ਫਲੋਰੀਡਾ ਵਿੱਚ ਪੰਜਾਬੀ ਡਰਾਈਵਰ ਦੀ ਸੜਕ ਹਾਦਸੇ ਦੇ ਕੇਸ 'ਚ ਗ੍ਰਿਫ਼ਤਾਰੀ ਮਗਰੋਂ ਪਰਵਾਸੀ ਟਰੱਕ ਡਰਾਈਵਰਾਂ ਲਈ ਮੁਸ਼ਕਲਾਂ ਵੱਧ ਗਈਆਂ

ਮੁਲਜ਼ਮ ਦੋਵੇਂ ਭਰਾ ਹਨ

ਤਸਵੀਰ ਸਰੋਤ, homeland security

ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰਿਆ ਟਰੱਕ ਹਾਦਸਾ 10 ਦਿਨਾਂ ਬਾਅਦ ਵੀ ਗਰਮਾਇਆ ਹੋਇਆ ਹੈ।

ਇਸ ਮਾਮਲੇ ਵਿੱਚ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਂਦੇ ਲਾਇਸੈਂਸਾਂ ਅਤੇ ਵਰਕਰ ਵੀਜ਼ਾ ਉਪਰ ਵੀ ਸਵਾਲ ਉੱਠੇ। ਹੁਣ ਅਮਰੀਕੀ ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰ ਵੀਜ਼ਾ ਦੇਣ ਉਪਰ ਰੋਕ ਲਗਾਉਣ ਦੀ ਗੱਲ ਕੀਤੀ ਹੈ।

ਉਥੇ ਹੀ ਇਸ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਟਰੱਕ ਡਰਾਈਵਰ ਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਲਿਆਂਦਾ ਗਿਆ ਹੈ।

12 ਅਗਸਤ ਨੂੰ ਵਾਪਰੇ ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ।

ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਹੋਇਆ, ਜਿਸ ਵਿੱਚ ਤਿੰਨ ਲੋਕ ਮਾਰੇ ਗਏ।

"ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਪ੍ਰਤੱਖ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪਰਵਾਹੀ ਨਾਲ ਚਲਾ ਰਿਹਾ ਅਤੇ ਅਜਿਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ਼ ਐਮਰਜੈਂਸੀ ਜਾਂ ਪੁਲਿਸ ਦੇ ਵਾਹਨ ਹੀ ਵਰਤ ਸਕਦੇ ਹਨ।"

ਐੱਫਐੱਲਐੱਚਐੱਸਐੱਸਵੀ ਮੁਤਾਬਕ ਟਰੱਕ ਡਰਾਇਵਰ ਦਾ ਨਾਮ ਹਰਜਿੰਦਰ ਸਿੰਘ ਹੈ ਅਤੇ ਉਹ ਸਾਲ 2018 ਵਿੱਚ ਅਮਰੀਕਾ ਵਿੱਚ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਇਆ ਸੀ।

ਅਮਰੀਕਾ ਸਰਕਾਰ ਨੇ ਕੀ ਕਿਹਾ

12 ਅਗਸਤ ਨੂੰ ਵਾਪਰੇ ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਡਰਾਈਵਰ ਕੈਲੀਫੋਰਨੀਆ ਪਰਤ ਗਿਆ ਸੀ ਅਤੇ ਉਸ ਨੂੰ ਚਾਰ ਦਿਨ ਬਾਅਦ ਯੂਐੱਸ ਮਾਰਸ਼ਲਜ਼ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਹਾਦਸੇ ਮਗਰੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਚਰਚਾ ਵਿੱਚ ਆਇਆ ਸੀ।

22 ਅਗਸਤ ਨੂੰ ਅਮਰੀਕਾ ਦੇ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਉੱਤੇ ਲਿਖਿਆ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰਜ਼ ਵੀਜ਼ੇ ਦਿੱਤੇ ਜਾਣ ਉੱਤੇ ਤੁਰੰਤ ਰੋਕ ਲਾਈ ਜਾ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ ਅਮਰੀਕਾ ਵਿੱਚ ਵਿਦੇਸ਼ੀ ਡਰਾਈਵਰਾਂ ਵੱਲੋਂ ਅਮਰੀਕੀ ਸੜਕਾਂ ਉੱਤੇ ਟਰੈਕਟਰ-ਟਰੇਲਰ ਚਲਾਏ ਜਾਣ ਦੀ ਗਿਣਤੀ ਦਾ ਵਧਣਾ ਅਮਰੀਕੀਆਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਅਮਰੀਕੀ ਟਰੱਕ ਡਰਾਇਵਰਾਂ ਕੋਲੋਂ ਉਨ੍ਹਾਂ ਦਾ ਰੁਜ਼ਗਾਰ ਖੁੰਝ ਰਿਹਾ ਹੈ।

ਮਾਰਕੋ ਰੂਬੀਓ

ਤਸਵੀਰ ਸਰੋਤ, Secretary Marco Rubio/X

ਤਸਵੀਰ ਕੈਪਸ਼ਨ, ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰ ਵੀਜ਼ਾ ਦੇਣ ਉਪਰ ਰੋਕ ਬਾਰੇ ਮਾਰਕੋ ਰੂਬੀਓ ਨੇ ਜਾਣਕਾਰੀ ਦਿੱਤੀ

ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਹਨ ਭਰਾ

ਸੈਮੀ-ਟਰੱਕ ਵਿੱਚ ਹਰਜਿੰਦਰ ਸਿੰਘ ਨਾਲ ਬੈਠੇ ਸ਼ਖ਼ਸ ਬਾਰੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ ਬਿਆਨ ਜਾਰੀ ਕੀਤਾ ਹੈ।

ਡੀਐੱਚਐੱਸ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਵੱਲੋਂ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਬਿਆਨ ਮੁਤਾਬਕ ਹਰਜਿੰਦਰ ਅਤੇ ਹਰਨੀਤ ਦੋਵੇਂ ਭਰਾ ਹਨ।

ਅੱਗੇ ਲਿਖਿਆ ਗਿਆ ਹੈ ਕਿ ਹਰਨੀਤ ਨੂੰ ਬਾਰਡਰ ਪੈਟਰੋਲ ਵੱਲੋਂ 15 ਮਈ 2023 ਨੂੰ ਫੜਿਆ ਗਿਆ ਸੀ ਅਤੇ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ।

ਟਰੱਕ ਡਰਾਈਵਰ

ਤਸਵੀਰ ਸਰੋਤ, TikTok/GuruBatth5

ਤਸਵੀਰ ਕੈਪਸ਼ਨ, ਫਲੋਰੀਡਾ ਵਿੱਚ ਇੱਕ ਟਰੱਕ ਤੇ ਕਾਰ ਹਾਦਸੇ ਦੌਰਾਨ ਤਿੰਨ ਮੌਤਾਂ ਹੋ ਗਈਆਂ

ਅਮਰੀਕਾ ਦੇ ਕੈਲੀਫੋਰਨੀਆ ਅਤੇ ਫਲੋਰੀਡਾ ਸੂਬਿਆਂ ਵੱਲੋਂ ਇਸ ਹਾਦਸੇ ਅਤੇ ਅਮਰੀਕਾ ਵਿੱਚ ਪਰਵਾਸ ਨੂੰ ਲੈ ਕੇ ਤਲਖ਼ ਬਿਆਨਬਾਜ਼ੀ ਵੀ ਹੋ ਰਹੀ ਹੈ।

ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿਨਸ ਨੇ ਕਿਹਾ ਕਿ ਇਸ ਲਈ ਕੈਲੀਫੋਰਨੀਆ ਦੀਆਂ ਨੀਤੀਆਂ ਜ਼ਿੰਮੇਵਾਰ ਹਨ।

ਦੂਜੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਦੇ ਪ੍ਰੈੱਸ ਦਫ਼ਤਰ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ ਫਲੋਰੀਡਾ ਨੇ ਇੱਕ ਕਤਲ ਦੇ ਮਾਮਲੇ ਦੇ ਸ਼ੱਕੀ ਨੂੰ ਜਾਣ ਦਿੱਤਾ, ਜਦਕਿ ਕੈਲੀਫੋਰਨੀਆ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ।

‘ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਦਾ ਹੋਵੇਗਾ ਨੁਕਸਾਨ’

ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨਏਪੀਏ) ਦੇ ਕਾਰਜਕਾਰੀ ਨਿਰਦੇਸ਼ਕ ਨੇ ਸਰਕਾਰ ਦੇ ਇਸ ਫੈਸਲੇ ਉਪਰ ਚਿੰਤਾ ਪ੍ਰਗਟਾਈ ਹੈ।

ਉਨ੍ਹਾਂ ਨੇ ਕਿਹਾ, "ਅਮਰੀਕੀ ਸਰਕਾਰ ਮੁਤਾਬਕ ਜਿਸ ਨੇ ਹੁਣ ਟਰੱਕ ਚਲਾਉਣਾ, ਉਹ ਜਾਂ ਤਾਂ ਗਰੀਨ ਕਾਰਡ ਹੋਲਡਰ ਹੋਣਾ ਚਾਹੀਦਾ ਜਾਂ ਇਥੋਂ ਦਾ ਸਿਟੀਜ਼ਨ ਹੋਣਾ ਚਾਹੀਦਾ। ਇਨ੍ਹਾਂ ਦੋ ਕੈਟੇਗਿਰੀਆਂ ਤੋਂ ਇਲਾਵਾ ਕੋਈ ਹੋਰ ਟਰੱਕ ਨਹੀਂ ਚਲਾ ਸਕਦਾ। ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਦਾ ਹੋਇਆ, ਜੋ ਵੱਡੀ ਗਿਣਤੀ ਟਰੱਕ ਚਲਾਉਂਦੇ ਹਨ। ਇਸ ਹਾਦਸੇ ਤੋਂ ਬਾਅਦ ਹਾਲਾਤ ਬਹੁਤੇ ਵਧੀਆ ਨਹੀਂ ਰਹਿਣਗੇ। ਇਸ ਨਾਲ ਕਿੱਤੇ ਵਜੋਂ ਜੋ ਘਾਟਾ ਪੈਣਾ ਸੀ ਉਹ ਤਾਂ ਪਿਆ ਹੀ, ਆਰਥਿਕ ਤੌਰ 'ਤੇ ਵੀ ਇਸ ਨਾਲ ਨੁਕਸਾਨ ਹੋਵੇਗਾ। "

ਸਿੱਖਸ ਆਫ ਅਮੇਰਿਕਾ ਨੇ ਕੀ ਕਿਹਾ

ਖਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵੱਲੋਂ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵੀਜ਼ੇ ਰੋਕਣ ਦੇ ਫ਼ੈਸਲੇ ਉਪਰ ਸਿੱਖਸ ਆਫ ਅਮੇਰਿਕਾ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਜਸਦੀਪ ਸਿੰਘ ਜੇਸੀ ਨੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਅਮਰੀਕੀ ਸਰਕਾਰ ਨੂੰ ਸਾਰੀਆਂ ਖਾਮੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਉਹ ਗੈਰ-ਕਾਨੂੰਨੀ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਇਸ ਤਰ੍ਹਾਂ ਵੰਡ ਰਹੇ ਹਨ, ਜਿਵੇਂ ਮਠਿਆਈਆਂ ਵੰਡੀਆਂ ਜਾਂਦੀਆਂ ਹੈ। ਇਹ ਸਭ ਗਲਤ ਹੈ।"

ਜਸਦੀਪ ਸਿੰਘ

ਤਸਵੀਰ ਸਰੋਤ, Press Trust of India/x

ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਵੀ ਲਾਇਸੈਂਸ ਪ੍ਰਕਿਰਿਆ 'ਤੇ ਚੁੱਕੇ ਸਵਾਲ

ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਇਸ ਘਟਨਾ ਉਪਰ ਬਿਆਨ ਜਾਰੀ ਕਰਦਿਆਂ ਹਾਦਸੇ ਦੇ ਮੁਲਜ਼ਮ ਡਰਾਈਵਰ ਨੂੰ ਵਪਾਰਕ ਲਾਇਸੈਂਸ ਦਿੱਤੇ ਜਾਣ 'ਤੇ ਸਵਾਲ ਚੁੱਕੇ ਸਨ।

ਐਸੋਸੀਏਸ਼ਨ ਦੇ ਮੁੱਖ ਸੰਚਾਲਨ ਅਧਿਕਾਰੀ ਡੈਨ ਹੋਰਵਥ ਨੇ ਕਿਹਾ, "ਫਲੋਰੀਡਾ ਹਾਈਵੇਅ ਸੇਫਟੀ ਅਤੇ ਮੋਟਰ ਵ੍ਹੀਕਲਜ਼ ਵਿਭਾਗ ਦੀਆਂ ਸ਼ੁਰੂਆਤੀ ਰਿਪੋਰਟਾਂ ਹਨ ਕਿ ਡਰਾਈਵਰ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ, ਇਹ ਹੋਰ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਕਿਵੇਂ ਅਤੇ ਕਿਉਂ ਯੋਗ ਸੀ? ਇਸ ਸਵਾਲ ਦਾ ਜਵਾਬ ਕੈਲੀਫੋਰਨੀਆ ਦੇ ਪ੍ਰਸ਼ਾਸਨ ਨੂੰ ਦੇਣਾ ਪਵੇਗਾ।"

ਡੈਨ ਹੋਰਵਥ ਨੇ ਕਿਹਾ, "ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਐਂਟਰੀ-ਲੈਵਲ ਡਰਾਈਵਰ ਸਿਖਲਾਈ ਦਾ ਮਜ਼ਬੂਤ ਮਿਆਰ ਬਹੁਤ ਮਹੱਤਵਪੂਰਨ ਹੈ।"

ਡੈਨ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਅਤੇ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਸਟ੍ਰੇਸ਼ਨ ਤੋਂ ਇਹ ਯਕੀਨੀ ਬਣਾਉਣ ਲਈ ਮੰਗ ਕਰਦੇ ਹਨ ਕਿ ਗ਼ੈਰ-ਲਾਇਸੈਂਸਸ਼ੁਦਾ ਅਤੇ ਅਯੋਗ ਸੰਸਥਾਵਾਂ ਨੂੰ ਸਿਖਲਾਈ ਦੇਣ ਵਾਲੀਆਂ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)