ਭਾਰਤ ਕਿਵੇਂ ਬਣਿਆ ਫ੍ਰੈਂਚ ਫਰਾਈਜ਼ ਸੁਪਰਪਾਵਰ, ਜਾਣੋ ਕਿਵੇਂ ਆਲੂ ਬਦਲ ਰਹੇ ਕਿਸਾਨਾਂ ਦੀ ਕਿਸਮਤ

ਤਸਵੀਰ ਸਰੋਤ, Getty Images
- ਲੇਖਕ, ਪ੍ਰੀਤੀ ਗੁਪਤਾ
- ਰੋਲ, ਤਕਨੀਕੀ ਪੱਤਰਕਾਰ
ਜਿਤੇਸ਼ ਪਟੇਲ ਗੁਜਰਾਤ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦਾ ਪਰਿਵਾਰ ਰਵਾਇਤੀ ਤੌਰ 'ਤੇ ਕਪਾਹ ਉਗਾਉਂਦਾ ਸੀ, ਪਰ ਉਸ ਫ਼ਸਲ ਤੋਂ ਆਮਦਨ ਬਹੁਤ ਘੱਟ ਹੁੰਦੀ ਸੀ।
2001 ਅਤੇ 2002 ਵਿੱਚ ਗੁਜਰਾਤ ਵਿੱਚ ਪਏ ਸੋਕੇ ਨੇ ਸਥਿਤੀ ਨੂੰ ਹੋਰ ਵੀ ਖ਼ਰਾਬ ਬਣਾ ਦਿੱਤੀ। ਉਸ ਤੋਂ ਬਾਅਦ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੁਝ ਹੋਰ ਕਰਨਾ ਪਵੇਗਾ।
ਜਿਤੇਸ਼ ਪਟੇਲ ਕਹਿੰਦੇ ਹਨ, "ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਅਜਿਹੀਆਂ ਫ਼ਸਲਾਂ ਉਗਾਉਣੀਆਂ ਪੈਣਗੀਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਾ ਪਵੇ।"
ਇਸ ਲਈ ਉਨ੍ਹਾਂ ਨੇ ਆਲੂ ਉਗਾਉਣੇ ਸ਼ੁਰੂ ਕਰ ਦਿੱਤੇ। ਸ਼ੁਰੂ ਵਿੱਚ ਉਨ੍ਹਾਂ ਨੇ ਘਰੇਲੂ ਬਾਜ਼ਾਰ ਦੇ ਹਿਸਾਬ ਨਾਲ ਆਲੂ ਉਗਾਏ, ਜਿਹੜੇ ਇਲਾਕੇ ਦੇ ਘਰਾਂ ਵਿੱਚ ਇਸਤੇਮਾਲ ਹੁੰਦੇ ਹਨ। ਪਰ ਉਨ੍ਹਾਂ ਨੇ ਕਪਾਹ ਜਿੰਨੀ ਕਮਾਈ ਨਹੀਂ ਕੀਤੀ।
2007 ਵਿੱਚ ਗੁਜਰਾਤ ਵਿੱਚ ਫ੍ਰੈਂਚ ਫਰਾਈਜ਼ ਬਣਾਉਣ ਵਾਲੀਆਂ ਕੰਪਨੀਆਂ ਪਹੁੰਚੀਆਂ। ਉਦੋਂ ਤੋਂ ਜਿਤੇਸ਼ ਪਟੇਲ ਨੇ ਭੋਜਨ ਉਦਯੋਗ ਵਿੱਚ ਵਰਤੀਆਂ ਜਾਣ ਵਾਲੀਆਂ ਆਲੂ ਦੀਆਂ ਕਿਸਮਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇੱਕ ਸਫ਼ਲ ਰਣਨੀਤੀ ਸਾਬਤ ਹੋਈ।

ਤਸਵੀਰ ਸਰੋਤ, Jitesh Patel
ਜਿਤੇਸ਼ ਪਟੇਲ ਕਹਿੰਦੇ ਹਨ, "ਉਸ ਦੇ ਬਾਅਦ ਤੋਂ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।"
ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਲੂ ਉਤਪਾਦਕ ਦੇਸ਼ ਬਣ ਗਿਆ ਹੈ।
ਖ਼ਾਸ ਕਰਕੇ ਫ੍ਰੈਂਚ ਫਰਾਈਜ਼ ਦੇ ਮਾਮਲੇ ਵਿੱਚ ਭਾਰਤ ਵਿੱਚ ਹੋਣ ਵਾਲਾ ਆਲੂ ਉਤਪਾਦਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਗੁਜਰਾਤ ਭਾਰਤ ਵਿੱਚ ਫ੍ਰੈਂਚ ਫਰਾਈਜ਼ ਉਤਪਾਦਨ ਦੀ ਰਾਜਧਾਨੀ ਬਣ ਗਿਆ ਹੈ। ਉੱਥੇ ਚਿਪਸ ਬਣਾਉਣ ਵਾਲੀਆਂ ਵੱਡੀਆਂ ਫੈਕਟਰੀਆਂ ਹਨ।
ਇਨ੍ਹਾਂ ਵਿੱਚ ਕੈਨੇਡੀਅਨ ਦਿੱਗਜ ਮੈਕਕੇਨ ਫੂਡਜ਼ ਅਤੇ ਭਾਰਤ ਦੀ ਸਭ ਤੋਂ ਵੱਡੀ ਫ੍ਰੈਂਚ ਫਰਾਈਜ਼ ਨਿਰਮਾਤਾ ਕੰਪਨੀ ਹਾਈਫ਼ਨ ਫੂਡਜ਼ ਸ਼ਾਮਲ ਹਨ।
ਗੁਜਰਾਤ ਦੇ ਫਰਾਈਜ਼ ਦੁਨੀਆ ਭਰ ਵਿੱਚ ਦਰਾਮਦ ਕੀਤੇ ਜਾ ਰਹੇ ਹਨ।
ਭਾਰਤ ਕਿਵੇਂ ਬਣ ਰਿਹਾ ਆਲੂਆਂ ਅਤੇ ਫ੍ਰੋਜ਼ਨ ਖਾਣਿਆਂ ਦਾ ਕੇਂਦਰ

ਤਸਵੀਰ ਸਰੋਤ, HyFun Foods
ਸਾਲਾਂ ਤੋਂ ਆਲੂ ਬਾਜ਼ਾਰ 'ਤੇ ਨਿਗ੍ਹਾ ਰੱਖਣ ਵਾਲੇ ਦਵਿੰਦਰ ਕਹਿੰਦੇ ਹਨ ਕਿ ਆਲੂਆਂ ਲਈ ਸਭ ਤੋਂ ਅਹਿਮ ਬਾਜ਼ਾਰ ਏਸ਼ੀਆ ਵਿੱਚ ਹੈ, ਜਿਸ ਵਿੱਚ ਫ਼ਿਲੀਪੀਨਜ਼, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।
ਇਸ ਸਾਲ ਫ਼ਰਵਰੀ ਵਿੱਚ ਭਾਰਤੀ ਫ੍ਰੋਜ਼ਨ ਫਰਾਈਜ਼ ਦੀ ਮਾਸਿਕ ਬਰਾਮਦ ਪਹਿਲੀ ਵਾਰ 20,000 ਟਨ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਫ਼ਰਵਰੀ ਤੱਕ ਭਾਰਤ ਦੇ ਫਰਾਈਜ਼ ਬਰਾਮਦ ਕੁੱਲ 181,773 ਟਨ ਸਨ, ਜੋ ਪਿਛਲੇ ਸਾਲ ਨਾਲੋਂ 45 ਫ਼ੀਸਦ ਵੱਧ ਹੈ।
ਇਸਦੀ ਸਫਲਤਾ ਲਈ ਫ੍ਰੋਜ਼ਨ ਫਰਾਈਜ਼ ਦੀ ਕੀਮਤ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹੈ।
ਦੇਵੇਂਦਰ ਕਹਿੰਦੇ ਹਨ, "ਭਾਰਤੀ ਫ਼੍ਰੋਜ਼ਨ ਫਰਾਈਜ਼ ਵਿਸ਼ਵ ਬਾਜ਼ਾਰ ਵਿੱਚ ਆਪਣੀ ਘੱਟ ਕੀਮਤ ਲਈ ਜਾਣੇ ਜਾਂਦੇ ਹਨ।"
ਉਹ ਕਹਿੰਦੇ ਹਨ ਕਿ 2024 ਵਿੱਚ, ਭਾਰਤੀ ਫ਼ਰਾਈਜ਼ ਦੀ ਔਸਤ ਕੀਮਤ ਚੀਨ ਦੀਆਂ ਫ਼ਰਾਈਜ਼ ਦੇ ਕੀਮਤ ਦੇ ਮੁਕਾਬਲੇ ਵੀ ਸਸਤੀ ਸੀ।
ਇਹ ਭਾਰਤ ਵਿੱਚ ਫ੍ਰੈਂਚ ਫਰਾਈਜ਼ ਬਣਾਉਣ ਵਾਲਿਆਂ ਲਈ ਕਮਾਈ ਦਾ ਦੌਰ ਹੈ।
ਹਾਈਫ਼ਨ ਫੂਡਜ਼ ਦੇ ਸੀਈਓ ਹਰੇਸ਼ ਕਰਮਚੰਦਾਨੀ ਕਹਿੰਦੇ ਹਨ, "ਭਾਰਤ ਆਪਣੇ ਖੇਤੀਬਾੜੀ ਉਤਪਾਦਾਂ, ਘੱਟ ਲਾਗਤ ਵਾਲੇ ਨਿਰਮਾਣ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਵੱਧ ਰਹੇ ਧਿਆਨ ਦੇ ਕਾਰਨ ਇੱਕ ਮਹੱਤਵਪੂਰਨ ਨਿਰਯਾਤਕ ਵਜੋਂ ਉਭਰਿਆ ਹੈ।"
ਹਾਈਫਨ ਦੇ ਗੁਜਰਾਤ ਵਿੱਚ ਸੱਤ ਆਲੂ ਪ੍ਰੋਸੈਸਿੰਗ ਪਲਾਂਟ ਹਨ। ਕੰਪਨੀ ਸਾਲ 2026 ਤੱਕ ਦੋ ਹੋਰ ਪਲਾਂਟ ਵੀ ਸ਼ੁਰੂ ਕਰਨ ਜਾ ਰਹੀ ਹੈ।
ਕਰਮਚੰਦਾਨੀ ਕਹਿੰਦੇ ਹਨ, "ਸ਼ਹਿਰੀਕਰਨ ਵਧਦੀ ਆਮਦਨ ਅਤੇ ਬਦਲਦੀ ਜੀਵਨ ਸ਼ੈਲੀ ਨੇ ਨਾ ਸਿਰਫ਼ ਘਰ ਵਿੱਚ ਸਗੋਂ ਬਾਹਰ ਵੀ ਫ਼੍ਰੋਜ਼ਨ ਭੋਜਨ ਦੀ ਖਪਤ ਨੂੰ ਵਧਾਇਆ ਹੈ।"
ਖੇਤੀਬਾੜੀ ਵਿੱਚ ਨਵੇਂ ਪ੍ਰਯੋਗ

ਤਸਵੀਰ ਸਰੋਤ, Getty Images
ਕਿਸਾਨ ਇਸ ਲਗਾਤਾਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਦਹਾਕਿਆਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ। ਜਿਤੇਸ਼ ਪਟੇਲ ਨੇ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਗਿਆਨ ਦੀ ਪੜ੍ਹਾਈ ਕੀਤੀ ਹੈ।
ਪੜ੍ਹਾਈ ਮੁਕੰਮਲ ਕਰਨ ਨਾਲ ਪੈਦਾ ਹੋਈ ਵਿਗਿਆਨ ਸਮਝ ਨਾਲ ਉਨ੍ਹਾਂ ਨੇ ਖੇਤੀ ਵਿੱਚ ਕਈ ਨਵੇਂ ਪ੍ਰਯੋਗ ਕੀਤੇ ਹਨ।
ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਮਿਲ ਕੇ ਉਹ ਆਲੂ ਦੀ ਪੈਦਾਵਾਰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਜਿਤੇਸ਼ ਕਹਿੰਦੇ ਹਨ, "ਅਸੀਂ ਪੜ੍ਹੇ-ਲਿਖੇ ਕਿਸਾਨ ਹਾਂ, ਇਸ ਲਈ ਅਸੀਂ ਨਵੇਂ ਤਰੀਕੇ ਅਜ਼ਮਾਉਂਦੇ ਰਹਿੰਦੇ ਹਾਂ।"
ਸਾਲ 2003 ਵਿੱਚ ਜਿਤੇਸ਼ ਪਟੇਲ ਨੇ ਆਪਣੇ ਖੇਤਾਂ ਦੀ ਸਿੰਜਾਈ ਲਈ ਤੁਪਕਾ ਪ੍ਰਣਾਲੀ ਅਪਣਾਈ।
ਪਟੇਲ ਗਰਮੀਆਂ ਵਿੱਚ ਖੇਤਾਂ ਵਿੱਚ ਕੁਝ ਨਹੀਂ ਬੀਜਦੇ ਤਾਂ ਜੋ ਮਿੱਟੀ ਉਪਜਾਊ ਰਹੇ। ਖੇਤਾਂ ਵਿੱਚ ਖਾਦ ਵਜੋਂ ਗਾਂ ਦੇ ਗੋਹੇ ਦੀ ਵਰਤੋਂ ਕਰਦੇ ਹਨ।
ਹੁਣ ਉਨ੍ਹਾਂ ਦਾ ਧਿਆਨ ਆਪਣੀ ਮਿੱਟੀ ਅਤੇ ਜਲਵਾਯੂ ਦੇ ਅਨੁਕੂਲ ਆਲੂ ਦੇ ਪੌਦੇ ਲੱਭਣ 'ਤੇ ਹੈ।
ਉਹ ਕਹਿੰਦੇ ਹਨ, "ਅਸੀਂ ਬੀਜਾਂ ਨਾਲ ਪ੍ਰਯੋਗ ਕਰ ਰਹੇ ਹਾਂ ਅਤੇ ਜਲਦੀ ਹੀ ਸਾਡੇ ਕੋਲ ਇੱਕ ਨਵੀਂ ਕਿਸਮ ਹੋਵੇਗੀ।"
ਸਿੰਜਾਈ ਲਈ ਇੱਕ ਨਵਾਂ ਪ੍ਰਯੋਗ

ਤਸਵੀਰ ਸਰੋਤ, HyFun Foods
ਜੈਨ ਇਰੀਗੇਸ਼ਨ ਸਿਸਟਮਜ਼ ਭਾਰਤ ਦੀ ਇੱਕ ਵੱਡੀ ਖੇਤੀਬਾੜੀ ਤਕਨਾਲੋਜੀ ਕੰਪਨੀ ਹੈ। ਸਿੰਜਾਈ ਉਪਕਰਣ ਵੇਚਣ ਤੋਂ ਇਲਾਵਾ ਇਸ ਕੋਲ ਆਲੂ ਦੇ ਪੌਦਿਆਂ ਸਣੇ ਖੇਤੀਬਾੜੀ ਲਈ ਬੀਜ ਵਿਕਸਤ ਕਰਨ ਵਾਲੀਆਂ ਕਈ ਟੀਮਾਂ ਹਨ।
ਉਹ ਟਿਸ਼ੂ ਕਲਚਰ ਨਾਮ ਦੀ ਤਕਨੀਕ ਦੀ ਵਰਤੋਂ ਕਰਦੇ ਹਨ। ਇਹ ਲਈ ਪੌਦਿਆਂ ਦੀ ਕਲੋਨਿੰਗ ਦਾ ਇੱਕ ਤਰੀਕਾ ਹੈ ਜਿਸ ਦੀ ਵਰਤੋਂ ਖੇਤੀ ਪੈਦਾਵਰ ਤੋਂ ਲੋੜੀਂਦੇ ਗੁਣ ਪ੍ਰਾਪਤ ਕਰਨ ਅਤੇ ਬਿਮਾਰੀਆਂ ਨੂੰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ।
ਇਸ ਵਿੱਚ ਇੱਕ ਨਿਯੰਤਰਿਤ ਪ੍ਰਯੋਗਸ਼ਾਲਾ ਵਾਤਾਵਰਣ ਵਿੱਚ ਪੌਦਿਆਂ ਦੇ ਟਿਸ਼ੂ ਦੇ ਛੋਟੇ ਟੁਕੜਿਆਂ ਨੂੰ ਉਗਾ ਕੇ ਵਾਇਰਸ-ਮੁਕਤ ਪੌਦੇ ਪੈਦਾ ਕੀਤੇ ਜਾਂਦੇ ਹਨ।
ਇਨ੍ਹਾਂ ਪੌਦਿਆਂ ਦੀ ਵਰਤੋਂ ਫਿਰ ਕਟਿੰਗਜ਼ ਵਰਗੇ ਤਰੀਕਿਆਂ ਰਾਹੀਂ ਬੀਜਣ-ਯੋਗ ਆਲੂਆਂ ਦੀ ਪੈਦਾਵਰ ਕਰਨ ਲਈ ਕੀਤੀ ਜਾਂਦੀ ਹੈ।
ਕੰਪਨੀ ਦੇ ਮਾਰਕੀਟਿੰਗ ਵਾਈਸ ਪ੍ਰੈਜ਼ੀਡੈਂਟ ਵਿਜੇ ਸਿੰਘ ਕਹਿੰਦੇ ਹਨ, "ਮਾਹਰ ਆਲੂ ਦੇ ਬੀਜਾਂ ਨੂੰ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਾ ਕੇ ਬਹੁਤ ਧਿਆਨ ਨਾਲ ਤਿਆਰ ਕਰਦੇ ਹਨ।"

ਵਿਜੇ ਸਿੰਘ ਇਸ ਸਮੇਂ ਇੱਕ ਸਮੱਸਿਆ ਨਾਲ ਜੂਝ ਰਹੇ ਹਨ, ਉਹ ਚਿਪਸ ਬਣਾਉਣ ਲਈ ਵਰਤੇ ਜਾਣ ਵਾਲੇ ਆਲੂਆਂ ਦੀਆਂ ਕਿਸਮਾਂ ਨਾਲ ਸਬੰਧਤ ਹੈ।
ਪਿਛਲੇ ਸਾਲ ਨਵੰਬਰ ਵਿੱਚ ਕਿਸਾਨਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਆਲੂ ਦੀ ਫ਼ਸਲ ਉਸ ਵਿੱਚ ਮੌਜੂਦ ਖੰਡ ਦੀ ਮਾਤਰਾ ਕਾਰਨ ਭੂਰੀ ਪੈਣ ਲੱਗੀ ਹੈ।
ਸਿੰਘ ਕਹਿੰਦੇ ਹਨ, "ਸਾਡੇ ਵਰਗੀਆਂ ਟਿਸ਼ੂ ਕਲਚਰ ਕੰਪਨੀਆਂ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਆਂ ਕਿਸਮਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।"
ਭਾਰਤੀ ਕਿਸਾਨ ਆਪਣੀ ਪੈਦਾਵਾਰ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਦੇਸ਼ ਵਿੱਚ ਫ੍ਰੋਜ਼ਨ ਭੋਜਨ ਉਦਯੋਗ ਨੂੰ ਨਿਵੇਸ਼ ਦੀ ਲੋੜ ਹੈ।
ਸਭ ਤੋਂ ਵੱਧ ਨਿਵੇਸ਼ ਦੀ ਲੋੜ ਆਲੂਆਂ ਨੂੰ ਜ਼ੀਰੋ ਡਿਗਰੀ ਤੋਂ ਹੇਠਾਂ ਸਟੋਰ ਕਰਨ ਅਤੇ ਗਾਹਕਾਂ ਤੱਕ ਪਹੁੰਚਾਉਣ ਵਿੱਚ ਹੈ।
ਮੁੱਖ ਦਿੱਕਤਾਂ ਕੀ ਹਨ

ਤਸਵੀਰ ਸਰੋਤ, Getty Images
ਆਧੁਨਿਕ ਕੋਲਡ ਸਟੋਰੇਜ ਸਹੂਲਤਾਂ ਵੱਧ ਰਹੀਆਂ ਹਨ ਪਰ ਹੁਣ ਉਨ੍ਹਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਗਿਣਤੀ ਹਾਲੇ ਵੀ ਸੀਮਤ ਹੈ।
ਇੰਡੋ ਐਗਰੀ ਫੂਡਜ਼ ਦੇ ਸਹਿ-ਸੰਸਥਾਪਕ ਵਿਜੇ ਕੁਮਾਰ ਨਾਇਕ ਕਹਿੰਦੇ ਹਨ, "ਭਾਰਤ ਵਿੱਚ ਮੌਜੂਦ ਮਹਿਜ਼ 10-15 ਫ਼ੀਸਦ ਕੋਲਡ ਸਟੋਰੇਜ ਸਹੂਲਤਾਂ ਫ਼੍ਰੋਜ਼ਨ ਭੋਜਨ ਨੂੰ ਸਟੋਰ ਕਰਨ ਲਈ ਢੁੱਕਵੀਆਂ ਹਨ।"
"ਇਹ ਸਹੂਲਤਾਂ ਦੇਸ਼ ਦੇ ਅੰਦਰ ਬਰਾਬਰ ਢੰਗ ਨਾਲ ਵੰਡੀਆਂ ਵੀ ਨਹੀਂ ਗਈਆਂ ਹਨ। ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕੇ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਹਨ।"
ਕੋਲਡ ਸਟੋਰੇਜ ਤੋਂ ਬਾਅਦ ਦੂਜੀ ਸਮੱਸਿਆ ਢੋਆ-ਢੁਆਈ ਦੀ ਹੈ।
ਉਨ੍ਹਾਂ ਕਿਹਾ, "ਭਾਰਤ ਵਿੱਚ ਰੈਫ੍ਰਿਜਰੇਟਿਡ ਟਰੱਕਾਂ ਅਤੇ ਕੰਟੇਨਰਾਂ ਦੀ ਬਹੁਤ ਵੱਡੀ ਘਾਟ ਹੈ। ਇਸ ਨਾਲ ਤਾਪਮਾਨ-ਨਿਯੰਤਰਿਤ ਢੋਆ-ਢੁਆਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਢੁੱਕਵੇਂ ਤਾਪਮਾਨ ਦੀ ਅਣਹੋਂਦ ਵਿੱਚ ਸਾਮਾਨ ਖ਼ਰਾਬ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।"
ਫ੍ਰੋਜ਼ਨ ਭੋਜਨ ਉਦਯੋਗ ਲਈ ਭਰੋਸੇਯੋਗ ਬਿਜਲੀ ਸਪਲਾਈ ਵੀ ਜ਼ਰੂਰੀ ਹੈ।
ਨਾਇਕ ਕਹਿੰਦੇ ਹਨ, "ਦੇਸ਼ ਦੇ ਕਈ ਹਿੱਸਿਆਂ ਵਿੱਚ ਵਾਰ-ਵਾਰ ਬਿਜਲੀ ਬੰਦ ਹੋਣ ਨਾਲ ਭੋਜਨ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।"
ਇਸ ਨਾਲ ਇੱਕ ਭਰੋਸੇਮੰਦ ਫ੍ਰੋਜ਼ਨ ਭੋਜਨ ਦੀ ਸਪਲਾਈ ਚੇਨ ਚਲਾਉਣਾ ਔਖਾ ਹੋ ਜਾਂਦਾ ਹੈ।
ਉਨ੍ਹਾਂ ਕਿਹਾ, "ਭਾਰਤੀ ਕੰਪਨੀਆਂ ਨੂੰ ਚੀਨ, ਥਾਈਲੈਂਡ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇਸ਼ਾਂ ਕੋਲ ਉੱਨਤ ਲੌਜਿਸਟਿਕਸ ਅਤੇ ਬਿਹਤਰ ਬੁਨਿਆਦੀ ਢਾਂਚਾ ਹੈ।"
ਇਸ ਦੌਰਾਨ, ਗੁਜਰਾਤ ਵਿੱਚ ਆਪਣੇ ਫਾਰਮ 'ਤੇ ਜਿਤੇਸ਼ ਪਟੇਲ ਖੁਸ਼ ਹਨ ਕਿ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਉਨ੍ਹਾਂ ਦੇ ਇਲਾਕੇ ਤੱਕ ਪਹੁੰਚ ਗਈਆਂ ਹਨ।
ਉਹ ਕਹਿੰਦੇ ਹਨ, "ਗੁਜਰਾਤ ਫੂਡ ਪ੍ਰੋਸੈਸਿੰਗ ਦਾ ਕੇਂਦਰ ਬਣ ਗਿਆ ਹੈ। ਮੇਰੇ ਸਣੇ ਜ਼ਿਆਦਾਤਰ ਕਿਸਾਨਾਂ ਨੇ ਕੰਟਰੈਕਟ ਫਾਰਮਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਸਾਨੂੰ ਸੁਰੱਖਿਆ ਮਿਲਦੀ ਹੈ ਅਤੇ ਅਸੀਂ ਉਪਜ ਤੋਂ ਚੰਗੀ ਆਮਦਨ ਵੀ ਕਮਾਉਂਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












