7 ਸਾਲਾਂ ’ਚ ਡੇਰਾ ਸਿਰਸਾ ਦੇ 7 ਪ੍ਰੇਮੀਆਂ ਦੇ ਕਤਲ ਮਗਰੋਂ ਕਿਵੇੇਂ ਸਹਿਮੇ ਹਨ ਡੇਰੇ ਦੇ ਸਮਰਥਕ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

"ਜਦੋਂ ਵੀ ਕਿਸੇ ਡੇਰਾ ਪ੍ਰੇਮੀ ਦਾ ਕਤਲ ਹੁੰਦਾ ਹੈ ਤਾਂ ਮੈਨੂੰ ਆਪਣੇ ਪਿਤਾ ਜੀ ਦੇ ਕਤਲ ਦੀ ਯਾਦ ਆ ਜਾਂਦੀ ਹੈ। ਫਿਰ ਮੈਂ ਸੋਚਾਂ ਵਿੱਚ ਗੁੰਮ ਹੋ ਜਾਂਦਾ ਹਾਂ। ਸੋਚਣ ਲੱਗਦਾ ਹਾਂ ਕਿ ਅੱਜ ਇੱਕ ਹੋਰ ਬੇਕਸੂਰ ਪਰਿਵਾਰ ਦੇ ਮੁਖੀ ਦਾ ਹੱਥ ਉਸ ਦੇ ਬੱਚਿਆਂ ਤੋਂ ਉੱਠ ਗਿਆ ਹੈ।" 

ਇਹ ਭਾਵੁਕ ਬੋਲ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਕਮੇਟੀ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ ਦੇ ਪੁੱਤਰ ਅਮਰਿੰਦਰ ਪਾਲ ਦੇ ਹਨ।

ਅਮਰਿੰਦਰ ਪਾਲ ਕਹਿੰਦੇ ਹਨ, "ਮੇਰੇ ਪਿਤਾ ਜੀ ਮੇਰੇ ਜਨਮ ਤੋਂ ਪਹਿਲਾਂ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ। ਮਨੁੱਖਤਾ ਦੇ ਕੰਮ ਕਰਨ ਵਿੱਚ ਉਹ ਮੋਹਰੀ ਸਨ ਪਰ ਉਨ੍ਹਾਂ ਦਾ ਜਾਣਾ ਸਾਡੇ ਪਰਿਵਾਰ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਹੈ।”

“ਹੁਣ ਸਰਕਾਰਾਂ ਤੋਂ ਨਹੀਂ ਸਗੋਂ ਰੱਬ ਤੋਂ ਇਨਸਾਫ਼ ਦੀ ਉਮੀਦ ਹੈ।"

ਡੇਰਾ ਸੱਚਾ ਸੌਦਾ ਦੀ ਇੱਕ ਕਮੇਟੀ ਦੇ ਅਹਿਮ ਮੈਂਬਰ ਰਹੇ ਮਹਿੰਦਰਪਾਲ ਬਿੱਟੂ ਨੂੰ ਸਾਲ 2019 ਵਿੱਚ ਨਾਭਾ ਦੀ ਅਤਿ ਸੁਰੱਖਿਆ ਵਾਲੀ ਸਮਝੀ ਜਾਂਦੀ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਸਾਲ 2015 ਵਿੱਚ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਦੇ ਅੰਗ ਗਲੀਆਂ ਵਿੱਚ ਮਿਲਣ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਠਨਾਂ ਦਰਮਿਆਨ ਟਕਰਾਅ ਦੀ ਸਥਿਤੀ ਬਣ ਗਈ ਸੀ। 

ਸੱਤ ਸਾਲ ਪਹਿਲਾਂ ਹੋਈ ਇਸ ਬੇਅਦਬੀ ਮਗਰੋਂ ਹੁਣ ਤੱਕ ਬਿੱਟੂ ਸਣੇ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਿਆ ਹੈ।

7ਵਾਂ ਕਤਲ ਕੁਝ ਹੀ ਸਮਾਂ ਪਹਿਲਾਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕੋਟਕਪੂਰਾ ਵਿੱਚ ਹੋਇਆ, ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਉਸ ਵੇਲੇ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਦੁਕਾਨ ਖੋਲ੍ਹਣ ਲਈ ਪਹੁੰਚੇ ਸਨ।

ਪ੍ਰਦੀਪ ਬੇਅਦਬੀ ਦੇ ਕੇਸ ਵਿੱਚ ਜ਼ਮਾਨਤ ਉੱਤੇ ਬਾਹਰ ਆਏ ਹੋਏ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਮਿਲੀ ਹੋਈ ਸੀ।

ਪਿਛਲੇ 7 ਸਾਲਾਂ ਦੌਰਾਨ 7 ਡੇਰਾ ਪ੍ਰੇਮੀਆਂ ਦੇ ਹੋਏ ਕਤਲਾਂ ਤੋਂ ਬਾਅਦ ਡੇਰੇ ਦੇ ਪ੍ਰਬੰਧਕ ਸਮੇਂ-ਸਮੇਂ ਦੀਆਂ ਸਰਕਾਰਾਂ ਉੱਪਰ ਸਵਾਲ ਚੁੱਕਦੇ ਹਨ।

10 ਨਵੰਬਰ 2022 ਨੂੰ ਕੋਟਕਪੂਰਾ ਵਿੱਚ ਡੇਰੇ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਸਾਫ਼ ਨਜਰ ਆਉਂਦੀ ਹੈ।

ਡੇਰਾ ਸੱਚਾ ਸੌਦਾ ਪ੍ਰੇਮੀਆਂ ਦੇ ਕਤਲ

  • 7 ਸਾਲਾਂ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ 7 ਪ੍ਰੇਮੀਆਂ ਦੇ ਕਤਲ ਹੋਏ
  • ਬੇਅਦਬੀ ਦੇ ਕੇਸਾਂ ਵਿੱਚ ਡੇਰਾ ਸੱਚਾ ਸੌਦਾ ਨਾਲ ਸੰਬੰਧਤ ਕਈ ਲੋਕ ਨਾਮਜ਼ਦ ਹਨ
  • ਡੇਰੇ ਦੇ ਪ੍ਰਬੰਧਕ ਸਮੇਂ-ਸਮੇਂ ਦੀਆਂ ਸਰਕਾਰਾਂ ਉੱਪਰ ਸਵਾਲ ਚੁੱਕਦੇ ਰਹੇ ਹਨ
  • ਕਈ ਸਮਰਥਕ ਹਾਲੇ ਵੀ ਡੇਰੇ ਨਾਲ ਜੁੜੇ ਹੋਏ ਹਨ
  • ਡੇਰੇ ਦੀ 45 ਮੈਂਬਰ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਇਨ੍ਹਾਂ ਕਤਲਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹਨ

ਜਦੋਂ ਅਸੀਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ਉੱਪਰ ਕਤਲ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਪਰਿਵਾਰਕ ਮੈਂਬਰ ਗੱਲਬਾਤ ਕਰਨ ਲਈ ਰਾਜ਼ੀ ਨਹੀਂ ਹੋਇਆ ਸੀ। 

ਪਰ ਬਾਅਦ ਵਿੱਚ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰ ਗੱਲ ਕਰਨ ਲਈ ਸਹਿਮਤ ਹੋ ਗਏ।

ਡੇਰਾ ਪ੍ਰੇਮੀਆਂ ਦੇ ਖਦਸ਼ੇ

ਡੇਰੇ ਦੀ 45 ਮੈਂਬਰ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਇਨ੍ਹਾਂ ਕਤਲਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਕੇਂਦਰੀ ਜਾਂਚ ਏਜੰਸੀ ਸੀਬੀਆਈ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਚੁੱਕੀ ਹੈ ਤਾਂ ਫਿਰ ਪੰਜਾਬ ਪੁਲਿਸ ਵੱਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਲ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਮਾਮਲੇ ਵਿੱਚ ਬਦਨਾਮ ਕਿਉਂ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਸਰਹੱਦੀ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਐੱਸਪੀ ਸਿੰਘ ਪਰਮਾਰ ਦੀ ਅਗਵਾਈ ਹੇਠ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ, ਬਲਜੀਤ ਸਿੰਘ, ਪਰਦੀਪ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਨ੍ਹਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਉਪਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ:

ਡੇਰਾ ਪ੍ਰੇਮੀਆਂ ਦੇ ਸਵਾਲ

ਡੇਰੇ ਦੀ ਪ੍ਰਬੰਧਕ ਕਮੇਟੀ ਇਹ ਸਵਾਲ ਵੀ ਚੁੱਕਦੀ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਗੁਰਦੇਵ ਸਿੰਘ, ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਕਸਬਾ ਭਗਤਾ ਭਾਈ ਕਾ ਵਿੱਚ ਕਤਲ ਕੀਤੇ ਗਏ ਮਨੋਹਰ ਲਾਲ ਤੋਂ ਇਲਾਵਾ ਮਹਿੰਦਰਪਾਲ ਬਿੱਟੂ, ਚਰਨ ਦਾਸ, ਸਤਪਾਲ ਸ਼ਰਮਾ, ਰਮੇਸ਼ ਕੁਮਾਰ ਅਤੇ ਪਰਦੀਪ ਸਿੰਘ ਦੇ ਕਤਲ ਪਿੱਛੇ ਜਿਹੜੀ ਸ਼ਾਜਿਸ਼ ਹੈ, ਉਸ ਨੂੰ ਹਾਲੇ ਤੱਕ ਪੁਲਿਸ ਬੇਪਰਦਾ ਨਹੀਂ ਕਰ ਸਕੀ ਹੈ।

ਹਰਚਰਨ ਸਿੰਘ ਕਹਿੰਦੇ ਹਨ, “ਸਾਨੂੰ ਅਦਾਲਤਾਂ ਉੱਪਰ ਪੂਰਨ ਭਰੋਸਾ ਹੈ ਅਤੇ ਇੱਕ ਦਿਨ ਡੇਰਾ ਪ੍ਰੇਮੀਆਂ ਸਿਰ ਲਾਇਆ ਗਿਆ ਬੇਅਦਬੀ ਦਾ ਕਲੰਕ ਜ਼ਰੂਰ ਲੱਥੇਗਾ।“

ਇਸੇ ਤਰ੍ਹਾਂ ਮਹਿੰਦਰਪਾਲ ਬਿੱਟੂ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੇ ਜਨਮ ਤੋਂ ਹੀ ਡੇਰੇ ਨਾਲ ਜੁੜੇ ਹੋਏ ਹਨ।

ਉਨ੍ਹਾਂ ਮੁਤਾਬਕ, “ਮੇਰੇ ਪਿਤਾ ਡੇਰੇ ਤੋਂ ਮਨੁੱਖਤਾ ਦੀ ਸੇਵਾ ਦਾ ਸਬਕ ਲੈ ਕੇ ਆਏ ਸਨ ਅਤੇ ਆਪਣੇ ਆਖਰੀ ਸਾਹਾਂ ਤੱਕ ਉਨ੍ਹਾਂ ਨੇ ਇਸ ਸੇਵਾ ਨੂੰ ਨਿਭਾਇਆ।”

“ਮੈਨੂੰ ਨਿਆਂ ਕਿਵੇਂ ਮਿਲੇਗਾ ਕਿਉਂਕਿ ਡੇਰਾ ਪ੍ਰੇਮੀਆਂ ਨੂੰ ਕਤਲ ਕਰਨ ਦੀ ਸ਼ਾਜਿਸ਼ ਪਿਛਲੇ 7 ਸਾਲਾਂ ਤੋਂ ਨਿਰੰਤਰ ਬਰਕਰਾਰ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੇਅਦਬੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਾ ਲੈ ਕੇ ਅਸਲੀ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।”

‘ਆਰਥਿਕਤਾ ਉੱਤੇ ਪਿਆ ਅਸਰ’

ਬੇਅਦਬੀ ਕੇਸ ਵਿੱਚ ਨਾਮਜ਼ਦ ਕੀਤੇ ਗਏ ਸ਼ਕਤੀ ਸਿੰਘ ਅਤੇ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਉਨ੍ਹਾਂ ਉੱਪਰ ਕੇਸ ਦਰਜ ਹੋਇਆ ਹੈ, ਉਸ ਦਿਨ ਤੋਂ ਹੀ ਉਨ੍ਹਾਂ ਦੇ ਘਰਾਂ ਦੀ ਆਰਥਿਕਤਾ ਤਬਾਹ ਹੋ ਗਈ ਹੈ।

ਬਲਜੀਤ ਸਿੰਘ ਕਹਿੰਦੇ ਹਨ, “ਸਾਡਾ ਪਰਿਵਾਰ ਗੁਰੂ ਘਰ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ। ਮੇਰੇ ਪਿਤਾ ਜੀ ਨੇ ਸਾਡੇ ਪਿੰਡ ਦੇ ਇੱਕ ਗੁਰਦੁਵਾਰਾ ਸਾਹਿਬ ਦੀ ਉਸਾਰੀ ਸੇਵਾ ਭਾਵਨਾ ਨਾਲ ਕੀਤੀ ਹੈ।”

“ਮੈਂ ਪਸ਼ੂਆਂ ਦੇ ਇਲਾਜ ਦਾ ਕੰਮ ਕਰਦਾ ਸੀ ਜੋ ਹੁਣ ਖਤਮ ਹੋ ਚੁੱਕਾ ਹੈ। ਘਰ ਦੀ ਰੋਜ਼ੀ ਰੋਟੀ ਮੇਰੇ ਪਿਤਾ ਵੱਲੋਂ ਕੀਤੀ ਜਾਂਦੀ ਦਿਹਾੜੀ ਉੱਪਰ ਨਿਰਭਰ ਹੋ ਕੇ ਰਹਿ ਗਈ ਹੈ।”

“ਮੈਨੂੰ ਸਰਕਾਰ ਨੇ ਅੰਗ ਰੱਖਿਅਕ ਦਿੱਤੇ ਹੋਏ ਹਨ ਜਿਸ ਕਾਰਨ ਕੋਈ ਵੀ ਵਿਅਕਤੀ ਮੇਰੇ ਪਾਸੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣ ਲਈ ਤਿਆਰ ਨਹੀਂ ਹੁੰਦਾ।”

“ਅਸੀਂ ਤਾਂ ਕਹਿੰਦੇ ਹਾਂ ਕਿ ਜੇ ਸਾਡਾ ਦੋਸ਼ ਸਾਬਿਤ ਹੁੰਦਾ ਹੈ ਤਾਂ ਸਾਨੂੰ ਗੋਲੀ ਮਾਰ ਦਿਓ। ਪਰ ਕਿਉਂਕਿ ਅਸੀਂ ਸਿਆਸਤ ਦੀ ਇੱਕ ਖੇਡ ਦਾ ਸ਼ਿਕਾਰ ਹੋ ਰਹੇ ਹਾਂ ਇਸ ਲਈ ਇਨਸਾਫ ਦੀ ਉਮੀਦ ਰੱਬ ਉੱਪਰ ਹੈ। ਹੈਰਾਨੀ ਦੀ ਗੱਲ ਹੈ ਕਿ ਸਾਨੂੰ ਜਿਹੜੇ ਬੰਦਿਆਂ ਨੂੰ ਬੇਅਦਬੀ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਅਸੀਂ ਕੇਸ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਵੀ ਨਹੀਂ ਸੀ।''

ਬਲਜੀਤ ਸਿੰਘ ਆਪਣੇ ਆਨੰਦ ਕਾਰਜ ਸੰਬੰਧੀ ਗੁਰੂਦੁਆਰਾ ਸਾਹਿਬ ਤੋਂ ਮਿਲਿਆ ਸਰਟੀਫਿਕੇਟ ਦਿਖਾਉਂਦੇ ਹੋਏ ਇਹ ਕਹਿਣ ਦਾ ਯਤਨ ਕਰਦੇ ਨਜ਼ਰ ਆਉਂਦੇ ਹਨ ਕਿ ਜਿਸ ਪਰਿਵਾਰ ਦੀ ਆਸਥਾ ਗੁਰੂ ਘਰ ਵਿੱਚ ਹੋਵੇ, ਉਹ ਬੇਅਦਬੀ ਬਾਰੇ ਕਿਵੇਂ ਸੋਚ ਸਕਦਾ ਹੈ।

ਕਮੇਟੀ ਮੈਂਬਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਮਿਲੇ ਵਿਅਕਤੀ ਦਾ ਕਤਲ ਹੁੰਦਾ ਹੈ ਤਾਂ ਫਿਰ ਸਮੇਂ ਦੀਆਂ ਸਰਕਾਰਾਂ ਨੇ ਇਸ ਸੰਦਰਭ ਵਿੱਚ ਕੀ ਕਦਮ ਚੁੱਕੇ, ਇਸ ਗੱਲ ਦੀ ਉਨ੍ਹਾਂ ਨੂੰ ਹਾਲੇ ਵੀ ਉਡੀਕ ਹੈ।

ਉਹ ਕਹਿੰਦੇ ਹਨ, “ਅਸੀਂ ਇਸ ਗੱਲੋਂ ਚਿੰਤਤ ਹਾਂ ਕਿ ਮਨੁੱਖਤਾ ਦੀ ਸੇਵਾ ਕਰਨ ਵਾਲੇ ਬੇਕਸੂਰ ਲੋਕਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਅਤਿ ਨਿੰਦਣ ਯੋਗ ਹੈ। ਮੈਂ ਇਹ ਵੀ ਸਵਾਲ ਕਰਦਾ ਹਾਂ ਕਿ ਇਹ ਕਿਹੋ ਜਿਹੀ ਸੁਰੱਖਿਆ ਹੈ ਜੋ ਬੇਕਸੂਰ ਨੂੰ ਬਚਾਅ ਨਹੀਂ ਸਕਦੀ। ਡੇਰੇ ਵੱਲੋਂ ਇਹ ਗੱਲ ਵਾਰ-ਵਾਰ ਸਾਫ ਕੀਤੀ ਜਾਂਦੀ ਰਹੀ ਹੈ ਕਿ ਡੇਰਾ ਪ੍ਰੇਮੀਆਂ ਦਾ ਬੇਅਦਬੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ।“ 

ਉਹ ਕਹਿੰਦੇ ਹਨ, “ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਕਿ ਵਾਰ-ਵਾਰ ਆਪਣੀ ਸਫਾਈ ਦੇਣ ਤੋਂ ਬਾਅਦ ਵੀ ਡੇਰੇ ਨਾਲ ਜੁੜੇ ਹੱਸਦੇ-ਵੱਸਦੇ ਪਰਿਵਾਰਾਂ ਨੂੰ ਗੋਲੀਆਂ ਮਾਰ ਕੇ ਉਜਾੜਿਆ ਜਾ ਰਿਹਾ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਲੋਕ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਸਾਹਮਣੇ ਲਿਆਂਦਾ ਜਾਵੇ। ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਡੇਰੇ ਨੂੰ ਬਦਨਾਮ ਕਰਨ ਦੀ ਕੀ ਮਨਸ਼ਾ ਹੈ, ਉਸ ਦੀ ਜਾਂਚ ਵੀ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣੀ ਜ਼ਰੂਰੀ ਹੈ।“ 

'ਦੋ ਡੰਗ ਦੀ ਰੋਟੀ ਦਾ ਵੀ ਫਿਕਰ ਰਹਿੰਦਾ ਹੈ'

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨਾਲ ਜੁੜੀ ਬੇਅਦਬੀ ਦੀ ਘਟਨਾ ਵਿੱਚ ਨਾਮਜਦ ਕੀਤੇ ਗਏ ਸ਼ਕਤੀ ਸਿੰਘ ਵੀ ਆਪਣੇ ਪਰਿਵਾਰ ਦੇ ਆਰਥਿਕ ਪੱਖੋਂ ਤਬਾਹ ਹੋਣ ਦੀ ਕਹਾਣੀ ਬਿਆਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਨਾਮਜ਼ਦ ਹੋਣ ਕਾਰਨ ਉਨ੍ਹਾਂ ਨੂੰ ਹਰ ਵੇਲੇ ਡਰ ਸਤਾਉਂਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਕਾਰੋਬਾਰ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੂੰ ਦੋ ਡੰਗ ਦੀ ਰੋਟੀ ਦੀ ਵੀ ਫਿਕਰ ਰਹਿੰਦੀ ਹੈ। 

ਉਹ ਕਹਿੰਦੇ ਹਨ, “ਮੈਂ ਚਾਹੁੰਦਾ ਹਾਂ ਕਿ ਸਰਕਾਰਾਂ ਮੈਨੂੰ ਨਿਆਂ ਦੇ ਕੇ ਮੇਰੇ ਮੱਥੇ ਉੱਪਰ ਲੱਗਿਆ ਬੇਅਦਬੀ ਦਾ ਦਾਗ਼ ਧੋਣ ਵਿੱਚ ਦੇਰੀ ਨਾ ਕਰਨ। ਮੈਂ ਅਤੇ ਮੇਰਾ ਪਰਿਵਾਰ ਘੁੱਟ-ਘੁੱਟ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ। ਮੈਨੂੰ ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ਼ ਹੈ ਕਿ ਮੈਂ ਜ਼ਰੂਰ ਬੇਕਸੂਰ ਹੋ ਕੇ ਲੋਕਾਂ ਸਾਹਮਣੇ ਆਵਾਂਗਾ।“

ਆਪਣੀ ਗੱਲਬਾਤ ਦੇ ਆਖਿਰ ਵਿੱਚ ਕਮੇਟੀ ਮੈਂਬਰ ਹਰਚਰਨ ਸਿੰਘ ਕਹਿੰਦੇ ਹਨ ਕਿ ਡੇਰਾ ਸੱਚਾ ਸੌਦਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਨਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ।

ਇੱਕ ਨਜ਼ਰ ਬੇਅਦਬੀ ਮਾਮਲੇ ਦੇ ਪੂਰੇ ਘਟਨਾਕ੍ਰਮ 'ਤੇ

  • ਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਦੀ ਬੀੜ ਪਿੰਡ ਕੋਟਕਪੁਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ।
  • 12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿੱਚੋਂ ਮਿਲੇ।
  • 14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਮੁਲਜ਼ਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੁਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ।
  • ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ।
  • 18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਹੋਏ।
  • 24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਹੋਇਆ।
  • 26 ਅਕਤੂਬਰ 2015: ਉਸ ਵੇਲੇ ਦੀ ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਪੋਸਟਰ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਮਿਲਣ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ।
  • 30 ਜੂਨ 2016: ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
  • 14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।
  • 30 ਜੂਨ 2018 ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।
  • 30 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।
  • 28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ ਕੀਤਾ ਗਿਆ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।
  • 10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।
  • ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਅਦਾਕਾਰ ਅਕਸ਼ੇ ਕੁਮਾਰ ਨੂੰ SIT ਨੇ ਪੁੱਛਗਿੱਛ ਲਈ ਸੱਦਿਆ ਸੀ। ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)