱਕ ਜਾਂ ਮੂੰਹ ਰਾਹੀਂ ਸਾਹ ਲੈਂਦੇ ਹਨ। ਪਰ ਕਾਕਰੋਚਾਂ ਦੇ ਸਰੀਰ ਵਿੱਚ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਸਪਾਈਰੇਕਲ ਕਿਹਾ ਜਾਂਦਾ ਹੈ।''

''ਇਹ ਉਨ੍ਹਾਂ ਦੇ ਸਾਹ ਪ੍ਰਣਾਲੀ ਵਜੋਂ ਕੰਮ ਕਰਦੇ ਹਨ। ਉਹ ਇਨ੍ਹਾਂ ਰਾਹੀਂ ਸਾਹ ਲੈਂਦੇ ਹਨ। ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਹੁੰਦੇ ਹਨ, ਇਸ ਲਈ ਉਹ ਇਨ੍ਹਾਂ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ, ਭਾਵ ਉਹ ਸਾਹ ਲੈ ਸਕਦੇ ਹਨ। ਇਸੇ ਲਈ ਉਹ ਜ਼ਿੰਦਾ ਰਹਿੰਦੇ ਹਨ ਭਾਵੇਂ ਉਨ੍ਹਾਂ ਦੇ ਸਿਰ ਕੱਟ ਦਿੱਤੇ ਜਾਣ।"

ਪਰ ਜੇ ਇਹ ਆਪਣੇ ਸਿਰ ਤੋਂ ਬਿਨ੍ਹਾਂ ਸਾਹ ਲੈ ਸਕਦਾ ਹੈ, ਤਾਂ ਇਹ ਇੱਕ ਹਫ਼ਤੇ ਦੇ ਅੰਦਰ ਕਿਉਂ ਮਰ ਸਕਦਾ ਹੈ?

ਡਾ. ਖਾਨ ਜਵਾਬ ਦਿੰਦੇ ਹਨ, "ਇੱਕ ਕਾਕਰੋਚ ਬਿਨ੍ਹਾਂ ਭੋਜਨ ਦੇ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ, ਪਰ ਪਾਣੀ ਤੋਂ ਬਿਨ੍ਹਾਂ ਸਿਰਫ਼ ਇੱਕ ਹਫ਼ਤਾ ਹੀ ਕਿਉਂਕਿ ਇਹ ਡੀਹਾਈਡਰੇਸ਼ਨ ਦਾ ਸਾਹਮਣਾ ਨਹੀਂ ਕਰ ਸਕਦਾ। ਜੇਕਰ ਇਸਦਾ ਸਿਰ ਕੱਟ ਦਿੱਤਾ ਜਾਂਦਾ ਹੈ ਜਾਂ ਕੁਚਲ ਦਿੱਤਾ ਜਾਂਦਾ ਹੈ, ਤਾਂ ਇਹ ਆਪਣਾ ਮੂੰਹ ਖੋ ਦੇਵੇਗਾ, ਅਤੇ ਉਸ ਸਥਿਤੀ ਵਿੱਚ, ਇਹ ਪਾਣੀ ਪੀਣ ਦੇ ਯੋਗ ਨਹੀਂ ਹੋਵੇਗਾ। ਇਹ ਪਾਣੀ ਤੋਂ ਬਿਨ੍ਹਾਂ ਇੱਕ ਹਫ਼ਤੇ ਤੱਕ ਰਹਿ ਸਕਦਾ ਹੈ। ਉਨ੍ਹਾਂ ਨੂੰ ਪਾਣੀ ਅਤੇ ਨਮੀ ਦੀ ਜ਼ਰੂਰਤ ਹੁੰਦੀ ਹੈ।"

ਕਾਕਰੋਚ ਰਾਤ ਨੂੰ ਜ਼ਿਆਦਾ ਕਿਉਂ ਦਿਖਾਈ ਦਿੰਦੇ ਹਨ?

ਕਾਕਰੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਕਰੋਚਾਂ ਦੀਆਂ 4500 ਕਿਸਮਾਂ ਵਿੱਚੋਂ ਲਗਭਗ 30 ਅਜਿਹੀਆਂ ਹਨ ਜੋ ਸਾਡੇ ਵਿੱਚ ਰਹਿੰਦੀਆਂ ਹਨ।

ਤੁਸੀਂ ਦੇਖਿਆ ਹੋਵੇਗਾ ਕਿ ਕਾਕਰੋਚ ਰਾਤ ਨੂੰ ਜ਼ਿਆਦਾ ਦਿਖਾਈ ਦਿੰਦੇ ਹਨ ਅਤੇ ਦਿਨ ਵੇਲੇ ਅਲੋਪ ਹੋ ਜਾਂਦੇ ਹਨ। ਅਸਲ ਵਿੱਚ, ਉਹ ਅਲੋਪ ਨਹੀਂ ਹੁੰਦੇ, ਸਗੋਂ ਲੁਕੇ ਰਹਿੰਦੇ ਹਨ। ਪਰ ਕਿਉਂ?

ਅਸਲ ਵਿੱਚ ਕਾਕਰੋਚ ਰਾਤ ਸਮੇਂ ਜ਼ਿਆਦਾ ਸਰਗਰਮ ਹੁੰਦੇ ਹਨ ਅਤੇ ਦਿਨ ਵੇਲੇ ਹਨੇਰੇ, ਗਿੱਲੀਆਂ ਥਾਵਾਂ ਵਿੱਚ ਲੁਕ ਜਾਂਦੇ ਹਨ। ਉਹ ਰਾਤ ਨੂੰ ਭੋਜਨ ਅਤੇ ਪਾਣੀ ਦੀ ਭਾਲ ਵਿੱਚ ਬਾਹਰ ਆਉਂਦੇ ਹਨ। ਇਸਦਾ ਇੱਕ ਕਾਰਨ ਆਪਣੇ ਦੁਸ਼ਮਣਾਂ ਤੋਂ ਸੁਰੱਖਿਅਤ ਰਹਿਣਾ ਹੈ।

ਡਾ. ਦੁਸ਼ਯੰਤ ਕੁਮਾਰ ਚੌਹਾਨ ਦੱਸਦੇ ਹਨ, "ਤੁਸੀਂ ਅਕਸਰ ਰਸੋਈਆਂ ਅਤੇ ਬਾਥਰੂਮਾਂ ਵਿੱਚ ਕਾਕਰੋਚ ਵੇਖੋਗੇ। ਕਾਰਨ ਸਪੱਸ਼ਟ ਹੈ, ਭੋਜਨ ਅਤੇ ਨਮੀ। ਉਹ ਫਾਲਤੂ ਪਦਾਰਥ ਖਾਂਦੇ ਹਨ, ਇਸੇ ਕਰਕੇ ਉਹ ਅਕਸਰ ਸਾਡੇ ਘਰਾਂ ਵਿੱਚ ਦੇਖੇ ਜਾਂਦੇ ਹਨ। ਉਹ ਭੋਜਨ ਦੀ ਭਾਲ ਵਿੱਚ ਰਸੋਈਆਂ ਵਿੱਚ ਰਹਿੰਦੇ ਹਨ। ਉਹ ਦਿਨ ਵੇਲੇ ਲੁਕ ਜਾਂਦੇ ਹਨ ਅਤੇ ਰਾਤ ਨੂੰ ਭੋਜਨ ਅਤੇ ਪਾਣੀ ਦੀ ਭਾਲ ਵਿੱਚ ਬਾਹਰ ਆਉਂਦੇ ਹਨ।''

ਉਨ੍ਹਾਂ ਕਿਹਾ, "ਉਹ ਰਾਤ ਦੇ ਜੀਵ ਹਨ। ਇਸ ਲਈ ਉਨ੍ਹਾਂ ਨੂੰ ਰੌਸ਼ਨੀ ਪਸੰਦ ਨਹੀਂ ਹੈ ਅਤੇ ਹਨੇਰੇ ਵਿੱਚ ਸਰਗਰਮ ਰਹਿੰਦੇ ਹਨ। ਉਹ ਰਾਤ ਨੂੰ ਜ਼ਿਆਦਾ ਬਾਹਰ ਆਉਂਦੇ ਹਨ। ਭਾਵੇਂ ਤੁਸੀਂ ਉਨ੍ਹਾਂ ਨੂੰ ਦਿਨ ਵੇਲੇ ਦੇਖਦੇ ਹੋ ਪਰ ਤੁਸੀਂ ਦੇਖੋਗੇ ਕਿ ਉਹ ਜਿੰਨੀ ਜਲਦੀ ਹੋ ਸਕੇ ਉਹ ਹਨੇਰੇ ਵੱਲ ਭੱਜਣ ਦੀ ਕੋਸ਼ਿਸ਼ ਕਰਦੇ ਹਨ।"

ਡਾ. ਖਾਨ ਇਸ 'ਤੇ ਵੀ ਚਾਨਣਾ ਪਾਉਂਦੇ ਹਨ ਕਿ ਕਾਕਰੋਚਾਂ ਦੀਆਂ 4500 ਕਿਸਮਾਂ ਵਿੱਚੋਂ ਲਗਭਗ 30 ਅਜਿਹੀਆਂ ਹਨ ਜੋ ਸਾਡੇ ਵਿੱਚ ਰਹਿੰਦੀਆਂ ਹਨ।

"ਉਹ ਜ਼ਿਆਦਾਤਰ ਉੱਥੇ ਰਹਿੰਦੇ ਹਨ ਜਿੱਥੇ ਨਮੀ ਹੁੰਦੀ ਹੈ। ਉਨ੍ਹਾਂ ਨੂੰ ਰਸੋਈ ਵਿੱਚ ਖਾਣਾ-ਪੀਣਾ ਅਤੇ ਬਾਥਰੂਮ ਵਿੱਚ ਨਮੀ ਮਿਲਦੀ ਹੈ।"

"ਜੀਵਾਂ ਦੀ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੇ ਜੀਵ ਹੁੰਦੇ ਹਨ: ਰਾਤ-ਵਰਤੇ (ਨੌਕਟਰਨਲ) ਅਤੇ ਦਿਨ-ਵਰਤੇ (ਡਾਇਅਰਨਲ)। ਕਾਕਰੋਚ ਰਾਤ ਵਾਲੇ ਹੁੰਦੇ ਹਨ। ਉਹਨਾਂ ਨੂੰ ਰੌਸ਼ਨੀ ਪਸੰਦ ਨਹੀਂ ਹੁੰਦੀ, ਇਸ ਲਈ ਉਹ ਖੂੰਜਿਆਂ ਵਿੱਚ ਲੁਕੇ ਰਹਿੰਦੇ ਹਨ। ਰਸੋਈ ਅਤੇ ਬਾਥਰੂਮ ਦੇ ਕੋਨੇ ਹਨੇਰੇ, ਗਿੱਲ ਅਤੇ ਭੋਜਨ ਨਾਲ ਭਰੇ ਹੁੰਦੇ ਹਨ, ਇਸ ਲਈ ਕਾਕਰੋਚ ਆਮ ਤੌਰ 'ਤੇ ਉੱਥੇ ਦੇਖੇ ਜਾਂਦੇ ਹਨ।"

ਕੀ ਕਾਕਰੋਚ ਪ੍ਰਮਾਣੂ ਹਮਲੇ ਤੋਂ ਬਚ ਸਕਦੇ ਹਨ?

ਕਾਕਰੋਚਾਂ ਦੀ ਉਮਰ ਪ੍ਰਜਾਤੀਆਂ ਦੇ ਆਧਾਰ 'ਤੇ ਵੱਖ-ਵੱਖ ਹੁੰਦੀ ਹੈ।

ਕੁਝ ਕਾਕਰੋਚ 150-170 ਦਿਨ ਜੀਉਂਦੇ ਹਨ, ਜਦੋਂ ਕਿ ਦੂਜਿਆਂ ਦੀ ਔਸਤ ਉਮਰ ਇੱਕ ਸਾਲ ਤੱਕ ਹੁੰਦੀ ਹੈ।

ਡਾ. ਚੌਹਾਨ ਸਮਝਾਉਂਦੇ ਹਨ, "ਜਰਮਨ ਕਾਕਰੋਚ ਦੀ ਔਸਤ ਉਮਰ 150-170 ਦਿਨ ਹੁੰਦੀ ਹੈ। ਮਾਦਾ ਥੋੜੀ ਜ਼ਿਆਦਾ ਜੀਉਂਦੀਆਂ ਹਨ, ਉਹ 180 ਦਿਨਾਂ ਤੱਕ ਪਹੁੰਚਦੀਆਂ ਹਨ।"

ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਪ੍ਰਮਾਣੂ ਹਮਲੇ ਤੋਂ ਨਹੀਂ ਬਚੇਗਾ, ਪਰ ਇਸ ਵਿੱਚ ਕਿੰਨੀ ਸੱਚਾਈ ਹੈ ਕਿ ਕਾਕਰੋਚ ਬਚਣਗੇ?

ਉਹ ਕਹਿੰਦੇ ਹਨ, "ਇਹ ਸੱਚ ਨਹੀਂ ਜਾਪਦਾ ਕਿਉਂਕਿ ਕਿਸੇ ਵੀ ਹੋਰ ਜੀਵ ਵਾਂਗ ਕਾਕਰੋਚ ਪ੍ਰਮਾਣੂ ਹਮਲੇ ਜਾਂ ਧਮਾਕੇ ਦੌਰਾਨ ਗਰਮੀ ਨਾਲ ਮਰ ਜਾਣਗੇ। ਇਨ੍ਹਾਂ ਦਾ ਸੈੱਲੂਲਰ ਮੈਟੀਰੀਅਲ ਫਟ ਜਾਵੇਗਾ। ਇਹ ਸੱਚ ਹੈ ਕਿ ਕਾਕਰੋਚਾਂ ਵਿੱਚ ਰੇਡੀਏਸ਼ਨ ਦਾ ਸਾਹਮਣਾ ਕਰਨ ਅਤੇ ਬਚਣ ਦੀ 15 ਗੁਣਾ ਜ਼ਿਆਦਾ ਸਮਰੱਥਾ ਹੁੰਦੀ ਹੈ। ਪਰ ਜਿੱਥੇ ਹਮਲਾ ਹੁੰਦਾ ਹੈ, ਉਹ ਬਚ ਨਹੀਂ ਸਕਦੇ।"

ਮਾਹਿਰਾਂ ਦੇ ਅਨੁਸਾਰ ਜੈਨੇਟਿਕ ਦੇ ਮਾਮਲੇ ਵਿੱਚ ਕਾਕਰੋਚਾਂ ਵਿੱਚ ਬਹੁਤ ਜ਼ਿਆਦਾ ਅਨੁਕੂਲਤਾ ਹੁੰਦੀ ਹੈ। ਇਸਦਾ ਅਰਥ ਹੈ ਅਨੁਕੂਲ ਹੋਣ ਦੀ ਯੋਗਤਾ। ਕਾਕਰੋਚਾਂ ਦੀ ਸਰੀਰਕ ਬਣਤਰ ਰੇਡੀਏਸ਼ਨ ਦੇ ਸਾਹਮਣੇ ਬਹੁਤ ਕੰਮ ਆਉਂਦੀ ਹੈ, ਜਿਸ ਕਾਰਨ ਉਹ ਇਸਦਾ ਸਾਹਮਣਾ ਕਰ ਸਕਦੇ ਹਨ।

ਡਾ. ਖਾਨ ਨੇ ਬੀਬੀਸੀ ਨੂੰ ਦੱਸਿਆ, "ਇਹ ਸਵਾਲ ਅਕਸਰ ਉੱਠਦਾ ਹੈ ਕਿ ਕੀ ਕਾਕਰੋਚ ਪ੍ਰਮਾਣੂ ਹਮਲੇ ਵਿੱਚ ਬਚ ਜਾਣਗੇ। ਇਹ ਨਹੀਂ ਹੈ ਕਿ ਜਿੱਥੇ ਹਮਲਾ ਹੋਵੇਗਾ, ਉੱਥੇ ਕਾਕਰੋਚ ਬਚੇ ਰਹਿਣਗੇ , ਪਰ ਇਹ ਵੀ ਸੱਚ ਹੈ ਕਿ ਉਹ ਰੇਡੀਏਸ਼ਨ ਦਾ ਸਾਹਮ ਕਰਨਗੇ। ਸਾਡੇ ਨਾਲ ਅਜਿਹਾ ਨਹੀਂ ਹੈ।"

ਕਾਕਰੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਕਰੋਚ ਨੂੰ ਨਮੀ ਦੀ ਲੋੜ ਹੁੰਦੀ ਹੈ

"ਮਨੁੱਖੀ ਸਰੀਰ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਇਹ ਪਰਿਵਰਤਨ ਵਿੱਚੋਂ ਗੁਜ਼ਰੇਗਾ, ਬਿਮਾਰ ਹੋ ਜਾਵੇਗਾ ਅਤੇ ਮਰ ਜਾਵੇਗਾ। ਪਰ ਕਾਕਰੋਚਾਂ ਵਿੱਚ ਵਿਰੋਧ ਦੀ ਸਮਰੱਥਾਂ ਹੁੰਦੀ ਹੈ, ਪਰ ਉਨ੍ਹਾਂ ਦੀ ਕਮਜ਼ੋਰੀ ਡੀਹਾਈਡਰੇਸ਼ਨ ਹੈ। ਉਨ੍ਹਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਤੋਂ ਬਿਨ੍ਹਾਂ ਉਹ ਮਰ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਤਾਪਮਾਨਾਂ ਵਿੱਚ ਨਹੀਂ ਰਹਿ ਸਕਦੇ। ਇਹ ਜੀਵ ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਠੰਢ ਨੂੰ ਬਰਦਾਸ਼ਤ ਨਹੀਂ ਕਰ ਸਕਦਾ।"

ਅੰਤ ਵਿੱਚ ਸਭ ਤੋਂ ਮਹੱਤਵਪੂਰਨ ਸਵਾਲ। ਅਸੀਂ ਕਾਕਰੋਚਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ, ਕਿਉਂਕਿ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਵਾਪਸ ਆਉਂਦੇ ਰਹਿੰਦੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਡਾ. ਖਾਨ ਨੇ ਕਿਹਾ, "ਨਿੰਬੂ ਜਾਤੀ ਦੇ ਫਲਾਂ ਵਿੱਚ ਲਿਮੋਨੀਨ ਨਾਮਕ ਇੱਕ ਤੱਤ ਹੁੰਦਾ ਹੈ। ਕਈ ਵਾਰ ਸਾਨੂੰ ਇੱਕ ਖਾਸ ਗੰਧ ਪਸੰਦ ਨਹੀਂ ਆਉਂਦੀ ਅਤੇ ਇਹ ਸਾਨੂੰ ਪਰੇਸ਼ਾਨ ਕਰਦੀ ਹੈ। ਇਸੇ ਤਰ੍ਹਾਂ, ਕਾਕਰੋਚਾਂ ਦੇ ਮਾਮਲੇ ਵਿੱਚ, ਇਹ ਲਿਮੋਨੀਨ ਹੈ। ਇਸੇ ਲਈ ਇਸ ਨੂੰ ਵਪਾਰਕ ਉਤਪਾਦਾਂ ਵਿੱਚ ਕਾਕਰੋਚਾਂ ਨੂੰ ਭਜਾਉਣ ਲਈ ਵਰਤਿਆ ਜਾਂਦਾ ਹੈ।"

ਪਰ ਕਾਕਰੋਚ ਘੱਟ ਨਹੀਂ ਹਨ। ਤੁਸੀਂ ਦੇਖੋਗੇ ਕਿ ਜੇਕਰ ਉਹ ਇਸ ਨਾਲ ਨਹੀਂ ਮਰਦੇ ਤਾਂ ਅਲੋਪ ਹੋ ਜਾਂਦੇ ਹਨ, ਤਾਂ ਉਹ ਕੁਝ ਸਮੇਂ ਜਾਂ ਇੱਕ ਦਿਨ ਬਾਅਦ ਦੁਬਾਰਾ ਦਿਖਾਈ ਦਿੰਦੇ ਹਨ। ਕਿਵੇਂ?

ਡਾ. ਖਾਨ ਇੱਕ-ਲਾਈਨ ਵਿੱਚ ਜਵਾਬ ਦਿੰਦੇ ਹਨ, "ਕਿਉਂਕਿ ਕਾਕਰੋਚ ਬਹੁਤ ਅਨੁਕੂਲ ਹੁੰਦੇ ਹਨ। ਉਹ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਅਨੁਕੂਲ ਹੁੰਦੇ ਹਨ ਅਤੇ ਉਨ੍ਹਾਂ ਦਾ ਸਾਹਮਣਾ ਕਰਦੇ ਹਨ। ਇਸੇ ਲਈ ਉਹ ਲੱਖਾਂ ਸਾਲਾਂ ਤੋਂ ਮੁਸ਼ਕਲ ਅਤੇ ਬਦਲਦੀਆਂ ਸਥਿਤੀਆਂ ਵਿੱਚ ਵੀ ਜਿਉਂਦੇ ਰਹੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)