ʻਦੁਨੀਆ ਦੇ ਕਿਸੇ ਵੀ ਨੇਤਾ ਨੇ ਸਾਨੂੰ ਨਹੀਂ ਰੋਕਿਆ, ʻਆਪ੍ਰੇਸ਼ਨ ਸਿੰਦੂਰʼ ਅਜੇ ਵੀ ਜਾਰੀ ਹੈ...ʼ, ਪੀਐੱਮ ਮੋਦੀ ਨੇ ਲੋਕਸਭਾ ʼਚ ਅਮਰੀਕਾ ਬਾਰੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Sansad TV

ਤਸਵੀਰ ਕੈਪਸ਼ਨ, ʻਆਪ੍ਰੇਸ਼ਨ ਸਿੰਦੂਰʼ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ʼਤੇ ਤਿੱਖਾ ਹਮਲਾ ਕੀਤਾ

ਸੰਸਦ ਵਿੱਚ ʻਆਪ੍ਰੇਸ਼ਨ ਸਿੰਦੂਰʼ ਉੱਤੇ ਹੋ ਰਹੀ ਚਰਚਾ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ʼਤੇ ਤਿੱਖਾ ਹਮਲਾ ਕੀਤਾ, ਉਸ ʼਤੇ ਸਵਾਰਥ ਦੀ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ।

ਪ੍ਰਧਾਨ ਮੰਤਰੀ ਨੇ ਕਰੀਬ ਸਾਢੇ 6 ਵਜੇ ਜਦੋਂ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਕਿਹਾ, "ਜਿਨ੍ਹਾਂ ਨੂੰ ਭਾਰਤ ਦਾ ਪੱਖ ਨਹੀਂ ਨਜ਼ਰ ਆਉਂਦਾ, ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣ ਲਈ ਖੜ੍ਹਾ ਹਾਂ।"

ਇਸ ਤੋਂ ਬਾਅਦ, ਉਨ੍ਹਾਂ ਕਿਹਾ, "ਦੁਨੀਆ ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਆਪਣੀ ਸੁਰੱਖਿਆ ਲਈ ਕਾਰਵਾਈ ਕਰਨ ਤੋਂ ਨਹੀਂ ਰੋਕਿਆ।"

"ਭਾਵੇਂ ਉਹ ਕਵਾਡ ਹੋਵੇ, ਬ੍ਰਿਕਸ ਹੋਵੇ, ਫਰਾਂਸ ਹੋਵੇ, ਰੂਸ ਹੋਵੇ, ਜਰਮਨੀ ਹੋਵੇ, ਭਾਰਤ ਨੂੰ ਸਾਰੇ ਦੇਸ਼ਾਂ ਤੋਂ ਸਮਰਥਨ ਮਿਲਿਆ ਹੈ। ਪਰ ਮੇਰੇ ਦੇਸ਼ ਦੇ ਨਾਇਕਾਂ ਦੀ ਬਹਾਦਰੀ ਨੂੰ ਕਾਂਗਰਸ ਦਾ ਸਮਰਥਨ ਨਹੀਂ ਮਿਲਿਆ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਤਿੰਨ-ਚਾਰ ਦਿਨਾਂ ਬਾਅਦ, ਕਾਂਗਰਸ ਕਹਿਣ ਲੱਗੀ, ʻਕਿੱਥੇ ਗਈ 56 ਇੰਚ ਦੀ ਛਾਤੀ, ਮੋਦੀ ਕਿੱਥੇ ਗੁਆਚ ਗਿਆ, ਮੋਦੀ ਤਾਂ ਫੇਲ੍ਹ ਹੋ ਗਿਆ ਹੈ।' ਉਹ ਮਜਾ ਲੈ ਰਹੇ ਸਨ। ਉਹ ਪਹਿਲਗਾਮ ਵਿੱਚ ਲੋਕਾਂ ਦੇ ਕਤਲ ਵਿੱਚ ਵੀ ਆਪਣੀ ਸਵਾਰਥੀ ਸਿਆਸਤ ਭਾਲ ਰਹੇ ਸਨ ਅਤੇ ਮੇਰੇ ʼਤੇ ਨਿਸ਼ਾਨਾ ਸਾਧ ਰਹੇ ਸਨ।"

ਇਸ ਤੋਂ ਬਾਅਦ, ਵਿਰੋਧੀ ਧਿਰ ਬੈਂਚਾਂ ਵੱਲੋਂ ਹੰਗਾਮਾ ਸ਼ੁਰੂ ਹੋ ਗਿਆ।

ਪਹਿਲਗਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 22 ਅਪ੍ਰੈਲ ਨੂੰ ਪਹਿਲਗਾਮ ਘਾਟੀ ਵਿੱਚ ਹਮਲਾ ਹੋਇਆ ਸੀ

ਦਰਅਸਲ, 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਵੱਲੋਂ 7 ਮਈ ਨੂੰ 'ਆਪ੍ਰੇਸ਼ਨ ਸਿੰਦੂਰ' ਨੂੰ ਅੰਜਾਮ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਫੌਜ ਨੇ 22 ਅਪ੍ਰੈਲ ਦਾ ਬਦਲਾ 22 ਮਿੰਟਾਂ ਵਿੱਚ ਤੈਅ ਕੀਤੇ ਟੀਚੇ ਨੂੰ ਹਾਸਲ ਕਰਕੇ ਲਿਆ।"

ਉਨ੍ਹਾਂ ਕਿਹਾ, "ਪਹਿਲੀ ਵਾਰ ਭਾਰਤ ਨੇ ਅਜਿਹੀ ਰਣਨੀਤੀ ਬਣਾਈ ਕਿ ਅਸੀਂ ਉਨ੍ਹਾਂ ਥਾਵਾਂ 'ਤੇ ਪਹੁੰਚ ਗਏ ਜਿੱਥੇ ਅਸੀਂ ਪਹਿਲਾਂ ਕਦੇ ਨਹੀਂ ਗਏ ਸੀ। ਪਾਕਿਸਤਾਨ ਦੇ ਹਰ ਕੋਨੇ ਵਿੱਚ ਅੱਤਵਾਦੀ ਅੱਡੇ ਤਬਾਹ ਕਰ ਦਿੱਤੇ ਗਏ। ਬਹਾਵਲਪੁਰ ਅਤੇ ਮੁਰੀਦਕੇ ਨੂੰ ਵੀ ਜ਼ਮੀਂਦੋਜ਼ ਕਰ ਦਿੱਤਾ ਗਿਆ।"

"ਆਪ੍ਰੇਸ਼ਨ ਸਿੰਦੂਰ ਦੌਰਾਨ, ਪੂਰੀ ਦੁਨੀਆ ਨੇ ਸਵੈ-ਨਿਰਭਰ ਭਾਰਤ ਦੀ ਸ਼ਕਤੀ ਨੂੰ ਪਛਾਣਿਆ। ਭਾਰਤ ਵਿੱਚ ਬਣੇ ਡਰੋਨ ਅਤੇ ਮਿਜ਼ਾਈਲਾਂ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।"

ਸੀਡੀਐੱਸ ਦੀ ਨਿਯੁਕਤੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, "ਤਿੰਨਾਂ ਫੌਜਾਂ - ਜਲ ਸੈਨਾ, ਸੈਨਾ, ਹਵਾਈ ਸੈਨਾ, ਦੇ ਤਾਲਮੇਲ ਨੇ ਪਾਕਿਸਤਾਨ ਨੂੰ ਸੁੰਨ ਕਰ ਦਿੱਤਾ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਰਤ ਨੇ ਸਿੰਦੂਰ ਤੋਂ ਸਿੰਧੂ ਤੱਕ ਕਾਰਵਾਈ ਕੀਤੀ ਹੈ। ਅੱਤਵਾਦੀ ਆਕਾਵਾਂ ਨੇ ਸਮਝ ਲਿਆ ਹੈ ਕਿ ਉਨ੍ਹਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"

ਨਰਿੰਦਰ ਮੋਦੀ
ਇਹ ਵੀ ਪੜ੍ਹੋ-

ʻਦੁਨੀਆਂ ਦੇ ਕਿਸੇ ਵੀ ਨੇਤਾ ਨੇ ਨਹੀਂ ਰੋਕਿਆʼ

ਉਨ੍ਹਾਂ ਨੇ ਅੱਗੇ ਕਿਹਾ, "ਅੱਤਵਾਦ, ਉਨ੍ਹਾਂ ਦੇ ਆਕਾ, ਉਨ੍ਹਾਂ ਦੇ ਟਿਕਾਣੇ ਸਾਡਾ ਨਿਸ਼ਾਨਾ ਸੀ। ਦੁਨੀਆਂ ਦੇ ਕਿਸੇ ਵੀ ਨੇਤਾ ਨੇ ਭਾਰਤ ਨੂੰ ਆਪ੍ਰੇਸ਼ਨ ਰੋਕਣ ਲਈ ਨਹੀਂ ਕਿਹਾ। ਉਸੇ ਦੌਰਾਨ 9 ਤਰੀਕ ਰਾਤ ਨੂੰ ਅਮਰੀਕਾ ਦੇ ਉੱਪ ਰਾਸ਼ਟਰਪਤੀ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਘੰਟਿਆਂ ਤੋਂ ਕੋਸ਼ਿਸ਼ ਕਰ ਰਹੇ ਸਨ ਪਰ ਮੇਰੀ ਫੌਜ ਨਾਲ ਮੀਟਿੰਗ ਚੱਲ ਰਹੀ ਸੀ।"

"ਫਿਰ ਮੈਂ ਫੋਨ ਕੀਤਾ ਅਤੇ ਕਿਹਾ ਕਿ ʻਮੈਂ ਤੁਹਾਡਾ ਫੋਨ ਨਹੀਂ ਲੈ ਸਕਿਆ, ਤਿੰਨ-ਚਾਰ ਵਾਰ ਤੁਹਾਡਾ ਫੋਨ ਆ ਗਿਆ ਹੈ ਕੀ ਗੱਲ ਹੈ?ʼ ਤਾਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਨੇ ਮੈਨੂੰ ਫੋਨ ʼਤੇ ਦੱਸਿਆ ਕਿ ਪਾਕਿਸਤਾਨ ਬਹੁਤ ਵੱਡਾ ਹਮਲਾ ਕਰਨ ਵਾਲਾ ਹੈ। ਮੇਰਾ ਜਵਾਬ ਸੀ, ʻਜੇਕਰ ਪਾਕਿਸਤਾਨ ਦਾ ਇਹ ਇਰਾਦਾ ਹੈ ਤਾਂ ਉਸ ਨੂੰ ਬਹੁਤ ਮਹਿੰਗਾ ਪਵੇਗਾ। ਇਹ ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿਹਾ। ਜੇਕਰ ਉਹ ਹਮਲਾ ਕਰੇਗਾ ਤਾਂ ਅਸੀਂ ਵੱਡਾ ਹਮਲਾ ਕਰ ਕੇ ਜਵਾਬ ਦਿਆਂਗੇ। ਅਸੀਂ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ।"

"ਇਹ 9 ਤਰੀਕ ਦੀ ਗੱਲ ਹੈ ਅਤੇ ਅਸੀਂ 10 ਤਰੀਕ ਨੂੰ ਪਾਕਿਸਤਾਨ ਦੀ ਫੌਜੀ ਸ਼ਕਤੀ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਇਹੀ ਸਾਡਾ ਜਵਾਬ ਸੀ ਅਤੇ ਇਹੀ ਸਾਡਾ ਜਜ਼ਬਾ ਸੀ। ਅੱਜ ਪਾਕਿਸਤਾਨ ਵੀ ਚੰਗੀ ਤਰ੍ਹਾਂ ਜਾਣ ਗਿਆ ਹੈ ਕਿ ਭਾਰਤ ਦੇ ਹਰ ਜਵਾਬ ਪਹਿਲਾਂ ਨਾਲੋਂ ਜ਼ਿਆਦਾ ਤਕੜਾ ਹੁੰਦਾ ਹੈ।"

ਉਨ੍ਹਾਂ ਅੱਗੇ ਭਾਸ਼ਣ ਵਿੱਚ ਕਿਹਾ, "ਉਸ ਨੂੰ ਇਹ ਵੀ ਪਤਾ ਹੈ ਜੇਕਰ ਭਵਿੱਖ ਵਿੱਚ ਨੌਬਤ ਆਈ ਤਾਂ ਭਾਰਤ ਅੱਗੇ ਕੁਝ ਵੀ ਕਰ ਸਕਦਾ ਹੈ। ʻਆਪ੍ਰੇਸ਼ਨ ਸਿੰਦੂਰʼ ਜਾਰੀ ਹੈ। ਪਾਕਿਸਤਾਨ ਨੇ ਜੇਕਰ ਫਿਰ ਅਜਿਹੀ ਹਿੰਮਤ ਕੀਤੀ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਅੱਜ ਦਾ ਭਾਰਤ ਆਤਮ-ਵਿਸ਼ਵਾਸ਼ ਨਾਲ ਭਰਿਆ ਹੋਇਆ। ਭਾਰਤ ਆਤਮ-ਨਿਰਭਰ ਬਣਦਾ ਜਾ ਰਿਹਾ ਹੈ।"

ਰਾਹੁਲ ਗਾਂਧੀ

ਤਸਵੀਰ ਸਰੋਤ, SANSAD TV

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਵਿਦੇਸ਼ ਨੀਤੀ ਨੂੰ ਲੈ ਕੇ ਸਰਕਾਰ 'ਤੇ ਤਿੱਖੇ ਹਮਲੇ ਕੀਤੇ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੱਤੀ

'ਆਪ੍ਰੇਸ਼ਨ ਸਿੰਦੂਰ' 'ਤੇ ਬਹਿਸ ਦੌਰਾਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜੰਗਬੰਦੀ ਦੇ ਆਦੇਸ਼ ਦੇਣ ਦੇ ਦਾਅਵਿਆਂ 'ਤੇ ਸਰਕਾਰ ਨੂੰ ਘੇਰਿਆ।

ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੰਪ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦੀ ਚੁਣੌਤੀ ਦਿੱਤੀ।

ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਹਵਾਈ ਸੈਨਾ ਦੇ ਹੱਥ ਬੰਨ੍ਹ ਦਿੱਤੇ ਹਨ, ਜਦੋਂ ਕਿ ਸਰਕਾਰ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਹੈ।

ਉਨ੍ਹਾਂ ਕਿਹਾ, "ਟਰੰਪ ਨੇ 29 ਵਾਰ ਜੰਗਬੰਦੀ ਦਾ ਆਦੇਸ਼ ਦੇਣ ਦਾ ਸਿਹਰਾ ਆਪਣੇ ਸਿਰ ਲਿਆ, ਜੇਕਰ ਉਹ ਝੂਠ ਬੋਲ ਰਹੇ ਹਨ ਤੇ ਜੇਕਰ ਪ੍ਰਧਾਨ ਮੰਤਰੀ ਮੋਦੀ ਵਿੱਚ ਇੰਦਰਾ ਗਾਂਧੀ ਦੀ 50 ਫੀਸਦ ਵੀ ਹਿੰਮਤ ਹੈ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਅਜਿਹਾ ਨਹੀਂ ਸੀ। ਜੇਕਰ ਪ੍ਰਧਾਨ ਮੰਤਰੀ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਟਰੰਪ ਝੂਠ ਬੋਲ ਰਹੇ ਹਨ।"

ਵਿਰੋਧੀ ਧਿਰ ਦੇ ਆਗੂ ਨੇ ਕਿਹਾ, "ਪਹਿਲਗਾਮ ਹਮਲੇ ਤੋਂ ਬਾਅਦ ਵੀ ਦੇਸ਼ ਨੇ ਪਾਕਿਸਤਾਨ ਦੀ ਨਿੰਦਾ ਨਹੀਂ ਕੀਤੀ, ਜਿਸ ਦਾ ਮਤਲਬ ਹੈ ਕਿ ਪੂਰੀ ਦੁਨੀਆ ਨੇ ਭਾਰਤ ਨੂੰ ਪਾਕਿਸਤਾਨ ਦੇ ਬਰਾਬਰ ਰੱਖਿਆ।"

"ਪਹਿਲਗਾਮ ਦੇ ਮਾਸਟਰਮਾਈਂਡ ਪਾਕਿਸਤਾਨ ਦੇ ਜਨਰਲ ਅਸੀਮ ਮੁਨੀਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਇਸ ਸਮੇਂ ਅਮਰੀਕੀ ਕਮਾਂਡਰ ਨਾਲ ਅੱਤਵਾਦ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਚਰਚਾ ਕਰ ਰਹੇ ਹਨ।"

ਉਨ੍ਹਾਂ ਕਿਹਾ, "ਇਸ ਨੀਤੀ ਦੇ ਨਾਲ ਕਿ 'ਕੋਈ ਵੀ ਅੱਤਵਾਦੀ ਹਮਲਾ ਜੰਗ ਦਾ ਐਲਾਨ ਹੈ', ਤੁਸੀਂ ਅੱਤਵਾਦੀਆਂ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਜਦੋਂ ਜੰਗ ਵਿੱਟ ਘਸੀਟਣਾ ਹੈ ਤਾਂ ਇੱਕ ਹਮਲੇ ਕਰ ਦਿਓ।"

ਭਾਰਤ ਸਰਕਾਰ ਦੀ ਵਿਦੇਸ਼ ਨੀਤੀ 'ਤੇ ਸਵਾਲ ਚੁੱਕਦੇ ਹੋਏ, ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਨੂੰ ਵੱਖ ਰੱਖਣ ਦੀ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਆਧਾਰ 'ਤੇ ਸੱਟ ਵੱਜੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)