ਵਿਵੇਕ ਰਾਮਾਸਵਾਮੀ ਕੌਣ ਹਨ, ਕੀ ਹੈ ਉਨ੍ਹਾਂ ਦਾ ਏਜੰਡਾ ਜਿਸ ਕਾਰਨ ਟਰੰਪ ਨੇ ਉਨ੍ਹਾਂ ਨੂੰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ

ਤਸਵੀਰ ਸਰੋਤ, Getty Images
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਸਰਕਾਰ ਦੇ ਅਹਿਮ ਅਹੁਦਿਆਂ ’ਤੇ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ।
ਟਰੰਪ ਨੇ ਐਕਸ, ਟੈਸਲਾ ਅਤੇ ਸਪੇਸਐਕਸ ਦੇ ਮਾਲਕ ਈਲੋਨ ਮਸਕ ਦੇ ਨਾਲ ਵਿਵੇਕ ਰਾਮਾਸਵਾਮੀ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਆਫਿਸ਼ਿਐਂਸੀ (ਡੀਓਜੀਆਈ) ਦਾ ਪ੍ਰਮੁੱਖ ਬਣਾਇਆ ਹੈ।
ਟਰੰਪ ਨੇ ਇਸ ਦਾ ਐਲਾਨ ਕਰਦੇ ਹੋਏ ਈਲੋਨ ਮਸਕ ਨੂੰ ‘ਗਰੇਟ ਈਲੋਨ ਮਸਕ’ ਕਿਹਾ ਹੈ ਅਤੇ ਵਿਵੇਕ ਰਾਮਾਸਵਾਮੀ ਨੂੰ ‘ਅਮਰੀਕੀ ਦੇਸ਼ ਭਗਤ’ ਦੱਸਿਆ ਹੈ।

ਇਹ ਜ਼ਿੰਮੇਦਾਰੀ ਮਿਲਣ ’ਤੇ ਵਿਵੇਕ ਰਾਮਾਸਵਾਮੀ ਨੇ ਲਿਖਿਆ,“ਅਸੀਂ ਲੋਕ ਨਰਮੀ ਨਾਲ ਪੇਸ਼ ਨਹੀਂ ਆਵਾਂਗੇ।”
ਇਸ ਰਾਹੀਂ ਵਿਵੇਕ ਰਾਮਾਸਵਾਮੀ ਨੇ ਸੰਕੇਤ ਦਿੱਤਾ ਹੈ ਕਿ ਜੋ ਜ਼ਿੰਮੇਦਾਰੀ ਮਿਲੀ ਹੈ, ਉਸ ਨੂੰ ਉਹ ਸਖ਼ਤੀ ਨਾਲ ਲਾਗੂ ਕਰਨਗੇ ਅਤੇ ਟਰੰਪ ਇਹੀ ਚਾਹੁੰਦੇ ਵੀ ਹਨ।
ਟਰੰਪ ਨੇ ਕਈ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ

ਤਸਵੀਰ ਸਰੋਤ, Getty Images
ਟਰੰਪ ਨੇ ਵਿਵੇਕ ਨੂੰ ਉਹੀ ਜ਼ਿੰਮੇਦਾਰੀ ਦਿੱਤੀ ਹੈ, ਜਿਸਦੀ ਉਹ ਵਕਾਲਤ ਕਰਦੇ ਰਹੇ ਹਨ। ਵਿਵੇਕ ਰਾਮਾਸਵਾਮੀ ਕਈ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਨੂੰ ਬੰਦ ਕਰਨ ਦੀ ਵਕਾਲਤ ਕਰਦੇ ਰਹੇ ਹਨ।
ਵਿਵੇਕ ਰਾਮਾਸਵਾਮੀ ਈਲੋਨ ਮਸਕ ਨਾਲ ਮਿਲ ਕੇ ਸਰਕਾਰ ਵਿੱਚ ਨੌਕਰਸ਼ਾਹੀ, ਵਾਧੂ ਨਿਯਮ-ਕਾਨੂੰਨ ਅਤੇ
‘ਬੇਲੋੜੇ ਖਰਚਿਆਂ’ ਨੂੰ ਰੋਕਣ ਤੋਂ ਇਲਾਵਾ ਫੈਡਰਲ ਏਜੰਸੀਆਂ ਦੇ ਪੁਨਰਗਠਨ ’ਤੇ ਕੰਮ ਕਰਨਗੇ।
ਟਰੰਪ ਨੇ ਇਸ ਨੂੰ ‘ਸੇਵ ਅਮਰੀਕਾ’ ਮੁਹਿੰਮ ਦੇ ਲਈ ਜ਼ਰੂਰੀ ਦੱਸਿਆ ਹੈ।
ਇਸ ਦੇ ਨਾਲ ਹੀ ਟਰੰਪ ਵੱਲੋਂ ਕੁਝ ਹੋਰ ਵੀ ਅਹਿਮ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ ਹੈ।
ਫਲੋਰਿਡਾ ਦੇ ਸੰਸਦ ਮਾਈਕਲ ਵਾਲਟਜ਼ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਨਗੇ ਅਤੇ ਸੈਨੇਟਰ ਮਾਰਕੋ ਰੂਬਿਓ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।
50 ਸਾਲਾ ਵਾਲਟਜ਼ ਸਾਬਕਾ ਸੈਨਾ ਅਧਿਕਾਰੀ ਹਨ ਅਤੇ ਲੰਮੇ ਸਮੇਂ ਤੋਂ ਟਰੰਪ ਦੇ ਸਮਰਥਕ ਰਹੇ ਹਨ।
ਉਹ ਅਮਰੀਕੀ ਕਾਂਗਰਸ ਲਈ ਮੁੜ ਤੋਂ ਚੁਣੇ ਗਏ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਵਾਲਟਜ਼ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਵੇਗੀ।
ਕੌਣ ਹਨ ਵਿਵੇਕ ਰਾਮਾਸਵਾਮੀ

ਤਸਵੀਰ ਸਰੋਤ, Getty Images
ਵਿਵੇਕ ਰਾਮਾਸਵਾਮੀ ਰਿਪਬਲਿਕਨ ਪਾਰਟੀ ਦੇ ਲਈ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਸਨ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ। ਉਹ ਇਕ ਵੀ ਪ੍ਰਾਈਮਰੀ ਚੋਣ ਨਹੀਂ ਜਿੱਤ ਸਕੇ ਸੀ ਅਤੇ ਉਨ੍ਹਾਂ ਨੂੰ ਇਸ ਦੌੜ ਵਿਚੋਂ ਬਾਹਰ ਹੋਣਾ ਪਿਆ ਸੀ।
ਵੋਕ ਕਿਤਾਬ ਦੇ ਲੇਖਕ, ਕਰੋੜਾਂ ਦੇ ਮਾਲਕ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਨਵੇਂ ਅਮਰੀਕੀ ਸੁਪਨੇ ਲਈ ਇੱਕ ਸੱਭਿਆਚਾਰਕ ਅੰਦੋਲਨ ਸ਼ੁਰੂ ਕਰਨਾ ਚਾਹੁੰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਜੇ ਇੱਕ ਦੂਜੇ ਨੂੰ ਨਾਲ ਲੈ ਕੇ ਆਉਣ ਲਈ ਕੁਝ ਵੱਡਾ ਨਹੀਂ ਹੈ ਤਾਂ ਵਿਭਿੰਨਤਾ ਦਾ ਕੋਈ ਮਤਲਬ ਨਹੀਂ ਹੈ।
39 ਸਾਲ ਦੇ ਰਾਮਾਸਵਾਮੀ ਦਾ ਜਨਮ ਓਹੀਓ ਵਿੱਚ ਹੋਇਆ ਸੀ। ਉਨ੍ਹਾਂ ਹਾਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਬਾਇਓ ਟੈਕਨਾਲੋਜੀ ਦੇ ਖੇਤਰ ਵਿੱਚ ਕਰੋੜਾਂ ਡਾਲਰ ਕਮਾਏ। ਇਸ ਤੋਂ ਬਾਅਦ ਉਨ੍ਹਾਂ ਨੇ ਐਸੈੱਟ ਮੈਨੇਜਮੈਂਟ ਫਰਮ ਬਣਾਈ।
ਉਨ੍ਹਾਂ ਨੇ ਬਾਇਓਟੈੱਕ ਕੰਪਨੀ ਰੋਇਵੈਂਟ ਸਾਇੰਸਜ਼ ਦੀ ਸਥਾਪਨਾ ਕੀਤੀ, ਜੋ ਹੁਣ ਸੱਤ ਅਰਬ ਡਾਲਰ ਦੀ ਹੋ ਚੁੱਕੀ ਹੈ।
ਉਹ ਇੱਕ ਇਨਵੈਸਟਮੈਂਟ ਫਰਮ ਦੇ ਵੀ ਸਹਿ-ਸੰਸਥਾਪਕ ਹਨ। ਫੋਬਰਜ਼ ਦੇ ਮੁਤਾਬਕ ਵਿਵੇਕ ਰਾਮਾਸਵਾਮੀ ਦੀ ਕੁੱਲ ਜਾਇਦਾਦ 63 ਕਰੋੜ ਡਾਲਰ ਹੈ।
ਵਿਵੇਕ ਦਾ ਵਿਆਹ ਅਪੂਰਵਾ ਨਾਲ ਹੋਇਆ ਹੈ ਅਤੇ ਉਹ ਓਹੀਓ ਸਟੇਟ ਯੂਨੀਵਰਸਿਟੀ ਵੈਕਸਨਰ ਮੈਡੀਕਲ ਸੈਂਟਰ ਵਿੱਚ ਸਰਜਨ ਅਤੇ ਸਹਾਇਕ ਪ੍ਰੋਫੈਸਰ ਹਨ।
ਵਿਵੇਕ ਦੇ ਦੋ ਬੇਟੇ ਹਨ ਤੇ ਉਹ ਆਪਣੇ ਪਰਿਵਾਰ ਨਾਲ ਕੋਲੰਬਸ ਵਿੱਚ ਰਹਿੰਦੇ ਹਨ।
ਵਿਵੇਕ ਰਾਮਾਸਵਾਮੀ ਦਾ ਜਨਮ ਪਰਵਾਸੀ ਭਾਰਤੀ ਮਾਪਿਆਂ ਦੇ ਪਰਿਵਾਰ ਵਿੱਚ ਹੋਇਆ।
‘ਹਿੰਦੁਸਤਾਨ ਟਾਇਮਜ਼’ ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦਾ ਪਰਿਵਾਰ ਕੇਰਲਾ ਤੋਂ ਅਮਰੀਕਾ ਗਿਆ ਸੀ।
ਉਨ੍ਹਾਂ ਦੇ ਪਿਤਾ ਵੀ. ਗਣਪਤੀ ਰਾਮਾਸਵਾਮੀ ਨੇ ਕਾਲੀਕਟ ਦੇ ਨੈਸ਼ਨਲ ਇੰਸਟੀਚਿਊਟ ਤੋਂ ਗਰੈਜੂਏਸ਼ਨ ਤੋਂ ਬਾਅਦ ਇੰਜਨੀਅਰ ਦੇ ਤੌਰ ’ਤੇ ਕੰਮ ਕੀਤਾ। ਉਨ੍ਹਾਂ ਦੀ ਮਾਂ ਨੇ ਅਮਰੀਕਾ ਵਿੱਚ ਇੱਕ ਮਨੋਵਿਗਿਆਨੀ ਦੇ ਤੌਰ ’ਤੇ ਕੰਮ ਕੀਤਾ ਹੈ।
2023 ਵਿੱਚ ਓਹੀਓ ਸਟੇਟ ਫੇਅਰ ਵਿੱਚ ਵਿਵੇਕ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਅਮਰੀਕੀ ਨਾਗਰਿਕਤਾ ਲਈ ਹੈ, ਜਦੋਂਕਿ ਉਨ੍ਹਾਂ ਦੇ ਪਿਤਾ ਕੋਲ ਹਾਲੇ ਵੀ ਭਾਰਤੀ ਪਾਸਪੋਰਟ ਹੈ।
ਰਾਮਾਸਵਾਮੀ ਪਹਿਲਾਂ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਅਹੁਦੇ ਦੀ ਦੌੜ ਵਿੱਚ ਸਨ। ਪਰ ਓਹੀਓ ਕਾਕਸ ਵਿੱਚ ਚੌਥੇ ਨੰਬਰ ’ਤੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ਛੱਡ ਦਿੱਤਾ ਸੀ।
ਇਸ ਤੋਂ ਬਾਅਦ ਜਦੋਂ ਉਹ ਟਰੰਪ ਦੀ ਪਹਿਲੀ ਰਾਸ਼ਟਰਪਤੀ ਬਹਿਸ ਲਈ ਉਨ੍ਹਾਂ ਦੇ ਨਾਲ ਅਟਲਾਂਟਾ ਗਏ ਤਾਂ ਇਹ ਖ਼ਬਰਾਂ ਆਈਆਂ ਕਿ ਉਹ ਰਿਪਬਲਿਕਨ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ ਬਣ ਸਕਦੇ ਹਨ।
ਵਿਵੇਕ ਰਾਮਾਸਵਾਮੀ ਦੇ ਏਜੰਡੇ

ਤਸਵੀਰ ਸਰੋਤ, TRUTH
ਵਿਵੇਕ ਰਾਮਾਸਵਾਮੀ ਆਪਣੇ ਖਾਸ ਏਜੰਡਿਆਂ ਲਈ ਵੀ ਜਾਣੇ ਜਾਂਦੇ ਹਨ। ਜਿਵੇਂ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਖਤਮ ਕਰਨਾ, ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਅਤੇ ਸੰਘੀ ਵਿਭਾਗਾਂ ਨੂੰ ਬੰਦ ਕਰਨ ਦੀ ਯੋਜਨਾ ਵੀ ਰੱਖਦੇ ਹਨ।
ਜਿਵੇਂ ਕਿ ਉਹ ਸਿੱਖਿਆ ਵਿਭਾਗ, ਪਰਮਾਣੂ ਰੈਗੂਲੇਟਰੀ ਕਮਿਸ਼ਨ, ਘਰੇਲੂ ਮਾਲੀਆ ਸੇਵਾ ਅਤੇ ਏਐੱਫਆਈ ਨੂੰ ਬੰਦ ਕਰਨ ਦੀ ਵਕਾਲਤ ਕਰਦੇ ਹਨ।
ਵਿਵੇਕ ਰਾਮਾਸਵਾਮੀ ਚਾਹੁੰਦੇ ਹਨ ਕਿ ਐੱਚ-1ਬੀ ਵੀਜ਼ਾ ਪ੍ਰੋਗਰਾਮ ਖਤਮ ਹੋਵੇ। ਅਮਰੀਕਾ ਵਿੱਚ ਵਿਦੇਸ਼ੀ ਕੁਸ਼ਲ ਕਰਮਚਾਰੀਆਂ ਨੂੰ ਭਰਤੀ ਕਰਨ ਲਈ ਇਸ ਪ੍ਰੋਗਰਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇ ਇਹ ਖਤਮ ਹੁੰਦਾ ਹੈ ਤਾਂ ਭਾਰਤੀਆਂ ਨੂੰ ਵੀ ਨੁਕਸਾਨ ਹੋਵੇਗਾ।
ਰਾਮਾਸਵਾਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਉਨ੍ਹਾਂ ਦੇ ਪ੍ਰੋਡਕਟ ਨੂੰ “ਆਦਤ ਲਗਾਉਣ ਵਾਲਾ” ਦੱਸਦੇ ਹੋਏ ਆਲੋਚਨਾ ਕੀਤੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਟਿਕ ਟਾਕ ਨੂੰ “ਡਿਜੀਟਲ ਫੈਂਟਾਨਿਲ” ਤੱਕ ਕਿਹਾ ਹੈ।
ਉਨ੍ਹਾਂ ਕਿਹਾ ਸੀ,“ਇਨ੍ਹਾਂ ਨੂੰ ਇਸਤੇਮਾਲ ਕਰਨ ਵਾਲੇ 12-13 ਸਾਲ ਦੇ ਬੱਚਿਆਂ ’ਤੇ ਕੀ ਅਸਰ ਹੁੰਦਾ ਹੋਵੇਗਾ, ਇਸ ਨੂੰ ਲੈ ਕੇ ਮੈਂ ਚਿੰਤਤ ਹਾਂ।”
ਰਿਪਬਲਿਕਨ ਬਹਿਸ ਦੇ ਦੂਜੇ ਪੜਾਅ ਵਿੱਚ ਉਨ੍ਹਾਂ ਨੇ ਬੱਚਿਆਂ ਵੱਲੋਂ ਵਰਤੇ ਜਾਂਦੇ ਸੋਸ਼ਲ ਮੀਡੀਆ ’ਤੇ ਬੈਨ ਲਗਾਉਣ ਦੀ ਗੱਲ ਕਹੀ ਸੀ ਤਾਂਕਿ “ਦੇਸ਼ ਦੀ ਮਾਨਸਿਕ ਸਿਹਤ ਨੂੰ ਸੁਧਾਰਿਆ” ਜਾਵੇ।
ਪਰ ਰਿਪਬਲਿਕਨ ਵਿਰੋਧੀਆਂ ਨੇ ਰਾਮਾਸਵਾਮੀ ਦੀ ਆਲੋਚਨਾ ਕੀਤੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹ ਟਿਕ ਟਾਕ ਨਾਲ ਜੁੜੇ ਸਨ।
ਰਾਮਾਸਵਾਮੀ ਦਾ ਮੰਨਣਾ ਹੈ ਕਿ ਰੂਸ ਯੂਕਰੇਨ ਜੰਗ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਖ਼ਤਮ ਕਰਨ ਲਈ ਰੂਸ ਨੂੰ ਕੁਝ ਵੱਡੀ ਛੋਟ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਜੂਨ ਵਿੱਚ ਏਸੀਬੀ ਨਿਊਜ਼ ਨੂੰ ਕਿਹਾ ਸੀ ਕਿ ਕੋਰਿਆਈ ਜੰਗ ਦੀ ਤਰ੍ਹਾਂ ਇਕ ਅਜਿਹਾ ਸਮਝੌਤਾ ਹੋਣਾ ਚਾਹੀਦਾ, ਜਿਸ ਵਿੱਚ ਦੋਵਾਂ ਧਿਰਾਂ ਨੂੰ ਆਪਣੇ-ਆਪਣੇ ਕੰਟਰੋਲ ਵਾਲੇ ਇਲਾਕਿਆਂ ’ਤੇ ਮਾਨਤਾ ਦਿੱਤੀ ਜਾਵੇ।
ਚੀਨ-ਰੂਸ ਗੱਠਜੋੜ ’ਤੇ ਵਿਵੇਕ ਦੀ ਰਾਇ

ਤਸਵੀਰ ਸਰੋਤ, Getty Images
ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਸੈਨਾ ਲਈ ਸਭ ਤੋਂ ਵੱਡਾ ਖਤਰਾ ਚੀਨ-ਰੂਸ ਗੱਠਜੋੜ ਅਤੇ ਨਾਟੋ ਵਿੱਚ ਯੂਕਰੇਨ
ਦਾ ਸ਼ਾਮਲ ਨਾ ਹੋਣਾ ਸਥਾਈ ਭਰੋਸਾ ਹੈ।
ਪਰ ਇਸਦੇ ਬਦਲੇ ਰੂਸ ਨੂੰ ਆਪਣੇ ਗੱਠਜੋੜ ਅਤੇ ਚੀਨ ਦੇ ਨਾਲ ਸੈਨਾ ਸਮਝੌਤੇ ਤੋਂ ਪਿੱਛੇ ਹਟਣਾ ਹੋਵੇਗਾ।
ਉਨ੍ਹਾਂ ਦੇ ਅਨੁਸਾਰ ਰੂਸ ਖ਼ਿਲਾਫ਼ ਯੂਕਰੇਨ ਨੂੰ ਵੱਧ ਹਥਿਆਰ ਦੇਣਾ, ਰੂਸ ਨੂੰ ਚੀਨ ਦੇ ਹੱਥਾਂ ਵਿੱਚ ਧੱਕਣ ਵਰਗਾ ਹੈ।
ਰਾਮਾਸਵਾਮੀ ਦਾ ਕਹਿਣਾ ਹੈ ਕਿ ਵੋਟ ਦੇਣ ਦੀ ਘੱਟੋ-ਘੱਟ ਉਮਰ ਨੂੰ ਵਧਾ ਕੇ 25 ਸਾਲ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਦਾ ਪ੍ਰਸਤਾਵ ਹੈ ਕਿ 18 ਸਾਲ ਤੱਕ ਦੇ ਲੋਕਾਂ ਨੂੰ ਵੀ ਵੋਟ ਦਾ ਅਧਿਕਾਰ ਉਦੋਂ ਮਿਲੇ ਜਦੋਂ ਉਹ “ਰਾਸ਼ਟਰੀ ਸੇਵਾ ਜ਼ਰੂਰਤਾਂ” ਦੀ ਸ਼ਰਤ ਨੂੰ ਪੂਰਾ ਕਰਦੇ ਹੋਣ। ਯਾਨਿ ਜਾਂ ਤਾਂ ਉਹ ਐਮਰਜੈਂਸੀ ਵਿੱਚ ਮਦਦਗਾਰ ਹੋਏ ਹੋਣ ਜਾਂ ਫੌਜ ਵਿੱਚ ਛੇ ਮਹੀਨਿਆਂ ਦੀ ਸੇਵਾ ਦੇ ਚੁੱਕੇ ਹੋਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ 18 ਸਾਲ ਦੇ ਉਨ੍ਹਾਂ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਦੇਣਾ ਚਾਹੀਦਾ ਹੈ ਜੋ ਅਮਰੀਕੀ ਨਾਗਰਿਕਤਾ ਵਾਲਾ ਟੈਸਟ ਪਾਸ ਕਰ ਲੈਣ।
ਪਰ ਸਮੱਸਿਆ ਇਹ ਹੈ ਕਿ ਵੋਟਿੰਗ ਦੀ ਉਮਰ ਵਧਾਉਣ ਦਾ ਮਤਲਬ ਹੈ ਸੰਵਿਧਾਨ ਵਿੱਚ ਬਦਲਾਅ, ਯਾਨਿ ਕਾਂਗਰਸ ਵਿੱਚ ਦੋ ਤਿਹਾਈ ਬਹੁਮਤ ਹੋਣਾ ਚਾਹੀਦਾ ਹੈ।
ਰਾਮਾਸਵਾਮੀ ਕਈ ਸੰਘੀ ਵਿਭਾਗਾਂ ਨੂੰ ਬੰਦ ਕਰਨ ਦੀ ਯੋਜਨਾ ਵੀ ਰੱਖਦੇ ਹਨ। ਜਿਵੇਂ ਸਿੱਖਿਆ ਵਿਭਾਗ, ਪਰਮਾਣੂ ਰੈਗੂਲੇਟਰੀ ਕਮਿਸ਼ਨ, ਘਰੇਲੂ ਮਾਲੀਆ ਸੇਵਾ ਅਤੇ ਐੱਫਬੀਆਈ ਆਦਿ।
ਐੱਨਬੀਸੀ ਨਿਊਜ਼ ਨੂੰ ਉਨ੍ਹਾਂ ਕਿਹਾ,“ਜ਼ਿਆਦਾਤਰ ਮਾਮਲੇ ਵਿੱਚ ਇਹ ਏਜੰਸੀਆਂ ਬੇਕਾਰ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਜਗ੍ਹਾਂ ਕਈ ਹੋਰ ਵਿਭਾਗ ਕੰਮ ਕਰਦੇ ਹਨ।”
ਉਨ੍ਹਾਂ ਨੇ ਪੁਨਰਗਠਨ ਦਾ ਸੁਝਾਅ ਦਿੱਤਾ, ਜਿਸ ਵਿੱਚ ਐੱਫਬੀਆਈ ਦੀ ਫੰਡਿੰਗ ਨੂੰ ਸੀਕਰੇਟ ਸਰਵਿਸ,
ਵਿੱਤੀ ਅਪਰਾਧ ਇਨਫੋਰਸਮੈਂਟ ਨੈੱਟਵਰਕ ਅਤੇ ਡਿਫੈਂਸ ਇੰਟੈਲੀਜੈਂਸ ਏਜੰਸੀ ਵਿੱਚ ਵੰਡਿਆ ਜਾਵੇ।
ਟਰੰਪ ਐਫਬੀਆਈ ’ਤੇ ਉਨ੍ਹਾਂ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਇਲਜ਼ਾਮ ਲਗਾਉਂਦੇ ਰਹੇ ਹਨ।
ਜੂਨ ਵਿੱਚ ਫੌਕਸ ਨਿਊਜ਼ ਪੋਲ ਵਿੱਚ ਪਤਾ ਚੱਲਿਆ ਕਿ ਰਿਪਬਲਿਕਨ ਲੋਕਾਂ ਵਿੱਚ ਐੱਫਬੀਆਈ ਨੂੰ ਲੈ ਕੇ ਭਰੋਸਾ ਕਰੀਬ 20 ਫ਼ੀਸਦ ਤੱਕ ਘੱਟ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












