ਹਵਾਈ ਯਾਤਰਾ ਦੌਰਾਨ ਮੌਸਮੀ ਗੜਬੜਾਂ ਕਿਵੇਂ ਜਹਾਜ਼ਾਂ ਲਈ ਖ਼ਤਰੇ ਪੈਦਾ ਕਰ ਰਹੀਆਂ ਹਨ, ਇਨ੍ਹਾਂ 'ਚ ਵਾਧਾ ਕਿਉਂ ਹੋ ਰਿਹਾ ਹੈ

ਸਿੰਗਾਪੁਰ ਏਅਰਲਾਈਂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਾਪਮਾਨ ਵਿੱਚ ਤਬਦੀਲੀਆਂ ਅਤੇ ਉੱਪਰਲੇ ਵਾਯੂਮੰਡਲ ਵਿੱਚ ਹਵਾ ਦੇ ਪੈਟਰਨ ਬਦਲਣ ਨਾਲ ਗੰਭੀਰ ਗੜਬੜ ਦੀ ਬਾਰੰਬਾਰਤਾ ਅਤੇ ਤੀਬਰਤਾ ਵਧਣ ਦੀ ਉਮੀਦ
    • ਲੇਖਕ, ਸਾਈਮਨ ਕਿੰਗ
    • ਰੋਲ, ਬੀਬੀਸੀ ਪੱਤਰਕਾਰ

ਐਂਡਰਿਊ ਡੇਵਿਸ ਇੱਕ ਕੰਮ ਦੇ ਸਿਲਸਿਲੇ ਵਿੱਚ ਨਿਊਜ਼ੀਲੈਂਡ ਜਾ ਰਹੇ ਸਨ। ਉਹ ਉੱਥੇ ਹੋਣ ਵਾਲੀ ਡਾਕਟਰ ਹੂ ਪ੍ਰਦਰਸ਼ਨੀ ਦੇ ਪ੍ਰੋਜੈਕਟ ਮੈਨੇਜਰ ਸਨ।

ਲੰਡਨ ਤੋਂ ਸਿੰਗਾਪੁਰ ਤੱਕ ਦੀ ਉਨ੍ਹਾਂ ਦੀ ਉਡਾਣ ਦਾ ਪਹਿਲਾ ਪੜਾਅ ਕਾਫ਼ੀ ਠੀਕ ਰਿਹਾ ਸੀ। ਫਿਰ ਅਚਾਨਕ ਜਹਾਜ਼ ਵਿੱਚ ਗੰਭੀਰ ਗੜਬੜ ਹੋਣ ਗਈ।

ਉਹ ਯਾਦ ਕਰਦੇ ਹਨ, "ਮੈਂ ਕਹਿ ਸਕਦਾ ਹੈ ਇਹ ਕਿਸੇ ਰੋਲਰਕੋਸਟਰ 'ਤੇ ਸਵਾਰ ਹੋਣ ਵਰਗਾ ਲੱਗ ਰਿਹਾ ਸੀ।"

"ਪਹਿਲਾਂ ਸੀਟ ਉੱਤੇ ਬੈਠਿਆਂ ਹੀ ਜ਼ੋਰ ਨਾਲ ਧੱਕਾ ਲੱਗਿਆ ਅਤੇ ਫ਼ਿਰ ਅਸੀਂ ਸਾਰੇ ਅਚਾਨਕ ਡਿੱਗ ਪਏ। ਮੇਰਾ ਆਈਪੈਡ ਮੇਰੇ ਸਿਰ ਵਿੱਚ ਵੱਜਿਆ, ਕੌਫੀ ਮੇਰੇ ਉੱਤੇ ਪੂਰੀ ਤਰ੍ਹਾਂ ਡੁੱਲ੍ਹ ਗਈ। ਕੈਬਿਨ ਵਿੱਚ ਲੋਕਾਂ ਉੱਤੇ ਅਤੇ ਹਰ ਪਾਸੇ ਜਹਾਜ਼ ਦੇ ਚਿਥੜੇ ਡਿੱਗ ਰਹੇ ਸਨ।"

"ਲੋਕ ਰੋ ਰਹੇ ਸਨ ਅਤੇ ਜੋ ਹੋਇਆ ਸੀ ਉਸ 'ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ।"

ਡੇਵਿਸ ਕਹਿੰਦੇ ਹਨ, "ਮੈਂ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਸੀ।

ਹੋਰ ਯਾਤਰੀਆਂ ਦੇ ਸਰੀਰ 'ਤੇ ਜ਼ਖ਼ਮ ਸਨ ਅਤੇ ਕਈਆਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ।

73 ਸਾਲਾ ਜੈਫ ਕਿਚਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਗੜਬੜ ਦੇ ਨਤੀਜੇ ਵਜੋਂ ਮੌਤ ਬਹੁਤ ਘੱਟ ਹੁੰਦੀ ਹੈ। ਕੋਈ ਅਧਿਕਾਰਤ ਅੰਕੜੇ ਨਹੀਂ ਹਨ ਪਰ 1981 ਤੋਂ ਬਾਅਦ ਤਕਰੀਬਨ ਚਾਰ ਮੌਤਾਂ ਹੋਣ ਦਾ ਅਨੁਮਾਨ ਲਾਇਆ ਗਿਆ। ਹਾਲਾਂਕਿ, ਸੱਟਾਂ ਇੱਕ ਵੱਖਰੀ ਕਹਾਣੀ ਦੱਸਦੀਆਂ ਹਨ।

ਹਵਾਈ ਸਫ਼ਰ
ਤਸਵੀਰ ਕੈਪਸ਼ਨ, ਹਵਾਈ ਸਫ਼ਰ ਦੌਰਾਨ ਹੁੰਦੀਆਂ ਗੜਬੜਾਂ ਕਾਰਨ ਕਈ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਪੈਦਾ ਹੋ ਗਏ ਹਨ

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ 2009 ਤੋਂ ਲੈ ਕੇ ਹੁਣ ਤੱਕ ਇਕੱਲੇ ਅਮਰੀਕਾ ਵਿੱਚ ਹੀ 207 ਲੋਕਾਂ ਨੂੰ ਹਵਾਈ ਸਫ਼ਰ ਦੌਰਾਨ ਹੋਈ ਗੜਬੜ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇੱਥੇ ਇੱਕ ਵਿਅਕਤੀ ਨੂੰ 48 ਘੰਟਿਆਂ ਤੋਂ ਵੱਧ ਸਮੇਂ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। (ਇਨ੍ਹਾਂ ਵਿੱਚੋਂ 166 ਚਾਲਕ ਦਲ ਦੇ ਮੈਂਬਰ ਸਨ ਅਤੇ ਸ਼ਾਇਦ ਉਹ ਬੈਠੇ ਹੋਏ ਨਹੀਂ ਸਨ।)

ਪਰ ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ ਵਾਯੂਮੰਡਲ ਦੀਆਂ ਸਥਿਤੀਆਂ ਨੂੰ ਬਦਲਦਾ ਹੈ, ਮਾਹਰ ਚੇਤਾਵਨੀ ਦਿੰਦੇ ਹਨ ਕਿ ਹਵਾਈ ਯਾਤਰਾ ਹੋਰ ਵੀ ਮੁਸ਼ਕਲ ਹੋ ਸਕਦੀ ਹੈ।

ਤਾਪਮਾਨ ਵਿੱਚ ਤਬਦੀਲੀਆਂ ਅਤੇ ਉੱਪਰਲੇ ਵਾਯੂਮੰਡਲ ਵਿੱਚ ਹਵਾ ਦੇ ਪੈਟਰਨ ਬਦਲਣ ਨਾਲ ਗੰਭੀਰ ਗੜਬੜ ਦੀ ਬਾਰੰਬਾਰਤਾ ਅਤੇ ਤੀਬਰਤਾ ਵਧਣ ਦੀ ਉਮੀਦ ਹੈ।

ਰੀਡਿੰਗ ਯੂਨੀਵਰਸਿਟੀ ਦੇ ਵਾਯੂਮੰਡਲ ਵਿਗਿਆਨੀ ਪ੍ਰੋਫੈਸਰ ਪਾਲ ਵਿਲੀਅਮਜ਼ ਕਹਿੰਦੇ ਹਨ, "ਅਸੀਂ ਅਗਲੇ ਕੁਝ ਦਹਾਕਿਆਂ ਵਿੱਚ ਦੁਨੀਆ ਭਰ ਵਿੱਚ ਗੰਭੀਰ ਗੜਬੜ ਦੇ ਮਾਮਲਿਆਂ ਦੀ ਗਿਣਤੀ ਦੁੱਗਣੀ ਜਾਂ ਤਿੰਨ ਗੁਣਾ ਹੋਣ ਦੀ ਉਮੀਦ ਕਰ ਸਕਦੇ ਹਾਂ।"

"ਹੁਣ 10 ਮਿੰਟਾਂ ਤੱਕ ਅਨੁਭਵ ਕੀਤੀ ਜਾਣ ਵਾਲੀ ਗੰਭੀਰ ਗੜਬੜ ਹੋ ਸਕਦਾ ਹੈ ਵੱਧ ਕੇ 20 ਜਾਂ 30 ਮਿੰਟ ਤੱਕ ਹੋ ਜਾਵੇ।"

ਇਸ ਲਈ ਜੇਕਰ ਗੜਬੜ ਹੋਰ ਤੇਜ਼ ਹੋ ਜਾਂਦੀ ਹੈ ਤਾਂ ਕੀ ਇਹ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ। ਜਾਂ ਕੀ ਕੋਈ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਏਅਰਲਾਈਨਾਂ ਆਪਣੇ ਜਹਾਜ਼ਾਂ ਨੂੰ ਬਿਹਤਰ ਢੰਗ ਨਾਲ "ਗੜਬੜ-ਰੋਧਕ" ਬਣਾ ਸਕਦੀਆਂ ਹਨ?

ਸਿੰਗਾਪੁਰ ਏਅਰਲਾਈਨਜ਼

ਤਸਵੀਰ ਸਰੋਤ, REUTERS/Stringer

ਤਸਵੀਰ ਕੈਪਸ਼ਨ, ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿੱਚ ਗੜਬੜ ਕਾਰਨ ਜਹਾਜ਼ 4.6 ਸਕਿੰਟਾਂ ਵਿੱਚ 178 ਫੁੱਟ (54 ਮੀਟਰ) ਹੇਠਾਂ ਡਿੱਗ ਗਿਆ

ਉੱਤਰੀ ਐਟਲਾਂਟਿਕ ਦਾ ਔਖਾ ਰਸਤਾ

ਗੰਭੀਰ ਗੜਬੜ ਨੂੰ ਉਦੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਦੋਂ ਕਿਸੇ ਜਹਾਜ਼ ਦੀਆਂ ਉੱਪਰ ਅਤੇ ਹੇਠਾਂ ਦੀਆਂ ਹਰਕਤਾਂ ਹਵਾ ਵਿੱਚ ਗੜਬੜ ਕਰਕੇ ਤੁਹਾਡੇ ਸਰੀਰ 'ਤੇ 1.5 ਗ੍ਰਾਮ ਤੋਂ ਵੱਧ ਬਲ ਪਾਉਂਦੀਆਂ ਹਨ।

ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੀਟਬੈਲਟ ਨਹੀਂ ਲਗਾਈ ਹੋਈ ਹੁੰਦੀ ਤਾਂ ਇਹ ਤੁਹਾਨੂੰ ਆਪਣੀ ਸੀਟ ਤੋਂ ਉੱਪਰ ਚੁੱਕਣ ਜਾਂ ਤੁਹਾਡੇ ਹੇਠਾਂ ਡਿੱਗਣ ਲਈ ਕਾਫ਼ੀ ਹੁੰਦਾ ਹੈ।

ਅੰਦਾਜ਼ੇ ਦਰਸਾਉਂਦੇ ਹਨ ਕਿ ਹਰ ਸਾਲ ਤਕਰੀਬਨ 5,000 ਗੰਭੀਰ ਜਾਂ ਵੱਧ ਗੜਬੜ ਦੀਆਂ ਘਟਨਾਵਾਂ ਹੁੰਦੀਆਂ ਹਨ। ਇਹ ਅੰਕੜਾ ਕੌਮਾਂਤਰੀ ਪੱਧਰ ਉੱਤੇ ਭਰੀਆ ਜਾਣ ਵਾਲੀਆਂ ਕੁੱਲ 35 ਮਿਲੀਅਨ ਤੋਂ ਵੱਧ ਉਡਾਣਾਂ ਦੇ ਆਧਾਰ ਉੱਤੇ ਲਿਆ ਗਿਆ ਹੈ।

ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ ਦੀ ਸਾਲਾਨਾ ਸੁਰੱਖਿਆ ਰਿਪੋਰਟ ਮੁਤਾਬਕ 2023 ਦੌਰਾਨ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਹੋਈਆਂ ਗੰਭੀਰ ਸੱਟਾਂ ਵਿੱਚੋਂ ਤਕਰੀਬਨ 40 ਫ਼ੀਸਦ ਗੜਬੜ ਕਾਰਨ ਹੋਈਆਂ।

ਯੂਕੇ, ਅਮਰੀਕਾ, ਕੈਨੇਡਾ ਅਤੇ ਕੈਰੇਬੀਅਨ ਵਿਚਕਾਰ ਰਸਤਾ ਪ੍ਰਭਾਵਿਤ ਹੋਏ ਖੇਤਰਾਂ ਵਿੱਚੋਂ ਇੱਕ ਹੈ।

ਪਿਛਲੇ 40 ਸਾਲਾਂ ਵਿੱਚ ਜਦੋਂ ਤੋਂ ਸੈਟੇਲਾਈਟਾਂ ਨੇ ਵਾਯੂਮੰਡਲ ਦਾ ਨਿਰੀਖਣ ਕਰਨਾ ਸ਼ੁਰੂ ਕੀਤਾ ਹੈ, ਉੱਤਰੀ ਐਟਲਾਂਟਿਕ ਉੱਤੇ ਗੰਭੀਰ ਗੜਬੜ ਵਿੱਚ 55 ਫ਼ੀਸਦ ਵਾਧਾ ਹੋਇਆ ਹੈ।

ਪਰ ਇੱਕ ਤਾਜ਼ਾ ਅਧਿਐਨ ਮੁਤਾਬਕ ਹੋਰ ਖੇਤਰਾਂ ਵਿੱਚ ਵੀ ਗੜਬੜ ਦੀ ਬਾਰੰਬਾਰਤਾ ਵਧਣ ਦਾ ਅਨੁਮਾਨ ਹੈ। ਇਨ੍ਹਾਂ ਖੇਤਰਾਂ ਵਿੱਚ ਪੂਰਬੀ ਏਸ਼ੀਆ, ਉੱਤਰੀ ਅਫਰੀਕਾ, ਉੱਤਰੀ ਪ੍ਰਸ਼ਾਂਤ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਦੇ ਕੁਝ ਖੇਤਰ ਸ਼ਾਮਲ ਹਨ।

ਜਲਵਾਯੂ ਪਰਿਵਰਤਨ ਦਾ ਪ੍ਰਭਾਵ

ਗੜਬੜ ਦੇ ਤਿੰਨ ਮੁੱਖ ਕਾਰਨ ਹਨ, ਸੰਚਾਲਕ (ਬੱਦਲ ਜਾਂ ਗਰਜ), ਓਰੋਗ੍ਰਾਫਿਕ (ਪਹਾੜੀ ਖੇਤਰਾਂ ਦੇ ਆਲੇ-ਦੁਆਲੇ ਹਵਾ ਦਾ ਪ੍ਰਵਾਹ) ਅਤੇ ਸਾਫ਼-ਹਵਾ (ਹਵਾ ਦੀ ਦਿਸ਼ਾ ਜਾਂ ਗਤੀ ਵਿੱਚ ਤਬਦੀਲੀ)।

ਹਰੇਕ ਕਿਸਮ ਗੰਭੀਰ ਗੜਬੜ ਲਿਆ ਸਕਦੀ ਹੈ।

ਕਨਵੈਕਟਿਵ ਅਤੇ ਓਰੋਗ੍ਰਾਫਿਕ ਅਕਸਰ ਵਧੇਰੇ ਟਾਲਣਯੋਗ ਹੁੰਦੇ ਹਨ। ਇਹ ਸਾਫ਼-ਹਵਾ ਦੀ ਗੜਬੜ ਹੈ ਜੋ, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਸਕਦਾ ਹੈ ਦੇਖੀ ਨਹੀਂ ਜਾ ਸਕਦੀ। ਕਈ ਵਾਰ ਇਹ ਅਚਾਨਕ ਵਾਪਰ ਜਾਂਦੀ ਹੈ।

ਜਲਵਾਯੂ ਪਰਿਵਰਤਨ ਸੰਚਾਲਕ ਅਤੇ ਸਾਫ਼-ਹਵਾ ਕਾਰਨ ਹੋਣ ਵਾਲੀਆਂ ਗੜਬੜੀਆਂ ਨੂੰ ਵਧਾਉਣ ਵਿੱਚ ਇੱਕ ਵੱਡਾ ਕਾਰਕ ਹੈ।

ਜਦੋਂ ਕਿ ਜਲਵਾਯੂ ਪਰਿਵਰਤਨ ਅਤੇ ਹਨੇਰੀ ਝੱਖੜ ਦੇ ਹਾਲਾਤ ਹੋਣ ਤਾਂ ਸਥਿਤੀ ਹੋਰ ਗੁੰਝਲਦਾਰ ਹੁੰਦੀ ਹੈ।

ਇੱਕ ਗਰਮ ਵਾਤਾਵਰਣ ਵਧੇਰੇ ਨਮੀ ਨੂੰ ਰੋਕ ਸਕਦਾ ਹੈ ਅਤੇ ਵਾਧੂ ਗਰਮੀ ਅਤੇ ਨਮੀ ਮਿਲ ਕੇ ਵਧੇਰੇ ਤੀਬਰ ਬਦਲਾਂ ਵਿੱਚ ਗਰਜ ਪੈਦਾ ਕਰਦੇ ਹਨ।

ਇਸਨੂੰ ਟਰਬੂਲੈਂਸ ਨਾਲ ਜੋੜੀਏ ਤਾਂ ਕਨਵੈਕਟਿਵ ਟਰਬੂਲੈਂਸ ਵਾਯੂਮੰਡਲ ਵਿੱਚ ਹਵਾ ਦੇ ਉੱਪਰ ਅਤੇ ਹੇਠਾਂ ਜਾਣ ਦੀ ਭੌਤਿਕ ਪ੍ਰਕਿਰਿਆ ਕਾਰਨ ਪੈਦਾ ਹੁੰਦੀ ਹੈ, ਖ਼ਾਸ ਕਰਕੇ ਬੱਦਲਾਂ ਦੇ ਅੰਦਰ।

ਤੁਹਾਨੂੰ ਕਿਊਮੂਲੋਨਿੰਬਸ, ਜਾਂ ਗਰਜਦੇ ਬੱਦਲਾਂ ਨਾਲੋਂ ਜ਼ਿਆਦਾ ਹਿੰਸਕ ਕੁਝ ਹੋਰ ਨਹੀਂ ਮਿਲੇਗਾ ਫਿਰ ਚਾਹੇ ਉਹ ਧਰਤੀ ਹੋਵੇ ਤਾਂ ਅਸਮਾਨ।

ਗਰਜਦੇ ਬੱਦਲ ਹੀ 2024 ਵਿੱਚ ਐਂਡਰਿਊ ਡੇਵਿਸ ਦੀ ਯਾਤਰਾ 'ਤੇ ਆਈ ਗੰਭੀਰ ਉਥਲ-ਪੁਥਲ ਦਾ ਕਾਰਨ ਸੀ।

ਹਵਾਈ ਯਾਤਰਾ

ਤਸਵੀਰ ਸਰੋਤ, MediaNews Group/Boston Herald via Getty Images

ਤਸਵੀਰ ਕੈਪਸ਼ਨ, 2014 ਦੇ ਇੱਕ ਅਮਰੀਕੀ ਅਧਿਐਨ ਵਿੱਚ ਪਾਇਆ ਗਿਆ ਕਿ ਵਿਸ਼ਵ ਤਾਪਮਾਨ ਵਿੱਚ ਹਰ 1 ਡਿਗਰੀ ਸੈਲਸੀਅਸ ਵਾਧੇ ਨਾਲ, ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 12% ਦਾ ਵਾਧਾ ਹੁੰਦਾ ਹੈ

ਸਿੰਗਾਪੁਰ ਦੇ ਟਰਾਂਸਪੋਰਟ ਸੇਫਟੀ ਇਨਵੈਸਟੀਗੇਸ਼ਨ ਬਿਊਰੋ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜਹਾਜ਼ ਦੱਖਣੀ ਮਿਆਂਮਾਰ ਉੱਤੇ ਸੰਭਾਵਿਤ ਤੌਰ 'ਤੇ ਸੰਵੇਦਨਸ਼ੀਲ ਗਤੀਵਿਧੀ ਦੇ ਖੇਤਰ ਉੱਤੇ ਉੱਡ ਰਿਹਾ ਸੀ ਜਿਸ ਕਾਰਨ 19 ਸਕਿੰਟਾਂ ਤੱਕ ਬਹੁਤ ਜ਼ਿਆਦਾ ਗੜਬੜ ਹੋਈ ਜਿਸ ਵਿੱਚ ਪੰਜ ਸਕਿੰਟਾਂ ਤੋਂ ਘੱਟ ਸਮੇਂ ਵਿੱਚ 178 ਫੁੱਟ ਦੀ ਗਿਰਾਵਟ ਸ਼ਾਮਲ ਸੀ।

ਯਾਨੀ ਜਹਾਜ਼ ਤਿਆਰੀ ਬਗ਼ੈਰ ਹੀ ਇੰਨਾ ਹੇਠਾਂ ਆ ਗਿਆ।

2014 ਵਿੱਚ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਅਮਰੀਕਾ ਦੇ ਇੱਕ ਅਧਿਐਨ ਨੇ ਦਿਖਾਇਆ ਕਿ ਵਿਸ਼ਵ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਵਾਧੇ ਨਾਲ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 12 ਫ਼ੀਸਦ ਦਾ ਵਾਧਾ ਹੋਇਆ ਹੈ।

ਕੈਪਟਨ ਨਾਥਨ ਡੇਵਿਸ ਇੱਕ ਵਪਾਰਕ ਏਅਰਲਾਈਨ ਦੇ ਪਾਇਲਟ ਹਨ।

ਉਹ ਕਹਿੰਦੇ ਹਨ, "ਮੈਂ ਪਿਛਲੇ ਕੁਝ ਸਾਲਾਂ ਵਿੱਚ 80 ਮੀਲ ਤੋਂ ਵੱਧ ਵਿਆਸ ਵਿੱਚ ਫੈਲਦੇ ਵੱਡੇ ਤੂਫਾਨੀ ਸੈੱਲ ਵੇਖੇ ਹਨ, ਜਿਨ੍ਹਾਂ ਦੇ ਹੋਣ ਦੀ ਆਮ ਤੌਰ 'ਤੇ ਬਹੁਤ ਘੱਟ ਆਸ ਰੱਖਦੇ ਹੋ।"

ਇਹ ਵੀ ਪੜ੍ਹੋ-

ਉਹ ਅੱਗੇ ਕਹਿੰਦੇ ਹਨ, "ਵੱਡੇ ਕਿਊਮੂਲੋਨਿੰਬਸ ਬੱਦਲਾਂ ਨੂੰ ਦੇਖਣਾ ਸੌਖਾ ਹੁੰਦਾ ਹੈ ਜਦੋਂ ਤੱਕ ਕਿ ਉਹ ਦੂਜੇ ਬੱਦਲਾਂ ਦੇ ਅੰਦਰ ਨਾ ਹੋਣ, ਇਸ ਲਈ ਅਸੀਂ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਸਕਦੇ ਹਾਂ।"

ਸਾਫ਼-ਹਵਾ ਵਿੱਚ ਗੜਬੜ ਵੀ ਜਲਦੀ ਹੀ ਵਧ ਸਕਦੀ ਹੈ।

ਇਹ ਜੈੱਟ ਸਟ੍ਰੀਮ ਦੇ ਅੰਦਰ ਅਤੇ ਆਲੇ-ਦੁਆਲੇ ਖਰਾਬ ਹਵਾ ਕਾਰਨ ਹੁੰਦੀ ਹੈ (ਵਾਯੂਮੰਡਲ ਵਿੱਚ ਲਗਭਗ ਛੇ ਮੀਲ 'ਤੇ ਇੱਕ ਤੇਜ਼ ਗਤੀ ਵਾਲੀ ਹਵਾ, ਜੋ ਕਿ ਜਹਾਜ਼ਾਂ ਦੇ ਕਰੂਜ਼ ਹੋਣ ਦੀ ਉਚਾਈ ਦੇ ਬਰਾਬਰ ਹੈ)।

ਐਟਲਾਂਟਿਕ ਦੇ ਪਾਰ ਪੱਛਮ ਤੋਂ ਪੂਰਬ ਵੱਲ ਯਾਤਰਾ ਕਰਨ ਵਾਲੀ ਜੈੱਟ ਸਟ੍ਰੀਮ ਵਿੱਚ ਹਵਾ ਦੀ ਗਤੀ 160 ਐੱਮਪੀਐੱਚ ਤੋਂ 250 ਐੱਮਪੀਐੱਚ ਤੱਕ ਹੋ ਸਕਦੀ ਹੈ।

ਉੱਤਰ ਵੱਲ ਠੰਢੀ ਹਵਾ ਅਤੇ ਦੱਖਣ ਵੱਲ ਗਰਮ ਹਵਾ ਹੈ, ਤਾਪਮਾਨ ਦਾ ਇਹ ਫ਼ਰਕ ਅਤੇ ਹਵਾਵਾਂ ਵਿੱਚ ਬਦਲਾਅ ਹਵਾਈ ਜਹਾਜ਼ਾਂ ਲਈ ਸਮਾਂ ਅਤੇ ਤੇਲ ਬਚਾਉਣ ਲਈ ਟੇਲਵਿੰਡ ਵਜੋਂ ਵਰਤਣ ਲਈ ਫਾਇਦੇਮੰਦ ਹਨ। ਪਰ ਇਹ ਗੜਬੜ ਵਾਲੀ ਹਵਾ ਵੀ ਪੈਦਾ ਕਰਦਾ ਹੈ।

ਪ੍ਰੋਫੈਸਰ ਵਿਲੀਅਮਜ਼ ਦੱਸਦੇ ਹਨ, "ਜਲਵਾਯੂ ਪਰਿਵਰਤਨ ਜੈੱਟ ਸਟ੍ਰੀਮ ਦੇ ਦੱਖਣ ਵੱਲ ਹਵਾ ਨੂੰ ਉੱਤਰ ਵੱਲ ਹਵਾ ਦੇ ਮੁਕਾਬਲੇ ਵੱਧ ਗਰਮ ਕਰ ਰਿਹਾ ਹੈ, ਇਸ ਲਈ ਤਾਪਮਾਨ ਦੇ ਅੰਤਰ ਨੂੰ ਹੋਰ ਤੀਬਰਤਾ ਨਾਲ ਮਾਪਿਆ ਜਾ ਸਕਦਾ ਹੈ।"

"ਜੋ ਬਦਲੇ ਵਿੱਚ ਇੱਕ ਮਜ਼ਬੂਤ ਜੈੱਟ ਸਟ੍ਰੀਮ ਨੂੰ ਚਲਾ ਰਿਹਾ ਹੈ।"

'ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ'

ਗੰਭੀਰ ਗੜਬੜ ਵਿੱਚ ਵਾਧਾ ਜੋ ਤੁਹਾਨੂੰ ਆਪਣੀ ਸੀਟ ਤੋਂ ਸੁੱਟਣ ਲਈ ਕਾਫ਼ੀ ਹੈ ਸੰਭਾਵੀ ਤੌਰ 'ਤੇ ਸੱਟਾਂ ਦੀਆਂ ਹੋਰ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ ਜਾਂ ਸਭ ਤੋਂ ਗੰਭੀਰ ਮਾਮਲਿਆਂ ਵਿੱਚ ਮੌਤ ਹੋ ਸਕਦੀ ਹੈ ਅਤੇ ਕੁਝ ਯਾਤਰੀ ਅਜਿਹੀਆਂ ਘਟਨਾਵਾਂ ਤੋਂ ਲੈ ਕੇ ਚਿੰਤਤ ਹਨ।

ਡੇਵਿਸ ਲਈ ਹੋਰ ਗੜਬੜ ਦੀ ਸੰਭਾਵਨਾ ਚਿੰਤਾਜਨਕ ਹੈ।

ਉਹ ਕਹਿੰਦੇ ਹਨ,"ਇਹ ਬਹੁਤ ਸਾਰੇ ਲੋਕਾਂ ਨਾਲ ਜੁੜਿਆ ਹੋਇਆ ਹੈ। ਸਿਰਫ਼ ਮੇਰੇ ਲਈ ਹੀ ਨਹੀਂ, ਸਗੋਂ ਮੇਰੇ ਬੱਚਿਆਂ ਲਈ ਵੀ ਚਿੰਤਾ ਦਾ ਵਿਸ਼ਾ ਹੈ।"

"ਮੈਨੂੰ ਖੁਸ਼ੀ ਹੈ ਕਿ ਅਜਿਹੀ ਗੰਭੀਰ ਘਟਨਾ ਕੋਈ ਹੋਰ ਨਹੀਂ ਵਾਪਰੀ ਜਿਸ ਤਰ੍ਹਾਂ ਦੀ ਮੇਰੇ ਨਾਲ ਵਾਪਰੀ, ਪਰ ਮੈਨੂੰ ਲੱਗਦਾ ਹੈ ਕਿ ਇਸ ਨਾਲ ਸਾਨੂੰ ਸਾਰਿਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ।"

ਯੂਗੋਵ ਦੇ ਇੱਕ ਤਾਜ਼ਾ ਸਰਵੇਖਣ ਮੁਤਾਬਕ ਯੂਕੇ ਦੇ ਹਰ ਪੰਜਵੇਂ ਬਾਲਗ ਦਾ ਕਹਿਣਾ ਹੈ ਕਿ ਉਹ ਉਡਾਣ ਭਰਨ ਤੋਂ ਡਰਦਾ ਹੈ ਅਤੇ ਗੜਬੜ ਦੇ ਮਾਮਲਿਆਂ ਕਾਰਨ ਹਵਾਈ ਯਾਤਰਾਵਾਂ ਹੋਰ ਵੀ ਭਿਆਨਕ ਸੁਪਨਾ ਬਣ ਸਕਦੀਆਂ ਹਨ।

ਜਿਵੇਂ ਕਿ ਵੈਂਡੀ ਬਾਰਕਰ ਜੋ ਕਿ ਨਾਰਫੋਕ ਤੋਂ ਉਡਾਨ ਭਰਨ ਵਾਲੇ ਹਨ ਅਤੇ ਕੁਝ ਘਬਰਾਏ ਹੋਏ ਹਨ ਨੇ ਮੈਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਗੜਬੜ ਹੋਣ ਨਾਲ ਕੁਝ ਗ਼ਲਤ ਹੋਣ ਦੀ ਸੰਭਾਵਨਾ ਅਤੇ ਬਚਣ ਦੀ ਸੰਭਾਵਨਾ ਦੇ ਬਰਾਬਰ ਹੀ ਹੋ ਗਈ ਹੈ।"

ਹਾਲਾਂਕਿ, ਹਵਾਈ ਜਹਾਜ਼ ਦੇ ਖੰਭ ਨੂੰ ਤੂਫਾਨੀ ਹਵਾ ਵਿੱਚ ਉੱਡਣ ਲਈ ਤਿਆਰ ਕੀਤਾ ਗਿਆ ਹੈ।

ਇੱਕ ਸਾਬਕਾ ਪਾਇਲਟ ਅਤੇ ਹੁਣ ਗਰਾਊਂਡ-ਸਕੂਲ ਇੰਸਟ੍ਰਕਟਰ ਕ੍ਰਿਸ ਕੀਨ ਕਹਿੰਦੇ ਹਨ, "ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਇੱਕ ਖੰਭ ਕਿੰਨੇ ਲਚਕਦਾਰ ਹੁੰਦੇ ਹਨ। ਇੱਕ 747 ਯਾਤਰੀ ਜਹਾਜ਼ ਵਿੱਚ 'ਵਿਨਾਸ਼ਕਾਰੀ' ਟੈਸਟਿੰਗ ਦੇ ਤਹਿਤ, ਖੰਭਾਂ ਨੂੰ ਟੁੱਟਣ ਤੋਂ ਪਹਿਲਾਂ ਤਕਰੀਬਨ 25 ਡਿਗਰੀ ਉੱਪਰ ਵੱਲ ਮੋੜਿਆ ਜਾਂਦਾ ਹੈ, ਜੋ ਕਿ ਅਸਲ ਵਿੱਚ ਬਹੁਤ ਜ਼ਿਆਦਾ ਹੈ।"

"ਹਾਲਾਂਕਿ ਬਹੁਤ ਗੰਭੀਰ ਗੜਬੜ ਦੀ ਸਥਿਤੀ ਵਿੱਚ ਵੀ ਅਜਿਹਾ ਕੁਝ ਕਦੇ ਨਹੀਂ ਹੋਵੇਗਾ।"

ਹਾਲਾਂਕਿ, ਏਅਰਲਾਈਨਾਂ ਲਈ ਇੱਕ ਲੁਕੀ ਹੋਈ ਚਿੰਤਾ ਵੀ ਹੈ ਕਿ ਗੜਬੜ ਦੀ ਸੰਭਾਵਨਾ ਦੇ ਨਾਲ ਆਰਥਿਕ ਖਰਚੇ ਵੀ ਜੁੜੇ ਹੋਏ ਹਨ।

ਹਵਾਈ ਸਫ਼ਰ

ਤਸਵੀਰ ਸਰੋਤ, KIRILL KUDRYAVTSEV /AFP via Getty

ਤਸਵੀਰ ਕੈਪਸ਼ਨ, ਮਾਹਿਰਾਂ ਦੇ ਅਨੁਸਾਰ, ਗੜਬੜ ਪੈਦਾ ਕਰਨ ਵਾਲੇ ਤੂਫਾਨਾਂ ਤੋਂ ਬਚਣ ਨਾਲ ਹਵਾਈ ਖੇਤਰ ਵਿੱਚ ਭੀੜ ਹੋ ਸਕਦੀ ਹੈ, ਕਿਉਂਕਿ ਵਧੇਰੇ ਜਹਾਜ਼ਾਂ ਨੂੰ ਰਸਤੇ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ

ਗੜਬੜ ਦੀ ਲੁਕਵੀਂ ਕੀਮਤ

ਏਵੀਟੈਕ ਇੱਕ ਤਕਨੀਕੀ ਕੰਪਨੀ ਹੈ ਜੋ ਜਲਵਾਯੂ ਅਤੇ ਤਾਪਮਾਨ ਵਿੱਚ ਤਬਦੀਲੀਆਂ ਦੀ ਨਿਗਰਾਨੀ ਕਰਦੀ ਹੈ ਅਤੇ ਪਾਇਲਟਾਂ ਨੂੰ ਗੜਬੜੀ ਦੀ ਚੇਤਾਵਨੀ ਦੇਣ ਵਿੱਚ ਮਦਦ ਕਰਨ ਲਈ ਮੌਸਮ ਵਿਭਾਗ ਨਾਲ ਮਿਲ ਕੇ ਕੰਮ ਕਰਦੀ ਹੈ।

ਇਹ ਕੰਪਨੀ ਸੁਝਾਅ ਵੀ ਦਿੰਦੀ ਹੈ ਕਿ ਲਾਗਤ ਪ੍ਰਤੀ ਏਅਰਲਾਈਨ ਸਾਲਾਨਾ 180,000 ਤੋਂ 1.5 ਮਿਲੀਅਨ ਪੌਂਡ ਤੱਕ ਹੋ ਸਕਦੀ ਹੈ।

ਇਸ ਵਿੱਚ ਗੰਭੀਰ ਗੜਬੜ ਤੋਂ ਬਾਅਦ ਜਹਾਜ਼ ਦੀ ਜਾਂਚ ਅਤੇ ਰੱਖ-ਰਖਾਅ ਦੇ ਖਰਚੇ ਜੇਕਰ ਉਡਾਣ ਨੂੰ ਮੋੜਨਾ ਪੈਂਦਾ ਹੈ ਜਾਂ ਦੇਰੀ ਨਾਲ ਉਡਾਣ ਭਰਨੀ ਪੈਂਦੀ ਹੈ ਤਾਂ ਮੁਆਵਜ਼ੇ ਦੇ ਖਰਚੇ ਅਤੇ ਗ਼ਲਤ ਲੋਕੇਸ਼ਨ 'ਤੇ ਹੋਣ ਨਾਲ ਜੁੜੇ ਖਰਚੇ ਸ਼ਾਮਲ ਹਨ।

ਯੂਰੋਕੰਟਰੋਲ, ਇੱਕ ਸਿਵਲ-ਮਿਲਟਰੀ ਸੰਗਠਨ ਜੋ ਯੂਰਪੀਅਨ ਹਵਾਬਾਜ਼ੀ ਨੂੰ ਜਲਵਾਯੂ ਪਰਿਵਰਤਨ ਦੇ ਜੋਖਮਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ।

ਇਸ ਸੰਗਠਨ ਦਾ ਕਹਿਣਾ ਹੈ ਕਿ ਗੜਬੜ ਪੈਦਾ ਕਰਨ ਵਾਲੇ ਤੂਫਾਨਾਂ ਤੋਂ ਉਡਾਨ ਨੂੰ ਆਲੇ-ਦੁਆਲੇ ਮੋੜਨ ਦਾ ਇੱਕ ਵਿਸ਼ਾਲ ਪ੍ਰਭਾਵ ਹੋ ਸਕਦਾ ਹੈ, ਉਦਾਹਰਣ ਵਜੋਂ ਜੇਕਰ ਬਹੁਤ ਸਾਰੇ ਜਹਾਜ਼ਾਂ ਨੂੰ ਉਡਾਣ ਦੇ ਰਸਤੇ ਬਦਲਣੇ ਪੈ ਰਹੇ ਹਨ ਤਾਂ ਕੁਝ ਖੇਤਰਾਂ ਵਿੱਚ ਹਵਾਈ ਖੇਤਰ ਵਧੇਰੇ ਭੀੜ-ਭੜੱਕੇ ਵਾਲਾ ਹੋ ਸਕਦਾ ਹੈ।

ਵਾਤਾਵਰਨ ਤਬਦੀਲੀ

ਤਸਵੀਰ ਸਰੋਤ, Kevin Carter/GETTY

ਤਸਵੀਰ ਕੈਪਸ਼ਨ, ਜਲਵਾਯੂ ਪਰਿਵਰਤਨ ਗੜਬੜ ਨੂੰ ਹੋਰ ਵੀ ਬਦਤਰ ਬਣਾਉਣ ਦਾ ਇੱਕ ਕਾਰਕ ਹੈ, ਜਿਸ ਨਾਲ ਤੂਫਾਨ ਨਾਲ ਸਬੰਧਤ ਅਤੇ ਸਾਫ਼-ਹਵਾ ਦੋਵਾਂ ਵਿੱਚ ਗੜਬੜ ਵਧਦੀ ਹੈ

ਯੂਰੋਕੰਟਰੋਲ ਦੇ ਬੁਲਾਰੇ ਨੇ ਕਿਹਾ,"ਇਹ ਪਾਇਲਟਾਂ ਅਤੇ ਹਵਾਈ ਆਵਾਜਾਈ ਕੰਟਰੋਲਰਾਂ ਲਈ ਕੰਮ ਦਾ ਬੋਝ ਕਾਫ਼ੀ ਵਧਾ ਸਕਦਾ ਹੈ।"

ਤੂਫਾਨਾਂ ਦੇ ਆਲੇ-ਦੁਆਲੇ ਉੱਡਣ ਦਾ ਮਤਲਬ ਵਾਧੂ ਤੇਲ ਅਤੇ ਸਮੇਂ ਦੀ ਲੋੜ ਵੀ ਹੁੰਦਾ ਹੈ।

ਯੂਰੋਕੰਟਰੋਲ 2019 ਦੀ ਇੱਕ ਉਦਾਹਰਣ ਦਿੰਦਾ ਹੈ ਜਦੋਂ ਖਰਾਬ ਮੌਸਮ ਨੇ ਏਅਰਲਾਈਨਾਂ ਨੂੰ ਦਸ ਲੱਖ ਕਿਲੋਮੀਟਰ ਵਾਧੂ ਉਡਾਣ ਭਰਨ ਲਈ ਮਜਬੂਰ ਕੀਤਾ, ਜਿਸ ਨਾਲ 19,000 ਵਾਧੂ ਟਨ ਸੀਓ 2 ਪੈਦਾ ਹੋਇਆ।

ਬਹੁਤ ਜ਼ਿਆਦਾ ਮੌਸਮ ਦੇ ਬਦਲਣ ਦੀ ਭਵਿੱਖਬਾਣੀ ਦੇ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ 2050 ਤੱਕ ਉਡਾਣਾਂ ਨੂੰ ਤੂਫਾਨਾਂ ਅਤੇ ਗੜਬੜ ਵਰਗੇ ਖਰਾਬ ਮੌਸਮ ਲਈ ਹੋਰ ਵੀ ਬਦਲਣ ਦੀ ਜ਼ਰੂਰਤ ਹੋਏਗੀ।

"ਇਸ ਸਭ ਨਾਲ ਏਅਰਲਾਈਨਾਂ, ਯਾਤਰੀਆਂ ਦੀ ਲਾਗਤ ਵਿੱਚ ਹੋਰ ਵਾਧਾ ਅਤੇ ਉਨ੍ਹਾਂ ਦੇ ਕਾਰਬਨ ਫੁੱਟਪ੍ਰਿੰਟ ਵਿੱਚ ਵੀ ਵਾਧਾ ਹੋਵੇਗਾ।"

ਏਅਰਲਾਈਨਾਂ ਨੂੰ ਗੜਬੜ ਨਾਲ ਨਜਿੱਠਣ ਲਈ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ

ਪ੍ਰੋਫੈਸਰ ਵਿਲੀਅਮਜ਼ ਸੁਝਾਅ ਦਿੰਦੇ ਹਨ, "ਹਾਲ ਹੀ ਦੇ ਸਾਲਾਂ ਵਿੱਚ ਗੜਬੜ ਦੀ ਭਵਿੱਖਬਾਣੀ ਵਿੱਚ ਸੁਧਾਰ ਹੋਇਆ ਹੈ ਇਹ ਕਾਫ਼ੀ ਹੱਦ ਤੱਕ ਸਹੀ ਸਾਬਤ ਹੁੰਦੀ ਹੈ ਅਤੇ ਜਦੋਂ ਕਿ ਇਹ ਸੰਪੂਰਨ ਨਹੀਂ ਹੈ। ਅਸੀਂ ਸਾਫ਼-ਹਵਾ ਦੀ ਗੜਬੜ ਬਾਰੇ ਤਕਰੀਬਨ 75 ਫ਼ੀਸਦ ਸਹੀ ਭਵਿੱਖਬਾਣੀ ਕਰ ਸਕਦੇ ਹਾਂ।

"ਵੀਹ ਸਾਲ ਪਹਿਲਾਂ ਇਹ 60 ਫ਼ੀਸਦ ਦੇ ਕਰੀਬ ਸੀ, ਇਸ ਲਈ ਬਿਹਤਰ ਖੋਜ ਦੇ ਕਾਰਨ ਇਹ ਅੰਕੜਾ ਸਮੇਂ ਦੇ ਨਾਲ ਬਹਿਤਰ ਹੋ ਰਿਹਾ ਹੈ।"

ਜਹਾਜ਼ਾਂ ਵਿੱਚ ਮੌਸਮ ਰਾਡਾਰ ਹੁੰਦਾ ਹੈ ਜੋ ਅੱਗੇ ਆਉਣ ਵਾਲੇ ਤੂਫਾਨਾਂ ਬਾਰੇ ਸੂਚਿਤ ਕਰੇਗਾ।

ਕੈਪਟਨ ਡੇਵਿਸ ਦੱਸਦੇ ਹਨ, "ਉਡਾਣ ਤੋਂ ਪਹਿਲਾਂ ਜ਼ਿਆਦਾਤਰ ਏਅਰਲਾਈਨਾਂ ਇੱਕ ਉਡਾਣ ਯੋਜਨਾ ਤਿਆਰ ਕਰਦੀਆਂ ਹਨ ਜੋ ਕੰਪਿਊਟਰ ਮਾਡਲਿੰਗ ਦੇ ਅਧਾਰ ’ਤੇ ਪੂਰੇ ਰੂਟ ਵਿੱਚ ਸੰਭਾਵਿਤ ਗੜਬੜ ਵਾਲੇ ਖੇਤਰਾਂ ਦਾ ਵੇਰਵਾ ਦਿੰਦੀਆਂ ਹਨ।"

"ਇਹ 100 ਫ਼ੀਸਦ ਸਹੀ ਨਹੀਂ ਹੈ, ਪਰ ਇਹ ਦੂਜੇ ਜਹਾਜ਼ਾਂ ਅਤੇ ਏਅਰ ਟ੍ਰੈਫਿਕ ਕੰਟਰੋਲ ਰਿਪੋਰਟਾਂ ਦੇ ਨਾਲ ਮਿਲ ਕੇ ਇੱਕ ਬਹੁਤ ਵਧੀਆ ਸੂਚਨਾ ਦਿੰਦਾ ਹੈ ਜਦੋਂ ਅਸੀਂ ਰਸਤੇ ਵਿੱਚ ਹੁੰਦੇ ਹਾਂ।"

ਅਮਰੀਕਾ ਵਿੱਚ ਸਾਊਥਵੈਸਟ ਏਅਰਲਾਈਨਜ਼ ਨੇ ਹਾਲ ਹੀ ਵਿੱਚ ਦੱਸਿਆ ਕਿ ਇਹ ਬੈਲਟਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਉੱਤੇ ਕੰਮ ਕਰ ਰਹੀ ਹੈ ਜਿਸ ਨਾਲ ਗੜਬੜ ਨਾਲ ਸਬੰਧਤ ਸੱਟਾਂ ਨੂੰ 20 ਫ਼ੀਸਦ ਘਟਾਇਆ ਜਾ ਸਕੇਗਾ।

ਪਿਛਲੇ ਸਾਲ ਵੀ ਕੋਰੀਅਨ ਏਅਰਲਾਈਨਜ਼ ਨੇ ਆਪਣੇ ਆਰਥਿਕ ਯਾਤਰੀਆਂ ਨੂੰ ਨੂਡਲਜ਼ ਪਰੋਸਣਾ ਬੰਦ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਇਸ ਨਾਲ ਯਾਤਰੀਆਂ ਦੇ ਸੜਨ ਦਾ ਖ਼ਤਰਾ ਵਧ ਗਿਆ ਸੀ।

ਟਰਬੂਲੈਂਸ

ਤਸਵੀਰ ਸਰੋਤ, RUNGROJ YONGRIT/EPA - EFE/REX/Shutterstock

ਤਸਵੀਰ ਕੈਪਸ਼ਨ, ਇੱਕ ਆਸਟ੍ਰੀਅਨ ਸਟਾਰਟ-ਅੱਪ, ਟਰਬੂਲੈਂਸ ਸਲਿਊਸ਼ਨਜ਼, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਲਕੇ ਜਹਾਜ਼ਾਂ ਲਈ ਟਰਬੂਲੈਂਸ-ਰੱਦ ਕਰਨ ਵਾਲੀ ਤਕਨੀਕ ਵਿਕਸਤ ਕੀਤੀ ਹੈ

ਅਤਿਅੰਤ ਉਪਾਅ

ਕੁਝ ਅਧਿਐਨਾਂ ਨੇ ਟਰਬੂਲੈਂਸ-ਪ੍ਰੂਫਿੰਗ ਨੂੰ ਹੋਰ ਵੀ ਅੱਗੇ ਵਧਾਇਆ ਹੈ ਅਤੇ ਖੰਭ ਬਣਾਉਣ ਦੇ ਵਿਕਲਪਕ ਤਰੀਕਿਆਂ 'ਤੇ ਵਿਚਾਰ ਕੀਤਾ ਹੈ।

ਪਸ਼ੂਆਂ ਦੇ ਡਾਕਟਰਾਂ ਅਤੇ ਇੰਜੀਨੀਅਰਾਂ ਨੇ ਅਧਿਐਨ ਕੀਤਾ ਹੈ ਕਿ ਇੱਕ ਬਾਰਨ ਆਊਲ (ਉੱਲੂਆਂ ਦੀ ਇੱਕ ਨਸਲ) ਤੇਜ਼ ਹਵਾਵਾਂ ਵਿੱਚ ਇੰਨੀ ਆਸਾਨੀ ਨਾਲ ਕਿਵੇਂ ਉੱਡਦਾ ਹੈ ਅਤੇ ਖੋਜ ਕੀਤੀ ਹੈ ਕਿ ਖੰਭ ਇੱਕ ਸਸਪੈਂਸ਼ਨ ਵਾਂਗ ਕੰਮ ਕਰਦੇ ਹਨ ਅਤੇ ਖਰਾਬ ਹਵਾ ਵਿੱਚ ਉੱਡਣ ਵੇਲੇ ਸਿਰ ਅਤੇ ਧੜ ਨੂੰ ਸਥਿਰ ਕਰਦੇ ਹਨ।

2020 ਵਿੱਚ ਰਾਇਲ ਸੋਸਾਇਟੀ ਦੀ ਕਾਰਵਾਈ ਵਿੱਚ ਪ੍ਰਕਾਸ਼ਿਤ ਅਧਿਐਨ ਨੇ ਸਿੱਟਾ ਕੱਢਿਆ ਕਿ ਇੱਕ ਢੁਕਵੇਂ ਢੰਗ ਨਾਲ ਟਿਊਨ ਕੀਤਾ ਗਿਆ, ਹਿੰਜਡ-ਵਿੰਗ ਡਿਜ਼ਾਈਨ ਛੋਟੇ ਪੈਮਾਨੇ ਦੇ ਜਹਾਜ਼ਾਂ ਵਿੱਚ ਵੀ ਉਪਯੋਗੀ ਹੋ ਸਕਦਾ ਹੈ ਅਤੇ ਝੱਖੜ ਅਤੇ ਗੜਬੜ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਇਸ ਤੋਂ ਇਲਾਵਾ, ਆਸਟਰੀਆ ਵਿੱਚ ਟਰਬੂਲੈਂਸ ਸਲਿਊਸ਼ਨਜ਼ ਨਾਮਕ ਇੱਕ ਸਟਾਰਟ-ਅੱਪ ਨੇ ਹਲਕੇ ਜਹਾਜ਼ਾਂ ਲਈ ਟਰਬੂਲੈਂਸ ਰੱਦ ਕਰਨ ਵਾਲੀ ਤਕਨਾਲੋਜੀ ਬਣਾਉਣ ਦਾ ਦਾਅਵਾ ਕੀਤਾ ਹੈ, ਜਿੱਥੇ ਇੱਕ ਸੈਂਸਰ ਹਵਾ ਦੀ ਗੜਬੜ ਦਾ ਪਤਾ ਲਗਾਉਂਦਾ ਹੈ ਅਤੇ ਵਿੰਗ 'ਤੇ ਇੱਕ ਫਲੈਪ ਨੂੰ ਇੱਕ ਸਿਗਨਲ ਭੇਜਦਾ ਹੈ ਜੋ ਉਸ ਗੜਬੜ ਦਾ ਮੁਕਾਬਲਾ ਕਰਦਾ ਹੈ।

ਕੰਪਨੀ ਦੇ ਸੀਈਓ ਮੁਤਾਬਕ ਇਹ ਹਲਕੇ ਜਹਾਜ਼ਾਂ ਵਿੱਚ ਦਰਮਿਆਨੀ ਗੜਬੜ ਨੂੰ 80 ਫ਼ੀਸਦ ਤੱਕ ਘਟਾ ਸਕਦੇ ਹਨ।

ਫਿਰ ਕੁਝ ਲੋਕ ਇਹ ਦਲੀਲ ਦੇ ਰਹੇ ਹਨ ਕਿ ਏਆਈ ਇੱਕ ਹੱਲ ਹੋ ਸਕਦਾ ਹੈ।

ਫੂਰੀਅਰ ਅਡੈਪਟਿਵ ਲਰਨਿੰਗ ਐਂਡ ਕੰਟਰੋਲ (ਫਾਲਕਨ) ਇੱਕ ਕਿਸਮ ਦੀ ਤਕਨਾਲੋਜੀ ਹੈ ਜਿਸਦੀ ਖੋਜ ਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਕੀਤੀ ਜਾ ਰਹੀ ਹੈ ਜੋ ਅਸਲ-ਸਮੇਂ ਵਿੱਚ ਇੱਕ ਵਿੰਗ ਵਿੱਚ ਹਵਾ ਕਿਵੇਂ ਘੁੰਮਦੀ ਹੈ ਬਾਰੇ ਜਾਣਕਾਰੀ ਦਿੰਦੀ ਹੈ।

ਇਹ ਗੜਬੜ ਦਾ ਵੀ ਅੰਦਾਜ਼ਾ ਲਗਾਉਂਦੀ ਹੈ ਵਿੰਗ 'ਤੇ ਇੱਕ ਫਲੈਪ ਨੂੰ ਹੁਕਮ ਦਿੰਦੀ ਹੈ ਜੋ ਫਿਰ ਇਸਦਾ ਮੁਕਾਬਲਾ ਕਰਨ ਲਈ ਅਨੁਕੂਲ ਹੁੰਦਾ ਹੈ।

ਟਰਬੂਲੈਂਸ

ਤਸਵੀਰ ਸਰੋਤ, NurPhoto via Getty

ਤਸਵੀਰ ਕੈਪਸ਼ਨ, ਹਾਲ ਹੀ ਦੇ ਸਾਲਾਂ ਵਿੱਚ ਟਰਬੂਲੈਂਸ ਦੀ ਭਵਿੱਖਬਾਣੀ ਵਿੱਚ ਸੁਧਾਰ ਹੋਇਆ ਹੈ, ਜਿਸ ਨਾਲ ਪਾਇਲਟਾਂ ਨੂੰ ਉੱਚੇ-ਨੀਵੇਂ ਖੇਤਰਾਂ ਤੋਂ ਬਚਣ ਵਿੱਚ ਮਦਦ ਮਿਲੀ ਹੈ।

ਹਾਲਾਂਕਿ, ਫਿਨਲੇ ਆਸ਼ਰ ਇੱਕ ਏਰੋਸਪੇਸ ਇੰਜੀਨੀਅਰ ਅਤੇ ਸੇਫ ਲੈਂਡਿੰਗ ਦੇ ਮੈਂਬਰ ਹੈ ਤੇ ਹਵਾਬਾਜ਼ੀ ਕਰਮਚਾਰੀਆਂ ਦਾ ਇੱਕ ਸਮੂਹ ਹੈ। ਉਹ ਹਵਾਬਾਜ਼ੀ ਵਿੱਚ ਵਧੇਰੇ ਟਿਕਾਊ ਭਵਿੱਖ ਦੀ ਮੰਗ ਕਰਦਾ ਹੈ ਤੇ ਇਸ ਗੱਲ ਦੀ ਵਕਾਲਤ ਕਰਦਾ ਹੈ ਕਿ ਇਸ ਕਿਸਮ ਦੀ ਤਕਨਾਲੋਜੀ ਤਿਆਰ ਕਰਨ ਵਿੱਚ ਮਾਹਰਾਂ ਨੂੰ ਬਹੁਤ ਘੱਟ ਸਮਾਂ ਲੱਗੇਗਾ।

ਕੈਪਟਨ ਡੇਵਿਸ ਕਹਿੰਦੇ ਹਨ, "ਅਗਲੇ ਕੁਝ ਦਹਾਕਿਆਂ ਵਿੱਚ ਵੱਡੇ ਵਪਾਰਕ ਜਹਾਜ਼ਾਂ 'ਤੇ ਦਿਖਾਈ ਦੇਣ ਦੀ ਸੰਭਾਵਨਾ ਘੱਟ ਹੈ।"

"ਪਰ ਭਾਵੇਂ ਗੜਬੜ ਵਧੇਰੇ ਵਾਰ-ਵਾਰ ਅਤੇ ਵਧੇਰੇ ਗੰਭੀਰ ਹੋ ਜਾਂਦੀ ਹੈ ਮਾਹਰਾਂ ਦਾ ਤਰਕ ਹੈ ਕਿ ਇਹ ਚਿੰਤਾ ਦਾ ਕਾਰਨ ਨਹੀਂ ਹੈ। ਇਹ ਆਮ ਤੌਰ 'ਤੇ ਤੰਗ ਕਰਨ ਤੋਂ ਵੱਧ ਕੁਝ ਅਸਲ ਨਹੀਂ ਪਾਉਂਦੀ ਹੈ।"

ਉਹ ਕਹਿੰਦੇ ਹਨ ਕਿ ਪਰ ਇਸਦਾ ਮਤਲਬ ਸੀਟ-ਬੈਲਟ ਬੰਨ੍ਹ ਕੇ ਜ਼ਿਆਦਾ ਸਮਾਂ ਬੈਠਣਾ ਹੋ ਸਕਦਾ ਹੈ।

ਐਂਡਰਿਊ ਡੇਵਿਸ ਨੇ ਇਹ ਪਹਿਲਾਂ ਹੀ ਔਖੇ ਤਰੀਕੇ ਨਾਲ ਸਿੱਖਿਆ ਹੈ, "ਮੈਂ ਬਹੁਤ ਜ਼ਿਆਦਾ ਘਬਰਾ ਜਾਂਦਾ ਹਾਂ ਅਤੇ ਪਹਿਲਾਂ ਵਾਂਗ ਬੇਫ਼ਿਕਰ ਉੱਡਾਣ ਨਹੀਂ ਭਰ ਸਕਦਾ।"

"ਪਰ ਮੈਂ ਇਸਨੂੰ ਆਪਣੇ ਉੱਤੇ ਹਾਵੀ ਨਹੀਂ ਹੋਮ ਦੇਵਾਂਗਾ।"

"ਜਿਵੇਂ ਹੀ ਮੈਂ ਬੈਠਦਾ ਹਾਂ, ਮੇਰੀ ਸੀਟ ਬੈਲਟ ਲੱਗ ਜਾਂਦੀ ਹੈ ਅਤੇ ਜੇ ਮੈਨੂੰ ਉੱਠਣ ਦੀ ਲੋੜ ਪਵੇ, ਤਾਂ ਮੈਂ ਆਪਣਾ ਸਮਾਂ ਚੁਣਦਾ ਹਾਂ ਫਿਰ ਮੈਂ ਜਲਦੀ ਨਾਲ ਆਪਣੀ ਸੀਟ 'ਤੇ ਵਾਪਸ ਆ ਜਾਂਦਾ ਹਾਂ, ਦੁਬਾਰਾ ਬੈਲਟ ਦਾ ਬੱਕਲ ਲਾ ਲੈਂਦਾ ਹਾਂ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)