ਭਾਰਤ ਦੇ ਸ਼ਕਤੀਸ਼ਾਲੀ ਤੇ ਅਮੀਰ ਸਾਮਰਾਜ ਦੀ ਕਹਾਣੀ ਜੋ ਉਸ ਵੇਲੇ ਬੁਲੰਦੀਆਂ 'ਤੇ ਸੀ ਜਦੋਂ ਇੰਗਲੈਂਡ ਤੇ ਫ਼ਰਾਂਸ ਹੋਂਦ ਵਿੱਚ ਹੀ ਨਹੀਂ ਸਨ

ਬ੍ਹਿਹਦੀਸ਼ਵਰ ਮੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 11ਵੀਂ ਸਦੀ ਵਿੱਚ ਚੋਲਾ ਸਮਰਾਜ ਦੁਆਰਾ ਬਣਾਇਆ ਗਿਆ ਬ੍ਹਿਹਦੀਸ਼ਵਰ ਮੰਦਰ, ਅੱਜ ਦੇ ਸਮੇਂ ਯੂਨੈਸਕੋ ਵਰਡ ਹੈਰੀਟੇਜ ਸਾਈਟ ਹੈ।
    • ਲੇਖਕ, ਅਨੀਰੁਧ ਕਨੀਸੇਤੀ
    • ਰੋਲ, ਇਤਿਹਾਸਕ

ਇਹ ਮੱਧ ਯੁੱਗ ਵਿੱਚ 1000 ਈਸਵੀ ਹੈ।

ਯੂਰਪ ਦਾ ਖਿੱਤਾ ਬਦਲਾਅ ਵਿੱਚੋਂ ਲੱਗ ਰਿਹਾ ਹੈ। ਅੱਜ ਅਸੀਂ ਜਿਨ੍ਹਾਂ ਸ਼ਕਤੀਸ਼ਾਲੀ ਦੇਸ਼ਾਂ ਨੂੰ ਜਾਣਦੇ ਹਾਂ, ਜਿਵੇਂ ਕਿ ਇੰਗਲੈਂਡ ਅਤੇ ਖੰਡਿਤ ਖੇਤਰ ਜੋ ਅੱਗੇ ਜਾ ਕੇ ਫਰਾਂਸ ਬਣੇਗਾ, ਅਜੇ ਮੌਜੂਦ ਨਹੀਂ ਹਨ। ਦੂਰ-ਦੁਰਾਡੇ ਅਤੇ ਖੁਸ਼ਹਾਲ ਸ਼ਹਿਰ ਕੋਨਸਾਟੀਨੋਪਲ ਤੋਂ ਇਲਾਵਾ, ਕੁਝ ਮਹਾਨ ਸ਼ਹਿਰੀ ਕੇਂਦਰ ਅਜੇ ਬਣਤਰ ਵਿੱਚ ਹਨ।

ਪਰ ਇਸ ਸਮੇਂ ਦੌਰਾਨ ਹੀ ਦੱਖਣੀ ਭਾਰਤ ਦਾ ਇੱਕ ਰਾਜਾ ਦੁਨੀਆ ਦੇ ਸਭ ਤੋਂ ਵਿਸ਼ਾਲ ਮੰਦਰ ਬਣਾਉਣ ਦੀ ਤਿਆਰੀ ਕਰ ਰਹੇ ਸਨ।

ਸਿਰਫ਼ 10 ਸਾਲ ਬਾਅਦ ਪੂਰਾ ਬਣ ਕੇ ਤਿਆਰ ਹੋਇਆ, ਇਹ ਮੰਦਰ 216 ਫੁੱਟ (66 ਮੀਟਰ) ਉੱਚਾ ਸੀ, ਇਸ ਵਿੱਚ 130,000 ਟਨ ਗ੍ਰੇਨਾਈਟ ਦੀ ਵਰਤੋਂ ਕੀਤੀ ਗਈ ਸੀ। ਇਹ ਮੰਦਰ ਦੀ ਉਚਾਈ ਮਿਸਰ ਦੇ ਪਿਰਾਮਿਡ ਮਗਰੋਂ ਦੂਜੇ ਸਥਾਨ 'ਤੇ ਸੀ। ਇਸ ਦੇ ਕੇਂਦਰ ਵਿੱਚ ਹਿੰਦੂ ਦੇਵਤਾ ਸ਼ਿਵ ਦਾ 12 ਫੁੱਟ ਉੱਚਾ ਪ੍ਰਤੀਕ ਸੀ। ਇਹ ਪ੍ਰਤੀਕ ਸੋਨੇ ਵਿੱਚ ਮੜ੍ਹਿਆ ਹੋਇਆ ਸੀ ਅਤੇ ਇਹ ਰੂਬੀ ਅਤੇ ਮੋਤੀਆਂ ਨਾਲ ਜੜਿਆ ਹੋਇਆ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਦੇ ਹਾਲ ਵਿੱਚ 60 ਕਾਂਸੀ ਦੀਆਂ ਮੂਰਤੀਆਂ ਸਨ। ਇਹ ਸ਼੍ਰੀ ਲੰਕਾ ਤੋਂ ਇਕੱਠੇ ਕੀਤੇ ਹਜ਼ਾਰਾਂ ਮੋਤੀਆਂ ਨਾਲ ਸਜੀਆਂ ਹੋਈਆਂ ਸਨ। ਇਸ ਦੇ ਖਜ਼ਾਨਿਆਂ ਵਿੱਚ ਕਈ ਟਨ ਸੋਨੇ ਅਤੇ ਚਾਂਦੀ ਦੇ ਸਿੱਕੇ ਸਨ, ਨਾਲ ਹੀ ਭਾਰਤ ਦੇ ਦੱਖਣੀ ਪ੍ਰਾਇਦੀਪ ਦੇ ਹਾਰੇ ਹੋਏ ਰਾਜਿਆਂ ਤੋਂ ਕਬਜ਼ੇ ਵਿੱਚ ਕੀਤੇ ਗਏ ਹਾਰ, ਗਹਿਣੇ ਅਤੇ ਢੋਲ ਸਨ। ਇਹ ਸਭ ਰਾਜਾ ਨੂੰ ਮੱਧ ਯੁੱਗ ਦੇ ਸਭ ਤੋਂ ਅਮੀਰ ਰਾਜਾ ਬਣਾਉਂਦੇ ਸਨ।

ਉਨ੍ਹਾਂ ਨੂੰ ਰਾਜਾ-ਰਾਜਾ, ਰਾਜਿਆਂ ਦਾ ਰਾਜਾ ਕਿਹਾ ਜਾਂਦਾ ਸੀ। ਇਹ ਰਾਜਾ ਮੱਧ ਯੁੱਗ ਦੇ ਸਭ ਤੋਂ ਵਿਸ਼ਾਲ ਰਾਜਵੰਸ਼ਾਂ ਵਿੱਚੋਂ ਇੱਕ ਚੋਲਾ ਨਾਲ ਸਬੰਧਤ ਸਨ।

ਉਨ੍ਹਾਂ ਦੇ ਪਰਿਵਾਰ ਨੇ ਮੱਧ ਯੁੱਗ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਵੱਡੇ ਪੱਧਰ 'ਤੇ ਤਬਦੀਲ ਕੀਤਾ ਸੀ ਪਰ ਫਿਰ ਵੀ ਉਹ ਭਾਰਤ ਤੋਂ ਬਾਹਰ ਵੱਡੇ ਪੱਧਰ 'ਤੇ ਅਣਜਾਣ ਸਨ।

ਨਟਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਦੂ ਧਰਮ ਦਾ ਪ੍ਰਤੀਕ ਨਟਰਾਜ, ਮੱਧ ਯੁੱਗ ਵਿੱਚ ਭਾਰਤ ਵਿੱਚ ਚੋਲਾ ਰਾਜਵੰਸ਼ ਦਾ ਪ੍ਰਤੀਕ ਸੀ

ਇਹ ਸਮਰਾਜ 11ਵੀਂ ਸਦੀ ਤੋਂ ਪਹਿਲਾਂ ਕਾਵੇਰੀ ਨਦੀ ਦੇ ਖੇਤਰ ਵਿੱਚ ਫੈਲਿਆ ਹੋਇਆ ਸੀ। ਇਹ ਖੇਤਰ ਅੱਜ ਦੇ ਸਮੇਂ ਭਾਰਤ ਦੇ ਮੌਜੂਦਾ ਸੂਬੇ ਤਮਿਲ ਨਾਡੂ ਵਿੱਚ ਆਉਂਦਾ ਹੈ।

ਚੋਲਾ ਸਮਰਾਜ ਵਿੱਚ ਨਵੀਨਤਾ ਦੀ ਬੇਅੰਤ ਸਮਰੱਥਾ ਸੀ। ਇਹ ਇਸ ਸਮਰਾਜ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦਾ ਸੀ। ਇਤਿਹਾਸਕ ਹਵਾਲਿਆਂ ਅਨੁਸਾਰ, ਚੋਲਾ ਸਮਰਾਜ ਦੀਆਂ ਰਾਣੀਆਂ ਵੀ ਬਹੁਤ ਅਹਿਮੀਅਤ ਰੱਖਦੀਆਂ ਸਨ। ਇਹ ਰਾਣੀਆਂ ਰਾਜਵੰਸ਼ ਦੇ ਜਨਤਕ ਚਿਹਰੇ ਵਜੋਂ ਵਿਚਰਿਆ ਕਰਦੀਆਂ ਸਨ।

ਉਹ ਰਾਜ ਵਿੱਚ ਪਿੰਡਾਂ ਅਤੇ ਕਸਬਿਆਂ ਦੀ ਯਾਤਰਾ ਕਰਦਿਆਂ ਪੁਰਾਣੇ ਮਿੱਟੀ-ਇੱਟਾਂ ਦੇ ਮੰਦਰਾਂ ਨੂੰ ਦੁਬਾਰਾ ਬਣਾਉਂਦੇ ਸਨ। ਉਨ੍ਹਾਂ ਦੀ ਪੜਪੋਤੀ ਸੇਮਬੀਅਨ ਮਹਾਦੇਵੀ ਨੇ ਪਰਿਵਾਰ ਨੂੰ ਸ਼ਿਵ ਦੇ ਪ੍ਰਮੁੱਖ ਭਗਤਾਂ ਵਜੋਂ ਉਭਾਰਿਆਂ ਸੀ। ਜਿਸ ਨਾਲ ਰਾਜ ਦੇ ਵੱਡੀ ਗਿਣਤੀ ਵਿੱਚ ਅਨੁਯਾਈ ਬਣੇ ਸਨ।

ਰਾਜ ਦੇ ਮੰਦਰਾਂ ਵਿੱਚ ਨਟਰਾਜ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਜਾਂਦਾ ਸੀ। ਨਟਰਾਜ ਨਾਚ ਦੇ ਦੇਵਤਾ ਮੰਨੇ ਜਾਂਦੇ ਹਿੰਦੂ ਦੇਵਤਾ ਸ਼ਿਵ ਦਾ ਬਹੁਤ ਘੱਟ ਜਾਣਿਆ ਜਾਂਦਾ ਰੂਪ ਸੀ। ਸੇਮਬੀਅਨ ਮਹਾਦੇਵੀ ਵੱਲੋਂ ਨਟਰਾਜ ਦੀ ਪੂਜਾ ਕੀਤੀ ਜਾਂਦੀ ਸੀ।

ਅੱਜ ਦੇ ਸਮੇਂ ਦੌਰਾਨ ਨਟਰਾਜ ਹਿੰਦੂ ਧਰਮ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਪ੍ਰਤੀਕਾਂ ਵਿੱਚੋਂ ਇੱਕ ਹਨ ਪਰ ਮੱਧ ਯੁੱਗ ਵਿੱਚ ਨਟਰਾਜ ਦੇਵਤਾ ਨੂੰ ਚੋਲਾ ਸਮਰਾਜ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਮਹਾਰਾਜਾ ਇੱਕ ਮਹਾਨ ਜੇਤੂ ਸਨ। ਉਨ੍ਹਾਂ ਨੇ 990 ਦੇ ਦਹਾਕੇ ਵਿੱਚ ਪੱਛਮੀ ਘਾਟਾਂ ਉੱਤੇ ਆਪਣੀਆਂ ਫੌਜ ਦੀ ਅਗਵਾਈ ਕੀਤੀ। ਇਹ ਘਾਟ ਭਾਰਤ ਦੇ ਪੱਛਮੀ ਤੱਟ 'ਤੇ ਪਹਾੜਾਂ ਦੀ ਲੜੀ ਸੀ ਅਤੇ ਉਨ੍ਹਾਂ ਦੀ ਫੌਜ ਨੇ ਆਪਣੇ ਦੁਸ਼ਮਣਾਂ ਦੇ ਬੰਦਰਗਾਹ ਤੇ ਤੈਨਾਤ ਸਮੁੰਦਰੀ ਜਹਾਜ਼ਾਂ ਨੂੰ ਬੰਦਰਗਾਹ 'ਤੇ ਹੀ ਸਾੜ ਦਿੱਤਾ ਸੀ।

ਉਨ੍ਹਾਂ ਨੇ ਸ੍ਰੀ ਲੰਕਾ ਟਾਪੂ 'ਤੇ ਅੰਦਰੂਨੀ ਗੜਬੜ ਦਾ ਫਾਇਦਾ ਉਠਾਉਂਦੇ ਹੋਇਆ ਖੇਤਰ ਵਿੱਚ ਰੱਖਿਆ ਚੌਕੀ ਸਥਾਪਤ ਕੀਤੀ। ਇਸ ਨਾਲ ਉਹ ਟਾਪੂ 'ਤੇ ਸਥਾਈ ਮੌਜੂਦਗੀ ਸਥਾਪਤ ਕਰਨ ਵਾਲੇ ਪਹਿਲੇ ਮੁੱਖ ਭਾਰਤੀ ਰਾਜੇ ਬਣ ਗਏ ਸਨ। ਅੰਤ ਵਿੱਚ, ਉਹ ਦੱਕਨ ਪਠਾਰ ਦੇ ਇੱਕ ਹਿੱਸੇ 'ਤੇ ਕਬਜ਼ਾ ਕਰ ਲਿਆ।

ਚੋਲਾ ਰਾਜਵੰਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਮਿਲਨਾਡੂ ਵਿੱਚ ਚੋਲਾ ਰਾਜਵੰਸ਼ ਦੁਆਰਾ ਬਣਾਏ ਗਏ ਕਿਲ੍ਹੇ ਦੇ ਖੰਡਰ

ਵੱਖ-ਵੱਖ ਰਾਜਾਂ ਤੋਂ ਜਿੱਤ ਮਗਰੋਂ ਲੁੱਟਿਆ ਜਾਂਦਾ ਖਜ਼ਾਨਾ ਰਾਜ ਦੇ ਮਹਾਨ ਸ਼ਾਹੀ ਮੰਦਰ 'ਤੇ ਬਹੁਤ ਜ਼ਿਆਦਾ ਖਰਚ ਕੀਤਾ ਗਿਆ ਸੀ। ਇਸ ਮੰਦਰ ਨੂੰ ਅੱਜ ਦੇ ਸਮੇਂ ਬ੍ਹਿਹਦੀਸ਼ਵਰ ਵਜੋਂ ਜਾਣਿਆ ਜਾਂਦਾ ਹੈ।

ਆਪਣੇ ਕੀਮਤੀ ਖਜ਼ਾਨਿਆਂ ਤੋਂ ਇਲਾਵਾ ਮੰਦਰ ਨੂੰ ਦੱਖਣੀ ਭਾਰਤ ਦੇ ਜਿੱਤੇ ਹੋਏ ਖੇਤਰਾਂ ਤੋਂ ਹਰ ਸਾਲ 5,000 ਟਨ ਚੌਲ ਮਿਲਦੇ ਸਨ (ਅੱਜ ਇੰਨੇ ਚੌਲ ਲਿਜਾਣ ਲਈ ਤੁਹਾਨੂੰ 12 ਏਅਰਬੱਸ ਏ380 ਜਹਾਜ਼ਾਂ ਦੇ ਬੇੜੇ ਦੀ ਲੋੜ ਪਵੇਗੀ)।

ਇਸ ਨਾਲ ਬ੍ਹਿਹਦੀਸ਼ਵਰ ਜਨਤਕ ਕਾਰਜਾਂ ਅਤੇ ਭਲਾਈ ਦੇ ਇੱਕ ਵੱਡੇ ਕੇਂਦਰ ਵਜੋਂ ਕੰਮ ਕਰਨ ਲੱਗਿਆ ਸੀ। ਇਹ ਚੋਲਾ ਸਮਰਾਜ ਵਿੱਚ ਬਹੁਤ ਅਹਿਮ ਕੇਂਦਰ ਬਣ ਗਿਆ ਸੀ। ਇਸ ਦਾ ਉਦੇਸ਼ ਰਾਜ ਦੇ ਨਵੇਂ ਸਿੰਚਾਈ ਪ੍ਰਣਾਲੀਆਂ, ਵਧਦੀ ਖੇਤੀ ਅਤੇ ਭੇਡਾਂ ਅਤੇ ਮੱਝਾਂ ਦੇ ਵੱਡੇ ਝੁੰਡਾਂ ਦਾ ਪ੍ਰਬੰਧਨ ਅਤੇ ਵਿਸਤਾਰ ਕਰਨਾ ਸੀ। ਉਸ ਸਮੇਂ ਦੁਨੀਆ ਦੇ ਬਹੁਤ ਘੱਟ ਰਾਜ ਇੰਨੇ ਪੈਮਾਨੇ 'ਤੇ ਆਰਥਿਕ ਨਿਯੰਤਰਣ ਬਾਰੇ ਸੋਚ ਸਕਦੇ ਸਨ।

ਚੋਲਾ ਸਮਰਾਜ ਹਿੰਦ ਮਹਾਸਾਗਰ ਲਈ ਮਹੱਤਵਪੂਰਨ ਸੀ। ਜਿਵੇਂ ਮੰਗੋਲ ਯੂਰੇਸ਼ੀਆ ਦੇ ਲਈ ਸੀ।

ਰਾਜਾ ਦੇ ਉੱਤਰਾਧਿਕਾਰੀ, ਰਾਜੇਂਦਰ ਨੇ ਤਾਮਿਲ ਵਪਾਰੀ ਕਾਰਪੋਰੇਸ਼ਨਾਂ ਨਾਲ ਗੱਠਜੋੜ ਬਣਾਏ ਸਨ।

ਇਹ ਗੱਠਜੋੜ ਵਪਾਰੀਆਂ ਅਤੇ ਸਰਕਾਰੀ ਸ਼ਕਤੀ ਵਿਚਕਾਰ ਇੱਕ ਭਾਈਵਾਲੀ ਸੀ, ਇਹ ਭਾਰਤ ਦੇ ਵੱਡੇ ਹਿੱਸੇ 'ਤੇ ਰਾਜ ਕਰਨ ਵਾਲੀ ਈਸਟ ਇੰਡੀਆ ਕੰਪਨੀ ਤੋਂ ਪਹਿਲਾ ਬਣਿਆ ਸੀ, ਜੋ ਕਿ 700 ਤੋਂ ਵੱਧ ਸਾਲਾਂ ਬਾਅਦ ਆਉਣ ਵਾਲੀ ਸੀ।

1026 ਵਿੱਚ, ਰਾਜੇਂਦਰ ਨੇ ਆਪਣੀਆਂ ਫੌਜਾਂ ਵਪਾਰੀਆਂ ਦੇ ਜਹਾਜ਼ਾਂ 'ਤੇ ਤੈਨਾਤ ਕੀਤੀਆਂ ਅਤੇ ਮਾਲਦੀਵ ਦੇ ਸ਼ਹਿਰ ਕੇਦਾਹ ਨੂੰ ਲੁੱਟਿਆ ਸੀ। ਇਹ ਸ਼ਹਿਰ ਕੀਮਤੀ ਲੱਕੜਾਂ ਅਤੇ ਮਸਾਲਿਆਂ ਦੇ ਵਿਸ਼ਵ ਪੱਧਰ ਦੇ ਵਪਾਰ ਵਿੱਚ ਦਬਦਬਾ ਰੱਖਦਾ ਸੀ।

ਕਈ ਭਾਰਤੀ ਰਾਸ਼ਟਰਵਾਦੀਆਂ ਨੇ ਇਸ ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਚੋਲਾ ਦੀ ਜਿੱਤ ਜਾਂ ਬਸਤੀਵਾਦ ਸਥਾਪਤ ਹੋਣ ਦਾ ਐਲਾਨ ਕੀਤਾ। ਪੁਰਾਤੱਤਵ ਵਿਗਿਆਨ ਮੁਤਾਬਕ ਚੋਲਾ ਸਮਰਾਜ ਕੋਲ ਆਪਣੀ ਕੋਈ ਜਲ ਸੈਨਾ ਨਹੀਂ ਸੀ, ਪਰ ਉਨ੍ਹਾਂ ਦੇ ਅਧੀਨ ਬੰਗਾਲ ਦੀ ਖਾੜੀ ਦੇ ਖੇਤਰ ਵਿੱਚ ਤਾਮਿਲ ਡਾਇਸਪੋਰਾ ਵਪਾਰੀਆਂ ਦੀ ਇੱਕ ਲਹਿਰ ਫੈਲ ਗਈ ਸੀ।

11ਵੀਂ ਸਦੀ ਦੇ ਅਖੀਰ ਤੱਕ, ਇਹ ਵਪਾਰੀ ਉੱਤਰੀ ਸੁਮਾਤਰਾ ਵਿੱਚ ਸੁਤੰਤਰ ਬੰਦਰਗਾਹਾਂ ਚਲਾਉਂਦੇ ਸਨ। ਅਤੇ ਫਿਰ ਇੱਕ ਸਦੀ ਬਾਅਦ, ਇਹ ਵਪਾਰੀ ਮੌਜੂਦਾ ਮਿਆਂਮਾਰ ਅਤੇ ਥਾਈਲੈਂਡ ਵਿੱਚ ਵੱਡੇ ਪੱਧਰ 'ਤੇ ਮੌਜੂਦ ਸਨ ਅਤੇ ਇਸ ਸਮੇਂ ਜਾਵਾ ਵਿੱਚ ਟੈਕਸ ਇਕੱਠਾ ਕਰਦੇ ਸਨ।

ਬ੍ਰਿਹਦੀਸ਼ਵਰ ਮੰਦਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬ੍ਰਿਹਦੀਸ਼ਵਰ ਭਾਰਤ ਦੇ ਸਭ ਤੋਂ ਸ਼ਾਨਦਾਰ ਭਾਰਤੀ ਮੰਦਰਾਂ ਵਿੱਚੋਂ ਇੱਕ ਹੈ

13ਵੀਂ ਸਦੀ ਵਿੱਚ, ਕੁਬਲਾਈ ਖ਼ਾਨ ਦੇ ਵੰਸ਼ਜਾਂ ਦੇ ਅਧੀਨ ਮੰਗੋਲ ਸ਼ਾਸਿਤ ਚੀਨ ਵਿੱਚ ਤਾਮਿਲ ਵਪਾਰੀਆਂ ਵੱਲੋਂ ਕੁਆਂਝਹੋਉ ਬੰਦਰਗਾਹ 'ਤੇ ਕਾਰੋਬਾਰ ਚਲਦੇ ਸਨ। ਇਸ ਸਮੇਂ ਹੀ ਪੂਰਬੀ ਚੀਨ ਸਾਗਰ ਦੇ ਤੱਟ 'ਤੇ ਸ਼ਿਵ ਦਾ ਇੱਕ ਮੰਦਰ ਵੀ ਬਣਾਇਆ ਗਿਆ ਸੀ। ਇਹ ਕੋਈ ਇਤਫ਼ਾਕ ਨਹੀਂ ਸੀ ਕਿ 19ਵੀਂ ਸਦੀ ਵਿੱਚ ਬ੍ਰਿਟਿਸ਼ ਰਾਜ ਦੇ ਅਧੀਨ ਤਾਮਿਲ ਦੱਖਣ-ਪੂਰਬੀ ਏਸ਼ੀਆ ਵਿੱਚ ਭਾਰਤੀ ਪ੍ਰਸ਼ਾਸਕਾਂ ਅਤੇ ਕਾਮਿਆਂ ਦਾ ਸਭ ਤੋਂ ਵੱਡਾ ਹਿੱਸਾ ਸਨ।

ਜਿੱਤਾਂ ਅਤੇ ਵਿਸ਼ਵਵਿਆਪੀ ਸਬੰਧਾਂ ਨੇ ਚੋਲਾ ਸ਼ਾਸਿਤ ਦੱਖਣੀ ਭਾਰਤ ਨੂੰ ਇੱਕ ਸੱਭਿਆਚਾਰਕ ਅਤੇ ਆਰਥਿਕ ਮਹਾਂਨਗਰ ਵਜੋਂ ਵਿਕਸਿਤ ਕੀਤਾ।

ਚੋਲਾ ਕੁਲੀਨ ਲੋਕਾਂ ਨੇ ਯੁੱਧ ਵਿੱਚ ਲੁੱਟੇ ਗਏ ਖਜ਼ਾਨੇ ਨੂੰ ਨਵੇਂ ਮੰਦਰਾਂ ਨੂੰ ਬਣਾਉਣ ਵਿੱਚ ਲਗਾਇਆ। ਇਸ ਲਈ ਯੂਰਪ ਅਤੇ ਏਸ਼ੀਆ ਦੇ ਸਭ ਤੋਂ ਦੂਰ ਦੇ ਇਲਾਕਿਆਂ ਤੋਂ ਵਧੀਆ ਸਮਾਨ ਪ੍ਰਾਪਤ ਕੀਤਾ। ਉਨ੍ਹਾਂ ਦੇ ਕਾਂਸੀ ਲਈ ਤਾਂਬਾ ਅਤੇ ਟੀਨ ਮਿਸਰ ਤੋਂ ਆਇਆ ਸੀ। ਇਸ ਵਿੱਚ ਕਾਫੀ ਕੁਝ ਸ਼ਾਇਦ ਸਪੇਨ ਤੋਂ ਵੀ ਆਇਆ ਸੀ। ਦੇਵਤਿਆਂ ਲਈ ਕਪੂਰ ਅਤੇ ਚੰਦਨ ਦੀ ਲੱਕੜ ਸੁਮਾਤਰਾ ਅਤੇ ਬੋਰਨੀਓ ਤੋਂ ਇੱਕਤਰ ਕੀਤੀ ਗਈ ਸੀ।

ਇਹ ਤਾਮਿਲ ਮੰਦਰ ਵਿਸ਼ਾਲ ਕੰਪਲੈਕਸਾਂ ਅਤੇ ਜਨਤਕ ਥਾਵਾਂ ਵਜੋਂ ਸਥਾਪਿਤ ਹੋਏ, ਇਹ ਬਾਜ਼ਾਰਾਂ ਅਤੇ ਵੱਡੀਆਂ ਜਾਇਦਾਦਾਂ ਨਾਲ ਘਿਰੇ ਹੋਏ ਸਨ। ਕਾਵੇਰੀ ਨਦੀ ਦੇ ਕੰਢੇ ਚੋਲਾ ਰਾਜਧਾਨੀ ਖੇਤਰ ਵਿੱਚ ਇੱਕ ਦਰਜਨ ਮੰਦਰ-ਕਸਬਿਆਂ ਦਾ ਇਲਾਕਾ ਸੀ। ਇਨ੍ਹਾਂ ਇਲਾਕਿਆਂ ਦੀ ਆਬਾਦੀ ਕੁਝ ਹਜ਼ਾਰਾਂ ਵਿੱਚ ਸੀ। ਇਹ ਸ਼ਾਇਦ ਉਸ ਸਮੇਂ ਯੂਰਪ ਦੇ ਜ਼ਿਆਦਾਤਰ ਸ਼ਹਿਰਾਂ ਨੂੰ ਪਛਾੜਦਾ ਸੀ। ਇਹ ਮੌਜੂਦਾ ਸਮੇਂ ਵਿੱਚ ਕੁੰਭਕੋਣਮ ਸ਼ਹਿਰ ਵਜੋਂ ਵਿਕਸਿਤ ਹੈ।

ਇਹ ਚੋਲਾ ਸ਼ਹਿਰ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਸਨ। ਚੀਨੀ ਬੋਧੀ ਟਿਊਨੀਸ਼ੀਅਨ ਯਹੂਦੀਆਂ ਨਾਲ ਰਲ ਕੇ ਕੰਮ ਕਰਦੇ ਸਨ, ਬੰਗਾਲੀ ਤਾਂਤਰਿਕ ਸ਼੍ਰੀਲੰਕਾ ਦੇ ਮੁਸਲਮਾਨਾਂ ਨਾਲ ਵਪਾਰ ਕਰਦੇ ਸਨ।

ਅੱਜ ਦੇ ਸਮੇਂ ਤਾਮਿਲਨਾਡੂ ਸੂਬਾ ਭਾਰਤ ਦੇ ਸਭ ਤੋਂ ਵੱਧ ਸ਼ਹਿਰੀਕਰਨ ਇਲਾਕਿਆਂ ਵਿੱਚੋਂ ਇੱਕ ਹੈ। ਸੂਬੇ ਦੇ ਬਹੁਤ ਸਾਰੇ ਕਸਬੇ ਚੋਲਾ ਰਾਜ ਦੇ ਧਾਰਮਿਕ ਸਥਾਨਾਂ ਅਤੇ ਬਾਜ਼ਾਰਾਂ ਦੇ ਆਲੇ-ਦੁਆਲੇ ਵਸੇ ਹਨ।

ਹਿੰਦੂ ਮੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਮਿਲਨਾਡੂ ਵਿੱਚ ਚੋਲਾ ਰਾਜਵੰਸ਼ ਦੁਆਰਾ ਬਣਾਇਆ ਗਿਆ ਸ਼ਿਵ ਨੂੰ ਸਮਰਪਿਤ ਹਿੰਦੂ ਮੰਦਰ

ਇਹ ਵਿਕਾਸ ਸ਼ਹਿਰੀਕਰਨ ਅਤੇ ਆਰਕੀਟੈਕਚਰ ਦੇ ਨਾਲ-ਨਾਲ ਕਲਾ ਅਤੇ ਸਾਹਿਤ ਵਿੱਚ ਵੀ ਸਮਾਨਾਂਤਰ ਸਨ।

ਚੋਲਾ ਸਮਰਾਜ ਦੇ ਮੰਦਰਾ ਲਈ ਬਣਾਇਆ ਜਾਂਦਾ ਤਾਮਿਲ ਧਾਤੂ ਸ਼ਾਇਦ ਮਨੁੱਖੀ ਹੱਥਾਂ ਦੁਆਰਾ ਬਣਾਇਆ ਜਾਂਦਾ ਸਭ ਤੋਂ ਵਧੀਆ ਧਾਤੂ ਸੀ। ਇਹ ਕਲਾਕਾਰ ਆਪਣੀ ਹੱਥਾਂਂ ਦੀ ਕਲਾ ਲਈ ਜਾਣੇ ਜਾਂਦੇ ਮਾਈਕਲਐਂਜਲੋ ਜਾਂ ਡੋਨਾਟੇਲੋ ਦਾ ਮੁਕਾਬਲਾ ਕਰਦੇ ਸਨ। ਚੋਲਾ ਰਾਜਿਆਂ ਦੀ ਪ੍ਰਸ਼ੰਸਾ ਕਰਨ ਅਤੇ ਦੇਵਤਿਆਂ ਦੀ ਪੂਜਾ ਕਰਨ ਲਈ ਤਾਮਿਲ ਕਵੀਆਂ ਨੇ ਸੰਤ ਹੋਣਾ, ਇਤਿਹਾਸ ਅਤੇ ਜਾਦੂਈ ਧਾਰਨਾਵਾਂ ਬਣਾਈਆਂ ਸਨ।

ਇਹ ਕੋਈ ਇਤਫ਼ਾਕ ਨਹੀਂ ਹੈ ਕਿ ਚੋਲਾ ਕਾਂਸੀ ਅਤੇ ਖਾਸ ਕਰਕੇ ਨਟਰਾਜ ਕਾਂਸੀ ਜ਼ਿਆਦਾਤਰ ਪ੍ਰਮੁੱਖ ਪੱਛਮੀ ਅਜਾਇਬ ਘਰ ਸੰਗ੍ਰਹਿ ਵਿੱਚ ਮਿਲਦੀ ਹੈ। ਦੁਨੀਆ ਭਰ ਵਿੱਚ ਭਿਖਰੇ ਹੋਏ, ਇਹ ਰਾਜਨੀਤਿਕ ਨਵੀਨਤਾਵਾਂ ਦੇ ਸਮੇਂ ਦੇ ਅਵਸ਼ੇਸ਼ ਹਨ ਅਤੇ ਨਾਲ ਹੀ ਦੁਨੀਆ ਨੂੰ ਜੋੜਦੇ ਸਮੁੰਦਰੀ ਰਾਸਤੇ ਸਨ। ਸ਼ਾਨਦਾਰ ਦੌਲਤ ਅਤੇ ਵਪਾਰੀਆਂ, ਸ਼ਾਸਕਾਂ ਅਤੇ ਕਲਾਕਾਰਾਂ ਨੇ ਹੀ ਦੁਨੀਆ ਨੂੰ ਆਕਾਰ ਦਿੱਤਾ, ਜਿਸ ਵਿੱਚ ਅੱਜ ਅਸੀਂ ਰਹਿੰਦੇ ਹਾਂ।

ਅਨੀਰੁੱਧ ਕਨੀਸੇਤੀ ਲੇਖਕ ਹਨ, ਉਨ੍ਹਾਂ ਦੀ ਹਾਲ ਹੀ ਵਿੱਚ ਛਪੀ ਕਿਤਾਬ ਲਾਰਡਸ ਆਫ਼ ਅਰਥ ਐਂਡ ਸੀ: ਏ ਹਿਸਟਰੀ ਆਫ਼ ਦਿ ਚੋਲਾ ਐਂਪਾਇਰ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)