ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਤੇ ਮੁਲਜ਼ਮ ਦੀ ਮੌਤ ਬਾਰੇ 5 ਅਹਿਮ ਸਵਾਲਾਂ ਦੇ ਜਵਾਬ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਲੰਘੇ ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ।

ਪੀਟੀਸੀ ਪੰਜਾਬੀ 'ਤੇ ਗੁਰਬਾਣੀ ਦੇ ਲਾਈਵ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ। ਜਿਸ ਵਿੱਚ ਇਹ ਵਿਅਕਤੀ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਦੇ ਨੇੜੇ ਆਇਆ ਅਤੇ ਉੱਥੇ ਪੈਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।

ਮੌਕੇ ਉੱਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਤਾਬਕ ਇਹ ਅਣਪਛਾਤਾ ਵਿਅਕਤੀ ਦਰਸ਼ਨਾਂ ਲਈ ਹੋਰ ਸੰਗਤ ਦੇ ਨਾਲ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਅਚਾਨਕ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੇ ਸਿਰੀ ਸਾਹਿਬ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਿਆ।

ਇਸ ਤੋਂ ਤੁਰੰਤ ਬਾਅਦ ਐੱਸਜੀਪੀਸੀ ਦੇ ਸੇਵਾਦਾਰਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਲੈ ਗਏ। ਇਸ ਦੌਰਾਨ ਉਸ ਸ਼ਖ਼ਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਹੋਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਡੀਸੀਪੀ ਲਾਅ ਐਂਡ ਆਰਡਰ ਦੀ ਅਗਵਾਈ ਵਿੱਚ SIT ਬਣਾ ਦਿੱਤੀ ਹੈ ਜੋ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਅਤੇ ਇਸ ਘਟਨਾ ਦੇ ਹਰ ਪਹਿਲੂ ਉਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਉੱਧਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਵੀ ਇਸ ਮਾਮਲੇ ਸਬੰਧੀ ਮੀਡੀਆ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ:

ਉਹ ਵਿਅਕਤੀ ਕੌਣ ਸੀ? ਉਸਦਾ ਕੀ ਮਕਸਦ ਸੀ ਅਤੇ ਪੁਲਿਸ ਦੇ ਹੱਥ ਕੀ ਕੋਈ ਖਾਸ ਜਾਣਕਾਰੀ ਲੱਗੀ ਹੈ?

ਇਸ ਗੱਲਬਾਤ ਦੇ ਆਧਾਰ 'ਤੇ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਹਾਂ...

ਦਰਬਾਰ ਸਾਹਿਬ 'ਚ ਬੇਅਦਬੀ ਮਾਮਲੇ ਦਾ ਮੁਲਜ਼ਮ ਕੌਣ ਹੈ?

ਇਸ ਬਾਰੇ ਦਸਦਿਆਂ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ, ''ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਵੇਂ ਹੀ ਵਿਅਕਤੀ ਦੀ ਪਛਾਣ ਹੋ ਜਾਵੇਗੀ, ਤੁਹਾਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ।''

ਉਨ੍ਹਾਂ ਕਿਹਾ ''ਅਜੇ ਕੋਈ ਜਾਣਕਾਰੀ ਨਹੀਂ ਹੈ, ਦੇਖਣ ਵਿੱਚ ਵਿਅਕਤੀ ਪੰਜਾਬ ਦਾ ਨਹੀਂ ਲਗਦਾ। ਜਦੋਂ ਤੱਕ ਪਛਾਣ ਨਹੀਂ ਹੋ ਜਾਂਦੀ, ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਕਹੀ ਜਾ ਸਕਦੀ।''

ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ''ਸਾਡੇ ਕੋਲ ਉਸ ਦੀ ਕੋਈ ਪਛਾਣ ਹੀ ਨਹੀਂ ਹੈ, ਕੋਈ ਉਸ ਦਾ ਮੋਬਾਈਲ ਨਹੀਂ, ਕੋਈ ਬਟੂਆ ਨਹੀਂ, ਕੋਈ ਪਛਾਣ ਪੱਤਰ ਨਹੀਂ, ਨਾ ਹੀ ਕੋਈ ਆਧਾਰ ਕਾਰਡ, ਕੋਈ ਚੀਜ਼ ਵੀ ਉਸ ਕੋਲ ਨਹੀਂ ਹੈ।''

ਮੁਲਜ਼ਮ ਦਾ ਮਕਸਦ ਕੀ ਸੀ?

ਇਸ ਬਾਰੇ ਗ੍ਰਹਿ ਮੰਤਰੀ ਕਹਿੰਦੇ ਹਨ, ''ਤੁਸੀਂ ਦੇਖੋ ਨਾ ਉਸ ਦਾ ਮੱਥਾ ਟੇਕਣ ਦਾ ਤਰੀਕਾ, ਮੱਥਾ ਤਾਂ ਉਸ ਨੇ ਟੇਕਿਆ ਨਹੀਂ। ਜਿੰਨੀ ਛੇਤੀ ਉਹ ਛਾਲ ਮਾਰ ਕੇ ਗਿਆ, ਸਿੱਧਾ ਜੋ ਉਸ ਦਾ ਟਾਰਗੇਟ ਸੀ, ਉੱਥੇ ਗਿਆ। ਕੀ ਪਤਾ ਉਸ ਦੀ ਕੀ ਮੰਸ਼ਾ ਸੀ।''

ਕੀ ਸੀਸੀਟੀਵੀ ਤੋਂ ਪੁਲਿਸ ਹੱਥ ਕੋਈ ਸੁਰਾਗ ਲੱਗਿਆ?

ਇਸ ਬਾਰੇ ਪੁਲਿਸ ਕਮਿਸ਼ਨਰ ਕਹਿੰਦੇ ਹਨ, ''ਸਭ ਤੋਂ ਪਹਿਲਾਂ ਸਾਡਾ ਫੋਕਸ ਪਛਾਣ ਕਰਨ 'ਤੇ ਹੈ।''

''ਅਸੀਂ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਚੈੱਕ ਕੀਤੇ ਹਨ, ਉਹ ਕਿੱਥੋਂ ਅੰਦਰ ਆਇਆ, ਕਿਹੜਾ ਰਸਤਾ ਲਿਆ, ਬੱਸ ਸਟੈਂਡ, ਰੇਲਵੇ ਸਟੇਸ਼ਨ ਕਿੱਥੋਂ ਆਇਆ, ਆਲੇ-ਦੁਆਲੇ ਦੇ 1 ਕਿਲੋਮੀਟਰ ਦੀਆਂ ਸਾਰੀਆਂ ਸੜਕਾਂ ਦੇ ਸੀਸੀਟੀਵੀ ਅਸੀਂ ਜਾਂਚ ਰਹੇ ਹਾਂ।''

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹ ਲਗਭਗ 11 ਵਜੇ ਤੋਂ ਬਾਅਦ ਉੱਥੇ ਦਾਖਲ ਹੋਇਆ ਸੀ ਤੇ 6-7 ਘੰਟੇ ਅੰਦਰ ਹੀ ਰਿਹਾ।

ਵਿਅਕਤੀ ਦੀ ਮੌਤ ਨਾਲ ਕੇਸ 'ਤੇ ਕੀ ਅਸਰ ਪਿਆ?

ਗ੍ਰਹਿ ਮੰਤਰੀ ਕਹਿੰਦੇ ਹਨ, ''ਉਸ ਦੀ ਮੌਤ ਦੇ ਨਾਲ ਤਾਂ ਹੁਣ ਸਭ ਕੁਝ ਹੀ ਖ਼ਤਮ ਹੋ ਗਿਆ ਪਰ ਫਿਰ ਵੀ ਅਸੀਂ ਉਸ ਦਾ ਪਿਛੋਕੜ ਦੇਖਾਂਗੇ।''

''ਜੇ ਤਾਂ ਬੰਦਾ ਜਿਉਂਦਾ ਹੁੰਦਾ ਤਾਂ ਤੁਹਾਨੂੰ ਦਿਨ ਚੜ੍ਹਦਿਆਂ ਤੱਕ ਪਤਾ ਲੱਗ ਜਾਣਾ ਸੀ। ਹੁਣ ਉਸ ਦੀ ਸਾਰੀ ਜਾਣਕਾਰੀ ਕੱਢਾਂਗੇ ਤੇ ਦੋ ਦਿਨਾਂ ਦੇ ਵਿੱਚ ਸਾਹਮਣੇ ਲੈ ਆਵਾਂਗੇ।''

ਹੁਣ ਪੁਲਿਸ ਕਿਸ ਥਿਓਰੀ 'ਤੇ ਕੰਮ ਕਰ ਰਹੀ ਹੈ?

ਕਮਿਸ਼ਨਰ ਨੇ ਕਿਹਾ ਕਿ ''ਸਾਡੀ ਕੋਸ਼ਿਸ਼ ਹੈ ਕਿ ਪੋਸਟਮਾਰਟਮ ਅੱਜ ਹੋ ਜਾਵੇ। ਉਸ ਦੀ ਜਾਣਕਾਰੀ ਸਾਨੂੰ ਪਤਾ ਲੱਗੇਗੀ ਕਿ ਕਿਤੇ ਕੋਈ ਨਸ਼ਾ ਤਾਂ ਨਹੀਂ ਕੀਤਾ ਜਾਂ ਕੋਈ ਹੋਰ ਗੱਲ ਹੋਵੇ। ਸਾਰੇ ਤੱਥ ਸਾਹਮਣੇ ਆਉਣਗੇ, ਇਸ ਵਿੱਚ ਅਜੇ 2-3 ਦਿਨ ਲੱਗ ਸਕਦੇ ਹਨ।''

ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਸੀਸੀਟੀਵੀ ਫੁਟੇਜ ਚੈੱਕ ਕਰੇਗੀ ਤਾਂ ਜੋ ਵਿਅਕਤੀ ਦੇ ਆਉਣ ਸਬੰਧੀ ਜਾਣਕਰੀ ਮਿਲ ਸਕੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)