ਬਰਗਾੜੀ ਬੇਅਦਬੀ ਕਾਂਡ ਵਿੱਚ ‘ਮੁੱਖ ਸਾਜ਼ਿਸ਼ਕਰਤਾ’ ਵਜੋਂ ਨਾਮਜ਼ਦ ਪ੍ਰਦੀਪ ਕਲੇਰ ਗ੍ਰਿਫ਼ਤਾਰ, ਕਿਵੇਂ ਹੋਈ ਗ੍ਰਿਫ਼ਤਾਰੀ

    • ਲੇਖਕ, ਭਰਤ ਭੂਸ਼ਣ ਅਜ਼ਾਦ
    • ਰੋਲ, ਬੀਬੀਸੀ ਸਹਿਯੋਗੀ

ਫ਼ਰੀਦਕੋਟ ਜ਼ਿਲ੍ਹੇ ਵਿੱਚ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਬੇਅਦਬੀ ਦੀ ਘਟਨਾ ਦੇ ਮੁੱਖ ਸਾਜਿਸ਼ਘਾੜੇ ਵਜੋਂ ਨਾਮਜ਼ਦ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਦੀਪ ਕਲੇਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਉਸ ਦਾ ਸਿਰਸਾ ਵਿਚਲੇ ਡੇਰਾ ਸੱਚਾ ਸੌਦਾ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਪ੍ਰਦੀਪ ਕਲੇਰ ਉੱਤੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਇਸ ਮਗਰੋਂ ਇਸੇ ਪਿੰਡ ਦੀਆਂ ਕੰਧਾਂ ਉੱਤੇ ਵਿਵਾਦਤ ਪੋਸਟਰ ਚਿਪਕਾਉਣ ਦੇ ਨਾਲ-ਨਾਲ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਸਾਜਿਸ਼ ਰਚਣ ਦੇ ਇਲਜ਼ਾਮ ਹਨ।

ਪੁਲਿਸ ਮੁਤਾਬਕ ਪ੍ਰਦੀਪ ਇਨ੍ਹਾਂ ਘਟਨਾਵਾਂ ਦਾ ‘ਮੁੱਖ ਸਾਜਿਸ਼ਕਰਤਾ’ ਭਾਵ ‘ਕੀ ਕੌਂਸਪੀਰੇਟਰ’ ਸੀ।

ਪੁਲਿਸ ਨੇ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ।

ਪ੍ਰਦੀਪ ਕਲੇਰ ਨੂੰ ਸਾਲ 2021 ਵਿੱਚ ਐਲਾਨੀਆ ਅਪਰਾਧੀ (ਪ੍ਰੋਕਲੇਮਡ ਓਫੈਂਡਰ) ਐਲਾਨਿਆ ਗਿਆ ਸੀ।

ਇਹ ਗ੍ਰਿਫ਼ਤਾਰੀ ਵਿਸ਼ੇਸ਼ ਜਾਂਚ ਟੀਮ ਅਤੇ ਫ਼ਰੀਦਕੋਟ ਪੁਲਿਸ ਦੇੇ ਸੀਆਈਏ ਸਟਾਫ ਨੇ ਸਾਂਝੇ ਅਪਰੇਸ਼ਨ ਤਹਿਤ ਕੀਤੀ।

ਫ਼ਰੀਦਕੋਟ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸ਼ਨੀਵਾਰ ਨੂੰ ਡਿਊਟੀ ਮੈਜਿਸਟਰੇਟ ਫ਼ਰੀਦਕੋਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ।

ਕੌਣ ਹੈ ਪ੍ਰਦੀਪ ਕਲੇਰ ?

ਪ੍ਰਦੀਪ ਕਲੇਰ ਦੀ ਉਮਰ 41 ਸਾਲ ਹੈ। ਉਹ ਸਿਰਸਾ ਵਿਚਲੇ ਡੇਰਾ ਸੱਚਾ ਸੌਦਾ ਦੀ ਨੈਸ਼ਨਲ ਸਮਿਤੀ ਦੀ ਯੂਥ ਵਿੰਗ ਦਾ ਆਗੂ ਹੈ।

ਪ੍ਰਦੀਪ ਕਲੇਰ ਡੇਰਾ ਸਿਰਸਾ ਨਾਲ ਲੰਬੇ ਸਮੇਂ ਤੋਂ ਸਬੰਧ ਵਿੱਚ ਸੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਹੀ ਰਹਿੰਦਾ ਸੀ।

ਪੁਲਿਸ ਮੁਤਾਬਕ ਅਗਲੇ ਦਿਨਾਂ ਵਿੱਚ ਪ੍ਰਦੀਪ ਕਲੇਰ ਦੀ ਕਥਿਤ ਭੂਮਿਕਾ ਅਤੇ ਉਹ ਪਿਛਲੇ ਸਮੇਂ ਦੌਰਾਨ ਕਿੱਥੇ-ਕਿੱਥੇ ਰਿਹਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਅਯੁੱਧਿਆ ਵਿੱਚ ਲੰਗਰ ਵਰਤਾਉਂਦਿਆਂ ਤਸਵੀਰ ਵਾਇਰਲ ਹੋਈ ਸੀ

22 ਜਨਵਰੀ 2024 ਨੂੰ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਦੀਪ ਕਲੇਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।

ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਫ਼ਰੀਦਕੋਟ ਪੁਲਿਸ ਨੂੰ ਉਸਦੇ ਉੱਤਰ ਪ੍ਰਦੇਸ਼ ਵਿੱਚ ਲੁਕੇ ਹੋਣ ਬਾਰੇ ਜਾਣਕਾਰੀ ਮਿਲੀ ਸੀ।

ਪੁਲਿਸ ਮੁਤਾਬਕ ਸਪੈਸ਼ਲ ਜਾਂਚ ਟੀਮ ਅਤੇ ਫ਼ਰੀਦਕੋਟ ਦੇ ਸੀਆਈਏ ਸਟਾਫ ਦੀ ਸਾਂਝੀ ਟੀਮ ਅਯੁੱਧਿਆ ਲਈ ਰਵਾਨਾ ਹੋਈ ਸੀ।

ਆਈਜੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 174ਏ ਦੇ ਮਾਮਲਿਆਂ ਤਹਿਤ ਹੋਈ ਹੈ।

ਪ੍ਰਦੀਪ ਕਲੇਰ ਉੱਤੇ ਕਿੰਨੇ ਮਾਮਲੇ ਦਰਜ ਹਨ?

ਪ੍ਰਦੀਪ ਕਲੇਰ ਉੱਤੇ ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਅੰਦਰ ਅੱਠ ਮਾਮਲੇ ਦਰਜ ਹਨ। ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ਉਹ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਭਗੌੜਾ ਹੈ। ਪ੍ਰਦੀਪ ਕਲੇਰ ਦੇ ਖ਼ਿਲਾਫ਼ ਜ਼ਿਲ੍ਹਾ ਬਠਿੰਡਾ ਦੇ ਦਿਆਲਪੁਰਾ ਥਾਣੇ ਅਤੇ ਮੋਗਾ ਦੇ ਸਮਾਲਸਰ ਥਾਣੇ ਵਿੱਚ ਵੀ ਮਾਮਲਾ ਦਰਜ ਹੈ।

ਡੇਰੇ ਦਾ ਕੀ ਸਟੈਂਡ ਰਿਹਾ ਹੈ

ਡੇਰਾ ਸੱਚਾ ਸੌਦਾ ਦਾ ਇਹ ਸਟੈਂਡ ਰਿਹਾ ਹੈ ਕਿ ਉਨ੍ਹਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਕੋਈ ਸ਼ਮੂਲੀਅਤ ਨਹੀਂ ਰਹੀ ਸੀ।

ਮਈ 2023 ਵਿੱਚ ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ ਨੂੰ ਡੇਰੇ ਦੇ ਸੀਨੀਅਰ ਆਗੂ ਹਰਚਰਨ ਸਿੰਘ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਸੀ।

ਉਨ੍ਹਾਂ ਕਿਹਾ ਸੀ, "ਇਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਨਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ ਡੇਰੇ ਦਾ ਬੇਅਦਬੀ ਵਿੱਚ ਕੋਈ ਰੋਲ ਨਹੀਂ ਰਿਹਾ।"

ਕੀ ਹੈ ਬਰਗਾੜੀ, ਬੇਅਦਬੀ ਕੇਸ ?

12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਹੋਏ ਮਿਲੇ।

ਇਹ ਪੱਤਰੇ 1 ਜੂਨ 2015 ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਸਨ।

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।

ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।

ਏਡੀਜੀਪੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਜਦਕਿ ਚੰਡੀਗੜ੍ਹ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।

ਬੇਅਦਬੀ ਕੇਸ ਨਾਮ ਸਬੰਧਤ ਮੁੱਖ ਘਟਨਾਵਾਂ

  • 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਈ ਸੀ।
  • 25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ।
  • 12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
  • 14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
  • ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ।
  • ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੂਨ 2019 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
  • 18 ਅਕਤੂਬਰ 2015 - ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ।
  • 26 ਅਕਤੂਬਰ 2015 - ਪੰਜਾਬ ਸਰਕਾਰ ਵੱਲੋਂ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।
  • 30 ਜੂਨ 2016 -ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
  • 14 ਅਪ੍ਰੈਲ 2017- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ।
  • 30 ਜੂਨ 2017 - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
  • 28 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਗਈ।
  • 10 ਸਤੰਬਰ 2018 - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ ਗਈ।
  • 7 ਜੁਲਾਈ 2020 ਨੂੰ ਐਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪ੍ਰਮੁੱਖ ਸਾਜਿਸ਼ਘਾੜਾ ਘੋਸ਼ਿਤ ਕਰਦਿਆਂ ਨਾਮਜਦ ਕੀਤਾ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਰਾਸ਼ਟਰੀ ਸਮਿਤੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵੀ ਨਾਜਮਦ ਕਰ ਲਿਆ ਗਿਆ।
  • 17 ਮਈ 2021 ਨੂੰ ਐਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡੇਰਾ ਕਾਰਕੁਨਾਂ ਨੁੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਵਿੱਚ ਸੁਖਜਿੰਦਰ ਸਿੰਘ ਸੰਨੀ ਕੰਡਾ, ਸ਼ਕਤੀ ਸਿੰਘ, ਰਣਜੀਤ ਸਿੰਘ ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਸ਼ਾਮਲ ਸਨ।
  • 10 ਨਵੰਬਰ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਮੈਂਬਰ ਪ੍ਰਦੀਪ ਸਿੰਘ ਦੀ ਕੋਟਕਪੂਰਾ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
  • 23 ਸਤੰਬਰ 2021 ਨੂੰ ਫ਼ਰੀਦਕੋਟ ਦੀ ਅਦਾਲਤ ਨੇ ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਭਗੌੜਾ ਐਲਾਨ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)