ਕੀਟਨਾਸ਼ਕਾਂ ਦੀ ਵਰਤੋਂ ਤੇ ਨੇਲ ਪਾਲਿਸ਼ ਵੀ ਬੱਚੇ ਪੈਦਾ ਕਰਨ 'ਚ ਅੜਿੱਕਾ ਹੋ ਸਕਦੇ ਹਨ, ਕਿਵੇਂ?

ਪੱਛਮੀ ਦੇਸ਼ਾਂ ਵਿੱਚ ਸਾਲ 1972 ਵਿੱਚ ਜਿੱਥੇ ਪ੍ਰਤੀ ਮਿਲੀਲੀਟਰ ਮਨੁੱਖੀ ਵੀਰਜ ਵਿੱਚ 9.9 ਕਰੋੜ ਸ਼ੁਕਰਾਣੂ ਪਾਏ ਜਾਂਦੇ ਸਨ ਉੱਥੇ ਸਾਲ 2011 ਵਿੱਚ ਇਕੱਠੇ ਕੀਤੇ ਗਏ ਸੈਂਪਲਾਂ ਵਿੱਚ ਇਹ ਗਿਣਤੀ 4.7 ਕਰੋੜ ਰਹਿ ਗਈ ਜੋ ਕਿ ਅੱਧੇ ਤੋਂ ਵੀ ਘੱਟ ਹੈ।

ਕੀ ਸਿਰਫ਼ 39 ਸਾਲਾਂ ਦੌਰਾਨ ਪੁਰਸ਼ ਵੀਰਜ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਆਈ ਲਗਾਤਾਰ ਕਮੀ ਇੱਕ ਇਸ਼ਾਰਾ ਹੈ ਕਿ ਮਨੁੱਖੀ ਨਸਲ, ਜੇ ਇਹੀ ਰੁਝਾਨ ਰਿਹਾ ਤਾਂ ਅਲੋਪ ਹੋਣ ਵੱਲ ਵਧ ਰਹੀ ਹੈ?

ਜੇ ਰਤਾ ਹੋਰ ਗਹੁ ਨਾਲ ਦੇਖੀਏ ਤਾਂ ਇਹ ਘਾਟਾ 1 ਫੀਸਦੀ ਪ੍ਰਤੀ ਸਾਲ ਪਿਆ ਹੈ। ਇਸ ਰੁਝਾਨ ਦੇ ਹਿਸਾਬ ਨਾਲ 2011 ਤੋਂ ਬਾਅਦ ਭਾਵ 2021 ਤੱਕ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਇੱਕ ਮਿਲੀਲੀਟਰ ਵੀਰਜ ਵਿੱਚ ਸ਼ੁਕਰਾਣੂਆਂ ਦੀ ਸੰਖਿਆ 4 ਕਰੋੜ ਤੋਂ ਵੀ ਹੇਠਾਂ ਆ ਚੁੱਕੀ ਹੋਵੇਗੀ।

ਇਹ ਕੁਝ ਖੁਲਾਸੇ ਹਨ ਜੋ ਮਾਊਂਟ ਸਿਨਾਈ ਹੌਸਪੀਟਲ ਨਿਊਯਾਕ ਵਿੱਚ ਵਾਤਾਵਰਣ ਅਤੇ ਪ੍ਰਜਨਣ ਮਹਾਮਾਰੀ ਵਿਗਿਆਨੀ ਡਾ. ਸ਼ਨਾ ਸਵੈਨ ਨੇ ਮਨੁੱਖੀ ਪ੍ਰਜਨਣ ਸਿਹਤ ਵਿੱਚ ਆਪਣੇ ਲੰਬੇ ਅਧਿਐਨ ਤੋਂ ਬਾਅਦ ਕੀਤੇ ਹਨ।

ਉਨ੍ਹਾਂ ਨੇ ਕਾਊਂਟ ਡਾਊਨ (ਪੁੱਠੀ ਗਿਣਤੀ) ਨਾਂਅ ਦੀ ਕਿਤਾਬ ਵੀ ਲਿਖੀ ਹੈ ਅਤੇ ਉਨ੍ਹਾਂ ਦੀ ਪੇਸ਼ੇਨਗੋਈ ਮੁਤਾਬਕ ਜੇ ਇਹੀ ਰੁਝਾਨ ਜਾਰੀ ਰਹੇ ਤਾਂ ਮਨੁੱਖ ਨੂੰ ਇੱਕ ਨਸਲ ਵਜੋਂ ਹੋਂਦ ਨੂੰ ਦਰਪੇਸ਼ ਵੱਡਾ ਖ਼ਤਰਾ ਹਨ।

ਚਾਰ ਕਰੋੜ ਦੀ ਸੰਖਿਆ ਅਹਿਮ ਹੈ, ਕਿਉਂਕਿ ਇਸ ਤੋਂ ਨੀਚੇ ਜੇ ਸ਼ੁਕਰਾਣੂਆਂ ਦੀ ਸੰਖਿਆ ਜਾਂਦੀ ਹੈ ਤਾਂ ਜੋੜਿਆਂ ਲਈ ਸੰਤਾਨ ਉਤਪੱਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਸਨੂਈ ਤਰੀਕਿਆਂ ਦਾ ਸਹਾਰਾ ਲੈਣਾ ਪੈ ਸਕਦਾ ਹੈ।

ਡਾ. ਸਵੈਨ ਮੁਤਾਬਕ ਇਨਸਾਨੀ ਜ਼ਿੰਦਗੀ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣ ਲਈ ਪ੍ਰਜਨਨ ਕਿਰਿਆ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਰ ਹੁਣ ਆਧੁਨਿਕ ਮਨੁੱਖਾਂ ਦਾ ਰਹਿਣ- ਸਹਿਣ ਅਤੇ ਤਕਨੀਕ ਹੀ ਇਸ ਕਿਰਿਆ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਅਤੇ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।

ਇਸ ਕਦਰ ਗੰਭੀਰ ਕੇ ਉਹ ਸਪਰਮ ਯਾਨਿ ਸ਼ੁਕਰਾਣੂ ਦੀ ਗੁਣਵੱਤਾ ਵੀ ਘਟਾ ਸਕਦੇ ਹਨ। ਡਾ. ਸਵੈਨ ਮੁਤਾਬਕ ਇਸ ਵਿੱਚ ਸੁਧਾਰ ਕਰਨ ਨੂੰ ਮਨੁੱਖ ਕਿੰਨਾ ਸਮਾਂ ਲੈਂਦਾ ਹੈ ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਇਹ ਵਾਕਈ ਫੌਰੀ ਧਿਆਨ ਦੀ ਮੰਗ ਕਰਦਾ ਹੈ।

ਜੇ ਇਸ ਵੱਲ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਮਨੁੱਖਤਾ ਸਾਹਮਣੇ ਪ੍ਰਜਨਣ ਸੰਕਟ ਖੜ੍ਹਾ ਹੋ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਧਰਤੀ ਤੋਂ ਵਿਲੁਪਤੀ ਦਾ ਖ਼ਤਰਾ।

ਇਹ ਵੀ ਪੜ੍ਹੋ-

ਪ੍ਰਜਨਣ ਸ਼ਕਤੀ ਕਿੰਨੀ ਘਟੀ ਹੈ?

ਡਾ. ਸਵੈਨ ਦੇ ਅਧਿਐਨ ਮੁਤਾਬਕ ਅਜੋਕੇ ਪੁਰਸ਼ ਵਿੱਚ ਆਪਣੇ ਦਾਦੇ ਦੇ ਮੁਕਾਬਲੇ ਅੱਧੇ ਸ਼ੁਕਰਾਣੂ ਹਨ। ਇਸੇ ਤਰ੍ਹਾਂ 20 ਸਾਲਾਂ ਦੀ ਇੱਕ ਅਜੋਕੀ ਮੁਟਿਆਰ ਆਪਣੀ 35 ਸਾਲਾਂ ਦੀ ਦਾਦੀ/ਨਾਨੀ ਨਾਲੋਂ ਘੱਟ ਪ੍ਰਜਨਣ ਸਿਹਤ ਹੈ।

ਸਾਡੀ ਵਿਸ਼ਵੀ ਪ੍ਰਜਨਣ ਸਿਹਤ 'ਤੇ ਕਈ ਕਾਰਕ ਅਸਰ ਪਾਉਂਦੇ ਹਨ, ਜਿਵੇਂ ਕਿ ਤਰਜ਼ੇ ਜਿੰਦਗੀ ਨਾਲ ਜੁੜੀਆਂ ਚੋਣਾਂ- ਸਿਗਰਟਨੋਸ਼ੀ, ਬਹੁਤ ਜ਼ਿਆਦਾ ਸ਼ਰਾਬ ਪੀਣਾ, ਕਸਰਤ ਦੀ ਕਮੀ, ਮਾੜੀ ਖ਼ੁਰਾਕ ਅਤੇ ਤਣਾਅ।

ਡਾ. ਸਵੈਨ ਦੇ ਅਧਿਐਨ ਮੁਤਾਬਕ ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਹੈ। ਉਹ ਹਨ ਰਸਾਇਣ। ਸਾਡੇ ਵਾਤਾਵਰਣ ਵਿੱਚ ਘੁਲੇ ਹੋਏ ਰਸਾਇਣ -ਜੋ ਸਾਡੇ ਖ਼ੁਰਾਕ ਲੜੀ ਦਾ ਹਿੱਸਾ ਬਣ ਜਾਂਦੇ ਹਨ।

ਇਹ ਰਸਾਇਣ ਖਾਣੇ ਦੀ ਪੈਕਜਿੰਗ ਤੋਂ ਲੈਕੇ ਨਿੱਜੀ ਵਰਤੋਂ ਦੇ ਸਮਾਨ ਤੱਕ ਵਿੱਚ ਹਨ। ਇਹ ਰਸਾਇਣ ਸਾਡੇ ਹਾਰਮੋਨ ਨਾਲ ਖਿਲਵਾੜ ਕਰਦੇ ਹਨ ਅਤੇ ਲਗਭਗ ਹਰ ਥਾਂ ਪਾਏ ਜਾਂਦੇ ਹਨ।

ਕਿਹੜੇ ਰਸਾਇਣ ਹਨ ਹਾਨੀਕਾਰਕ?

ਇਨ੍ਹਾਂ ਰਸਾਇਣਾਂ ਵਿੱਚ ਭਾਂਡਿਆਂ ਵਿੱਚ ਪਰਤਾਂ ਚੜ੍ਹਾਉਣ ਵਿੱਚ ਵਰਤੇ ਜਾਣ ਵਾਲੇ ਰਸਾਇਣ ਹਨ, ਜਿਵੇਂ ਕਿ ਨੌਨ-ਸਟਿਕ ਅਤੇ ਟੈਫ਼ਲੌਨ ਕੋਟਿੰਗ।

ਮਿਸਾਲ ਵਜੋਂ ਕੱਪੜਿਆਂ ਨੂੰ ਵਾਟਰ ਪਰੂਫ਼ ਬਣਾਉਣ ਲਈ ਵਰਤੇ ਜਾਂਦੇ ਰਸਾਇਣ। ਪੀਜ਼ੇ ਦੇ ਡੱਬਿਆਂ ਅੰਦਰ ਵਰਤੇ ਗਏ ਰਸਾਇਣ ਤਾਂ ਜੋਂ ਪੀਜ਼ਾ ਠੰਡਾ ਨਾ ਹੋਵੇ।

ਇਹ ਕੋਟਿੰਗਾਂ ਜਾਂ ਪਰਤਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ ਕਿਉਂਜੋ ਇਨ੍ਹਾਂ ਵਿੱਚ PFAS ਵਰਗ ਦੇ ਰਸਾਇਣ ਵਰਤੇ ਗਏ ਹੁੰਦੇ ਹਨ।

ਇਸ ਤੋਂ ਬਾਅਦ ਡਾ. ਸਵੈਨ ਨੇ ਪਲਾਸਟਿਕ ਨੂੰ ਮੁਲਾਇਣ ਬਣਾਉਣ ਲਈ ਵਰਤੇ ਜਾਂਦੇ ਰਸਾਇਣਾਂ (ਫੈਥਲੇਟਸ) ਦਾ ਵੀ ਅਧਿਐਨ ਕੀਤਾ।

ਫੈਥਲੇਟਸ ਸਿਰਫ਼ ਪਲਾਸਟਿਕ ਦੇ ਸਮਾਨ (ਡੱਬੇ, ਲਿਫ਼ਾਫੇ, ਬੋਤਲਾਂ, ਆਦਿ) ਵਿੱਚ ਹੀ ਨਹੀਂ ਸਗੋਂ, ਕਾਸਮੈਟਿਕ ਸਾਜ਼ੋ-ਸਮਾਨ ਅਤੇ ਹਰ ਕਿਸਮ ਦੇ ਖ਼ੁਸ਼ਬੋਈ ਜਿਵੇਂ ਸੈਂਟ ਵਾਲੇ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ।

ਫੈਥਲੇਟਸ (phthalates- ਪੋਲੀ ਫਲੋਰੋ ਅਲਕਾਈਲ ਸਬਸਟਾਂਸ) ਰਸਾਇਣ ਔਰਤਾਂ ਅਤੇ ਮਰਦਾਂ ਦੇ ਪ੍ਰਜਨਣ ਹਾਰਮੋਨਾਂ ਦੇ ਵਿਰੋਧ ਕੰਮ ਕਰਦੇ ਹਨ।

ਇਹ ਪੁਰਸ਼ਾਂ ਵਿੱਚ ਟੈਸਟੋਸਟਰੌਨ ਦੀ ਮਾਤਰਾ ਘਟਾਉਂਦੇ ਹਨ, ਖ਼ਾਸ ਕਰ ਕੇ ਮਾਂ ਦੀ ਕੁੱਖ ਵਿੱਚ ਗਰਭ ਦੇ ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਹਾਰਮੋਨਾਂ ਉੱਪਰ ਅਸਰ ਪਾਉਂਦੇ ਹਨ।

ਗਰਭ ਦੌਰਾਨ ਟੈਸਟੋਸਟਰੌਨ ਦਾ ਨੀਵਾਂ ਪੱਧਰ ਬੱਚੇ ਦੇ ਨਾੜੀ ਤੰਤਰ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਨਤੀਜੇ ਵਜੋਂ ਹੋ ਸਕਦਾ ਹੈ ਕਿ ਜੇ ਪੈਦਾ ਹੋਣ ਵਾਲਾ ਮੁੰਡਾ ਹੋਇਆ ਤਾਂ ਉਸ ਦੇ ਜਨਣ ਅੰਗ ਛੋਟੇ ਰਹਿ ਜਾਣ ਜਿਸ ਨੂੰ ਫੈਥਲੇਟਸ ਸਿੰਡਰੌਮ ਕਿਹਾ ਜਾਂਦਾ ਹੈ।

ਜਦੋਂ ਇਹ ਮੁੰਡਾ ਵੱਡਾ ਹੋਵੇਗਾ ਤਾਂ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਉਸ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਘੱਟ ਹੋਵੇਗੀ।

ਇਸ ਨਾਲ ਪ੍ਰਜਨਣ ਅੰਗਾਂ ਨਾਲ ਜੁੜੇ ਵਿਗਾੜ ਜਿਵੇਂ ਅੰਡਕੋਸ਼ਾਂ ਦਾ ਬਾਹਰ ਨਾ ਨਿਕਲਣਾ। ਬਾਅਦ ਵਿੱਚ ਅਜਿਹੇ ਪੁਰਸ਼ਾਂ ਵਿੱਚ ਪਤਾਲੂਆਂ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਇਸ ਹਿਸਾਬ ਨਾ ਡਾ. ਸਵੈਨ ਦਾ ਕਹਿਣਾ ਹੈ ਕਿ ਪ੍ਰਜਨਣ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤ ਕੁੱਖ ਤੋਂ ਹੀ ਹੋ ਜਾਂਦੀ ਹੈ।

ਕੀਟਨਾਸ਼ਕ ਕਿਵੇਂ ਪ੍ਰਭਾਵਿਤ ਕਰਦੇ ਹਨ

2000ਵਿਆਂ ਦੇ ਸ਼ੁਰੂ ਵਿੱਚ ਡਾ. ਸਵੈਨ ਨੇ ਅਮਰੀਕਾ ਦੇ ਚਾਰ ਵੱਖੋ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਮਰਦਾਂ ਦਾ ਅਧਿਐਨ ਕੀਤਾ।

ਉਨ੍ਹਾਂ ਨੇ ਦੇਖਿਆ ਕਿ ਕੀਟਨਾਸ਼ਕ ਦਵਾਈਆਂ ਵੀਰਜ ਦੀ ਗੁਣਵੱਤਾ ਤੇ ਬੁਰਾ ਅਸਰ ਪਾਉਂਦੀਆਂ ਹਨ।

ਉਨ੍ਹਾਂ ਪਚਣ ਤੋਂ ਬਾਅਦ ਪਿਸ਼ਾਬ ਰਾਹੀਂ ਬਾਹਰ ਨਿਕਲੇ ਕੀਟਨਾਸ਼ਕਾ ਦਾ ਵਿਅਕਤੀਆਂ ਦੇ ਸਪਰਮ ਕਾਊਂਟ ਅਤੇ ਸ਼ੁਕਰਾਣੂ ਦੇ ਅਕਾਰ ਨਾਲ ਸੰਬੰਧ ਦਾ ਅਧਿਐਨ ਕੀਤਾ।

ਉਨ੍ਹਾਂ ਨੇ ਦੇਖਿਆ ਕਿ ਜਿਹੜੇ ਪੁਰਸ਼ ਖੇਤਾਂ ਦੇ ਨਜ਼ਦੀਕ ਜਿੱਥੇ ਕੀਟਨਾਸ਼ਕ ਜ਼ਿਆਦਾ ਵਰਤੇ ਜਾਂਦੇ ਸਨ ਉਹ ਖ਼ੁਦ ਭਾਵੇਂ ਨਾ ਵੀ ਖੇਤੀਬਾੜੀ ਨਾਲ ਜੁੜੇ ਹੋਣ, ਉਨ੍ਹਾਂ ਦੇ ਵੀਰਜ ਵਿੱਚ ਜਿੰਦਾ ਸ਼ੁਕਰਾਣੂਆਂ ਦੀ ਗਿਣਤੀ ਦੂਜਿਆਂ ਦੇ ਮੁਕਾਬਲੇ ਲਗਭਗ ਅੱਧੀ ਸੀ। ਜੋ ਕਿ ਡਾ. ਸਵੈਨ ਮੁਤਾਬਕ ਇੱਕ ਵੱਡਾ ਅੰਤਰ ਹੈ।

ਕੇਵਲ ਔਰਤਾਂ ਨਹੀਂ ਹਨ ਬਾਂਝਪਨ ਲਈ ਜਿੰਮੇਵਾਰ

ਵੀਰਜ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਨਾ ਸਿਰਫ਼ ਕਿਸੇ ਪੁਰਸ਼ ਦੀ ਪ੍ਰਜਨਣ ਸਿਹਤ ਬਾਰੇ ਦਸਦੀ ਹੈ ਸਗੋਂ ਇਹ ਉਸ ਦੀ ਸਮੁੱਚੀ ਸਿਹਤ ਬਾਰੇ ਵੀ ਕਾਫ਼ੀ ਕੁਝ ਦੱਸਦੀ ਹੈ।

ਨੀਵੇਂ ਸਪਰਮ ਕਾਊਂਟ ਦਾ ਸੰਬੰਧ ਸਹਿ-ਬੀਮਾਰੀਆਂ ਜਿਵੇਂ, ਦਿਲ ਦੇ ਰੋਗ, ਡਾਇਬਿਟੀਜ਼ ਨਾਲ ਦੇਖਿਆ ਗਿਆ ਹੈ।

ਨੀਵੇਂ ਸਪਰਮ ਕਾਊਂਟ ਗਰਭਪਾਤ ਦੀ ਵਜ੍ਹਾ ਵੀ ਬਣ ਸਕਦੇ ਹਨ।

ਇਸ ਤੋਂ ਪਹਿਲਾਂ ਪ੍ਰਜਨਣ ਸਿਹਤ ਲਈ ਅਤੇ ਗਰਭ ਪਾਤ ਸਿਰਫ਼ ਔਰਤਾਂ ਦੀ ਜ਼ਿੰਮੇਵਾਰੀ, ਕਮੀ ਜਾਂ ਨੁਕਸ ਦੱਸਿਆ ਜਾਂਦਾ ਸੀ।

ਜਦ ਕਿ ਹੁਣ ਸਾਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਔਰਤ-ਮਰਦ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਦੇਖਿਆ ਜਾਵੇ ਤਾਂ ਵਧੀਆ ਆਂਡੇ (eggs) ਹਾਸਲ ਕਰਨਾ ਕਿਸੇ ਵਿਅਕਤੀ ਦੇ ਵੀਰਜ ਵਿੱਚ ਸ਼ੁਕਰਾਣੂ ਗਿਣਨ ਅਤੇ ਉਨ੍ਹਾਂ ਦੀ ਸਿਹਤ ਸੁਧਾਰਨ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ।

ਇਸ ਅਧਿਐਨ ਨੇ ਬਹੁਤ ਸਾਰੀਆਂ ਰੂੜੀਆਂ ਅਤੇ ਧਾਰਨਾਵਾਂ ਨੂੰ ਤੋੜਿਆ ਹੈ। ਜੋ ਅਕਸਰ ਬਾਂਝਪਣ ਲਈ ਔਰਤਾਂ ਨੂੰ ਹੀ ਕਸੂਰਵਾਰ ਠਹਿਰਾਉਂਦੀਆਂ ਸਨ।

ਇਹ ਵੀ ਸਾਹਮਣੇ ਆਇਆ ਹੈ ਕਿ ਮਰਦਾਂ ਦੀ ਪ੍ਰਜਨਣ ਸਿਹਤ ਉੱਪਰ ਵੀ ਉਨ੍ਹਾਂ ਦੀ ਵਧਦੀ ਉਮਰ ਦਾ ਅਸਰ ਪੈਂਦਾ ਹੈ।

ਹੁਣ ਬਹੁਤ ਸਾਰੇ ਲੋਕ ਹੁਣ ਆਪਣੇ ਸ਼ੁਕਰਾਣੂ ਅਤੇ ਆਂਡੇ ਭਵਿੱਖ ਵਿੱਚ ਵਰਤਣ ਲਈ ਸੰਭਾਲ ਕੇ ਰੱਖਣ ਲੱਗੇ ਹਨ।

ਅਜਿਹੇ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜੋ ਬੱਚੇ ਪੈਦਾ ਕਰਨ ਲਈ ਕਿਰਾਏ ਦੀਆਂ ਕੁੱਖਾਂ (ਸੈਰੋਗੇਟ ਮਾਵਾਂ) ਦਾ ਸਹਾਰਾ ਲੈ ਰਹੇ ਹਨ।

ਜੇ ਇਹੀ ਰੁਝਾਨ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਹੁਗਿਣਤੀ ਬੱਚੇ ਮਸਨੂਈ ਤਰੀਕਿਆਂ ਨਾਲ ਜਨਮ ਲੈਣਗੇ ਅਤੇ ਨਸਲ ਚਲਦੀ ਰੱਖਣ ਲਈ ਤਕਨੀਕ ਉੱਪਰ ਸਾਡੀ ਨਿਰਭਰਤਾ ਵਧਦੀ ਜਾਵੇਗੀ।

ਤਾਂ ਕੀ ਇਹ ਰੁਝਾਨ ਪਲਟਿਆ ਨਹੀਂ ਜਾ ਸਕਦਾ?

ਅਜਿਹਾ ਨਹੀਂ ਹੈ, ਹਾਲੇ ਵੀ ਕੁਝ ਨਹੀਂ ਵਿਗੜਿਆ ਅਤੇ ਮਨੁੱਖੀ ਪ੍ਰਜਨਣ ਦੀ ਸਥਿਤੀ ਨੂੰ ਬਦ ਤੋਂ ਬਦਤਰ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸਿਹਤਮੰਦ ਜੀਵਨਸ਼ੈਲੀ, ਸ਼ੁਕਰਾਣੂਆਂ ਦੀ ਡਿਗਦੀ ਜਾ ਰਹੀ ਗਿਣਤੀ ਵਿੱਚ ਸੁਧਾਰ ਲਿਆ ਸਕਦੀ ਹੈ।

ਆਸੀਂ ਆਪਣੀ ਖ਼ਰੀਦਾਰੀ ਨਾਲ ਜੁੜੀਆਂ ਆਦਤਾਂ ਵਿੱਚ ਬਦਲਾਅ ਲਿਆ ਕੇ ਰਸਾਇਣਾਂ ਨਾਲ ਆਪਣਾ ਸੰਪਰਕ ਘਟਾ ਸਕਦੇ ਹਾਂ। ਡਾ. ਸਵੈਨ ਦੇ ਇਸ ਬਾਰੇ ਕੁਝ ਸੁਝਾਅ ਇਸ ਪ੍ਰਕਾਰ ਹਨ-

  • ਜੇ ਕਿਸੇ ਦਾ ਭਾਰ ਜ਼ਿਆਦਾ ਹੈ ਤਾਂ ਉਸ ਨੂੰ ਭਾਰ ਘਟਾਉਣਾ ਚਾਹੀਦਾ ਹੈ।
  • ਸਿਗਰਟਨੋਸ਼ੀ ਛੱਡ ਸਕਦਾ ਹੈ।
  • ਜੇ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਹੈ ਤਾਂ ਸ਼ਰਾਬ ਛੱਡ ਦੇਣੀ ਚਾਹੀਦੀ ਹੈ।
  • ਰਸਾਇਣਾਂ ਨੂੰ ਸਾਡੇ ਸਰੀਰ ਵਿੱਚ ਬਾਹਰ ਕੱਢਣਾ ਬਹੁਤ ਮੁਸ਼ਕਲ ਹੈ। ਫਿਰ ਵੀ ਬਹੁਤ ਸਾਰੇ ਰਸਾਇਣ ਅਜਿਹੇ ਹਨ ਜੋ ਸਾਡੇ ਸਰੀਰ ਵਿੱਚੋਂ ਜਲਦੀ ਹੀ ਬਾਹਰ ਨਿਕਲ ਜਾਂਦੇ ਹਨ।
  • ਇਹ ਰਾਸਾਇਣ ਅੱਧੇ ਤੋਂ ਚਾਰ ਘੰਟਿਆਂ ਦੇ ਸਮੇਂ ਦੌਰਾਨ ਸਾਡੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ।
  • ਇਸ ਲਈ ਜੇ ਅਸੀਂ ਸਰੀਰ ਵਿੱਚ ਜੋ ਜਾ ਰਿਹਾ ਹੈ ਉਸ ਬਾਰੇ ਸੁਚੇਤ ਹੋ ਜਾਈਏ ਅਤੇ ਰੋਕ ਦੇਈਏ ਤਾਂ ਅਸੀਂ ਬਹੁਤ ਜਲਦੀ ਆਪਣੇ ਸਰੀਰ ਨੂੰ ਸਾਫ਼ ਕਰ ਸਕਦੇ ਹਾਂ।

ਇਸ ਤੋਂ ਇਲਾਵਾ ਡਾ. ਸਵੈਨ ਦਾ ਕਹਿਣਾ ਹੈ ਕਿ ਜਿੱਥੇ ਮਨੁੱਖੀ ਪ੍ਰਜਨਣ ਸਿਹਤ ਵਿੱਚ ਸੁਧਾਰ ਲਈ ਕੁਝ ਕੰਮ ਅਜਿਹੇ ਹਨ ਜੋ ਹਰ ਵਿਅਕਤੀ ਆਪਣੇ ਪੱਧਰ ’ਤੇ ਕਰ ਸਕਦਾ ਹੈ।

ਉੱਥੇ ਕੁਝ ਅਜਿਹੇ ਵੀ ਕਦਮ ਹਨ ਜੋ ਸਰਕਾਰਾਂ ਅਤੇ ਸਮਾਜਾਂ ਨੂੰ ਨਾਲ ਮਿਲ ਕੇ ਚੁੱਕਣੇ ਪੈਣਗੇ। ਜਿਵੇਂ -ਖੇਤੀਬਾੜੀ ਵਿੱਚ ਜ਼ਹਿਰਾਂ ਦੀ ਬੇਹਿਸਾਬ ਵਰਤੋਂ ਨੂੰ ਠੱਲ੍ਹ ਪਾਉਣਾ, ਵਾਤਾਵਰਣ ਪੱਖੀ ਨੀਤੀਆਂ ਅਪਨਾਉਣਾ,ਤਾਂ ਜੋ ਧਰਤੀ ਦੀ ਆਪਣੀ ਸਮੁੱਚੀ ਸਿਹਤ ਵਿੱਚ ਵੀ ਸੁਧਾਰ ਆ ਸਕੇ।

ਰਸਾਇਣਾਂ ਨੂੰ ਬਜ਼ਾਰ ਵਿੱਚ ਭੇਜਣ ਤੋਂ ਪਹਿਲਾਂ ਸਖ਼ਤੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਅਜਿਹੇ ਹਜ਼ਾਰਾਂ ਰਸਾਇਣ ਹਨ ਜਿਨ੍ਹਾਂ ਦੀ ਕਦੇ ਜਾਂਚ ਨਹੀਂ ਕੀਤੀ ਗਈ ਪਰ ਸੁਰੱਖਿਅਤ ਮੰਨ ਕੇ ਵਰਤੇ ਜਾ ਰਹੇ ਹਨ। ਸਾਨੂੰ ਉਨ੍ਹਾਂ ਸਾਰੇ ਰਸਾਇਣਾਂ ਦੀ ਜਾਂਚ ਕਰਨੀ ਚਾਹੀਦੀ ਹੈ।

ਡਾ. ਸਵੈਨ ਦਾ ਕਹਿਣਾ ਹੈ,"ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਾਤਾਵਰਣਿਕ ਤੱਥ ਪ੍ਰਜਨਣ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅਸੀਂ ਬਹੁਤ ਗੰਭੀਰ ਸੰਕਟ ਵਿੱਚ ਘਿਰੇ ਹੋਏ ਹਾਂ।"

(ਇਹ ਲੇਖ ਬੀਬੀਸੀ ਰੀਲ ਦੀ ਦਸਤਾਵੇਜ਼ੀ “ਕੀ ਆਧੁਨਿਕ ਜਿੰਦਗੀ ਸਾਨੂੰ ਬਾਂਝ ਬਣਾ ਰਹੀ ਹੈ?” ’ਤੇ ਅਧਾਰਿਤ ਹੈ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)