You’re viewing a text-only version of this website that uses less data. View the main version of the website including all images and videos.
ਕੀਟ ਨਾਸ਼ਕਾਂ ਦੀ ਮਾਰ ਨਾਲ ਚਿੜੀਆਂ ਤੋਂ ਬਾਜ਼ਾਂ ਤੱਕ, ਸਭ ਖ਼ਤਰੇ 'ਚ
ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਦਾ ਮਾੜਾ ਅਸਰ ਨਾ ਸਿਰਫ਼ ਮਨੁੱਖੀ ਸਿਹਤ 'ਤੇ ਹੀ ਹੈ, ਬਲਕਿ ਜੀਵਾਂ ਅਤੇ ਪੰਛੀਆਂ ਦੀ ਸਿਹਤ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ।
ਹੈਰਾਨੀ ਗੱਲ ਇਹ ਹੈ ਕਿ ਇਹ ਵਰਤਾਰਾ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਹੈ, ਬਲਕਿ ਵਿਕਸਤ ਮੁਲਕਾਂ ਦਾ ਵੀ ਇਹੀ ਹਾਲ ਹੈ।
ਇੱਕ ਖ਼ਾਸ ਸਾਂਭ-ਸੰਭਾਲ ਦੀ ਸਕੀਮ ਤਹਿਤ ਬਰਤਾਨੀਆ ਵਿੱਚ ਇੱਲਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਗਿਆ। ਇਸੇ ਸਦਕਾ ਪਿਛਲੇ 30 ਸਾਲਾਂ ਤੋਂ ਇਸ ਪੰਛੀ ਦੀ ਝਲਕ ਆਮ ਹੀ ਵੇਖਣ ਮਿਲ ਜਾਂਦੀ ਹੈ।
ਹੁਣ ਜਦੋਂ ਇਨ੍ਹਾਂ ਇੱਲਾਂ ਦੀ ਗਿਣਤੀ ਵੱਧ ਰਹੀ ਹੈ, ਤਾਂ ਵਿਗਿਆਨੀ ਮੰਨਦੇ ਹਨ ਕਿ ਮਨੁੱਖਾਂ ਦੀ ਜੀਵਨ ਸ਼ੈਲੀ ਇਨ੍ਹਾਂ ਲਈ ਖ਼ਤਰਾ ਵਧਾ ਰਹੀ ਹੈ।
ਮਰੀਆਂ ਹੋਈਆਂ ਜੰਗਲੀ ਇੱਲਾਂ ਦੇ ਪੋਸਟ-ਮਾਰਟਮ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਮੌਤ ਕੀਟਨਾਸ਼ਕਾਂ, ਚੂਹੇਮਾਰ ਦਵਾਇਆ ਅਤੇ ਸਿੱਕਾ (ਜ਼ਹਿਰ) ਕਰ ਕੇ ਹੋਈ ਸੀ।
ਇਸ ਦਾ ਅਧਿਐਨ ਯੂਰਪੀਅਨ ਜਰਨਲ ਆਫ਼ ਵਾਇਲਡ ਲਾਈਫ਼ ਰਿਸਰਚ 'ਚ ਛਪਿਆ ਹੈ। ਅਧਿਐਨ ਮੁਤਾਬਿਕ ਜ਼ਹਿਰ ਇੱਲਾਂ ਦੀ ਗਿਣਤੀ ਵਧਾਉਣ ਦੀ ਸਕੀਮ ਵਿੱਚ ਵੱਡੀ ਰੁਕਾਵਟ ਹੈ।
ਜ਼ੂਲੋਜੀਕਲ ਸੋਸਾਇਟੀ ਆਫ਼ ਲੰਡਨ ਤੋਂ ਡਾ. ਜੈਨੀ ਜਾਫ਼ੇ ਜਿਨ੍ਹਾਂ ਨੇ ਇਸ ਅਧਿਐਨ 'ਤੇ ਕੰਮ ਕੀਤਾ ਦਾ ਕਹਿਣਾ ਹੈ ਕਿ ਇੱਲਾਂ ਵਰਗੇ ਮਾਸਾਹਾਰੀ ਪੰਛੀ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ। ਇਨ੍ਹਾਂ ਮਰੇ ਹੋਏ ਜਾਨਵਰਾਂ ਵਿੱਚ ਜ਼ਹਿਰ ਦੀ ਮਾਤਰਾ ਵੀ ਹੁੰਦੀ ਹੈ।
ਪੰਜਾਬ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਰਤਾ-ਧਰਤਾ ਉਮੇਂਦਰ ਦੱਤ ਦਾ ਮੰਨਣਾ ਹੈ ਕਿ ਖੇਤਾਂ ਵਿਚ ਲਗਾਤਾਰ ਹੋ ਰਹੇ ਜ਼ਹਿਰਾਂ ਦੇ ਛਿੜਕਾਅ ਨਾਲ ਧਰਤੀ ਵਿਚਲੇ ਪਸ਼ੂ-ਪੰਛੀ ਹੀ ਨਹੀਂ ਸੂਖਮ ਜੀਵਾਣੂ ਵੀ ਖ਼ਤਮ ਹੋ ਰਹੇ ਹਨ।
ਖ਼ਤਮ ਹੋ ਰਹੇ ਜੀਵਾਣੂਆਂ ਵਿੱਚੋਂ ਗਡੋਏ ਵੀ ਇੱਕ ਹਨ। ਇਸੇ ਤਰ੍ਹਾਂ ਡੱਡੂਆਂ ਦੀ ਗਿਣਤੀ ਵੀ ਘੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੰਨੀ ਤੇਜ਼ੀ ਨਾਲ ਇਹ ਸੂਖਮ ਜੀਵਾਣੂ ਖ਼ਤਮ ਹੋ ਰਹੇ ਹਨ, ਇਸ ਤਰ੍ਹਾਂ ਧਰਤੀ ਉੱਤੇ ਜੀਵਨ ਨੂੰ ਵੀ ਖ਼ਤਰਾ ਖੜਾ ਹੋ ਗਿਆ ਹੈ।
ਉਮੇਂਦਰ ਦੱਤ ਨੇ ਕਿਹਾ ਕਿ ਜ਼ਹਿਰ ਕਾਰਨ ਮਰੇ ਜੀਵਾਣੂਆਂ ਨੂੰ ਖਾ ਕੇ ਚਿੜੀਆਂ ਤੇ ਹੋਰ ਪੰਛੀਆਂ ਦੇ ਖ਼ਤਮ ਹੋਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇੰਨਾ ਖ਼ਤਰਿਆਂ ਤੋਂ ਬਚਣ ਇੱਕੋ ਤਰੀਕਾ ਹੈ ਕਿ ਸਾਨੂੰ ਜ਼ਾਹਿਰ ਮੁਕਤ ਖੇਤੀ ਕਰਨੀ ਚਾਹੀਦੀ ਹੈ।
ਬਰਤਾਨੀਆਂ 'ਚ ਇਹ ਅਧਿਐਨ 1989 ਤੋਂ ਲੈ ਕੇ 2007 ਤੱਕ 110 ਇੱਲਾਂ ਦੇ ਵਿਸਥਾਰਤ ਪੋਸਟ-ਮਾਰਟਮ ਅਤੇ ਜ਼ਹਿਰ ਨਾਲ ਸਬੰਧਿਤ ਵਿਸ਼ਲੇਸ਼ਣ ਉੱਤੇ ਅਧਾਰਿਤ ਹੈ।
ਇਹਨਾਂ ਵਿੱਚੋਂ 32 ਦੀ ਮੌਤ ਚੂਹੇਮਾਰ ਦਵਾਇਆ ਨਾਲ ਅਤੇ ਬਾਕੀਆਂ ਦੀ ਕੀਟਨਾਸ਼ਕਾਂ ਤੇ ਸਿੱਕਾ (ਜ਼ਹਿਰ) ਨਾਲ ਹੋਈਆਂ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜ਼ਹਿਰ ਰੋਕਣ ਦੇ ਢੰਗ ਸਾਦੇ ਹਨ, ਜਿਨ੍ਹਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ:
- ਚੂਹੇ ਨੂੰ ਕੰਟਰੋਲ ਕਰਨ ਲਈ ਹੋਰ ਵਧੀਆ ਯਤਨ ਹੋਣ
• ਕੀੜੇਮਾਰ ਦਵਾਈਆਂ ਦੀ ਗੈਰ ਕਾਨੂੰਨੀ ਵਰਤੋਂ ਨਾਲ ਨਜਿੱਠਣਾ
• ਗੋਲਾ ਬਾਰੂਦ ਦੀ ਅਗਵਾਈ ਕਰਨ ਲਈ ਗ਼ੈਰ-ਜ਼ਹਿਰੀਲੇ ਵਿਕਲਪਾਂ ਦਾ ਇਸਤੇਮਾਲ
- ਖੇਤੀ ਅਤੇ ਡੇਅਰੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਕਰਨਾ