ਕੈਨੇਡਾ ਦਾ ਸਟਾਰਟ-ਅਪ ਵੀਜ਼ਾ ਪ੍ਰੋਗਰਾਮ ਕਿਵੇਂ ਪੀਆਰ ਦੇ ਰਾਹ ਖੋਲ੍ਹ ਰਿਹਾ, ਪਰ ਇਸ ਕਤਾਰ ’ਚ ਪੰਜਾਬੀ ਘੱਟ ਕਿਉਂ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਸਟਡੀ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ, ਕੈਨੇਡਾ ਜਾਣ ਲਈ ਇਹ ਵੀਜ਼ਾ ਤਾਂ ਕਾਫ਼ੀ ਪੰਜਾਬੀਆਂ ਦੀ ਪਹਿਲੀ ਪਸੰਦ ਹਨ ਪਰ ਪਿਛਲੇ ਦਿਨਾਂ ’ਚ ਕੈਨੇਡਾ ਸਣੇ ਕਈ ਮੁਲਕਾਂ ਵੱਲੋਂ ਵੀਜ਼ੇ ਦੀਆਂ ਸ਼ਰਤਾਂ ਤੇ ਨਿਯਮ ਬਦਲੇ ਜਾ ਰਹੇ ਹਨ।

ਸਮਝਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਦਾ ਤਰੀਕਾ ਹੈ। ਪਰ ਇੱਥੇ ਅਸੀਂ ਇੱਕ ਅਜਿਹੇ ਪ੍ਰੋਗਰਾਮ ਦਾ ਜ਼ਿਕਰ ਰਹੇ ਹਾਂ ਜੋ ਕੈਨੇਡਾ ਵਸਣ ਦੇ ਚਾਹਵਾਨਾਂ ਲਈ ਚੰਗਾ ਬਦਲ ਹੋ ਸਕਦਾ ਹੈ।

ਜੇਕਰ ਤੁਹਾਡੇ ਕੋਲ ਕਾਰੋਬਾਰ ਦਾ ਇੱਕ ਪੁਖ਼ਤਾ ਆਈਡਿਆ ਹੈ ਤਾਂ ਤੁਹਾਡੇ ਲਈ ਹੋਰ ਮੌਜੂਦਾ ਬਦਲਾਂ ਚੋਂ ਇੱਕ ਹੈ ਸਟਾਰਟ-ਅਪ ਵੀਜ਼ਾ।

ਪਰ ਇਹ ਵੀਜ਼ਾ ਕੀ ਹੈ, ਇਸ ਲਈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਅਤੇ ਤੁਹਾਨੂੰ ਇਸ ਲਈ ਚਾਹੀਦਾ ਕੀ ਹੈ, ਇਹ ਸਭ ਜਾਣਕਾਰੀ ਅਸੀਂ ਤੁਹਾਡੇ ਨਾਲ ਇਸ ਲੇਖ ਵਿੱਚ ਸਾਂਝੀ ਕਰਾਂਗੇ।

ਕੈਨੇਡਾ ਦਾ ਸਟਾਰਟ ਅਪ ਵੀਜ਼ਾ ਪ੍ਰੋਗਰਾਮ ਹੈ ਕੀ?

ਕੈਨੇਡਾ ਦਾ ਸਟਾਰਟ ਅਪ ਵੀਜ਼ਾ ਯੋਗ ਉੱਦਮੀਆਂ ਦਾ ‘ਪਰਮਾਨੈਂਟ ਰੈਜ਼ੀਡੈਂਸ’ ਯਾਨਿ ਪੀਆਰ ਦਾ ਸੁਪਨਾ ਪੂਰਾ ਕਰ ਸਕਦਾ ਹੈ।

ਅਧਿਕਾਰਤ ਤੌਰ ’ਤੇ ਇਸ ਨੂੰ ਕੈਨੇਡਾ ਸਟਾਰਟ ਅਪ ਕਲਾਸ ਕਿਹਾ ਜਾਂਦਾ ਹੈ ਪਰ ਆਮ ਬੋਲਚਾਲ ਦੀ ਭਾਸ਼ਾ ’ਚ ਇਸ ਨੂੰ ਸਟਾਰਟ ਅਪ ਵੀਜ਼ਾ ਪ੍ਰੋਗਰਾਮ ਯਾਨੀ SUV ਕਹਿੰਦੇ ਹਨ।

ਇਸ ਪ੍ਰੋਗਰਾਮ ਦਾ ਮੰਤਵ ਸਿਰਜਨਾਤਮਕ ਉੱਦਮੀਆਂ ਨੂੰ ਇੱਕ ਮੰਚ ਦੇਣਾ ਹੈ। ਇਸ ਤਹਿਤ ਇਨ੍ਹਾਂ ਉੱਦਮੀਆਂ ਨੂੰ ਕੈਨੇਡਾ ਦੇ ਨਿਜੀ ਸੈਕਟਰ ਦੇ ਨਿਵੇਸ਼ਕਾਂ ਨਾਲ ਜੋੜਿਆ ਜਾਂਦਾ ਹੈ ਤਾਂਕਿ ਉਹ ਆਪਣਾ ਸਟਾਰਟ-ਅਪ ਬਿਜ਼ਨੇਸ ਸ਼ੁਰੂ ਕਰ ਸਕਣ।

ਪਹਿਲਾਂ ਇਹ ਉੱਦਮੀ, ਕੈਨੇਡੀਅਨ ਨਿਵੇਸ਼ਕਾਂ ਦੇ ਸਹਿਯੋਗ ਨਾਲ ਵਰਕ ਪਰਮਿਟ ’ਤੇ ਕੈਨੇਡਾ ਆਉਂਦੇ ਹਨ ਅਤੇ ਫਿਰ ਜਦੋਂ ਉਨ੍ਹਾਂ ਦਾ ਸਟਾਰਟ-ਅਪ ਬਿਜ਼ਨੇਸ ਖੜ੍ਹਾ ਹੋ ਜਾਂਦਾ ਹੈ ਅਤੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰ ਲੈਂਦਾ ਹੈ, ਤਾਂ ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਯਾਨਿ ਪੀਆਰ ਮਿਲ ਜਾਂਦੀ ਹੈ।

ਸਟਾਰਟ ਅਪ ਵੀਜ਼ਾ ਪ੍ਰੋਗਰਾਮ ਲਈ ਯੋਗਤਾ ਕੀ ਹੈ?

ਕੈਨੇਡਾ ਦੀ ਸਰਕਾਰੀ ਵੈੱਬਸਾਈਟ ਦੇ ਮੁਤਾਬਕ, ਤੁਹਾਡਾ ਬਿਜ਼ਨੇਸ ਆਇਡੀਆ ਪ੍ਰੋਗਰਾਮ ਲਈ ਯੋਗ ਹੋਣਾ ਚਾਹੀਦਾ ਹੈ।

ਜਿਸ ਕੈਨੇਡੀਅਨ ‘ਡੈਜ਼ੀਗਨੇਟਿਡ ਐਨਟਿਟੀ’ ਯਾਨੀ ਨਿਵੇਸ਼ ਕਰਨ ਵਾਲੀ ਕੰਪਨੀ ਦਾ ਸਹਿਯੋਗ ਲਿਆ ਜਾ ਰਿਹਾ ਹੈ, ਉਸ ਵੱਲੋਂ ਦਿੱਤਾ ਗਿਆ ‘ਕਮਿਟਮੈਂਟ ਸਰਟੀਫਿਕੇਟ’ ਅਤੇ ‘ਲੈਟਰ ਆਫ਼ ਸਪੋਰਟ’ ਹੋਣਾ ਚਾਹੀਦਾ ਹੈ।

ਲੋੜੀਂਦੇ ਉਪਲਬਧ ਅਤੇ ਤਬਾਦਲੇਯੋਗ ਸੈਟਲਮੈਂਟ ਫੰਡ ਹੋਣੇ ਚਾਹੀਦੇ ਹਨ।

ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ’ਚ ਘੱਟੋ-ਘੱਟ ਕੈਨੇਡਾ ਦੇ ਭਾਸ਼ਾ ਬੈਂਚਮਾਰਕ ਦਾ ਪੱਧਰ 5 ਪਾਸ ਹੋਣਾ ਚਾਹੀਦਾ ਹੈ।

ਡੇਜ਼ਿਗਨੇਟਡ ਐਨਟੀਟੀ (Designated Entity) ਕੀ ਹੈ?

ਅਸੀਂ ਜਦੋਂ ਯੋਗਤਾ ਬਾਰੇ ਦੱਸ ਰਹੇ ਸੀ ਤਾਂ ਅਸੀਂ ਇੱਕ ਟਰਮ ਲਿਖੀ ਡੇਜ਼ਿਗਨੇਟਡ ਐਨਟੀਟੀ।ਆਓ ਜਾਣੀਏ ਕੀ ਇਹ ਕੀ ਹੁੰਦਾ ਹੈ।

ਦਰਅਸਲ ਡੇਜ਼ਿਗਨੇਟਿਡ ਐਨਟੀਟੀ ਮੌਟੇ ਤੌਰ ਉੱਤੇ ਉਹ ਅਦਾਰਾ ਹੈ, ਜਿਸ ਨੇ ਤੁਹਾਡੇ ਆਈਡੀਆ ਵਿੱਚ ਪੈਸਾ ਲਗਾਉਣਾ ਹੈ।

ਕੈਨੇਡਾ ਦੇ ਪ੍ਰਾਈਵੇਟ ਸੈਕਟਰ ਵਿੱਚ ਇਹ ਮੁੱਖ ਤੌਰ ਉੱਤੇ ਤਿੰਨ ਤਰੀਕੇ ਦੇ ਹੁੰਦੇ ਹਨ

ਪਹਿਲਾ ‘ਏਂਜਲ ਇਨਵੈਸਟਰ’ ਦੂਜਾ ‘ਵੈਨਚਰ ਕੈਪੀਟਲ ਫੰਡ’ ਅਤੇ ਤੀਜਾ ‘ਬਿਜ਼ਨੇਜ਼ ਕਿਊਬੇਟਰ’ ਹੁਣ ਇਨ੍ਹਾਂ ਤਿੰਨਾਂ ਬਾਰੇ ਜਾਣ ਵੀ ਲੈਂਦੇ ਹਾਂ।

ਏਂਜਲ ਇਨਵੈਸਟਰ- ਇੱਕ ਏਂਜਲ ਇਨਵੈਸਟਰ ਨੂੰ ਤੁਹਾਡੇ ਯੋਗ ਬਿਜ਼ਨੇਸ ’ਚ ਘੱਟੋ-ਘੱਟ 75,000 ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਇੰਝ ਵੀ ਹੋ ਸਕਦਾ ਹੈ ਕਿ ਦੋ ਜਾਂ ਜ਼ਿਆਦਾ ਇਨਵੈਸਟਰ ਰੱਲ ਕੇ ਇਹ ਰਕਮ ਪੂਰੀ ਕਰਨ।

ਵੈਨਚਰ ਕੈਪੀਟਲ ਫੰਡ- ਵੈਨਚਰ ਕੈਪੀਟਲ ਫੰਡ ਨੂੰ ਤੁਹਾਡੇ ਬਿਜ਼ਨੇਸ ’ਚ ਘੱਟੋ-ਘੱਟ 2,00,000 ਡਾਲਰ ਦਾ ਨਿਵੇਸ਼ ਕਰਨਾ ਪਵੇਗਾ। ਇਸ ਵਿੱਚ ’ਚ ਵੀ 2 ਜਾਂ ਉਸ ਤੋਂ ਜ਼ਿਆਦਾ ਨਿਵੇਸ਼ਕ ਹੋ ਸਕਦੇ ਹਨ।

ਬਿਜ਼ਨੇਸ ਇਨਕਿਉਬੇਟਰ- ਜਿਹੜਾ ਕਾਰੋਬਾਰੀ ਤੁਹਾਨੂੰ ਆਪਣੇ ਕਾਰੋਬਾਰ ਦੇ ਬਿਜ਼ਨੇਸ ਇਨਕਿਉਬੇਟਰ ਪ੍ਰੋਗਰਾਮ ਦਾ ਹਿੱਸਾ ਬਣਾ ਸਕੇ, ਉਹ ਵੀ ਡੇਜ਼ੀਗਨੇਟਿਡ ਐਨਟੀਟੀ ਦਾ ਹਿੱਸਾ ਹੋ ਸਕਦਾ ਹੈ।

ਸਟਾਰਟ ਅਪ ਬਿਜ਼ਨੇਸ ਨੂੰ ਲੈ ਕੇ ਕੀ ਸ਼ਰਤਾਂ ਹਨ?

ਕਾਰੋਬਾਰ ਕੈਨੇਡਾ ਦੀ ਧਰਤੀ ’ਤੇ ਹੋਣਾ ਚਾਹੀਦਾ ਹੈ।

ਬਿਨੈਕਾਰ ਕੋਲ ਕਾਰਪੋਰੇਸ਼ਨ ਦੇ ਵੋਟਿੰਗ ਹੱਕਾਂ ’ਚ ਘੱਟੋ-ਘੱਟ 10 ਫ਼ੀਸਦ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ।

ਕਾਰਪੋਰੇਸ਼ਨ ਦੇ ਵੋਟਿੰਗ ਹੱਕਾਂ ’ਚ ਕਿਸੇ ਹੋਰ ਵਿਅਕਤੀ ਕੋਲ 50 ਫ਼ੀਸਦ ਜਾਂ ਉਸ ਤੋਂ ਵੱਧ ਦੀ ਹਿੱਸੇਦਾਰੀ ਨਹੀਂ ਹੋ ਸਕਦੀ।

ਇਸ ਵਿੱਚ ਇੱਕ ਖਾ਼ਸ ਗੱਲ ਇਹ ਹੈ ਕਿ ਕੋਈ ਇੱਕ ਕੈਨੇਡੀਅਨ ਕਾਰੋਬਾਰੀ ਅਜਿਹੇ ਵੱਧ ਤੋਂ ਵੱਧ 5 ਬਿਨੈਕਾਰਾਂ ਨੂੰ ਸਹਿਯੋਗ ਕਰ ਸਕਦਾ ਹੈ।

ਹੁਣ ਵਰਕ ਪਰਮਿਟ ਜਾਂ ਪਰਮਾਨੈਂਟ ਰੈਜ਼ੀਡੈਂਸ ਲੈਣ ਲਈ ਕੀ ਸ਼ਰਤਾਂ ਹਨ?

ਵਰਕ ਪਰਮਿਟ ਲਈ– ਵਰਕ ਪਰਮਿਟ ਲਈ ਬਿਨੈਕਾਰ ਕੋਲ ਡੇਜ਼ਿਗਨੇਟਿਡ ਐਨਟੀਟੀ ਦਾ ‘ਕਮੀਟਮੈਂਟ ਸਰਟੀਫਿਕੇਟ’ ਹੋਣਾ ਚਾਹੀਦਾ ਹੈ।

ਪਰਮਾਨੈਂਟ ਰੈਜ਼ੀਡੈਂਸ ਲਈ– ਬਿਨੈਕਾਰ ਕੈਨੇਡਾ ’ਚ ਖੋਲ੍ਹੇ ਗਏ ਇਸ ਸਟਾਰਟ-ਅਪ ਬਿਜ਼ਨੈਸ ਦੀ ਮੈਨੇਜਮੈਂਟ ਦੀਆਂ ਗਤੀਵਿਧੀਆਂ ਦਾ ਪੂਰਾ ਹਿੱਸਾ ਹੋਣਾ ਚਾਹੀਦਾ ਹੈ।

ਕਾਰੋਬਾਰ ਦੇ ਆਪਰੇਸ਼ਨਸ ਕੈਨੇਡਾ ਦੀ ਧਰਤੀ ’ਤੇ ਹੋਣੇ ਚਾਹੀਦੇ ਹਨ।

ਬਿਜ਼ਨੈਸ ਦੀ ਸਾਰੀ ਲੈਣਦਾਰੀ ਕੈਨੇਡਾ ’ਚ ਹੋਣੀ ਚਾਹੀਦੀ ਹੈ।

ਇਸ ਪੂਰੇ ਪ੍ਰੋਸੈਸ ਨੂੰ ਕਿੰਨਾ ਸਮਾਂ ਲੱਗ ਸਕਦਾ ਹੈ?

ਜੇਕਰ ਤੁਹਾਡਾ ਸਟਾਰਟ ਅਪ ਬਿਜ਼ਨੇਸ ਪ੍ਰੋਜੈਕਟ ਯੋਗ ਸਾਬਤ ਹੁੰਦਾ ਹੈ ਤਾਂ ਕਮੀਟਮੈਂਟ ਸਰਟੀਫਿਕੇਟ ਜਾਂ ਲੈਟਰ ਆਫ਼ ਸਪੋਰਟ ਲੈਣ ਲਈ 4 ਤੋਂ 6 ਮਹੀਨੇ ਲੱਗ ਸਕਦੇ ਹਨ।

ਜਦੋਂ ਇੱਕ ਵਾਰ ‘ਲੈਟਰ ਆਫ਼ ਸਪੋਰਟ’ ਮਿਲ ਜਾਂਦਾ ਹੈ ਤਾਂ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।

ਪਰਮਾਨੈਂਟ ਰੈਜ਼ੀਡੈਂਸ ਮਿਲਣ ’ਚ ਘੱਟੋ-ਘੱਟ 18 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

ਪੰਜਾਬੀਆਂ ’ਚ ਇਸ ਵੀਜ਼ਾ ਦਾ ਰੁਝਾਨ ਘੱਟ ਕਿਉਂ?

ਸੀ ਵੇਅ ਵੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸਟਾਰਟ-ਅਪ ਵੀਜ਼ਾ ਨੂੰ ਲੈ ਕੇ ਪੰਜਾਬ ਨਾਲੋਂ ਕਿਧਰੇ ਜ਼ਿਆਦਾ ਕੇਸ ਬੰਗਲੁਰੂ, ਦਿੱਲੀ ਜਾਂ ਮੁੰਬਈ ਤੋਂ ਆਉਂਦੇ ਹਨ।

ਉਹ ਕਹਿੰਦੇ ਹਨ ਕਿ ਇਸ ਲਈ ਕਾਫ਼ੀ ਪੜ੍ਹੇ ਲਿਖੇ ਅਤੇ ਸਿਰਜਨਾਤਮਕ ਲੋਕ ਚਾਹੀਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਸਟਾਰਟ-ਅਪ ਵੀਜ਼ਾ ਦੀ ਬਜਾਏ ਬਿਜ਼ਨੇਸ ਵੀਜ਼ਾ ਦੀ ਮੰਗ ਜ਼ਿਆਦਾ ਹੈ।

ਇਸ ਦਾ ਫਾਇਦਾ ਹੈ ਕਿ ਮੁੱਖ ਬਿਨੈਕਾਰ, ਆਪਣੇ ਨਾਲ 4 ਹੋਰ ਹਿੱਸੇਦਾਰ ਜਿਸ ਨੂੰ ਕੋ-ਫਾਊਂਡਰ ਕਹਿੰਦੇ ਹਨ, ਲੈ ਕੇ ਜਾ ਸਕਦਾ ਹੈ।

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਪਰ ਇੱਕ ਦਿੱਕਤ ਵੀ ਹੈ। ਸਮਝੋ ਲਵੋ ਕਿ ਤੁਹਾਨੂੰ ਪੀਆਰ ਮਿਲ ਗਈ, ਪਰ ਪੀਆਰ ਰੀਨਿਊ ਕਰਨ ’ਚ ਕਾਫੀ ਦਿੱਕਤ ਆ ਸਕਦੀ ਹੈ ਜੇਕਰ ਤੁਹਾਡੇ ਕੋ-ਫਾਊਂਡਰ ਤੁਹਾਡੇ ਤੋਂ ਅਲਗ ਹੋ ਜਾਂਦੇ ਹਨ।

ਪਰ ਉਹ ਇਸ ਗੱਲ ਨੂੰ ਜ਼ਰੂਰ ਮੰਨਦੇ ਹਨ ਕਿ ਇਹ ਵੀਜ਼ਾ ਕਾਫੀ ਕਾਰਗਰ ਸਿੱਧ ਹੋ ਸਕਦਾ ਹੈ ਜੋ ਆਪਣੇ ਬਿਜ਼ਨੇਸ ਆਈਡਿਆ ਨੂੰ ਕੈਨੇਡਾ ਦੀ ਧਰਤੀ ’ਤੇ ਵੱਧਦਾ-ਫੁਲਦਾ ਵੇਖਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)