1947 ਦੀ ਵੰਡ ਦੌਰਾਨ ਵਿੱਛੜੇ ਭੈਣ-ਭਰਾ, ਜਿਨ੍ਹਾਂ ਦੀਆਂ ਕਹਾਣੀਆਂ ਕਰਤਾਰਪੁਰ ਲਾਂਘੇ ਕਾਰਨ ਮੁਕੰਮਲ ਹੋਈਆਂ

ਤਸਵੀਰ ਸਰੋਤ, BBC/Punjabi Sanjh TV
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਰਾ ਗੁਰਮੁਖ ਸਿੰਘ ਤੇ ਭੈਣ ਮੁਮਤਾਜ਼ ਬੀਬੀ, ਭੈਣ ਮਹਿੰਦਰ ਕੌਰ ਤੇ ਭਰਾ ਅਬਦੁਲ ਸ਼ੇਖ਼ ਅਜ਼ੀਜ਼, ਭੈਣ ਸਕੀਨਾ ਬੀਬੀ ਤੇ ਭਰਾ ਗੁਰਮੇਲ ਸਿੰਘ....
ਭਾਰਤ-ਪਾਕ ਵੰਡ ਕਾਰਨ ਇੱਕ ਦੂਜੇ ਤੋਂ ਦੂਰ ਹੋਏ, ਇਨ੍ਹਾਂ ਭੈਣ-ਭਰਾਵਾਂ ਨੂੰ ਇੱਕ ਕੰਡਿਆਲੀ ਤਾਰ ਨੇ ਸੱਤ ਦਹਾਕਿਆਂ ਤੱਕ ਮਿਲਣ ਤੋਂ ਰੋਕੀ ਰੱਖਿਆ ਸੀ।
ਸਿਰਫ਼ ਕੁਝ ਸੌ ਮੀਲਾਂ ਦੀ ਵਿੱਥ ਉੱਤੇ ਹੁੰਦਿਆਂ ਵੀ ਇਹ ਇੱਕ ਦੂਜੇ ਨੂੰ ਛੂਹ ਨਹੀਂ ਸਕਦੇ ਸਨ।
ਇਨ੍ਹਾਂ ਸਣੇ ਅਜਿਹੇ ਹੀ ਅਨੇਕਾਂ ਵਿਛੜੇ ਜੀਆਂ ਦੇ ਮੇਲ ਦਾ ਜ਼ਰੀਆ ਬਣਿਆ 9 ਨਵੰਬਰ 2019 ਨੂੰ ਖੁੱਲ੍ਹਿਆ ਕਰਤਾਰਪੁਰ ਲਾਂਘਾ।
9 ਨਵੰਬਰ 2024 ਵਿੱਚ ਇਹ ਲਾਂਘਾ ਖੁੱਲ੍ਹਣ ਦੇ ਪੰਜ ਸਾਲ ਪੂਰੇ ਹੋ ਗਏ ਹਨ।
ਲਾਂਘੇ ਕਾਰਨ ਸੰਭਵ ਹੋ ਸਕੀਆਂ ਇਨ੍ਹਾਂ ਮੁਲਾਕਾਤਾਂ ਨੇ ਵੰਡ ਦੇ ਮਨੁੱਖੀ ਰਿਸ਼ਤਿਆਂ ’ਤੇ ਪਏ ਅਸਰ ਨੂੰ ਜ਼ਾਹਰ ਕੀਤਾ ਹੈ।

1947 ਤੋਂ ਬਾਅਦ ਲਗਾਤਾਰ ਚੱਲਦੇ ਆ ਰਹੇ ਭਾਰਤ ਅਤੇ ਪਾਕਿਸਤਾਨ ਵਿੱਚ ਹਿੰਸਕ ਤਣਾਅ ਦੇ ਦਰਮਿਆਨ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਭਾਰਤੀ ਉਪ-ਮਹਾਦੀਪ ’ਚ ਅਮਨ ਅਤੇ ਸ਼ਾਂਤੀ ਦੇ ਕਦਮ ਵਜੋਂ ਦੇਖਿਆ ਗਿਆ ਸੀ।
ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਵਿੱਚ ਵੱਖ-ਵੱਖ ਮੁੱਦਿਆਂ ਕਾਰਨ ਆਏ ਦਿਨ ਬਣਦੇ ਤਣਾਅ ਦੇ ਵਿਚਾਲੇ ਲੋਕਾਂ ਦੀ ਆਪਸੀ ਸਾਂਝ ਕਰਤਾਰਪੁਰ ਸਾਹਿਬ ਵਿਖੇ ਦੇਖੀ ਜਾ ਸਕਦੀ ਹੈ।
ਕਰਤਾਰਪੁਰ ਲਾਂਘਾ ਨਾ ਤਾਂ ਸਿਰਫ਼ ਇੱਕ ਧਰਮ ਤੱਕ ਸੀਮਤ ਰਿਹਾ ਤੇ ਨਾ ਹੀ ਇੱਕ ਉਮਰ ਦੇ ਲੋਕਾਂ ਤੱਕ।
ਹਾਲਾਂਕਿ, ਕੋਵਿਡ-19 ਮਹਾਂਮਾਰੀ ਦੇ ਫੈਲਣ ਕਾਰਨ ਮਾਰਚ-2020 ਵਿੱਚ ਕਰਤਾਰਪੁਰ ਦੀ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਲੰਬੇ ਸਮੇਂ ਤੋਂ ਬੰਦ ਹੋਣ ਤੋਂ ਬਾਅਦ ਇਸ ਲਾਂਘੇ ਨੂੰ ਨਵੰਬਰ 2021 ਵਿੱਚ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।
ਭਾਰਤ ਵਾਲੇ ਪਾਸਿਓਂ ਸਾਲਾਂ ਤੱਕ ਲੋਕ ਦੂਰਬੀਨ ਰਾਹੀਂ ਕੰਡਿਆਲੀ ਤਾਰ ਦੇ ਇੱਕ ਪਾਸੇ ਖੜ੍ਹੇ ਹੋ ਕੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਹਨ।
ਹਾਲਾਂਕਿ ਕਰਤਾਰਪੁਰ ਦਾ ਇਤਿਹਾਸਕ ਸਬੰਧ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨਾਲ ਹੈ, ਪਰ ਇਸ ਰਾਹੀਂ ਹਰੇਕ ਧਰਮ ਦੇ ਲੋਕ ਆਪਣੇ ਵਿੱਛੜੇ ਜੀਆਂ ਨੂੰ ਮਿਲ ਸਕੇ।

ਤਸਵੀਰ ਸਰੋਤ, Getty Images
ਭਾਰਤ ਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਬਾਰੇ ਸਮਝੌਤਾ ਹੋਰ ਪੰਜ ਸਾਲਾਂ ਲਈ ਵਧਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਰਿਪੋਰਟ ’ਚ ਅਸੀਂ ਕੁਝ ਉਨ੍ਹਾਂ ਕਹਾਣੀਆਂ ਦੀ ਗੱਲ ਕਰਾਂਗੇ ਜਿਹੜੀਆਂ ਕਰਤਾਰਪੁਰ ਲਾਂਘੇ ਕਰਕੇ ਹੀ ਸਾਡੇ ਸਾਹਮਣੇ ਆ ਸਕੀਆਂ।
ਮਹਿੰਦਰ ਕੌਰ ਤੇ ਅਬਦੁਲ ਸ਼ੇਖ਼ ਅਜ਼ੀਜ਼ ਉਰਫ਼ ਅਰਜਨ ਸਿੰਘ ਦਾ ਮੇਲ

ਤਸਵੀਰ ਸਰੋਤ, Mohinder Kaur Family
ਲਾਂਘੇ ਰਾਹੀਂ ਮੁੜ ਮਿਲਣ ਵਾਲਿਆਂ ’ਚ ਕੁਝ ਅਜਿਹੇ ਵੀ ਸਨ, ਜਿਨ੍ਹਾਂ ਦੀ ਕੁਝ ਮਹੀਨਿਆਂ ਬਾਅਦ ਹੀ ਮੌਤ ਹੋ ਗਈ ਸੀ।
ਸ਼ਾਇਦ ਜੇਕਰ ਲਾਂਘਾ ਨਾ ਖੁੱਲ੍ਹਦਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਬਗੈਰ ਹੀ ਦੁਨੀਆਂ ਤੋਂ ਚਲੇ ਜਾਂਦੇ।
19 ਮਈ 2023 ਨੂੰ ਚੜ੍ਹਦੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਰਹਿੰਦੇ 85 ਸਾਲਾ ਮਹਿੰਦਰ ਕੌਰ ਰਾਵਲਪਿੰਡੀ ਰਹਿੰਦੇ ਆਪਣੇ 80 ਸਾਲ ਦੇ ਭਰਾ ਅਬਦੁਲ ਸ਼ੇਖ਼ ਅਜ਼ੀਜ਼ ਨੂੰ ਮਿਲੇ।
ਮਹਿੰਦਰ ਕੌਰ ਦਾ ਪਰਿਵਾਰ ਵੰਡ ਤੋਂ ਪਹਿਲਾਂ ਅੱਜ ਦੇ ਪਾਕਿਸਤਾਨ ਸ਼ਾਸਤ ਕਸ਼ਮੀਰ ਵਿੱਚ ਮੁਜ਼ੱਫ਼ਰਾਬਾਦ ਦੇ ਪਿੰਡ ਕੁਟਲੀ ਵਿੱਚ ਰਹਿੰਦੇ ਸਨ।
ਵੰਡ ਦੌਰਾਨ ਹੋਈ ਕਤਲੋਗਾਰਤ ਵਿੱਚ ਮਹਿੰਦਰ ਕੌਰ ਦੇ ਕੁਝ ਪਰਿਵਾਰਕ ਮੈਂਬਰ ਮਾਰੇ ਗਏ ਅਤੇ ਕੁਝ ਭਾਰਤ ਆਉਣ ਵਿੱਚ ਸਫ਼ਲ ਰਹੇ।
ਉਨ੍ਹਾਂ ਦੇ ਨਿੱਕੇ ਭਰਾ ਅਰਜਨ ਸਿੰਘ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ, ਉੱਥੇ ਰਹਿੰਦਿਆਂ ਉਨ੍ਹਾਂ ਨੇ ਮੁਸਲਮਾਨ ਧਰਮ ਅਪਣਾ ਲਿਆ ਤੇ ਉਨ੍ਹਾਂ ਦਾ ਨਾਮ ਅਬਦੁਲ ਸ਼ੇਖ਼ ਅਜ਼ੀਜ਼ ਹੋ ਗਿਆ।
ਅਰਜਨ ਸਿੰਘ ਨੂੰ ਆਪਣੇ ਬਚਪਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਹਿੰਦਰ ਕੌਰ ਦੇ ਪਰਿਵਾਰ ਦੇ ਯਤਨਾਂ ਤੋਂ ਬਾਅਦ ਦੋਵੇਂ ਪਰਿਵਾਰ ਕਰਤਾਰਪੁਰ ਲਾਂਘੇ ਉੱਤੇ ਮਿਲੇ।
ਹਾਲਾਂਕਿ ਦੋਵਾਂ ਪਰਿਵਾਰਾਂ ਨੂੰ ਇੱਕ ਦੂਜੇ ਬਾਰੇ ਜਨਵਰੀ 2020 ਵਿੱਚ ਹੀ ਪਤਾ ਲੱਗ ਗਿਆ ਸੀ ਪਰ ਇਸ ਮਗਰੋਂ ਕੋਵਿਡ ਮਹਾਂਮਾਰੀ ਕਾਰਨ ਲਾਂਘਾ ਬੰਦ ਹੋਣ ਕਰਕੇ ਉਹ ਮਈ 2023 ਵਿੱਚ ਹੀ ਮਿਲ ਸਕੇ ਸਨ।
ਸਿੱਕਾ ਖ਼ਾਨ ਅਤੇ ਮੁਹੰਮਦ ਸਦੀਕ ਦੀ ਮੁਲਾਕਾਤ

ਜਨਵਰੀ 2022 ਵਿੱਚ ਬਠਿੰਡਾ ਦੇ ਸਿੱਕਾ ਖ਼ਾਨ ਅਤੇ ਫ਼ੈਸਲਾਬਾਦ ਰਹਿੰਦੇ ਭਰਾ ਮੁਹੰਮਦ ਸਦੀਕ ਨੂੰ ਵੰਡ ਤੋਂ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਵਿਖੇ ਮਿਲੇ।
ਇਸ ਮਗਰੋਂ ਸਿੱਕਾ ਖਾਨ ਆਪਣੇ ਭਰਾ ਕੋਲ ਰਹਿਣ ਲਈ ਪਾਕਿਸਤਾਨ ਵੀ ਗਏ।
ਦਰਅਸਲ ਦੋਵਾਂ ਭਰਾਵਾਂ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਵਿੱਚ ਸੀ ਅਤੇ ਵੰਡ ਤੋਂ ਪਹਿਲਾਂ ਸਿੱਕਾ ਖ਼ਾਨ (ਹਬੀਬ) ਆਪਣੀ ਮਾਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਨਾਨਕੇ ਪਿੰਡ ਆਏ ਹੋਏ ਸਨ।
ਵੰਡ ਦੌਰਾਨ ਹੋਈ ਕਤਲੋਗਾਰਤ ਵਿੱਚ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਅੱਧਾ ਪਰਿਵਾਰ (ਭਰਾ ਅਤੇ ਭੈਣ) ਪਾਕਿਸਤਾਨ ਚਲੇ ਗਏ ਅਤੇ ਸਿੱਕਾ ਖ਼ਾਨ ਅਤੇ ਉਸ ਦੀ ਮਾਤਾ ਫੁੱਲਾਂਵਾਲ ਪਿੰਡ ਵਿੱਚ ਹੀ ਰਹਿ ਗਏ।
ਬਾਅਦ ਵਿੱਚ ਸਿੱਕਾ ਖ਼ਾਨ ਦੀ ਮਾਂ ਵੰਡ ਕਾਰਨ ਵਿਛੜੇ ਪਰਿਵਾਰ ਦੇ ਦੁੱਖ ਕਾਰਨ ਮਾਨਸਿਕ ਸੰਤੁਲਨ ਗੁਆ ਬੈਠੀ ਅਤੇ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।
ਇਸ ਤੋਂ ਬਾਅਦ ਸਿੱਕਾ ਖ਼ਾਨ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਮਾਮੇ ਅਤੇ ਪਿੰਡ ਫੁੱਲਾਂਵਾਲ ਦੇ ਲੋਕਾਂ ਨੇ ਕੀਤਾ ਸੀ।
ਸਿੱਕਾ ਖ਼ਾਨ ਦੇ ਭਰਾ ਮੁਹੰਮਦ ਸਦੀਕ ਦੀ ਮੌਤ ਹੋ ਗਈ ਹੈ।
ਸਿੱਕਾ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਬਿਮਾਰ ਹੋਣ ਕਾਰਨ ਨਹੀਂ ਜਾ ਸਕੇ।
ਉਹ ਆਪਣੇ ਭਰਾ ਦੇ ਪਿੰਡ ਵਿੱਚ ਬਿਤਾਏ ਸਮੇਂ ਨੂੰ ਵੀ ਕਾਫ਼ੀ ਭਾਵੁਕ ਹੁੰਦਿਆਂ ਯਾਦ ਕਰਦੇ ਹਨ।
ਆਪਣੇ ਭਰਾ ਕੋਲ ਰਹਿੰਦਿਆਂ ਉਨ੍ਹਾਂ ਨੇ ਪਾਕਿਸਤਾਨ ਆਉਣ ਦੇ ਰਾਹ ਵਿੱਚ ਆਈਆਂ ਪ੍ਰੇਸ਼ਾਨੀਆਂ ਬਾਰੇ ਜਾਣਿਆ।
ਉਹ ਕਹਿੰਦੇ ਹਨ, "ਉਹ ਇੱਕ ਤੋਂ ਬਾਅਦ ਇੱਕ ਮੈਨੂੰ ਚੁੱਕੀ ਹੀ ਜਾ ਰਹੇ ਸਨ, ਹਾਰ ਕੇ ਮੈਂ ਉਨ੍ਹਾਂ ਨੂੰ ਕਿਹਾ ਮੈਨੂੰ ਪਾਣੀ ਤਾਂ ਪਿਆ ਦਿਓ।"
ਸਕੀਨਾ ਬੀਬੀ ਅਤੇ ਗੁਰਮੇਲ ਸਿੰਘ ਦੀ ਮੁਲਾਕਾਤ

ਤਸਵੀਰ ਸਰੋਤ, Gurminder Grewal/BBC
ਲੁਧਿਆਣਾ ਦੇ ਜੱਸੋਵਾਲ ਪਿੰਡ ਦੇ ਰਹਿਣ ਵਾਲੇ ਗੁਰਮੇਲ ਸਿੰਘ ਦੀ ਆਪਣੀ ਸ਼ੇਖ਼ੂਪੁਰਾ ਰਹਿੰਦੀ ਭੈਣ ਨਾਲ ਅਗਸਤ 2023 ਵਿੱਚ ਹੋਈ ਮੁਲਾਕਾਤ ਵੀ ਲਾਂਘੇ ਉੱਤੇ ਦੇਖੀਆਂ ਗਈਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵਿੱਚੋਂ ਇੱਕ ਸੀ।
ਗੁਰਮੇਲ ਸਿੰਘ ਅਤੇ ਉਨ੍ਹਾਂ ਦੀ ਛੋਟੀ ਭੈਣ ਦਾ ਜਨਮ ਜੱਸੋਵਾਲ ਵਿੱਚ ਹੀ ਹੋਇਆ ਸੀ।
ਉਨ੍ਹਾਂ ਦੋਵਾਂ ਦੀ ਮਾਂ ਦਾ ਪਰਿਵਾਰ 1947 ਵਿੱਚ ਚੜ੍ਹਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਨੂਰਪੁਰਾ ਤੋਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖ਼ੂਪੁਰਾ ਜ਼ਿਲ੍ਹੇ ਵਿੱਚ ਆ ਗਿਆ ਸੀ ਪਰ ਉਨ੍ਹਾਂ ਦੀ ਮਾਂ ਭਾਰਤ ਵਿੱਚ ਹੀ ਰਹਿ ਗਏ ਸਨ।
ਜੱਸੋਵਾਲ ਸੁਡਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਮੁਤਾਬਕ ਗੁਰਮੇਲ ਸਿੰਘ ਜਦੋਂ ਕਰੀਬ 4 ਕੁ ਸਾਲ ਦੇ ਸਨ ਤਾਂ ਉਦੋਂ ਉਨ੍ਹਾਂ ਦੀ ਮਾਂ ਤੇ ਛੋਟੀ ਭੈਣ ਨੂੰ ਪਾਕਿਸਤਾਨ ਦੀ ਮਿਲਟਰੀ ਉਸ ਦੀ ਮਾਂ ਦੇ ਪਿਛਲੇ ਪਰਿਵਾਰ ਕੋਲ ਪਾਕਿਸਤਾਨ ਲੈ ਗਈ ਸੀ।

ਤਸਵੀਰ ਸਰੋਤ, Getty Images
ਗੁਰਮੇਲ ਸਿੰਘ ਆਪਣੀ ਮਾਂ ਨਾਲੋਂ ਵਿੱਛੜ ਕੇ ਆਪਣੇ ਪਿਤਾ ਨਾਲ ਇੱਥੇ ਹੀ ਰਹਿ ਗਏ ਸਨ।
ਸਕੀਨਾ ਬੀਬੀ ਨੂੰ ਉਨ੍ਹਾਂ ਦੀ ਮਾਂ ਕੋਲੋਂ ਆਪਣੇ ਭਰਾ ਦੀ ਚਿੱਠੀ ਅਤੇ ਤਸਵੀਰ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਸਾਲਾਂ ਤੱਕ ਸਾਂਭੀ ਰੱਖਿਆ।
‘ਪੰਜਾਬੀ ਲਹਿਰ’ ਦੇ ਯੂਟਿਊਬ ਚੈਨਲ ਉੱਤੇ ਪਾਏ ਸਕੀਨਾ ਬੀਬੀ ਦੇ ਸੁਨੇਹੇ ਰਾਹੀਂ ਉਨ੍ਹਾਂ ਨੂੰ ਆਪਣਾ ਭਰਾ ਮੁੜ ਲੱਭਿਆ।
ਸਕੀਨਾ ਬੀਬੀ ਆਪਣੇ ਪਰਿਵਾਰ ਦੇ 16 ਜੀਆਂ ਨਾਲ 2023 ਵਿੱਚ ਆਪਣੇ ਭਰਾ ਗੁਰਮੇਲ ਸਿੰਘ ਨੂੰ ਕਰਤਾਰਪੁਰ ਸਾਹਿਬ ਵਿਖੇ ਮਿਲੇ ਸਨ। ਆਪਣੇ ਭਰਾ ਨੂੰ ਦਹਾਕਿਆਂ ਮਗਰੋਂ ਗਲ਼ ਨਾਲ ਲਾਉਣ ਦੀ ਖੁਸ਼ੀ ਨਾ ਸੰਭਾਲਦਿਆਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਏ ਸਨ।
ਕਰਤਾਰਪੁਰ ਸਾਹਿਬ ਵਿਖੇ ਗੁਰਮੇਲ ਸਿੰਘ ਨੇ ਪਹਿਲੀ ਵਾਰੀ ਆਪਣੀ ਭੈਣ ਕੋਲੋਂ ਰੱਖੜੀ ਬੰਨ੍ਹਵਾਈ ਸੀ।
ਗੁਰਮੇਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਦੇ ਬੇਟੇ ਨੇ ਉਨ੍ਹਾਂ ਨੂੰ ਮਿਲਣ ਆਉਣ ਲਈ ਕਈ ਵਾਰ ਕਿਹਾ ਹੈ ਪਰ ਉਹ ਆਰਥਿਕ ਤੰਗੀ ਕਾਰਨ ਪਾਕਿਸਤਾਨ ਨਹੀਂ ਜਾ ਸਕਦੇ।
ਗੁਰਮੇਲ ਸਿੰਘ ਹੁਣ ਸਹਾਰਾ ਲੈ ਕੇ ਹੀ ਤੁਰ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਰਹੱਦ ਤੋਂ ਪਾਰ ਰਹਿੰਦੀ ਆਪਣੀ ਭੈਣ ਨੂੰ ਮਿਲ ਸਕੇ।
ਪਾਕਿਸਤਾਨ ਦੇ ਨਾਸਿਰ ਢਿੱਲੋਂ ਦਾ ਰੋਲ

ਤਸਵੀਰ ਸਰੋਤ, Nasir Dhillon/Insta
ਪਾਕਿਸਤਾਨ ਵਿੱਚ ਵੱਡੀ ਹੋਈ ਮੁਮਤਾਜ਼ ਬੀਬੀ ਪੰਜਾਬ ਦੇ ਪਟਿਆਲਾ ਵਿੱਚ ਰਹਿੰਦੇ ਆਪਣੇ ਭਰਾਵਾਂ ਬਲਦੇਵ ਸਿੰਘ, ਰਘਬੀਰ ਸਿੰਘ ਅਤੇ ਗੁਰਮੁਖ ਸਿੰਘ ਨੂੰ ਅਪ੍ਰੈਲ 2022 ਵਿੱਚ ਮਿਲੇ।
1947 ਵਿੱਚ ਹੋਈ ਹਿੰਸਾ ਵਿੱਚ ਮੁਮਤਾਜ਼ ਬੀਬੀ 1.5 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਮਗਰੋਂ ਉਨ੍ਹਾਂ ਨੂੰ ਇੱਕ ਮੁਸਲਮਾਨ ਪਰਿਵਾਰ ਨੇ ਗੋਦ ਲੈ ਲਿਆ ਸੀ।
ਅਜਿਹੇ ਕਈ ਪਰਿਵਾਰਾਂ ਨੂੰ ਮਿਲਾਉਣ ਵਿੱਚ ਪਾਕਿਸਤਾਨ ਰਹਿੰਦੇ ਨਾਸਿਰ ਢਿੱਲੋਂ ਜਿਹੇ ਕਾਰਕੁਨਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਨਾਸਿਰ ਢਿੱਲੋਂ ਪੰਜਾਬੀ ਲਹਿਰ ਨਾਮ ਦਾ ਯੂਟਿਊਬ ਚੈਨਲ ਚਲਾਉਂਦੇ ਹਨ।
ਨਾਸਿਰ ਢਿੱਲੋਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ,“ਪਹਿਲਾਂ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵਿਛੜੇ ਪਰਿਵਾਰਾਂ ਦੀ ਵਰਚੁਅਲ ਗੱਲ ਕਰਵਾਉਂਦੇ ਸੀ ਪਰ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ ਤਾਂ ਸਾਨੂੰ ਵੀ ਚਾਅ ਚੜ੍ਹਿਆ ਕਿ ਹੁਣ ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਸਾਹਮਣੇ ਤੋਂ ਮਿਲਾ ਸਕਦੇ ਹਾਂ।”
ਉਹ ਦੱਸਦੇ ਹਨ ਕਿ ਉਹ ਹੁਣ ਤੱਕ ਕਰੀਬ 300 ਭੈਣ-ਭਰਾਵਾਂ, ਦੋਸਤਾਂ ਨੂੰ ਆਪਸ ਵਿੱਚ ਮਿਲਾ ਚੁੱਕੇ ਹਨ।
ਉਨ੍ਹਾਂ ਅੱਗੇ ਦੱਸਿਆ,“ ਕਰਤਾਰਪੁਰ ਲਾਂਘੇ ਨੇ ਜਿੱਥੇ ਵਿਛੜੇ ਪਰਿਵਾਰਾਂ ਨੂੰ ਮਿਲਾਇਆ, ਉਥੇ ਹੀ ਅਸੀਂ ਵੀ ਇੱਕ-ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਧਰੋਂ ਸਾਡੇ ਸਕੂਲਾਂ ਦੇ ਬਹੁਤ ਟੂਰ ਕਰਤਾਰਪੁਰ ਸਾਹਿਬ ਜਾਂਦੇ ਹਨ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਮਿਲਦੇ ਹਨ ਤੇ ਜਾਣਦੇ ਹਨ। ਮੈਨੂੰ ਲੱਗਦਾ ਇਨ੍ਹਾਂ ਸਰਹੱਦਾਂ ’ਤੇ ਕਰਤਾਰਪੁਰ ਲਾਂਘੇ ਵਰਗੇ ਹੋਰ ਕਈ ਲਾਂਘੇ ਹੋਣੇ ਚਾਹੀਦੇ ਹਨ। ਵਾਹਗਾ ਬਾਰਡਰ ’ਤੇ ਵੀ ਦੋਵੇਂ ਦੇਸ਼ਾਂ ਦੇ ਲੋਕ ਜੱਫੀਆਂ ਪਾ ਕੇ ਮਿਲਣ ਨਾ ਕਿ ਇੱਕ-ਦੂਜੇ ਨੂੰ ਅੱਖਾਂ ਦਿਖਾਉਣ।”
ਨਾਸਿਰ ਇਸ ਗੱਲ ਉਪਰ ਜ਼ੋਰ ਦਿੰਦੇ ਹਨ ਕਿ ਹੋਰ ਵੀ ਬਾਕੀ ਬਾਰਡਰਾਂ ’ਤੇ ਵੀ ਅਜਿਹੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਦੋਵੇਂ ਪਾਸੇ ਦੇ ਲੋਕ ਇੱਕ-ਦੂਜੇ ਨੂੰ ਦੇਖ ਸਕਣ, ਮਿਲਣ ਸਕਣ।
ਸਹਿਯੋਗ - ਸੁਰਿੰਦਰ ਮਾਨ ਅਤੇ ਗੁਰਮਿੰਦਰ ਗਰੇਵਾਲ













