ਕੈਨੇਡਾ ਦੇ ਮੰਤਰੀ ਨੇ ਮੰਨਿਆ, ‘ਅਮਰੀਕੀ ਅਖ਼ਬਾਰ ਨੂੰ ਲੀਕ ਕੀਤਾ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ’

ਡੇਵਿਡ ਮੌਰਿਸ

ਤਸਵੀਰ ਸਰੋਤ, HOUSE OF COMMONS, CANADA

ਤਸਵੀਰ ਕੈਪਸ਼ਨ, ਕੈਨੇਡਾ ਸਰਕਾਰ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ

ਕੈਨੇਡਾ ਸਰਕਾਰ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੇਸ਼ ਦੀ ਸਿਵਲ ਡਿਫੈਂਸ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦੱਸਿਆ ਹੈ ਕਿ ਭਾਰਤ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕੈਨੇਡੀਅਨ ਨਾਗਰਿਕਾਂ ਨੂੰ ''ਧਮਕੀਆਂ ਦੇਣ ਜਾਂ ਮਾਰਨ'' ਦੀ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ।

ਮੰਗਲਵਾਰ ਨੂੰ ਕੈਨੇਡਾ 'ਚ ਸਿਵਲ ਡਿਫੈਂਸ ਅਤੇ ਨੈਸ਼ਨਲ ਸਕਿਓਰਿਟੀ ਕਮੇਟੀ ਦੀ ਸੁਣਵਾਈ ਚੱਲ ਰਹੀ ਸੀ।

ਇਸ ਦੌਰਾਨ ਕਮੇਟੀ ਦੇ ਉਪ-ਚੇਅਰ ਅਤੇ ਕੰਜ਼ਰਵੇਟਿਵ ਐੱਮਪੀ ਰਾਕੇਲ ਡੈਂਚੋ ਕੈਨੇਡਾ ਵਿੱਚ ਸਿਵਲ ਅਤੇ ਰਾਸ਼ਟਰੀ ਸੁਰੱਖਿਆ 'ਤੇ ਸਵਾਲ ਪੁੱਛ ਰਹੇ ਸਨ।

ਪਿਛਲੇ ਸਾਲ ਜੂਨ ਵਿੱਚ 45 ਸਾਲਾ ਹਰਦੀਪ ਸਿੰਘ ਨਿੱਝਰ ਦੀ ਵੈਨਕੂਵਰ ਨੇੜੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ।

ਕਮੇਟੀ ਦੀ ਵਾਈਸ ਚੇਅਰ ਅਤੇ ਕੰਜ਼ਰਵੇਟਿਵ ਐੱਮਪੀ ਰਾਕੇਲ ਡੈਂਚੋ ਨੇ ਕਮੇਟੀ ਦੀ ਸੁਣਵਾਈ ਦੌਰਾਨ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨਥਾਲੀ ਡਰੋਇਨ ਨੂੰ ਪੁੱਛਿਆ ਕਿ ਕੈਨੇਡਾ ਵਿੱਚ ਹੋ ਰਹੇ ਅਪਰਾਧਾਂ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਦੀ ਸ਼ਮੂਲੀਅਤ ਬਾਰੇ ਕੈਨੇਡਾ ਸਰਕਾਰ ਦੀ ਤਰਫੋਂ ਕਿਸ ਨੇ 'ਵਾਸ਼ਿੰਗਟਨ ਪੋਸਟ' ਨੂੰ ਦੱਸਿਆ?'

ਇਸ 'ਤੇ ਨਥਾਲੀ ਡਰੂਇਨ ਨੇ ਕਿਹਾ ਕਿ ਸਰਕਾਰ ਨੇ ਅਜਿਹੀ ਜਾਣਕਾਰੀ ਪੱਤਰਕਾਰ ਨਾਲ ਸਾਂਝੀ ਨਹੀਂ ਕੀਤੀ।

ਰਾਕੇਲ ਡੈਂਚੋ 14 ਅਕਤੂਬਰ ਨੂੰ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਰਿਪੋਰਟ ਬਾਰੇ ਸਵਾਲ ਪੁੱਛ ਰਹੇ ਸਨ।

ਅਮਿਤ ਸ਼ਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਸੁਣਵਾਈ ਦੌਰਾਨ ਕੀ ਹੋਇਆ

ਉਸ ਰਿਪੋਰਟ ਵਿੱਚ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਖਿਲਾਫ਼ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਸੀ।

ਇਸ ਤੋਂ ਬਾਅਦ ਸੰਸਦ ਮੈਂਬਰ ਨੇ ਪੁੱਛਿਆ, "ਪੱਤਰਕਾਰ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ? ਤੁਹਾਨੂੰ ਇਸ ਬਾਰੇ ਨਹੀਂ ਪਤਾ? ਤੁਸੀਂ ਇਹ ਜਾਣਕਾਰੀ ਨਹੀਂ ਦਿੱਤੀ, ਠੀਕ?"

ਕਮੇਟੀ ਦੀ ਸੁਣਵਾਈ ਵਿੱਚ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਵੀ ਹਾਜ਼ਰ ਸਨ।

ਡੈਂਚੋ ਫਿਰ ਡੇਵਿਡ ਮੌਰੀਸਨ ਵੱਲ ਮੁੜਿਆ ਅਤੇ ਪੁੱਛਿਆ, "ਮਿਸਟਰ ਮੌਰੀਸਨ, ਕੀ ਤੁਸੀਂ ਟਿੱਪਣੀ ਕਰ ਸਕਦੇ ਹੋ? ਕੀ ਤੁਸੀਂ ਇਹ ਜਾਣਕਾਰੀ ਪ੍ਰਦਾਨ ਕੀਤੀ ਸੀ?"

ਜਵਾਬ ਵਿੱਚ, ਡੇਵਿਡ ਮੌਰੀਸਨ ਨੇ ਕਮੇਟੀ ਨੂੰ ਕਿਹਾ, "ਯਕੀਨਨ, ਪੱਤਰਕਾਰ ਨੇ ਮੈਨੂੰ ਕਾਲ ਕੀਤੀ ਅਤੇ ਇਸ ਬਾਰੇ ਪੁੱਛਿਆ।" "ਮੈਂ ਉਨ੍ਹਾਂ ਨੂੰ ਉਸ ਵਿਅਕਤੀ ਬਾਰੇ ਸੂਚਿਤ ਕੀਤਾ।"

"ਉਹ ਉਹੀ ਪੱਤਰਕਾਰ ਸੀ ਜਿਸ ਨੇ ਇਸ ਬਾਰੇ ਬਹੁਤ ਕੁਝ ਲਿਖਿਆ ਸੀ। ਪੱਤਰਕਾਰ ਕਈ ਸਰੋਤਾਂ ਤੋਂ ਜਾਣਕਾਰੀ ਲੈਂਦੇ ਹਨ। ਉਸ ਨੇ ਮੈਨੂੰ ਉਸ ਵਿਅਕਤੀ ਬਾਰੇ ਪੁਸ਼ਟੀ ਕਰਨ ਲਈ ਕਿਹਾ। ਮੈਂ ਪੁਸ਼ਟੀ ਕੀਤੀ।"

ਪਰ ਡੇਵਿਡ ਮੌਰੀਸਨ ਨੇ ਗ੍ਰਹਿ ਮੰਤਰੀ ਬਾਰੇ ਹੋਰ ਕੁਝ ਨਹੀਂ ਕਿਹਾ।

ਮੰਗਲਵਾਰ ਨੂੰ ਸਾਹਮਣੇ ਆਈਆਂ ਇਨ੍ਹਾਂ ਗੱਲਾਂ 'ਤੇ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਕੈਨੇਡਾ ਵੱਲੋਂ ਪਹਿਲਾਂ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ।

ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਜਾਂ ਭਾਰਤੀ ਵਿਦੇਸ਼ ਮੰਤਰਾਲੇ ਦਾ ਅਜੇ ਤੱਕ ਇਨ੍ਹਾਂ ਇਲਜ਼ਾਮਾਂ ਉੱਤੇ ਪ੍ਰਤੀਕਰਮ ਨਹੀਂ ਆਇਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਰਅਸਲ, ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਧਰਤੀ ʼਤੇ ਸਿੱਖ ਵੱਖਵਾਦੀ ਹਰਦੀਪ ਸਿੰਘ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।

ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਸੀ।

ਹਾਲਾਂਕਿ, ਭਾਰਤ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਕੇ ਮੁੱਢੋਂ ਨਕਾਰਦਾ ਆਇਆ ਹੈ। ਹੁਣ ਤਾਜ਼ਾ ਘਟਨਾਕ੍ਰਮ ਵਿੱਚ ਕੇਂਦਰੀ ਗ੍ਰਹਿ ਮੰਤਰੀ ʼਤੇ ਇਲਜ਼ਾਮ ਲਗਾਏ ਜਾ ਰਹੇ ਹਨ।

ਅਮਿਤ ਸ਼ਾਹ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਐੱਮ ਮੋਦੀ ਦੀ ਕੈਬਨਿਟ ਵਿੱਚ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਹੈ

ਮਸਲੇ ਉੱਤੇ ਭਾਰਤ ਦਾ ਸਟੈਂਡ

ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਭਾਰਤ ਸਿੱਖ ਵੱਖਵਾਦੀਆਂ ਨੂੰ "ਅੱਤਵਾਦੀ" ਕਹਿੰਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਇਨ੍ਹਾਂ ਤੋਂ ਉਸ ਦੀ ਸੁਰੱਖਿਆ ਨੂੰ ਖ਼ਤਰਾ ਹੈ।

ਸਿੱਖ ਵੱਖਵਾਦੀ ਭਾਰਤ ਵਿੱਚ ਖ਼ਾਲਿਸਤਾਨ ਵਜੋਂ ਇੱਕ ਆਜ਼ਾਦ ਦੇਸ਼ ਦੀ ਮੰਗ ਕਰਦੇ ਹਨ। 1980 ਅਤੇ 1990 ਦੇ ਦਹਾਕੇ ਦੌਰਾਨ ਭਾਰਤ ਵਿੱਚ ਇੱਕ ਬਗ਼ਾਵਤ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਉਸ ਸਮੇਂ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕਤਲ ਕਰਨ ਮਗਰੋਂ ਸ਼ੁਰੂ ਹੋਏ ਸਨ।

ਕੈਨੇਡਾ

ਅਕਤੂਬਰ ਦੇ ਘਟਨਾਕ੍ਰਮ

ਇਹ ਮਾਮਲੇ 15 ਅਕਤੂਬਰ ਨੂੰ ਉਦੋਂ ਹੋਰ ਵਧ ਗਿਆ ਜਦੋਂ ਕੈਨੇਡਾ ਪੁਲਿਸ ਨੇ ਭਾਰਤ ਸਰਕਾਰ ਦੇ ਏਜੰਟਾਂ ਉੱਤੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਅਤੇ ਸੰਗਠਿਤ ਅਪਰਾਧ ਲਈ ਖੁਫ਼ੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੇ ਇਲਜ਼ਾਮ ਲਾਏ ਸਨ।

ਭਾਵੇਂ ਕਿ ਭਾਰਤ ਨੇ ਮੁੜ ਕਿਹਾ ਕਿ ਕੈਨੇਡਾ ਬਿਨਾਂ ਕੋਈ ਠੋਸ ਸਬੂਤ ਦਿੱਤਿਆਂ, ਬੇ-ਬੂਨਿਆਦ ਇਲਜ਼ਾਮ ਲਾ ਰਿਹਾ ਹੈ। ਪਰ ਇਸ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਇਲਜ਼ਾਮਾਂ ਨੂੰ ਮੁੜ ਦੁਹਰਾ ਦਿੱਤਾ।

ਕੈਨੇਡਾ ਦੇ ਗੰਭੀਰ ਇਲਜ਼ਾਮਾਂ ਦਾ ਭਾਰਤ ਨੇ ਵੀ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ, ਇਸ ਨਾਲ ਦੋਵਾਂ ਮੁਲਕਾਂ ਵਿੱਚ ਕੂਟਨੀਤਿਕ ਤਣਾਅ ਇੰਨਾ ਵਧ ਗਿਆ ਕਿ ਦੋਵਾਂ ਨੇ ਇੱਕ ਦੂਜੇ ਦੇ 6-6 ਕੂਟਨੀਤਿਕਾਂ ਨੂੰ ਮੁਲਕ ਛੱਡਣ ਦਾ ਹੁਕਮ ਦੇ ਦਿੱਤਾ।

ਸਤੰਬਰ 2023 ਵਿੱਚ ਜਦੋਂ ਪਾਰਲੀਮੈਂਟ ਵਿੱਚ ਟਰੂਡੋ ਨੇ ਭਾਰਤ ਉੱਤੇ ਉਕਤ ਇਲਜ਼ਾਮ ਲਾਏ ਸਨ ਤਾਂ ਦੋਵਾਂ ਦੇਸਾਂ ਵਿੱਚ ਤਲਖੀ ਸ਼ੁਰੂ ਹੋ ਗਈ ਸੀ। ਉਦੋਂ ਵੀ ਕੁਝ ਵੀਜ਼ਾ ਪ੍ਰਕਿਰਿਆ ʼਤੇ ਵੀ ਆਰਜ਼ੀ ਤੌਰ ʼਤੇ ਪਾਬੰਦੀ ਲਗਾਈ ਗਈ ਸੀ।

ਕੈਨੇਡਾ ਵੱਲੋਂ ਭਾਰਤ ਨੂੰ ਮਿਲਿਆ ਸੀ ਕੂਟਨੀਤਕ ਸੁਨੇਹਾ

ਅਕਤੂਬਰ ਵਿੱਚ ਕੈਨੇਡਾ ਨੇ ਭਾਰਤ ਨੂੰ ਇੱਕ ਕੂਟਨੀਤਕ ਸੁਨੇਹੇ ਭੇਜਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਹਾਈ ਕਮਿਸ਼ਨ ਅਤੇ ਹੋਰ ਡਿਪਲੋਮੈਟਸ ਉਸ ਦੇਸ਼ ਵਿੱਚ ਮਾਮਲੇ ਵਿੱਚ ʻਪਰਸਨ ਆਫ ਇਨਟਰਸਟʼ ਯਾਨਿ ʻਮਾਮਲੇ ਨਾਲ ਜੁੜੇ ਵਿਅਕਤੀʼ ਹਨ।

ਹਾਲਾਂਕਿ, ਭਾਰਤ ਨੇ ਕੈਨੇਡਾ ਦੇ ਇਸ ਕੂਟਨੀਤਕ ਸੁਨੇਹੇ ਦਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ।

ਵਿਦੇਸ਼ ਮੰਤਰਾਲੇ ਨੇ ਉਸ ਵੇਲੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਇਲਜ਼ਾਮਾਂ ਨੂੰ ਬੇਤੁਕਾ ਦੱਸਿਆ ਸੀ ਅਤੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

ਇਸ ਦੇ ਨਾਲ ਹੀ ਇਸ ਨੂੰ ਟਰੂਡੋ ਸਰਕਾਰ ਦੇ ਏਜੰਡੇ ਨਾਲ ਜੋੜ ਕੇ ਦੱਸਿਆ ਗਿਆ ਹੈ, ਇਨ੍ਹਾਂ ਇਲਜ਼ਾਮਾਂ ਨੂੰ 'ਵੋਟ ਬੈਂਕ ਦੀ ਸਿਆਸਤ' ਨਾਲ ਪ੍ਰੇਰਿਤ ਦੱਸਿਆ ਸੀ।

ਭਾਰਤ ਨੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ "ਪੂਰੀ ਤਰ੍ਹਾਂ ਰੱਦ" ਕਰਦਾ ਹੈ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਤਰਕਹੀਣ' ਕਰਾਰ ਦਿੱਤਾ।

ਭਾਰਤ

ਹਰਦੀਪ ਸਿੰਘ ਨਿੱਝਰ ਕੌਣ ਸਨ?

ਕਤਲ ਦੀ ਇਹ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ। ਨਿੱਝਰ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (ਐੱਨਆਈਏ) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ

ਹਰਦੀਪ ਸਿੰਘ ਨਿੱਝਰ

ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖ਼ਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)