ਅਮਰੀਕਾ 'ਚ ਸੜਕ ਹਾਦਸੇ ਦੇ ਕੇਸ ਵਿੱਚ ਗ੍ਰਿਫ਼ਤਾਰ ਡਰਾਈਵਰ ਦੇ ਮਾਪੇ ਬੋਲੇ, 'ਸਾਡਾ ਮੁੰਡਾ ਅੰਮ੍ਰਿਤਧਾਰੀ ਹੈ, ਨਸ਼ਾ ਨਹੀਂ ਕਰਦਾ', ਕਿਵੇਂ ਭੇਜਿਆ ਸੀ ਅਮਰੀਕਾ?

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਲੰਘੇ ਮੰਗਲਵਾਰ ਨੂੰ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਬੀਤੇ ਦਿਨ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤੀ ਗਿਆ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

"ਇਹ ਤਾਂ ਸਾਡਾ ਰੱਬ ਜਾਣਦਾ ਜਾਂ ਅਸੀ, ਕਿ ਸਾਡੇ 'ਤੇ ਕੀ ਬੀਤ ਰਹੀ ਹੈ। ਦਿਲ ਕਰਦਾ ਹੈ ਕਿ ਉੱਡ ਕੇ ਪੁੱਤ ਦੇ ਕੋਲ ਚੱਲੇ ਜਾਈਏ।"

ਇਹ ਅਲਫਾਜ਼ ਹਨ ਅਮਰੀਕਾ ਵਿੱਚ ਡਰਾਇਵਰੀ ਕਰਦੇ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਦੇ, ਜਿਸ ਦੇ ਟਰੱਕ ਦਾ ਬੀਤੇ ਦਿਨ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਾਦਸਾ ਹੋ ਗਿਆ ਸੀ ਅਤੇ ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਰਵਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹਨਾਂ ਦੇ ਪੁੱਤਰ ਦੇ ਟਰੱਕ ਹਾਦਸੇ ਵਿੱਚ ਦੋ ਬੱਚੇ ਅਤੇ ਮਹਿਲਾ ਦੀ ਜਾਨ ਗਈ ਹੈ।

ਜਸ਼ਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੜਕ ਹਾਦਸਾ ਬਹੁਤ ਮੰਦਭਾਗਾ ਹੈ।

ਰਵਿੰਦਰ ਸਿੰਘ ਕਹਿੰਦੇ ਹਨ, ''ਜਿਨ੍ਹਾਂ ਦੀ ਜਾਨ ਇਸ ਹਾਦਸੇ 'ਚ ਗਈ ਉਨ੍ਹਾਂ ਦਾ ਦੁੱਖ ਹੈ, ਪਰ ਸਾਡੇ ਬੇਟੇ ਬਾਰੇ ਨਸ਼ੇ ਦੀ ਹਾਲਤ 'ਚ ਡ੍ਰਾਈਵਿੰਗ ਕਰਨ ਦੀ ਜੋ ਗੱਲ ਕਹੀ ਜਾ ਰਹੀ ਹੈ, ਉਹ ਠੀਕ ਨਹੀਂ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਜਸ਼ਨ ਨੇ ਨਸ਼ਾ ਕੀਤਾ ਹੋਵੇਗਾ'।

ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਸ ਹਾਦਸੇ ਦੀ ਸੂਚਨਾ ਮਿਲਣ ਤੋ ਬਾਅਦ ਉਹ ਚਿੰਤਾ ਵਿੱਚ ਹਨ। ਜਸ਼ਨ ਦੇ ਪਰਿਵਾਰ 'ਚ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਇੱਕ ਭੈਣ ਹੈ। ਇਸ ਵੇਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਵੀ ਘਰੇ ਆਉਣ-ਜਾਣ ਲੱਗਿਆ ਹੋਇਆ ਹੈ।

ਵੀਡੀਓ ਕੈਪਸ਼ਨ, ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਕੀ ਦੱਸਿਆ

ਜਸ਼ਨ ਦੇ ਪਿਤਾ ਰਵਿੰਦਰ ਸਿੰਘ ਮੁਤਾਬਕ ਜਸ਼ਨ ਪ੍ਰੀਤ ਸਿੰਘ ਨੇ 11ਵੀਂ ਤੱਕ ਦੀ ਪੜ੍ਹਾਈ ਕੀਤੀ ਹੈ।

ਰਵਿੰਦਰ ਸਿੰਘ ਨੇ ਦੱਸਿਆ ਉਹਨਾਂ ਦਾ ਸਧਾਰਨ ਆਰਥਿਕਤਾ ਵਾਲਾ ਪਰਿਵਾਰ ਹੈ। ਉਨ੍ਹਾਂ ਕੋਲ ਕੁਝ ਪਸ਼ੂ ਹਨ ਤੇ ਥੋੜ੍ਹੀ ਜਿਹੀ ਜ਼ਮੀਨ ਹੈ।

ਜਸ਼ਨ ਦੇ ਪਿਤਾ ਕਹਿੰਦੇ ਹਨ ਕਿ ਉਹ ਸਕੂਲ ਬੱਸ ਡਰਾਈਵਰ ਦਾ ਕੰਮ ਕਰਦੇ ਹਨ ਅਤੇ ਇਸੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਪਰ ਉਹਨਾਂ ਦਾ ਪੁੱਤ ਪਰਿਵਾਰ ਅਤੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ।

ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ 3 ਸਾਲ ਪਹਿਲਾ ਸਾਲ 2022 'ਚ ਵਿਦੇਸ਼ ਭੇਜਿਆ ਹੈ ਅਤੇ ਹਾਲੇ ਤੱਕ ਕਰਜ਼ਾ ਵੀ ਪੂਰਾ ਨਹੀਂ ਲੱਥਾ।

ਉਨ੍ਹਾਂ ਦੱਸਿਆ ਕਿ ਮੁੰਡੇ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਨੂੰ ਆਪਣਾ ਘਰ ਵੀ ਗਹਿਣੇ ਰੱਖਣਾ ਪਿਆ।

'ਸਾਡਾ ਮੁੰਡਾ ਅੰਮ੍ਰਿਤਧਾਰੀ ਹੈ, ਨਸ਼ਾ ਨਹੀਂ ਕਰਦਾ'

ਜਸ਼ਨਪ੍ਰੀਤ ਸਿੰਘ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਪਰਿਵਾਰ ਮੁਤਾਬਕ, ਉਨ੍ਹਾਂ ਦੇ ਮੁੰਡੇ 'ਤੇ ਜੋ ਨਸ਼ੇ ਵਿੱਚ ਡਰਾਈਵਿੰਗ ਦੇ ਇਲਜ਼ਾਮ ਲੱਗ ਰਹੇ ਹਨ, ਉਹ ਗਲਤ ਹਨ ਕਿਉਂਕਿ ਜਸ਼ਨਪ੍ਰੀਤ ਅੰਮ੍ਰਿਤਧਾਰੀ ਹਨ

ਪਰਿਵਾਰ ਦਾ ਕਹਿਣਾ ਹੈ ਕਿ ''ਜਸ਼ਨਪ੍ਰੀਤ ਸਿੰਘ 'ਤੇ ਨਸ਼ਾ ਕਰਕੇ ਡ੍ਰਾਈਵਿੰਗ ਕਰਨ ਦੇ ਜੋ ਇਲਜ਼ਾਮ ਲੱਗ ਰਹੇ ਹਨ, ਉਹ ਝੂਠੇ ਹਨ ਕਿਉਕਿ ਜਸ਼ਨਪ੍ਰੀਤ ਸਿੰਘ ਅੰਮ੍ਰਿਤਧਾਰੀ ਸਾਬਤ ਸੂਰਤ ਗੁਰਸਿੱਖ ਹੈ।''

ਉਨ੍ਹਾਂ ਦੱਸਿਆ ਕਿ ''ਉਸ ਨੇ ਛੋਟੀ ਉਮਰ 'ਚ ਹੀ ਅੰਮ੍ਰਿਤ ਛੱਕ ਲਿਆ ਸੀ ਅਤੇ ਸਾਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਅਸੀਂ ਵੀ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਇਆ ਹੈ।''

ਪਰਿਵਾਰ ਮੁਤਾਬਕ, 'ਕੈਲੀਫੋਰਨੀਆ ਜਾ ਕੇ ਵੀ ਉਸ ਨੇ ਅੰਮ੍ਰਿਤ ਭੰਗ ਨਹੀਂ ਕੀਤਾ। ਇਸ ਲਈ ਜੋ ਕਿਹਾ ਜਾ ਰਿਹਾ ਹੈ ਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ, ਉਹ ਬਿਲਕੁਲ ਗਲਤ ਹਨ'।

ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਰਤ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਦਵਾਇਆ ਜਾਏ।

ਹਾਦਸੇ ਤੋਂ ਪਹਿਲਾਂ ਹੋਈ ਸੀ ਗੱਲ

ਜਸ਼ਨਪ੍ਰੀਤ ਸਿੰਘ ਦਾ ਪਰਿਵਾਰ
ਤਸਵੀਰ ਕੈਪਸ਼ਨ, ਜਸ਼ਨ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਹਾਦਸੇ 'ਚ 3 ਜਣਿਆਂ ਦੀ ਜਾਨ ਚਲੀ ਗਈ ਪਰ ਉਨ੍ਹਾਂ ਦੇ ਪੁੱਤ ਨੂੰ ਵੀ ਨਿਆਂ ਮਿਲਣਾ ਚਾਹੀਦਾ ਹੈ

ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਤੋ ਪਹਿਲਾਂ ਹੀ ਜਸ਼ਨ ਨੇ ਪਰਿਵਾਰ ਨਾਲ ਰੋਜ਼ਾਨਾ ਵਾਂਗ ਗੱਲ ਕੀਤੀ ਸੀ ਪਰ ਬਾਅਦ 'ਚੋਂ ਜਦ ਫੋਨ ਨਹੀਂ ਆਇਆ ਅਤੇ ਨਾ ਹੀ ਫੋਨ 'ਤੇ ਗੱਲ ਹੋ ਪਾ ਰਹੀ ਸੀ ਤਾਂ ਉਹਨਾਂ ਨੇ ਉਸ ਦੇ ਸਾਥੀਆਂ ਨੂੰ ਪੁੱਛਿਆ।

ਦੀਵਾਲੀ ਵਾਲੇ ਦਿਨ ਪਰਿਵਾਰ ਨੂੰ ਪਤਾ ਲੱਗਾ ਕਿ ਇੱਕ ਸੜਕ ਹਾਦਸਾ ਹੋ ਗਿਆ ਹੈ।

ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਉਸ ਦੇ ਦੋਸਤਾਂ ਨੇ ਪੂਰੀ ਗੱਲ ਨਹੀਂ ਦੱਸੀ ਪਰ ਬਾਅਦ 'ਚ ਜਸ਼ਨ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਸ਼ਨ ਨਾਲ ਤਾਂ ਕੋਈ ਗੱਲ ਨਹੀਂ ਹੋ ਪਾ ਰਹੀ, ਬਸ ਉਸ ਦੇ ਦੋਸਤਾਂ ਅਤੇ ਮੀਡੀਆ ਤੋਂ ਹੀ ਪਤਾ ਲੱਗ ਰਿਹਾ ਹੈ।

ਕੀ ਹੈ ਪੂਰਾ ਮਾਮਲਾ?

ਜਸ਼ਨਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਰਤ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਇਨਸਾਫ ਦਵਾਇਆ ਜਾਏ

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਲੰਘੇ ਮੰਗਲਵਾਰ ਨੂੰ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਭਾਰਤ ਤੋਂ ਆਏ ਇੱਕ ਅਪਰਾਧੀ, ਗ਼ੈਰ-ਕਾਨੂੰਨੀ ਪਰਵਾਸੀ, ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਮੁਤਾਬਕ, ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਕਾਉਂਟੀ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਇੱਕ ਹਾਦਸੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਦਕਿ ਹੋਰ ਲੋਕ ਜ਼ਖ਼ਮੀ ਹੋਏ ਸਨ।

ਇਹ ਘਟਨਾ ਵੈਸਟਬਾਉਂਡ 10 ਫ੍ਰੀਵੇਅ 'ਤੇ ਵਾਪਰੀ, ਜਦੋਂ ਇੱਕ ਸੈਮੀ ਟਰੱਕ ਨੇ ਕੁਝ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਡੈਸ਼ਕੈਮ ਫੁਟੇਜ ਨੇ ਹਾਦਸੇ ਨੂੰ ਕੈਦ ਕਰ ਲਿਆ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਐੱਚਐੱਸ ਮੁਤਾਬਕ, ਜਸ਼ਨਪ੍ਰੀਤ ਸਿੰਘ ਪਹਿਲੀ ਵਾਰ 2022 ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਏ ਸਨ

ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਇਸ ਘਟਨਾ ਦੌਰਾਨ 10 ਫ੍ਰੀਵੇਅ 'ਤੇ ਸੈਮੀ ਟਰੱਕ ਡਰਾਈਵਰ ਜ਼ਸ਼ਨਪ੍ਰੀਤ ਸਿੰਘ ਨੇ ਬ੍ਰੇਕ ਨਹੀਂ ਲਗਾਈ ਅਤੇ ਉਸ ਨੇ ਅੱਠ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿੱਚ ਚਾਰ ਵਪਾਰਕ ਵਾਹਨ ਵੀ ਸ਼ਾਮਲ ਸਨ।

ਹਾਦਸੇ ਵਿੱਚ ਚਾਰ ਲੋਕ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਓਨਟਾਰਿਓ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਸਾਰੇ ਪੀੜਤ ਬਾਲਗ਼ ਸਨ।

ਡੀਐੱਚਐੱਸ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਸ਼ਨਪ੍ਰੀਤ ਸਿੰਘ ਪਹਿਲੀ ਵਾਰ 2022 ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਈਡਨ ਪ੍ਰਸ਼ਾਸਨ ਦੇ ਅਧੀਨ ਦੇਸ਼ ਵਿੱਚ ਰਿਹਾਅ ਕੀਤਾ ਗਿਆ ਸੀ।

ਸਹਾਇਕ ਸਕੱਤਰ ਟ੍ਰਿਸੀਆ ਮੈਕਲਾਫਲਿਨ ਨੇ ਕਿਹਾ, "ਇਹ ਇੱਕ ਭਿਆਨਕ ਦੁਖਾਂਤ ਹੈ ਕਿ ਲਾਪਰਵਾਹੀ ਨਾਲ ਬਣਾਈਆਂ ਖੁੱਲ੍ਹੀਆਂ ਸਰਹੱਦੀ ਨੀਤੀਆਂ ਕਾਰਨ ਤਿੰਨ ਮਾਸੂਮ ਜਾਨਾਂ ਚਲੀਆਂ ਗਈਆਂ ਹਨ। ਇਨ੍ਹਾਂ ਨੀਤੀਆਂ ਨੇ ਇੱਕ ਗ਼ੈਰ-ਕਾਨੂੰਨੀ ਪਰਵਾਸੀ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖ਼ਲ ਹੋਣ ਤੇ ਅਮਰੀਕੀ ਹਾਈਵੇਅ 'ਤੇ 18-ਪਹੀਆ ਵਾਹਨ ਚਲਾਉਣ ਦੀ ਆਗਿਆ ਦਿੱਤੀ।"

ਉਸਨੇ ਅੱਗੇ ਕਿਹਾ, "ਇਹ ਹਾਦਸਾ ਅਮਰੀਕਾ ਦੀਆਂ ਸੜਕਾਂ 'ਤੇ ਗ਼ੈਰ-ਕਾਨੂੰਨੀ ਵਿਦੇਸ਼ੀਆਂ ਵੱਲੋਂ 18-ਪਹੀਆ ਵਾਹਨਾਂ ਅਤੇ ਸੈਮੀ-ਟਰੱਕ ਚਲਾਉਣ ਦੀ ਇੱਕ ਪਰੇਸ਼ਾਨ ਕਰਨ ਵਾਲੀ ਪ੍ਰਵਿਰਤੀ ਦਾ ਹਿੱਸਾ ਹੈ।"

ਇਸ ਹਫ਼ਤੇ ਦੇ ਸ਼ੁਰੂ ਵਿੱਚ ਡੀਐੱਚਐੱਸ ਨੇ ਇੰਡੀਆਨਾ ਵਿੱਚ ਵਾਪਰੇ ਇੱਕ ਹੋਰ ਘਾਤਕ ਹਾਦਸੇ ਬਾਰੇ ਦੱਸਿਆ ਜੋ ਇੱਕ ਗ਼ੈਰ-ਕਾਨੂੰਨੀ ਪਰਦੇਸੀ ਵੱਲੋਂ ਇੱਕ ਸੈਮੀ-ਟਰੱਕ ਚਲਾਉਣ ਕਾਰਨ ਵਾਪਰਿਆ ਸੀ।

ਉਨ੍ਹਾਂ ਨੇ ਕਿਹਾ, "ਰਾਸ਼ਟਰਪਤੀ ਟਰੰਪ ਅਤੇ ਸਕੱਤਰ ਨੋਏਮ ਦੀ ਅਗਵਾਈ ਵਿੱਚ ਆਈਸੀਈ ਅਮਰੀਕਾ ਦੀਆਂ ਸੜਕਾਂ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)