ਦੋ ਦਹਾਕਿਆਂ ਤੋਂ ਗੁਰਸਿੱਖ ਬਣ ਕੇ ਜੈਵਿਕ ਖੇਤੀ ਕਰ ਰਿਹਾ ਫ਼ਰਾਂਸੀਸੀ ਪੰਜਾਬ ’ਚ ਕਿਉਂ ਵਸ ਗਿਆ

    • ਲੇਖਕ, ਬਿਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਭਾਵੇਂ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਜਾ ਰਿਹਾ ਹੈ ਪਰ ਇੱਕ ਫ਼ਰਾਂਸੀਸੀ ਦੋ ਦਹਾਕਿਆਂ ਤੋਂ ਨੂਰਪੁਰ ਬੇਦੀ ਇਲਾਕੇ ’ਚ ਜੈਵਿਕ ਖੇਤੀ ਕਰਕੇ ਨੌਜਵਾਨਾਂ ਅਤੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਿਹਾ ਹੈ।

"ਲੋਕ ਮੇਰੇ ਬਾਰੇ ਇੱਕ ਗੱਲ ਕਹਿੰਦੇ ਹਨ ਕਿ ਇਹ 'ਉਲਟੀ ਗੰਗਾ ਵਾਂਗ ਹੈ'। ਲੋਕ ਇੱਥੇ ਕੰਮ ਨਹੀਂ ਕਰਦੇ ਤੇ ਵਿਦੇਸ਼ਾਂ ਨੂੰ ਭੱਜਦੇ ਹਨ। ਮੈਂ ਵੀ ਕਾਫ਼ੀ ਦੇਸ਼ ਦੇਖੇ ਹਨ। ਇਹ ਲੋਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਕਰਦੇ ਹਨ, ਦੂਜਿਆਂ ਦੇ ਖੇਤਾਂ ਵਿੱਚ ਤਾਂ ਕੰਮ ਕਰਦੇ ਹਨ, ਪਰ ਆਪਣੇ ਪੰਜਾਬ ਵਿੱਚ ਕਰਨਾ ਨਹੀਂ ਚਾਹੁੰਦੇ।"

ਇਹ ਸ਼ਬਦ ਫਰਾਂਸ ਮੂਲ ਦੇ ਭਾਰਤੀ ਨਾਗਰਿਕ ਦਰਸ਼ਨ ਸਿੰਘ ਰੁਡੇਲ ਦੇ ਹਨ।

ਦਰਸ਼ਨ ਸਿੰਘ ਰੁਡੇਲ ਫਰਾਂਸ ਦੇ ਜੰਮਪਲ਼ ਹਨ ਅਤੇ ਆਪਣੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ। ਉਹ ਹੁਣ ਪੰਜਾਬ ਵਿੱਚ ਵਸ ਗਏ ਹਨ।

ਦਰਸ਼ਨ ਸਿੰਘ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਕਾਂਗੜ ’ਚ ਵਿੱਚ ਰਹਿੰਦੇ ਹਨ ਅਤੇ ਖੇਤਬਾੜੀ ਕਰਦੇ ਹਨ। ਉਨ੍ਹਾਂ ਦੀ ਪਤਨੀ ਮਲਵਿੰਦਰ ਕੌਰ ਪੰਜਾਬਣ ਹਨ ਅਤੇ ਦੋਵਾਂ ਦੀ ਇੱਕ ਧੀ ਵੀ ਹੈ।

ਦਰਸ਼ਨ ਸਿੰਘ ਦਾ ਪੁਰਾਣਾ ਨਾਮ ਮਿਸ਼ੇਲ ਮਾਈਕਲ ਜੀਨ ਲੁਈਸ ਰੁਡੇਲ਼ ਹੈ। ਉਨ੍ਹਾਂ ਦਾ ਜਨਮ ਦੱਖਣੀ ਫਰਾਂਸ ’ਚ 5 ਅਕਤੂਬਰ 1957 ਵਿੱਚ ਈਸਾਈ ਪਰਿਵਾਰ ਵਿੱਚ ਹੋਇਆ ਸੀ।

ਸਿੱਖ ਧਰਮ ਅਪਣਾਉਣ ਵਾਲੇ ਦਰਸ਼ਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ 15 ਸਾਲ ਦੀ ਉਮਰ ਦੇ ਵਿੱਚ ਹੀ ਮਾਸ ਖਾਣਾ ਵੀ ਬੰਦ ਕਰ ਦਿੱਤਾ ਸੀ।

ਉਹ ਦੱਸਦੇ ਹਨ ਕਿ ਧਰਮ ਬਦਲਣ ਵੇਲੇ ਉਨ੍ਹਾਂ ਨੂੰ ਕੋਈ ਔਖਿਆਈ ਨਹੀਂ ਆਈ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਮੰਨਦੇ ਸਨ ਕਿ ਪ੍ਰਮਾਤਮਾ ਇੱਕ ਹੀ ਹੈ ਅਤੇ ਉਨ੍ਹਾਂ ਨੇ ਦਰਸ਼ਨ ਸਿੰਘ ਦੇ ਫ਼ੈਸਲੇ ਅਤੇ ਆਸਥਾ ਨੂੰ ਸਵੀਕਾਰ ਕੀਤਾ।

ਉਹ ਹੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਉਨ੍ਹਾਂ ਦਾ ਇਸ ਦੇਸ਼ ਨਾਲ ਕੋਈ ਪੁਰਾਣਾ ਰਿਸ਼ਤਾ ਸੀ ਜੋ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ।

ਇੱਥੇ ਆ ਕੇ ਉਨ੍ਹਾਂ ਨੇ ਬਾਬੇ ਨਾਨਕ ਦੇ ਸਿਧਾਂਤ ’ਤੇ ਚੱਲਦਿਆਂ ਕਿਰਤ ਕਰਨ ’ਚ ਵਿਸ਼ਵਾਸ ਰੱਖਿਆ ਅਤੇ ਜੈਵਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਸੀ।

ਮਾਈਕਲ ਮੁਤਾਬਕ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦਾ ਸ਼ੌਕ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ।

ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 1976 ’ਚ ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਤੁਰਕੀ, ਇਰਾਨ ਤੇ ਅਫ਼ਗਾਨਿਸਤਾਨ ਤੱਕ ਸਾਈਕਲ ’ਤੇ ਯਾਤਰਾ ਕੀਤੀ ਹੈ।

ਇਸੇ ਦੌਰਾਨ ਉਹ ਭਾਰਤ ਆਏ ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰਾ ਦੇਸ਼ ਦੇਖਿਆ। ਇਹ ਹੀ ਮੌਕਾ ਸੀ ਜਦੋਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਅਤੇ ਪੰਜਾਬ ਵਿੱਚ ਵਸਣ ਦਾ ਫ਼ੈਸਲਾ ਲੈ ਲਿਆ।

'ਦੂਜਾ ਜਨਮ ਅਸਥਾਨ ਹੈ'

ਦਰਸ਼ਨ ਸਿੰਘ ਨੇ1991 ਵਿੱਚ ਆਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕ ਲਿਆ ਸੀ।

ਉਹ ਕਹਿੰਦੇ ਹਨ, "ਜਦੋਂ ਮੈਂ ਅੰਮ੍ਰਿਤ ਛਕਿਆ ਤਾਂ ਮੈਂ ਫਰੈਂਚ ਨਾਗਰਿਕਤਾ ਛੱਡ ਦਿੱਤੀ ਸੀ। ਹਾਲਾਂਕਿ, ਮੇਰੀ ਸਰਕਾਰ ਨੇ ਮੈਨੂੰ ਨਾਮ ਬਦਲਣ ਤੋਂ ਮਨ੍ਹਾਂ ਕੀਤਾ ਪਰ ਮੈਂ ਨਾਮ ਬਦਲਣ ਨੂੰ ਬਿਹਤਰ ਸਮਝਿਆ।"

"ਆਨੰਦਪੁਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਮੈਂ ਸੋਚ ਲਿਆ ਕਿ ਮੈਂ ਹੁਣ ਇੱਥੇ ਹੀ ਰਹਿਣਾ ਹੈ ਕਿਉਂਕਿ ਇਹ ਮੇਰਾ ਦੂਜਾ ਜਨਮ ਅਸਥਾਨ ਹੈ।"

ਉਹ ਆਖਦੇ ਹਨ ਕਿ ਦੂਜਿਆਂ ਦੇ ਮੁਕਾਬਲੇ ਇਸ ਥਾਂ ਪ੍ਰਦੂਸ਼ਣ ਘੱਟ ਹੈ ਅਤੇ ਮੈਨੂੰ ਜ਼ਮੀਨ ਵੀ ਉਪਜਾਊ ਲੱਗਦੀ ਹੈ।

"ਮੈਂ ਸਵੇਰੇ 4 ਵਜੇ ਉੱਠ ਜਾਂਦਾ ਹਾਂ। ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਈਏ, ਆਨੰਦ ਸਾਹਿਬ ਅਤੇ ਚੌਪਈ ਸਾਹਿਬ ਦਾ ਪਾਠ ਕਰਦਾ ਹਾਂ। ਇੱਕ ਸਿੱਖ ਲਈ ਇਹ ਬੇਹੱਦ ਜ਼ਰੂਰੀ ਹੈ।"

ਦਰਸ਼ਨ ਸਿੰਘ ਦੱਸਦੇ ਹਨ ਕਿ ਉਹ 10 ਸਾਲ ਯੂਕੇ ਦੇ ਸਾਊਥ ਹਾਲ ਵਿੱਚ ਰਹੇ ਹਨ ਅਤੇ ਉੱਥੇ ਹੀ ਉਨ੍ਹਾਂ ਨੇ ਪਾਠ ਕਰਨਾ ਅਤੇ ਗੁਰਮੁੱਖੀ ਸਿੱਖੀ ਸੀ।

ਫਰਾਂਸ ਜਾਣ ਬਾਰੇ ਦਰਸ਼ਨ ਸਿੰਘ ਆਖਦੇ ਹਨ ਕਿ ਫਰਾਂਸ ਵੀ ਕਈ ਪ੍ਰੋਗਰਾਮਾਂ 'ਤੇ ਜਾਣਾ ਪੈਂਦਾ ਹੈ ਪਰ "ਮੈਂ ਪਿਛਲੇ ਪੰਜ ਸਾਲਾਂ ਤੋਂ ਨਹੀਂ ਗਿਆ ਕਿਉਂਕਿ ਮੈਨੂੰ ਇੱਥੇ ਹੀ ਆਨੰਦ ਮਿਲਦਾ ਹੈ।"

ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ ਰਜ਼ਾ ਫਾਰਮ ਰੱਖਿਆ ਪਰ ਇਲਾਕੇ ਦੇ ਲੋਕ ਉਨ੍ਹਾਂ ਦੇ ਫਾਰਮ ਨੂੰ ਅੰਗਰੇਜ਼ ਦਾ ਫਾਰਮ ਜਾਂ ਗੋਰੇ ਦਾ ਫਾਰਮ ਕਹਿੰਦੇ ਹਨ।

ਦਰਸ਼ਨ ਸਿੰਘ ਮੋਬਾਈਲ ਦੀ ਵਰਤੋਂ ਨਹੀਂ ਕਰਦੇ

ਦਰਸ਼ਨ ਸਿੰਘ ਦਾ ਇੱਕ ਘਰ ਚੰਡੀਗੜ੍ਹ ਵੀ ਹੈ, ਜਿੱਥੇ ਉਨ੍ਹਾਂ ਦੀ ਪਤਨੀ ਰਹਿੰਦੀ ਹੈ।

ਸਾਲ 1998 ਦੇ ਵਿੱਚ ਹੀ ਉਨ੍ਹਾਂ ਨੇ ਪਿੰਡ ਕਾਂਗੜ ਵਿਖੇ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਦਰਸ਼ਨ ਸਿੰਘ ਮੋਬਾਈਲ ਫੋਨ ਨਹੀਂ ਰੱਖਦੇ। ਉਹ ਕਹਿੰਦੇ ਹਨ ਕਿ ਮੋਬਾਈਲ ਗੁਲ਼ਾਮੀ ਹੈ।

ਉਹ ਹੱਸਦੇ ਹੋਏ ਕਹਿੰਦੇ ਹਨ, "ਵਿਆਹ ਤੋਂ ਬਾਅਦ ਤਾਂ ਜ਼ੋਰੂ ਦੀ ਗੁਲ਼ਾਮੀ ਸ਼ੁਰੂ ਹੁੰਦੀ ਹੈ, ਇਸ ਨਾਲ ਦੋਹਰੀ ਗੁਲ਼ਾਮੀ ਹੋ ਜਾਵੇਗੀ।"

ਇਸ ਤੋਂ ਇਲਾਵਾ ਉਹਨਾਂ ਨੇ ਕੋਈ ਮੋਟਰਸਾਈਕਲ ਜਾਂ ਗੱਡੀ ਨਹੀਂ ਰੱਖੀ ਹੋਈ ਹੈ ਅਤੇ ਉਹ ਆਪਣੇ ਸਾਈਕਲ 'ਤੇ ਹੀ ਸਵਾਰ ਹੋ ਕੇ ਸ਼ਹਿਰ ਜਾਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹਨ।

ਰਸਾਇਣਾਂ ਦੀ ਵਰਤੋਂ ਤੋਂ ਪਰਹੇਜ਼

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜ਼ਹਿਰਾਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਕੈਂਸਰ ਕਰ ਦਿੱਤਾ ਹੈ।

ਉਹ ਕਹਿੰਦੇ ਹਨ, "ਪੰਜਾਬ ਦਾ ਕਿਸਾਨ ਥੋੜ੍ਹੇ ਜਿਹੇ ਲਾਲਚ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਖ਼ਤਮ ਕਰਨ ’ਤੇ ਲੱਗਿਆ ਹੋਇਆ ਹੈ, ਜਿਸ ਨਾਲ ਇੱਥੇ ਪੈਦਾ ਹੋਣ ਵਾਲੀ ਹਰ ਚੀਜ਼ ਜ਼ਹਿਰੀਲੀ ਪੈਦਾ ਹੋ ਰਹੀ ਹੈ।"

"ਇਹ ਹੀ ਕਾਰਨ ਹੈ ਕਿ ਫ਼ਸਲਾਂ ਦੀ ਵੱਧ ਪੈਦਾਵਾਰ ਲੈਣ ਲਈ ਕਿਸਾਨ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਲੱਗ ਗਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।"

ਦਰਸ਼ਨ ਸਿੰਘ ਕਹਿੰਦੇ ਹਨ, "ਪੁਰਾਣੇ ਸਮੇਂ ’ਚ ਪੰਜਾਬ ਦੇ ਕਿਸਾਨ ਸਿਰਫ਼ ਤੇ ਸਿਰਫ਼ ਲੂਣ ਬਾਹਰੋਂ ਲੈਂਦੇ ਸਨ। ਬਾਕੀ ਸਭ ਕੁਝ ਉਹ ਆਪ ਸ਼ੁੱਧ ਤੇ ਸਾਫ਼- ਸੁਥਰਾ ਪੈਦਾ ਕਰਦੇ ਸਨ। ਉਸ ਵਕਤ ਪੈਦਾਵਾਰ ਤਾਂ ਘੱਟ ਸੀ ਪਰ ਉਹ ਫ਼ਸਲ ਜ਼ਹਿਰੀਲੀ ਨਹੀਂ ਸੀ।"

ਦਰਸ਼ਨ ਸਿੰਘ ਆਪਣੀ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਖੇਤਾਂ ’ਚ ਉਗਾਉਂਦੇ ਹਨ।

ਦਰਸ਼ਨ ਸਿੰਘ ਨੇ ਦੱਸਿਆ ਕਿ ਜੇ ਪੰਜਾਬ ਦੇ ਕਿਸਾਨ ਆਪਣਾ ਪੁਰਾਣਾ ਵਿਰਸਾ ਸਾਂਭ ਲੈਣ ਤਾਂ ਕਿਸੇ ਵੀ ਹਾਈਬ੍ਰਿਡ ਬੀਜ ਦੀ ਜ਼ਰੂਰਤ ਨਹੀਂ ਪਵੇਗੀ।

ਪਹਿਲਾਂ ਕਿਸਾਨ ਆਪਣਾ ਬੀਜ ਖ਼ੁਦ ਤਿਆਰ ਕਰ ਲੈਂਦਾ ਸੀ। ਹੁਣ ਪੰਜਾਬ ਦਾ ਕਿਸਾਨ ਆਪਣੇ ਹੱਥੀਂ ਕੰਮ ਨਹੀਂ ਕਰਦਾ ਤੇ ਉਹ ਦੂਜੇ ਦੇ ਹੱਥਾਂ ਵੱਲ ਤੱਕਦਾ ਰਹਿੰਦਾ ਹੈ।

ਉਹ ਕਹਿੰਦੇ ਹਨ, "ਪੰਜਾਬੀ ਜੋ ਖਾਣਾ ਖਾ ਰਹੇ ਹਨ, ਉਹ ਜ਼ਹਿਰੀਲਾ ਹੋ ਚੁੱਕਿਆ ਹੈ। ਪੰਜਾਬੀਆਂ ਦਾ ਖਾਣਾ ਤਾਂ ਸਾਤਵਿਕ ਹੈ। ਪੰਜਾਬ ਦੀ ਅਸਲੀ ਖ਼ੁਰਾਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਹੈ, ਜੋ ਦੁਨੀਆ ਭਰ ’ਚ ਮਸ਼ਹੂਰ ਹੈ। ਇਸ ਦਾ ਦੁਨੀਆ ’ਚ ਕੋਈ ਮੇਲ ਨਹੀਂ।"

ਕੁਦਰਤ ਨਾਲ ਪਿਆਰ

ਪੰਜਾਬ ਦੀ ਧਰਤੀ ਨਾਲ ਦਿਲੋਂ 'ਪਿਆਰ' ਕਰਨ ਵਾਲੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਕੁਦਰਤ ਨਾਲ ਬਹੁਤ ਹੀ ਪਿਆਰ ਕਰਦੇ ਹਨ।

ਉਨ੍ਹਾਂ ਮੁਤਾਬਕ, "ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਉਸ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ ਕਿਉਂਕਿ ਪੰਜਾਬ ਦੀ ਧਰਤੀ ’ਚ ਖਾਦਾਂ ਦਾ ਪ੍ਰਯੋਗ ਕਰਨ ਨਾਲ ਦੁਰਲੱਭ ਗੰਡੋਏ ਦੀਆਂ ਪ੍ਰਜਾਤੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।"

"ਗੰਡੋਏ ਧਰਤੀ ਦੀ ਪੈਦਾਵਾਰ ਵਧਾਉਣ ’ਚ ਅਹਿਮ ਰੋਲ ਅਦਾ ਕਰਦੇ ਹਨ। ਹਰ ਬੂਟੇ ਦਾ ਇਨਸਾਨੀ ਜ਼ਿੰਦਗੀ ’ਚ ਅਹਿਮ ਰੋਲ ਹੁੰਦਾ ਹੈ। ਕਈ ਜੜ੍ਹੀਆਂ-ਬੂਟੀਆਂ ਕਈ ਭਿਆਨਕ ਰੋਗਾਂ ਨੂੰ ਠੀਕ ਕਰਨ ’ਚ ਸਮਰੱਥ ਹਨ, ਜਿਸ ਦਾ ਆਧੁਨਿਕਤਾ ਦੇ ਯੁੱਗ ’ਚ ਕੋਈ ਇਲਾਜ ਨਹੀਂ।"

ਦਰਸ਼ਨ ਸਿੰਘ ਨੇ ਆਪਣੀ ਜ਼ਮੀਨ 'ਤੇ ਗੰਨਾ, ਆਲੂ, ਕਣਕ, ਝੋਨਾ, ਅੰਬ, ਆੜੂ, ਔਲੇ, ਹਲਦੀ, ਸੁੰਢ, ਮਿਰਚਾਂ ਆਦਿ ਲਗਾਉਂਦੇ ਹਨ।

ਦਰਸ਼ਨ ਸਿੰਘ ਨੇ ਦੇਸੀ ਨਸਲ ਦੀਆਂ ਗਊਆਂ ਰੱਖੀਆਂ ਹੋਈਆਂ ਹਨ। ਇਨ੍ਹਾਂ ਨੂੰ ਉਹ ਬੰਨ੍ਹ ਕੇ ਨਹੀਂ ਰੱਖਦੇ ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਜਿਵੇਂ ਉਹ ਆਜ਼ਾਦ ਘੁੰਮ ਰਹੀਆਂ ਹੋਣ।

ਖੇਤ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ

ਦਰਸ਼ਨ ਸਿੰਘ ਨੇ ਦੱਸਿਆ ਕਿ ਇੱਥੋਂ ਦੀ ਧਰਤੀ ਰੇਤਲੀ ਹੈ, ਇਸ ਲਈ ਉਹਨਾਂ ਨੇ ਇਸ ਨੂੰ ਖੇਤੀ ਲਈ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।

ਇੱਥੋਂ ਦੀ ਜ਼ਮੀਨ ਨੂੰ ਖੇਤ ਲਈ ਤਿਆਰ ਕਰਨ ਦਾ ਪਹਿਲਾ ਪੜਾਅ ਸੀ ਪਹਾੜ ’ਚੋਂ ਚੀਕਣੀ ਮਿੱਟੀ ਲਿਆ ਕੇ ਇਨ੍ਹਾਂ ਖੇਤਾਂ ’ਚ ਤਰਤੀਬਵੱਧ ਵਿਛਾਉਣਾ। ਬਾਅਦ ’ਚ ਗੰਡੋਇਆਂ ਵੱਲੋਂ ਤਿਆਰ ਕੀਤੀ ਖਾਦ ਖੇਤਾਂ ’ਚ ਪਾਈ ਗਈ।

ਇਸ ਤੋਂ ਇਲਾਵਾ ਉਹ ਕੁਦਰਤੀ ਚੀਜ਼ਾਂ ਜਿਵੇਂ ਗਊ ਮੂਤਰ ਅਤੇ ਨਿੰਮ ਦੇ ਪੱਤਿਆਂ ਤੋਂ ਤਿਆਰ ਕੀਤੀ ਖਾਦ ਦੀ ਵਰਤੋਂ ਕਰਦੇ ਹਨ।

ਦਰਸ਼ਨ ਸਿੰਘ ਕਹਿੰਦੇ ਹਨ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿੱਕਲਣਾ ਚਾਹੀਦਾ ਹੈ।

ਉਹਨਾਂ ਦਾ ਕਹਿਣਾ ਹੈ, "ਕਿਸਾਨਾਂ ਨੂੰ ਸਮੇਂ- ਸਮੇਂ ’ਤੇ ਦਾਲਾਂ ਤੇ ਹੋਰ ਫ਼ਸਲਾਂ ਨੂੰ ਉਗਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਧਰਤੀ ਨੂੰ ਨਾਈਟ੍ਰੋਜਨ ਤੇ ਹੋਰ ਤੱਤ ਕੁਦਰਤੀ ਰੂਪ ’ਚ ਮਿਲ ਜਾਂਦੇ ਹਨ।"

ਪਰਿਵਾਰ ਦਾ ਸਾਥ

ਦਰਸ਼ਨ ਸਿੰਘ ਨੇ ਜਦੋਂ ਵਿਆਹ ਕਰਵਾਇਆ ਤਾਂ ਉਸ ਦੇ ਸੱਦਾ-ਪੱਤਰ ਵਿੱਚ ਹੀ ਲਿਖਿਆ ਸੀ ਕਿ ਅਨੰਦ ਕਾਰਜ ਵੇਲੇ ਜਿਹੜੀ ਕੁੜੀ ਸਮਾਜ ਤੇ ਰਿਸ਼ਤੇਦਾਰਾਂ ਸਾਹਮਣੇ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰੇਗੀ ਉਹ ਸਾਰੀ ਉਮਰ ਉਸ ਦੇ ਪਿੱਛੇ ਤੁਰਨਗੇ।

ਉਨ੍ਹਾਂ ਦੀ ਪਤਨੀ ਮਲਵਿੰਦਰ ਕੌਰ ਦਾ ਕਹਿਣਾ ਹੈ ਕਿ ਅਸਲ ਵਿੱਚ ਅਜਿਹਾ ਹੀ ਹੋਇਆ, ਉਨ੍ਹਾਂ ਆਪਣੇ ਪਰਿਵਾਰ ਨੂੰ ਖ਼ੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਮਲਵਿੰਦਰ ਕਹਿੰਦੇ ਹਨ,“ਜਦੋਂ ਪਹਿਲੀ ਵਾਰ ਦਰਸ਼ਨ ਸਿੰਘ ਬਾਰੇ ਇੱਕ ਅਖ਼ਬਾਰ ਵਿੱਚ ਪੜ੍ਹਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਈ।”

ਉਹਨਾਂ ਮੁਤਾਬਕ, “ਮੈਂ ਜਦੋਂ ਦਰਸ਼ਨ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਦੇ ਸਿੱਖ ਧਰਮ ਬਾਰੇ ਵਿਚਾਰ ਸੁਣਨ ਤੋਂ ਬਾਅਦ, ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਲਿਆ।”

ਮਲਵਿੰਦਰ ਮੁਤਾਬਕ ਦਰਸ਼ਨ ਦਾ ਫ਼ਰਾਂਸ ਰਹਿੰਦਾ ਪਰਿਵਾਰ ਵੀ ਉਨ੍ਹਾਂ ਦੋਵਾਂ ਦੇ ਫ਼ੈਸਿਲਆਂ ਦਾ ਸਤਿਕਾਰ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)