ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਕਿਵੇਂ ਪਹਿਲੀ ਵਿਸ਼ਵ ਜੰਗ ਵਿੱਚ ਅੰਗਰੇਜ਼ਾਂ ਦੀ ਮਦਦ ਲਈ ਖਜ਼ਾਨੇ ਖੋਲ੍ਹ ਦਿੱਤੇ ਸੀ

ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਇਹ ਇੱਕ ਮਸ਼ਹੂਰ ਕਹਾਣੀ ਹੈ ਕਿ ਤੀਹ ਦੇ ਦਹਾਕੇ ਵਿੱਚ ਜਦੋਂ ਪ੍ਰਸਿੱਧ ਉਰਦੂ ਕਵੀ ਜੋਸ਼ ਮਲੀਹਾਬਾਦੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਤਾਂ ਉਹ ਪ੍ਰਸਿੱਧ ਵਕੀਲ ਤੇਜ ਬਹਾਦਰ ਸਪਰੂ ਦਾ ਇੱਕ ਪੱਤਰ ਲੈ ਕੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਵਿਦੇਸ਼ ਮੰਤਰੀ ਕੇ.ਐਮ. ਪਨੀਕਰ ਕੋਲ ਪਹੁੰਚੇ।

ਇਸ ਪੱਤਰ 'ਚ ਤੇਜ ਬਹਾਦਰ ਸਪਰੂ ਨੇ ਕਿਹਾ ਸੀ ਕਿ ਉਹ ਮਹਾਰਾਜਾ ਨੂੰ ਜੋਸ਼ ਮਾਲੀਹਾਬਾਦੀ ਲਈ ਨਿਯਮਤ ਪੈਨਸ਼ਨ ਤੈਅ ਕਰਨ ਲਈ ਕਹਿਣ।

ਵਿਦੇਸ਼ ਮੰਤਰੀ ਪਾਨੀਕਰ, ਕਵੀ ਜੋਸ਼ ਨੂੰ ਮਹਾਰਾਜਾ ਕੋਲ ਲੈ ਗਏ ਅਤੇ ਸਿਫ਼ਾਰਸ਼ ਕੀਤੀ ਕਿ ਉਨ੍ਹਾਂ ਲਈ 75 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੈਅ ਕੀਤੀ ਜਾਵੇ।

ਪਾਨੀਕਰ ਆਪਣੀ ਆਤਮਕਥਾ ਵਿੱਚ ਲਿਖਦੇ ਹਨ, "ਮਹਾਰਾਜਾ ਮੇਰੇ ਵੱਲ ਮੁੜੇ ਅਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ, ਤੁਸੀਂ ਦੱਖਣ ਭਾਰਤੀ ਹੋ, ਇਸ ਲਈ ਤੁਸੀਂ ਇਸ ਕਵੀ ਦੀ ਮਹਾਨਤਾ ਨੂੰ ਨਹੀਂ ਸਮਝ ਸਕੋਗੇ। ਜਦੋਂ ਅਸੀਂ ਸਾਰੇ ਭੁੱਲਾ ਦਿੱਤੇ ਜਾਵਾਂਗੇ, ਲੋਕ ਇਨ੍ਹਾਂ ਨੂੰ ਕਾਲੀਦਾਸ ਵਾਂਗ ਯਾਦ ਰੱਖਣਗੇ। ਇੰਨੇ ਮਹਾਨ ਵਿਅਕਤੀ ਲਈ ਇੰਨੀ ਛੋਟੀ ਪੈਨਸ਼ਨ ਮੇਰੇ ਰੁਤਬੇ ਨਾਲ ਮੇਲ ਨਹੀਂ ਖਾਂਦੀ, ਇਸ ਲਈ ਮੈਂ 250 ਰੁਪਏ ਦੀ ਜੀਵਨ ਭਰ ਲਈ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਹੁਪੱਖੀ ਸ਼ਖ਼ਸੀਅਤ

ਜੇਕਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਇੱਕ ਦਰਿਆਦਿਲ ਅਤੇ ਅੰਨ੍ਹੇਵਾਹ ਖਰਚ ਕਰਨ ਵਾਲੇ ਰਾਜਾ ਹੀ ਰਹੇ ਹੁੰਦੇ ਤਾਂ ਇਤਿਹਾਸਕਾਰਾਂ ਨੂੰ ਉਨ੍ਹਾਂ ਵਿੱਚ ਇੰਨੀ ਦਿਲਚਸਪੀ ਨਾ ਹੁੰਦੀ।

ਉਨ੍ਹਾਂ ਦੇ ਜੀਵਨੀ ਲੇਖਕ ਨਟਵਰ ਸਿੰਘ ਆਪਣੀ ਕਿਤਾਬ 'ਦਿ ਮੈਗਨੀਫਿਸੈਂਟ ਮਹਾਰਾਜਾ, ਦਿ ਲਾਈਫ ਐਂਡ ਟਾਈਮਜ਼ ਆਫ਼ ਮਹਾਰਾਜਾ ਭੁਪਿੰਦਰ ਸਿੰਘ ਆਫ਼ ਪਟਿਆਲਾ' ਵਿੱਚ ਲਿਖਦੇ ਹਨ, "ਮਹਾਰਾਜਾ ਦਾ ਅਕਰਸ਼ਣ, ਉਨ੍ਹਾਂ ਦੀ ਬਹੁ-ਪੱਖੀ ਸ਼ਖਸੀਅਤ ਵਿੱਚ ਸੀ।''

''ਉਹ ਇੱਕ ਮਹਾਰਾਜਾ, ਇੱਕ ਦੇਸ਼ ਭਗਤ, ਇੱਕ ਪਰਉਪਕਾਰੀ, ਇੱਕ ਖਿਡਾਰੀ, ਇੱਕ ਸਿਪਾਹੀ, ਸੰਗੀਤ ਅਤੇ ਕਲਾ ਦੇ ਪ੍ਰੇਮੀ, ਇੱਕ ਪਿਆਰ ਕਰਨ ਵਾਲੇ ਪਿਤਾ, ਇੱਕ ਚੰਗੇ ਪਤੀ, ਇੱਕ ਵਫ਼ਾਦਾਰ ਦੋਸਤ, ਇੱਕ ਖ਼ਤਰਨਾਕ ਦੁਸ਼ਮਣ, ਭਾਰਤੀ ਕ੍ਰਿਕਟ ਦੇ ਪਿਤਾਮਾ ਦੇ ਨਾਲ-ਨਾਲ ਇੱਕ ਤੇਜ਼-ਤਰਾਰ ਸਿਆਸਤਦਾਨ ਵੀ ਸਨ।"

ਮਹਾਰਾਜਾ ਭੁਪਿੰਦਰ ਸਿੰਘ ਦਾ ਜਨਮ 12 ਅਕਤੂਬਰ 1891 ਨੂੰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਨੂੰ ਪਿਆਰ ਨਾਲ 'ਟਿੱਕਾ ਸਾਹਿਬ' ਕਿਹਾ ਜਾਂਦਾ ਸੀ। ਉਹ ਸਿਰਫ਼ ਨੌਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਰਾਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਜਸਮੀਤ ਕੌਰ ਦਾ ਵੀ ਦੇਹਾਂਤ ਹੋ ਗਿਆ ਸੀ। ਉਹ ਸਿਰਫ਼ 10 ਸਾਲ ਦੇ ਸੀ, ਜਦੋਂ ਉਹ ਪਟਿਆਲਾ ਰਿਆਸਤ ਦੀ ਗੱਦੀ 'ਤੇ ਬੈਠੇ ਸਨ।

ਹਾਲਾਂਕਿ ਮਹਾਰਾਣੀ ਵਿਕਟੋਰੀਆ ਦੀ ਮੌਤ ਕਾਰਨ, ਉਨ੍ਹਾਂ ਦੀ ਤਾਜਪੋਸ਼ੀ ਨੂੰ ਲਗਭਗ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਜਦੋਂ ਤੱਕ ਭੁਪਿੰਦਰ ਸਿੰਘ ਬਾਲਗ ਨਹੀਂ ਹੋਏ, ਪਟਿਆਲਾ ਦਾ ਪ੍ਰਸ਼ਾਸਨ ਮੰਤਰੀ ਮੰਡਲ ਦੁਆਰਾ ਚਲਾਇਆ ਜਾਂਦਾ ਸੀ। ਸਾਲ 1903 ਵਿੱਚ, ਬਰਤਾਨੀਆ ਦੇ ਰਾਜਾ ਐਡਵਰਡ ਪੰਜਵੇਂ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਲਗਾਇਆ ਗਿਆ ਸੀ।

ਉਸ ਸਮੇਂ ਭੁਪਿੰਦਰ ਸਿੰਘ ਦੀ ਉਮਰ ਮਹਿਜ਼ 12 ਸਾਲ ਸੀ। ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣੇ ਚਾਚੇ ਨਾਲ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣਾ ਪਹਿਲਾ ਜਨਤਕ ਭਾਸ਼ਣ ਦਿੱਤਾ।

ਮਹਾਰਾਜਾ ਭੁਪਿੰਦਰ ਸਿੰਘ 12 ਸਾਲ ਦੀ ਉਮਰ ਵਿੱਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜਾ ਭੁਪਿੰਦਰ ਸਿੰਘ 12 ਸਾਲ ਦੀ ਉਮਰ ਵਿੱਚ

ਪਹਿਲੇ ਵਿਸ਼ਵ ਯੁੱਧ ਵਿੱਚ ਬਰਤਾਨੀਆ ਦੀ ਮਦਦ ਕਰਨਾ

ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ

1904 ਵਿੱਚ, ਉਨ੍ਹਾਂ ਨੂੰ ਪੜ੍ਹਾਈ ਲਈ ਐਚਿਸਨ ਕਾਲਜ, ਲਾਹੌਰ ਭੇਜਿਆ ਗਿਆ। ਉਨ੍ਹਾਂ ਦੀ ਦੇਖਭਾਲ ਲਈ 50 ਸਹਾਇਕਾਂ ਦੀ ਇੱਕ ਟੀਮ ਲਾਹੌਰ ਗਈ ਸੀ। ਉਨ੍ਹਾਂ ਦੇ ਨੌਕਰਾਂ ਵੱਲੋਂ ਹੀ ਉਨ੍ਹਾਂ ਦੇ ਜੁੱਤੀਆਂ ਦੇ ਤਸਮੇ ਬੰਨ੍ਹੇ ਜਾਂਦੇ ਸਨ।

ਬਾਲਗ ਹੋਣ ਤੋਂ ਬਾਅਦ, ਉਨ੍ਹਾਂ ਨੂੰ ਅਧਿਕਾਰਤ ਸ਼ਕਤੀਆਂ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਦੀ ਤਾਜਪੋਸ਼ੀ ਵਿੱਚ ਵਾਇਸਰਾਏ ਲਾਰਡ ਮਿੰਟੋ ਸ਼ਾਮਲ ਹੋਏ ਸਨ।

ਇਸ ਸਮੇਂ ਦੌਰਾਨ, ਉਨ੍ਹਾਂ ਨੇ ਇੱਕ ਆਲੀਸ਼ਾਨ ਜ਼ਿੰਦਗੀ ਬਤੀਤ ਕੀਤੀ ਅਤੇ ਆਪਣਾ ਸਾਰਾ ਸਮਾਂ ਪੋਲੋ, ਟੈਨਿਸ ਅਤੇ ਕ੍ਰਿਕਟ ਖੇਡਣ ਵਿੱਚ ਬਿਤਾਇਆ।

ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਪੂਰੇ ਦਿਲ ਨਾਲ ਬਰਤਾਨੀਆ ਦੀ ਮਦਦ ਕੀਤੀ ਸੀ। ਮੇਜਰ ਵੈਲੀ ਦੇ ਨਾਲ ਮਿਲ ਕੇ, ਉਨ੍ਹਾਂ ਨੇ ਇੱਕ ਫੌਜੀ ਭਰਤੀ ਮੁਹਿੰਮ ਸ਼ੁਰੂ ਕੀਤੀ ਅਤੇ ਇੱਕ ਦਿਨ ਵਿੱਚ ਫੌਜ ਵਿੱਚ 521 ਰੰਗਰੂਟਾਂ ਦੀ ਭਰਤੀ ਕਰਵਾਈ ਸੀ।

ਡਾ. ਦਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਰੀਕਾ ਆਪਣੀ ਜੀਵਨੀ 'ਮਹਾਰਾਜਾ ਭੁਪਿੰਦਰ ਸਿੰਘ, ਦਿ ਗ੍ਰੇਟ ਰੂਲਰ ਆਫ ਦ ਪਟਿਆਲਾ ਸਟੇਟ' ਵਿੱਚ ਲਿਖਦੇ ਹਨ, "ਮਹਾਰਾਜਾ ਭੁਪਿੰਦਰ ਸਿੰਘ ਨੇ ਜੰਗ ਲਈ ਬਰਤਾਨੀਆ ਸਰਕਾਰ ਨੂੰ 1.5 ਕਰੋੜ ਰੁਪਏ ਦਿੱਤੇ, ਜੋ ਕਿ ਉਨ੍ਹਾਂ ਸਮਿਆਂ ਵਿੱਚ ਬਹੁਤ ਵੱਡੀ ਰਕਮ ਸੀ।''

''ਇਸ ਤੋਂ ਇਲਾਵਾ ਪਟਿਆਲਾ ਰਾਜ ਨੇ ਜੰਗ ਦੌਰਾਨ 60 ਲੱਖ ਰੁਪਏ ਵੱਖਰੇ ਤੌਰ 'ਤੇ ਖਰਚ ਕੀਤੇ। ਇੰਨਾ ਹੀ ਨਹੀਂ, ਉਨ੍ਹਾਂ ਨੇ 72ਵੀਂ ਪਟਿਆਲਾ ਕੈਮਲ ਕੋਪਰਸ ਦੇ ਲਈ 612 ਊਠ ਅਤੇ 8ਵੀਂ ਪਟਿਆਲਾ ਕੈਮਲ ਕੋਪਰਸ ਲਈ 1072 ਊਠ ਦਿੱਤੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਬਰਤਾਨੀਆ ਫੌਜ ਨੂੰ 247 ਖੱਚਾਂ, 405 ਘੋੜੇ, 13 ਮੋਟਰ ਕਾਰਾਂ ਵੀ ਦਿੱਤੀਆਂ ਸਨ।"

ਉਨ੍ਹਾਂ ਨੇ ਸ਼ਿਮਲਾ ਹਿੱਲ ਸਟੇਸ਼ਨ ਵਿੱਚ ਆਪਣੇ ਨਿਵਾਸ ਸਥਾਨ 'ਰੌਕਵੁੱਡ' ਅਤੇ 'ਓਕਓਵਰ' ਨੂੰ ਹਸਪਤਾਲਾਂ ਵਿੱਚ ਬਦਲ ਦਿੱਤਾ।

ਹਿਟਲਰ ਅਤੇ ਮੁਸੋਲਿਨੀ ਨਾਲ ਮੁਲਾਕਾਤ

ਜਰਮਨ ਤਾਨਾਸ਼ਾਹ ਐਡੋਲਫ ਹਿਟਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਰਮਨ ਤਾਨਾਸ਼ਾਹ ਐਡੋਲਫ ਹਿਟਲਰ

ਭੁਪਿੰਦਰ ਸਿੰਘ ਇੱਕ ਲੰਮੇ ਕੱਦ ਵਾਲੇ ਵਿਅਕਤੀ ਸਨ, ਆਜ਼ਾਦੀ ਲਹਿਰ ਦੌਰਾਨ ਉਨ੍ਹਾਂ ਦਾ ਸਮਰਥਨ ਅੰਗਰੇਜ਼ਾਂ ਨਾਲ ਸੀ, ਪਰ ਪੰਜਾਬੀਆਂ, ਖਾਸ ਕਰਕੇ ਸਿੱਖ, ਕਿਸੇ ਹੋਰ ਪ੍ਰਭਾਵਸ਼ਾਲੀ ਲੀਡਰ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਨੂੰ ਆਪਣੇ ਨੁਮਾਇੰਦੇ ਵਜੋਂ ਦੇਖਦੇ ਸਨ।

ਉਨ੍ਹਾਂ ਨੂੰ ਆਪਣੇ ਢੰਗ-ਤਰੀਕਿਆਂ ਅਤੇ ਫੈਸ਼ਨ ਸਟੇਟਮੈਂਟ 'ਤੇ ਮਾਣ ਸੀ, ਖਾਸ ਕਰਕੇ ਜਿਸ ਸ਼ਾਹੀ ਤਰੀਕੇ ਨਾਲ ਉਹ ਆਪਣੀ ਪੱਗ ਬੰਨ੍ਹਦੇ ਸੀ। ਉਹ ਪੰਜਾਬੀ ਭਾਸ਼ਾ ਦੇ ਬਹੁਤ ਵੱਡੇ ਸਮਰਥਕ ਸਨ, ਉਨ੍ਹਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਦੇ ਜੀਵਨੀ ਲੇਖਕ ਖੁਸ਼ਵੰਤ ਸਿੰਘ ਆਪਣੀ ਕਿਤਾਬ 'ਕੈਪਟਨ ਅਮਰਿੰਦਰ ਸਿੰਘ ਦ ਪੀਪਲਜ਼ ਮਹਾਰਾਜਾ' ਵਿੱਚ ਲਿਖਦੇ ਹਨ, ''ਭੁਪਿੰਦਰ ਸਿੰਘ ਪੰਜਾਬੀ ਭਾਸ਼ਾ ਦੇ ਇੰਨੇ ਵੱਡੇ ਪ੍ਰੇਮੀ ਸਨ ਕਿ ਉਨ੍ਹਾਂ ਦੀ ਸਲਾਹ 'ਤੇ, ਰੇਮਿੰਗਟਨ ਟਾਈਪਰਾਈਟਰ ਕੰਪਨੀ ਨੇ ਇੱਕ ਗੁਰਮੁਖੀ ਟਾਈਪਰਾਈਟਰ ਬਣਾਇਆ, ਜਿਸਦਾ ਨਾਮ ਭੁਪਿੰਦਰ ਟਾਈਪਰਾਈਟਰ' ਰੱਖਿਆ ਗਿਆ ਸੀ।''

''ਉਹ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਕੋਲ ਆਪਣਾ ਹਵਾਈ ਜਹਾਜ਼ ਸੀ, ਜੋ ਉਹ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਬਰਤਾਨੀਆ ਤੋਂ ਲਿਆਏ ਸਨ। ਇਸ ਲਈ ਉਨ੍ਹਾਂ ਨੇ ਪਟਿਆਲਾ ਵਿੱਚ ਇੱਕ ਹਵਾਈ ਪੱਟੀ ਵੀ ਬਣਾਈ ਸੀ।''

ਆਪਣੇ ਜੀਵਨ ਕਾਲ ਦੌਰਾਨ, ਉਨ੍ਹਾਂ ਨੂੰ ਦੁਨੀਆ ਦੇ ਦੋ ਸਭ ਤੋਂ ਵੱਡੇ ਤਾਨਾਸ਼ਾਹਾਂ, ਬੇਨੀਟੋ ਮੁਸੋਲਿਨੀ ਅਤੇ ਹਿਟਲਰ ਨੂੰ ਮਿਲਣ ਦਾ ਮੌਕਾ ਮਿਲਿਆ।

ਹਿਟਲਰ ਨੇ ਉਨ੍ਹਾਂ ਨੂੰ ਜਰਮਨੀ ਵਿੱਚ ਬਣੇ ਇੱਕ ਦਰਜਨ ਲਿਗਨੋਜ਼ ਪਿਸਤੌਲ ਅਤੇ ਇੱਕ ਚਿੱਟੀ ਮੇਅਬੈਕ ਕਾਰ ਤੋਹਫ਼ੇ ਵਿੱਚ ਦਿੱਤੀ ਸੀ।

ਦੁਨੀਆ ਦੀਆਂ ਦੁਰਲੱਭ ਚੀਜ਼ਾਂ ਇਕੱਠੀਆਂ ਕਰਨ ਦੇ ਸ਼ੌਕੀਨ

ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜਾ ਭੁਪਿੰਦਰ ਸਿੰਘ ਲੰਡਨ ਦੇ ਸ਼ੇਵੋਏ ਹੋਟਲ ਦੀ ਛੱਤ 'ਤੇ ਖੜ੍ਹੇ ਹੋਏ

ਜਦੋਂ ਵੀ ਭੁਪਿੰਦਰ ਸਿੰਘ ਲੰਡਨ ਜਾਂਦੇ ਸਨ, ਉਨ੍ਹਾਂ ਦੀ ਫੇਰੀ ਨੂੰ ਬਰਤਾਨਵੀ ਪ੍ਰੈੱਸ ਵਿੱਚ ਵਿਆਪਕ ਕਵਰੇਜ ਮਿਲਦੀ ਸੀ। ਡੇਲੀ ਮੇਲ ਨੇ ਆਪਣੇ 3 ਅਗਸਤ, 1925 ਦੇ ਅੰਕ ਵਿੱਚ ਲਿਖਿਆ, "ਮਹਾਰਾਜਾ ਦੁਨੀਆ ਦੇ ਸਭ ਤੋਂ ਉੱਚੇ ਕ੍ਰਿਕਟ ਮੈਦਾਨ ਦੇ ਮਾਲਕ ਹਨ। ਉਹ ਚਾਂਦੀ ਦੇ ਬਾਥਟਬ ਵਿੱਚ ਨਹਾਉਂਦੇ ਹਨ ਅਤੇ ਉਨ੍ਹਾਂ ਦਾ ਹੋਟਲ ਉਨ੍ਹਾਂ ਨੂੰ ਹਰ ਰੋਜ਼ 3000 ਗੁਲਾਬ ਭੇਜਦਾ ਹੈ। ਉਹ ਆਪਣੇ ਨਾਲ 200 ਸੂਟਕੇਸ ਲੈ ਕੇ ਆਏ ਹਨ।"

ਭਾਰਤ ਦੇ 560 ਸ਼ਾਸਕਾਂ ਵਿੱਚੋਂ ਸਿਰਫ਼ 108 ਸ਼ਾਸਕ ਹੀ ਬੰਦੂਕਾਂ ਦੀ ਸਲਾਮੀ ਲੈਣ ਦੇ ਹੱਕਦਾਰ ਸਨ। ਹੈਦਰਾਬਾਦ, ਬੜੌਦਾ, ਕਸ਼ਮੀਰ, ਮੈਸੂਰ ਅਤੇ ਗਵਾਲੀਅਰ ਦੇ ਰਾਜਿਆਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ। ਭੁਪਿੰਦਰ ਸਿੰਘ ਜਿੱਥੇ ਵੀ ਜਾਂਦੇ ਸੀ, ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ।

ਭੁਪਿੰਦਰ ਸਿੰਘ ਨੂੰ ਕਿਤਾਬਾਂ, ਕਾਰਾਂ, ਕੱਪੜੇ, ਕੁੱਤੇ, ਗਹਿਣੇ, ਹੱਥ-ਲਿਖਤਾਂ, ਤਗਮੇ, ਪੇਂਟਿੰਗਾਂ, ਘੜੀਆਂ ਅਤੇ ਪੁਰਾਣੀਆਂ ਸ਼ਰਾਬਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਉਨ੍ਹਾਂ ਦੇ ਗਹਿਣੇ 'ਕਾਰਟੀਅਰ' ਤੋਂ ਬਣੇ ਸਨ ਅਤੇ ਘੜੀਆਂ 'ਰੋਲੈਕਸ' ਤੋਂ ਵਿਸ਼ੇਸ਼ ਆਰਡਰ 'ਤੇ ਬਣੀਆਂ ਸਨ, ਸੂਟ 'ਸੈਵਿਲ ਰੋ' ਤੋਂ ਸਿਲਾਈ ਕੀਤੇ ਗਏ ਸਨ ਅਤੇ ਜੁੱਤੇ 'ਲੌਬਸ' ਤੋਂ ਖਰੀਦੇ ਗਏ ਸਨ।

ਜੌਨ ਲਾਰਡ ਆਪਣੀ ਕਿਤਾਬ 'ਮਹਾਰਾਜਾਜ਼' ਵਿੱਚ ਲਿਖਦੇ ਹਨ, "ਉਨ੍ਹਾਂ ਕੋਲ ਕੁੱਲ 27 ਰੋਲਸ-ਰਾਇਸ ਕਾਰਾਂ ਸਨ, ਜਿਨ੍ਹਾਂ ਦੀ ਦੇਖਭਾਲ ਕੰਪਨੀ ਦੁਆਰਾ ਭੇਜੇ ਗਏ ਇੱਕ ਅੰਗਰੇਜ਼ ਦੁਆਰਾ ਕੀਤੀ ਜਾਂਦੀ ਸੀ।"

'ਪਟਿਆਲਾ ਪੈੱਗ' ਦੀ ਸ਼ੁਰੂਆਤ

 ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Rupa Publications

ਤਸਵੀਰ ਕੈਪਸ਼ਨ, ਪਟਿਆਲਾ ਪੈੱਗ ਦੀ ਸ਼ੁਰੂਆਤ ਉਨ੍ਹਾਂ ਦੇ ਵੱਲੋਂ ਹੀ ਹੋਈ ਸੀ।

ਮਹਾਰਾਜਾ ਭੁਪਿੰਦਰ ਸਿੰਘ ਦੀ ਦਰਿਆਦਿਲੀ ਦੀਆਂ ਕਹਾਣੀਆਂ ਹਰ ਪਾਸੇ ਮਸ਼ਹੂਰ ਸਨ। ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਗਰੀਬਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਸੀ।

ਮਹਾਰਾਜਾ ਦੇ ਮੰਤਰੀ ਦੀਵਾਨ ਜਰਮਨੀ ਦਾਸ ਆਪਣੀ ਕਿਤਾਬ 'ਮਹਾਰਾਜਾ' ਵਿੱਚ ਲਿਖਦੇ ਹਨ, "ਮਦਨ ਮੋਹਨ ਮਾਲਵੀਆ ਵਰਗੇ ਵੱਡੇ ਲੀਡਰ ਵੀ ਜਦੋਂ ਮਹਾਰਾਜਾ ਤੋਂ ਬਨਾਰਸ ਯੂਨੀਵਰਸਿਟੀ ਲਈ ਪੈਸੇ ਦੀ ਮੰਗ ਕਰਦੇ ਸਨ, ਤਾਂ ਉਹ 50 ਹਜ਼ਾਰ ਰੁਪਏ ਦਾ ਚੈੱਕ ਲੈ ਕੇ ਹੀ ਜਾਂਦੇ ਸਨ।"

ਮਹਾਰਾਜੇ ਦੇ ਘਰ ਖਾਣ-ਪੀਣ ਦਾ ਇੱਕ ਨਿਸ਼ਚਿਤ ਪ੍ਰੋਗਰਾਮ ਸੀ। ਪਟਿਆਲਾ ਪੈੱਗ ਦੀ ਸ਼ੁਰੂਆਤ ਉਨ੍ਹਾਂ ਦੇ ਵੱਲੋਂ ਹੀ ਹੋਈ ਸੀ।

ਨਟਵਰ ਸਿੰਘ ਲਿਖਦੇ ਹਨ, "ਇਸਦਾ ਮਤਲਬ ਸੀ ਕਿ ਇੱਕ ਗਲਾਸ ਵਿੱਚ ਚਾਰ ਇੰਚ ਵਿਸਕੀ ਪਾਣੀ ਪਾਏ ਬਿਨਾਂ ਪੀਤੀ ਜਾਵੇ। ਮਹਾਰਾਜਾ ਨੂੰ ਵਿਸਕੀ ਨਾਲੋਂ ਵਾਈਨ ਜ਼ਿਆਦਾ ਪਸੰਦ ਸੀ। ਉਹ ਹਰ ਕਿਸਮ ਦੀ ਵਾਈਨ ਤੋਂ ਵਾਕਫ਼ ਸਨ। ਉਨ੍ਹਾਂ ਦਾ ਵਾਈਨ ਦਾ ਕਲੈਕਸ਼ਨ ਭਾਰਤ ਵਿੱਚ ਸਭ ਤੋਂ ਵਧੀਆ ਸੀ।"

ਸੋਨੇ ਅਤੇ ਹੀਰਿਆਂ ਦੀ ਥਾਲੀ ਵਿੱਚ ਖਾਣਾ

 ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Kanishka Publishers

ਤਸਵੀਰ ਕੈਪਸ਼ਨ, ਖਾਸ ਮੌਕਿਆਂ 'ਤੇ, ਜਿਵੇਂ ਕਿ ਮਹਾਰਾਜਿਆਂ, ਮਹਾਰਾਣੀਆਂ ਅਤੇ ਰਾਜਕੁਮਾਰਾਂ ਦੇ ਜਨਮ ਦਿਨਾਂ 'ਤੇ, ਦਾਅਵਤਾਂ ਦਾ ਆਯੋਜਨ ਕੀਤਾ ਜਾਂਦਾ ਸੀ

ਭੁਪਿੰਦਰ ਸਿੰਘ ਦੇ ਮਹਿਲ ਵਿੱਚ 11 ਰਸੋਈਆਂ ਸਨ, ਜਿਨ੍ਹਾਂ ਵਿੱਚ ਰੋਜ਼ਾਨਾ ਕਈ ਸੌ ਲੋਕਾਂ ਲਈ ਖਾਣਾ ਬਣਾਇਆ ਜਾਂਦਾ ਸੀ।

ਦੀਵਾਨ ਜਰਮਨੀ ਦਾਸ ਲਿਖਦੇ ਹਨ, "ਰਾਣੀਆਂ ਨੂੰ ਸੋਨੇ ਦੀਆਂ ਪਲੇਟਾਂ ਅਤੇ ਕੌਲੀਆਂ ਵਿੱਚ ਭੋਜਨ ਪਰੋਸਿਆ ਜਾਂਦਾ ਸੀ। ਉਨ੍ਹਾਂ ਨੂੰ ਪਰੋਸੇ ਗਏ ਪਕਵਾਨਾਂ ਦੀ ਕੁੱਲ ਗਿਣਤੀ 100 ਹੁੰਦੀ ਸੀ। ਰਾਣੀਆਂ ਨੂੰ ਚਾਂਦੀ ਦੀਆਂ ਪਲੇਟਾਂ ਵਿੱਚ ਭੋਜਨ ਖੁਆਇਆ ਜਾਂਦਾ ਸੀ।''

''ਉਨ੍ਹਾਂ ਨੂੰ 50 ਤਰੀਕੇ ਦੇ ਭੋਜਨ ਪਰੋਸੇ ਜਾਂਦੇ ਸਨ। ਬਾਕੀ ਔਰਤਾਂ ਨੂੰ ਪਿੱਤਲ ਦੀਆਂ ਪਲੇਟਾਂ ਵਿੱਚ ਭੋਜਨ ਪਰੋਸਿਆ ਜਾਂਦਾ ਸੀ। ਉਨ੍ਹਾਂ ਨੂੰ ਪਰੋਸੇ ਗਏ ਪਕਵਾਨਾਂ ਦੀ ਗਿਣਤੀ 20 ਤੋਂ ਵੱਧ ਨਹੀਂ ਹੁੰਦੀ ਸੀ। ਮਹਾਰਾਜਾ ਨੂੰ ਖੁਦ ਹੀਰਿਆਂ ਨਾਲ ਜੜੀ ਸੋਨੇ ਦੀ ਪਲੇਟ ਵਿੱਚ ਭੋਜਨ ਪਰੋਸਿਆ ਜਾਂਦਾ ਸੀ। ਉਨ੍ਹਾਂ ਨੂੰ ਪਰੋਸੇ ਗਏ ਪਕਵਾਨਾਂ ਦੀ ਗਿਣਤੀ 150 ਤੋਂ ਘੱਟ ਨਹੀਂ ਹੁੰਦੀ ਸੀ।"

''ਖਾਸ ਮੌਕਿਆਂ 'ਤੇ, ਜਿਵੇਂ ਕਿ ਮਹਾਰਾਜਿਆਂ, ਮਹਾਰਾਣੀਆਂ ਅਤੇ ਰਾਜਕੁਮਾਰਾਂ ਦੇ ਜਨਮ ਦਿਨਾਂ 'ਤੇ, ਦਾਅਵਤਾਂ ਦਾ ਆਯੋਜਨ ਕੀਤਾ ਜਾਂਦਾ ਸੀ, ਜਿਸ ਵਿੱਚ 300 ਲੋਕਾਂ ਦਾ ਭੋਜਨ ਹੁੰਦਾ ਸੀ।''

ਇਨ੍ਹਾਂ ਦਾਅਵਤਾਂ ਵਿੱਚ ਇਟਾਲਿਅਨ, ਭਾਰਤੀ ਅਤੇ ਅੰਗਰੇਜ਼ੀ ਵੇਟਰਾਂ ਵੱਲੋਂ ਖਾਣਾ ਪਰੋਸਿਆ ਜਾਂਦਾ ਸੀ। ਖਾਣੇ ਅਤੇ ਵਾਈਨ ਦੀ ਗੁਣਵੱਤਾ ਉੱਚ ਪੱਧਰੀ ਹੁੰਦੀ ਸੀ।

ਦਾਅਵਤ ਤੋਂ ਬਾਅਦ ਇੱਕ ਸੰਗੀਤਕ ਪ੍ਰੋਗਰਾਮ ਹੁੰਦਾ ਸੀ, ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨ੍ਰਿਤਕਾਂ ਵੱਲੋਂ ਮਹਾਰਾਜਾ ਦਾ ਮਨੋਰੰਜਨ ਕੀਤਾ ਜਾਂਦਾ ਸੀ। ਇਸ ਤਰ੍ਹਾਂ ਦੀ ਪਾਰਟੀ ਆਮ ਤੌਰ 'ਤੇ ਸਵੇਰੇ ਖਤਮ ਹੁੰਦੀ ਸੀ। ਉਦੋਂ ਤੱਕ ਸਾਰੇ ਸ਼ਰਾਬੀ ਹੋ ਚੁੱਕੇ ਹੁੰਦੇ ਸਨ।

ਕ੍ਰਿਕਟ ਲਈ ਜਨੂੰਨ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਨਿਸਾਰ

ਤਸਵੀਰ ਸਰੋਤ, BCCI

ਤਸਵੀਰ ਕੈਪਸ਼ਨ, ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਨਿਸਾਰ

ਮਹਾਰਾਜਾ ਭੁਪਿੰਦਰ ਸਿੰਘ ਨੂੰ ਕ੍ਰਿਕਟ ਬਹੁਤ ਪਸੰਦ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਵੀਹਵੀਂ ਸਦੀ ਦੇ ਅਖੀਰ ਵਿੱਚ, ਮਹਾਨ ਕ੍ਰਿਕਟਰ ਰਣਜੀ ਮਹਾਰਾਜ ਦੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੇ ਏਡੀਸੀ ਹੋਇਆ ਕਰਦੇ ਸਨ। 1898 ਵਿੱਚ ਜਦੋਂ ਉਹ ਪਟਿਆਲਾ ਆਏ, ਉਦੋਂ ਤੱਕ ਉਹ ਇੱਕ ਕ੍ਰਿਕਟਰ ਵਜੋਂ ਮਸ਼ਹੂਰ ਹੋ ਚੁੱਕੇ ਸੀ, ਪਰ ਨਵਾਂਨਗਰ ਦੇ ਰਾਜੇ ਵਜੋਂ ਉਨ੍ਹਾਂ ਦੀ ਮਾਨਤਾ ਖਤਮ ਹੋ ਗਈ ਸੀ।

ਉਹ ਪਹਿਲਾਂ ਜੋਧਪੁਰ ਦੇ ਮਹਾਰਾਜਾ ਸਰ ਪ੍ਰਤਾਪ ਸਿੰਘ ਕੋਲ ਗਏ। ਉਨ੍ਹਾਂ ਨੇ ਇੱਕ ਪੱਤਰ ਲਿਖਿਆ ਅਤੇ ਪਟਿਆਲਾ ਦੇ ਮਹਾਰਾਜਾ ਨੂੰ ਭੇਜਿਆ। 1911 ਵਿੱਚ, 20 ਸਾਲ ਦੀ ਉਮਰ ਵਿੱਚ, ਭੁਪਿੰਦਰ ਸਿੰਘ ਨੇ ਇੰਗਲੈਂਡ ਵਿੱਚ ਪਹਿਲੀ ਕ੍ਰਿਕਟ ਟੀਮ ਦੀ ਅਗਵਾਈ ਕੀਤੀ।

ਨਟਵਰ ਸਿੰਘ ਲਿਖਦੇ ਹਨ, "ਪਟਿਆਲਾ ਵਿੱਚ ਕ੍ਰਿਕਟ ਵਿੱਚ ਵੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਸੀ। ਇੱਕ ਵਾਰ ਉਸ ਸਮੇਂ ਦੇ ਸਭ ਤੋਂ ਤੇਜ਼ ਗੇਂਦਬਾਜ਼ ਮੁਹੰਮਦ ਨਿਸਾਰ, ਬਿਨਾਂ ਪੱਗ ਦੇ ਮੋਤੀ ਬਾਗ ਮਹਿਲ ਪਹੁੰਚ ਗਏ।''

''ਉਹ ਸਿੱਖ ਨਹੀਂ ਸੀ, ਨਾ ਹੀ ਉਹ ਪਟਿਆਲਾ ਦੇ ਵਸਨੀਕ ਸੀ, ਪਰ ਉਹ ਮਹਾਰਾਜਾ ਦੀ ਟੀਮ ਦੇ ਮੈਂਬਰ ਸੀ। ਜਿਵੇਂ ਹੀ ਭੁਪਿੰਦਰ ਸਿੰਘ ਨੇ ਛੇ ਫੁੱਟ ਦੋ ਇੰਚ ਲੰਬੇ ਨਿਸਾਰ ਨੂੰ ਦੇਖਿਆ, ਉਨ੍ਹਾਂ ਨੇ ਚੀਕਦਿਆ ਕਿਹਾ, 'ਨਿਸਾਰ ਤੁਰੰਤ ਵਾਪਸ ਜਾਓ ਅਤੇ ਇੱਥੇ ਪੱਗ ਬੰਨ੍ਹ ਕੇ ਆਓ'।"

'ਰਣਜੀ ਟਰਾਫੀ' ਦਾ ਨਾਮ ਭੁਪਿੰਦਰ ਸਿੰਘ ਨੇ ਦਿੱਤਾ

ਅਮਰਨਾਥ

ਤਸਵੀਰ ਸਰੋਤ, Rupa & Company

ਤਸਵੀਰ ਕੈਪਸ਼ਨ, ਜੀਵਨੀ 'ਲਾਲਾ ਅਮਰਨਾਥ ਲਾਈਫ ਐਂਡ ਟਾਈਮਜ਼'

ਇੱਕ ਵਾਰ ਉਹ ਲਾਲਾ ਅਮਰਨਾਥ ਨਾਲ ਗੁੱਸੇ ਹੋ ਗਏ। ਉਨ੍ਹਾਂ ਨੇ ਨਿਸਾਰ ਨੂੰ ਕਿਹਾ ਕਿ ਜੇ ਉਹ ਆਪਣੇ ਬਾਊਂਸਰ ਨਾਲ ਲਾਲਾ ਦੇ ਸਿਰ 'ਤੇ ਸੱਟ ਮਾਰਦੇ ਹਨ, ਤਾਂ ਉਨ੍ਹਾਂ ਨੂੰ ਵੱਡਾ ਇਨਾਮ ਮਿਲੇਗਾ।

ਲਾਲਾ ਦੇ ਪੁੱਤਰ ਰਾਜਿੰਦਰ ਅਮਰਨਾਥ ਆਪਣੀ ਜੀਵਨੀ 'ਲਾਲਾ ਅਮਰਨਾਥ ਲਾਈਫ ਐਂਡ ਟਾਈਮਜ਼' ਵਿੱਚ ਲਿਖਦੇ ਹਨ, "ਜਦੋਂ ਨਿਸਾਰ ਨੇ ਪੂਰੇ ਓਵਰ ਲਈ ਅਮਰਨਾਥ 'ਤੇ ਬਾਊਂਸਰ ਸੁੱਟੇ, ਤਾਂ ਅਮਰਨਾਥ ਨਿਸਾਰ ਕੋਲ ਗਏ ਅਤੇ ਕਿਹਾ, 'ਕੀ ਤੂੰ ਪਾਗਲ ਹੋ ਗਿਆ ਹੈਂ? ਤੂੰ ਗੇਂਦ ਕਿਉਂ ਉਛਾਲ ਰਿਹਾ ਹੈਂ?'

ਨਿਸਾਰ ਨੇ ਹੱਸਦੇ ਹੋਏ ਜਵਾਬ ਦਿੱਤਾ, 'ਅਮਰ, ਮੈਂ ਤੇਰੇ ਸਿਰ 'ਤੇ ਸੌ ਰੁਪਏ ਰੱਖੇ ਹਨ। ਮਹਾਰਾਜਾ ਪਟਿਆਲਾ ਨੇ ਕਿਹਾ ਹੈ ਕਿ ਜਿੰਨੀ ਵਾਰ ਮੈਂ ਤੈਨੂੰ ਮਾਰਾਂਗਾ, ਓਨੇ ਹੀ ਸੌ ਰੁਪਏ ਤੈਨੂੰ ਮਿਲਣਗੇ। ਇਸ ਨੂੰ ਘੱਟੋ-ਘੱਟ ਇੱਕ ਵਾਰ ਖਾ ਲੈ। ਅਸੀਂ ਇਸ ਨੂੰ ਅੱਧਾ ਵੰਡ ਲਵਾਂਗੇ।"

ਅਮਰਨਾਥ ਦਾ ਜਵਾਬ ਸੀ, "ਤੇਰੀ ਗੇਂਦ ਲੱਗਣ ਤੋਂ ਬਾਅਦ ਕੌਣ ਬਚੇਗਾ?"

ਮਹਾਰਾਜਾ ਹਮੇਸ਼ਾ ਲਾਲਾ ਅਮਰਨਾਥ ਨੂੰ 'ਛੋਕਰਾ' ਕਹਿ ਕੇ ਬੁਲਾਉਂਦੇ ਸਨ। ਇੱਕ ਵਾਰ ਉਨ੍ਹਾਂ ਨੇ ਲਾਲਾ ਨੂੰ ਕਿਹਾ, " ਛੋਕਰੇ ਤੇਰੇ ਹਰ ਇੱਕ ਰਨ 'ਤੇ, ਮੈਂ ਤੈਨੂੰ ਇੱਕ ਸੋਨੇ ਦਾ ਸਿੱਕਾ ਦੇਵਾਂਗਾ।"

ਅਮਰਨਾਥ ਨੇ ਸੈਂਕੜਾ ਲਗਾਇਆ ਅਤੇ ਆਪਣਾ ਇਨਾਮ ਹਾਸਲ ਕੀਤਾ।

ਰਾਜਿੰਦਰ ਅਮਰਨਾਥ ਲਿਖਦੇ ਹਨ, "ਜਦੋਂ 1932 ਵਿੱਚ ਰਾਸ਼ਟਰੀ ਕ੍ਰਿਕਟ ਮੁਕਾਬਲੇ ਦਾ ਨਾਮਕਰਨ ਕਰਨ ਦੀ ਗੱਲ ਆਈ, ਤਾਂ ਕੁਝ ਲੋਕ ਇਸਦਾ ਨਾਮ ਵੈਲਿੰਗਟਨ ਟਰਾਫੀ ਰੱਖਣਾ ਚਾਹੁੰਦੇ ਸਨ। ਭੁਪਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਰਣਜੀ ਦੇ ਨਾਮ 'ਤੇ ਟਰਾਫੀ ਦਾ ਨਾਮਕਰਨ ਕਰਨ ਦਾ ਸੁਝਾਅ ਦਿੱਤਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਟਰਾਫੀ ਨੂੰ ਬਣਾਉਣ ਲਈ ਵੱਡੀ ਰਕਮ ਦਾਨ ਵੀ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਬੰਬਈ ਦਾ ਮਸ਼ਹੂਰ ਬ੍ਰਾਬੌਰਨ ਸਟੇਡੀਅਮ ਬਣਿਆ।"

ਗਾਮਾ ਪਹਿਲਵਾਨ ਦਾ ਸਨਮਾਨ

ਮਸ਼ਹੂਰ ਪਹਿਲਵਾਨ ਗਾਮਾ (ਸੱਜੇ)

ਤਸਵੀਰ ਸਰੋਤ, Wrestling Federation of India

ਤਸਵੀਰ ਕੈਪਸ਼ਨ, ਮਸ਼ਹੂਰ ਪਹਿਲਵਾਨ ਗਾਮਾ (ਸੱਜੇ)

ਕ੍ਰਿਕਟ ਤੋਂ ਇਲਾਵਾ, ਮਹਾਰਾਜਾ ਭੁਪਿੰਦਰ ਸਿੰਘ ਨੂੰ ਹੋਰ ਖੇਡਾਂ ਵਿੱਚ ਵੀ ਦਿਲਚਸਪੀ ਸੀ। ਮਹਾਰਾਜਾ ਨੇ ਮਸ਼ਹੂਰ ਪਹਿਲਵਾਨ ਗਾਮਾ ਨੂੰ ਸਰਪ੍ਰਸਤੀ ਦਿੱਤੀ। ਗਾਮਾ ਨੇ 1910 ਵਿੱਚ ਜੌਨ ਬੁੱਲ ਵਿਸ਼ਵ ਚੈਂਪੀਅਨਸ਼ਿਪ ਜਿੱਤੀ।

ਬਾਰਬਰਾ ਰੇਮੁਸਾਕ ਆਪਣੀ ਕਿਤਾਬ 'ਦਿ ਨਿਊ ਕੈਂਬਰਿਜ ਹਿਸਟਰੀ ਆਫ਼ ਇੰਡੀਆ, ਦਿ ਇੰਡੀਅਨ ਪ੍ਰਿੰਸੇਜ਼ ਐਂਡ ਦੇਅਰ ਸਟੇਟਸ' ਵਿੱਚ ਲਿਖਦੇ ਹੈ, "1928 ਵਿੱਚ, ਪਟਿਆਲਾ ਵਿੱਚ ਗਾਮਾ ਪਹਿਲਵਾਨ ਦਾ ਇੱਕ ਮੈਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ 40 ਹਜ਼ਾਰ ਦਰਸ਼ਕਾਂ ਨੇ ਦੇਖਿਆ।''

''ਇਸ ਮੈਚ ਵਿੱਚ ਗਾਮਾ ਨੇ ਪੋਲਿਸ਼ ਪਹਿਲਵਾਨ ਸਟੈਨਿਸਲਾਸ ਜ਼ਬਿਸਜ਼ਕੋ ਨੂੰ ਹਰਾਇਆ। ਜਿਵੇਂ ਹੀ ਗਾਮਾ ਜਿੱਤੇ, ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣਾ ਮੋਤੀਆਂ ਦਾ ਹਾਰ ਕੱਢ ਕੇ ਗਾਮਾ ਨੂੰ ਪਹਿਨਾ ਦਿੱਤਾ। ਉਨ੍ਹਾਂ ਨੇ ਗਾਮਾ ਨੂੰ ਯੁਵਰਾਜ ਦੇ ਹਾਥੀ 'ਤੇ ਬਿਠਾ ਕੇ ਸਨਮਾਨ ਕੀਤਾ, ਉਨ੍ਹਾਂ ਨੂੰ ਇੱਕ ਪਿੰਡ ਤੋਹਫ਼ੇ ਵਿੱਚ ਦਿੱਤਾ ਅਤੇ ਉਨ੍ਹਾਂ ਦੇ ਲਈ ਇੱਕ ਵਜ਼ੀਫ਼ਾ ਨਿਰਧਾਰਤ ਕੀਤਾ।"

ਉਨ੍ਹਾਂ ਦੀ ਮੌਤ ਤੋਂ ਬਾਅਦ, ਪਟਿਆਲਾ ਵਿੱਚ ਉਨ੍ਹਾਂ ਦੇ ਮਹਿਲ ਮੋਤੀ ਬਾਗ ਪੈਲੇਸ ਨੂੰ ਹੁਣ ਨੈਸ਼ਨਲ ਇਸਟੀਚਿਊਟ ਆਫ਼ ਸਪੋਰਟਸ ਵਿੱਚ ਬਦਲ ਦਿੱਤਾ ਗਿਆ ਹੈ।

ਅੱਖਾਂ ਦੀ ਰੌਸ਼ਨੀ ਦਾ ਜਾਣਾ

 ਮਹਾਰਾਜਾ ਭੁਪਿੰਦਰ ਸਿੰਘ

ਤਸਵੀਰ ਸਰੋਤ, Kanishka Publishers

ਤਸਵੀਰ ਕੈਪਸ਼ਨ, 23 ਮਾਰਚ, 1938 ਨੂੰ ਦੁਪਹਿਰ 12 ਵਜੇ ਮਹਾਰਾਜਾ ਭੁਪਿੰਦਰ ਸਿੰਘ ਕੋਮਾ ਵਿੱਚ ਚਲੇ ਗਏ

ਜਦੋਂ ਭੁਪਿੰਦਰ ਸਿੰਘ ਆਪਣੀ ਸੱਤਵੀਂ ਵਿਦੇਸ਼ ਯਾਤਰਾ ਤੋਂ ਵਾਪਸ ਆਏ ਤਾਂ ਉਨ੍ਹਾਂ ਦੀ ਸਿਹਤ ਬਹੁਤ ਵਿਗੜ ਗਈ ਸੀ।

ਵਿਦੇਸ਼ ਵਿੱਚ ਰਹਿੰਦੇ ਹੋਏ ਉਨ੍ਹਾਂ ਨੂੰ ਤਿੰਨ ਵਾਰ ਦਿਲ ਦਾ ਦੌਰਾ ਪਿਆ ਸੀ। ਆਪਣੇ ਆਖਰੀ ਦਿਨਾਂ ਵਿੱਚ, ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠੇ ਸੀ।

ਦੀਵਾਨ ਜਰਮਨੀ ਦਾਸ ਲਿਖਦੇ ਹਨ, "ਮਹਾਰਾਜਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਅੰਨ੍ਹੇਪਣ ਬਾਰੇ ਪਤਾ ਲੱਗੇ। ਉਨ੍ਹਾਂ ਦਾ ਸਭ ਤੋਂ ਨਜ਼ਦੀਕੀ ਸਹਾਇਕ ਮੇਹਰ ਸਿੰਘ ਅੰਤ ਤੱਕ ਉਨ੍ਹਾਂ ਦੀ ਦਾੜ੍ਹੀ ਅਤੇ ਪੱਗ ਨੂੰ ਠੀਕ ਕਰਦਾ ਰਿਹਾ।''

''ਜਦੋਂ ਉਹ ਦੇਖ ਨਹੀਂ ਸਕਦੇ ਸਨ ਤਾਂ ਉਹ ਪਹਿਲਾਂ ਵਾਂਗ ਹੀ ਸ਼ੀਸ਼ੇ ਦੇ ਸਾਹਮਣੇ ਬੈਠਦੇ ਸਨ ਤਾਂ ਜੋ ਉਨ੍ਹਾਂ ਦੀਆਂ ਰਾਣੀਆਂ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕ ਸੋਚਣ ਕਿ ਉਹ ਨੇਤਰਹੀਣ ਨਹੀਂ ਹੈ। ਉਨ੍ਹਾਂ ਦੇ ਨੌਕਰ ਵੀ ਪਹਿਲਾਂ ਵਾਂਗ ਹੀ ਉਨ੍ਹਾਂ ਦੀਆਂ ਅੱਖਾਂ 'ਤੇ ਖੋਲ ਲਗਾਉਂਦੇ ਰਹੇ।"

ਉਹ ਅੰਤ ਤੱਕ ਚਿੱਟੀ ਰੇਸ਼ਮੀ ਸ਼ੇਰਵਾਨੀ ਪਹਿਨਦੇ ਰਹੇ। ਸਿਰਫ਼ ਉਨ੍ਹਾਂ ਦੇ ਡਾਕਟਰ, ਉਨ੍ਹਾਂ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੁਝ ਖਾਸ ਸੇਵਕਾਂ ਨੂੰ ਪਤਾ ਸੀ ਕਿ ਮਹਾਰਾਜਾ ਨੇ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਦਿੱਤੀ ਹੈ।

ਸਿਰਫ਼ 47 ਸਾਲ ਦੀ ਉਮਰ ਵਿੱਚ ਦੇਹਾਂਤ

ਉਨ੍ਹਾਂ ਨੂੰ ਦੇਖਣ ਲਈ ਪੈਰਿਸ ਤੋਂ ਫਰਾਂਸੀਸੀ ਡਾਕਟਰਾਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਟੀਕਾ ਲਗਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ।

ਕੇ.ਐਮ. ਪਾਨੀਕਰ ਲਿਖਦੇ ਹਨ, "ਮੌਤ ਦੇ ਬਿਸਤਰੇ 'ਤੇ ਵੀ, ਉਨ੍ਹਾਂ ਦੀ ਤਾਕਤ ਅਤੇ ਊਰਜਾ ਦੇਖਣ ਵਾਲੀ ਸੀ। ਆਪਣੀ ਮੌਤ ਵਾਲੇ ਦਿਨ ਵੀ, ਉਨ੍ਹਾਂ ਨੇ ਦਸ ਅੰਡਿਆਂ ਦਾ ਆਮਲੇਟ ਖਾਧਾ। ਜਦੋਂ ਮੈਂ ਉਨ੍ਹਾਂ ਦੀ ਮੌਤ ਤੋਂ ਤਿੰਨ ਦਿਨ ਪਹਿਲਾਂ ਮਿਲਣ ਲਈ ਗਿਆ, ਤਾਂ ਉਹ ਆਪਣੀਆਂ ਰਾਣੀਆਂ ਨਾਲ ਘਿਰੇ ਹੋਏ ਸਨ।''

''ਉਸ ਹਾਲਤ ਵਿੱਚ ਵੀ, ਉਨ੍ਹਾਂ ਨੇ ਸ਼ਾਹੀ ਕੱਪੜੇ ਪਹਿਨੇ ਹੋਏ ਸਨ, ਉਨ੍ਹਾਂ ਦੇ ਗਲੇ ਵਿੱਚ ਮੋਤੀਆਂ ਦਾ ਹਾਰ ਸੀ। ਉਨ੍ਹਾਂ ਨੇ ਕੰਨ ਵਿੱਚ ਵਾਲੀ ਅਤੇ ਹੱਥ ਵਿੱਚ ਕੜਾ ਪਾਇਆ ਹੋਇਆ ਸੀ।"

ਉਨ੍ਹਾਂ ਨੂੰ ਦੇਖਣ ਵਾਲਿਆਂ ਵਿੱਚ ਮਹਾਤਮਾ ਗਾਂਧੀ ਦੇ ਡਾਕਟਰ ਬੀ.ਸੀ. ਰਾਏ ਵੀ ਸਨ, ਜੋ 1947 ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣੇ।

23 ਮਾਰਚ, 1938 ਨੂੰ ਦੁਪਹਿਰ 12 ਵਜੇ ਮਹਾਰਾਜਾ ਭੁਪਿੰਦਰ ਸਿੰਘ ਕੋਮਾ ਵਿੱਚ ਚਲੇ ਗਏ। ਉਹ ਅੱਠ ਘੰਟੇ ਇਸੇ ਹਾਲਤ ਵਿੱਚ ਰਹੇ ਅਤੇ ਫਿਰ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ।

ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 47 ਸਾਲ ਸੀ। ਉਨ੍ਹਾਂ ਦੀ ਲਾਸ਼ ਨੂੰ ਤੋਪਗੱਡੀ 'ਤੇ ਰੱਖਿਆ ਗਿਆ ਅਤੇ ਸਸਕਾਰ ਲਈ ਲਿਜਾਇਆ ਗਿਆ। ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲਗਭਗ 10 ਲੱਖ ਲੋਕ ਇਕੱਠੇ ਹੋਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)