ਡੇਰਾ ਪ੍ਰੇਮੀ ਦੇ ਕਤਲ 'ਚ ਗ੍ਰਿਫ਼ਤਾਰ ਲੋਕਾਂ ਦੇ ਤਾਰ ਪੁਲਿਸ ਨੇ ਗੋਲਡੀ ਬਰਾੜ ਤੇ ਮੂਸੇਵਾਲਾ ਕਤਲਕਾਂਡ ਨਾਲ ਇੰਝ ਜੋੜਿਆ

ਕੋਟਕਪੂਰਾ ਵਿੱਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਦਾ ਅੰਤਿਮ ਸੰਸਕਾਰ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਛਾਪੇਮਾਰੀ ਕਰਕੇ ਕੁਝ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਦਿੱਲੀ ਪੁਲਿਸ ਦੇ ਡੀਸੀਪੀ ਮਨੀਸ਼ੀ ਚੰਦਰਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, ‘‘ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਾਮਲੇ ਵਿੱਚ 3 ਜਣਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਦਾ ਨਾਮ ਜਤਿੰਦਰ ਹੈ ਅਤੇ 2 ਨਾਬਾਲਗ ਹਨ।’’

ਡੀਸੀਪੀ ਮਨੀਸ਼ੀ ਚੰਦਰਾ ਨੇ ਦਾਅਵਾ ਕੀਤਾ ਕਿ ਇਸ ਕਤਲ ਪਿੱਛੇ ਗੋਲਡੀ ਬਰਾੜ ਦਾ ਹੱਥ ਹੈ।

ਵੀਰਵਾਰ ਸਵੇਰੇ ਕਰੀਬ 7 ਵਜੇ ਕੋਟਕਪੂਰਾ 'ਚ ਡੇਰਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਵਿੱਚ ਡੇਰਾ ਪ੍ਰੇਮੀ ਦਾ ਇੱਕ ਗੰਨਮੈਨ ਜ਼ਖਮੀ ਹੋ ਗਿਆ।

ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੁਕਾਨ ਖੋਲ੍ਹਣ ਲਈ ਪਹੁੰਚੇ ਸਨ। ਹਮਲਾਵਰ ਮੋਟਰ ਸਾਈਕਲਾਂ ’ਤੇ ਆਏ ਸਨ।

ਮਾਰੇ ਗਏ ਡੇਰਾ ਪ੍ਰੇਮੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਆਇਆ ਸੀ, ਸਾਲ 2021 ਤੋਂ ਉਹ ਜ਼ਮਾਨਤ ਉੱਤੇ ਚੱਲ ਰਿਹਾ ਸੀ। ਪ੍ਰਦੀਪ ਸਿੰਘ ਨੂੰ ਸੁਰੱਖਿਆ ਮਿਲੀ ਹੋਈ ਸੀ।

 ਮ੍ਰਿਤਕ ਪ੍ਰਦੀਪ ਦੀ ਪਤਨੀ ਸਿਮਰਨ ਨੇ ਇਸ਼ ਕਤਲ ਨੂੰ ਡੇਰਾ ਪ੍ਰੇਮੀਆਂ ਖ਼ਿਲਾਫ਼ ਚੱਲ ਰਹੀ ਕਿਸੇ ਗਹਿਰੀ ਸਾਜ਼ਿਸ਼ ਦੱਸਿਆ ਹੈ।

ਸਿਮਰਨ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਟਨਾ ਉੱਤੇ ਪ੍ਰਤੀਕਰਮ ਦਿੱਤਾ ਅਤੇ ਕਿਹਾ, “ਪੰਜਾਬ ਇੱਕ ਅਮਨ ਪਸੰਦ ਸੂਬਾ ਹੈ। ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।”

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

ਘਟਨਾ ਤੋਂ ਬਾਅਦ ਕੋਟਕਪੂਰਾ ਦੇ ਐੱਮਐੱਲਏ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਿਵਲ ਹਸਪਤਾਲ ਪਹੁੰਚੇ।

ਡੇਰਾ ਸੱਚਾ ਸੌਦਾ ਪ੍ਰੇਮੀ ਕਤਲ ਕਾਂਡ

  • ਕੋਟਕਪੂਰਾ ’ਚ ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਸਵੇਰੇ 7 ਵਜੇ ਕਤਲ ਹੋਇਆ
  • ਇਸ ਹਮਲੇ ਵਿਚ ਪ੍ਰਦੀਪ ਸਿੰਘ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਗੰਨਮੈਨ ਜ਼ਖ਼ਮੀ ਹੋ ਗਿਆ
  • ਪ੍ਰਦੀਪ ਸਿੰਘ 2015 ਦੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਮਾਮਲੇ ਦੇ ਨਾਮਜ਼ਦ ਮੁਲਜ਼ਮ ਹਨ
  • ਗੈਂਗਸਟਰ ਗੋਲਡੀ ਬਰਾੜ ਦੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਾਇਰਲ ਹੋ ਰਹੀ ਹੈ
  • ਮਾਮਲੇ ਵਿੱਚ ਦਿੱਲੀ ਪੁਲਿਸ ਨੇ ਦੋ ਨਾਬਾਲਗਾਂ ਸਣੇ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ

ਐੱਫਆਈਆਰ ਮੁਤਾਬਕ ਘਟਨਾ ਦਾ ਵੇਰਵਾ

ਐੱਫਆਈਆਰ ਦੀ ਕਾਪੀ ਵਿੱਚ ਮਰਹੂਮ ਪ੍ਰਦੀਪ ਸਿੰਘ ਦੀ ਪਤਨੀ ਸਿਮਰਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਦੀ ਦੁੱਧ ਦੀ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਹਰੀਨੌ ਰੋਡ ਕੋਟਕਪੂਰਾ ਵਿੱਚ ਹੈ ਅਤੇ ਉਨ੍ਹਾਂ ਦੀ ਬੁਟੀਕ ਵੀ ਦੁਕਾਨ ਦੇ ਨਾਲ ਹੀ ਹੈ।

ਐੱਫਆਈਆਰ ਮੁਤਾਬਕ ਲਿਖਿਆ ਹੈ, "ਸਾਡੇ ਤਿੰਨ ਬੱਚੇ ਹਨ। ਸਾਡੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਿਰਸੇ ਵਾਲੇ ਦਾ ਨਾਮ ਲਿਆ ਹੋਇਆ ਹੈ। ਮੇਰੇ ਪਤੀ ਨੂੰ ਗੰਨਮੈਨ ਮਿਲੇ ਹੋਏ ਸਨ।"

"ਅੱਜ ਮੇਰੇ ਪਤੀ ਗੰਨਮੈਨ ਨਾਲ ਆਪਣੀ ਦੁਕਾਨ 'ਤੇ ਮੌਜੂਦ ਸਨ। ਪਹਿਲਾਂ ਤੋਂ ਦੋ ਲੋਕ (ਅਣਪਛਾਤੇ) ਕਰੀਬ ਸਵਾ ਕੁ 7 ਵਜੇ ਸਵੇਰੇ, ਆਪਣਾ ਮੋਟਰਸਾਈਕਲ ਗਲੀ ਵਿੱਚ ਸਾਈਡ 'ਤੇ ਖੜ੍ਹਾ ਕਰ ਕੇ ਸਾਡੀ ਦੁਕਾਨ ਅੰਦਰ ਸੌਦਾ ਲੈਣ ਦੇ ਬਹਾਨੇ ਆਏ ਅਤੇ ਉਨ੍ਹਾਂ ਦੇ ਪਿੱਛੇ 4 ਹੋਰ (ਅਣਪਛਾਤੇ) ਦੋ ਮੋਟਰਸਾਈਕਲਾਂ 'ਤੇ ਆਏ।"

"ਇੰਨੇ ਵਿੱਚ ਪਹਿਲਾਂ ਦੁਕਾਨ ਅੰਦਰ ਮੌਜੂਦ ਦੋ ਲੋਕਾਂ ਨੇ ਆਪਣੇ-ਆਪਣੇ ਡਿੱਬੇ ਵਿੱਚੋਂ ਪਿਸਤੌਲ ਕੱਢ ਕੇ ਪ੍ਰਦੀਪ ਉੱਤੇ ਗੋਲੀਆਂ ਚਲਾ ਦਿੱਤੀਆਂ।

ਮੌਜੂਦ ਗੰਨਮੈਨ ਨੇ ਵੀ ਬਚਾਅ ਲਈ ਗੋਲੀ ਚਲਾਈ ਪਰ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੀ ਖੱਬੀ ਲੱਤ ਵਿੱਚ ਵੱਜੀ ਹੈ।"

"ਇੰਨੇ ਨੂੰ ਸਾਡੀ ਦੁਕਾਨ ਬਾਹਰ ਖੜ੍ਹੇ ਚਾਰ ਲੋਕਾਂ ਨੇ ਆਪਣੇ ਅਸਲੇ ਨਾਲ ਬਾਹਰੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਸਾਡੀ ਦੁਕਾਨ ਦਾ ਗੁਆਂਢੀ ਵੀ ਜਖ਼ਮੀ ਹੋ ਗਿਆ ਅਤੇ ਸਾਰੇ ਲੋਕ ਇੱਕ ਮੋਟਰਸਾਈਕਲ ਛੱਡ ਕੇ ਬਾਕੀ ਮੋਟਰਸਾਈਕਲਾਂ ਦੇ ਭੱਜ ਗਏ।"

ਐੱਫਆਈਆਰ ਦੀ ਕਾਪੀ ਮੁਤਾਬਤ ਮਰਹੂਮ ਦੀ ਪਤਨੀ ਨੇ ਇਸ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਕਿ ਅਤੇ ਕਿਹਾ ਉਨ੍ਹਾਂ ਵੋਟ ਸਿਆਸਤ ਕਰ ਕੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੈ।

ਪੰਜਾਬ ਦੇ ਡੀਜੀਪੀ ਮਾਮਲੇ 'ਤੇ ਬੋਲੇ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਬਿਆਨ ਜਾਰੀ ਕੀਤਾ ਹੈ, ''ਹਾਲਾਤ ਕਾਬੂ ਹੇਠ ਹਨ। ਮੈਂ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰੀ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ। ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।''

ਉਨ੍ਹਾਂ ਅੱਗੇ ਲਿਖਿਆ ਕਿ ਲੋਕਾਂ ਨੂੰ ਬੇਨਤੀ ਹੈ ਕਿ ਫੇਕ ਨਿਊਜ਼ ਅਤੇ ਕਿਸੇ ਤਰ੍ਹਾਂ ਦਾ ਭੜਕਾਊ ਭਾਸ਼ਣ ਸਾਂਝਾ ਨਾ ਕਰਨ।

ਇਹ ਵੀ ਪੜ੍ਹੋ-

ਕਥਿਤ ਤੌਰ 'ਤੇ ਗੋਲਡੀ ਬਰਾੜ ਵੱਲੋਂ ਲਈ ਗਈ ਜ਼ਿੰਮੇਵਾਰੀ

ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ ਕੈਨੇਡਾ ਵਿੱਚ ਰਹਿੰਦੇ ਗੋਲਡੀ ਬਰਾੜ ਵੱਲੋਂ ਲਈ ਗਈ ਹੈ।

ਇੱਕ ਫੇਸਬੁੱਕ ਪੋਸਟ ਵਾਇਰਲ ਹੋ ਰਹੀ ਹੈ ਜੋ ਕਥਿਤ ਤੌਰ 'ਤੇ ਗੋਲਡੀ ਬਰਾੜ ਦਾ ਦੱਸਿਆ ਜਾ ਰਿਹਾ ਹੈ।

ਪੋਸਟ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੱਤ ਸਾਲ ਗੁਜ਼ਰ ਜਾਣ ਮਗਰੋਂ ਵੀ ਇਨਸਾਫ਼ ਨਾ ਮਿਲਣ ਕਾਰਨ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ।

ਕੀ ਇਹ ਵਾਰਦਾਤ ਗੋਲਡੀ ਬਰਾੜ ਦੇ ਇਸ਼ਾਰੇ ਉੱਤੇ ਦਿੱਤੀ ਗਈ ਹੈ, ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ।

ਗੋਲਡੀ ਬਰਾੜ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਹੈ ਅਤੇ ਪੰਜਾਬ ਪੁਲਿਸ ਉਸ ਨੂੰ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਵੀ ਕਹਿੰਦੀ ਹੈ।

ਪ੍ਰਦੀਪ ਸਿੰਘ ਦੀ ਦੁਕਾਨ ਦੇ ਕੋਲ ਹੀ ਰਹਿਣ ਵਾਲੇ ਮੋਹਨ ਲਾਲ ਨੇ ਦੱਸਿਆ, ‘‘ਪ੍ਰਦੀਪ ਸਿੰਘ ਦੁਕਾਨ ਦਾ ਤਾਲਾ ਖੋਲ੍ਹ ਰਿਹਾ ਸੀ, ਸੁਰੱਖਿਆ ਕਰਮੀ ਦਾ ਵੀ ਮੁੰਹ ਦੁਕਾਨ ਵੱਲ ਸੀ।ਅਚਾਨਕ ਪਿੱਛੋਂ ਗੋਲੀਆਂ ਚਲਾਈਆਂ ਗਈਆਂ।’’

ਗੋਲਡੀ ਬਰਾੜ ਦੀ ਜ਼ਿੰਮੇਵਾਰੀ ਉੱਤੇ ਪੁਲਿਸ ਨੇ ਜੋ ਕਿਹਾ

ਏਡੀਜੀਪੀ (ਲਾਅ ਐਂਡ ਆਰਡਰ) ਸੰਜੀਵ ਕਾਲੜਾ ਮੁਤਾਬਕ, ਮੁੱਖ ਮੰਤਰੀ ਨੇ ਪੁਲਿਸ ਅਫ਼ਸਰਾਂ ਦੀ ਮੀਟਿੰਗ ਸੱਦੀ ਸੀ, ਜਿਸ ਵਿੱਚ ਕੋਟਕਪੂਰਾ ਦੀ ਵਾਰਦਾਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਉਨ੍ਹਾਂ ਨੇ ਕਿਹਾ, "ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿੱਚ ਅਮਨ-ਸ਼ਾਂਤੀ ਹਰ ਹਾਲ ਵਿੱਚ ਬਹਾਲ ਕੀਤੀ ਜਾਵੇਗੀ। ਭਾਵੇਂ ਮੁਲਜ਼ਮ ਕੋਈ ਕਿਸੇ ਧਰਮ-ਜਾਤ ਦਾ ਵੀ ਹੋਵੇ, ਜ਼ੁਰਮ ਨੂੰ ਜ਼ੁਰਮ ਵਾਂਗ ਲਿਆ ਜਾਵੇਗਾ, ਇਹ ਨਹੀਂ ਦੇਖਿਆ ਜਾਵੇਗਾ ਕਿ ਇਹ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ।"

"ਜ਼ੁਰਮ, ਜ਼ੁਰਮ ਹੈ ਅਤੇ ਕਿਸੇ ਵੀ ਹਾਲਤ ਵਿੱਚ ਸੂਬੇ ਦੀ ਅਮਨ-ਸ਼ਾਂਤੀ ਬਰਕਾਰ ਰੱਖੀ ਜਾਵੇਗੀ। ਵੱਖ-ਵੱਖ ਭਾਈਚਾਰਿਆਂ ਅਤੇ ਧਰਮਾਂ ਵਿਚਾਲੇ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਸਾਨੂੰ ਹਦਾਇਤਾਂ ਦਿੱਤੀਆਂ ਹਨ।"

ਗੋਲਡੀ ਬਰਾੜ ਬੋਲਦਿਆਂ ਏਡੀਜੀਪੀ ਨੇ ਕਿਹਾ, "ਅਸੀਂ ਇਹ ਨਹੀਂ ਕਿਹ ਰਹੇ ਕਿ ਗੋਲਡੀ ਬਰਾੜ ਨੇ ਕੀਤਾ ਹੈ ਜਾਂ ਨਹੀਂ ਕੀਤਾ ਹੈ ਪਰ ਇਸ ਦੀ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।"

ਕਾਲੜਾ ਮੁਤਾਬਕ ਮੁੱਖ ਮੰਤਰੀ ਦੀਆਂ ਹਦਾਇਤਾਂ

  • ਇਸ ਕ੍ਰਾਈਮ ਨੂੰ ਟਰੇਸ ਕੀਤਾ ਜਾਵੇ, ਜਲਦ ਤੋਂ ਜਲਦ
  • ਸੂਬੇ ਵਿੱਚ ਵੱਖ-ਵੱਖ ਧਰਮਾਂ ਵਿਚਾਲੇ ਭਾਈਚਾਰਕ ਸਾਂਝ ਕਾਇਮ ਰੱਖੇ
  • ਪੁਲਿਸ ਹੋਰ ਸੁਚੇਤ ਹੋਵੇ, ਆਪਣੀ ਨਾਕਾਬੰਦੀ, ਟਰੇਨਿੰਗ, ਸਭ ਨੂੰ ਸੁਧਾਰੋ
  • ਮੁਲਜ਼ਾਮ ਭਾਵੇਂ ਕਿਸੇ ਜਾਤ ਦਾ ਹੋਵੇ ਜਾਂ ਧਰਮ ਦਾ ਹੋਵੇ, ਪੱਖਪਾਤ ਨਹੀਂ ਹੋਣਾ ਚਾਹੀਦਾ

ਡੇਰਾ ਸੱਚਾ ਸੌਦਾ ਦਾ ਪ੍ਰਤੀਕਰਮ

 ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਡੇਰਿਆਂ ਦੀ ਸੁਰੱਖਿਆ ਹੋਰ ਚੌਕਸ ਕਰ ਦਿੱਤੀ ਹੈ। ਡੇਰਾ ਪ੍ਰੇਮੀ ਦੀ ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਪ੍ਰਦੀਪ ਦੇ ਕਤਲ ਨੂੰ ਗਹਿਰੀ ਸਾਜਿਸ਼ ਕਰਾਰ ਦਿੱਤਾ ਹੈ।

ਡੇਰੇ ਨੇ ਵੀ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੇਰੇ ਨੇ ਆਪਣੀ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।

ਡੇਰਾ ਸੱਚਾ ਸੌਦਾ ਸਟੇਟ ਕਮੇਟੀ ਦੇ ਮੈਂਬਰ, ਹਰਚਰਨ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਿਦਆਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ।

ਉਨ੍ਹਾਂ ਨੇ ਕਿਹਾ, "ਇੱਕ ਹਸਦੇ-ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਗਿਆ ਹੈ। ਕੁਝ ਲੋਕਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਸੀਂ ਜਾਂਚ ਦੀ ਮੰਗ ਕਰਦੇ ਹਾਂ ਕਿ ਸਾਹਮਣੇ ਆਵੇ ਕਿ ਉਹ ਕੌਣ ਲੋਕ ਹਨ ਅਤੇ ਉਨ੍ਹਾਂ ਦੀ ਮਨਸ਼ਾ ਕੀ ਹੈ।"

ਪਿਛਲੇ ਹੋਏ ਕਤਲਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਜਿਹੜੀ ਮਹਿੰਦਰਪਾਲ ਬਿੱਟੂ ਦੀ ਮੌਤ ਹੋਈ, ਉਹ ਮੌਤ ਹੋਈ ਨਹੀਂ ਮੌਤ ਕਰਵਾਈ ਗਈ। ਇਹ ਗੱਲ ਮਹਿੰਦਰਪਾਲ ਬਿੱਟੂ ਦਾ ਪਰਿਵਾਰ ਦਾ ਹਾਈ ਕੋਰਟ ਵਿੱਚ ਜਾ ਕੇ ਕਹਿੰਦਾ ਹੈ।"

"ਬਿੱਟੂ ਨੇ ਸਿੱਟ ਵੱਲੋਂ ਚੁੱਕੇ ਜਾਣ ਤੋਂ ਲੈ ਕੇ ਤਸ਼ਦੱਦ ਤੱਕ ਦੀਆਂ ਘਟਨਾਵਾਂ ਦਾ ਹੱਥ ਲਿਖਤੀ ਵੇਰਵਾ ਜੇਲ੍ਹ ਵਿੱਚੋਂ ਆਪਣੇਪਰਿਵਾਰ ਨੂੰ ਦਿੱਤਾ...। ਅਸਲ ਵਿੱਚ ਕੌਣ ਗੁਨਾਹਗਾਰ ਹਨ ਇਸ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ, "ਹੁਣ ਪਰਿਵਾਰ ਨੂੰ ਮਿਲਾਂਗਾ ਗੱਲਬਾਤ ਕਰਾਂਗੇ ਅਤੇ ਇੱਥੋਂ ਦੀ ਸੰਗਤ ਨਾਲ ਗੱਲ ਕਰਾਂਗਾ ਅਤੇ ਜੋ ਉਹ ਫ਼ੈਸਲਾ ਲੈਣਗੇ ਉਹ ਹੋਵੇਗਾ।"

ਹੁਣ ਤੱਕ 7 ਡੇਰਾ ਪ੍ਰੇਮੀਆਂ ਦਾ ਕਤਲ

ਸਾਲ 2015 ਵਿੱਚ ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਥਿਤ ਇੱਕ ਗੁਰਦੁਆਰੇ ਵਿੱਚੋਂ ਚੋਰੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਪਵਿੱਤਰ ਪੰਨਿਆਂ ਦੀ ਬੇਅਦਬੀ ਹੋਈ ਸੀ।

ਸਰਹੱਦੀ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸਨੀ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਸੱਤਵੇਂ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਜਾ ਚੁੱਕੀ।

ਜਿਨ੍ਹਾਂ ਦੇ ਕਤਲ ਹੋਏ ਉਨ੍ਹਾਂ ਵਿੱਚ ਡੇਰਾ ਪ੍ਰੇਮੀ ਗੁਰਦੇਵ ਸਿੰਘ, ਮਨੋਹਰ ਲਾਲ, ਮਹਿੰਦਰ ਪਾਲ ਬਿੱਟੂ, ਚਰਨ ਦਾਸ, ਸਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਸ਼ਾਮਲ ਹਨ।

ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ ਵੀ ਕੋਟਕਪੂਰਾ ਸ਼ਹਿਰ ਦੇ ਰਹਿਣ ਵਾਲੇ ਸਨ।

ਹੁਣ ਪ੍ਰਦੀਪ ਸਿੰਘ ਨੂੰ ਕੋਟਕਪੂਰਾ ਵਿੱਚ ਕਤਲ ਕੀਤਾ ਗਿਆ ਹੈ, ਉਹ ਹਰੀਨੌਂ ਰੋਡ ਉੱਪਰ ਡੇਅਰੀ ਦਾ ਕੰਮ ਕਰਦੇ ਸਨ।

ਗੁਰਦੇਵ ਸਿੰਘ ਨੂੰ 13 ਜੂਨ 2016, ਸੱਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਨੂੰ 25 ਫਰਵਰੀ 2017, ਮਹਿੰਦਰਪਾਲ ਬਿੱਟੂ ਨੂੰ 23 ਜਨਵਰੀ 2019, ਮਨੋਹਰ ਲਾਲ ਨੂੰ 29 ਜਨਵਰੀ 2020 ਅਤੇ ਚਰਨ ਦਾਸ ਨੂੰ 3 ਦਸੰਬਰ 2021 ਨੂੰ ਕਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)