You’re viewing a text-only version of this website that uses less data. View the main version of the website including all images and videos.
ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਕਿਸਾਨ ਅੰਦੋਲਨ ਦੌਰਾਨ ਹੋਏ ਹਾਦਸੇ ਨੇ ਕਿਵੇਂ ਪਲਟੀ ਦੋਹਾਂ ਦੀ ਖੁਸ਼ਹਾਲ ਜ਼ਿੰਦਗੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
2019 ਵਿੱਚ ਕੋਲੰਬੀਆਈ ਪ੍ਰੇਮਿਕਾ ਐਨੀ ਨਾਲ ਵਿਆਹੇ ਗਏ ਰੋਪੜ ਦੇ ਹਰਪਾਲ ਸਿੰਘ ਮਾਰਚ 2021 ਤੱਕ ਇੱਕ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਸਨ।
ਉਹ ਕੋਲੰਬੀਆ ਰਹਿੰਦੀ ਆਪਣੀ ਪਤਨੀ ਕੋਲ ਜਾਣ ਦੀ ਤਿਆਰੀ ਕਰ ਰਹੇ ਸਨ। ਐਨੀ ਦਾ ਪੂਰਾ ਨਾਮ ਐਨੀ ਟੌਰਸ ਹੈ, ਕੋਲੰਬੀਆ ਮੁਲਕ ਦੱਖਣੀ ਅਮਰੀਕਾ ਮਹਾਦੀਪ ਵਿੱਚ ਪੈਂਦਾ ਹੈ।
ਪੇਸ਼ੇ ਤੋਂ ਪਲੰਬਰ ਹਰਪਾਲ ਸਿੰਘ ਖੇਤੀਬਾੜੀ ਵੀ ਕਰਦੇ ਸਨ।
ਉਹ ਦਿੱਲੀ ਦੀ ਸਰਹੱਦ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਭਾਗ ਲੈ ਕੇ ਵਾਪਸ ਪਰਤ ਰਹੇ ਸਨ ਜਦੋਂ 5 ਮਾਰਚ ਨੂੰ ਉਹ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ।
ਇਸ ਹਾਦਸੇ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਹੈ।
ਇਹ ਹਾਦਸਾ ਚੰਡੀਗੜ੍ਹ ਕੁਰਾਲੀ ਬਾਈਪਾਸ ਉੱਤੇ ਹੋਇਆ ਸੀ।
ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਦਨ ਦੀ ਹੱਡੀ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਉਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਨੇ ਚੱਲਣਾ ਬੰਦ ਕਰ ਦਿੱਤਾ।
ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੀ ਉਨ੍ਹਾਂ ਦੀ ਪਤਨੀ ਐਨੀ ਨੂੰ ਜਦੋਂ ਹਰਪਾਲ ਨਾਲ ਹੋਏ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਕੋਲੰਬੀਆ ਤੋਂ ਭਾਰਤ ਆ ਗਈ ਅਤੇ ਹਰਪਾਲ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਉਸ ਦੀ ਦੇਖਭਾਲ ਕਰਨ ਲੱਗੀ।
ਐਨੀ ਰੋਜ਼ਾਨਾ ਦੇ ਕੰਮ, ਇਲਾਜ ਅਤੇ ਕਸਰਤ ਵਿੱਚ ਹਰਪਾਲ ਦਾ ਸਾਥ ਦਿੰਦੀ ਹੈ।
ਹਰਪਾਲ ਨੂੰ ਹਾਦਸੇ ਤੋਂ ਬਾਅਦ ਤਿੰਨ ਸਾਲ ਹੋ ਚੁੱਕੇ ਹਨ, ਹਰਪਾਲ ਅਤੇ ਐਨੀ ਦੋਵੇਂ ਹੌਂਸਲੇ ਅਤੇ ਪਿਆਰ ਦੀ ਮਿਸਾਲ ਬਣ ਗਏ ਹਨ।
ਐਨੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚੋਂ ਕੋਈ ਵੀ ਭਾਸ਼ਾ ਨਹੀਂ ਬੋਲ ਸਕਦੀ। ਉਹ ਸਿਰਫ਼ ਸਪੈਨਿਸ਼ ਬੋਲਦੀ ਹੈ।
ਹਰਪਾਲ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਚੱਲ ਰਿਹਾ ਹੈ, ਐਨੀ ਹਰਪਾਲ ਦੇ ਨਾਲ ਮੋਹਾਲੀ ਨੇੜੇ ਉਨ੍ਹਾਂ ਵੱਲੋਂ ਕਿਰਾਏ ਉੱਤੇ ਲਏ ਗਏ ਇੱਕ ਘਰ ਵਿੱਚ ਰਹਿੰਦੀ ਹੈ।
ਹਰਪਾਲ ਰੋਪੜ ਦੇ ਰੌਲ਼ੀ ਪਿੰਡ ਨਾਲ ਸਬੰਧ ਰੱਖਦੇ ਹਨ।
ਕਿਵੇਂ ਹੋਈ ਸੀ ਸਪੈਨਿਸ਼ ਬੋਲਦੀ ਐਨੀ ਨਾਲ ਮੁਲਾਕਾਤ
ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਨੇ ਦੱਸਿਆ ਉਹ ਫੇਸਬੁਕ ਰਾਹੀਂ ਐਨੀ ਦੇ ਸੰਪਰਕ ਵਿੱਚ ਆਏ ਸਨ।
ਉਨ੍ਹਾਂ ਦੱਸਿਆ, “ਐਨੀ ਸਪੈਨਿਸ਼ ਬੋਲਦੇ ਸਨ, ਗੱਲ ਕਰਦਿਆਂ-ਕਰਦਿਆਂ ਸਾਨੂੰ ਚੰਗਾ ਲੱਗਾ ਅਤੇ ਅਸੀਂ ਇਸ ਦੂਜੇ ਦੇ ਵਧੀਆ ਦੋਸਤ ਬਣ ਗਏ।”
ਉਨ੍ਹਾਂ ਦੱਸਿਆ ਕਿ ਦੋਵਾਂ ਦੀ ਗੱਲਬਾਤ ਇੱਕ ਸਾਲ ਤੱਕ ਚੱਲਦੀ ਰਹੀ ਅਤੇ ਉਸ ਤੋਂ ਬਾਅਦ ਐਨੀ ਇੰਡੀਆ ਆਈ ਤੇ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦੋਵਾਂ ਦਾ ਵਿਆਹ 29 ਅਗਸਤ 2019 ਨੂੰ ਹੋਇਆ ਸੀ।
ਐਨੀ ਅਤੇ ਹਰਪਾਲ ਦੋਵੇਂ ਇੱਕ ਦੂਜੇ ਨਾਲ ਸਪੈਨਿਸ਼ ਵਿੱਚ ਹੀ ਗੱਲਬਾਤ ਕਰਦੇ ਹਨ।
ਦੋਵੇਂ ਵਿਆਹ ਤੋਂ ਬਾਅਦ ਕੁਝ ਮਹੀਨੇ ਇਕੱਠੇ ਰਹੇ। ਇਸ ਤੋਂ ਬਾਅਦ ਐਨੀ ਕੋਲੰਬੀਆ ਵਾਪਸ ਪਰਤ ਗਈ, ਹਰਪਾਲ ਨੇ ਵੀ ਐਨੀ ਨਾਲ ਰਹਿਣ ਲਈ ਕੋਲੰਬੀਆ ਜਾਣਾ ਸੀ।
ਉਸੇ ਦੌਰਾਨ ਕੋਰੋਨਾ ਵਾਇਰਸ ਫੈਲਣ ਕਾਰਨ ਲਾਕਡਾਊਨ ਲੱਗ ਗਿਆ ਸੀ ਜਿਸ ਕਾਰਨ ਹਰਪਾਲ ਦੇ ਕੋਲੰਬੀਆ ਜਾਣ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਗਈ।
ਐਨੀ ਦੱਸਦੇ ਹਨ, “ਮੈਂ ਹੀ ਇਨ੍ਹਾਂ ਨੂੰ ਆਪਣੇ ਨਾਲ ਵਿਆਹ ਕਰਵਾਉਣ ਬਾਰੇ ਪੁੱਛਿਆ ਸੀ, ਉਨ੍ਹਾਂ ਨੂੰ ਇਸ ਸਵਾਲ ਉੱਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ, ਫਿਰ ਉਨ੍ਹਾਂ ਨੇ ਹਾਂ ਕਰ ਦਿੱਤੀ।”
ਉਹ ਦੱਸਦੇ ਹਨ ਕਿ ਹਰਪਾਲ ਨੂੰ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਸੀ। ਐਨੀ ਨੇ ਦੱਸਿਆ, “ਉਨ੍ਹਾਂ ਵਿੱਚ ਉਹ ਸਾਰੇ ਗੁਣ ਸਨ ਜਿਹੜੇ ਔਰਤਾਂ ਮਰਦਾਂ ਵਿੱਚ ਪਸੰਦ ਕਰਦੀਆਂ ਹਨ।”
ਉਨ੍ਹਾਂ ਦੱਸਿਆ ਕਿ ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
ਹਰਪਾਲ ਦਾ ਵੱਡਾ ਭਰਾ ਫ਼ੌਜ ਵਿੱਚ ਨੌਕਰੀ ਕਰਦਾ ਹੈ।
‘ਹਾਦਸੇ ਨੇ ਸੁਪਨੇ ਤੋੜ ਦਿੱਤੇ’
ਐਨੀ ਦੱਸਦੇ ਹਨ, “ਇਹ ਬਹੁਤ ਔਖਾ ਅਤੇ ਔਕੜਾਂ ਭਰਿਆ ਸਮਾਂ ਹੈ।”
ਉਨ੍ਹਾਂ ਦੱਸਿਆ, “ਜਦੋਂ ਮੈਨੂੰ ਐਕਸੀਡੈਂਟ ਦਾ ਪਤਾ ਲੱਗਾ ਤਾਂ ਮੇਰੇ ਕੋਲ ਇੰਡੀਆ ਵਾਪਸ ਆਉਣ ਦੇ ਪੈਸੇ ਨਹੀਂ ਸਨ, ਮੈਂ ਦੋਸਤਾਂ ਕੋਲੋਂ ਪੈਸੇ ਉਧਾਰ ਲੈ ਕੇ ਸਭ ਕੁਝ ਛੱਡ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਯੋਜਨਾਵਾਂ ਛੱਡ ਕੇ ਇੱਥੇ ਆ ਗਈ।”
ਐਨੀ ਮੁਤਾਬਕ ਉਸ ਨੇ ਆਪਣੇ ਪੈਸੇ ਹਰਪਾਲ ਸਿੰਘ ਨੂੰ ਕੰਲੋਬੀਆ ਬਲਾਉਣ ਉਤੇ ਖਰਚ ਕਰ ਦਿੱਤੇ ਸੀ ਅਤੇ ਉਸ ਨੇ ਘਰ ਵੀ ਖਰੀਦ ਲੈ ਲਿਆ ਸੀ।
ਉਨ੍ਹਾਂ ਦੱਸਿਆ, “ਇੱਥੇ ਪਹੁੰਚੀ ਤਾਂ ਮੇਰੀ ਮਦਦ ਲਈ ਕੋਈ ਨਹੀਂ ਸੀ, ਇਕੱਲੇ ਹੀ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਮੁਸ਼ਕਲ ਅਤੇ ਭਿਆਨਕ ਸਮਾਂ ਸੀ।”
ਹਰਪਾਲ ਦੇ ਮਾਪੇ ਬਜ਼ੁਰਗ ਹਨ ਅਤੇ ਐਨੀ ਹੀ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਇਲਾਜ ਵਿੱਚ ਉਨ੍ਹਾਂ ਦਾ ਸਾਥ ਦੇ ਰਹੀ ਹੈ।
ਹਰਪਾਲ ਦੱਸਦੇ ਹਨ, “ਮੇਰੇ ਨਾ ਤਾਂ ਹੱਥ ਕੰਮ ਕਰਦੇ ਹਨ ਅਤੇ ਨਾ ਹੀ ਪੈਰ, ਪਰ ਫਿਰ ਵੀ ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਪਤਨੀ ਦਾ ਸਾਥ ਮਿਲਿਆ ਹੈ, ਜੇਕਰ ਇਹ ਮੇਰੀ ਜ਼ਿੰਦਗੀ ਵਿੱਚ ਇਹ ਨਾ ਆਉਂਦੀ ਤਾਂ ਮੈ ਸ਼ਾਇਦ ਮੈ ਇਸ ਦੁਨੀਆਂ ਉੱਤੇ ਨਾ ਹੀ ਹੁੰਦਾ।”
‘ਮੈਨੂੰ ਨਹੀਂ ਪਤਾ ਮੇਰੀ ਜ਼ਿੰਦਗੀ ਦਾ ਕੀ ਹੋਵੇਗਾ’
ਹਰਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਅੱਗੇ ਕੀ ਹੋਵੇਗਾ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਐਨੀ ਨੂੰ ਵਾਪਸ ਆਪਣੇ ਮੁਲਕ ਕੋਲੰਬੀਆ ਪਰਤ ਜਾਣ ਲਈ ਕਿਹਾ ਸੀ, ਪਰ ਐਨੀ ਇਨਕਾਰ ਕਰ ਦਿੰਦੀ ਹੈ ਅਤੇ ਉਮਰ ਭਰ ਲਈ ਉਨ੍ਹਾਂ ਦਾ ਸਾਥ ਨਿਭਾਉਣ ਦੀ ਗੱਲ ਹਮੇਸ਼ਾ ਆਖਦੀ ਹੈ।
ਹਰਪਾਲ ਸਿੰਘ ਪੂਰੇ ਹੌਂਸਲੇ ਵਿੱਚ ਹਨ। ਉਹ ਕਵਿਤਾ ਲਿਖਦੇ ਹਨ ਅਤੇ ਯੂਟਿਊਬ ਉੱਤੇ ਆਪਣੇ ਚੈਨਲ ਉੱਤੇ ਆਪਣੀਆਂ ਵੀਡੀਓਜ਼ ਵੀ ਅਪਲੋਡ ਕਰਦੇ ਹਨ।
ਹਰਪਾਲ ਸਿੰਘ ਕਹਿੰਦੇ ਹਨ ਕਿ ਉਹ ਕੋਲੰਬੀਆ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ।
ਉਹ ਦੱਸਦੇ ਹਨ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰੀਕੇ ਉਹ ਪੈਸੇ ਜਮ੍ਹਾ ਕਰ ਸਕਣ ਅਤੇ ਚੰਗੇ ਇਲਾਜ ਨਾਲ ਆਪਣੀ ਜ਼ਿੰਦਗੀ ਨੂੰ ਮੁੜ ਲੀਹ ਉੱਤੇ ਲਿਆ ਸਕਣ।