You’re viewing a text-only version of this website that uses less data. View the main version of the website including all images and videos.
ਕੀਟਨਾਸ਼ਕ ਕਿਸਾਨਾਂ ਲਈ ਖ਼ਤਰਾ ਕਿਉਂ ਬਣ ਰਹੇ ਹਨ, ਕਿਵੇਂ ਕੀਤਾ ਜਾ ਸਕਦਾ ਹੈ ਬਚਾਅ
- ਲੇਖਕ, ਰਿਸ਼ੀ ਬੈਨਰਜੀ
- ਰੋਲ, ਬੀਬੀਸੀ ਪੱਤਰਕਾਰ
ਪਾਣੀ, ਖਾਦ ਅਤੇ ਕੀਟਨਾਸ਼ਕ, ਚੰਗੀ ਫ਼ਸਲ ਲਈ ਇਹ ਤਿੰਨ ਚੀਜ਼ਾਂ ਅਹਿਮ ਮੰਨੀਆਂ ਜਾਂਦੀਆਂ ਹਨ।
ਖ਼ਾਸ ਕਰਕੇ ਕੀਟਨਾਸ਼ਕ, ਕਿਉਂਕਿ ਉਹ ਫ਼ਸਲ ‘ਤੇ ਵੱਖ-ਵੱਖ ਤਰ੍ਹਾਂ ਦੇ ਕੀਟਾਂ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
ਸਿਰਫ਼ ਗੁਜਰਾਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਕਿਸਾਨ ਚੰਗੇ ਉਤਪਾਦਨ ਅਤੇ ਫ਼ਸਲ ਨੂੰ ਬਿਮਾਰੀ ਰਹਿਤ ਰੱਖਣ ਲਈ ਫ਼ਸਲ ਮੁਤਾਬਕ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।
ਗੁਜਰਾਤ ਵਿੱਚ ਮੂੰਗਫਲ਼ੀ, ਕਪਾਹ ਜਿਹੀਆਂ ਫ਼ਸਲਾਂ ’ਤੇ ਚੰਗੀ ਮਾਤਰਾ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ।
ਹਾਲਾਂਕਿ, ਕੀਟਨਾਸ਼ਕਾਂ ਦੀ ਲਗਾਤਾਰ ਅਤੇ ਲੋੜ ਤੋਂ ਵੱਧ ਵਰਤੋਂ ਨਾਲ ਫ਼ਸਲਾਂ ਦੇ ਨਾਲ-ਨਾਲ ਕਿਸਾਨਾਂ ਦੀ ਸਿਹਤ ‘ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ।
ਗੁਜਰਾਤ ਦੇ ਸੌਰਾਸ਼ਟਰ ਹਿੱਸੇ ਵਿੱਚ ਸਮੇਂ-ਸਮੇਂ ’ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਕੀਟਨਾਸ਼ਕਾਂ ਦਾ ਛਿੜਕਾਅ ਕਰਦਿਆਂ ਸਿਹਤ ਵਿਗੜਨ ਕਾਰਨ ਕਿਸਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ।
ਹਾਲ ਹੀ ਵਿੱਚ ਪੋਰਬੰਦਰ ਜ਼ਿਲ੍ਹੇ ਦੇ ਗਡਵਾਣਾ ਪਿੰਡ ਵਿੱਚ ਰਹਿਣ ਵਾਲੇ ਕਿਸਾਨ ਜਤੇਂਦਰ ਕ੍ਰਿਸ਼ਨ ਭਾਈ ਖਾਵੜਾ ਨੂੰ ਕਪਾਹ ਦੇ ਖੇਤ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕਰਦਿਆਂ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ।
ਬੀਬੀਸੀ ਗੁਜਰਾਤੀ ਦੇ ਅਜੇ ਸ਼ੀਲੂ ਦੇ ਮੁਤਾਬਕ, ਜਤੇਂਦਰ ਨੂੰ ਸਭ ਤੋਂ ਪਹਿਲਾਂ ਭਨਵਾਦ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ।
ਕੁਝ ਸਮਾਂ ਇਲਾਜ ਕਰਨ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਕੁਝ ਘੰਟਿਆਂ ਬਾਅਦ ਦੁਬਾਰਾ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਪੋਰਬੰਦਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ।
ਕੀਟਨਾਸ਼ਕਾਂ ਦੇ ਅਸਰ ਨਾਲ 50 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਗਈ
ਕੀਟਨਾਸ਼ਕ ਛਿੜਕਣ ਵੇਲੇ ਕਿਸਾਨਾਂ ਦੇ ਜ਼ਹਿਰ ਖਾਣ ਦੀਆਂ ਘਟਨਾਵਾਂ ਵੀ ਹੋ ਰਹੀਆਂ ਹਨ। ਵੇਲੇ ਸਿਰ ਇਲਾਜ ਨਾ ਮਿਲਣ ਜਾਂ ਗੰਭੀਰ ਪ੍ਰਭਾਵਾਂ ਕਾਰਨ ਕਿਸਾਨਾਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਸਾਲ 2017 ਵਿੱਚ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਟਨਾਸ਼ਕ ਜ਼ਹਿਰ ਕਾਰਨ 50 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਜਦਕਿ 800 ਤੋਂ ਵੱਧ ਕਿਸਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਸੀ।
ਸਭ ਤੋਂ ਬੁਰਾ ਅਸਰ ਯਵਤਮਾਲ ਜ਼ਿਲ੍ਹੇ ਵਿੱਚ ਹੋਇਆ ਜਿੱਥੇ ਕਪਾਹ ਦੀ ਖੇਤੀ ਕਾਫ਼ੀ ਹੁੰਦੀ ਹੈ।
ਕੁਝ ਕਿਸਾਨ ਕਥਿਤ ਤੌਰ ’ਤੇ ਕੀਟਨਾਸ਼ਕ ਛਿੜਕਦਿਆਂ ਬੇਹੋਸ਼ ਹੋ ਗਏ, ਜਦਕਿ ਹੋਰਾਂ ਨੇ ਬੇਚੈਨੀ, ਉਲਟੀ ਅਤੇ ਸਾਹ ਲੈਣ ਵਿੱਚ ਸਮੱਸਿਆ ਦਰਜ ਕਰਾਈ।
ਗੁਜਰਾਤ ਸਰਕਾਰ ਨੇ ਕਿਸਾਨਾਂ ਦੀ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ।
ਜਾਂਚ ਤੋਂ ਪਤਾ ਲੱਗਿਆ ਕਿ ਕੀਟਨਾਸ਼ਕ ਮੋਨੋਕ੍ਰੋਟੋਫੌਸ ਜਾਂ ਇਸਦੇ ਸੁਮੇਲ ਨਾਲ ਫ਼ਸਲਾਂ ‘ਤੇ ਛਿੜਕਾਅ ਕਰਦੇ ਵੇਲੇ ਕਿਸਾਨਾਂ ਨੂੰ ਜ਼ਹਿਰੀਲੇ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ।
ਐੱਸਆਈਟੀ ਦੀ ਰਿਪੋਰਟ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਇਸ ਦਵਾਈ ‘ਤੇ ਰੋਕ ਲੱਗਾ ਦਿੱਤੀ ਹੈ।
2018 ਵਿੱਚ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਖੇਤਾਬਾੜੀ ਮੰਤਰੀ ਪਰਸ਼ੋਤਮ ਰੂਪਾਲਾ ਨੇ ਕਿਹਾ ਸੀ ਕਿ 2014-15 ਅਤੇ 2017-18 ਵਿੱਚ ਮਹਾਰਾਸ਼ਟਰ ਵਿੱਚ ਕੀਟਨਾਸ਼ਕ ਜ਼ਹਿਰ ਦੇ ਕਰਨ 272 ਕਿਸਾਨਾਂ ਦੀ ਮੌਤ ਹੋ ਗਈ ਸੀ।
ਸਾਲ 2014-15 ਵਿੱਚ ਕੀਟਨਾਸ਼ਕਾਂ ਕਾਰਨ ਸਭ ਤੋਂ ਵੱਧ 89 ਕਿਸਾਨਾਂ ਦੀ ਜਾਨ ਗਈ।
ਕਿਸਾਨ ਜ਼ਹਿਰ ਕਿਉਂ ਖਾ ਰਹੇ ਹਨ?
‘ਪੈਸਟੀਸਾਈਡ ਐਕਸ਼ਨ ਨੈੱਟਵਰਕ ਇੰਡੀਆ’ ਨਾਮੀ ਸੰਗਠਨ ਖੇਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਅਤੇ ਇਸ ਦੇ ਬੁਰੇ ਪ੍ਰਭਾਵਾਂ ਖ਼ਿਲਾਫ਼ ਕੰਮ ਕਰਦਾ ਹੈ।
ਸੰਗਠਨ ਦੇ ਮੁਤਾਬਕ, ਭਾਰਤ ਵਿੱਚ ਜ਼ਿਆਦਾਤਾਰ ਕਿਸਾਨਾਂ ਨੂੰ ਕੀਟਨਾਸ਼ਕਾਂ ਦਾ ਸਹੀ ਤਰੀਕੇ ਨਾਲ ਛਿੜਕਾਅ ਕਰਨ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੈ।
ਕਿਸਾਨ ਕੀਟਨਾਸ਼ਕ ਖ਼ਰੀਦਣ ਵੇਲੇ ਦੁਕਾਨਦਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਤੇ ਸੂਚਨਾਵਾਂ ਉੱਤੇ ਹੀ ਭਰੋਸਾ ਕਰਦੇ ਹਨ। ਉਹ ਦਵਾਈ ਦੀ ਬੋਤਲ ‘ਤੇ ਲਿਖੀ ਜਾਣਕਾਰੀ ਘੱਟ ਹੀ ਪੜ੍ਹਦੇ ਹਨ।
ਦਿਲੀਪ ਕੁਮਾਰ ਇੱਕ ਖੋਜਕਰਤਾ ਹਨ ਅਤੇ ਕਈ ਸਾਲਾਂ ਤੋਂ ਇਸ ਸੰਗਠਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਸਾਨਾਂ ਵਿੱਚ ਕੀਟਨਾਸ਼ਕ ਜਾਗਰੂਕਤਾ ਅਤੇ ਪਾਲਣਾ ’ਤੇ ਖੋਜ ਕੀਤੀ ਹੈ ਅਤੇ ਕਿਤਾਬਾਂ ਲਿਖੀਆਂ ਹਨ।
ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਕਿਸਾਨ ਹਨ ਜੋ ਕੀਟਨਾਸ਼ਕਾਂ ਦਾ ਛਿੜਕਾਅ ਕਰਦਿਆਂ ਸ਼ਾਇਦ ਹੀ ਕੋਈ ਸਾਵਧਾਨੀ ਵਰਤਦੇ ਹਨ।
ਛਿੜਕਾਅ ਕਰਦਿਆਂ ਕਿਸਾਨ ਕੋਈ ਕਿੱਟ, ਚਸ਼ਮਾ, ਦਸਤਾਨੇ ਅਤੇ ਜੁੱਤੀ ਨਹੀਂ ਪਾਉਂਦੇ, ਜਿਸ ਕਾਰਨ ਛਿੜਕਾਅ ਦੌਰਾਨ ਜ਼ਹਿਰ ਚੜ੍ਹਦਾ ਹੈ।
ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, “ਕਿਸਾਨ ਸੁਰੱਖਿਆ ਸੂਟ ਕਿਉਂ ਨਹੀਂ ਪਹਿਨਦੇ, ਇਸ ਪਿੱਛੇ ਕਈ ਕਾਰਨ ਹਨ, ਪਰ ਮੁੱਖ ਕਾਰਨ ਇਹ ਹੈ ਕਿ ਕਿਸੇ ਲਈ ਵੀ ਸੂਟ ਅਤੇ ਹੋਰ ਚੀਜ਼ਾਂ ਪਾ ਕੇ ਕੰਮ ਕਰਨਾ ਮੁਸ਼ਕਿਲ ਹੈ।"
"ਭਾਰਤ ਵਿੱਚ ਔਸਤ ਤਾਪਮਾਨ ਜ਼ਿਆਦਾ ਹੈ, ਇਸ ਲਈ ਸੁਰੱਖਆ ਸੂਟ ਅਤੇ ਜੁੱਤੇ ਪਹਿਨਣ ਨਾਲ ਗਰਮੀ ਵਧ ਜਾਂਦੀ ਹੈ ਅਤੇ ਕੰਮ ਕਰਨਾ ਔਖਾ ਹੋ ਜਾਂਦਾ ਹੈ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦੀ ਕੀਮਤ ਕਰਕੇ ਇਹ ਹਰ ਕਿਸਾਨ ਦੀ ਪਹੁੰਚ ਵਿੱਚ ਨਹੀਂ ਹਨ।"
ਉਹ ਅੱਗੇ ਦੱਸਦੇ ਹਨ ਕਿ ਸਪਰੇਅ ਵਾਲੇ ਉਪਕਰਨ ਦਾ ਰਿਸਣਾ, ਛਿੜਕਾਅ ਕਰਦਿਆਂ ਖਾਣਾ ਖਾਣ ਅਤੇ ਕੀਟਨਾਸ਼ਕਾਂ ਨੂੰ ਭੋਜਨ ਤੇ ਪਾਣੀ ਦੇ ਕੋਲ ਰੱਖਣਾ ਹੋਰ ਕਾਰਨ ਹਨ ਜੋ ਇਸ ਦਾ ਕਾਰਨ ਬਣਦੇ ਹਨ।
ਕਦੇ-ਕਦੇ ਕਿਸਾਨ ਕੀਟਨਾਸ਼ਕਾਂ ਨੂੰ ਮਿਲਾਉਣ ਵੇਲੇ ਸਾਵਧਾਨੀ ਨਹੀਂ ਵਰਤਦੇ, ਜਿਸ ਨਾਲ ਵੀ ਜ਼ਹਿਰ ਚੜ੍ਹਦਾ ਹੈ।
"ਇਸ ਲਈ ਅੱਜ ਵੀ ਭਾਰਤ ਵਿੱਚ ਜ਼ਿਆਦਾਤਰ ਕਿਸਾਨ ਅਤੇ ਖੇਤੀ ਮਜ਼ਦੂਰ ਬਿਨ੍ਹਾਂ ਕਿਸੇ ਸੁਰੱਖਿਆ ਸਾਧਨ ਤੋਂ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ ਅਤੇ ਜ਼ਹਿਰਲੇ ਪ੍ਰਭਾਵ ਨਾਲ ਪੀੜਤ ਹੋ ਰਹੇ ਹਨ।”
ਇਸ ਸੰਗਠਨ ਨਾਲ ਜੁੜੇ ਇੱਕ ਖੋਜਕਰਤਾ ਨਰਸਿਮਹਾ ਰੈੱਡੀ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, “ਕਿਸਾਨ ਬਿਨ੍ਹਾਂ ਸੁਰੱਖਿਆ ਉਪਕਰਨਾਂ ਦੇ ਛਿੜਕਾਅ ਕਰਦੇ ਹਨ, ਇਸ ਲਈ ਕਈ ਵਾਰ ਕੀਟਨਾਸ਼ਕ ਦੇ ਕਣ ਉਨ੍ਹਾਂ ਦੇ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ।"
"ਇਹ ਗੱਲ ਸਾਹਮਣੇ ਆਈ ਹੈ ਕਿ ਕਿਸਾਨ ਖੇਤਾਂ ਵਿੱਚ ਨੰਗੇ ਪੈਰ ਘੁੰਮਦੇ ਹਨ ਅਤੇ ਕੀਟਨਾਸ਼ਕ ਛਿੜਕਦੇ ਹਨ। ਇਹ ਸੁਭਾਵਿਕ ਹੈ ਕਿ ਪੈਰਾਂ ਅਤੇ ਹੱਥਾਂ ਦੀ ਚਮੜੀ ਕੀਟਨਾਸ਼ਕ ਦੇ ਸੰਪਰਕ ਵਿੱਚ ਆਉਂਦੀ ਹੈ ਅਤੇ ਕੀਟਨਾਸ਼ਕ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ।"
"ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਵਿੱਚ ਹੁੰਮਸ ਜ਼ਿਆਦਾ ਹੈ ਅਤੇ ਕੰਮ ਕਰਦਿਆਂ ਹੁੰਮਸ ਕਰਕੇ ਪਸੀਨਾ ਆਉਣਾ ਸੁਭਾਵਿਕ ਹੈ। ਕੀਟਨਾਸ਼ਕ ਪਸੀਨੇ ਜ਼ਰੀਏ ਸਰੀਰ ਵਿੱਚ ਅਤੇ ਕਦੇ-ਕਦੇ ਮੂੰਹ ਵਿੱਚ ਦਾਖ਼ਲ ਹੁੰਦੇ ਹਨ ਜਿਸ ਨਾਲ ਕਿਸਾਨਾਂ ‘ਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ। ਵੱਖ-ਵੱਖ ਕੀਟਨਾਸ਼ਕਾਂ ਦਾ ਮਿਸ਼ਰਨ ਕਦੇ-ਕਦੇ ਕਿਸਾਨਾਂ ਲਈ ਖ਼ਤਰਨਾਕ ਵੀ ਹੋ ਜਾਂਦਾ ਹੈ।"
ਛਿੜਕਾਅ ਕਰਦਿਆਂ ਕੀਟਨਾਸ਼ਕ ਕਿਸਾਨ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਜਦੋਂ ਕੀਟਨਾਸ਼ਕ ਸਰੀਰ ਵਿੱਚ ਇੱਕ ਨਿਸ਼ਚਿਤ ਮਾਤਰਾ ਤੋਂ ਵੱਧ ਪਹੁੰਚ ਜਾਂਦਾ ਹੈ, ਤਾਂ ਇਸ ਦਾ ਗੰਭੀਰ ਪ੍ਰਭਾਵ ਹੋ ਸਕਦਾ ਹੈ ਅਤੇ ਇਹ ਘਾਤਕ ਵੀ ਹੋ ਸਕਦਾ ਹੈ।
ਉਹ ਅੱਗੇ ਦੱਸਦੇ ਹਨ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਇਲਾਕਿਆਂ ਵਿੱਚ ਆਮ ਹਨ ਜਿੱਥੇ ਜਲਵਾਯੂ ਗਰਮ ਅਤੇ ਹੁੰਮਸ ਵਾਲਾ ਹੈ ਅਤੇ ਜਿੱਥੇ ਕਿਸਾਨ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।
ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ ਜਿਹੇ ਸੂਬਿਆਂ ਵਿੱਚ ਕਿਸਾਨ ਚੰਗੀ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।
ਕੁਝ ਕੀਟਨਾਸ਼ਕਾਂ ਵਿੱਚ ਐਂਟੀਡੋਟ ਨਹੀਂ ਹੁੰਦੀ
ਭਾਰਤ ਵਿੱਚ ਵਿਕਣ ਵਾਲੇ ਜ਼ਿਆਦਾਤਰ ਕੀਟਨਾਸ਼ਕ ਬਹੁਤ ਖ਼ਤਰਨਾਕ ਹਨ। ਮਾਰਚ 2021 ਵਿੱਚ ਅਜਿਹੇ ਕੀਟਨਾਸ਼ਕਾਂ ਦੀ ਗਿਣਤੀ 338 ਸੀ। ਅਜਿਹੇ ਕੀਟਨਾਸ਼ਕ ਬਜ਼ਾਰ ਵਿੱਚ ਵਿਕ ਰਹੇ ਹਨ ਅਤੇ ਕਿਸਾਨ ਇਨ੍ਹਾਂ ਨੂੰ ਖਰੀਦ ਵੀ ਰਹੇ ਹਨ ਖਾਸ ਕਰਕੇ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨ।
ਦਿਲੀਪ ਕੁਮਾਰ ਕਹਿੰਦੇ ਹਨ ਕਿ ਕੁਝ ਕੀਟਨਾਸ਼ਕ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਉਨ੍ਹਾਂ ਦੀ ਕੋਈ ਦਵਾਈ ਉਪਲਬਧ ਨਹੀਂ ਹੈ।
ਇਸ ਲਈ ਜਦੋਂ ਕੋਈ ਕਿਸਾਨ ਅਜਿਹੀ ਦਵਾਈ ਦੇ ਪ੍ਰਭਾਵ ਵਿੱਚ ਆਉਂਦਾ ਹੈ ਤਾਂ ਉਸ ‘ਤੇ ਜਲਦੀ ਹੀ ਗੰਭੀਰ ਅਸਰ ਦੇਖਣ ਨੂੰ ਮਿਲਦਾ ਹੈ।
ਕਈ ਵਾਰ ਇਨਸਾਨ ਦੀ ਮੌਤ ਹੋ ਜਾਂਦੀ ਹੈ। “ਡਾਕਟਰਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਇਲਾਜ ਕਰਨਾ ਹੈ, ਜਿਸ ਕਾਰਨ ਸਮੇਂ ਸਿਰ ਸਹੀ ਇਲਾਜ ਨਹੀਂ ਮਿਲਦਾ। ਕਿਸਾਨਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ।”
ਉਹ ਅੱਗੇ ਕਹਿੰਦੇ ਹਨ ਕਿ ਭਾਰਤ ਸਰਕਾਰ ਨੇ ਕੁਝ ਕੀਟਨਾਸ਼ਕਾਂ ‘ਤੇ ਰੋਕ ਲਗਾਈ ਹੈ, ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।
ਭਾਰਤ ਸਰਕਾਰ ਨੇ ਅਨੁਪਮ ਵਰਮਾ ਕਮੇਟੀ ਦਾ ਗਠਨ ਕੀਤਾ, ਜਿਸ ਨੇ ਸਿਫ਼ਾਰਿਸ਼ ਕੀਤੀ ਕਿ ਭਾਰਤ ਵਿੱਚ ਵਿਕਰੀ ’ਤੇ ਮੌਜੂਦ ਹਰ ਕੀਟਨਾਸ਼ਕ ਦਾ ਪਰੀਖਣ ਕੀਤਾ ਜਾਵੇ। ਪਰ ਪੂਰੀ ਪ੍ਰਕਿਰਿਆ ਬਹੁਤ ਹੌਲੀ ਅਤੇ ਲੰਬੀ ਰਹੀ ਹੈ।
ਭਾਰਤ ਵਿੱਚ ਕਿਹੜੇ ਕੀਟਨਾਸ਼ਕ ਬੈਨ ਹਨ
ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵ ਅਤੇ ਕਿਸਾਨਾਂ ਦੀ ਸਿਹਤ ’ਤੇ ਪੈਣ ਵਾਲੇ ਅਸਰ ਨੂੰ ਦੇਖਦਿਆਂ ਭਾਰਤ ਸਰਕਾਰ ਨੇ 40 ਕੀਟਨਾਸ਼ਕਾਂ ਅਤੇ 4 ਕੀਟਨਾਸ਼ਕ ਫਾਰਮੂਲੇਸ਼ਨ ’ਤੇ ਰੋਕ ਲਗਾ ਦਿੱਤੀ ਹੈ।
ਇਨ੍ਹਾਂ ਵਿੱਚ ਮੁੱਖ ਤੌਰ 'ਤੇ ਏਲਡਿਨ, ਬੇਂਜੀਨ ਹੈਕਸਾਫਲੋਰਾਈਡ, ਕੈਲਸ਼ੀਅਮ ਸਾਈਨਾਈਡ, ਕਲੋਡ੍ਰਨ, ਕਾਪਰ ਏਸਿਟੋਆਸ੍ਰਿਨਾਈਡ ਅਤੇ ਮੈਨਜੋਨ ਸ਼ਾਮਲ ਹਨ।
ਇਸ ਤੋਂ ਇਲਾਵਾ ਨਾਈਟ੍ਰੋਨ, ਪੈਰਾਕਵਾਟ ਡਾਈਮਿਥਾਈਲ ਸਲਫ਼ੇਟ, ਪੈਂਟਾਫਲੋਰੋ ਨਾਈਟ੍ਰੋ ਬੇਂਜੀਨ, ਪੇਂਟਾਕਲੋਰੋਫੇਨੀਲ, ਡਿਲਡ੍ਰਿਨ, ਟੇਟ੍ਰਾਡਿਫਾਨ, ਟੈਕਸਾਫੇਨ, ਏਲਬੀਕਾਰਬ, ਡਾਈਬ੍ਰੋਮੋਕਲੋਰੋਪ੍ਰੋਪੇਨ, ਐਂਡ੍ਰਿਨ, ਏਥਿਲ ਮਰਕਰੀ ਕਲੋਰਾਈਡ, ਹੈਪਟਾਕਲੋਰ ਅਤੇ ਮੇਥਾਕਸੀਚੇਨ ਵੀ ਸ਼ਾਮਲ ਹਨ।
ਭਾਰਤ ਸਰਕਾਰ ਨੇ 2, 4 ਅਤੇ 5-ਟੀ ਸਮੇਤ 18 ਕੀਟਨਾਸ਼ਕਾਂ ਦੀ ਰਜਿਸ਼ਟਰੇਸ਼ਨ ਰੱਦ ਕਰ ਦਿੱਤੀ ਹੈ।
ਸਰਕਾਰ ਨੇ ਐਲੂਮੀਨੀਅਮ ਫੌਸਫਾਈਡ, ਕੈਪਟਾਫੋਲ, ਸਾਈਪਰਮੇਥ੍ਰਿਨ, ਡੇਜੋਮੈਟ, ਡੀਡੀਟੀ, ਫੇਨਿਟ੍ਰੋਥਿਯੋਨ, ਮਿਥਾਈਲ ਬ੍ਰੋਮਾਈਡ, ਮੋਨੋਕ੍ਰੋਟਫੋਸ ਅਤੇ ਟ੍ਰਾਈਬਲੁਰਲਿਨ ਜਿਹੇ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ।
ਭਾਰਤ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਕੇ 6 ਕੀਟਨਾਸ਼ਕਾਂ ਦੀ ਬਜ਼ਾਰ ਵਿੱਚ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ- ਅਲਾਕਲੋਰ, ਡਾਈਕਲੋਰਵੇਸ, ਫੋਰੇਟ, ਫਾਸਫਾਮਿਡੋਨ, ਟ੍ਰਾਇਜੋਫਾਸ ਅਤੇ ਟ੍ਰਾਈਕਲੋਫੋਰਾਨ।
ਕੀਟਨਾਸ਼ਕਾਂ ਦਾ ਜ਼ਹਿਰ ਫੈਲਣ ਦੇ ਲੱਛਣ ਕੀ ਹਨ?
ਮਾਹਿਰਾਂ ਮੁਤਾਬਕ, ਕੀਟਨਾਸ਼ਕ ਤਿੰਨ ਤਰ੍ਹਾਂ ਨਾਲ ਮਨੁੱਖੀ ਸਰੀਰ ਵਿੱਚ ਦਾਖ਼ਲ ਕਰ ਸਕਦੇ ਹਨ। ਚਮੜੀ ਜ਼ਰੀਏ (ਛੂਹਣ ਨਾਲ), ਮੂੰਹ ਜ਼ਰੀਏ (ਭੋਜਨ ਤੋਂ) ਅਤੇ ਫੇਫੜਿਆਂ ਰਾਹੀਂ (ਸਾਹ ਲੈਣ ਤੋਂ)।
ਕੀਟਨਾਸ਼ਕ ਸਰੀਰ ਵਿੱਚ ਕਿਵੇਂ ਦਾਖ਼ਲ ਹੁੰਦਾ ਹੈ ਇਹ ਅਹਿਮ ਹੈ ਅਤੇ ਇਹ ਤੈਅ ਕਰਦਾ ਹੈ ਕਿ ਇਹ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਾਏਗਾ।
ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੀਟਨਾਸ਼ਕ ਚਮੜੀ ਰਾਹੀਂ ਕਿਸਾਨ ਦੇ ਸਰੀਰ ਵਿੱਚ ਦਾਖ਼ਲ ਹੋ ਗਏ ਹਨ।
ਇਹ ਆਮ ਤੌਰ ‘ਤੇ ਕੀਟਨਾਸ਼ਕ ਮਿਸ਼ਰਣ ਦਾ ਛਿੜਕਾਅ ਜਾਂ ਨਿਪਟਾਰਾ ਕਰਦਿਆਂ ਸਭ ਤੋ ਜ਼ਿਆਦਾ ਹੁੰਦਾ ਹੈ। ਜੇ ਕੋਈ ਜ਼ਹਿਰੀਲਾ ਪ੍ਰਭਾਵ ਹੋਵੇ ਤਾਂ ਉਸ ਦੇ ਲੱਛਣ ਇਸ ਤਰ੍ਹਾਂ ਹਨ-
- ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ
- ਚਮੜੀ ਵਿੱਚ ਜਲਣ, ਖੁਰਕ ਅਤੇ ਬਹੁਤ ਪਸੀਨਾ ਆਉਣਾ
- ਅੱਖਾਂ ਵਿੱਚ ਖੁਰਕ ਅਤੇ ਜਲਣ, ਅੱਖਾਂ ਵਿੱਚੋਂ ਪਾਣੀ ਆਉਣਾ, ਦੇਖਣ ਵਿੱਚ ਮੁਸ਼ਕਲ, ਪੁਤਲੀਆਂ ਦਾ ਸੁੰਗੜਨਾ ਜਾਂ ਫੈਲਣਾ।
- ਮੂੰਹ ਅਤੇ ਗਲੇ ਵਿੱਚ ਜਲਣ, ਬਹੁਤ ਜ਼ਿਆਦਾ ਲਾਰ ਆਉਣਾ, ਉਲਟੀ, ਪੇਟ ਵਿੱਚ ਦਰਦ ਅਤੇ ਦਸਤ
- ਸਿਰਦਰਦ, ਚੱਕਰ ਆਉਣਾ, ਬੇਚੈਨੀ, ਮਾਸਪੇਸ਼ੀਆਂ ਵਿੱਚ ਕਾਂਬਾ, ਤੁਰਨ ਵਿੱਚ ਔਖ, ਅਸਪਸ਼ਟ ਬੋਲੀ
- ਖੰਘ, ਛਾਤੀ ਵਿੱਚ ਦਰਦ, ਸਾਹ ਲੈਣ ਵਿਚ ਔਖ, ਘਬਰਾਹਟ
ਜ਼ਹਿਰ ਖਾਣ ਦੀ ਸਥਿਤੀ ਵਿੱਚ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ ?
- ਉਚਿਤ ਸਾਹ ਲੈਂਦੇ ਰਹੋ।
- ਸਿਰ ਨੂੰ ਪਿੱਛੇ ਵੱਲ ਝੁਕਾ ਕੇ ਰੱਖੋ।
- ਦੰਦਾਂ ਵਿੱਚ ਇੱਕ ਕੱਪੜਾ ਰੱਖ ਕੇ ਮੂੰਹ ਨੂੰ ਖੁੱਲ੍ਹਾ ਰੱਖਣ ਦੀ ਕੋਸ਼ਿਸ਼ ਕਰੋ
- ਜੇ ਇਨਸਾਨ ਹੋਸ਼ ਵਿੱਚ ਹੈ, ਤਾਂ ਉਲਟੀ ਕਰਾਉਣ ਦੀ ਕੋਸ਼ਿਸ਼ ਕਰੋ
- ਯਕੀਨੀ ਬਣਾਓ ਕਿ ਵਿਅਕਤੀ ਹੇਠਾਂ ਮੂੰਹ ਕਰਕੇ ਸੌਂ ਰਿਹਾ ਹੈ
- ਵਿਅਕਤੀ ਦੇ ਮੂੰਹ ਵਿੱਚ ਜ਼ਹਿਰ ਗਿਆ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੇ ਬਿਨ੍ਹਾਂ ਉਸ ਨੂੰ ਉਲਟੀ ਕਰਨ ਲਈ ਨਾ ਕਹੋ
- ਵਿਅਕਤੀ ਨੂੰ ਪਿੱਠ ਭਾਰ ਨਾ ਲੇਟਣ ਦਿਓ ਕਿਉਂਕਿ ਉਲਟੀ ਜਾਂ ਜ਼ਹਿਰ ਫੇਫੜਿਆਂ ਵਿੱਚ ਦਾਖ਼ਲ ਹੋ ਸਕਦਾ ਹੈ ਅਤੇ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ
- ਸਿਗਰਟਨੋਸ਼ੀ, ਕੈਫ਼ੀਨ ਜਾਂ ਦੁੱਧ ਪੀਣਾ ਮਨ੍ਹਾਂ ਹੈ
ਕਿਸਾਨ ਕੀ ਰੱਖਣ ਸਾਵਧਾਨੀ ?
ਫ਼ਸਲ ਸੁਰੱਖਿਆ ਵਿੱਚ ਇਮਾਮੇਕਟਿਨ ਬੇਂਜੋਏਚ, ਸਪਿਨੋਸਾਈਡ, ਇੰਡੋਕਸਾਕਾਰਬ ਅਤੇ ਨੇਵੋਲਿਊਰਾਨ ਆਦਿ ਜਿਹੇ ਤੇਜ਼ੀ ਨਾਲ ਘਟਣ ਵਾਲੇ ਖੇਤੀਬਾੜੀ ਰਸਾਇਣਾਂ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।
ਸਿੰਥੇਟਿਕ ਪਾਈਰੋਥ੍ਰੋਇਡ ਸਮੂਹ ਦੇ ਕੀਟਨਾਸ਼ਕਾਂ ਅਤੇ ਕਵਨਕਾਸ਼ੀ ਦਾ ਉਪਯੋਗ ਕੇਵਲ ਵਪਾਰਕ ਰੂਪ ਵਿੱਚ ਉਪਲਭਧ ਮਿਸ਼ਰਨ ਦੇ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਹੈ।
ਇੱਕ ਤੋਂ ਵੱਧ ਕੀਟਨਾਸ਼ਕਾਂ ਨੂੰ ਮਿਲਾਉਣ ਤੋਂ ਪਹਿਲਾਂ ਸਟੀਕ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।
ਯਕੀਨੀ ਬਣਾਓ ਕਿ ਇਹ ਕਿਸੇ ਵੀ ਤਰ੍ਹਾਂ ਸਰੀਰ ਦੇ ਸੰਪਰਕ ਵਿੱਚ ਨਹੀਂ ਆਉਂਦਾ ਹੈ। ਦਸਤਾਨੇ ਅਤੇ ਚਸ਼ਮਾ ਪਹਿਨ ਕੇ ਖਾਲੀ ਕੀਟਨਾਸ਼ਕ ਦੇ ਡੱਬੇ ਜਾਂ ਪਲਾਸਟਿਕ ਦੀਆਂ ਬੋਤਲਾਂ ਦਾ ਨਿਪਟਾਰਾ ਕਰੋ ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੀ ਮੁੜ ਵਰਤੋਂ ਨਾ ਕਰੋ।
ਇੱਥੋਂ ਤੱਕ ਕਿ ਜੇ ਦਵਾਈ ਸਰੀਰ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਧੋਤਾ ਜਾ ਸਕਦਾ ਹੈ।
ਕੀਟਨਾਸ਼ਕ ਦਾ ਛਿੜਕਾਅ ਕਰਦਿਆਂ ਕੁਝ ਵੀ ਖਾਣ-ਪੀਣ ਤੋਂ ਬਚੋ। ਇਸ ਤੋਂ ਇਲਾਵਾ ਗੁਟਖਾ ਅਤੇ ਤੰਬਾਕੂ ਦੀ ਵਰਤੋ ਨਾ ਕਰੋ। ਗਰਮੀ ਦੇ ਦਿਨਾਂ ਵਿੱਚ ਸਵੇਰ ਜਾਂ ਸ਼ਾਮ ਨੂੰ ਸਪਰੇਅ ਕਰੋ।
ਜਿਸ ਥਾਂ ‘ਤੇ ਕੀਟਨਾਸ਼ਕ ਰੱਖੇ ਹੋਣ, ਉਸ ਥਾਂ ਕੋਈ ਵੀ ਭੋਜਨ ਜਾਂ ਪੀਣ ਵਾਲਾ ਪਦਾਰਥ ਨਾ ਰੱਖੋ।