ਇਸ ਪਿੰਡ ਦੇ ਲੋਕ ਮੱਝ ਦੀ ਮੌਤ ਤੋਂ ਬਾਅਦ ਰੇਬੀਜ਼ ਦਾ ਟੀਕਾ ਕਿਉਂ ਲਗਵਾਉਣ ਲੱਗੇ

ਤਸਵੀਰ ਸਰੋਤ, Pravin Fatehsinh Raj/getty
- ਲੇਖਕ, ਅਪੂਰਵਾ ਆਮਿਨ
- ਰੋਲ, ਬੀਬੀਸੀ ਲਈ
ਹਾਲ ਹੀ ਵਿੱਚ ਗੁਜਰਾਤ ਦੇ ਭਰੂਚ ਦੇ ਅਮੋਦ ਤਾਲੁਕਾ ਦੇ ਕੋਬਲਾ ਪਿੰਡ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਵਾਸੀ ਲੰਘੀ 8 ਨਵੰਬਰ ਨੂੰ ਇੱਕ ਮੱਝ ਦਾ ਦੁੱਧ ਪੀਣ ਤੋਂ ਬਾਅਦ ਟੀਕਾ ਲਗਵਾਉਣ ਲਈ ਭੱਜੇ।
ਕਹਾਣੀ ਇਹ ਹੈ ਕਿ ਲਗਭਗ ਇੱਕ ਸਾਲ ਪਹਿਲਾਂ ਪਿੰਡ ਵਿੱਚ ਇੱਕ ਪਾਲਤੂ ਮੱਝ ਨੂੰ ਇੱਕ ਪਾਗ਼ਲ ਕੁੱਤੇ ਨੇ ਕੱਟ ਲਿਆ ਸੀ। ਇਸ ਤੋਂ ਬਾਅਦ ਜਦੋਂ ਮੱਝ ਵਿੱਚ ਰੇਬੀਜ਼ ਦੇ ਲੱਛਣ ਦਿਖਾਈ ਦਿੱਤੇ ਤਾਂ ਮੱਝ ਦਾ ਦੁੱਧ ਪੀਣ ਵਾਲੇ ਪਿੰਡ ਵਾਸੀਆਂ ਨੇ ਰੇਬੀਜ਼ ਦਾ ਟੀਕਾ ਲਗਵਾ ਲਿਆ।
ਇਸ ਬਾਰੇ ਪਤਾ ਲੱਗਣ 'ਤੇ ਮੱਝ ਦੇ ਮਾਲਕ ਅਤੇ ਉਸ ਦੇ ਪਰਿਵਾਰ ਨੇ ਅਮੋਦ ਕਮਿਊਨਿਟੀ ਹੈਲਥ ਸੈਂਟਰ ਵਿਖੇ ਰੇਬੀਜ਼ ਦਾ ਟੀਕਾ ਲਗਵਾਇਆ ਅਤੇ ਬਾਅਦ ਵਿੱਚ ਦੁੱਧ ਪੀਣ ਵਾਲਿਆਂ ਦੇ ਨਾਲ-ਨਾਲ ਮੱਝ ਦੇ ਦੁੱਧ ਤੋਂ ਬਣੀ ਬਓਲੀ (ਬੱਚੇ ਲਈ ਪਹਿਲੇ ਦੁੱਧ ਤੋਂ ਬਣਿਆ ਪਕਵਾਨ) ਖਾਣ ਵਾਲਿਆਂ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ, ਉਪਭੋਗਤਾਵਾਂ ਵਿੱਚ ਡਰ ਫੈਲ੍ਹ ਗਿਆ ਕਿ ਉਨ੍ਹਾਂ ਨੇ ਪਾਗ਼ਲ ਮੱਝ ਦਾ ਦੁੱਧ ਪੀਤਾ ਹੈ, ਲੋਕ ਡਾਕਟਰਾਂ ਦੀ ਸਲਾਹ ਅਨੁਸਾਰ ਟੀਕਾ ਲਗਵਾਉਣ ਲਈ ਅਮੋਦ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਾਈਨਾਂ ਵਿੱਚ ਖੜ੍ਹੇ ਹੋ ਗਏ।
ਇਸ ਮਾਮਲੇ ਵਿੱਚ ਹੁਣ ਤੱਕ 39 ਲੋਕਾਂ ਨੂੰ ਰੇਬੀਜ਼ ਦੇ ਵਿਰੁੱਧ ਟੀਕਾ ਲਗਾਇਆ ਗਿਆ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਰੇਬੀਜ਼ ਇੱਕ ਖ਼ਤਰਨਾਕ ਵਾਇਰਸ ਹੈ ਜੋ ਜਾਨਵਰ ਦੇ ਕੱਟਣ ਜਾਂ ਮਨੁੱਖੀ ਸਰੀਰ ਵਿੱਚ ਇਸ ਦੀ ਲਾਰ ਦੇ ਦਾਖ਼ਲ ਹੋਣ ਨਾਲ ਫੈਲਦਾ ਹੈ।
ਇਹ ਬਿਮਾਰੀ ਮਨੁੱਖੀ ਦਿਮਾਗ਼ੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਗਭਗ 100% ਘਾਤਕ ਹੁੰਦੀ ਹੈ।
ਇਸ ਮਾਮਲੇ ਵਿੱਚ ਸਿਹਤ ਵਿਭਾਗ ਨੇ ਕੋਬਲਾ ਪਿੰਡ ਦੇ ਹੋਰ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਐਂਟੀ-ਰੇਬੀਜ਼ ਟੀਕਾ ਲਗਵਾਉਣ।
ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਨੂੰ ਰੇਬੀਜ਼ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਗਈ ਹੈ।
ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਕੀ ਕਿਹਾ?

ਤਸਵੀਰ ਸਰੋਤ, Sajid Khan
ਇਸ ਘਟਨਾ ਵਿੱਚ ਮੱਝ ਦੇ ਮਾਲਕ ਸਮੇਤ ਕੁਝ ਪਿੰਡ ਵਾਸੀਆਂ ਨੇ ਪਾਗ਼ਲ ਸਮਝੀ ਜਾ ਰਹੀ ਮੱਝ ਦੇ ਕੱਚੇ ਦੁੱਧ ਪਕਵਾਨ ਖਾਧਾ ਸੀ।
ਰੇਬੀਜ਼ ਦੇ ਲੱਛਣ ਦਿਖਾਉਣ ਤੋਂ ਤਿੰਨ ਦਿਨ ਬਾਅਦ ਮੱਝ ਦੀ ਮੌਤ ਹੋ ਗਈ।
ਇੱਕ ਪਸ਼ੂ ਡਾਕਟਰ ਦੁਆਰਾ ਮੱਝ ਨੂੰ ਰੇਬੀਜ਼ ਹੋਣ ਦੀ ਰਿਪੋਰਟ ਦੇਣ ਤੋਂ ਬਾਅਦ ਮੱਝ ਦੇ ਦੁੱਧ ਦੇ ਸਥਾਨਕ ਉਪਭੋਗਤਾਵਾਂ ਵਿੱਚ ਡਰ ਅਤੇ ਚਿੰਤਾ ਫੈਲ ਗਈ।
ਕੋਬਲਾ ਪਿੰਡ ਦੇ ਸਰਪੰਚ ਰਾਜੂ ਭਰਵਾਡ ਬੀਬੀਸੀ ਗੁਜਰਾਤੀ ਨੂੰ ਦੱਸਦੇ ਹਨ, "ਪਿੰਡ ਦੀ ਆਬਾਦੀ 500 ਹੈ। ਕੁਝ ਪਿੰਡ ਵਾਸੀਆਂ ਨੇ ਮੱਝ ਦਾ ਦੁੱਧ ਪੀਤਾ। ਉਨ੍ਹਾਂ ਨੂੰ ਫਿਰ ਅਹਿਸਾਸ ਹੋਇਆ ਕਿ ਮੱਝ ਨੂੰ ਰੇਬੀਜ਼ ਹੈ, ਇਸ ਲਈ ਉਨ੍ਹਾਂ ਨੂੰ ਪਿੰਡ ਵਾਸੀਆਂ ਨੂੰ ਟੀਕਾ ਲਗਵਾਉਣਾ ਪਿਆ। ਪਿੰਡ ਵਾਸੀ ਇਸ ਫਿਲਹਾਲ ਠੀਕ ਹਨ ਅਤੇ ਅਜੇ ਤੱਕ ਬਿਮਾਰੀ ਦੇ ਕੋਈ ਲੱਛਣ ਨਹੀਂ ਦੇਖੇ ਗਏ ਹਨ।"
ਪਿੰਡ ਵਾਸੀ ਵਿਜੇ ਠਾਕੋਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਉਸ ਸਮੇਂ ਪਿੰਡ ਵਿੱਚ ਇੱਕ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੌਰਾਨ ਲੋਕਾਂ ਨੇ ਇਸ ਮੱਝ ਦੇ ਦੁੱਧ ਤੋਂ ਬਣੀ ਚਾਹ ਵੀ ਪੀਤੀ ਸੀ। ਹੁਣ, ਮੱਝ ਦੀ ਲਾਸ਼ ਨੂੰ ਜੇਸੀਬੀ ਨਾਲ ਟੋਆ ਪੁੱਟ ਕੇ ਦੱਬ ਦਿੱਤਾ ਗਿਆ ਹੈ।"
‘ਪਾਗ਼ਲ’ ਮੱਝ ਵਿੱਚ ਕਿਹੜੇ ਲੱਛਣ ਦੇਖੇ ਗਏ?

ਤਸਵੀਰ ਸਰੋਤ, Pravin Fatehsinh Raj
ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਮੱਝ ਦੇ ਮਾਲਕ ਪ੍ਰਵੀਨ ਸਿੰਘ ਫਤਿਹ ਸਿੰਘ ਰਾਜ ਨੇ ਕਿਹਾ, "ਮੱਝ ਤਿੰਨ ਸਾਲ ਦੀ ਸੀ ਅਤੇ ਇੱਕ ਸਾਲ ਪਹਿਲਾਂ ਇੱਕ ਕੁੱਤੇ ਨੇ ਉਸ ਨੂੰ ਵੱਢ ਲਿਆ ਸੀ। ਮੇਰੀ ਮੱਝ ਨੇ ਇੱਕ ਮਹੀਨਾ ਪਹਿਲਾਂ ਇੱਕ ਕੱਟੇ ਨੂੰ ਜਨਮ ਦਿੱਤਾ ਸੀ।"
"ਹਾਲਾਂਕਿ, ਇੱਕ ਮਹੀਨੇ ਬਾਅਦ ਮੱਝ ਹਮਲਾਵਰ ਹੋ ਗਈ ਅਤੇ ਸਾਨੂੰ ਮਾਰਨ ਆਈ, ਇਸ ਲਈ ਸਾਨੂੰ ਇਸਨੂੰ ਇੱਕ ਖੰਭੇ ਨਾਲ ਬੰਨ੍ਹਣਾ ਪਿਆ। ਉਸ ਸਮੇਂ ਮੱਝ ਵਿੱਚ ਰੇਬੀਜ਼ ਦੇ ਲੱਛਣ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ, ਉਸ ਕੋਲੋਂ ਦੁੱਧ ਵੀ ਨਹੀਂ ਪਿਆਇਆ ਜਾ ਰਿਹਾ ਸੀ ਅਤੇ ਉਸ ਦਾ ਕੱਟਾ ਦੁੱਧ ਨਹੀਂ ਪੀ ਰਿਹਾ ਸੀ।"
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ, ਤਾਂ ਉਨ੍ਹਾਂ ਨੇ ਇੱਕ ਸਥਾਨਕ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ। ਉਨ੍ਹਾਂ ਨੇ ਮੱਝ ਦੀ ਜਾਂਚ ਕੀਤੀ ਅਤੇ ਉਸ ਨੂੰ ਰੇਬੀਜ਼-ਪਾਜ਼ੇਟਿਵ ਐਲਾਨ ਦਿੱਤਾ।
ਬਾਅਦ ਵਿੱਚ ਕੱਟੇ ਦਾ ਟੀਕਾਕਰਨ ਕੀਤਾ ਗਿਆ। ਡਾਕਟਰ ਨੇ ਪਰਿਵਾਰਕ ਮੈਂਬਰਾਂ ਨੂੰ ਟੀਕਾ ਲਗਵਾਉਣ ਦੀ ਸਲਾਹ ਵੀ ਦਿੱਤੀ। ਕੱਟਾ ਇਸ ਸਮੇਂ ਸਿਹਤਮੰਦ ਹੈ।
ਮੱਝ ਦਾ ਇਲਾਜ ਕਰਨ ਆਏ ਰਾਓਜੀਭਾਈ ਚੁਨਾਰਾ ਨੇ ਮੱਝ ਦੇ ਲੱਛਣਾਂ ਬਾਰੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਇਹ ਮੱਝ ਨਾ ਸਿਰਫ਼ ਲੋਕਾਂ ਨੂੰ ਮਾਰ ਰਹੀ ਸੀ, ਸਗੋਂ ਬਹੁਤ ਜ਼ਿਆਦਾ ਪਿਸ਼ਾਬ ਵੀ ਕਰ ਰਹੀ ਸੀ ਅਤੇ ਬੈਠਣ ਦੀ ਬਜਾਏ ਲਗਾਤਾਰ ਇਧਰ-ਉਧਰ ਟਹਿਲ ਰਹੀ ਸੀ। ਇਸ ਤੋਂ ਬਾਅਦ, ਇਹ 7 ਦਿਨਾਂ ਦੇ ਅੰਦਰ-ਅੰਦਰ ਮਰ ਗਈ।"
ਪਿੰਡ ਦੇ 39 ਲੋਕਾਂ ਨੇ ਟੀਕਾ ਲਗਵਾਇਆ
ਭਰੂਚ ਦੀ ਵਧੀਕ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮੁਨੀਰਾ ਸ਼ੁਕਲਾ ਨੇ ਇਸ ਮਾਮਲੇ ਵਿੱਚ ਦਿੱਤੇ ਗਏ ਇਲਾਜ ਦਾ ਵੇਰਵਾ ਦਿੰਦੇ ਹੋਏ ਕਿਹਾ, "ਪਿੰਡ ਵਾਸੀਆਂ ਨੂੰ ਰੇਬੀਜ਼ ਵਿਰੋਧੀ ਟੀਕਾ (ਏਆਰਵੀ) ਲਗਾਇਆ ਗਿਆ ਹੈ। ਅਜੇ ਤੱਕ ਕਿਸੇ ਵਿੱਚ ਵੀ ਕੋਈ ਲੱਛਣ ਨਹੀਂ ਦਿਖਾਈ ਦਿੱਤੇ, ਪਰ ਇਸ ਪਿੰਡ ਲਈ "ਉਡੀਕ ਕਰੋ ਅਤੇ ਦੇਖੋ" ਦੀ ਨੀਤੀ ਅਪਣਾਈ ਗਈ ਹੈ। ਪਿੰਡ ਦੇ ਕੁੱਲ 39 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।"
ਕੋਬਲਾ ਪਿੰਡ ਦੀ ਮੈਡੀਕਲ ਅਫ਼ਸਰ ਡਾ. ਮਾਨਸੀ ਰਾਠੀ ਨੇ ਕਿਹਾ, "ਮੱਝਾਂ ਵਿੱਚ ਰੇਬੀਜ਼ ਦਾ ਇਲਾਜ ਗ੍ਰੇਡ ਦੇ ਆਧਾਰ 'ਤੇ ਕੀਤਾ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਸਾਡੀ ਤਰਜੀਹ ਮੱਝ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਟੀਕੇ ਦੀ ਬੂਸਟਰ ਖੁਰਾਕ ਦੇਣਾ ਹੈ, ਬਿਨਾਂ ਕੋਈ ਜੋਖ਼ਮ ਲਏ। ਇਸ ਟੀਕੇ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।"
ਰੇਬੀਜ਼ ਕੀ ਹੈ?

ਤਸਵੀਰ ਸਰੋਤ, SAJJAD HUSSAIN/AFP via Getty Images
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰੇਬੀਜ਼ ਬਾਰੇ ਜਾਣਕਾਰੀ ਦੇ ਅਨੁਸਾਰ, "ਰੇਬੀਜ਼ 150 ਤੋਂ ਵੱਧ ਦੇਸ਼ਾਂ ਵਿੱਚ ਮੁੱਖ ਤੌਰ 'ਤੇ ਏਸ਼ੀਆ ਅਤੇ ਅਫਰੀਕਾ ਵਿੱਚ ਇੱਕ ਗੰਭੀਰ ਜਨਤਕ ਸਿਹਤ ਸਮੱਸਿਆ ਹੈ। ਇਹ ਬਿਮਾਰੀ ਹਰ ਸਾਲ ਹਜ਼ਾਰਾਂ ਮੌਤਾਂ ਦਾ ਕਾਰਨ ਬਣਦੀ ਹੈ, ਜਿਨ੍ਹਾਂ ਵਿੱਚੋਂ 40% 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੁੰਦੀ ਹੈ।"
ਮਨੁੱਖਾਂ ਵਿੱਚ ਰੇਬੀਜ਼ ਦੇ 99% ਮਾਮਲੇ ਕੁੱਤੇ ਦੇ ਕੱਟਣ ਅਤੇ ਖੁਰੋਚ ਕਾਰਨ ਹੁੰਦੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, "ਰੇਬੀਜ਼ 100% ਮਾਮਲਿਆਂ ਵਿੱਚ ਘਾਤਕ ਹੁੰਦੀ ਹੈ ਜਦੋਂ ਵਾਇਰਸ ਕਲੀਨਿਕਲ ਲੱਛਣਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਕੇਂਦਰੀ ਨਸ ਪ੍ਰਣਾਲੀ (ਦਿਮਾਗ਼ ਅਤੇ ਰੀੜ੍ਹ ਦੀ ਹੱਡੀ) ਨੂੰ ਸੰਕਰਮਿਤ ਕਰਦਾ ਹੈ। ਹਾਲਾਂਕਿ, ਰੇਬੀਜ਼ ਤੋਂ ਹੋਣ ਵਾਲੀਆਂ ਮੌਤਾਂ ਨੂੰ ਤੁਰੰਤ ਪੋਸਟ-ਐਕਸਪੋਜ਼ਰ ਪ੍ਰੋਫਾਈਲੈਕਸਿਸ (ਪੀਈਪੀ) ਇਲਾਜ ਦੁਆਰਾ ਰੋਕਿਆ ਜਾ ਸਕਦਾ ਹੈ, ਜੋ ਵਾਇਰਸ ਨੂੰ ਕੇਂਦਰੀ ਨਸ ਪ੍ਰਣਾਲੀ ਤੱਕ ਪਹੁੰਚਣ ਤੋਂ ਰੋਕਦਾ ਹੈ।"

ਗਾਂਧੀਨਗਰ ਵਿੱਚ ਇੰਦਰੋਡਾ ਨੇਚਰ ਪਾਰਕ-ਗਿਰ ਫਾਊਂਡੇਸ਼ਨ ਦੇ ਵੈਟਰਨਰੀ ਅਫਸਰ ਡਾ. ਅਨਿਕੇਤ ਪਟੇਲ ਨੇ ਬੀਬੀਸੀ ਨੂੰ ਦੱਸਿਆ, "ਰੇਬੀਜ਼ ਮੁੱਖ ਤੌਰ 'ਤੇ ਕੁੱਤਿਆਂ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ ਸੰਕਰਮਿਤ ਜਾਨਵਰ ਦੇ ਲਾਰ ਵਿੱਚ ਮੌਜੂਦ ਹੁੰਦਾ ਹੈ।"
"ਜਦੋਂ ਇਹ ਲਾਰ ਕਿਸੇ ਮਨੁੱਖ ਜਾਂ ਹੋਰ ਜਾਨਵਰ ਦੇ ਖੂਨ ਦੇ ਸਿੱਧੇ ਸੰਪਰਕ ਵਿੱਚ ਆਉਂਦੀ ਹੈ, ਤਾਂ ਵਾਇਰਸ ਸਰੀਰ ਵਿੱਚ ਦਾਖ਼ਲ ਹੁੰਦਾ ਹੈ।"
"ਵਾਇਰਸ ਵੱਖ-ਵੱਖ ਟਿਸ਼ੂਆਂ ਰਾਹੀਂ ਯਾਤਰਾ ਕਰਦਾ ਹੈ ਅਤੇ ਨਸਾਂ ਦੇ ਰੇਸ਼ਿਆਂ ਰਾਹੀਂ ਕੇਂਦਰੀ ਦਿਮਾਗ਼ੀ ਪ੍ਰਣਾਲੀ ਤੱਕ ਪਹੁੰਚਦਾ ਹੈ। ਇਹ ਸਮਾਂ ਕੁਝ ਹਫ਼ਤਿਆਂ ਤੋਂ ਦੋ ਸਾਲਾਂ ਤੱਕ ਹੋ ਸਕਦਾ ਹੈ, ਜਿਸ ਨੂੰ ਇਨਕਿਊਬੇਸ਼ਨ ਪੀਰੀਅਡ ਕਿਹਾ ਜਾਂਦਾ ਹੈ।"
"ਹਾਲਾਂਕਿ ਕਿਸੇ ਸੰਕਰਮਿਤ ਜਾਨਵਰ ਦਾ ਦੁੱਧ ਪੀਣ ਨਾਲ ਬਿਮਾਰੀ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।"
ਡਾ. ਅਨਿਕੇਤ ਪਟੇਲ ਅੱਗੇ ਕਹਿੰਦੇ ਹਨ, "ਕਿਸੇ ਵੀ ਹਾਲਤ ਵਿੱਚ, ਅਸੀਂ ਡਬਲਯੂਐੱਚਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਗੇ ਵਧਦੇ ਹਾਂ। ਸਰਕਾਰ ਮੁਫ਼ਤ ਟੀਕੇ ਪ੍ਰਦਾਨ ਕਰਦੀ ਹੈ, ਜੋ ਕਿ ਸਾਰੇ ਸ਼ਹਿਰੀ, ਪ੍ਰਾਇਮਰੀ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਦੇ ਨਾਲ-ਨਾਲ ਸਿਵਲ ਹਸਪਤਾਲਾਂ ਵਿੱਚ ਉਪਲਬਧ ਹਨ।"
"ਭਾਵੇਂ ਕਿਸੇ ਵਿਅਕਤੀ ਨੂੰ ਰੇਬੀਜ਼ ਹੋਣ ਦੀ ਸੰਭਾਵਨਾ 1% ਤੋਂ ਘੱਟ ਹੋਵੇ (ਜਿਸ ਨੂੰ ਡਾਕਟਰੀ ਸ਼ਬਦਾਂ ਵਿੱਚ ਉਸ ਵਿਅਕਤੀ ਨਾਲ ਸੰਪਰਕ ਕਿਹਾ ਜਾਂਦਾ ਹੈ), ਅਸੀਂ ਫਿਰ ਵੀ ਉਸ ਵਿਅਕਤੀ ਨੂੰ ਟੀਕਾਕਰਨ ਕਰਵਾਉਣ ਦਾ ਆਦੇਸ਼ ਦਿੰਦੇ ਹਾਂ। ਇਸ ਲਈ, ਜੇਕਰ ਲੋਕਾਂ ਨੇ ਰੇਬੀਜ਼ ਨਾਲ ਸੰਕਰਮਿਤ ਮੱਝ ਦਾ ਦੁੱਧ ਗਰਮ ਕਰਨ ਤੋਂ ਬਾਅਦ ਵੀ ਪੀਤਾ ਹੈ, ਤਾਂ ਉਨ੍ਹਾਂ ਨੂੰ ਜੋਖ਼ਮ ਵਿੱਚ ਮੰਨਿਆ ਜਾਣਾ ਚਾਹੀਦਾ ਹੈ।"
ਰੇਬੀਜ਼ ਦੇ ਲੱਛਣ ਕੀ ਹਨ?

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਰੇਬੀਜ਼ ਦੇ ਫੈਲਣ ਦੀ ਮਿਆਦ ਆਮ ਤੌਰ 'ਤੇ ਦੋ ਤੋਂ ਤਿੰਨ ਮਹੀਨੇ ਹੁੰਦੀ ਹੈ, ਪਰ ਲੱਛਣਾਂ ਦੀ ਮਿਆਦ ਇੱਕ ਹਫ਼ਤੇ ਤੋਂ ਇੱਕ ਸਾਲ ਤੱਕ ਵੱਖ-ਵੱਖ ਹੋ ਸਕਦੀ ਹੈ, ਜੋ ਕਿ ਵਾਇਰਸ ਦੇ ਦਾਖਲੇ ਦੀ ਜਗ੍ਹਾ ਅਤੇ ਵਾਇਰਲ ਲੋਡ ਵਰਗੇ ਕਾਰਕਾਂ 'ਤੇ ਨਿਰਭਰ ਕਰਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਰੇਬੀਜ਼ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖ਼ਾਰ, ਦਰਦ ਅਤੇ ਜ਼ਖ਼ਮ ਵਾਲੀ ਥਾਂ 'ਤੇ ਅਸਾਧਾਰਨ ਖੁਰਕ ਜਾਂ ਜਲਨ ਸ਼ਾਮਲ ਹਨ।
ਇੱਕ ਵਾਰ ਜਦੋਂ ਵਾਇਰਸ ਕੇਂਦਰੀ ਨਾੜੀ ਤੰਤਰ ਵਿੱਚ ਦਾਖ਼ਲ ਹੋ ਜਾਂਦਾ ਹੈ, ਤਾਂ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀ ਸੋਜ ਸ਼ੁਰੂ ਹੋ ਜਾਂਦੀ ਹੈ। ਇੱਕ ਸੰਕਰਮਿਤ ਮਰੀਜ਼ ਵਿੱਚ ਕਲੀਨਿਕਲ ਰੇਬੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਇਸ ਦਾ ਇਲਾਜ ਕਰਨਾ ਅਸੰਭਵ ਹੈ।
ਡਾ. ਅਨਿਕੇਤ ਪਟੇਲ ਕਹਿੰਦੇ ਹਨ, "ਜਦੋਂ ਕੋਈ ਸੰਕਰਮਿਤ ਜਾਨਵਰ ਦੂਜੇ ਜਾਨਵਰ ਨੂੰ ਕੱਟਦਾ ਹੈ, ਤਾਂ ਦੋ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਇੱਕ ਗੁੱਸੇ ਵਾਲਾ ਰੂਪ ਹੈ ਅਤੇ ਦੂਜਾ ਗੂੰਗਾ ਰੂਪ (ਡੰਬ ਫਾਰਮ) ਹੈ।"
"ਗੁੱਸੇ ਵਾਲੇ ਰੂਪ ਵਿੱਚ ਜਾਨਵਰ ਹਿੰਸਕ ਹੋ ਜਾਂਦਾ ਹੈ, ਭਾਵ ਇਹ ਕੱਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਗਲੇ ਵਿੱਚ ਸੋਜ ਕਾਰਨ ਪਾਣੀ ਜਾਂ ਭੋਜਨ ਨਿਗਲ ਨਹੀਂ ਸਕਦਾ। ਜਦੋਂ ਕਿ ਗੂੰਗੇ ਰੂਪ ਵਿੱਚ, ਜਾਨਵਰ ਦਾ ਸਿਰਫ਼ ਲਾਰ ਵਗਦਾ ਹੈ ਅਤੇ ਉਹ ਪੂਰਾ ਕੰਟ੍ਰੋਲ ਗੁਆ ਦਿੰਦਾ ਹੈ।"
"ਜਦੋਂ ਰੇਬੀਜ਼ ਵਾਲਾ ਮਨੁੱਖੀ ਮਰੀਜ਼ ਰੌਸ਼ਨੀ ਅਤੇ ਪਾਣੀ ਤੋਂ ਬਚਦਾ ਹੈ, ਤਾਂ ਇਸ ਨੂੰ ਹਾਈਡ੍ਰੋਫੋਬੀਆ ਕਿਹਾ ਜਾਂਦਾ ਹੈ।"
ਡਾ. ਅਨਿਕੇਤ ਪਟੇਲ ਦੇ ਅਨੁਸਾਰ, ਹਾਈਡ੍ਰੋਫੋਬੀਆ ਦਾ ਕਾਰਨ ਗਲੇ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਦਾ ਅਧਰੰਗ ਹੈ, ਜਿਸ ਕਾਰਨ ਮਰੀਜ਼ ਕੁਝ ਵੀ ਨਿਗਲਣ ਤੋਂ ਅਸਮਰੱਥ ਹੁੰਦਾ ਹੈ।
ਇਸ ਤੋਂ ਇਲਾਵਾ, ਮਰੀਜ਼ ਆਪਣਾ ਕੰਟ੍ਰੋਲ ਗੁਆ ਬੈਠਦਾ ਹੈ ਅਤੇ ਬੇਜਾਨ ਵਸਤੂਆਂ ਨੂੰ ਕੱਟਣ ਦੀ ਇੱਛਾ ਵੀ ਮਹਿਸੂਸ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਦੋ ਤੋਂ ਚਾਰ ਦਿਨਾਂ ਦੇ ਅੰਦਰ ਮੌਤ ਸੰਭਵ ਹੈ।
ਟੀਕਾਕਰਨ ਬਾਰੇ, ਉਹ ਕਹਿੰਦੇ ਹਨ ਕਿ ਟੀਕਾਕਰਨ ਸੰਕਰਮਿਤ ਜਾਨਵਰ ਦੁਆਰਾ ਕੱਟਣ ਦੇ ਦਿਨ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਫਿਰ, ਟੀਕਾ ਤੀਜੇ, ਸੱਤਵੇਂ, ਚੌਦਵੇਂ ਅਤੇ ਅਠਾਈਵੇਂ ਦਿਨ ਲਗਾਇਆ ਜਾਂਦਾ ਹੈ। ਇਸ ਤਰ੍ਹਾਂ, ਕੁੱਲ ਪੰਜ ਟੀਕੇ ਲਗਾਉਣੇ ਜ਼ਰੂਰੀ ਹਨ।
ਉਹ ਕਹਿੰਦੇ ਹਨ, "ਘਰੇਲੂ ਇਲਾਜ ਲਈ ਪਹਿਲਾਂ ਜ਼ਖ਼ਮ ਨੂੰ ਪਾਣੀ ਅਤੇ ਐਂਟੀਸੈਪਟਿਕ ਨਾਲ ਸਾਫ਼ ਕਰਨਾ ਪੈਂਦਾ ਹੈ ਅਤੇ ਫਿਰ ਟੀਕਾਕਰਨ ਲਈ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਣ 'ਤੇ ਜ਼ੋਰ ਦੇਣਾ ਪੈਂਦਾ ਹੈ।"
"ਜੇਕਰ ਜ਼ਖ਼ਮ ਸ਼੍ਰੇਣੀ 2 ਤੋਂ ਜ਼ਿਆਦਾ ਗੰਭੀਰ ਹੈ, ਤਾਂ ਰੇਬੀਜ਼ ਇਮਯੂਨੋਗਲੋਬੂਲਿਨ (ਆਰਆਈਜੀ) ਟੀਕਾ 24 ਘੰਟਿਆਂ ਦੇ ਅੰਦਰ ਜ਼ਖ਼ਮ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਲਗਾਇਆ ਜਾਂਦਾ ਹੈ।"
ਭਾਰਤ ਵਿੱਚ ਰੇਬੀਜ਼

ਤਸਵੀਰ ਸਰੋਤ, Getty Images
ਦਿ ਹਿੰਦੂ ਡਾਟ ਕਾਮ ਦੇ ਅਨੁਸਾਰ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਦੇ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ ਕੁੱਤਿਆਂ ਦੇ ਕੱਟਣ ਦੇ ਕੁੱਲ ਮਾਮਲਿਆਂ ਦੀ ਗਿਣਤੀ 37,17,336 ਸੀ, ਜਦੋਂ ਕਿ 'ਸ਼ੱਕੀ ਰੇਬੀਜ਼ ਮੌਤਾਂ' ਦੀ ਕੁੱਲ ਗਿਣਤੀ 54 ਸੀ।
ਕੌਮੀ ਰੇਬੀਜ਼ ਕੰਟ੍ਰੋਲ ਪ੍ਰੋਗਰਾਮ (ਐੱਨਆਰਸੀਪੀ) ਦੇ ਅਨੁਸਾਰ, ਰੇਬੀਜ਼ ਭਾਰਤ ਵਿੱਚ ਵਿਆਪਕ ਮਹਾਂਮਾਰੀਆਂ ਅਤੇ ਮੌਤ ਦਰ ਲਈ ਜ਼ਿੰਮੇਵਾਰ ਹੈ।
ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਨੂੰ ਛੱਡ ਕੇ ਦੇਸ਼ ਭਰ ਵਿੱਚ ਰੇਬੀਜ਼ ਦੇ ਮਨੁੱਖੀ ਮਾਮਲੇ ਸਾਹਮਣੇ ਆਉਂਦੇ ਹਨ।
ਭਾਰਤ ਵਿੱਚ ਬਿੱਲੀਆਂ, ਬਘਿਆੜ, ਲੂੰਬੜੀ ਅਤੇ ਬਾਂਦਰ ਰੇਬੀਜ਼ ਦੇ ਹੋਰ ਮਹੱਤਵਪੂਰਨ ਸਰੋਤ ਹਨ। ਦੇਸ਼ ਵਿੱਚ ਹੁਣ ਤੱਕ ਚਮਗਿੱਦੜਾਂ ਤੋਂ ਰੇਬੀਜ਼ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਐੱਨਆਰਸੀਪੀ ਦਾ ਉਦੇਸ਼ 2030 ਤੱਕ ਰੇਬੀਜ਼ ਤੋਂ ਜ਼ੀਰੋ ਮਨੁੱਖੀ ਮੌਤ ਦਰ ਪ੍ਰਾਪਤ ਕਰਨਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












