You’re viewing a text-only version of this website that uses less data. View the main version of the website including all images and videos.
ਬਰਗਾੜੀ ਬੇਅਦਬੀ ਕਾਂਡ : ਸੰਦੀਪ ਬਰੇਟਾ ਕੌਣ ਹੈ, ਜਿਸ ਨੂੰ ਅਜੇ ਵੀ ਪੁਲਿਸ ਨਹੀਂ ਫੜ ਸਕੀ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਤੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਬੇਅਦਬੀ ਨਾਲ ਜੁੜੇ ਮਾਮਲਿਆਂ ਵਿੱਚ ਕਥਿਤ ਮੁਲਜ਼ਮ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ।
ਬੁੱਧਵਾਰ ਨੂੰ ਪੁਲਿਸ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਹ ਉਹ ਸੰਦੀਪ ਬਰੇਟਾ ਨਹੀਂ ਹੈ ਜਿਸ ਦੀ ਉਨ੍ਹਾਂ ਨੂੰ ਭਾਲ ਹੈ।
ਕੌਣ ਹੈ ਸੰਦੀਪ ਬਰੇਟਾ ਜਿਸ ਦੀ ਪੰਜਾਬ ਪੁਲਿਸ ਨੂੰ ਹੈ ਭਾਲ
ਸੰਦੀਪ ਉਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਸੀ ਜੋ 2018 ਤੋਂ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ। ਉਸ ਦੇ ਦੋ ਹੋਰ ਸਾਥੀ ਹਰਸ਼ ਧੂਰੀ ਅਤੇ ਪਰਦੀਪ ਕਲੇਰ ਵੀ ਫਰਾਰ ਹਨ।
ਬਰਗਾੜੀ ਬੇਅਦਬੀ ਮਾਮਲੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਸੀ।
ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਇੱਕ ਟਵੀਟ ਕੀਤਾ ਕਿ ਸੰਦੀਪ ਬਰੇਟਾ ਨੂੰ ਬੇਂਗਲੁਰੂ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ।
ਕੌਣ ਹੈ ਸੰਦੀਪ ਬਰੇਟਾ?
ਸੰਦੀਪ ਬਰੇਟਾ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਰਾਸ਼ਟਰੀ ਕਮੇਟੀ ਦਾ ਮੈਂਬਰ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਨਾਲ ਸਬੰਧਤ ਹੈ ਅਤੇ ਉਸ ਦਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਪੈਰੋਕਾਰ ਹੈ।
ਬਾਅਦ ਵਿੱਚ ਉਹ ਡੇਰੇ ਦਾ ਸੀਨੀਅਰ ਆਗੂ ਬਣ ਗਿਆ ਅਤੇ ਡੇਰੇ ਦੇ ਮਾਮਲਿਆਂ ਉਸਦੀ ਪੂਰੀ ਪੁੱਛ ਪੜਤਾਲ ਸੀ।
ਬਰਗਾੜੀ ਤੇ ਹੋਰ ਬੇਅਦਬੀ ਮਾਮਲਿਆਂ 'ਚ ਸੰਦੀਪ ਬਰੇਟਾ ਦੀ ਭੂਮਿਕਾ?
ਤਤਕਾਲੀ ਐੱਸਆਈਟੀ ਮੁਖੀ ਆਈਜੀ ਰਣਬੀਰ ਸਿੰਘ ਖਟੜਾ ਵੱਲੋਂ ਕੀਤੀ ਗਈ ਐੱਸਆਈਟੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਹੋਰ ਮੁਲਜ਼ਮਾਂ ਨੂੰ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਸਨ।
''ਸੰਦੀਪ, ਪ੍ਰਦੀਪ ਅਤੇ ਹਰਸ਼ ਫਰੀਦਕੋਟ ਦੇ ਕਸਬੇ ਬਰਗਾੜੀ, ਮੋਗਾ ਦੇ ਪਿੰਡ ਮੱਲਕੇ ਅਤੇ ਬਠਿੰਡਾ ਦੇ ਕਸਬੇ ਗੁਰੂਸਰ ਭਗਤਾ ਵਿੱਚ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਯੋਜਨਾਕਾਰਾਂ ਅਤੇ ਅੰਜਾਮ ਦੇਣ ਵਾਲਿਆਂ ਵਿਚਕਾਰ ਮੁੱਖ ਕੜੀ ਸਨ।''
ਜਾਂਚ ਵਿੱਚ ਆਈਜੀ ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕ ਡੇਰੇ ਦੀਆਂ ਨਾਮ ਚਰਚਾ ਅਤੇ ਡੇਰਾ ਮੁਖੀ ਦੀ ਫਿਲਮ ਦਾ ਵਿਰੋਧ ਕਰ ਰਹੇ ਸਨ।
''ਇਸ ਦਾ ਬਦਲਾ ਲੈਣ ਲਈ ਹਰਸ਼ ਧੂਰੀ, ਪਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਬਰਗਾੜੀ ਬੇਅਦਬੀ ਦੇ ਮੁੱਖ ਮੁਲਜ਼ਮ ਮੋਹਿੰਦਰ ਪਾਲ ਬਿੱਟੂ ਨਾਲ ਡੇਰੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਬਲਜੀਤ ਸਿੰਘ ਦਾਦੂਵਾਲ 'ਤੇ ਹਮਲਾ ਕਰਨ ਦੀ ਯੋਜਨਾ ਬਾਰੇ ਚਰਚਾ ਕੀਤੀ ਸੀ।''
ਜਾਂਚ ਵਿੱਚ ਕਿਹਾ ਗਿਆ ਹੈ, “ਹਾਲਾਂਕਿ ਜਦੋਂ ਡੇਰੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਦਾਦੂਵਾਲ 'ਤੇ ਹਮਲਾ ਕਰਨ ਦੀ ਯੋਜਨਾ ਬਾਰੇ ਚਰਚਾ ਕੀਤੀ ਗਈ ਤਾਂ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਅਤੇ ਇਹ ਯੋਜਨਾ ਟਾਲ ਦਿੱਤੀ ਗਈ।"
"ਇਸ ਤੋਂ ਬਾਅਦ, ਉਨ੍ਹਾਂ ਨੇ ਸਿੱਖ ਪ੍ਰਚਾਰਕਾਂ ਨੂੰ ਸਬਕ ਸਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਯੋਜਨਾ ਬਣਾਈ।"
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਮਹਿੰਦਰ ਪਾਲ ਬਿੱਟੂ ਨੇ ਸੁਖਜਿੰਦਰ ਉਰਫ਼ ਸੰਨੀ ਅਤੇ ਰਣਦੀਪ ਉਰਫ਼ ਨੀਲਾ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦੀ ਯੋਜਨਾ ਬਣਾਈ ਸੀ।
''ਬਿੱਟੂ ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਵਿਖੇ ਧੂਰੀ, ਬਰੇਟਾ ਅਤੇ ਕਲੇਰ ਨਾਲ ਯੋਜਨਾ ਬਾਰੇ ਚਰਚਾ ਕੀਤੀ। ਫਿਰ, ਮੋਹਿੰਦਰ ਪਾਲ ਬਿੱਟੂ ਨੇ ਬੇਅਦਬੀ ਨੂੰ ਕਥਿਤ ਤੌਰ 'ਤੇ ਬਰਗਾੜੀ ਵਿਖੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਸੀ।''
ਐੱਸਆਈਟੀ ਵੱਲੋਂ ਕੀਤੀ ਜਾਂਚ ਮੁਤਾਬਕ ਗੁਰੂਸਰ ਭਗਤਾ ਕੇਸ ਵਿੱਚ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਨੇ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ (ਜਿਸ ਨੂੰ ਸਿੱਖ ਸੰਗਤ ਅੰਗ ਮੰਨਦੀ ਹੈ), ਉਨ੍ਹਾਂ ਦੀ ਬੇਅਦਬੀ ਲਈ ਡੇਰਾ ਸਿਰਸਾ ਦੀ 45 ਮੈਂਬਰੀ ਸੂਬਾ ਕਮੇਟੀ ਦੇ ਮੈਂਬਰ ਜਤਿੰਦਰਬੀਰ ਅਰੋੜਾ ਨੂੰ ਸੌਂਪੇ ਸਨ।
''ਅਰੋੜਾ ਨੇ ਕਥਿਤ ਤੌਰ 'ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈ ਕਾ ਦੇ ਰਹਿਣ ਵਾਲੇ ਸੁਖਮੰਦਰ ਸਿੰਘ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।''
ਜਾਂਚ ਵਿੱਚ ਦੱਸਿਆ ਗਿਆ ਹੈ ਕਿ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਨੇ ਪਿੰਡ ਮੱਲਕੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਰਚੀ ਸੀ।
ਡੇਰੇ ਨੇ ਕੀ ਕਿਹਾ
ਡੇਰੇ ਦੇ ਸੀਨੀਅਰ ਆਗੂ ਹਰਚਰਨ ਸਿੰਘ ਨੇ ਕਿਹਾ ਕਿ ਅਜੇ ਉਹ ਸੰਦੀਪ ਦੀ ਗ੍ਰਿਫ਼ਤਾਰੀ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਜਦੋਂ ਉਸ ਨੂੰ ਇੱਥੇ ਪੰਜਾਬ ਲਿਆਂਦਾ ਜਾਵੇਗਾ, ਉਦੋਂ ਹੀ ਉਸ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਰਹੀ ਗੱਲ ਬੇਅਦਬੀ ਦੀ ਤਾਂ ਇਸ 'ਤੇ ਸਾਡਾ ਸਟੈਂਡ ਪਹਿਲਾਂ ਹੀ ਸਪੱਸ਼ਟ ਹੈ ਕਿ ਇਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਨਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਡੇਰੇ ਦਾ ਕਦੇ ਵੀ ਕਿਸੇ ਵੀ ਬੇਅਦਬੀ ਵਿੱਚ ਕੋਈ ਰੋਲ ਨਹੀਂ ਰਿਹਾ।"
ਬੇਅਦਬੀ ਕਾਂਡ- ਕਦੋਂ ਕੀ ਹੋਇਆ?
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।
ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੂਨ 2019 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
18 ਅਕਤੂਬਰ 2015 - ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ।
26 ਅਕਤੂਬਰ 2015 - ਪੰਜਾਬ ਸਰਕਾਰ ਵੱਲੋਂ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।
30 ਜੂਨ 2016 -ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
14 ਅਪ੍ਰੈਲ 2017- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ।
30 ਜੂਨ 2017 - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
28 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਗਈ।
10 ਸਤੰਬਰ 2018 - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਦ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ ਗਈ।
9 ਦਸੰਬਰ 2018 - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋਇਆ।
ਕੀ ਹੈ ਬਰਗਾੜੀ, ਬੇਅਦਬੀ ਕੇਸ ?
12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਹੋਏ ਮਿਲੇ।
ਇਹ ਪੱਤਰੇ 1 ਜੂਨ 2015 ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਸਨ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਹਨਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।
ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।
ਏਡੀਜੀਪੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਜਦਕਿ ਚੰਡੀਗੜ੍ਹ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।
ਗੁਰੂਸਰ ਭਗਤਾ ਬੇਅਦਬੀ ਕੇਸ
20 ਅਕਤੂਬਰ 2015 ਨੂੰ ਬਠਿੰਡਾ ਦੇ ਪਿੰਡ ਗੁਰੂਸਰ ਭਗਤਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ।
2018 ਵਿੱਚ ਤਤਕਾਲੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਐਸਆਈਟੀ ਨੇ ਗੁਰੂਸਰ ਭਗਤਾ ਕੇਸ ਵਿੱਚ ਡੇਰਾ ਪੈਰੋਕਾਰ ਜਤਿੰਦਰਵੀਰ ਅਰੋੜਾ ਨੂੰ ਪੰਜ ਹੋਰ ਡੇਰਾ ਪੈਰੋਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਪਿੰਡ ਮੱਲਕੇ ਬੇਅਦਬੀ ਕੇਸ
5 ਨਵੰਬਰ 2015 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ।
ਪੁਲਿਸ ਨੇ ਮੱਲਕੇ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਿਥੀ ਸਿੰਘ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
7 ਜੁਲਾਈ, 2022 ਨੂੰ ਬਾਘਾਪੁਰਾਣਾ ਦੀ ਅਦਾਲਤ ਨੇ ਡੇਰਾ ਪੈਰੋਕਾਰ ਪ੍ਰਿਥਵੀ ਸਿੰਘ, ਮਿੱਠੂ ਸਿੰਘ ਮਾਨ ਅਤੇ ਅਮਰਦੀਪ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਠਹਿਰਾਇਆ ਅਤੇ 3 ਸਾਲ ਦੀ ਸਜ਼ਾ ਸੁਣਾਈ।