ਬਹਿਬਲ ਕਲਾਂ ਗੋਲੀਕਾਂਡ : ਗੋਲੀ ਲੱਗਣ ਤੋਂ ਬਾਅਦ ਮੇਰਾ ਬੇਟਾ ਪਾਣੀ ਮੰਗ ਰਿਹਾ ਸੀ, ਪਿੰਡ 'ਚ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

'ਗੋਲੀ ਲੱਗਣ ਤੋਂ ਬਾਅਦ ਮੇਰਾ ਬੇਟਾ ਪਾਣੀ ਮੰਗ ਰਿਹਾ ਸੀ, ਪਿੰਡ 'ਚ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।'

'ਵੋਟਾਂ ਆਈਆਂ ਅਤੇ ਫਿਰ ਕੈਪਟਨ ਅਮਰਿੰਦਰ ਵੀ ਆਇਆ। ਉਸ ਨੇ ਕਿਹਾ ਬਜ਼ੁਰਗੋ ਮੇਰਾ ਸਾਥ ਦਿਓ ਮੈਂ ਤੁਹਾਨੂੰ ਇਨਸਾਫ ਦਿਵਾਵਾਂਗਾ। ਛੇ ਸਾਲ ਹੋ ਚੁੱਕੇ ਪਰ ਇਨਸਾਫ਼ ਸਨ ਅਜੇ ਤੱਕ ਨਹੀਂ ਮਿਲਿਆ।'

ਹੰਝੂਆਂ ਨਾਲ ਭਰੀਆਂ ਅੱਖਾਂ ਪੂੰਝਦੇ ਹੋਏ ਮਹਿੰਦਰ ਸਿੰਘ ਆਖਦੇ ਹਨ ਕਿ ਰਾਹੁਲ ਗਾਂਧੀ, ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਸਭ ਉਨ੍ਹਾਂ ਦੇ ਘਰ ਆਏ ਪਰ ਵੋਟਾਂ ਤੋਂ ਬਾਅਦ ਕੋਈ ਨਹੀਂ ਆਇਆ।

ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਵਿਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

ਬਹਿਬਲ ਖੁਰਦ (ਨਿਆਮੀਵਾਲਾ) ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਨੂੰ ਛੇ ਸਾਲ ਹੋ ਗਏ ਹਨ। ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਛੇ ਸਾਲ ਬੀਤਣ ਤੋਂ ਬਾਅਦ ਇਨਸਾਫ ਨਾ ਮਿਲਣ ਦੇ ਵਿਰੋਧ ਵਿਚ ਬਹਿਬਲ ਕਲਾਂ ਦੇ ਉਸੇ ਥਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਨ੍ਹਾਂ ਪਰਿਵਾਰਾਂ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ, ਗੋਲੀ ਕਾਂਡ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਮਿਲੇ।

ਜੂਨ 2015 ਵਿੱਚ ਬਹਿਬਲ ਕਲਾਂ ਦੇ ਨਜ਼ਦੀਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਅਕਤੂਬਰ 2015 ਵਿੱਚ ਇਸ ਦੇ ਅੰਗ ਬਰਗਾੜੀ ਵਿਖੇ ਮਿਲਣ ਤੋਂ ਬਾਅਦ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।

ਫ਼ਰੀਦਕੋਟ ਦੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚੱਲੀ ਸੀ। ਇਨ੍ਹਾਂ ਘਟਨਾਵਾਂ ਨੇ ਪੰਜਾਬ, ਇਸ ਦੀ ਰਾਜਨੀਤੀ ਅਤੇ ਵਿਧਾਨ ਸਭਾ ਚੋਣਾਂ 'ਤੇ ਡੂੰਘਾ ਅਸਰ ਪਾਇਆ ਸੀ।

ਇਹ ਵੀ ਪੜ੍ਹੋ:

'ਚਲੇ ਜਾਓ ਨਹੀਂ ਤਾਂ ਗੋਲੀ ਆਵੇਗੀ'

ਅਕਤੂਬਰ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕ੍ਰਿਸ਼ਨ ਭਗਵਾਨ ਦੇ ਪਿਤਾ ਮਹਿੰਦਰ ਸਿੰਘ ਦੀਆਂ ਅੱਖਾਂ ਵਾਰ -ਵਾਰ ਭਰ ਆਉਂਦੀਆਂ ਹਨ।

ਮਹਿੰਦਰ ਸਿੰਘ ਨੇ ਦੱਸਿਆ ਕਿ ਬੇਅਦਬੀ ਤੋਂ ਬਾਅਦ ਪ੍ਰਦਰਸ਼ਨ ਹੋਇਆ ਅਤੇ ਮੈਂ, ਮੇਰਾ ਬੇਟਾ ਕ੍ਰਿਸ਼ਨ ਭਗਵਾਨ ਲੰਗਰ ਲੈ ਕੇ ਗਏ ਸੀ।

"ਪੁਲਿਸ ਵਾਲਿਆਂ ਨੇ ਵੀ ਪ੍ਰਸ਼ਾਦਾ ਛਕਿਆ। ਥੋੜ੍ਹੇ ਸਮੇਂ ਬਾਅਦ ਚਰਨਜੀਤ ਸ਼ਰਮਾ ਆਇਆ ਉਸ ਨੇ ਇਸ਼ਾਰਾ ਕੀਤਾ ਅਤੇ ਫਿਰ ਲਾਠੀਚਾਰਜ ਸ਼ੁਰੂ ਹੋ ਗਿਆ। ਮੇਰੇ ਵੀ ਡਾਂਗਾਂ ਵੱਜੀਆਂ ਅਤੇ ਮੈਂ ਉਥੋਂ ਭੱਜ ਆਇਆ। ਫਿਰ ਗੋਲੀ ਚੱਲੀ ਮੈਂ ਮੁੜ ਕੇ ਦੇਖਿਆ ਤਾਂ ਮੇਰਾ ਬੇਟਾ ਡਿੱਗ ਚੁੱਕਿਆ ਸੀ।"

ਵਾਰ ਵਾਰ ਅੱਖਾਂ ਪੂੰਝਦੇ ਹੋਏ ਮਹਿੰਦਰ ਸਿੰਘ ਅੱਗੇ ਦੱਸਦੇ ਹਨ,"ਕਾਲੇ (ਕ੍ਰਿਸ਼ਨ ਭਗਵਾਨ) ਨੇ ਕਿਹਾ ਕਿ ਬਾਪੂ ਪਾਣੀ ਪਿਆ ਦੇ। ਉਹੀ ਪਾਣੀ ਦਾ ਗਿਲਾਸ ਲੈ ਕੇ ਮੈਂ ਗੁਰਜੀਤ ਕੋਲ ਵੀ ਗਿਆ। ਆਪਣੇ ਬੇਟੇ ਦੀ ਪੱਗ ਉਤਾਰ ਕੇ ਮੈਂ ਆਪਣੇ ਬੇਟੇ ਦੇ ਜ਼ਖ਼ਮਾਂ ਉੱਪਰ ਰੱਖੀ। ਫਿਰ ਆਪਣੀ ਪੱਗ ਵੀ ਉਸ ਦੇ ਦੁਆਲੇ ਲਪੇਟ ਦਿੱਤੀ।"

ਮਹਿੰਦਰ ਸਿੰਘ ਦੱਸਦੇ ਹਨ ਕਿ ਇਸ ਤੋਂ ਬਾਅਦ ਇੱਕ ਪੁਲਿਸ ਵਾਲਾ ਆਇਆ ਤਾਂ ਉਸ ਨੇ ਕਿਹਾ ਕਿ ਬਜ਼ੁਰਗੋ ਭੱਜ ਜਾਓ ਨਹੀਂ ਤਾਂ ਗੋਲੀ ਆਵੇਗੀ।

"ਮੈਂ ਕਿਹਾ ਆਉਣ ਦਿਓ। ਜਦੋਂ ਮੁੰਡੇ ਨੂੰ ਮਾਰ ਦਿੱਤੀ ਤਾਂ ਬਜ਼ੁਰਗ ਕਿਹੜਾ ਪਿੱਛੇ ਰਹਿ ਜਾਣਗੇ।"

ਉਸ ਸਮੇਂ ਕ੍ਰਿਸ਼ਨ ਭਗਵਾਨ ਦੀ ਉਮਰ ਲਗਭਗ 42 ਸਾਲ ਸੀ।

ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਜੀਤ ਦੀ ਮ੍ਰਿਤਕ ਦੇਹ ਅਤੇ ਆਪਣੇ ਬੇਟੇ ਨੂੰ ਟਰਾਲੀ ਵਿਚ ਪਾ ਕੇ ਪਿੰਡ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ।

ਪਿੰਡ ਵਿੱਚ ਕੋਈ ਦਰਵਾਜ਼ਾ ਨਹੀਂ ਸੀ ਖੋਲ੍ਹ ਰਿਹਾ। ਮੇਰਾ ਬੇਟਾ ਤੜਫ ਰਿਹਾ ਸੀ, ਪਾਣੀ ਮੰਗ ਰਿਹਾ ਸੀ। ਇਕ ਔਰਤ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ ਕਿ ਉਨ੍ਹਾਂ ਦੇ ਘਰ ਗੱਡੀ ਖੜੀ ਹੈ ਜੇਕਰ ਕੋਈ ਚਲ ਸਕਦਾ ਹੈ ਤਾਂ ਹਸਪਤਾਲ ਲੈ ਜਾਓ।

ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਗਈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਕੋਈ ਕਮਿਸ਼ਨ, ਕੋਈ ਐਸਆਈਟੀ ਮੈਂਬਰ ਨਹੀਂ ਕਦੇ ਮਿਲਿਆ'

ਆਪਣੇ ਬੇਟੇ ਨਾਲ ਆਖਰੀ ਸਮੇਂ ਮਹਿੰਦਰ ਸਿੰਘ ਮੌਜੂਦ ਸਨ ਪਰ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਘਟਨਾ ਮੌਕੇ ਸੱਤ ਸਮੁੰਦਰ ਪਾਰ ਵਿਦੇਸ਼ ਵਿਚ ਸਨ। ਇਸ ਘਟਨਾ ਤੋਂ ਤਿੰਨ ਦਿਨ ਬਾਅਦ ਉਹ ਭਾਰਤ ਪੁੱਜੇ ਸਨ।

ਉਹ ਕਹਿੰਦੇ ਹਨ, "ਮੇਰਾ ਬੱਚਾ ਮੇਰੇ ਬਿਨਾਂ ਇੱਕ ਰਾਤ ਨਹੀਂ ਸੀ ਰਹਿੰਦਾ, ਰਿਸ਼ਤੇਦਾਰ ਦੇ ਘਰੋਂ ਵਾਪਸ ਆ ਜਾਂਦਾ ਸੀ ਕਿ ਮੇਰੀ ਮਾਂ ਇਕੱਲੀ ਹੈ। ਹੁਣ ਛੇ ਸਾਲ ਤੋਂ ਉਸ ਨੂੰ ਕਿਉਂ ਨਹੀਂ ਪਤਾ ਕਿ ਉਸਦੀ ਮਾਂ ਇਕੱਲੀ ਹੈ।"

ਆਪਣੇ ਬੇਟੇ ਗੁਰਜੀਤ ਸਿੰਘ ਨੂੰ ਯਾਦ ਕਰਦਿਆਂ ਅਤੇ ਉਸ ਦੀ ਤਸਵੀਰ ਵੱਲ ਦੇਖਦਿਆਂ ਅਮਰਜੀਤ ਕੌਰ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਉਸ ਸਮੇਂ ਗੁਰਜੀਤ ਦੀ ਉਮਰ ਲਗਭਗ 27 ਸਾਲ ਸੀ।

ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਵਿਦੇਸ਼ ਵਿੱਚ ਹੋਣ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਅਤੇ ਸਾਂਭ ਸੰਭਾਲ ਗੁਰਜੀਤ ਹੀ ਕਰਦਾ ਸੀ।

2015 ਵਿਚ ਜਿਸ ਜਗ੍ਹਾਂ ਗੋਲੀ ਚੱਲੀ ਸੀ ਉਸੇ ਜਗ੍ਹਾਂ ਪ੍ਰਦਰਸ਼ਨ ਲਈ ਬੈਠੇ ਗੁਰਜੀਤ ਦੇ ਪਿਤਾ ਸਾਧੂ ਸਿੰਘ ਆਖਦੇ ਹਨ,"ਛੇ ਸਾਲ ਬਾਅਦ ਨਾ ਗੁਰੂ ਸਾਹਿਬ ਦੀ ਬੇਅਦਬੀ ਅਤੇ ਨਾ ਬੇਟੇ ਦੀ ਮੌਤ ਦਾ ਇਨਸਾਫ ਮਿਲਿਆ ਹੈ। ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਘਟਨਾ ਵਾਲੇ ਦਿਨ ਯਾਦ ਕਰਦਿਆਂ ਸਾਧੂ ਸਿੰਘ ਆਖਦੇ ਹਨ ਕਿ ਉਹ ਸਮੇਂ ਵਿਦੇਸ਼ ਵਿੱਚ ਸਨ ਅਤੇ ਉਨ੍ਹਾਂ ਨੂੰ ਸਿਰਫ਼ ਇਹੀ ਪਤਾ ਹੈ ਕਿ ਉਨ੍ਹਾਂ ਦਾ ਬੇਟਾ ਲੰਗਰ ਲੈ ਕੇ ਆਇਆ ਸੀ ਅਤੇ ਇੱਕ ਘੰਟੇ ਬਾਅਦ ਉਸ ਦੀ ਲਾਸ਼ ਪਿੰਡ ਵਾਪਸ ਗਈ ਸੀ।

ਸਾਧੂ ਸਿੰਘ ਆਖਦੇ ਹਨ,"ਛੇ ਸਾਲ ਬੀਤਣ ਤੋਂ ਬਾਅਦ ਵੀ ਸਿਰਫ਼ ਤਾਰੀਕਾਂ ਅਤੇ ਲਾਰੇ ਹਨ। ਜੇ ਕੁਝ ਹੋਇਆ ਹੁੰਦਾ ਤਾਂ ਸਾਨੂੰ ਸੜਕਾਂ 'ਤੇ ਨਾ ਬੈਠਣਾ ਪੈਂਦਾ।"

ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਇਸ ਪ੍ਰਦਰਸ਼ਨ ਨੂੰ ਸ਼ੁਰੂ ਕਰਨ ਬਾਰੇ ਸਵਾਲ ਪੁੱਛੇ ਜਾਣ 'ਤੇ ਸਾਧੂ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪੰਜਾਬ ਵਿੱਚ ਖੇਤੀ ਕਾਨੂੰਨ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਸੀ। ਅਜਿਹੇ ਵਿੱਚ ਉਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਦਾ ਧਿਆਨ ਵੰਡਿਆ ਜਾਵੇ। ਹੁਣ ਕਿਸਾਨ ਵਾਪਿਸ ਆ ਗਏ ਹਨ ਅਤੇ ਉਨ੍ਹਾਂ ਨੇ ਫਿਰ ਇੱਕ ਵਾਰ ਆਪਣੇ ਬੇਟੇ ਦੀ ਮੌਤ ਦੇ ਇਨਸਾਫ ਦੀ ਲੜਾਈ ਵਿੱਢੀ ਹੈ।

ਉਨ੍ਹਾਂ ਮੁਤਾਬਕ ਪਿਛਲੇ ਛੇ ਸਾਲਾਂ ਵਿੱਚ ਚੰਡੀਗੜ੍ਹ ਸਮੇਤ ਕਈ ਜਗ੍ਹਾਂ ਪ੍ਰਦਰਸ਼ਨ ਕੀਤੇ ਗਏ ਹਨ।

'ਬੇਅਦਬੀ ਪੰਜਾਬ ਦਾ ਦਰਦ ਹੈ'

ਇਸੇ ਜਗ੍ਹਾਂ ਪ੍ਰਦਰਸ਼ਨ 'ਤੇ ਬੈਠੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਆਖਦੇ ਹਨ ਕਿ ਚੋਣਾਂ ਤੋਂ ਪਹਿਲਾਂ ਇਨਸਾਫ ਦੇ ਲਾਰੇ ਲਗਾ ਕੇ ਕਾਂਗਰਸ ਸੱਤਾ ਵਿਚ ਆਈ ਸੀ।

"ਬੇਅਦਬੀ ਦੇ ਇਨਸਾਫ ਦਾ ਮੁੱਦਾ ਬਣਾ ਕੇ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ, ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਗਈ ਹੈ ਅਤੇ ਸੁਖਜਿੰਦਰ ਰੰਧਾਵਾ ਜੋ ਵੱਡੇ ਦਾਅਵੇ ਕਰਦੇ ਸਨ, ਉਹ ਹੁਣ ਗ੍ਰਹਿ ਮੰਤਰੀ ਹਨ। ਕਈ ਕਮਿਸ਼ਨ ਐਸਆਈਟੀ ਬਣੇ ਹਨ ਪਰ ਫਿਰ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਬੇਅਦਬੀ ਪੰਜਾਬ ਅਤੇ ਸਿੱਖਾਂ ਦਾ ਦਰਦ ਹੈ। ਬੇਅਦਬੀ ਦੀਆਂ ਹੋਰ ਵੀ ਕਈ ਘਟਨਾਵਾਂ ਹੋਈਆਂ ਹਨ। ਇਨ੍ਹਾਂ ਦੇ ਰਾਜ ਵਿੱਚ ਗੁਰਦੁਆਰਿਆਂ ਵਿੱਚ ਵੀ ਬੇਅਦਬੀ ਹੋਈ ਹੈ।"

ਸੁਖਰਾਜ ਸਿੰਘ ਦੱਸਦੇ ਹਨ ਕਿ ਗੋਲੀ ਕਾਂਡ ਵਾਲੇ ਦਿਨ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਸਨ ਪਰ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ ਛੇ ਸਾਲਾਂ ਤੋਂ ਉਹ ਕੇਵਲ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ।

ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ-ਹੁਣ ਤਕ ਕੀ ਹੋਇਆ?

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਈਆਂ ਘਟਨਾਵਾਂ ਦੀ ਜਾਂਚ ਲਈ ਵੱਖ ਵੱਖ ਐਸਆਈਟੀ ਅਤੇ ਕਮਿਸ਼ਨ ਬਣਾਏ ਗਏ ਸਨ।

ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਟੀਮ ਨੂੰ ਸੌਂਪੀ। ਇਸ ਤੋਂ ਬਾਅਦ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਇਸ ਟੀਮ ਦੀ ਅਗਵਾਈ ਕੀਤੀ।

ਪੰਜਾਬ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿਚ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ।

ਪੰਜਾਬ ਵਿਚ ਸੱਤਾ ਬਦਲਣ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਨਵੇਂ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ।

ਨਵੇਂ ਜਾਂਚ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਇੱਕ ਹੋਰ ਐਸਆਈਟੀ ਦਾ ਗਠਨ ਕੀਤਾ। ਇਸ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ, ਐੱਸਐੱਸਪੀ ਸਤਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਸ਼ਾਮਿਲ ਸਨ। ਬਾਅਦ ਵਿੱਚ ਇਸ ਟੀਮ ਦੀ ਅਗਵਾਈ ਆਈਪੀਐਸ ਅਰਪਿਤ ਸ਼ੁਕਲਾ ਨੂੰ ਦਿੱਤੀ ਗਈ।

ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਸੌਂਪੀ ਗਈ ਸੀ ਜਦੋਂ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਆਈਜੀ ਅਰੁਣਪਾਲ ਸਿੰਘ ਅਤੇ ਐੱਸਐੱਸਪੀ ਸਤਿੰਦਰ ਸਿੰਘ ਕੋਲ ਸੀ।

ਬਹਿਬਲ ਗੋਲੀ ਕਾਂਡ ਵਿੱਚ ਐੱਸਐੱਸਪੀ ਸਤਿੰਦਰ ਸਿੰਘ ਵੱਲੋਂ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਜਦੋਂ ਕਿ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਵੀ ਬਾਅਦ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਚਾਰਜਸ਼ੀਟ ਦਾਖਲ ਕੀਤੀ ਸੀ।

ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਵੀ ਸੌਂਪੀ ਗਈ ਸੀ ਪਰ ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਨਾਲ ਜੁੜੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਕੋਲ ਨਹੀਂ ਗਈ।

ਐਸਆਈਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਗੋਲੀ ਦੇ ਆਦੇਸ਼ ਦਿੱਤੇ ਗਏ ਸਨ।

ਐਸਆਈਟੀ ਵੱਲੋਂ ਇਹ ਵੀ ਆਖਿਆ ਗਿਆ ਸੀ ਕਿ ਪੁਲਿਸ ਵੱਲੋਂ ਅਜਿਹੇ ਝੂਠੇ ਸਬੂਤ ਵੀ ਤਿਆਰ ਕਰਵਾਏ ਗਏ ਜਿਸ ਨਾਲ ਲੱਗੇ ਕਿ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਪੁਲਿਸ 'ਤੇ ਹਮਲਾ ਕੀਤਾ ਸੀ। ਐਸਆਈਟੀ ਵੱਲੋਂ ਝੂਠੇ ਸਬੂਤਾਂ ਦੇ ਮਾਮਲੇ ਵਿੱਚ ਸੋਹੇਲ ਸਿੰਘ ਬਰਾੜ ਨਾਮ ਦੇ ਇੱਕ ਵਿਅਕਤੀ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਜਾਂਚ ਨੂੰ ਰੱਦ ਕਰਕੇ ਨਵੀਂ ਐਸਆਈਟੀ ਬਣਾਉਣ ਦੇ ਸਰਕਾਰ ਨੂੰ ਹੁਕਮ ਦਿੱਤੇ ਸਨ।

ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ, ਕੋਟਕਪੂਰਾ ਗੋਲੀ ਕਾਂਡ, ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਵੱਖ-ਵੱਖ ਐਸਆਈਟੀ ਦਾ ਗਠਨ ਕੀਤਾ ਗਿਆ।

ਜਿੱਥੇ ਆਈ ਜੀ ਨੌਨਿਹਾਲ ਸਿੰਘ ਦੀ ਟੀਮ ਹੁਣ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਉੱਥੇ ਹੀ ਏਡੀਜੀਪੀ ਐੱਲ ਕੇ ਯਾਦਵ ਦੀ ਟੀਮ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਹੈ।

ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਵਿਖੇ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਦੀ ਟੀਮ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)