ਹਜ਼ਾਰਾਂ ਸਾਲ ਪੁਰਾਣੀ ਮਾਇਆ ਸੱਭਿਅਤਾ ਦਾ ਕਿਹੜਾ ਭੇਦ ਖੁੱਲ੍ਹਿਆ, ਜਿਸ ਦੇ ਖੰਡਰ ਅੱਜ ਵੀ ਕਾਇਮ ਹਨ


1,200 ਸਾਲ ਪਹਿਲਾਂ ਬਣਾਇਆ ਗਿਆ 65 ਮੀਟਰ ਉੱਚਾ (213 ਫੁੱਟ) ਮੰਦਿਰ, ਪ੍ਰਾਚੀਨ ਮਾਇਆ ਦੀ ਚਿਣਾਈ ਦਾ ਪ੍ਰਮਾਣ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1,200 ਸਾਲ ਪਹਿਲਾਂ ਬਣਾਇਆ ਗਿਆ 65 ਮੀਟਰ (213 ਫੁੱਟ) ਉੱਚਾ ਮੰਦਰ
    • ਲੇਖਕ, ਜੈਸਮੀਨ ਫੌਕਸ-ਸਕੇਲੀ
    • ਰੋਲ, ਬੀਬੀਸੀ ਪੱਤਰਕਾਰ

ਮੱਧ ਅਮਰੀਕਾ ਦੇ ਜੰਗਲਾਂ ਵਿਚ ਪੁਰਾਣੇ ਸ਼ਹਿਰਾਂ ਦੇ ਖੰਡਰਾਂ ਦੀ ਖੋਜ ਹੁੰਦੀ ਰਹਿੰਦੀ ਹੈ।

ਪਰ ਗਰਮ ਦੇਸ਼ਾਂ ਦੀਆਂ ਬਾਰਿਸ਼ਾਂ ਤੇ ਤੂਫਾਨ ਦੀ ਵਾਪਸੀ ਦੀ ਮਾਰ ਝੱਲਣ ਦੇ ਬਾਵਜੂਦ ਇਹ ਢਾਂਚੇ ਹਜ਼ਾਰਾਂ ਸਾਲਾਂ ਤੋਂ ਕਿਵੇਂ ਖੜ੍ਹੇ ਰਹੇ ਹਨ?

ਹਾਈਵੇਅ 269 ’ਤੇ ਗੱਡੀ ਚਲਾ ਰਹੇ ਵਿਅਕਤੀ ਨੂੰ ਸ਼ਾਇਦ ਹੀ ਇਹ ਅਹਿਸਾਸ ਹੋਵੇਗਾ ਕਿ ਦੱਖਣ-ਪੂਰਬੀ ਮੈਕਸੀਕੋ ਨੂੰ ਵੰਡਣ ਵਾਲਾ ਯੂਕਾਟਾਨ ਉਪ-ਟਾਪੂ ਕਿਸੇ ਸਮੇਂ ਇਥੇ ਹੁੰਦਾ ਸੀ।

ਸੜਕ ਦੇ ਦੋਵੇਂ ਪਾਸੇ ਜੇ ਕੁਝ ਦਿਸਦਾ ਹੈ ਤਾਂ ਉਹ ਹਨ ਸੰਘਣੇ ਜੰਗਲ ਅਤੇ ਪਸ਼ੂਆਂ ਦੇ ਚਾਰੇ ਲਈ ਸਾਫ਼ ਕੀਤੇ ਮੈਦਾਨੀ ਹਿੱਸੇ।

ਪਰ ਇਕ ਛੋਟੇ ਜਿਹੇ ਮੋੜ ਤੋਂ ਬਾਅਦ ਆਉਂਦੇ ਡੌਸ ਲਾਗੁਨਾਸ ਦੀ ਛੋਟੀ ਜਿਹੀ ਬਸਤੀ ਦੇ ਨੇੜੇ, ਇੱਕ ਪੂਰਾ ਸ਼ਹਿਰ ਲੁਕਿਆ ਹੋਇਆ ਹੈ।

ਰੁੱਖਾਂ, ਵੇਲਾਂ ਅਤੇ ਹੋਰ ਬਨਸਪਤੀ ਦੀ ਗੁੰਝਲ ਦੇ ਹੇਠਾਂ ਵਿਗਿਆਨੀਆਂ ਨੇ ਲੁਕੇ ਹੋਏ ਘਰਾਂ, ਪਲਾਜ਼ਿਆਂ, ਮੰਦਰਾਂ ਦੇ ਮਕਬਰਿਆਂ ਅਤੇ ਇੱਥੋਂ ਤੱਕ ਕਿ ਖੇਡਾਂ ਲਈ ਵਰਤੇ ਜਾਣ ਵਾਲੇ ਇੱਕ ਮੈਦਾਨ ਦਾ ਵਿਸ਼ਾਲ ਸੰਗ੍ਰਹਿ ਖੋਜਿਆ ਹੈ।

ਵਿਗਿਆਨੀਆਂ ਮੁਤਾਬਕ ਇਨ੍ਹਾਂ ਵਿੱਚ “ਮਾਇਆ ਰਾਜਨੀਤਿਕ ਪੂੰਜੀ ਦੀ ਵਿਸ਼ੇਸ਼ਤਾ” ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼ਹਿਰ ਦੇ ਅਵਸ਼ੇਸ਼ਾਂ ਨੂੰ, ਜਿਸ ਦਾ ਨਾਮ ਖੋਜਕਰਤਾਵਾਂ ਨੇ ਵੈਲੇਰੀਆਨਾ ਰੱਖਿਆ ਹੈ, ਉਨ੍ਹਾਂ 6,674 ਬਣਤਰਾਂ ਵਿੱਚੋਂ ਇੱਕ ਹੈ, ਜਿਸਨੂੰ ਉਨ੍ਹਾਂ ਨੇ ਯੂਕਾਟਾਨ ਉਪ ਟਾਪੂ ਦੇ ਪੱਛਮੀ ਪਾਸੇ ਕੈਂਪੇਚ ਰਾਜ ਦੇ ਇਲਾਕੇ ਵਿੱਚ ਖਿੰਡਿਆ ਪਾਇਆ ਹੈ।

ਹੋਰ ਮਾਇਆ ਖੇਤਰਾਂ ’ਤੇ ਸਭ ਤੋਂ ਵੱਡੇ ਕੁਝ ਸਥਾਨ ਵਧੇਰੇ ਮਸ਼ਹੂਰ ਮਕਬਰਿਆਂ ਦੇ ਮੁਕਾਬਲੇ ਦੇ ਹਨ।

ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਜਾਂ ਲਿਡਰ ਨਾਮਕ ਏਅਰਬੋਰਨ ਲੇਜ਼ਰ ਸਕੈਨਿੰਗ ਤਕਨੀਕ ਦੀ ਵਰਤੋਂ ਨਾਲ ਕੀਤੀ ਗਈ ਖੋਜ ਨੇ ਇਹ ਉਭਾਰਿਆ ਕਿ ਪ੍ਰਾਚੀਨ ਮਾਇਆ ਦੇ ਹੋਰ ਬਹੁਤ ਸਾਰੇ ਅਵਸ਼ੇਸ਼ ਅਜੇ ਵੀ ਲੱਭੇ ਨਹੀਂ ਗਏ ਹਨ।

ਪਰ ਇਹ ਪ੍ਰਾਚੀਨ ਮਾਇਆ ਦੇ ਸੰਸਾਰ ਬਾਰੇ ਕੁਝ ਅਸਾਧਾਰਣ ਵੀ ਪ੍ਰਗਟ ਕਰਦਾ ਹੈ।

ਨਮੀ ਵਾਲੇ ਗਰਮ ਖੰਡੀ ਮਾਹੌਲ ਅਤੇ ਜੰਗਲ ਦੀ ਲਪੇਟ ਵਿਚ ਆਉਣ ਦੇ ਬਾਵਜੂਦ, ਉਨ੍ਹਾਂ ਦੀਆਂ ਬਹੁਤ ਸਾਰੀਆਂ ਇਮਾਰਤਾਂ 1,500 ਸਾਲਾਂ ਬਾਅਦ ਵੀ ਖੜ੍ਹੀਆਂ ਹਨ।

ਪ੍ਰਾਚੀਨ ਮਾਇਆ ਸੱਭਿਅਤਾ ਦਾ ਰਾਜ਼ ਕੀ ਸੀ?

ਲਿਊਕ ਔਲਡ-ਥਾਮਸ, ਤੁਲੇਨ ਯੂਨੀਵਰਸਿਟੀ ਅਤੇ ਉੱਤਰੀ ਐਰੀਜ਼ੋਨਾ ਯੂਨੀਵਰਸਿਟੀ, ਯੂਐੱਸਏ ਦੇ ਪੁਰਾਤੱਤਵ ਵਿਗਿਆਨੀ ਹਨ, ਜਿਨ੍ਹਾਂ ਨੇ ਤਾਜ਼ਾ ਖੋਜ ਦੀ ਅਗਵਾਈ ਕੀਤੀ ਹੈ।

ਉਹ ਕਹਿੰਦੇ ਹਨ, “ਜੇ ਤੁਸੀਂ ਲਿਡਰ ਵਿਧੀ ਦੁਆਰਾ ਤਿਆਰ ਕੀਤੇ ਗਏ ਡਿਜੀਟਲ ਭੂਮੀ ਮਾਡਲਾਂ ਨੂੰ ਦੇਖਦੇ ਹੋ, ਤਾਂ ਤੁਸੀਂ ਇਮਾਰਤਾਂ ਦੇ ਇਕੱਲੇ-ਇਕੱਲੇ ਕਮਰੇ ਨੂੰ ਦੇਖ ਸਕਦੇ ਹੋ ਜਿਨ੍ਹਾਂ ਦੇ ਗੁੰਬਦ ਢਹਿ ਗਏ ਹਨ।”

“ਤੁਸੀਂ ਇਮਾਰਤਾਂ ਦੇ ਢਾਂਚੇ ਦੇ ਨਾਲ-ਨਾਲ ਕਮਰੇ ਦੇਖ ਸਕਦੇ ਹੋ ਜੋ ਜਨਤਕ ਪ੍ਰਬੰਧਕੀ ਗਤੀਵਿਧੀਆਂ ਲਈ ਵਰਤੇ ਜਾਂਦੇ ਸਨ। ਉਹ ਅਸਲ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਹਨ। ਤੁਸੀਂ ਉਨ੍ਹਾਂ ਵਿੱਚ ਹਿਲ-ਜੁਲ ਨਹੀਂ ਦੇਖੋਗੇ ਪਰ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਕੰਧਾਂ ਅਜੇ ਵੀ ਖੜ੍ਹੀਆਂ ਹਨ ਅਤੇ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਸੁਰੱਖਿਅਤ ਹੈ।”

ਪ੍ਰਾਚੀਨ ਮਾਇਆ ਦਾ ਰਾਜ਼ ਕੀ ਸੀ? ਉਨ੍ਹਾਂ ਦੇ ਮਸ਼ਹੂਰ ਆਰਕੀਟੈਕਚਰ ਨੇ ਸਮੇਂ ਦੀ ਤਬਾਹੀ ਦਾ ਕਿਵੇਂ ਸਾਹਮਣਾ ਕੀਤਾ?

ਹਾਲ ਹੀ ਵਿੱਚ ਹੋਈ ਖੋਜ ਉਨ੍ਹਾਂ ਤਕਨੀਕਾਂ ’ਤੇ ਚਾਨਣਾ ਪਾਉਂਦੀ ਹੈ, ਜੋ ਇਨ੍ਹਾਂ ਢਾਂਚਿਆਂ ਦੇ ਮਿਸਤਰੀਆਂ ਦੁਆਰਾ ਵਰਤੀਆਂ ਗਾਈਆਂ ਹੋਣਗੀਆਂ।

ਇਨ੍ਹਾਂ ਤਕਨੀਕਾਂ ਵਿੱਚੋ ਇੱਕ ਪਲਾਸਟਰ ਵਿੱਚ ਰਬੜ ਵਰਗੀ ਸਮੱਗਰੀ ਦੀ ਵਰਤੋਂ ਅਤੇ ਇਮਾਰਤ ਦੀ ਤਾਕਤ ਵਧਾਉਣ ਲਈ ਜਵਾਲਾਮੁਖੀ ਦੀ ਸੁਆਹ ਨੂੰ ਸ਼ਾਮਲ ਕਰਨਾ ਹੈ।

ਪ੍ਰਾਚੀਨ ਮਾਇਆ ਸੱਭਿਅਤਾ ਪਹਿਲੀ ਵਾਰ 2000 ਬੀ.ਸੀ. ਤੋਂ ਕੁਝ ਸਮਾਂ ਪਹਿਲਾਂ ਇੱਕ ਖੇਤਰ ਵਿੱਚ ਉਭਰੀ ਸੀ, ਜਿਸ ਵਿੱਚ ਅੱਜ ਦੱਖਣ-ਪੂਰਬੀ ਮੈਕਸੀਕੋ, ਗੁਆਟੇਮਾਲਾ, ਬੇਲੀਜ਼ ਤੇ ਹੋਂਡੂਰਸ ਅਤੇ ਅਲ ਸੈਲਵਾਡੋਰ ਦੇ ਪੱਛਮੀ ਹਿੱਸੇ ਸ਼ਾਮਲ ਹਨ।

ਇਹਨਾਂ ਢਾਂਚਿਆਂ 'ਚ ਜਵਾਲਾਮੁੱਖੀ ਦੀ ਸੁਆਹ ਪਾਈ ਜਾਂਦੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਢਾਂਚਿਆਂ ਵਿੱਚ ਜਵਾਲਾਮੁਖੀ ਦੀ ਸੁਆਹ ਪਾਈ ਜਾਂਦੀ ਸੀ

250 ਤੋਂ 900 ਈਸਵੀ ਦੇ ਵਿਚਕਾਰ ਮਾਇਆ ਸੱਭਿਅਤਾ ਦੇ ਸਿਖਲੇ ਦੌਰ ਦੇ ਦੌਰਾਨ, ਮਾਇਆ ਨੇ ਬਹੁਤ ਵੱਡੇ ਮੰਦਰਾਂ, ਮਹਿਲ ਅਤੇ ਮੂਰਤੀਆਂ ਤੇ ਸਜਾਵਟੀ ਢੰਗ ਨਾਲ ਉੱਕਰੀਆਂ ਇਮਾਰਤਾਂ ਦਾ ਨਿਰਮਾਣ ਕੀਤਾ।

ਜ਼ਿਕਰਯੋਗ ਉਦਾਹਰਨਾਂ ਵਿੱਚ ਚਿਚੇਨ ਇਤਜ਼ਾ, ਮੈਕਸੀਕੋ ਦੇ ਯੂਕਾਟਾਨ ਵਿੱਚ ਇੱਕ ਸਥਾਨ ਸ਼ਾਮਲ ਹੈ, ਜੋ ਕਿ ਇਕ 30 ਮੀਟਰ-ਉੱਚਾ (98 ਫੁੱਟ) ਮਕਬਰਾ ਹੈ, ਜਿਸ ਨੂੰ ਕੁਕੁਲਕਨ ਦਾ ਮੰਦਰ ਕਿਹਾ ਜਾਂਦਾ ਹੈ।

ਆਧੁਨਿਕ ਗੁਆਟੇਮਾਲਾ ਵਿੱਚ ਪ੍ਰਾਚੀਨ ਮਾਇਆ ਸ਼ਹਿਰ ਟਿਕਲ ਦੇ ਖੰਡਰਾਂ ਵਿੱਚ ਟੈਂਪਲ ਚਾਰ, ਇੱਕ 65 ਮੀਟਰ ਉੱਚਾ (213 ਫੁੱਟ) ਮਕਬਰਾ ਵੀ ਹੈ।

ਬੀਤੇ ਸਮੇਂ ਵਿੱਚ ਮਾਇਆ ਦੇ ਸ਼ਹਿਰ ਨੂੰ ਲੱਭਣ ਲਈ ਸੰਘਣੇ ਜੰਗਲ ਵਿੱਚ ਘੁੰਮਣਾ ਪੈਂਦਾ ਸੀ।

ਪਰ ਲਿਡਰ ਵਰਗੀ ਤਕਨੀਕ ਹੁਣ ਇਹ ਦੱਸਣ ਵਿੱਚ ਮਦਦ ਕਰ ਰਹੀ ਹੈ ਕਿ ਪ੍ਰਾਚੀਨ ਮਾਇਆ ਬਸਤੀਆਂ ਦੇ ਅਵਸ਼ੇਸ਼ ਅਸਲ ਵਿੱਚ ਕਿੰਨੇ ਵਿਆਪਕ ਹਨ।

ਜੁਆਨ ਕਾਰਲੋਸ ਫਰਨਾਂਡੇਜ਼-ਡਿਆਜ਼, ਹਿਊਸਟਨ ਯੂਨੀਵਰਸਿਟੀ, ਟੈਕਸਾਸ ਦੇ ਇੱਕ ਇੰਜਨੀਅਰ ਹਨ, ਜੋ ਕਿ ਤਾਜ਼ਾ ਅਧਿਐਨ ਵਿੱਚ ਸ਼ਾਮਲ ਸਨ। ਉਹ ਪਿਛਲੇ 15 ਸਾਲਾਂ ਤੋਂ ਲਿਡਰ ਵਿਧੀ ਦੀ ਮਦਦ ਨਾਲ ਮੇਸੋਅਮੇਰਿਕਾ, ਮੈਕਸੀਕੋ, ਗੁਆਟੇਮਾਲਾ, ਅਲ ਸੈਲਵਾਡੋਰ ਅਤੇ ਹੋਂਡੁਰਾਸ ਖੇਤਰਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ।

ਜੁਆਨ ਦੇ ਮੁਤਾਬਕ ਤੁਸੀਂ ਇਨ੍ਹਾਂ ਖੇਤਰਾਂ ਵਿੱਚ ਜਿੱਥੇ ਵੀ ਦੇਖੋਗੇ, ਤੁਹਾਨੂੰ ਉਥੇ ਚੰਗੇ ਹਾਲਾਤਾਂ ਵਿੱਚ ਪਏ ਸੁਰੱਖਿਅਤ ਮਾਇਆ ਸੱਭਿਅਤਾ ਦੇ ਢਾਂਚੇ ਮਿਲਣਗੇ।

ਅੱਜ ਵੀ ਸੁਰੱਖਿਅਤ ਖੜ੍ਹੇ ਹਨ ਹਜ਼ਾਰਾਂ ਸਾਲ ਪੁਰਾਣੇ ਢਾਂਚੇ

ਤਾਜ਼ਾਂ ਖੋਜਾਂ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ‘ਮਾਇਆ ਰਸਮੀ ਢਾਂਚਾ’ ਸ਼ਾਮਲ ਹੈ, ਜੋ ਕਿ 2020 ਵਿੱਚ ਮੈਕਸੀਕੋ ਦੇ ਤਬਾਸਕੋ ਵਿੱਚ ਅਗੁਆਡਾ ਫੇਨਿਕਸ ਦੇ ਪੁਰਾਤੱਤਵ ਸਥਾਨ ’ਤੇ ਖੋਜੀ ਗਈ ਸੀ।

ਇਸ ਲੰਬੇ ਆਇਤਾਕਾਰ ਉੱਚੇ ਮਕਬਰੇ ਦੀ ਲੰਬਾਈ 1,400 ਮੀਟਰ (4,593 ਫੁੱਟ) ਅਤੇ ਉਚਾਈ 10-15 ਮੀਟਕ (33-49 ਫੁੱਟ) ਹੈ।

ਇਹ 1,000 ਤੋਂ 800 ਈਸਾ ਪੂਰਵ ਦੇ ਵਿਚਕਾਰ ਮਿੱਟੀ ਤੋਂ ਬਣਾਇਆ ਗਿਆ ਸੀ ਅਤੇ ਸੰਭਾਵਿਤ ਤੌਰ ’ਤੇ ਰਸਮੀ ਰਸਮਾਂ ਲਈ ਵਰਤਿਆ ਗਿਆ ਸੀ।

ਇੱਕ ਹੋਰ ਵੱਖਰੀ ਟੀਮ ਨੇ ਇੱਕ ਵਿਸ਼ਾਲ ਮਾਇਆ ਦੇ ਸਥਾਨ ਨੂੰ ਖੋਜਣ ਲਈ ਲਿਡਰ ਤਕਨੀਕ ਦੀ ਵਰਤੋਂ ਕੀਤੀ, ਜੋ ਉੱਤਰੀ ਗੁਆਟੇਮਾਲਾ ਵਿੱਚ ਲਗਭਗ 650 ਵਰਗ ਮੀਲ (1,700 ਵਰਗ ਕਿਲੋਮੀਟਰ) ਫੈਲਿਆ ਹੋਇਆ ਹੈ।

ਵਿਗਿਆਨੀਆਂ ਨੇ ਮਾਇਆ ਸੱਭਿਅਤਾ ਦੀ 1,000 ਬਸਤੀਆਂ ਨੂੰ ਸੜਕਾਂ ਰਾਹੀਂ ਹਰ ਇੱਕ ਨਾਲ ਜੁੜਿਆ ਪਾਇਆ, ਜਿਨ੍ਹਾਂ ਰਾਹੀਂ ਉਹ ਲੋਕ ਪੈਦਲ ਯਾਤਰਾ ਕਰਦੇ ਸਨ।

ਫਰਨਾਂਡੇਜ਼-ਡਿਆਜ਼ ਕਹਿੰਦੇ ਹਨ, "ਜਿਵੇਂ ਜਿਵੇਂ ਅਸੀਂ ਯੂਕਾਟਾਨ ਦੇ ਨਕਸ਼ੇ ਦਾ ਵਿਸਥਾਰ ਕਰ ਰਹੇ ਹਾਂ, ਅਸੀਂ ਮੰਨਦੇ ਹਾਂ ਕਿ ਜੇਕਰ ਤੁਸੀਂ ਨਕਸ਼ੇ 'ਤੇ ਕੀਤੇ ਵੀ ਇੱਕ ਡਾਰਟ ਲਾਉਂਦੇ ਹੋ, ਤਾਂ ਜਿੱਥੇ ਵੀ ਉਹ ਡਾਰਟ ਲੱਗੇਗਾ, ਉੱਥੇ ਕਿਸੇ ਨਾ ਕਿਸੇ ਕਿਸਮ ਦਾ ਮਾਇਆ ਸੱਭਿਅਤਾ ਦਾ ਬੁਨਿਆਦੀ ਢਾਂਚਾ ਹੋਵੇਗਾ।"

ਵਿਗਿਆਨੀਆਂ ਨੇ ਮਾਇਆ ਸੱਭਿਅਤਾ ਦੀ 1,000 ਬਸਤੀਆਂ ਨੂੰ ਸੜਕਾਂ ਦੁਆਰਾ ਹਰ ਇੱਕ ਨਾਲ ਜੁੜਿਆ ਪਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਨੇ ਮਾਇਆ ਸੱਭਿਅਤਾ ਦੀ 1,000 ਬਸਤੀਆਂ ਨੂੰ ਸੜਕਾਂ ਰਾਹੀਂ ਹਰ ਇੱਕ ਨਾਲ ਜੁੜਿਆ ਪਾਇਆ

ਇਹਨਾਂ ਪਿੱਛੇ ਇੱਕ ਕਾਰਨ ਇਹ ਹੈ ਕਿ ਪੁਰਾਤਨ ਮਾਇਆ ਪੱਥਰ ਨਾਲ ਉਸਾਰੀ ਗਈ ਹੈ, ਜੋ ਲੱਕੜ ਵਾਂਗ ਸੜਦੀ ਨਹੀਂ ਹੈ।

ਪਰ ਇਸ ਦੇ ਨਾਲ-ਨਾਲ ਉਹ ਆਪਣੇ ਪੱਥਰ ਦੇ ਢਾਂਚੇ ਨੂੰ ਟੁੱਟਣ ਤੋਂ ਰੋਕਣ ਲਈ ਵਿਸ਼ੇਸ਼ ਸਮੱਗਰੀ ਬਣਾਉਣ ਵਿੱਚ ਵੀ ਮਾਹਿਰ ਸਨ।

ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਪ੍ਰਾਚੀਨ ਮਾਇਆ ਦੇ ਮਿਸਤਰੀ ਲਿਪਾਈ ਦਾ ਸਾਮਾਨ ਤਿਆਰ ਕਰਨ ਵੇਲੇ ਖੂਨ, ਅੰਡੇ ਅਤੇ ਸਥਾਨਕ ਰੁੱਖਾਂ ਤੋਂ ਪ੍ਰਾਪਤ ਕੁਦਰਤੀ ਰਬੜ ਵਰਗੀਆਂ ਸਮੱਗਰੀਆਂ ਦੀ ਵਰਤੋਂ ਕਰਦੇ ਸਨ।

ਉਦਾਹਰਨ ਵਜੋਂ ਜਦੋਂ 2018 ਵਿੱਚ ਖੋਜਕਰਤਾਵਾਂ ਨੇ ਮੈਕਸੀਕੋ ਦੇ ਯੂਕਾਟਨ ਨੇੜੇ ਵਿਟਜ਼ਿਨਾਹ ਪੁਰਾਤੱਤਵ ਸਥਾਨ ’ਤੇ ਮੁੱਖ ਮਕਬਰੇ ਦੇ ਪੱਥਰਾਂ ਤੋਂ ਲਈ ਗਈ ਕੁਝ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਤਾਂ ਉਨ੍ਹਾਂ ਨੂੰ ਰੁੱਖਾਂ ਤੋਂ ਪ੍ਰਾਪਤ ਕੁਦਰਤੀ ਰਬੜ ਦੇ ਨਿਸ਼ਾਨ ਮਿਲੇ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਮਾਇਆ ਦੇ ਮਿਸਤਰੀਆਂ ਨੇ ਸਥਾਨਕ ਰੁੱਖਾਂ ਤੋਂ ਰਬੜ ਪ੍ਰਾਪਤ ਕੀਤੀ ਅਤੇ ਇਸ ਨੂੰ ਪੱਥਰ ਦੇ ਕੰਮ ਨੂੰ ਜੋੜਨ ਲਈ ਇੱਕ ਟਿਕਾਊ ਲੇਪ ਬਣਾਉਣ ਲਈ ਇੱਕ ਬਰੀਕ-ਦਾਣੇ ਵਾਲੀ ਮਿੱਟੀ ਦੇ ਨਾਲ ਚਿਣਨ ਲਈ ਵਰਤਿਆ।

2014 ਵਿੱਚ ਇੱਕ ਵੱਖਰੇ ਅਧਿਐਨ ਨੇ ਦੱਖਣ-ਪੂਰਬੀ ਕੈਂਪੇਚੇ ਵਿੱਚ ਰਿਓ ਬੇਕ ਦੇ ਪੁਰਾਤੱਤਵ ਸਥਾਨ ਤੋਂ ਸਮੱਗਰੀ ਦੇ ਨਮੂਨਿਆਂ ਦੀ ਜਾਂਚ ਕੀਤੀ।

ਇਸ ਜਾਂਚ ਵਿੱਚ ਉਨ੍ਹਾਂ ਨੇ ਇਸ ਗੱਲ ਦਾ ਸਬੂਤ ਲੱਭਿਆ ਕਿ ਮਾਇਆ ਦੇ ਮਿਸਤਰੀਆਂ ਨੇ ਢਾਂਚਿਆਂ ਨੂੰ ਮਜ਼ਬੂਤ ਕਰਨ ਲਈ ਲਿਪਾਈ ਵਿੱਚ ਜਵਾਲਾਮੁਖੀ ਦੀ ਸੁਆਹ ਮਿਲਾਈ ਸੀ।

ਉਨ੍ਹਾਂ ਦੇ ਬਣਾਏ ਗਏ ਪੱਥਰ ਦੇ ਢਾਂਚਿਆਂ ਨਾਲੋਂ ਵੀ ਜ਼ਿਆਦਾ ਹੈਰਾਨੀ ਕਰ ਦੇਣ ਵਾਲੇ ਹਨ ਚੂਨੇ ਦੇ ਪਲਾਸਟਰ, ਜੋ ਕੁਝ ਸਥਾਨਾਂ ਤੋਂ ਲੱਭੇ ਹਨ।

ਲਿਪਾਈ ਦੀ ਸਮੱਗਰੀ ’ਚ ਮਿਲਾਇਆ ਜਾਂਦਾ ਸੀ ਪੌਦਿਆਂ ਦਾ ਰਸ

ਵਿਗਿਆਨੀ ਇਹ ਜਾਣ ਚੁੱਕੇ ਹਨ ਕਿ ਪ੍ਰਾਚੀਨ ਮਾਇਆ ਸੱਭਿਅਤਾ ਦੇ ਲੋਕ ਚੂਨੇ ਦਾ ਪਲਾਸਟਰ ਕਿਵੇਂ ਬਣਾਉਂਦੇ ਸਨ। ਕਿਵੇਂ ਉਹੀ ਪਲਾਸਟਰ ਦੀ ਮਦਦ ਨਾਲ ਉਹ ਅੰਦਰੂਨੀ ਫਰਸ਼ਾਂ ਜਾਂ ਕੰਧਾਂ ਦੀਆਂ ਸਤਹਾਂ ਨੂੰ ਸੁਰੱਖਿਅਤ ਕਰਦੇ ਸਨ ਅਤੇ ਪੱਥਰਾਂ ਨੂੰ ਇਕੱਠੇ ਬੰਨ੍ਹਣ, ਇਮਾਰਤਾਂ ਦੀ ਸਤਹਿ ਨੂੰ ਢਕਣ ਅਤੇ ਸਜਾਉਣ ਲਈ ਵਰਤਦੇ ਸਨ।

ਗੁੰਝਲਦਾਰ ਢੰਗ ਨਾਲ ਸਜਾਈਆਂ ਗਈਆਂ ਪਲਾਸਟਰ ਨਾਲ ਢੱਕੀਆਂ ਇਮਾਰਤਾਂ ਦੀਆਂ ਉਦਾਹਰਨਾਂ ਅੱਜ ਵੀ ਹੋਂਡੂਰਸ ਵਿੱਚ ਇੱਕ ਪ੍ਰਾਚੀਨ ਮਾਇਆ ਦੇ ਸਥਾਨ ਟਿਕਲ ਅਤੇ ਕੋਪਨ ਵਿੱਚ ਵੇਖੀਆਂ ਜਾ ਸਕਦੀਆਂ ਹਨ।

ਸਪੇਨ ਦੇ ਗ੍ਰੇਨਾਡਾ ਯੂਨੀਵਰਸਿਟੀ ਦੇ ਇੱਕ ਖਣਿਜ ਵਿਗਿਆਨੀ, ਕਾਰਲੋਸ ਰੌਡਰਿਗਜ਼-ਨਵਾਰੋ 2023 ਵਿੱਚ ਇਹ ਖੋਜ ਕਰਨ ਲਈ ਨਿਕਲੇ ਕਿ ਕਿਸ ਤਰ੍ਹਾਂ ਕੋਪਨ ਵਿੱਚ ਸਜਾਵਟੀ ਚੂਨੇ-ਪਲਾਸਟਰ ਨਾਲ ਢੱਕੀਆਂ ਮੂਰਤੀਆਂ ਅਤੇ ਮੰਦਰ 1,000 ਸਾਲ ਤੋਂ ਇੱਕ ਨਮੀ ਵਾਲੇ ਗਰਮ ਖੰਡੀ ਵਾਤਾਵਰਣ ਦੇ ਸੰਪਰਕ ਵਿੱਚ ਰਹਿਣ ਦੇ ਬਾਵਜੂਦ ਸ਼ਾਨਦਾਰ ਰੂਪ ਵਿੱਚ ਹਾਲੇ ਵੀ ਬਰਕਰਾਰ ਹਨ।

ਆਪਣੇ ਅਧਿਐਨ ਦੇ ਹਿੱਸੇ ਵਜੋਂ ਰੌਡਰਿਗਜ਼-ਨਵਾਰੋ ਦੀ ਟੀਮ ਨੇ ਖੇਤਰ ਦੇ ਸਥਾਨਕ ਪੱਥਰ ਮਿਸਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੂਨਾ ਪਲਾਸਟਰ ਬਣਾਉਣ ਦੀਆਂ ਤਕਨੀਕਾਂ ਬਾਰੇ ਪੁੱਛਿਆ।

ਮਿਸਤਰੀ, ਜੋ ਕਿ ਪ੍ਰਾਚੀਨ ਮਾਇਆ ਸੱਭਿਅਤਾ ਦੇ ਵੰਸ਼ਜ ਹਨ, ਨੇ ਕਿਹਾ ਕਿ ਉਹ ਆਪਣੇ ਚੂਨੇ ਦੇ ਮਿਸ਼ਰਣ ਵਿੱਚ ਆਮ ਤੌਰ 'ਤੇ ਪੌਦਿਆਂ ਦੇ ਰਸ ਦੀ ਵਰਤੋਂ ਕਰਦੇ ਹਨ।

ਵਿਗਿਆਨੀਆਂ ਨੇ ਉੱਚ ਰੈਜ਼ੋਲਿਊਸ਼ਨ ਐਕਸ-ਰੇ ਡਿਫ੍ਰੈਕਸ਼ਨ ਦੀ ਵਰਤੋਂ ਕਰਦੇ ਹੋਏ ਪਲਾਸਟਰ ਦਾ ਵਿਸ਼ਲੇਸ਼ਣ ਕੀਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਨੇ ਪਲਾਸਟਰ ਦਾ ਵਿਸ਼ਲੇਸ਼ਣ ਕੀਤਾ

ਖੋਜਕਰਤਾਵਾਂ ਨੇ ਹੋਂਡੁਰਾਸ ਸਥਾਨ ਤੋਂ ਪ੍ਰਾਚੀਨ ਪਲਾਸਟਰ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਦੀ ਇਕ ਨਕਲ ਤਿਆਰ ਕੀਤੀ।

ਪਲਾਸਟਰ ਬਣਾਉਣ ਦੀ ਪ੍ਰਕਿਰਿਆ ਵਿੱਚ ਕਾਰਬੋਨੇਟ ਚਟਾਨ ਨੂੰ ਵੱਧ ਤਾਪਮਾਨਾਂ ’ਤੇ ਰਿੱਝਣ ਦੇਣਾ (ਕੈਲਸੀਨੇਟਿੰਗ) ਆਦਿ ਸ਼ਾਮਲ ਹੈ।

ਫਿਰ ਚੂਨੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ, ਉਸਨੂੰ ਰੇਤ ਨਾਲ ਮਿਲਾਇਆ ਜਾਂਦਾ ਹੈ।

ਜਿਵੇਂ ਹੀ ਸਮੱਗਰੀ ਸਖ਼ਤ ਹੋ ਜਾਂਦੀ ਹੈ, ਇਹ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੀ ਹੈ ਅਤੇ ਇਸਨੂੰ ਕੈਲਸਾਈਟ ਸੀਮਿੰਟ ਵਿੱਚ ਜੋੜਦੀ ਹੈ।

ਖੋਜਕਰਤਾਵਾਂ ਨੇ ਪੱਥਰ ਦੇ ਮਿਸਤਰੀਆਂ ਦੀ ਸਲਾਹ ਵੀ ਲਈ ਅਤੇ ਦਰੱਖਤਾਂ ਦਾ ਰਸ ਮਿਸ਼ਰਣ ਵਿੱਚ ਸ਼ਾਮਲ ਕੀਤਾ।

ਉਹਨਾਂ ਨੇ ਪਾਇਆ ਕਿ ਨਤੀਜੇ ਵਜੋਂ ਪਲਾਸਟਰ ਖਾਸ ਤੌਰ 'ਤੇ ਸਖ਼ਤ ਅਤੇ ਟਿਕਾਊ ਬਣਿਆ ਸੀ।

ਰੌਡਰਿਗਜ਼-ਨਵਾਰੋ ਕਹਿੰਦੇ ਹਨ, “ਅਸੀਂ ਪੁਰਾਤਨ ਸਮੱਗਰੀ ਦੀ ਬਣਤਰ ਅਤੇ ਮਕੈਨੀਕਲ ਵਿਸ਼ੇਸ਼ਤਾਵਾਂ ਨੂੰ ਬਿਲਕੁਲ ਦੁਹਰਾਉਣ ਦੇ ਯੋਗ ਸੀ।”

ਸਮੱਗਰੀ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਜੈਵਿਕ ਅਤੇ ਅਜੈਵਿਕ ਪਦਾਰਥਾਂ ਦੇ ਵਿਚਾਲੇ ਦਾ ਇਕ ਮਿਸ਼ਰਣ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮੱਗਰੀ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਜੈਵਿਕ ਅਤੇ ਅਜੈਵਿਕ ਪਦਾਰਥਾਂ ਦੇ ਵਿਚਾਲੇ ਦਾ ਇਕ ਮਿਸ਼ਰਣ ਹੈ

ਵਿਗਿਆਨੀਆਂ ਨੇ ਫਿਰ ਉੱਚ ਰੈਜ਼ੋਲਿਊਸ਼ਨ ਐਕਸ-ਰੇਅ ਡਿਫ੍ਰੈਕਸ਼ਨ ਦੀ ਵਰਤੋਂ ਕਰਦੇ ਹੋਏ ਅਸਲੀ ਪਲਾਸਟਰ ਦਾ ਵਿਸ਼ਲੇਸ਼ਣ ਕੀਤਾ। ਇੱਕ ਤਕਨੀਕ ਜਿਸ ਨੇ ਉਨ੍ਹਾਂ ਨੂੰ ਬਰੀਕ ਪੈਮਾਨੇ ’ਤੇ ਸਮੱਗਰੀ ਨੂੰ ਦੇਖਣ ਦੇ ਯੋਗ ਬਣਾਇਆ।

ਰੌਡਰਿਗਜ਼-ਨਵਾਰੋ ਦੇ ਅਨੁਸਾਰ, ਇਹ ਸਮੱਗਰੀ ਨੂੰ ਬਹੁਤ ਟਿਕਾਊ ਅਤੇ ਭੌਤਿਕ ਤੇ ਰਸਾਇਣਕ ਮੌਸਮ ਪ੍ਰਤੀ ਰੋਧਕ ਬਣਾਉਂਦਾ ਹੈ।

ਰੌਡਰਿਗਜ਼-ਨਵਾਰੋ ਕਹਿੰਦੇ ਹਨ, “ਸਮੱਗਰੀ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਜੈਵਿਕ ਅਤੇ ਅਜੈਵਿਕ ਪਦਾਰਥਾਂ ਦੇ ਵਿਚਾਲੇ ਦਾ ਇਕ ਮਿਸ਼ਰਣ ਹੈ।”

“ਇਸ ਲਈ, ਜੇਕਰ ਤੁਸੀਂ ਪੂਰੀ ਤਰ੍ਹਾਂ ਗੈਰ-ਜੈਵਿਕ ਕੈਲਸਾਈਟ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਬਹੁਤ ਹੀ ਆਰਾਮ ਨਾਲ ਟੁੱਟ ਜਾਂਦਾ ਹੈ। ਪਰ ਜੇਕਰ ਤੁਸੀਂ ਰੁੱਖ ਦੇ ਰਸ ਤੋਂ ਜੈਵਿਕ ਪਰਮਾਣੂਆਂ ਨੂੰ ਇਸ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਸੀਂ ਸਮੱਗਰੀ ਨੂੰ ਬਹੁਤ ਸਖ਼ਤ ਬਣਾ ਦਿੰਦੇ ਹੋ। ਅਜਿਹੀ ਸਮੱਗਰੀ ਨੂੰ ਤੋੜਨ ਲਈ ਤੁਹਾਨੂੰ ਬਹੁਤ ਜ਼ਿਆਦਾ ਊਰਜਾ ਖਰਚ ਕਰਨੀ ਪਵੇਗੀ।”

ਪੌਦਿਆਂ ਦੇ ਰਸ ਨੇ ਕਿਵੇਂ ਖੰਡਰਾਂ ਨੂੰ ਮੀਂਹ ਦੀ ਮਾਰ ਤੋਂ ਬਚਾਇਆ

ਜੈਵਿਕ ਪੌਦਿਆਂ ਦੀ ਸਮੱਗਰੀ ਨੂੰ ਸ਼ਾਮਲ ਕਰਨਾ ਸਮੱਗਰੀ ਨੂੰ ਵਧੇਰੇ ਅਘੁਲਣਸ਼ੀਲ ਬਣਾਉਂਦਾ ਹੈ, ਜੋ ਇਸਨੂੰ ਮੀਂਹ ਵਿੱਚ ਘੁਲਣ ਤੋਂ ਰੋਕਦਾ ਹੈ। ਇਹ ਗਰਮ ਖੰਡੀ ਜਲਵਾਯੂ ਵਾਲੇ ਖੇਤਰ ਵਿੱਚ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ, ਕਿਉਂਕਿ ਇਹ ਥਾਵਾਂ ਅਕਸਰ ਭਾਰੀ ਬਾਰਿਸ਼ ਲਿਆਉਣ ਵਾਲੇ ਤੂਫਾਨਾਂ ਦੁਆਰਾ ਪ੍ਰਭਾਵਿਤ ਰਹਿੰਦੀਆਂ ਹਨ।

ਇੱਕ ਹੋਰ ਕਾਰਨ ਹੈ ਕਿ ਮਾਇਆ ਸ਼ਹਿਰਾਂ ਦੇ ਖੰਡਰ ਅੱਜ ਤੱਕ ਟਿੱਕੇ ਹੋਏ ਹਨ ਅਤੇ ਉਨ੍ਹਾਂ ਦਾ ਕਾਰਨ ਜੰਗਲ ਹਨ।

ਭਾਵੇਂ ਰੁੱਖਾਂ ਨੇ ਖੰਡਰਾਂ ਨੂੰ ਲੱਭਣਾ ਔਖਾ ਬਣਾ ਦਿੱਤਾ ਹੈ ਪਰ ਇਨ੍ਹਾਂ ਜੰਗਲਾਂ ਨੇ ਉਨ੍ਹਾਂ ਨੂੰ ਉਸਾਰੀ ਅਤੇ ਲੁੱਟਣ ਤੋਂ ਵੀ ਬਚਾਇਆ ਹੈ।

ਔਲਡ ਥਾਮਸ ਕਹਿੰਦਾ ਹਨ," ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ 'ਚ ਲੋਕਾਂ ਨੇ ਅਜਿਹੇ ਢਾਂਚੇ, ਸੜਕਾਂ ਦੀ ਉਸਾਰੀ ਲਈ ਢਾਹ ਦਿੱਤੇ ਹਨ ਜਾਂ ਇਸ ਲਈ ਵੀ ਢਾਹ ਦਿੱਤੇ ਗਏ ਕਿਉਂਕਿ ਇਹ ਭੇਡਾਂ ਨੂੰ ਚਰਾਉਣ ਜਾਣ ਵੇਲੇ ਰਾਹ ਵਿੱਚ ਆ ਜਾਂਦੇ ਸਨ। ਪਰ ਜੇਕਰ ਇਹ ਢਾਂਚੇ ਅਰਬਾਂ ਹੀ ਦਰੱਖਤਾਂ ਹੇਠਾਂ ਦੱਬੇ ਹੋਣ ਤਾਂ ਇਨ੍ਹਾਂ ਨੂੰ ਢਾਹੁਣਾ ਮੁਸ਼ਕਿਲ ਹੋ ਜਾਂਦਾ ਹੈ।

ਮਾਇਆ ਸੱਭਿਅਤਾ ਦੇ ਲੋਕਾਂ ਨੇ ਉਹਨਾਂ ਦੀਆਂ ਬਸਤੀਆਂ ਦੇ ਆਲੇ ਦੁਆਲੇ ਦੇ ਢਾਂਚੇ ਨੂੰ ਵੀ ਬਦਲ ਦਿੱਤਾ ਤਾਂ ਜੋ ਉਹਨਾਂ ਨੂੰ ਪਾਣੀ ਦੀ ਤਬਾਹੀ ਤੋਂ ਬਚਾਉਣ ਵਿੱਚ ਮਦਦ ਮਿਲ ਸਕੇ।

ਔਲਡ ਥਾਮਸ ਨੇ ਵੈਲੇਰੀਆਨਾ ਦੇ ਸਥਾਨ ’ਤੇ ਇਸਦਾ ਸਬੂਤ ਦੇਖਿਆ, ਜਿਸ ਕਰਕੇ ਉਨ੍ਹਾਂ ਨੂੰ ਖੋਜ ਕਰਨ ਵਿੱਚ ਮਦਦ ਮਿਲੀ।

“ਇਹ ਇੱਕ ਅਜਿਹੇ ਖੇਤਰ ਵਿੱਚ ਵੀ ਹੈ, ਜਿਸ ਨੂੰ ਖੇਤੀਬਾੜੀ ਲਈ ਵਿਆਪਕ ਤੌਰ ’ਤੇ ਤਿਆਰ ਕੀਤਾ ਗਿਆ ਸੀ। ਇਹ ਪਹਾੜੀ ਹਿੱਸਾ ਹੈ ਅਤੇ ਮੂਲ ਰੂਪ ਵਿੱਚ ਹਰ ਢਲਾਣ ਵਾਲੀ ਸਤਹਿ ਜੋ ਮੌਸਮੀ ਹੜ੍ਹਾਂ ਦੇ ਪੱਧਰ ਤੋਂ ਉੱਪਰ ਹੈ, ਨੂੰ ਪੂਰੀ ਤਰ੍ਹਾਂ ਨਾਲ ਦੁਬਾਰਾ ਬਣਾਇਆ ਗਿਆ ਹੈ ਤਾਂ ਜੋ ਲੋਕ ਇਸਨੂੰ ਭੋਜਨ ਉਗਾਉਣ ਲਈ ਵਰਤ ਸਕਣ।”

ਜੈਵਿਕ ਪੌਦਿਆਂ ਦੀ ਸਮਗਰੀ ਨੂੰ ਸ਼ਾਮਲ ਕਰਨਾ ਸਮੱਗਰੀ ਨੂੰ ਵਧੇਰੇ ਅਘੁਲਣਸ਼ੀਲ ਬਣਾਉਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਵਿਕ ਪੌਦਿਆਂ ਦੇ ਰਸ ਨੂੰ ਮਿਲਾ ਕੇ ਸਮੱਗਰੀ ਮੀਂਹ ਦੇ ਪਾਣੀ ਵਿੱਚ ਘੁਲਦੀ ਨਹੀਂ ਹੈ

ਆਧੁਨਿਕ ਸਮਾਜ ਇਨ੍ਹਾਂ ਪ੍ਰਾਚੀਨ ਮਾਇਆ ਨਿਰਮਾਤਾਵਾਂ ਤੋਂ ਕੀ ਸਿੱਖ ਸਕਦੇ ਹਨ?

ਔਲਡ-ਥਾਮਸ ਕਹਿੰਦੇ ਹਨ, “ਮਾਇਆ ਸੱਭਿਅਤਾ ਇਹ ਸੱਚਮੁੱਚ ਦਰਸਾਉਂਦੀ ਹੈ ਕਿ ਬੁਨਿਆਦੀ ਢਾਂਚੇ ਨੂੰ ਅਜਿਹੇ ਤਰੀਕੇ ਨਾਲ ਬਣਾਉਣਾ ਸੰਭਵ ਹੈ, ਜਿਸ ਨਾਲ ਉਹ ਇੱਕ ਹਜ਼ਾਰ ਸਾਲ ਤੱਕ ਕਾਇਮ ਰਹਿ ਸਕੇ। ਉਹ ਵੀ ਕਾਫ਼ੀ ਅਤਿਅੰਤ ਵਾਤਾਵਰਣ ਵਿੱਚ ਜਿੱਥੇ ਅੱਧੇ ਸਾਲ ਤੱਕ ਮੀਂਹ ਨਹੀਂ ਪੈਂਦਾ ਅਤੇ ਫਿਰ ਜਦੋਂ ਪੈਣ ਲੱਗਦਾ ਹੈ ਤਾਂ ਅੱਧੇ ਸਾਲ ਤੱਕ ਹੱਟਦਾ ਨਹੀਂ।”

ਅਸੀਂ ਮਾਇਆ ਦੇ ਢਾਂਚਾ ਸਮੱਗਰੀ ਦੀ ਚੋਣ ਤੋਂ ਵੀ ਸਿੱਖ ਸਕਦੇ ਹਾਂ।

ਜ਼ਿਆਦਾਤਰ ਆਧੁਨਿਕ ਇਮਾਰਤਾਂ ਵਿੱਚ ਪਾਇਆ ਗਿਆ ਪ੍ਰਬਲ ਕੰਕਰੀਟ ਇੰਨਾ ਮਜ਼ਬੂਤ ਹੁੰਦਾ ਹੈ ਕਿ ਉਹ ਵਿਸ਼ਾਲ ਇਮਾਰਤਾਂ ਨੂੰ ਸੰਭਾਲ ਸਕਦਾ ਹੈ ਪਰ ਉਹ ਲੰਬੇ ਸਮੇਂ ਲਈ ਨਹੀਂ ਬਣਾਏ ਗਏ ਹਨ। ਜ਼ਿਆਦਾਤਰ ਸਟੀਲ ਰੀਇਨਫੋਰਸਡ ਕੰਕਰੀਟ ਦੀਆਂ ਇਮਾਰਤਾਂ ਦੀ ਉਮਰ ਲਗਭਗ 50 ਤੋਂ 100 ਸਾਲ ਹੈ।

ਇਸ ਦੇ ਨਾਲ ਹੀ, ਹਵਾਬਾਜ਼ੀ ਨਾਲੋਂ ਕਿਤੇ ਵੱਧ ਸੀਮਿੰਟ ਉਤਪਾਦਨ ਵਰਤਮਾਨ ਵਿੱਚ ਗਲੋਬਲ ਕਾਰਬਨ ਨਿਕਾਸ ਦਾ 8 ਫ਼ੀਸਦ ਭਾਗੀਦਾਰ ਹੈ ।

ਕੁਝ ਖੋਜਕਰਤਾ ਸੀਮਿੰਟ ਲਈ ਚੂਨਾ-ਆਧਾਰਿਤ ਬਦਲਾਅ ਦੀ ਤਲਾਸ਼ ਕਰ ਰਹੇ ਹਨ।

ਵਰਤਮਾਨ ਵਿੱਚ ਚੂਨੇ ਦਾ ਉਤਪਾਦਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਦਾ ਇੱਕ ਪ੍ਰਮੁੱਖ ਸਰੋਤ ਹੈ ਪਰ ਕੁਝ ਖੋਜਕਰਤਾ ਇਸ ਨੂੰ ਹੋਰ ਸਰੋਤਾਂ ਤੋਂ ਪ੍ਰਾਪਤ ਕਰਨ ਦੀ ਜਾਂਚ ਕਰ ਰਹੇ ਹਨ।

ਉਦਾਹਰਨ ਵਜੋਂ ਕਾਗਜ਼ ਉਦਯੋਗ ਦੇ ਉਪ-ਉਤਪਾਦਾਂ ਨੂੰ ਸੀਮਿੰਟ 'ਚ ਮਿਲਾਉਣਾ ਜੋ ਇਸਨੂੰ ਹੋਰ ਟਿਕਾਊ ਬਣਾ ਸਕਦੇ ਹਨ।

ਮਾਇਆ ਦੁਆਰਾ ਬਣਾਏ ਗਏ ਬਹੁਤ ਸਾਰੇ ਸ਼ਹਿਰਾਂ ਵਿੱਚ ਪਲਾਜ਼ਾ ਅਤੇ ਬਾਲ ਗੇਮਾਂ ਖੇਡਣ ਲਈ ਖੇਤਰ ਰਾਖਵੇਂ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਇਆ ਦੁਆਰਾ ਬਣਾਏ ਗਏ ਬਹੁਤ ਸਾਰੇ ਸ਼ਹਿਰਾਂ ਵਿੱਚ ਖੇਡਣ ਲਈ ਖੇਤਰ ਰਾਖਵੇਂ ਸਨ

ਰੌਡਰਿਗਜ਼-ਨਵਾਰੋ ਦਾ ਕਹਿਣਾ ਹੈ ਕਿ ਪ੍ਰਾਚੀਨ ਮਾਇਆ ਦੇ ਗਿਆਨ ਨੂੰ ਪ੍ਰੇਰਨਾ ਦੇ ਤੌਰ 'ਤੇ ਲੈਣਾ ਅਜਿਹੀਆਂ ਸਮੱਗਰੀਆਂ ਨੂੰ ਹੋਰ ਟਿਕਾਊ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਚੂਨੇ ਦੇ ਪਲਾਸਟਰ ਇੱਕ ਕਾਰਬਨ ਸਿੰਕ ਦੇ ਤੌਰ ’ਤੇ ਵੀ ਕੰਮ ਕਰ ਸਕਦੇ ਹਨ, ਕਿਉਂਕਿ ਉਹ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ ਹਨ ਅਤੇ ਫਿਰ ਉਹ ਚੂਨੇ ਦੇ ਪੱਥਰ ਵਿੱਚ ਮੁੜ ਖਣਿਜ ਬਣਦੇ ਹਨ ਅਤੇ ਸਖ਼ਤ ਹੋ ਜਾਂਦੇ ਹਨ।

ਰੌਡਰਿਗਜ਼-ਨਵਾਰੋ ਕਹਿੰਦੇ ਹਨ, “ਚੂਨਾ ਆਧੁਨਿਕ ਉਸਾਰੀ ਲਈ ਇੱਕ ਸੰਭਾਵੀ ਟਿਕਾਊ ਸਮੱਗਰੀ ਵਜੋਂ ਬਹੁਤ ਸਾਰਾ ਧਿਆਨ ਆਕਰਸ਼ਿਤ ਕਰ ਰਿਹਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)