ਜਦੋਂ ਪਰਵਾਸੀਆਂ ਬਾਰੇ ਦਿੱਤੇ ਬਿਆਨ ਕਰਕੇ ਮੇਲਾਨੀਆ ਟਰੰਪ ਵਿਵਾਦਾਂ ਵਿੱਚ ਆਏ ਸੀ

ਤਸਵੀਰ ਸਰੋਤ, Getty Images
- ਲੇਖਕ, ਨਦੀਮ ਯੂਸਫ਼
- ਰੋਲ, ਬੀਬੀਸੀ ਨਿਊਜ਼
ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਦੀ ਜਿੱਤ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਪਤਨੀ ਮੇਲਾਨੀਆ ਟੰਰਪ ਸੋਸ਼ਲ ਮੀਡੀਆ ਰਾਹੀਂ ਦੇਸ ਨੂੰ ਮੁਖ਼ਾਤਿਬ ਹੋਏ ਹਨ।
ਉਨ੍ਹਾਂ ਨੇ ਲਿਖਿਆ, ਵੱਡੀ ਸੰਖਿਆ ਵਿੱਚ ਅਮਰੀਕੀ ਲੋਕਾਂ ਨੇ ਸਾਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਹੈ।
ਵੀਰਵਾਰ ਨੂੰ ਕੀਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, “ਅਸੀਂ ਇਸ ਲੋਕਤੰਤਰ ਦੇ ਦਿਲ ਜਾਣੀ ਅਜ਼ਾਦੀ ਦੀ ਰਾਖੀ ਕਰਾਂਗੇ।” ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਦੇਸ ਦੇ ਭਲੇ ਵਿੱਚ ਵਿਚਾਰਧਾਰਾ ਤੋਂ ਉੱਪਰ ਉੱਠਣ ਦੀ ਅਪੀਲ ਵੀ ਕੀਤੀ।
ਟਰੰਪ ਦੀ ਜਿੱਤ ਤੋਂ ਬਾਅਦ ਦੇਸ ਦੇ ਲਈ ਮੇਲਾਨੀਆ ਦੇ ਇਹ ਛੋਟਾ ਜਿਹਾ ਸੰਦੇਸ਼ ਸੀ।
ਲੇਕਿਨ ਇਸ ਸੰਦੇਸ਼ ਨੇ ਬਦਲਾਅ ਦੇ ਸੰਕੇਤ ਦਿੱਤੇ ਅਤੇ ਦੱਸਿਆ ਕਿ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਇਸ ਵਾਰ ਆਪਣੀ ਭੂਮਿਕਾ ਕਿਵੇਂ ਨਿਭਾਏਗੀ।
ਸਾਲ 2016 ਵਿੱਚ ਜਦੋਂ ਡੌਨਲਡ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ, ਉਦੋਂ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਦੀ ਪਤਨੀ ਮੇਲਾਨੀਆ ਵ੍ਹਾਈਟ ਹਾਊਸ ਵਿੱਚ ਘੱਟ ਹੀ ਨਜ਼ਰ ਆਉਂਦੇ ਸਨ।
ਜ਼ਿਆਦਾਤਰ ਉਹ ਆਪਣੇ ਛੋਟੇ ਬੇਟੇ ਦੇ ਨਾਲ ਨਿਊ ਯਾਰਕ ਵਿੱਚ ਰਹਿੰਦੇ ਸਨ। ਕਦੇ-ਕਦੇ ਉਹ ਆਪਣੇ ਤੋਂ ਪਿਛਲੀਆਂ ਪ੍ਰਥਮ ਮਹਿਲਾਵਾਂ ਦੀਆਂ ਬਣਾਈਆਂ ਰਵਾਇਤਾਂ ਬਾਰੇ ਸੀਮਤ ਜਿਹਾ ਬੋਲਦੇ ਸਨ।
ਲੇਕਿਨ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੇਲਾਨੀਆ ਟਰੰਪ ਅਮਰੀਕਾ ਦੀ ਫਰਸਟ ਲੇਡੀ ਦੀ ਭੂਮਿਕਾ ਦੇ ਪ੍ਰਤੀ ਜ਼ਿਆਦਾ ਵਿਚਾਰਸ਼ੀਲ ਰਹਿਣਗੇ।
54 ਸਾਲ ਦੀ ਅਲੋਵੇਨਿਆਈ-ਅਮਰੀਕੀ ਮੂਲ ਦੀ ਸਾਬਕਾ ਫੈਸ਼ਨ ਮਾਡਲ ਮੇਲਾਨੀਆ ਨੈਵਸ ਨੇ ਆਖਰਕਾਰ ਮੈਨਹਟਨ ਦੇ ਟਰੰਪ ਟਾਵਰ ਵਿੱਚ ਇੱਕ ਦਿਲਕਸ਼ ਜੀਵਨ ਜਿਉਣ ਦੀ ਥਾਂ ਓਵਲ ਆਫ਼ਿਸ ਵਿੱਚ ਸਿਆਸੀ ਜੀਵਨ ਨੂੰ ਅਪਣਾਇਆ ਹੈ। ਉਨ੍ਹਾਂ ਦਾ ਫਰਸਟ ਲੇਡੀ ਵਜੋਂ ਪਿਛਲਾ ਕਾਰਜਕਾਲ ਅਕਸਰ ਵਿਵਾਦਾਂ ਵਿੱਚ ਘਿਰਿਆ ਰਿਹਾ।
ਕੁਝ ਲੋਕ ਮੇਲਾਨੀਆ ਨੂੰ “ਰਹੱਸਮਈ” ਦੱਸਦੇ ਆਏ ਹਨ। ਉਹ ਆਪਣੇ ਤੋਂ ਪਹਿਲਾਂ ਦੀ ਪ੍ਰਥਮ ਮਹਿਲਾਵਾਂ ਦੀ ਤੁਲਨਾ ਵਿੱਚ ਜਨਤਕ ਜੀਵਨ ਘੱਟ ਪਸੰਦ ਕਰਦੇ ਹਨ ਅਤੇ ਕਾਰਜਕਾਲ ਦੇ ਦੌਰਾਨ ਵ੍ਹਾਈਟ ਹਾਊਸ ਵਿੱਚ ਅਤੇ ਚੋਣ ਮੁਹਿੰਮ ਵਿੱਚ ਵੀ ਬਹੁਤ ਥੋੜ੍ਹੇ ਜਨਤਕ ਭਾਸ਼ਣ ਦਿੰਦੇ ਹਨ।
ਟੈਮੀ ਵਿਜਿਲ ਬਾਸਟਨ ਯੂਨੀਵਰਸਿਟੀ ਵਿੱਚ ਕਮਿਊਨੀਕੇਸ਼ਨਸ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਮਿਸ਼ੇਲ ਓਬਾਮਾ ਅਤੇ ਮੇਲਾਨੀਆ ਟਰੰਪ ਬਾਰੇ ਕਿਤਾਬ ਲਿਖੀਆਂ ਹਨ।
ਉਹ ਕਹਿੰਦੇ ਹਨ, “ਉਹ ਆਧੁਨਿਕ ਫਰਸਟ ਲੇਡੀਜ਼ ਤੋਂ ਅਲਹਿਦਾ ਰਹੇ ਹਨ। ਉਹ ਚੀਜ਼ਾਂ ਉਵੇਂ ਕਰਦੇ ਹਨ ਜਿਵੇਂ ਉਹ ਕਰਨਾ ਚਾਹੁੰਦੇ ਹਨ ਨਾ ਕਿ ਜਿਵੇਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ। ਲੇਕਿਨ ਉਹ ਬੁਨਿਆਦੀ ਉਮੀਦਾਂ ਨੂੰ ਪੂਰਾ ਕਰਦੇ ਹਨ।”
ਮੇਲਾਨੀਆ ਕਿਹੜੇ ਵਿਵਾਦਾਂ ਵਿੱਚ ਰਹੇ ਹਨ
ਪਿਛਲੇ ਕੁਝ ਸਾਲਾਂ ਵਿੱਚ ਮੇਲਾਨੀਆ ਸੁਰਖੀਆਂ ਤੋਂ ਦੂਰ ਰਹੇ ਹਨ। ਰਾਸ਼ਟਰਪਤੀ ਦੇ ਅਹੁਦੇ ਦੇ ਦੂਜੇ ਕਾਰਜ ਕਾਲ ਲਈ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਦੇ ਪਤੀ ਕਈ ਕਨੂੰਨੀ ਮਾਮਲੇ ਦਾ ਸਾਹਮਣਾ ਕਰ ਰਹੇ ਸਨ, ਜਿਨ੍ਹਾਂ ਨੂੰ ਟਰੰਪ ਨੇ ਚੁਣੌਤੀ ਦਿੱਤੀ ਸੀ।
ਇਸ ਸਾਲ ਗਰਮੀਆਂ ਦੇ ਦੌਰਾਨ ਮੇਲਾਨੀਆ ਟਰੰਪ ਦੀ ਗੈਰ-ਮੌਜੂਦਗੀ ਬਾਰੇ ਕਈ ਖ਼ਬਰੀ ਲੇਖ ਛਪੇ, ਜਿਨ੍ਹਾਂ ਵਿੱਚ ਪੁੱਛਿਆ ਗਿਆ ਕਿ “ਮੇਲਾਨੀਆ ਕਿੱਥੇ ਹਨ?”
ਹਾਲਾਂਕਿ ਮੇਲਾਨੀਆ ਅਹਿਮ ਮੌਕਿਆਂ ਉੱਤੇ ਨਜ਼ਰ ਆਏ, ਜਿਵੇਂ ਕਿ ਸਾਲ 2022 ਵਿੱਚ ਜਦੋਂ ਡੌਨਲਡ ਟਰੰਪ ਨੇ ਕਿਹਾ ਕਿ ਉਹ ਮੁੜ ਤੋਂ ਚੋਣਾਂ ਲੜਨਗੇ।
ਉਹ ਜੁਲਾਈ ਵਿੱਚ ਹੋਈ ਰਿਪਬਲੀਕਨ ਨੈਸ਼ਨਲ ਕਨਵੈਨਸ਼ਨ ਵਿੱਚ ਵੀ ਨਜ਼ਰ ਆਏ।
ਇਸ ਮੌਕੇ ਉਨ੍ਹਾਂ ਨੇ ਚਮਕੀਲੀ ਲਾਲ ਪੁਸ਼ਾਕ ਪਾਈ ਹੋਈ ਸੀ। ਲੇਕਿਨ ਉਨ੍ਹਾਂ ਨੇ ਇਸ ਸਮਾਗਮ ਵਿੱਚ ਕੋਈ ਭਾਸ਼ਣ ਨਹੀਂ ਦਿੱਤਾ, ਜੋ ਕਿ ਇੱਕ ਵਾਰ ਫਿਰ ਰਵਾਇਤ ਦੇ ਮੁਤਾਬਕ ਨਹੀਂ ਸੀ।

ਤਸਵੀਰ ਸਰੋਤ, Getty Images
ਮੇਲਾਨੀਆ ਜਦੋਂ ਵੀ ਬੋਲਦੇ ਹਨ ਤਾਂ ਉਨ੍ਹਾਂ ਦੇ ਸ਼ਬਦ ਬਹੁਤ ਹੀ ਸਾਵਧਾਨੀ ਨਾਲ ਚੁਣੇ ਹੋਏ ਦਿਖਦੇ ਹਨ ਜੋ ਉਨ੍ਹਾਂ ਦੇ ਨਜ਼ਰੀਏ ਨੂੰ ਦਿਖਾਉਂਦਾ ਹੈ।
ਵੋਟਿੰਗ ਤੋਂ ਕੁਝ ਹਫ਼ਤੇ ਪਹਿਲਾਂ ਮੈਡੀਸਨ ਸਕੁਏਰ ਵਿੱਚ ਹੋਈ ਟਰੰਪ ਦੀ ਰੈਲੀ ਵਿੱਚ ਮੇਲਾਨੀਆ ਨੇ ਸੰਖੇਪ ਜਿਹਾ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਟਰੰਪ ਅਭਿਆਨ ਦੇ ਅਮਨ-ਕਨੂੰਨ ਦੇ ਸੰਦੇਸ਼ ਦੇ ਮੁਤਾਬਕ ਤਿੱਖੀ ਟਿੱਪਣੀ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਨਿਊ ਯਾਰਕ ਨੂੰ “ਮਹਾਨ ਮਹਾਂ ਨਗਰ” ਵਜੋਂ ਦੱਸਿਆ ਜੋ ਕਿ ਬੇਕਾਬੂ ਅਪਰਾਧ ਕਾਰਨ ਪਤਨ ਵੱਲ ਵੱਧ ਰਿਹਾ ਹੈ।
ਡੌਨਲਡ ਟਰੰਪ ਦੀ ਹੱਤਿਆ ਦੀ ਪਹਿਲੀ ਕੋਸ਼ਿਸ਼ ਤੋਂ ਬਾਅਦ ਵੀ ਮੇਲਾਨੀਆ ਨੇ ਬਿਆਨ ਦਿੱਤਾ ਸੀ ਅਤੇ ਏਕਤਾ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਅਪਰਾਧੀ ਨੂੰ “ਰਾਖਸ਼ਸ” ਕਰਾਰ ਦਿੱਤਾ ਸੀ।
ਬਾਅਦ ਵਿੱਚ ਫਾਕਸ ਨਿਊਜ਼ ਨਾਲ ਇੱਕ ਦੁਰਲਭ ਗੱਲਬਾਤ ਵਿੱਚ ਮੇਲਾਨੀਆ ਨੇ ਆਪਣੇ ਸਿਆਸੀ ਵਿਰੋਧੀਆਂ ਅਤੇ ਮੀਡੀਆ ਉੱਤੇ “ਜ਼ਹਿਰੀਲੇ ਮਾਹੌਲ ਨੂੰ ਹੱਲਾਸ਼ੇਰੀ ਦੇਣ” ਦਾ ਇਲਜ਼ਾਮ ਲਾਇਆ, ਜਿਸ ਕਾਰਨ ਇਹ ਮਾਮਲਾ ਹੋਇਆ।
ਮੇਲਾਨੀਆ ਨੇ ਆਪਣੇ ਤਾਜ਼ਾ ਬਲੌਗ ਵਿੱਚ ਗਰਭਪਾਤ ਬਾਰੇ ਆਪਣਾ ਪੱਖ ਰੱਖਿਆ ਸੀ। ਜਿਸ ਕਾਰਨ ਉਹ ਰਿਪਬਲੀਕਨ ਪਾਰਟੀ ਦੇ ਅੰਦਰ ਗਰਭਪਾਤ ਵਿਰੋਧੀ ਕਾਰਕੁਨਾਂ ਦੇ ਨਾਲ ਵਿਵਾਦ ਵਿੱਚ ਆ ਗਈ ਹੈ।
ਹਾਲਾਂਕਿ ਉਨ੍ਹਾਂ ਦੀਆਂ ਟਿੱਪਣੀਆਂ ਨੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਨੂੰ ਜਨਮ ਦਿੱਤਾ, ਕਿਉਂਕਿ ਉਨ੍ਹਾਂ ਦੇ ਪਤੀ ਡੌਨਲਡ ਟਰੰਪ ਰੋ ਬਨਾਮ ਵੇਡ ਮਾਮਲੇ ਨੂੰ ਪਲਟਣ ਤੋਂ ਬਾਅਦ ਇਸ ਮੁੱਦੇ ਉੱਤੇ ਮੁਹਿੰਮ ਚਲਾਉਣ ਦੇ ਲਈ ਸੰਘਰਸ਼ ਕਰ ਰਹੇ ਸਨ।

ਮੇਲਾਨੀਆ ਟਰੰਪ ਨੇ ਆਪਣੇ ਮਾਡਲਿੰਗ ਕਰੀਅਰ, ਆਪਣੇ ਪਤੀ ਦੀ ਸ਼ਲਾਘਾ ਅਤੇ ਆਪਣੇ ਪਿਛਲੇ ਸਿਆਸੀ ਮਤਭੇਦਾਂ ਦੇ ਬਾਰੇ ਵੀ ਲਿਖਿਆ। ਲੇਕਿਨ ਉਨ੍ਹਾਂ ਨੇ ਉਨ੍ਹਾਂ ਵਿਵਾਦਾਂ ਦਾ ਵੇਰਵਾ ਨਿੱਜੀ ਰੱਖਿਆ।
ਹਾਲਾਂਕਿ ਉਹ ਜਨਤਕ ਰੂਪ ਵਿੱਚ ਡੌਨਲਡ ਟਰੰਪ ਦੇ ਵਿਵਾਦਿਤ ਰੁਖ ਦੀ ਹਮਾਇਤ ਵੀ ਕਰਦੇ ਰਹੇ ਹਨ। ਜਿਵੇਂ ਕਿ ਟਰੰਪ ਨੇ ਝੂਠਾ ਦਾਅਵਾ ਕੀਤਾ ਸੀ ਕਿ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਧਾਂਦਲੀ ਹੋਈ ਸੀ।
ਮੇਲਾਨੀਆ ਨੇ ਆਪਣੀ ਕਿਤਾਬ ਵਿੱਚ ਲਿਖਿਆ, “ਮੈਂ ਇਕੱਲੀ ਸ਼ਖਸ ਨਹੀਂ ਹਾਂ ਜੋ ਇਨ੍ਹਾਂ ਚੋਣਾਂ ਉੱਤੇ ਸਵਾਲ ਚੁੱਕ ਰਹੀ ਹੋਵਾਂ।”
6 ਜਨਵਰੀ 2021 ਨੂੰ ਕੈਪੀਟਲ ਹਿਲ ਵਿੱਚ ਦੰਗਿਆਂ ਨੂੰ ਲੈ ਕੇ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਕੰਮ ਕਾਜ ਵਿੱਚ ਰੁੱਝੇ ਹੋਣ ਕਾਰਨ ਘਟਨਾਕ੍ਰਮ ਦੀ“ਜਾਣਕਾਰੀ ਨਹੀਂ ਸੀ”।
ਮੇਲਾਨੀਆ ਬਾਰੇ ਸਾਬਕਾ ਮੀਡੀਆ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਆਪਣੀ ਸਮ੍ਰਿਤੀ ਵਿੱਚ ਲਿਖਿਆ ਕਿ ਮੇਲਾਨੀਆ ਟਰੰਪ ਨੇ ਹਿੰਸਾ ਦੀ ਨਿੰਦਾ ਕਰਨ ਵਾਲਾ ਬਿਆਨ ਜਾਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਕਾਰਨ ਗ੍ਰਿਸ਼ਮ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਪ੍ਰਥਮ ਮਹਿਲਾ ਵਜੋਂ ਪਹਿਲਾ ਕਾਰਜ ਕਾਲ
ਕੁਝ ਟਿੱਪਣੀਕਾਰਾਂ ਨੇ ਸਵਾਲ ਚੁੱਕਿਆ ਕਿ ਕੀ ਮੇਲਾਨੀਆ ਨੂੰ ਫਰਸਟ ਲੇਡੀ ਦੀ ਭੂਮਿਕਾ ਨਿਭਾਉਣ ਵਿੱਚ ਮਜ਼ਾ ਆਵੇਗਾ?
ਮੇਲਾਨੀਆ ਟਰੰਪ ਦੀ ਜੀਵਨੀ ਲਿਖਣ ਵਾਲੀ ਸੀਐੱਨਐੱਨ ਦੀ ਰਿਪੋਰਟਰ ਕੇਟ ਬੇਨੇਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਅਣ-ਇੱਛਾ ਦੇ ਬਾਵਜੂਦ ਅਜਿਹਾ ਕੀਤਾ।
ਬੇਨੇਟ ਨੇ ਸਾਲ 2021 ਵਿੱਚ ਪੀਪਲ ਮੈਗਜ਼ੀਨ ਨੂੰ ਕਿਹਾ ਸੀ, “ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿੱਚ ਰਹਿਣ ਅਤੇ ਫਰਸਟ ਲੇਡੀ ਵਜੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਪਸੰਦ ਸਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਵਾਕਈ ਇਸਦਾ ਭਰਭੂਰ ਅਨੰਦ ਲਿਆ।”

ਤਸਵੀਰ ਸਰੋਤ, Getty Images
ਮੇਲਾਨੀਆ ਨੇ ਆਪਣੀ ਸਮ੍ਰਿਤੀ ਵਿੱਚ ਲਿਖਿਆ ਕਿ ਉਨ੍ਹਾਂ ਕੋਲ ਫਰਸਟ ਲੇਡੀ ਦੇ ਰੂਪ ਵਿੱਚ ਮੰਚ ਦੀ ਵਰਤੋਂ ਚੰਗੇ ਕਾਰਜਾਂ ਲਈ ਕਰਨ ਦਾ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਪ੍ਰਬਲ ਭਾਵਨਾ ਹੈ।
ਸਾਲ 1999 ਵਿੱਚ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇ ਉਨ੍ਹਾਂ ਦੇ ਬੁਆਏਫਰੈਂਡ ਡੌਨਲਡ ਟਰੰਪ (ਉਸ ਸਮੇਂ) ਕਦੇ ਰਾਸ਼ਟਰਪਤੀ ਦੀਆਂ ਚੋਣਾਂ ਲੜੇ ਤਾਂ ਉਹ ਸਾਬਕਾ ਪ੍ਰਥਮ ਮਹਿਲਾ ਜੈਕਲੀਨ ਕੈਨੇਡੀ ਅਤੇ ਬੇਟੀ ਫੋਰਡ ਨੂੰ ਆਪਣਾ ਆਦਰਸ਼ ਮੰਨਣਗੇ। ਇਸ ਦੇ ਨਾਲ ਹੀ ਮੇਲਾਨੀਆ ਨੇ ਉਨ੍ਹਾਂ ਦੋਵਾਂ ਨੂੰ “ਬਹੁਤ ਰਵਾਇਤੀ” ਵੀ ਕਿਹਾ ਸੀ।
ਜੈਕਲੀਨ ਕੈਨੇਡੀ ਇੱਕ ਫੈਸ਼ਨ ਆਈਕਨ ਸਨ, ਜੋ ਵ੍ਹਾਈਟ ਹਾਊਸ ਦੇ ਬਚਾਅ ਲਈ ਦ੍ਰਿੜ ਸਨ। ਜਦਕਿ ਬੇਟੀ ਫੋਰਡ ਨੂੰ ਗਰਭਪਾਤ ਹੱਕਾਂ ਅਤੇ ਮਹਿਲਾ ਹੱਕਾਂ ਦੀ ਵਕਾਲਤ ਵਿੱਚ ਮੋਹਰੀ ਔਰਤ ਵਜੋਂ ਜਾਣਿਆ ਜਾਂਦਾ ਹੈ।
ਵਾਸ਼ਿੰਗਟਨ ਆਉਣ ਤੋਂ ਬਾਅਦ ਮੇਲਾਨੀਆ ਨੇ ਫਰਸਟ ਲੇਡੀ ਵਜੋਂ ਆਪਣੇ ਫਰਜ਼ਾਂ ਨੂੰ ਨਿਭਾਉਣਾ ਸ਼ੁਰੂ ਕੀਤਾ। ਇਨ੍ਹਾਂ ਵਿੱਚ ਵਿਸ਼ਵ ਆਗੂਆਂ ਦੇ ਦੌਰਿਆਂ ਸਮੇਂ ਉਨ੍ਹਾਂ ਲਈ ਲੰਚ ਅਤੇ ਰਾਤ ਦੇ ਰਾਜਕੀ ਖਾਣਿਆਂ ਦੀ ਮੇਜ਼ਬਾਨੀ ਕਰਨਾ ਸ਼ਾਮਲ ਹੈ।
ਉਨ੍ਹਾਂ ਨੇ ਵ੍ਹਾਈਟ ਹਾਊਸ ਦੀ ਸਾਜ-ਸਜਾਵਟ ਉੱਪਰ ਵੀ ਧਿਆਨ ਕੇਂਦਰਿਤ ਕੀਤਾ। ਇਸ ਦੇ ਨਾਲ ਹੀ ਵਿਆਪਕ ਪੱਧਰ ਉੱਤੇ ਇਸਦੇ ਨਵੀਨੀਕਰਣ ਦੇ ਹੁਕਮ ਦਿੱਤੇ ਅਤੇ ਕ੍ਰਿਸਮਿਸ ਦੀ ਸਜਾਵਟ ਦੀ ਨਿਗਰਾਨੀ ਕੀਤੀ।
ਮੇਲਾਨੀਆ ਦਾ ਪਹਿਰਾਵਾ ਮੀਡੀਆ ਲਈ ਖਿੱਚ ਅਤੇ ਵਿਵਾਦ ਦਾ ਵਿਸ਼ਾ ਸੀ। ਖ਼ਾਸ ਕਰਕੇ ਜਦੋਂ 2018 ਵਿੱਚ ਪ੍ਰਵਾਸੀਆਂ ਦੇ ਬੱਚਿਆਂ ਲਈ ਬਣੇ ਡਿਟੈਂਸ਼ਨ ਸੈਂਟਰ ਦੀ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਇੱਕ ਜਾਕਟ ਵਿੱਚ ਦੇਖਿਆ ਗਿਆ ਸੀ। ਜਾਕਟ ਉੱਤੇ ਲਿਖਿਆ ਸੀ- “ਮੈਨੂੰ ਵਾਕਈ ਪਰਵਾਹ ਨਹੀਂ ਹੈ, ਕੀ ਤੁਹਾਨੂੰ ਹੈ?”
ਉਨ੍ਹਾਂ ਨੇ ਕਿਹਾ ਸੀ ਕਿ ਉਹ ਜਾਕਟ ਉਨ੍ਹਾਂ ਲੋਕਾਂ ਅਤੇ ਵਾਮਪੰਥੀ ਮੀਡੀਆ ਲਈ ਇੱਕ ਸੰਦੇਸ਼ ਹੈ ਜੋ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।
ਮੇਲਾਨੀਆ ਉਸ ਸਮੇਂ ਵੀ ਵਿਵਾਦਾਂ ਵਿੱਚ ਘਿਰੇ ਜਦੋਂ ਉਨ੍ਹਾਂ ਦੇ ਪੁਰਾਣੇ ਦੋਸਤ ਅਤੇ ਸੀਨੀਅਰ ਪੱਤਰਕਾਰ ਨੇ ਉਨ੍ਹਾਂ ਦੀ ਵੀਡੀਓ ਲੁਕਵੇਂ ਢੰਗ ਨਾਲ ਰਿਕਾਰਡ ਕੀਤੀ। ਇਸ ਵੀਡੀਓ ਵਿੱਚ ਉਹ ਪਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਖੇੜਨ ਦੀ ਟਰੰਪ ਦੀ ਨੀਤੀ ਦੀ ਆਲੋਚਨਾ ਉੱਤੇ ਨਿਰਾਸ਼ਾ ਜਤਾਉਂਦੇ ਹੋਏ ਦੇਖੇ ਗਏ ਸਨ।
ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਅਤੇ ਉਨ੍ਹਾਂ ਨੇ ਡੌਨਲਡ ਟਰੰਪ ਨੂੰ ਨਿੱਜੀ ਤੌਰ ਉੱਤੇ ਕਿਹਾ ਸੀ ਕਿ ਉਹ ਇਸਦੀ ਹਮਾਇਤ ਨਹੀਂ ਕਰਦੇ ਹਨ।
ਇਸ ਨੀਤੀ ਕਾਰਨ ਹੋਏ ਵਿਵਾਦ ਦੇ ਸਿੱਟੇ ਵਜੋਂ ਤਤਕਾਲੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਤੀ ਡੌਨਲਡ ਟਰੰਪ ਨੇ ਉਸ ਨੂੰ ਵਾਪਸ ਲੈ ਲਿਆ ਸੀ।
ਮੇਲਾਨੀਆ ਦੇ ਸਾਹਮਣੇ ਚੁਣੌਤੀਆਂ ਰਹੀਆਂ ਹਨ

ਤਸਵੀਰ ਸਰੋਤ, Getty Images
ਪ੍ਰੋਫੈਸਰ ਟੈਮੀ ਵਿਜਿਲ ਕਹਿੰਦੇ ਹਨ ਕਿ ਆਪਣੇ ਪਹਿਲੇ ਕਾਰਜ ਕਾਲ ਦੇ ਦੌਰਾਨ ਮੇਲਾਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚ ਇੱਕ ਉਨ੍ਹਾਂ ਦੀ ਨਾਤਜਰਬੇਕਾਰੀ ਸੀ।
ਉਨ੍ਹਾਂ ਦੇ ਕੋਲ ਰਹੇ ਕਰਮਚਾਰੀ ਥੋੜ੍ਹੇ ਸਮੇਂ ਲਈ ਰਹੇ, ਉਹ ਵੀ ਉਨੇ ਹੀ ਨਾਤਜਰਬੇਕਾਰ ਸਨ। ਉਹ ਕਰਮਚਾਰੀ ਕਦੇ ਵਿਸ਼ਵਾਸ ਪਾਤਰ ਵੀ ਨਹੀਂ ਸਨ।
ਲੇਕਿਨ ਪ੍ਰੋਫੈਸਰ ਵਿਜਿਲ ਦਾ ਇਹ ਵੀ ਕਹਿਣਾ ਹੈ ਕਿ ਮੇਲਾਨੀਆ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਆਪਣੇ ਕੰਮਾਂ ਵਿੱਚ ਰੁੱਝੇ ਰਹੇ ਹਨ ਅਤੇ ਆਨ ਲਾਈਨ ਬੁਲਿੰਗ ਦੇ ਖਿਲਾਫ਼ ਆਪਣੇ ਬੀ-ਬੈਸਟ ਕੈਂਪੇਨ ਦੇ ਰਾਹੀਂ ਬੱਚਿਆਂ ਦੀ ਭਲਾਈ ਵਰਗੇ ਮੁੱਦਿਆਂ ਦੀ ਹਮਾਇਤ ਕਰਦੇ ਰਹੇ ਹਨ।
ਡੌਨਲਡ ਟਰੰਪ ਸੋਸ਼ਲ ਮੀਡੀਆ ਦੀ ਹਮਲਾਵਰ ਵਰਤੋਂ ਕਰਦੇ ਹਨ ਜਿਸ ਦੇ ਮੱਦੇ ਨਜ਼ਰ ਮੇਲਾਨੀਆ ਨੂੰ ਮਜ਼ਬੂਤ ਹੋਣਾ ਪਿਆ। ਉਨ੍ਹਾਂ ਨੇ ਸਾਲ 2016 ਵਿੱਚ ਸੀਬੀਐੱਸ ਨੂੰ ਦੱਸਿਆ ਕਿ ਡੌਨਲਡ ਟਰੰਪ ਜਿਸ ਤਰ੍ਹਾਂ ਆਨ ਲਾਈਨ ਵਿਹਾਰ ਕਰਦੇ ਹਨ, ਉਸ ਨਾਲ ਟਰੰਪ ਨੂੰ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਦੇ ਫਾਲੋਵਰਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ।
ਮੇਲਾਨੀਆ ਨੇ ਨਸ਼ੇ ਨਾਲ ਪਰਭਾਵਿਤ ਬੱਚਿਆਂ ਦੀ ਵੀ ਵਕਾਲਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਜੋ ਬੱਚਿਆਂ ਦੀ ਦੇਖ ਭਾਲ ਅਤੇ ਉਨ੍ਹਾਂ ਦੀ ਸਿੱਖਿਆ ਲਈ ਫੰਡ ਇਕੱਠਾ ਕਰਦੀ ਹੈ।
ਕਈ ਲੋਕਾਂ ਨੂੰ ਉਮੀਦ ਹੈ ਕਿ ਵਾਸ਼ਿੰਗਟਨ ਵਾਪਸ ਆਉਣ ਤੋਂ ਬਾਅਦ ਉਹ ਆਪਣਾ ਕੰਮ ਜਾਰੀ ਰੱਖਣਗੇ। ਹਾਲਾਂਕਿ ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਉੱਥੇ ਰਹਿਣਗੇ ਜਾਂ ਨਹੀਂ।
ਪ੍ਰੋਫੈਸਰ ਵਿਜਿਲ ਕਹਿੰਦੇ ਹਨ ਕਿ ਫਰਸਟ ਲੇਡੀ ਦੀ ਭੂਮਿਕਾ ਪਿਛਲੇ ਕੁਝ ਸਾਲਾਂ ਦੌਰਾਨ ਵਧੀ ਹੈ ਅਤੇ ਮੇਲਾਨੀਆ ਨੇ “ਇਹ ਵਿਕਲਪ ਚੁਣਨਾ ਹੈ ਕਿ ਉਹ ਜਨਤਕ ਰੂਪ ਵਿੱਚ ਕਿੰਨੇ ਸਰਗਰਮ ਰਹਿਣਗੇ।”
ਉਨ੍ਹਾਂ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਉਹ ਅਜਿਹਾ ਹੋਰ ਵੀ ਜ਼ਿਆਦਾ ਸੋਚ ਸਮਝ ਕੇ ਕਰਨਗੇ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












