ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਬਾਰੇ ਜੋ ਹੁਣ ਤੱਕ ਜਾਣਕਾਰੀ ਹੈ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ।

ਪੀਟੀਸੀ ਪੰਜਾਬੀ 'ਤੇ ਗੁਰਬਾਣੀ ਦੇ ਲਾਈਵ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ। ਜਿਸ ਵਿੱਚ ਇਹ ਵਿਅਕਤੀ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਦੇ ਨੇੜੇ ਆਇਆ ਅਤੇ ਉੱਥੇ ਪੈਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।

ਜਿਸ ਸ਼ਖ਼ਸ ਵੱਲੋਂ ਅਜਿਹਾ ਕੀਤਾ ਗਿਆ ਉਸ ਦੀ ਪਛਾਣ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਮੁਤਾਬਕ ਅਜਿਹਾ ਕਰਨ ਵਾਲੇ ਸ਼ਖ਼ਸ ਦੀ ਮੌਤ ਹੋ ਗਈ ਹੈ ਅਤੇ ਕੈਮਰਿਆਂ ਵਿੱਚ ਕੈਦ ਹੋਈ ਘਟਨਾ ਨੂੰ ਵੇਖਦਿਆਂ ਅੱਗੇ ਦੀ ਜਾਂਚ ਕੀਤੀ ਜਾਵੇਗੀ।

ਮੌਕੇ ਉੱਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਤਾਬਕ ਇਹ ਅਣਪਛਾਤਾ ਵਿਅਕਤੀ ਦਰਸ਼ਨਾਂ ਲਈ ਹੋਰ ਸੰਗਤ ਦੇ ਨਾਲ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਅਚਾਨਕ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਘੇ ਰੱਖੀ ਕਿਰਪਾਨ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤੋਂ ਤੁਰੰਤ ਬਾਅਦ ਐੱਸਜੀਪੀਸੀ ਦੇ ਸੇਵਾਦਾਰਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਲੈ ਗਏ, ਇਸ ਦੌਰਾਨ ਉਸ ਸ਼ਖ਼ਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਹੋਈ।

ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਸਮੇਂ ਜੰਗਲਾ ਟੱਪ ਕੇ ਇੱਕ ਮੁੰਡੇ ਨੇ ਮਹਾਰਾਜ ਸਾਹਮਣੇ ਪਈ ਸਿਰੀ ਸਾਹਿਬ ਚੁੱਕ ਲਈ।

ਉਨ੍ਹਾਂ ਅੱਗੇ ਦੱਸਿਆ, ''ਸਿਰੀ ਸਾਹਿਬ ਚੁੱਕਣ ਤੋਂ ਬਾਅਦ ਸਿੰਘ ਸਾਹਿਬ ਤੇ ਹੋਰ ਸਿੰਘਾਂ ਨੇ ਉਸ ਸ਼ਖ਼ਸ ਨੂੰ ਤੁਰੰਤ ਉੱਥੇ ਫੜ ਕੇ ਜੰਗਲੇ ਤੋਂ ਬਾਹਰ ਟਪਾਇਆ ਅਤੇ ਉਸ ਤੋਂ ਬਾਅਦ ਬਾਹਰ ਲਿਆਉਂਦੇ ਸੰਗਤ ਵੱਲੋਂ ਕੁੱਟਮਾਰ ਇੰਨੀ ਹੋ ਗਈ ਕਿ ਉਸ ਬੰਦੇ ਦੀ ਮੌਤ ਹੋ ਗਈ।''

ਮਾਰੇ ਗਏ ਸ਼ਖ਼ਸ ਦੀ ਪਛਾਣ ਬਾਰੇ ਗੱਲ ਕਰਦਿਆਂ ਡੀਸੀਪੀ ਨੇ ਕਿਹਾ ਕਿ ਫ਼ਿਲਹਾਲ ਤਾਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਸ਼ਖ਼ਸ ਦੀ ਉਮਰ ਕੋਈ 25 ਕੁ ਸਾਲ ਦੇ ਨੇੜੇ ਸੀ।

ਡੀਸੀਪੀ ਨੇ ਅੱਗੇ ਦੱਸਿਆ ਕਿ ਸਾਰੀ ਘਟਨਾ ਕੈਮਰਿਆਂ ਵਿੱਚ ਆ ਗਈ ਹੈ ਅਤੇ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ, ''ਇਹ ਇਕੱਲਾ ਹੀ ਸੀ ਅਤੇ ਸੰਗਤ ਦੇ ਨਾਲ ਮੱਥਾ ਟੇਕਣ ਲਈ ਆਰਾਮ ਨਾਲ ਖੜ੍ਹਾ ਸੀ ਅਤੇ ਮੱਥਾ ਟੇਕਣ ਵੇਲੇ ਜੰਗਲਾ ਟੱਪ ਗਿਆ।''

ਹੂਲੀਏ ਬਾਰੇ ਗੱਲ ਕਰਦਿਆਂ ਡੀਸੀਪੀ ਨੇ ਦੱਸਿਆ ਕਿ ਵਾਲ ਕੱਟੇ ਹੋਏ ਸੀ ਅਤੇ ਸਿਰ ਉੱਤੇ ਪੀਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ।

ਐੱਸਜੀਪੀਸੀ ਦਫ਼ਤਰ ਬਾਹਰ ਮੌਦੂਦ ਫਤਿਹ ਸਿੰਘ ਨੇ ਦੱਸਿਆ ਕਿ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਸ਼ਖ਼ਸ ਬੇਅਬਦੀ ਦੀ ਭਾਵਨਾ ਨਾਲ ਆਇਆ ਸੀ।

ਉਨ੍ਹਾਂ ਦੱਸਿਆ, ''ਜੰਗਲਾ ਟੱਪ ਕੇ ਉਹ ਸ਼ਖ਼ਸ ਆਇਆ ਅਤੇ ਮਹਾਰਾਜ ਨੂੰ ਪੈਰ ਮਾਰਨ ਲੱਗਿਆ ਸੀ, ਉਸ ਨੂੰ ਫੜ ਲਿਆ ਗਿਆ।''

ਘਟਨਾ ਤੋਂ ਬਾਅਦ ਰੋਸ ਵਜੋਂ ਕਈ ਜਥੇਬੰਦੀਆਂ ਐੱਸਜੀਪੀਸੀ ਦਫ਼ਤਰ ਬਾਹਰ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਹਨ।

'ਘਟਨਾ ਸੋਚੀ-ਸਮਝੀ ਸਾਜ਼ਿਸ਼'

ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਐੱਸਜੀਪੀਸੀ ਦੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ, ''ਅੱਜ ਜਦੋਂ ਗ੍ਰੰਥੀ ਸਿੰਘਾਂ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕੀਤਾ ਤਾਂ ਉਸ ਤੋਂ ਕੁਝ ਸਮੇਂ ਬਾਅਦ ਇੱਕ ਸੰਗਤ ਰੂਪੀ ਬੰਦੇ ਵੱਲੋਂ ਉੱਥੇ ਆ ਕੇ ਜੰਗਲਾ ਟੱਪਿਆ ਜਾਂਦਾ ਹੈ ਅਤੇ ਸਤਗੁਰਾਂ ਦੇ ਅੱਗੇ ਪਈ ਸਿਰੀ ਸਾਹਿਬ ਨੂੰ ਹੱਥ ਪਾਇਆ, ਪਰ ਸਾਡੇ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰ ਲਿਆ।''

''ਇਸ ਸਭ ਪਿੱਛੇ ਇਸ ਸ਼ਖ਼ਸ ਦੀ ਮਨਸ਼ਾ ਅਸੀਂ ਪੂਰੀ ਨਹੀਂ ਹੋਣ ਦਿੱਤੀ।''

''ਇਸ ਸੋਚੀ ਸਮਝੀ ਸਾਜ਼ਿਸ਼ ਦੀ ਕੋਸ਼ਿਸ਼ ਮਨੁੱਖਤਾ ਦੇ ਘਰ ਦਰਬਾਰ ਸਾਹਿਬ ਵਿਖੇ ਕੀਤੀ ਗਈ ਅਤੇ ਇਹ ਮੰਦਭਾਗੀ ਹੈ।''

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ,''ਇੱਕ ਸ਼ਖ਼ਸ ਵੱਲੋਂ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ, ਚੋਣਾਂ ਦਾ ਦੌਰ ਹੈ ਤੇ ਅਜਿਹੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ, ਜਿਹੜੀਆਂ ਵੀ ਏਜੰਸੀਆ ਇਹ ਸਭ ਕਰਵਾ ਰਹੀਆਂ ਹਨ ਉਨ੍ਹਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਭਾਈਚਾਰਾ ਨੂੰ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।''

ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਿਹਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ, ''ਅੱਜ ਹਰਿਮੰਦਰ ਸਾਹਿਬ ਵਿਖੇ ਜੋ ਬੇਅਦਬੀ ਦੀ ਘਟਨਾ ਹੋਈ, ਉਸ ਉੱਤੇ ਜਿੰਨਾ ਵੀ ਦੁਖ ਪ੍ਰਗਟ ਕੀਤਾ ਜਾਵੇ, ਉਹ ਘੱਟ ਹੈ।''

''ਐਨੀ ਵੱਡੀ ਬੇਅਦਬੀ ਕੌਮ ਸਹਾਰ ਨਹੀਂ ਸਕਦੀ। ਇਸ ਪਿੱਛੇ ਵੱਡੀ ਸਾਜਿਸ਼ ਹੈ ਜਿਸ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਕੋਈ ਕੇਂਦਰੀ ਏਜੰਸੀ ਇਸਦੀ ਜਾਂਚ ਕਰੇ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)