ਬੇਅਦਬੀ ਕਾਂਡ: ਮੁੱਖ ਮੰਤਰੀ ਵੱਲੋਂ ਸਿੱਖ ਆਗੂਆਂ ਨੂੰ ਸੌਂਪੀ ਗਈ ਰਿਪੋਰਟ ਬਾਰੇ ਕਿਹੋ-ਜਿਹੇ ਸਵਾਲ ਉੱਠ ਰਹੇ ਹਨ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਜੁਲਾਈ ਨੂੰ ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਰਿਹਾਇਸ਼ ਉੱਪਰ ਸਿੱਖ ਧਾਰਮਿਕ ਆਗੂਆਂ ਨੂੰ ਬੇਅਦਬੀ ਕੇਸਾਂ ਦੀ ਜਾਂਚ ਰਿਪੋਰਟ ਦਿੱਤੀ ਗਈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਰਿਪੋਰਟ ਉੱਪਰ ਹੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ।

ਇਹ ਪਿਛਲੇ 7 ਸਾਲਾਂ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬੇਅਦਬੀ ਕਾਂਡ ਨਾਲ ਸਬੰਧਤ ਕਿਸੇ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ ਹੋਵੇ।

ਅਸਲ ਵਿੱਚ ਜਿਹੜੀ 467 ਪੰਨਿਆਂ ਦੀ ਰਿਪੋਰਟ ਇੱਕ ਕਿਤਾਬ ਦੀ ਸ਼ਕਲ ਵਿੱਚ ਸਿੱਖ ਧਾਰਮਿਕ ਆਗੂਆਂ ਦੇ ਹਵਾਲੇ ਕੀਤੀ ਗਈ ਹੈ, ਉਸ ਵਿੱਚ ਸਿਰਫ਼ ਪਹਿਲੀ ਜੂਨ 2015 ਨੂੰ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਸਬੰਧਤ ਹੋਈ ਕਾਰਵਾਈ ਦਾ ਹੀ ਜ਼ਿਕਰ ਹੈ।

ਇਸ ਰਿਪੋਰਟ ਵਿੱਚ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਕੀ ਕਾਰਵਾਈ ਹੋਈ, ਉਸ ਸਬੰਧੀ ਵੇਰਵਾ ਦਰਜ ਨਹੀਂ ਹੈ।

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਬਾਅਦ ਵਿੱਚ ਹੋਈ ਬੇਅਦਬੀ ਦੇ ਮਾਮਲੇ ਵਿੱਚ 29 ਜੁਲਾਈ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਕਥਿਤ ਦੋਸ਼ੀਆਂ ਵਿਰੁੱਧ ਦੋਸ਼ ਆਇਦ ਕੀਤੇ ਜਾਣ ਦੀ ਤਾਰੀਖ ਮਿੱਥੀ ਗਈ ਹੈ।

  • ਰਿਪੋਰਟ ਸਿਰਫ਼ ਜੂਨ 2015 ਵਿੱਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੇ ਹੋਈ ਕਾਰਵਾਈ ਬਾਰੇ ਹੀ ਹੈ।
  • ਇਸ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਕੋਈ ਜ਼ਿਕਰ ਨਹੀਂ ਹੈ।
  • ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਣਾਈ ਗਈ ਪੰਜ ਮੈਂਬਰੀ ਐੱਸਆਈਟੀ ਨੇ ਲਗਭਗ ਇੱਕ ਸਾਲ ਜਾਂਚ ਕਰਨ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਹੈ।
  • ਬੇਅਦਬੀ ਬਾਰੇ ਜਾਨਤਕ ਕੀਤੀ ਗਈ ਇਹ ਕਿਸੇ ਵੀ ਕਿਸਮ ਦੀ ਪਹਿਲੀ ਜਾਂਚ ਰਿਪੋਰਟ ਹੈ।
  • ਸਿੱਖ ਹਲਕਿਆਂ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਰਕੇ ਨਿਰਾਸ਼ਾ ਚੱਲ ਰਹੀ ਹੈ।
  • ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਤਿੰਨ ਡੇਰਾ ਪ੍ਰੇਮੀਆਂ ਨੂੰ ਇਸ ਵੇਲੇ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤਾ ਗਿਆ ਹੈ।

ਰਿਪੋਰਟ ਵਿੱਚ ਕੀ ਹੈ?

ਪੰਜਾਬ ਸਰਕਾਰ ਨੇ 2015 ਦੀ ਬੇਅਦਬੀ ਮਾਮਲਿਆਂ ਦੀ ਅੰਤਿਮ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਇਸ ਵਿੱਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਹਾਲਾਂਕਿ ਡੇਰੇ ਵੱਲੋਂ ਵਾਰ-ਵਾਰ ਬੇਅਦਬੀ ਮਾਮਲਿਆਂ ਵਿੱਚ ਕਿਸੇ ਵੀ ਤਰੀਕੇ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ ਹੈ।

ਮਾਮਲਾ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਹੱਥ ਲਿਖਤ ਬੇਅਦਬੀ ਵਾਲੇ ਪੋਸਟਰ ਲਗਾਉਣ ਨਾਲ ਸਬੰਧਤ ਘਟਨਾਵਾਂ ਅਤੇ ਬਰਗਾੜੀ ਵਿਖੇ ਖਿੱਲਰੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗਾਂ ਨਾਲ ਜੁੜੀਆਂ ਘਟਨਾਵਾਂ ਬਾਰੇ ਹੈ।

ਇਨ੍ਹਾਂ ਘਟਨਾਵਾਂ ਕਾਰਨ ਫਰੀਦਕੋਟ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ। ਅਕਤੂਬਰ 2015 ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ ਵਿੱਚ, ਬਹਿਬਲ ਕਲਾਂ ਵਿੱਚ ਦੋ ਵਿਅਕਤੀ ਵੀ ਮਾਰੇ ਗਏ ਸਨ ਜਦਕਿ ਫਰੀਦਕੋਟ ਦੇ ਕੋਟਕਪੂਰਾ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੁਲਿਸ ਦੇ ਇੰਸਪੈਕਟਰ ਜਨਰਲ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ ਅਤੇ 21 ਅਪ੍ਰੈਲ ਨੂੰ ਸੂਬੇ ਦੇ ਡੀਜੀਪੀ ਨੂੰ ਇਸ ਦੀ ਰਿਪੋਰਟ ਸੌਂਪੀ ਸੀ।

ਰਿਪੋਰਟ ਅਨੁਸਾਰ, ਤਿੰਨਾਂ ਮਾਮਲਿਆਂ ਪਿਛਲੇ ਮਕਸਦ ਦਾ "ਡੇਰਾ ਸੱਚਾ ਸੌਦਾ ਨਾਲ ਸਿੱਧਾ ਸਬੰਧ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਡੇਰੇ ਦੇ ਸਮਰਥਕ ਹਨ।"

ਰਿਪੋਰਟ 'ਚ ਇਹ ਵੀ ਲਿਖਿਆ ਗਿਆ ਹੈ ਕਿ "ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਇਕੱਠੀ ਕੀਤੀ ਸਮੱਗਰੀ/ਸਬੂਤਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੁਲਜ਼ਮਾਂ ਦਾ ਡੇਰੇ ਦੇ ਪ੍ਰਬੰਧਕਾਂ ਨਾਲ ਸਿੱਧਾ ਸਬੰਧ ਸੀ ਅਤੇ ਘਟਨਾਵਾਂ ਦੇ ਪਿੱਛੇ ਦਾ ਮਕਸਦ ਫਿਲਮ 'ਐੱਮਐੱਸਜੀ-2' ਨਾਲ ਵੀ ਜੁੜਿਆ ਹੋਇਆ ਸੀ।''

ਇਹ ਵੀ ਪੜ੍ਹੋ:

ਦੱਸਿਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸਮਰਥਕ ਰਾਮ ਰਹੀਮ ਦੀ ਫ਼ਿਲਮ 'ਮੈਸੇਂਜਰ ਆਫ ਗੌਡ' (ਐੱਮਐੱਸਜੀ-2) ਦੇ ਰਿਲੀਜ਼ ਨਾ ਹੋਣ ਤੋਂ ਨਾਰਾਜ਼ ਸਨ।

ਇਸ ਮਾਮਲੇ 'ਚ ਐੱਸਆਈਟੀ ਨੇ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਅਤੇ ਇਸ ਬਾਰੇ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਇਸ ਦੌਰਾਨ ਗੁਰਮੀਤ ਰਾਮ ਰਹੀਮ ਦਾ ਰੁਖ ''ਅਸਹਿਯੋਗ'' ਵਾਲਾ ਰਿਹਾ।

ਸਿੱਖ ਆਗੂਆਂ ਦਾ ਰਿਪੋਰਟ ਬਾਰੇ ਕੀ ਕਹਿਣਾ ਹੈ?

ਸਿੱਖ ਆਗੂਆਂ ਦੇ ਹਵਾਲੇ ਕੀਤੀ ਗਈ ਰਿਪੋਰਟ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ 8 ਡੇਰਾ ਪੈਰੋਕਾਰਾਂ ਉੱਪਰ ਕਥਿਤ ਤੌਰ 'ਤੇ ਬੇਅਦਬੀ ਕਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਇਸ ਜਾਂਚ ਟੀਮ ਨੇ ਕਰੀਬ ਇੱਕ ਵਰ੍ਹੇ ਦਾ ਸਮਾਂ ਲੰਘਾਉਣ ਤੋਂ ਬਾਅਦ ਆਪਣੀ 467 ਸਫੇ ਦੀ ਰਿਪੋਰਟ ਸਰਕਾਰ ਦੇ ਹਵਾਲੇ ਕੀਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸਿਓਂ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਧਾਰਮਿਕ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਰਕਾਰ ਨੇ ਪਹਿਲੀ ਵਾਰ ਕਿਸੇ ਅਜਿਹੀ ਰਿਪੋਰਟ ਨੂੰ ਜਨਤਕ ਕੀਤਾ ਹੈ।

"467 ਸਫ਼ਿਆਂ ਦੀ ਇਹ ਲੰਮੀ-ਚੌੜੀ ਰਿਪੋਰਟ ਹੈ ਅਤੇ ਇਸ ਉੱਪਰ ਕਿਸੇ ਵੀ ਕਿਸਮ ਦੀ ਟਿੱਪਣੀ ਅਸੀਂ ਇਸ ਨੂੰ ਪੂਰਨ ਤੌਰ ਉੱਪਰ ਵਾਚਣ ਮਗਰੋਂ ਹੀ ਕਰਨ ਦੇ ਸਮਰੱਥ ਹੋ ਸਕਾਂਗੇ। ਹਾਂ, ਇਸ ਗੱਲ ਦੀ ਸੰਤੁਸ਼ਟੀ ਹੈ ਕਿ ਚਲੋ ਸਰਕਾਰ ਨੇ ਪਹਿਲੀ ਵਾਰ ਬੇਅਦਬੀ ਕਾਂਡ ਨਾਲ ਜੁੜੀ ਕੋਈ ਰਿਪੋਰਟ ਤਾਂ ਲੋਕਾਂ ਸਾਹਮਣੇ ਲਿਆਂਦੀ ਹੈ। ਰਿਪੋਰਟ ਪੜ੍ਹਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਵਿੱਚ ਕੀ ਸਹੀ ਹੈ ਅਤੇ ਕੀ ਗ਼ਲਤ।"

ਉਨ੍ਹਾਂ ਕਿਹਾ, "ਹਾਲੇ ਸਾਨੂੰ ਪੰਜਾਬ ਸਰਕਾਰ ਵੱਲੋਂ ਕਿਤਾਬ ਦੇ ਰੂਪ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਉੱਥੋਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋਈ ਬੇਅਦਬੀ ਦੀ ਰਿਪੋਰਟ ਹੀ ਮਿਲੀ ਹੈ। ਇਸ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਕੋਈ ਜ਼ਿਕਰ ਨਹੀਂ ਹੈ।"

ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਦਰਭ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਵਿਸ਼ੇਸ਼ ਜਾਂਚ ਦਲ ਅਤੇ ਕਮਿਸ਼ਨ ਕਾਇਮ ਕੀਤੇ ਗਏ ਪਰ ਹਰ ਵਾਰ ਗੱਲ ਰੋਲ-ਘਚੋਲੇ ਵਿੱਚ ਹੀ ਪੈਂਦੀ ਰਹੀ।

"ਸਾਡੀਆਂ ਨਜ਼ਰਾਂ ਇਸ ਬੇਅਦਬੀ ਕਾਂਡ ਦੇ ਸਬੰਧ ਵਿੱਚ ਆਉਣ ਵਾਲੀ 29 ਜੁਲਾਈ ਉੱਪਰ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਦਿਨ ਹੀ ਮੁਲਜ਼ਮਾਂ ਖ਼ਿਲਾਫ਼ ਇਲਜ਼ਾਮ ਆਇਦ ਹੋਣੇ ਹਨ। ਉਸ ਦਿਨ ਮੁਲਜ਼ਮਾਂ ਬਾਰੇ ਸਮੁੱਚੀ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ।"

ਸਿੱਖ ਜਗਤ ਵਿੱਚ ਇਸ ਗੱਲ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਭਾਰੀ ਨਿਰਾਸ਼ਾ ਚੱਲ ਰਹੀ ਹੈ ਕਿ ਆਖਰਕਾਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਰਕਾਰਾਂ ਕਾਰਵਾਈ ਕਿਉਂ ਨਹੀਂ ਕਰ ਰਹੀਆਂ।

1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਮਗਰੋਂ ਪਿੰਡ ਵਿੱਚ ਇਤਰਾਜ਼ਯੋਗ ਅਤੇ ਭੜਕਾਊ ਭਾਸ਼ਾ ਵਾਲੇ ਪੋਸਟਰ ਵੀ ਲਗਾਏ ਗਏ ਸਨ।

ਸਿੱਖ ਆਗੂਆਂ ਵੱਲੋਂ ਹਾਸਿਲ ਕੀਤੀ ਗਈ ਰਿਪੋਰਟ ਦੇ ਕੁਝ ਅੰਸ਼ ਪੜ੍ਹਨ ਮਗਰੋਂ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਜਾਰੀ ਕੀਤੀ ਗਈ ਐੱਮਐੱਸਜੀ-2 ਫ਼ਿਲਮ ਦੇ ਪੰਜਾਬ ਵਿਚ ਰਿਲੀਜ਼ ਨਾ ਹੋਣ ਦੇ ਵਿਰੋਧ ਵਿੱਚ ਸਾਹਮਣੇ ਆਇਆ ਸੀ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈਜੀ ਐੱਸਪੀਐੱਸ ਪਰਮਾਰ ਵੱਲੋਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਡੂੰਘੀ ਪੁੱਛਗਿੱਛ ਕੀਤੀ ਗਈ ਸੀ।

ਵੀਡੀਓ: ਬੇਅਦਬੀ ਕਾਂਡ 2015 ਪੂਰਾ ਮਾਮਲਾ

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਸੱਚਾ ਸੌਦਾ ਸਿਰਸਾ ਦੇ ਤਿੰਨ ਪ੍ਰੇਮੀ ਇਸ ਵੇਲੇ ਪੁਲਿਸ ਦੀ ਪਕੜ ਤੋਂ ਬਾਹਰ ਹਨ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਵੱਲੋਂ ਜਾਂਚ ਕਰਕੇ ਇੱਕ 1300 ਸਫੇ ਦੀ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਪਰ ਬਾਅਦ ਵਿੱਚ ਪੰਜਾਬ ਪੁਲਿਸ ਦੇ ਵੱਖ-ਵੱਖ ਵਿਸ਼ੇਸ਼ ਜਾਂਚ ਦਲ ਦੇ ਹਵਾਲੇ ਇਸ ਜਾਂਚ ਨੂੰ ਦੇ ਦਿੱਤਾ ਗਿਆ ਸੀ।

ਰਿਪੋਰਟ ਉੱਪਰ ਕਿਸ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ?

ਪੰਜਾਬ ਸਰਕਾਰ ਦੀ ਇਸ ਜਾਂਚ ਰਿਪੋਰਟ ਉੱਪਰ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਹਨ।

ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਆਪਣੀ ਜਾਨ ਗੁਆਉਣ ਵਾਲੇ ਪਿੰਡ ਨਿਆਮੀਵਾਲਾ ਦੇ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਇਸ ਰਿਪੋਰਟ ਨੂੰ ਕਥਿਤ ਤੌਰ 'ਤੇ ਲੋਕਾਂ ਨੂੰ 'ਗੁੰਮਰਾਹ' ਕਰਨ ਵਾਲੀ ਦੱਸਿਆ ਹੈ।

ਸੁਖਰਾਜ ਸਿੰਘ ਨਿਆਮੀਵਾਲਾ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਬਹਿਬਲ ਕਲਾਂ ਵਿਖੇ ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗ ਉੱਪਰ ਧਰਨੇ ਉਪਰ ਬੈਠੇ ਹੋਏ ਹਨ।

ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ 14 ਅਕਤੂਬਰ 2015 ਨੂੰ ਪੁਲੀਸ ਗੋਲੀ ਨਾਲ ਮਾਰੇ ਗਏ ਸਨ।

ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਜਿਹੜੇ ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ, ਉਸ ਨੂੰ ਇਕ ਕਿਤਾਬ ਦੇ ਰੂਪ ਵਿਚ ਜਿਲਦਬੰਦ ਕਰਕੇ ਹੀ ਸਿੱਖ ਆਗੂਆਂ ਦੇ ਹਵਾਲੇ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਇਸ ਰਿਪੋਰਟ ਨਾਲ ਲੋਕ ਦੁਬਿਧਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹ ਅਧੂਰੀ ਰਿਪੋਰਟ ਹੈ ਜਿਸ ਨੂੰ ਕਿਸੇ ਵੀ ਕਿਸਮ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ।"

ਦੂਜੇ ਪਾਸੇ ਡੇਰਾ ਸੱਚਾ ਸੌਦਾ ਸਿਰਸਾ ਨੇ ਰਿਪੋਰਟ ਅਤੇ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੀਆਂ ਗਈਆਂ ਸਮੁੱਚੀਆਂ ਕਹਾਣੀਆਂ ਨੂੰ 'ਮਨਘੜਤ' ਕਰਾਰ ਦਿੱਤਾ ਹੈ।

ਡੇਰੇ ਦੀ 45 ਮੈਂਬਰੀ ਕਮੇਟੀ ਦੇ ਅਹਿਮ ਰੁਕਨ ਹਰਚਰਨ ਸਿੰਘ ਨੇ ਦੱਸਿਆ ਕਿ ਬੇਅਦਬੀ ਦੇ ਮਾਮਲੇ ਸਬੰਧੀ ਆਪਣੀ ਸਥਿਤੀ ਅਨੇਕਾਂ ਵਾਰ ਸਪੱਸ਼ਟ ਕਰ ਚੁੱਕੇ ਹਨ।

"ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਤਾਂ ਦੂਰ ਦੀ ਗੱਲ ਹੈ ਸਗੋਂ ਇਸ ਬਾਰੇ ਕੋਈ ਡੇਰਾ ਪ੍ਰੇਮੀ ਸੋਚ ਵੀ ਨਹੀਂ ਸਕਦਾ। ਸਰਕਾਰਾਂ ਡੇਰੇ ਉੱਪਰ ਦਬਾਅ ਕਾਇਮ ਕਰਨ ਲਈ ਮਨਘੜਤ ਕਹਾਣੀਆਂ ਦਾ ਸਹਾਰਾ ਲੈ ਰਹੀਆਂ ਹਨ ਪਰ ਅਦਾਲਤ ਉੱਪਰ ਸਾਨੂੰ ਪੂਰਾ ਭਰੋਸਾ ਹੈ ਅਤੇ ਨਿਆਂ ਹੋ ਕੇ ਰਹੇਗਾ।"

ਉਨ੍ਹਾਂ ਨੇ ਕਿਹਾ, "ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਿਸੇ ਵੀ ਡੇਰਾ ਪ੍ਰੇਮੀ ਜਾਂ ਡੇਰੇ ਦਾ ਕੋਈ ਵੀ ਸਬੰਧ ਨਹੀਂ ਹੈ ਪਰ ਫਿਰ ਵੀ ਸਿਆਸੀ ਹਿੱਤਾਂ ਲਈ ਡੇਰੇ ਨੂੰ ਬਦਨਾਮ ਕਰਨ ਲਈ ਲਗਾਤਾਰ ਚਾਲ ਚੱਲੀ ਜਾ ਰਹੀ ਹੈ।"

ਬੇਅਦਬੀ ਕਾਂਡ- ਕਦੋਂ ਕੀ ਹੋਇਆ?

  • 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।
  • 25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ।
  • 12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
  • 14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
  • ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।
  • ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੂਨ 2019 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
  • 18 ਅਕਤੂਬਰ 2015 - ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ।
  • 26 ਅਕਤੂਬਰ 2015 - ਪੰਜਾਬ ਸਰਕਾਰ ਵੱਲੋਂ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।
  • 30 ਜੂਨ 2016 -ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
  • 14 ਅਪ੍ਰੈਲ 2017- ਕੈਪਟਨ ਅਨਰਿੰਦਰ ਸਿੰਘ ਦੀ ਸਰਕਾਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ।
  • 30 ਜੂਨ 2017 - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
  • 28 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਗਈ।
  • 10 ਸਤੰਬਰ 2018 - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਕਾਰਵਾਈ ਦੀ ਦੀ ਜਾਂਚ ਲਈ ਏਡੀਜੀਪੀ ਪ੍ਰਬੋਦ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ ਗਈ।
  • 9 ਦਸੰਬਰ 2018 - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋਇਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)