ਭਾਰਤ ਦੇ ਉਹ ਅਮੀਰ ਸੇਠ ਜਿਨ੍ਹਾਂ ਦੇ ਅੰਗਰੇਜ਼ ਵੀ ਕਰਜ਼ਈ ਸਨ

ਤਸਵੀਰ ਸਰੋਤ, Getty Images
- ਲੇਖਕ, ਵਕਾਰ ਮੁਸਤਫਾ
- ਰੋਲ, ਪੱਤਰਕਾਰ ਤੇ ਰਿਸਰਚਰ
ਪੱਛਮੀ ਭਾਰਤ ਵਿੱਚ ਮੁਗਲ ਸ਼ਾਸਨ ਤੋਂ ਸੁਤੰਤਰ ਮਰਾਠਾ ਰਾਜ ਦੀ ਸਥਾਪਤ ਕਰਨ ਵਾਲੇ ਯੋਧੇ ਸ਼ਿਵਾਜੀ ਨੇ 1664 ਵਿੱਚ ਗੁਜਰਾਤ ਦੇ ਸੂਰਤ ਉੱਤੇ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਸੂਰਤ ਦੇ ਇੱਕ ਵਪਾਰੀ-ਸ਼ਾਹੂਕਾਰ, ਵਿਰਜੀ ਵੋਰਾ ਦੀ ਜਾਇਦਾਦ ਲੁੱਟੀ ਸੀ। ਜਿਸਦੀ ਕੀਮਤ 50,000 ਬ੍ਰਿਟਿਸ਼ ਪੌਂਡ ਜਾਂ 6,50,000 ਚਾਂਦੀ ਦੇ ਰੁਪਏ ਸੀ।
ਅਰਥਸ਼ਾਸਤਰੀ, ਪੱਤਰਕਾਰ ਅਤੇ ਲੇਖਕ ਪ੍ਰੇਮ ਸ਼ੰਕਰ ਝਾਅ ਮੁਤਾਬਕ, 17ਵੀਂ ਅਤੇ 18ਵੀਂ ਸਦੀ ਦੇ ਵਪਾਰੀ-ਸ਼ਾਹੂਕਾਰ, ਜਿਵੇਂ ਕਿ ਸੂਰਤ ਦੇ ਵੀਰਜੀ ਵੋਰਾ, ਅਹਿਮਦਾਬਾਦ ਦੇ ਸ਼ਾਂਤੀਦਾਸ ਅਤੇ ਬੰਗਾਲ ਦੇ ਜਗਤਸ਼ੇਠ ਪਰਿਵਾਰ ਨੇ ਇੰਨੀ ਦੌਲਤ ਇਕੱਠੀ ਕੀਤੀ ਸੀ ਕਿ ਉਨ੍ਹਾਂ ਨੇ ਇਟਲੀ ਦੇ ਸ਼ਹਿਰ ਵੈਨਿਸ ਦੇ ਵਪਾਰੀਆਂ ਅਤੇ ਭੂਮੱਧ ਸਾਗਰ ਦੇ ਬੰਦਰਗਾਹ ਵਾਲੇ ਸ਼ਹਿਰ ਜੇਨੇਵਾ ਦੇ ਸ਼ਾਹੂਕਾਰਾਂ ਨੂੰ ਵੀ ਪਛਾੜ ਦਿੱਤਾ ਸੀ।
ਝਾਅ ਨੇ ਆਪਣੀ ਕਿਤਾਬ 'ਕਰਾਊਚਿੰਗ ਡ੍ਰੈਗਨ, ਹਿਡਨ ਟਾਈਗਰ' ਵਿੱਚ ਲਿਖਿਆ ਹੈ ਕਿ "ਉਹ ਉਨ੍ਹਾਂ ਰਾਜਿਆਂ ਅਤੇ ਨਵਾਬਾਂ ਨਾਲੋਂ ਵੀ ਅਮੀਰ ਹੋ ਗਏ ਸਨ, ਜਿਨ੍ਹਾਂ ਦੇ ਉਹ ਅਧੀਨ ਸਨ।"

ਮਰਾਠਾ ਲੁੱਟ ਸਮੇਂ ਵੋਰਾ ਦੀ ਨਿੱਜੀ ਦੌਲਤ ਲਗਭਗ 80 ਲੱਖ ਰੁਪਏ ਸੀ, ਪਰ ਲੁੱਟ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਮੀਰ ਬਣਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ ਸੀ।
ਵੋਰਾ, ਥੋਕ ਵਪਾਰ, ਪੈਸੇ ਦੇ ਲੈਣ-ਦੇਣ ਅਤੇ ਬੈਂਕਿੰਗ ਵਿੱਚ ਸ਼ਾਮਲ ਸਨ। ਸੂਰਤ ਵਿੱਚ ਕੁਝ ਵਸਤੂਆਂ ਦੀ ਦਰਾਮਦ 'ਤੇ ਉਨ੍ਹਾਂ ਦਾ ਏਕਾਧਿਕਾਰ ਸੀ। ਉਹ ਮਸਾਲੇ, ਸੋਨਾ-ਚਾਂਦੀ, ਮੂੰਗੇ, ਹਾਥੀ ਦੰਦ, ਸੀਸਾ ਅਤੇ ਅਫ਼ੀਮ ਸਮੇਤ ਹੋਰ ਚੀਜ਼ਾਂ ਦਾ ਵਪਾਰ ਕਰਦੇ ਸਨ।
ਮੁਗ਼ਲ ਕਾਲ ਦੌਰਾਨ, ਸੂਰਤ ਦੇ ਸੂਬੇਦਾਰ ਨਾਲ ਵੀ ਵੋਰਾ ਦੇ ਚੰਗੇ ਸਬੰਧ ਸਨ।
ਜਦੋਂ ਵੋਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ

ਤਸਵੀਰ ਸਰੋਤ, Getty Images
ਆਪਣੀ ਕਿਤਾਬ 'ਇੰਡੀਅਨ ਮਰਚੈਂਟਸ ਐਂਡ ਐਂਟਰਪ੍ਰੀਨਿਓਰਜ਼ ਇਨ ਹਿਸਟੋਰੀਕਲ ਪਰਸਪੈਕਟਿਵ' ਵਿੱਚ ਮਕਰੰਦ ਮਹਿਤਾ ਨੇ ਭਾਰਤੀ ਵਪਾਰੀਆਂ ਦੇ ਇਤਿਹਾਸਕ ਪਿਛੋਕੜ ਦੀ ਸਮੀਖਿਆ ਕਰਦਿਆਂ ਲਿਖਿਆ ਹੈ:
"ਮੀਰ ਮੂਸਾ, ਸੂਰਤ ਦਾ ਗਵਰਨਰ, ਮੁਆਜ਼-ਉਲ-ਮੁਲਕ, ਅੰਗਰੇਜ਼ਾਂ ਨਾਲ ਵਪਾਰ ਕਰਦਾ ਸੀ।"
ਮਹਿਤਾ ਅਨੁਸਾਰ, "ਉਨ੍ਹਾਂ ਨਾਲ ਚੰਗੇ ਸਬੰਧ ਬਣਾਈ ਰੱਖਣ ਲਈ, ਵੋਰਾ ਨੇ ਅੰਗਰੇਜ਼ਾਂ ਨਾਲ ਅਜਿਹੇ ਸਮਾਨ ਦਾ ਵਪਾਰ ਨਹੀਂ ਕੀਤਾ ਜਿਸ ਦਾ ਵਪਾਰ ਮੀਰ ਮੂਸਾ ਕਰਦੇ ਸਨ। ਬਾਅਦ ਵਿੱਚ, 1642 ਵਿੱਚ, ਮੀਰ ਮੂਸਾ ਨੇ ਵੋਰਾ ਨੂੰ ਮੂੰਗੇ ਦੀ ਚੰਗੀ ਮਾਤਰਾ ਖਰੀਦਣ ਵਿੱਚ ਮਦਦ ਕੀਤੀ। 1643 ਵਿੱਚ, ਵੋਰਾ ਨੇ ਮੂੰਗਾ, ਮਿਰਚ ਅਤੇ ਹੋਰ ਸਮਾਨ 'ਤੇ ਏਕਾਧਿਕਾਰ ਸਥਾਪਤ ਕਰਨ ਲਈ ਮੀਰ ਮੂਸਾ ਨਾਲ ਆਪਣੇ ਸਬੰਧਾਂ ਦਾ ਫਾਇਦਾ ਉਠਾਇਆ।"
ਕਿਤਾਬ ਦੇ ਅਨੁਸਾਰ, "ਇੱਕ ਵਾਰ, ਮੀਰ ਮੂਸਾ ਦੀ ਗੈਰਹਾਜ਼ਰੀ ਵਿੱਚ ਸੂਰਤ ਦੇ ਸੂਬੇਦਾਰ ਨੇ ਸਾਰੀਆਂ ਮਿਰਚਾਂ ਜ਼ਬਤ ਕਰ ਲਈਆਂ ਅਤੇ ਵਪਾਰੀਆਂ ਤੋਂ ਜ਼ਬਰਦਸਤੀ ਪੈਸੇ ਵਸੂਲ ਕੀਤੇ, ਜਿਸ ਕਾਰਨ ਉਸਦਾ ਵੋਰਾ ਨਾਲ ਝਗੜਾ ਹੋ ਗਿਆ।"
"1638 ਵਿੱਚ, ਵੋਰਾ ਨੂੰ 50 ਇਲਜ਼ਾਮਾਂ ਤਹਿਤ ਕੈਦ ਕਰ ਲਿਆ ਗਿਆ ਸੀ। ਵੋਰਾ ਨੇ ਸ਼ਾਹਜਹਾਂ ਦੇ ਦਰਬਾਰ ਵਿੱਚ ਆਪਣੇ ਵਿਰੁੱਧ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਉਸ ਨੂੰ ਰਿਹਾਅ ਕਰ ਦਿੱਤਾ ਅਤੇ ਸੂਬੇਦਾਰ ਨੂੰ ਬਰਖਾਸਤ ਕਰ ਦਿੱਤਾ।"
ਇਤਿਹਾਸ ਵਿੱਚ ਇਹ ਵੀ ਜ਼ਿਕਰ ਹੈ ਕਿ ਵੋਰਾ ਨੇ ਸ਼ਾਹਜਹਾਂ ਨੂੰ ਚਾਰ ਅਰਬੀ ਘੋੜੇ ਦਿੱਤੇ ਸਨ।

ਤਸਵੀਰ ਸਰੋਤ, Getty Images
ਬਾਲਕ੍ਰਿਸ਼ਨ ਗੋਵਿੰਦ ਗੋਖਲੇ ਨੇ 'ਮਰਚੈਂਟ ਪ੍ਰਿੰਸ ਵਿਰਜੀ ਵੋਰਾ' ਵਿੱਚ ਲਿਖਿਆ ਹੈ ਕਿ ਵੋਰਾ ਪਰਿਵਾਰ ਦੀਆਂ ਸ਼ਾਖਾਵਾਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਫ਼ਾਰਸ ਦੀ ਖਾੜੀ, ਲਾਲ ਸਾਗਰ ਅਤੇ ਦੱਖਣ-ਪੂਰਬੀ ਏਸ਼ੀਆ ਦੇ ਬੰਦਰਗਾਹ ਸ਼ਹਿਰਾਂ ਵਿੱਚ ਫੈਲੀਆਂ ਹੋਈਆਂ ਸਨ।
ਮਹਿਤਾ ਦੇ ਅਨੁਸਾਰ, ਵੋਰਾ ਅਕਸਰ ਵਿਸ਼ੇਸ਼ ਲੌਂਗ ਦੀਆਂ ਪੂਰੀਆਂ ਖੇਪਾਂ ਖਰੀਦ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਆਪਣੀਆਂ ਸ਼ਰਤਾਂ 'ਤੇ ਦੂਜੇ ਭਾਰਤੀ ਅਤੇ ਵਿਦੇਸ਼ੀ ਵਪਾਰੀਆਂ ਨੂੰ ਵੇਚਦਾ ਸੀ।
ਮਹਿਤਾ ਨੇ ਡਬਲਯੂ.ਐਚ. ਮੋਰਲੈਂਡ ਦੇ ਆਧਾਰ 'ਤੇ ਕਿਹਾ ਹੈ ਕਿ ਵੋਰਾ ਦੀ ਅਗਵਾਈ ਵਾਲਾ ਵਪਾਰਕ ਸਮੂਹ 50 ਤੋਂ 10 ਲੱਖ ਰੁਪਏ ਵਿੱਚ ਪੂਰਾ ਸਾਮਾਨ ਖਰੀਦਦਾ ਸੀ।
18 ਜੁਲਾਈ 1643 ਦੇ ਇੱਕ ਅੰਗਰੇਜ਼ੀ ਫੈਕਟਰੀ ਰਿਕਾਰਡ ਵਿੱਚ ਉਸ ਨੂੰ 'ਯੂਰਪੀਅਨ ਵਸਤੂਆਂ ਦਾ ਇਕਲੌਤਾ ਏਕਾਧਿਕਾਰੀ' ਦੱਸਿਆ ਗਿਆ ਹੈ। ਰਿਕਾਰਡ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੋਰਾ ਨੇ ਯੂਰਪੀਅਨ ਵਪਾਰੀਆਂ ਅਤੇ ਸਥਾਨਕ ਛੋਟੇ ਵਪਾਰੀਆਂ ਵਿਚਕਾਰ ਲੈਣ-ਦੇਣ ਨੂੰ ਸੀਮਤ ਕਰ ਦਿੱਤਾ ਅਤੇ ਆਪਣੀਆਂ ਮਰਜ਼ੀ ਅਤੇ ਜ਼ਰੂਰਤ ਅਨੁਸਾਰ 'ਸਮਾਂ ਅਤੇ ਕੀਮਤ' ਨਿਰਧਾਰਤ ਕੀਤੀ।
ਬ੍ਰਿਟਿਸ਼ ਅਤੇ ਡੱਚਾਂ ਨੇ ਵੀ ਵੋਰਾ ਤੋਂ ਉਧਾਰ ਲਿਆ

ਤਸਵੀਰ ਸਰੋਤ, Hulton Archive
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਡੱਚ ਈਸਟ ਇੰਡੀਆ ਕੰਪਨੀ ਨੇ ਵੀ ਵੋਰਾ ਤੋਂ ਉਧਾਰ ਲਿਆ ਸੀ।
ਮਹਿਤਾ ਲਿਖਦੇ ਹਨ ਕਿ ਵੋਰਾ ਨੇ ਕਦੇ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਮੁਕਾਬਲਾ ਨਹੀਂ ਕੀਤਾ। ਬਲਕਿ, ਉਹ ਸੂਰਤ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਕਰਜ਼ਾਦਾਤਾ ਅਤੇ ਗਾਹਕ ਵੀ ਸਨ।
ਦੋਵੇਂ ਅਕਸਰ ਇੱਕ-ਦੂਜੇ ਨੂੰ ਤੋਹਫ਼ੇ ਅਤੇ ਚਿੱਠੀਆਂ ਭੇਜਦੇ ਸਨ। ਬ੍ਰਿਟਿਸ਼ ਅਕਸਰ ਇਸ ਗੱਲ ਦੀ ਸ਼ਿਕਾਇਤ ਵੀ ਕਰਦੇ ਸਨ ਕਿ ਵੋਰਾ ਵਿਆਜ ਦੀਆਂ ਉੱਚੀਆਂ ਦਰਾਂ ਵਸੂਲਦੇ ਹਨ, ਜੋ ਕਿ ਪ੍ਰਤੀ ਮਹੀਨਾ 1 ਤੋਂ 1.5 ਫੀਸਦੀ ਦੇ ਵਿਚਕਾਰ ਸਨ।
ਗੋਖਲੇ ਦੇ ਅਨੁਸਾਰ, ਇੱਕ ਅੰਗਰੇਜ਼ੀ ਰਿਕਾਰਡ ਕਹਿੰਦਾ ਹੈ ਕਿ "ਸੂਰਤ ਸ਼ਹਿਰ ਵਿੱਚ ਪੈਸੇ ਦੀ ਭਾਰੀ ਘਾਟ ਹੈ। ਵੀਰਜੀ ਵੋਰਾ ਇਕਲੌਤੇ ਮਾਲਕ ਹਨ।" ਇਸੇ ਸਿਲਸਿਲੇ 'ਚ ਮਹਿਤਾ ਨੇ ਵੀ ਲਿਖਿਆ ਹੈ, "ਹੋਰ ਕੋਈ ਨਹੀਂ, ਪਰ ਵੀਰਜੀ ਵੋਰਾ ਉਧਾਰ ਦੇ ਸਕਦੇ ਹਨ ਜਾਂ ਉਧਾਰ ਦੇਣਾ ਚਾਹੁੰਦੇ ਹਨ।"
ਆਰਜੇ ਬ੍ਰਾਂਡਸ ਨੇ ਆਪਣੀ ਕਿਤਾਬ 'ਦਿ ਅਰੇਬੀਅਨ ਸੀਜ਼: ਦਿ ਇੰਡੀਅਨ ਓਸ਼ੀਅਨ ਵਰਲਡ ਆਫ਼ ਦਿ ਸੇਵੇਂਥ ਸੈਂਚੁਰੀ' ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਡੱਚ ਈਸਟ ਇੰਡੀਆ ਕੰਪਨੀ ਨੂੰ ਵੀ ਆਪਣੀ ਜ਼ਿਆਦਾਤਰ ਪੂੰਜੀ ਵੀਰਜੀ ਵੋਰਾ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਸ਼ਾਂਤੀਦਾਸ ਜ਼ਾਵੇਰੀ ਤੋਂ ਮਿਲੀ ਸੀ।
ਗੋਖਲੇ ਦੇ ਅਨੁਸਾਰ, ਵੋਰਾ ਨੇ ਆਪਣੇ ਨਿੱਜੀ ਕਾਰੋਬਾਰ ਲਈ ਕਈ ਅੰਗਰੇਜ਼ ਵਪਾਰੀਆਂ ਨੂੰ ਕਰਜ਼ੇ ਵੀ ਦਿੱਤੇ।
ਡੱਚ ਅਤੇ ਅੰਗਰੇਜ਼ ਦੋਵਾਂ ਨੇ ਵੋਰਾ ਦੀਆਂ ਸੇਵਾਵਾਂ ਲੈ ਕੇ ਸੂਰਤ ਤੋਂ ਆਗਰਾ ਤੱਕ ਵੱਡੀ ਰਕਮ ਭੇਜੀ ਸੀ, ਜਿਸ ਵਿੱਚ ਹੁੰਡੀ ਜਾਂ ਡਿਮਾਂਡ ਡਰਾਫਟ ਜਾਂ ਟਰੈਵਲਰ ਚੈੱਕ ਵਰਗੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ।
ਡੱਚ ਵਪਾਰ ਰਿਪੋਰਟਾਂ ਦੇ ਅਨੁਸਾਰ, ਸੂਰਤ ਦੇ ਵਪਾਰ 'ਤੇ ਵੋਰਾ ਦੀ ਵਿੱਤੀ ਪਕੜ ਨੇ ਯੂਰਪੀਅਨ ਵਪਾਰੀਆਂ ਲਈ ਇੱਕ ਸਥਾਈ ਰੁਕਾਵਟ ਪੈਦਾ ਕਰ ਦਿੱਤੀ।
1670 ਤੱਕ, ਵੋਰਾ ਬੁੱਢੇ ਹੋ ਗਏ ਸਨ ਅਤੇ ਉਸੇ ਸਾਲ ਸ਼ਿਵਾਜੀ ਦੇ ਸੂਰਤ ਉੱਤੇ ਦੂਜੇ ਹਮਲੇ ਨੇ ਉਨ੍ਹਾਂ ਨੂੰ ਇੱਕ ਹੋਰ ਵੱਡਾ ਨੁਕਸਾਨ ਪਹੁੰਚਾਇਆ ਸੀ। 1670 ਤੋਂ ਬਾਅਦ ਅੰਗਰੇਜ਼ੀ ਅਤੇ ਡੱਚ ਰਿਕਾਰਡਾਂ ਵਿੱਚ ਸੂਰਤ ਦੇ ਵਪਾਰੀਆਂ ਅਤੇ ਦਲਾਲਾਂ ਵਿੱਚ ਉਨ੍ਹਾਂ ਦਾ ਜ਼ਿਕਰ ਨਹੀਂ ਹੈ।
ਮਹਿਤਾ ਦੇ ਅਨੁਸਾਰ, ਜੇਕਰ ਵੋਰਾ 1670 ਤੋਂ ਬਾਅਦ ਜ਼ਿੰਦਾ ਹੁੰਦੇ ਤਾਂ ਅੰਗਰੇਜ਼ੀ ਦਸਤਾਵੇਜ਼ਾਂ ਵਿੱਚ ਉਨ੍ਹਾਂ ਜ਼ਿਕਰ ਹੁੰਦਾ। ਇਸ ਲਈ, ਮਹਿਤਾ ਦਾ ਅੰਦਾਜ਼ਾ ਹੈ ਕਿ ਵੋਰਾ ਦੀ ਮੌਤ ਸ਼ਾਇਦ 1670 ਵਿੱਚ ਹੀ ਹੋ ਗਈ ਸੀ।
ਪਰ ਗੋਖਲੇ ਦਾ ਮੰਨਣਾ ਹੈ ਕਿ ਵੋਰਾ ਨੇ ਪੇਸ਼ੇ ਤੋਂ ਸੰਨਿਆਸ ਲੈ ਲਿਆ ਹੋਵੇਗਾ ਅਤੇ ਕਾਰੋਬਾਰ ਆਪਣੇ ਪੋਤੇ ਨਾਨਚੰਦ ਨੂੰ ਸੌਂਪ ਦਿੱਤਾ ਹੋਵੇਗਾ। ਗੋਖਲੇ ਅਨੁਸਾਰ, ਉਨ੍ਹਾਂ ਦੀ ਮੌਤ 1675 ਵਿੱਚ ਹੋਈ ਸੀ।
ਸ਼ਾਂਤੀਦਾਸ: ਸ਼ਾਹੀ ਜੌਹਰੀ

ਤਸਵੀਰ ਸਰੋਤ, Getty Images
ਹੁਣ ਗੱਲ ਕਰਦੇ ਹਾਂ ਸ਼ਾਂਤੀਦਾਸ ਬਾਰੇ।
ਮਹਿਤਾ ਦੇ ਅਨੁਸਾਰ, ਇੱਕ ਸ਼ਾਹੀ ਜੌਹਰੀ ਹੋਣ ਦੇ ਨਾਤੇ ਸ਼ਾਂਤੀਦਾਸ ਦੀ ਮੁਗ਼ਲ ਦਰਬਾਰ ਅਤੇ ਸ਼ਾਹੀ ਪਰਿਵਾਰ ਤੱਕ ਵਿਸ਼ੇਸ਼ ਪਹੁੰਚ ਸੀ।
ਸ਼ਾਂਤੀਦਾਸ ਨੇ ਗਹਿਣਿਆਂ ਦੇ ਕਾਰੋਬਾਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਹ ਅਮੀਰਾਂ ਨੂੰ ਗਹਿਣੇ ਵੇਚਦੇ ਸਨ, ਜਿਨ੍ਹਾਂ ਵਿੱਚ ਮੁਗ਼ਲ ਸ਼ਾਹੀ ਪਰਿਵਾਰ ਅਤੇ ਕੁਲੀਨ ਵਰਗ ਸ਼ਾਮਲ ਸਨ।
ਸਮਰਾਟ ਜਹਾਂਗੀਰ ਅਤੇ ਦਾਰਾ ਸ਼ਿਕੋਹ ਦੇ ਫ਼ਰਮਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਖਾਸ ਤੌਰ 'ਤੇ ਸ਼ਾਹੀ ਪਰਿਵਾਰ ਨੂੰ ਗਹਿਣੇ ਦੇਣ ਲਈ ਚੁਣਿਆ ਗਿਆ ਸੀ।
ਵਿਲੀਅਮ ਫੋਸਟਰ ਨੇ ਇੰਗਲਿਸ਼ ਫੈਕਟਰੀ ਰਿਕਾਰਡਸ ਵਿੱਚ ਲਿਖਿਆ ਹੈ ਕਿ ਸ਼ਾਂਤੀਦਾਸ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਡੱਚ, ਫਾਰਸੀ ਅਤੇ ਅਰਬ ਵਪਾਰੀਆਂ ਨਾਲ ਵੀ ਵਪਾਰ ਕਰਦੇ ਸਨ। ਉਨ੍ਹਾਂ ਦੇ ਵਪਾਰਕ ਸਮਾਨ ਵਿੱਚ ਲੌਂਗ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਸਨ।
ਸਤੰਬਰ 1635 ਵਿੱਚ, ਬ੍ਰਿਟਿਸ਼ ਸਮੁੰਦਰੀ ਡਾਕੂਆਂ ਨੇ ਸ਼ਾਂਤੀਲਾਲ ਅਤੇ ਕਈ ਹੋਰ ਵਪਾਰੀਆਂ ਦੇ ਸਾਮਾਨ 'ਤੇ ਹਮਲਾ ਕੀਤਾ ਅਤੇ ਲੁੱਟ ਲਿਆ।
ਹਾਲਾਂਕਿ, ਸ਼ਾਂਤੀਦਾਸ ਨੇ ਆਪਣੇ ਸਿਆਸੀ ਸਬੰਧਾਂ ਅਤੇ ਪ੍ਰਭਾਵ ਦੀ ਵਰਤੋਂ ਕੀਤੀ ਅਤੇ ਅੰਗਰੇਜ਼ਾਂ ਤੋਂ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾ ਲਈ।

ਤਸਵੀਰ ਸਰੋਤ, Getty Images
ਸ਼ਾਂਤੀਦਾਸ ਦੇ ਪੁੱਤਰ ਵਖਾਚੰਦ (1740-1814) ਅਤੇ ਪੋਤੇ ਕੌਸ਼ਲਚੰਦ (1680-1748) ਨੇ ਵੀ ਵਪਾਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਜਦੋਂ ਮਰਾਠਿਆਂ ਨੇ ਅਹਿਮਦਾਬਾਦ ਨੂੰ ਲੁੱਟਣ ਦੀ ਧਮਕੀ ਦਿੱਤੀ ਸੀ ਤਾਂ ਕੌਸ਼ਲ ਚੰਦ ਨੇ ਪੈਸੇ ਦੇ ਕੇ ਸ਼ਹਿਰ ਨੂੰ ਤਬਾਹੀ ਤੋਂ ਬਚਾਇਆ ਸੀ।
ਇਸੇ ਤਰ੍ਹਾਂ, ਜਗਤਸ਼ੇਠ ਵੀ ਇੱਕ ਅਮੀਰ ਵਪਾਰੀ, ਸ਼ਾਹੂਕਾਰ ਅਤੇ ਸੇਠ ਸਨ। ਉਹ ਬੰਗਾਲ ਦੇ ਨਵਾਬ ਦੇ ਸਮੇਂ ਦੌਰਾਨ ਬਹੁਤ ਮਸ਼ਹੂਰ ਸਨ।
ਵਿਲੀਅਮ ਡੈਲਰਿੰਪਲ ਨੇ ਆਪਣੀ ਕਿਤਾਬ 'ਦਿ ਐਨਾਰਕੀ' ਵਿੱਚ ਲਿਖਿਆ ਹੈ ਕਿ ਉਨ੍ਹਾਂ ਦਾ ਪ੍ਰਭਾਵ ਯੂਰਪ ਦੇ ਰੋਥਸਚਾਈਲਡ ਪਰਿਵਾਰ ਜਿੰਨਾ ਤਾਂ ਨਹੀਂ ਸੀ, ਪਰ 17ਵੀਂ ਅਤੇ 18ਵੀਂ ਸਦੀ ਵਿੱਚ ਮੁਗ਼ਲ ਸਾਮਰਾਜ ਦੇ ਵਿੱਤ ਉੱਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਸੀ ਅਤੇ ਇਸ ਦੀ ਤੁਲਨਾ ਯੂਰਪੀ ਵਿੱਤੀ ਪ੍ਰਣਾਲੀ ਵਿੱਚ ਰੋਥਸਚਾਈਲਡ ਪਰਿਵਾਰ ਦੀ ਭੂਮਿਕਾ ਨਾਲ ਕੀਤੀ ਜਾ ਸਕਦੀ ਹੈ।
ਇਸ ਪਰਿਵਾਰ ਦੇ ਸੰਸਥਾਪਕ, ਹੀਰਾਨੰਦ ਸ਼ਾਹ ਰਾਜਸਥਾਨ ਦੇ ਨਾਗੌਰ ਦੇ ਰਹਿਣ ਵਾਲੇ ਸਨ ਅਤੇ 1652 ਵਿੱਚ ਪਟਨਾ ਆਏ ਸਨ।
1707 ਵਿੱਚ, ਉਨ੍ਹਾਂ ਦੇ ਪੁੱਤਰ ਮਾਣਿਕਚੰਦ ਨੇ ਮੁਗ਼ਲ ਸ਼ਹਿਜ਼ਾਦੇ ਫਾਰੂਖ ਸ਼ਾਹ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸਦੇ ਬਦਲੇ ਉਨ੍ਹਾਂ ਨੂੰ ਜਗਤਸ਼ੇਠ ਦਾ ਖਿਤਾਬ ਮਿਲਿਆ ਸੀ, ਜਿਸਦਾ ਅਰਥ ਹੈ 'ਦੁਨੀਆਂ ਦਾ ਸੇਠ'।
ਮਾਣਿਕਚੰਦ ਨੇ ਹੀ ਬੰਗਾਲ ਦੇ ਪਹਿਲੇ ਗਵਰਨਰ ਮੁਰਸ਼ੀਦ ਕੁਲੀ ਖਾਨ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਢਾਕਾ ਛੱਡ ਕੇ ਹੁਗਲੀ ਨਦੀ ਦੇ ਕੰਢੇ ਮੁਰਸ਼ੀਦਾਬਾਦ ਵਿੱਚ ਆ ਵੱਸਣ। ਮਾਣਿਕਚੰਦ ਉਨ੍ਹਾਂ ਦੇ ਦੀਵਾਨ ਬਣ ਗਏ ਸਨ।
ਰਾਬਰਟ ਓਰਾਮ ਨੇ ਜਗਤਸ਼ੇਠ ਪਰਿਵਾਰ ਨੂੰ ਮੁਗ਼ਲ ਸਾਮਰਾਜ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਹਿੰਦੂ ਵਪਾਰੀ ਪਰਿਵਾਰ ਦੱਸਿਆ ਹੈ।
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਅਧਿਕਾਰਤ ਇਤਿਹਾਸਕਾਰ
ਜਗਤਸ਼ੇਠ ਪਰਿਵਾਰ ਦੀ ਦੌਲਤ ਅਤੇ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਤੋਂ ਬਿਨਾਂ ਨਾ ਤਾਂ ਮੁਗ਼ਲ ਸਾਮਰਾਜ ਦੀ ਮੁਦਰਾ ਨੀਤੀ ਅੱਗੇ ਵਧ ਸਕਦੀ ਸੀ ਅਤੇ ਨਾ ਹੀ ਬੰਗਾਲ ਦੀ ਆਰਥਿਕਤਾ ਕੰਮ ਕਰ ਸਕਦੀ ਸੀ।
ਜਗਤਸ਼ੇਠ ਦੀ ਵਿੱਤੀ ਭੂਮਿਕਾ ਨੂੰ ਬੈਂਕ ਆਫ਼ ਇੰਗਲੈਂਡ ਦੇ ਬਰਾਬਰ ਮੰਨਿਆ ਜਾਂਦਾ ਸੀ।
ਇਸ ਪਰਿਵਾਰ ਨੇ ਬੰਗਾਲ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਵਿੱਚ ਆਮਦਨ ਜਾਂ ਮਾਲੀਆ, ਵਾਅਦਾ ਨੋਟਸ, ਅਤੇ ਕਰਜ਼ੇ ਦੀ ਉਗਰਾਹੀ ਸ਼ਾਮਲ ਸੀ।
ਬੰਗਾਲ ਵਿੱਚ ਸਿੱਕਿਆਂ 'ਤੇ ਉਨ੍ਹਾਂ ਦਾ ਪੂਰਾ ਏਕਾਧਿਕਾਰ ਸੀ ਅਤੇ ਉਨ੍ਹਾਂ ਨੇ ਮੁਗ਼ਲ ਖਜ਼ਾਨੇ ਲਈ ਸਾਲਾਨਾ ਮਾਲੀਆ ਇਕੱਠਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਪੱਤਰਕਾਰ ਸਹਾਏ ਸਿੰਘ ਨੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਨਵਾਬਾਂ ਤੋਂ ਲੈ ਕੇ ਫਰਾਂਸੀਸੀ, ਪੁਰਤਗਾਲੀ, ਡੱਚ ਅਤੇ ਬ੍ਰਿਟਿਸ਼ ਕੰਪਨੀਆਂ ਤੱਕ, ਸਾਰੇ ਉਨ੍ਹਾਂ ਦੇ ਕਰਜ਼ਦਾਰ ਸਨ।
1714 ਵਿੱਚ ਮਾਣਿਕਚੰਦ ਦੀ ਮੌਤ ਹੋ ਗਈ ਸੀ। ਉਦੋਂ ਤੱਕ, ਉਨ੍ਹਾਂ ਨੇ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਆਪਣੀਆਂ ਵਪਾਰਕ ਸ਼ਾਖਾਵਾਂ ਸਥਾਪਿਤ ਕਰ ਲਈਆਂ ਸਨ।
ਸਈਅਦ ਅਸੀਮ ਮਹਿਮੂਦ ਨੇ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਲਿਖਿਆ, "ਉਨ੍ਹਾਂ ਨੇ ਮੁਗਲ ਸਮਰਾਟ, ਬੰਗਾਲ ਦੇ ਨਵਾਬ ਅਤੇ ਈਸਟ ਇੰਡੀਆ ਕੰਪਨੀ ਦੇ ਨਾਲ-ਨਾਲ ਫਰਾਂਸੀਸੀ ਅਤੇ ਪੁਰਤਗਾਲੀ ਵਪਾਰੀਆਂ ਨਾਲ ਵਪਾਰ ਕੀਤਾ। ਜਿਸ ਨਾਲ ਇਸ ਵਪਾਰੀ ਪਰਿਵਾਰ ਦੀ ਦੌਲਤ, ਸ਼ਕਤੀ ਅਤੇ ਪ੍ਰਭਾਵ ਵਿੱਚ ਬਹੁਤ ਵਾਧਾ ਹੋਇਆ।"
"ਮਾਣਿਕਚੰਦ ਬੇਔਲਾਦ ਸਨ। ਉਨ੍ਹਾਂ ਦੇ ਗੋਦ ਲਏ ਪੁੱਤਰ ਫਤਿਹਚੰਦ ਨੇ ਵਿੱਤੀ ਕਾਰੋਬਾਰ ਨੂੰ ਅੱਗੇ ਵਧਾਇਆ ਅਤੇ ਇਸ ਨੂੰ ਸਿਖਰ 'ਤੇ ਪਹੁੰਚਾਇਆ।"
1722 ਵਿੱਚ, ਨਵੇਂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਉਨ੍ਹਾਂ ਨੂੰ 'ਜਗਤਸ਼ੇਠ' ਦੀ ਉਪਾਧੀ ਦਿੱਤੀ।
ਫਤਿਹਚੰਦ ਨੇ ਮੁਰਸ਼ਿਦਾਬਾਦ ਤੋਂ ਦਿੱਲੀ ਅਤੇ ਗੁਜਰਾਤ ਤੱਕ ਆਪਣੇ ਅਦਾਰੇ ਦੀਆਂ ਸ਼ਾਖਾਵਾਂ ਫੈਲਾਈਆਂ। ਉਨ੍ਹਾਂ ਨੇ ਰਾਜਿਆਂ ਅਤੇ ਨਵਾਬਾਂ ਤੋਂ ਲੈ ਕੇ ਜ਼ਿਮੀਂਦਾਰਾਂ, ਵਪਾਰੀਆਂ ਅਤੇ ਇੱਥੋਂ ਤੱਕ ਕਿ ਵਿਦੇਸ਼ੀ ਵਪਾਰਕ ਕੰਪਨੀਆਂ ਤੱਕ ਸਾਰਿਆਂ ਨੂੰ ਵਿਆਜ 'ਤੇ ਵੱਡੀਆਂ ਰਕਮਾਂ ਉਧਾਰ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਤਿਹਾਸਕਾਰ ਸਈਅਦ ਲਿਖਦੇ ਹਨ ਕਿ 1718 ਤੋਂ 1730 ਤੱਕ, ਕੰਪਨੀ ਨੇ ਹਰ ਸਾਲ ਉਨ੍ਹਾਂ ਤੋਂ 40 ਲੱਖ ਰੁਪਏ ਉਧਾਰ ਲਏ।
ਪਲਾਸੀ ਦੀ ਲੜਾਈ (1757) ਵਿੱਚ ਸਿਰਾਜ-ਉਦ-ਦੌਲਾ ਨਾਲ ਮਤਭੇਦ ਤੋਂ ਬਾਅਦ, ਰਾਬਰਟ ਕਲਾਈਵ ਨੇ ਜਗਤਸ਼ੇਠ ਮਹਿਤਾਬਚੰਦ ਦੇ ਸਮਰਥਨ ਨਾਲ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਅਗਵਾਈ ਕੀਤੀ।
ਸੁਦੀਪ ਚੱਕਰਵਰਤੀ ਆਪਣੀ ਕਿਤਾਬ 'ਪਲਾਸੀ: ਦਿ ਬੈਟਲ ਦੈਟ ਚੇਂਜਡ ਦ ਕੋਰਸ ਆਫ ਇੰਡੀਅਨ ਹਿਸਟਰੀ' ਵਿੱਚ ਲਿਖਦੇ ਹਨ, "ਜਗਤਸ਼ੇਠ ਪਰਿਵਾਰ ਦਹਾਕਿਆਂ ਤੋਂ ਸਫ਼ਲ ਘੋੜੇ 'ਤੇ ਸੱਟਾ ਲਗਾਉਣ ਦੀ ਕਲਾ ਜਾਣਦਾ ਸੀ, ਪਰ ਅਕਸਰ ਉਹ ਆਪਣੇ ਆਪ ਇੱਕ ਸਫਲ ਘੋੜੇ ਨੂੰ ਪੈਦਾ ਕਰਦੇ ਸਨ।"
ਚੱਕਰਵਰਤੀ ਇੱਕ ਘਟਨਾ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ, ਨਵਾਬ ਸਿਰਾਜ-ਉਦ-ਦੌਲਾ ਨੇ ਈਸਟ ਇੰਡੀਆ ਕੰਪਨੀ ਅਤੇ ਹੋਰ ਵਪਾਰੀਆਂ ਤੋਂ 30 ਲੱਖ ਰੁਪਏ ਇਕੱਠੇ ਕਰਨ ਵਿੱਚ ਅਸਫਲ ਰਹਿਣ 'ਤੇ ਮਹਿਤਾਬਰਾਏ ਜਗਤਸ਼ੇਠ ਨੂੰ ਥੱਪੜ ਮਾਰਿਆ। ਇਹੀ ਉਹ ਪਲ ਸੀ ਜਿੱਥੋਂ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸਨ।

ਤਸਵੀਰ ਸਰੋਤ, Getty Images
ਪੱਤਰਕਾਰ ਮੰਦਿਰਾ ਨਾਇਰ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਪਲਾਸੀ ਦੀ ਲੜਾਈ ਬਹੁਤ ਖੂਨੀ ਨਹੀਂ ਸੀ।
"ਇਹ ਯੁੱਧ ਪਹਿਲਾਂ ਤੋਂ ਹੀ ਸੋਚਿਆ-ਸਮਝਿਆ ਹੋਇਆ ਸੀ। ਕਲਾਈਵ ਦਾ ਇਰਾਦਾ ਸੀ ਕਿ ਗੱਡੀ 'ਤੇ ਵਧੇਰੇ ਆਗਿਆਕਾਰੀ ਨਵਾਬ ਨੂੰ ਬਿਠਾਇਆ ਜਾਵੇ। ਸਿਰਾਜ-ਉਦ-ਦੌਲਾ ਨੇ ਮੀਰ ਜਾਫਰ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਨਾਲ ਉਹ ਸਭ ਤੋਂ ਵਧੀਆ ਉਮੀਦਵਾਰ ਬਣ ਗਿਆ ਸੀ।"
ਪਰ ਕਲਾਈਵ ਦਾ ਇੱਕ ਹੋਰ ਸ਼ਕਤੀਸ਼ਾਲੀ ਸਹਿਯੋਗੀ ਵੀ ਸੀ- ਮਹਿਤਾਬਰਾਏ 'ਜਗਤਸ਼ੇਠ', ਸੇਠ ਪਰਿਵਾਰ ਦਾ ਮੁਖੀ। ਜੋ ਉਸ ਸਮੇਂ ਦੀ ਆਰਥਿਕਤਾ ਨੂੰ ਨਿਯੰਤਰਿਤ ਕਰਦਾ ਸੀ।
ਉਨ੍ਹਾਂ ਕਿਹਾ, "ਮੀਰ ਜਾਫਰ ਦੀ ਭੂਮਿਕਾ ਸਭ ਨੂੰ ਪਤਾ ਹੈ, ਪਰ ਸੱਤਾਧਾਰੀ ਥਾਵਾਂ ਨੂੰ ਛੱਡ ਕੇ, ਸਿਰਾਜ ਨੂੰ ਹਟਾਉਣ ਦੀ ਇਸ ਸਾਜ਼ਿਸ਼ ਵਿੱਚ ਜਗਤਸ਼ੇਠ ਦੀ ਭੂਮਿਕਾ ਵੱਡੇ ਪੱਧਰ 'ਤੇ ਵਿੱਸਰ ਗਈ ਹੈ।"
'ਸਿਆਰ ਅਲ-ਮੁਤਖਰੀਨ' ਦੇ ਅਨੁਸਾਰ, ਜਗਤਸ਼ੇਠ ਨੇ ਸਿਰਾਜ ਵਿਰੁੱਧ ਮੁਹਿੰਮ ਵਿੱਚ ਅੰਗਰੇਜ਼ਾਂ ਨੂੰ ਤਿੰਨ ਕਰੋੜ ਰੁਪਏ ਦਿੱਤੇ ਸਨ। ਹੋ ਸਕਦਾ ਹੈ ਕਿ ਇਹ ਰਕਮ ਵਧਾ-ਚੜ੍ਹਾ ਕੇ ਦੱਸੀ ਗਈ ਹੋਵੇ, ਪਰ ਇਹ ਪੱਕਾ ਹੈ ਕਿ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਪੈਸੇ ਦਿੱਤੇ ਸਨ।
ਚੱਕਰਵਰਤੀ ਲਿਖਦੇ ਹਨ ਕਿ, ਸਿਰਾਜ-ਉਦ-ਦੌਲਾ ਦੇ ਇੱਕ ਸਹਿਯੋਗੀ ਅਤੇ ਬੰਗਾਲ ਵਿੱਚ ਫਰਾਂਸੀਸੀ ਮਿੱਲਾਂ ਦੇ ਪ੍ਰਧਾਨ ਜੀਨ ਲਾਅ ਦੇ ਅਨੁਸਾਰ, "ਇਹ ਉਹ ਲੋਕ ਹਨ ਜੋ ਅਸਲ ਵਿੱਚ ਇਸ ਕ੍ਰਾਂਤੀ ਨੂੰ ਭੜਕਾਉਣ ਵਾਲੇ ਸਨ। ਜੇਕਰ ਇਹ ਨਾ ਹੁੰਦੇ, ਤਾਂ ਅੰਗਰੇਜ਼ ਕਦੇ ਵੀ ਇਹ ਸਭ ਨਹੀਂ ਕਰ ਸਕਦੇ ਸਨ।"
ਇਸ ਸਮਰਥਨ ਤੋਂ ਬਾਅਦ, ਜਗਤਸ਼ੇਠ ਪਰਿਵਾਰ ਦੇ ਪਤਨ ਦੀ ਵੀ ਸ਼ੁਰੂਆਤ ਹੋ ਗਈ।
1763 ਵਿੱਚ, ਮਹਿਤਾਬ ਚੰਦ ਅਤੇ ਉਨ੍ਹਾਂ ਦੇ ਚਚੇਰੇ ਭਰਾ ਸਵਰੂਪ ਚੰਦ ਨੂੰ ਬੰਗਾਲ ਦੇ ਨਵਾਬ ਮੀਰ ਕਾਸਿਮ ਅਲੀ ਖਾਨ ਦੇ ਹੁਕਮ 'ਤੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ, ਪਰਿਵਾਰ ਦੀ ਅਗਵਾਈ ਕੁਸ਼ਲ ਚੰਦ ਨੇ ਕੀਤੀ, ਪਰ ਉਨ੍ਹਾਂ ਦੀ ਲਾਪਰਵਾਹੀ ਕਾਰਨ ਕਾਰੋਬਾਰ ਢਹਿ ਗਿਆ।
1912 ਵਿੱਚ, ਜਗਤਸ਼ੇਠ ਦੇ ਆਖਰੀ ਵਾਰਸ ਦੀ ਮੌਤ ਹੋ ਗਈ ਅਤੇ ਪਰਿਵਾਰ ਬ੍ਰਿਟਿਸ਼ ਸਰਕਾਰ ਤੋਂ ਮਿਲਣ ਵਾਲੀ ਪੈਨਸ਼ਨ 'ਤੇ ਗੁਜ਼ਰ ਕਰਨ ਲੱਗ ਪਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












