ਅਮਰੀਕਾ 'ਚ ਟਰੱਕ ਹਾਦਸੇ ਦਾ ਮੁਲਜ਼ਮ ਪੰਜਾਬੀ ਡਰਾਈਵਰ ਗ੍ਰਿਫ਼ਤਾਰ, ਟਰੰਪ ਪ੍ਰਸਾਸ਼ਨ ਤੇ ਕੈਲੀਫੋਰਨੀਆ ਦੇ ਗਵਰਨਰ ਕਿਉਂ ਹੋਏ ਆਹਮੋ-ਸਾਹਮਣੇ

ਤਸਵੀਰ ਸਰੋਤ, SM Viral
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪੰਜਾਬੀ ਡਰਾਈਵਰ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਤਿੰਨ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸਾਸ਼ਨ ਵੱਲੋਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਹਲਾਂਕਿ, ਗਰਵਰਨ ਦੇ ਮੀਡੀਆ ਦਫ਼ਤਰ ਵੱਲੋਂ ਟਰੰਪ ਦੇ ਰਾਜ ਦੌਰਾਨ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਇਸ ਡਰਾਈਵਰ ਦੇ ਦਾਖ਼ਲ ਹੋਣ ਨੂੰ ਲੈ ਕੇ ਰਾਸ਼ਟਰਪਤੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਇਹ ਟਰੱਕ ਹਾਦਸਾ 12 ਅਗਸਤ ਨੂੰ ਹੋਇਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਕਾਫ਼ੀ ਵਾਇਰਲ ਹੋ ਰਹੀ ਹੈ।
ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਹੋਇਆ ਜਿਸ ਵਿੱਚ ਤਿੰਨ ਲੋਕ ਮਾਰੇ ਗਏ।
"ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਪ੍ਰਤੱਖ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ ਅਤੇ ਗੈਰ-ਅਧਿਕਾਰਿਤ ਥਾਂ ਤੋਂ ਯੂ-ਟਰਨ ਲੈ ਰਿਹਾ ਸੀ।"
ਟਰੰਪ ਪ੍ਰਸਾਸ਼ਨ ਤੇ ਗਵਰਨਰ ਦਫ਼ਤਰ ਨੇ ਕੀ-ਕੀ ਦਾਅਵੇ ਕੀਤੇ

ਤਸਵੀਰ ਸਰੋਤ, @DHSgov/X
ਹਾਈਵੇਅ ਸੇਫਟੀ ਐਂਡ ਮੋਟਰ ਵ੍ਹੀਕਲਜ਼ ਡਿਪਾਰਟਮੈਂਟ ਮੁਤਾਬਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ 2018 ਵਿੱਚ ਮੈਕਸੀਕੋ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਮੁਲਜ਼ਮ ਨੇ ਕੈਲੀਫੋਰਨੀਆ ਸੂਬੇ ਤੋਂ ਵਪਾਰਕ ਡਰਾਇਵਰੀ ਲਾਇਸੈਂਸ ਵੀ ਲਿਆ ਸੀ। ਉਸ ਖ਼ਿਲਾਫ਼ ਰਾਜ ਵਾਹਨ ਕਤਲ ਅਤੇ ਇਮੀਗ੍ਰੇਸ਼ਨ ਉਲੰਘਣਾ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹੋਮਲੈਂਡ ਸੁਰੱਖਿਆ ਵਿਭਾਗ ਨੇ ਮੁਲਜ਼ਮ ਨੂੰ ਕੈਲੀਫੋਰਨੀਆ ਸੂਬੇ ਵੱਲੋਂ ਡਰਾਈਵਿੰਗ ਲਾਇਸੈਂਸ ਦੇਣ ਉਪਰ ਸਵਾਲ ਚੁੱਕੇ ਹਨ।
ਹੋਮਲੈਂਡ ਸੁਰੱਖਿਆ ਵੱਲੋਂ ਐਕਸ 'ਤੇ ਲਿਖਿਆ ਗਿਆ, "ਫਲੋਰੀਡਾ ਵਿੱਚ ਤਿੰਨ ਮਾਸੂਮ ਲੋਕ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੇ ਕੈਲੀਫੋਰਨੀਆ ਡੀਐੱਮਵੀ ਨੇ ਇੱਕ ਗ਼ੈਰ-ਕਾਨੂੰਨੀ ਪਰਦੇਸੀ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਸੀ। ਪ੍ਰਸਾਸ਼ਨ ਦੀ ਇਹ ਸਥਿਤੀ ਬੇਵਕੂਫ਼ੀ ਭਰੀ ਹੈ।"
ਉਨ੍ਹਾਂ ਅੱਗੇ ਲਿਖਿਆ, "ਹੋਰ ਕਿੰਨੇ ਬੇਗ਼ੁਨਾਹ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਏਗੀ, ਇਸ ਤੋਂ ਪਹਿਲਾਂ ਕਿ ਗੈਵਿਨ ਨਿਊਸਮ ਅਮਰੀਕੀ ਜਨਤਾ ਦੀ ਸੁਰੱਖਿਆ ਨਾਲ ਖੇਡਣਾ ਬੰਦ ਕਰ ਦੇਣ? ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆ ਕਰਦੇ ਹਾਂ।"
"ਸਕੱਤਰ ਨੋਮ ਅਤੇ ਡੀਐੱਚਐੱਸ (ਹੋਮਲੈਂਡ ਸੁਰੱਖਿਆ ਵਿਭਾਗ) ਲਗਾਤਾਰ ਜਨਤਾ ਦੀ ਸੁਰੱਖਿਆ ਲਈ ਅਤੇ ਇਸ ਗ਼ੈਰ-ਕਾਨੂੰਨੀ ਅਪਰਾਧੀ ਵਿਅਕਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਲਈ ਕੰਮ ਕਰ ਰਹੇ ਹਨ।"
ਦੂਜੇ ਪਾਸੇ ਨਿਊਸਮ ਦੇ ਪ੍ਰੈੱਸ ਦਫ਼ਤਰ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ਵਿੱਚ ਆਉਣ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਘੇਰਿਆ ਹੈ।
ਨਿਊਸਮ ਦੇ ਪ੍ਰੈੱਸ ਦਫ਼ਤਰ ਨੇ ਐਕਸ ਉਪਰ ਲਿਖਿਆ, "ਸਾਲ 2018 ਵਿੱਚ ਰਾਸ਼ਟਰਪਤੀ ਕੌਣ ਸੀ?"

ਤਸਵੀਰ ਸਰੋਤ, @GovPressOffice
ਟਰੰਪ ਅਤੇ ਗਵਰਨਰ ਨਿਊਸਮ ਦੇ ਕੀ ਵਖਰੇਵੇਂ?
ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵ੍ਹੀਕਲਜ਼ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਮੁਲਜ਼ਮ ਉਪਰ ਲੱਗੇ ਇਲਜ਼ਾਮਾਂ ਦੀ ਜਾਂਚ ਦੇ ਨਤੀਜਿਆਂ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇਗਾ।
ਰਾਸ਼ਟਰਪਤੀ ਟਰੰਪ ਅਤੇ ਗਵਰਨਰ ਗੈਵਿਨ ਨਿਊਸਮ ਵਿਚਕਾਰ ਸਿਆਸਤ, ਪਰਵਾਸ ਅਤੇ ਨੀਤੀਆਂ ਨੂੰ ਲੈ ਕੇ ਰਾਜਨੀਤਿਕ ਮਤਭੇਦ ਹਨ।
ਇਸ ਸਾਲ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਡੌਨਲਡ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਸਖ਼ਤ ਨੀਤੀ ਅਪਣਾਉਣ ਦਾ ਵਾਅਦਾ ਕੀਤਾ ਸੀ।
ਸੱਤਾ ਵਿੱਚ ਆਉਂਦੇ ਹੀ, ਟਰੰਪ ਇਸ ਵਾਅਦੇ ਨੂੰ ਲਾਗੂ ਕਰਦੇ ਨਜ਼ਰ ਆਏ ਅਤੇ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਪਰਵਾਸੀ ਕਹਿ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਗਿਆ।
ਇਸ ਸਾਲ ਜੁਲਾਈ ਮਹੀਨੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦੱਸਿਆ ਸੀ ਕਿ ਜਨਵਰੀ ਤੋਂ ਹੁਣ ਤੱਕ 1563 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ, "2021 ਵਿੱਚ 805 ਭਾਰਤੀ, 2022 ਵਿੱਚ 862 ਭਾਰਤੀ, 2023 ਵਿੱਚ 670 ਭਾਰਤੀ, 2024 ਵਿੱਚ 1368 ਭਾਰਤੀ ਅਤੇ ਸਾਲ 2025 ਵਿੱਚ ਹੁਣ ਤੱਕ 1563 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।"

ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਕੀ ਕਿਹਾ?
ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਇਸ ਘਟਨਾ ਉਪਰ ਬਿਆਨ ਜਾਰੀ ਕਰਦਿਆਂ ਹਾਦਸੇ ਦੇ ਮੁਲਜ਼ਮ ਡਰਾਈਵਰ ਨੂੰ ਵਪਾਰਕ ਲਾਇਸੈਂਸ ਦਿੱਤੇ ਜਾਣ 'ਤੇ ਸਵਾਲ ਚੁੱਕੇ ਹਨ।
ਐਸੋਸੀਏਸ਼ਨ ਦੇ ਮੁੱਖ ਸੰਚਾਲਨ ਅਧਿਕਾਰੀ ਡੈਨ ਹੋਰਵਥ ਨੇ ਕਿਹਾ, "ਫਲੋਰੀਡਾ ਹਾਈਵੇਅ ਸੇਫਟੀ ਅਤੇ ਮੋਟਰ ਵ੍ਹੀਕਲਜ਼ ਵਿਭਾਗ ਦੀਆਂ ਸ਼ੁਰੂਆਤੀ ਰਿਪੋਰਟਾਂ ਹਨ ਕਿ ਡਰਾਈਵਰ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ, ਇਹ ਹੋਰ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਕਿਵੇਂ ਅਤੇ ਕਿਉਂ ਯੋਗ ਸੀ? ਇਸ ਸਵਾਲ ਦਾ ਜਵਾਬ ਕੈਲੀਫੋਰਨੀਆ ਰਾਜ ਨੂੰ ਦੇਣਾ ਪਵੇਗਾ।"
ਡੈਨ ਹੋਰਵਥ ਨੇ ਕਿਹਾ, "ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਐਂਟਰੀ-ਲੈਵਲ ਡਰਾਈਵਰ ਸਿਖਲਾਈ ਦਾ ਮਜ਼ਬੂਤ ਮਿਆਰ ਬਹੁਤ ਮਹੱਤਵਪੂਰਨ ਹੈ।"
ਡੈਨ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਅਤੇ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਸਟ੍ਰੇਸ਼ਨ ਤੋਂ ਇਹ ਯਕੀਨੀ ਬਣਾਉਣ ਲਈ ਮੰਗ ਕਰਦੇ ਹਨ ਕਿ ਗ਼ੈਰ-ਲਾਇਸੈਂਸਸ਼ੁਦਾ ਅਤੇ ਅਯੋਗ ਸੰਸਥਾਵਾਂ ਨੂੰ ਸਿਖਲਾਈ ਦੇਣ ਵਾਲੀਆਂ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ।
ਭਾਰਤੀਆਂ ਦੇ ਗ਼ੈਰ-ਕਾਨੂੰਨੀ ਪਰਵਾਸ ਦਾ ਇਤਿਹਾਸ ਕਿੰਨਾ ਪੁਰਾਣਾ?
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਭਾਰਤੀਆਂ ਦਾ ਗ਼ੈਰ-ਕਾਨੂੰਨੀ ਤੌਰ 'ਤੇ ਵਿਦੇਸ਼ਾਂ ਵਿੱਚ ਜਾਣ ਦਾ ਇਤਿਹਾਸ ਕੋਈ 125 ਸਾਲ ਤੋਂ ਵੀ ਵੱਧ ਪੁਰਾਣਾ ਹੈ।
ਜੱਜ ਕਹਿੰਦੇ ਹਨ, "ਸਾਡੇ ਲੋਕ ਦਹਾਕਿਆਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਰਹੇ ਹਨ। ਇਸ ਪਿੱਛੇ ਕਮਜ਼ੋਰ ਆਰਥਿਕਤਾ ਵਾਲੀ ਕੋਈ ਗੱਲ ਨਹੀਂ, ਸਗੋਂ ਪੈਸੇ ਅਤੇ ਜ਼ਮੀਨਾਂ ਵਾਲੇ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਜਾਂਦੇ ਹਨ। ਇਹ ਵਰਤਾਰਾ ਜਲਦੀ ਰੁਕਣ ਵਾਲਾ ਵੀ ਨਹੀਂ ਹੈ।"
ਉਹ ਅੱਗੇ ਦਲੀਲ ਦਿੰਦੇ ਹਨ ਕਿ 'ਡੰਕੀ ਰੂਟ' ਰਾਹੀਂ ਲੋਕਾਂ ਨੂੰ ਅਮਰੀਕਾ ਲੈ ਕੇ ਜਾਣ ਵਾਲਾ ਮਨੁੱਖੀ ਤਸਕਰੀ ਦਾ ਇੱਕ ਵੱਡਾ ਕੌਮਾਂਤਰੀ ਨੈਟਵਰਕ ਹੈ ਜੋ ਲੋਕਾਂ ਨੂੰ ਪੈਸੇ ਲੈ ਕੇ ਖ਼ਤਰਨਾਕ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦਾ ਹੈ।
"ਇਸ ਖ਼ਤਰਨਾਕ ਰਸਤੇ ਰਾਹੀਂ ਜਾਣ ਵਾਲੇ ਕਈ ਲੋਕ ਅੱਧ ਵਿੱਚ ਹੀ ਮਾਰੇ ਜਾਂਦੇ ਹਨ ਪਰ ਕਿਸਮਤ ਵਾਲੇ ਲੋਕ ਅਮਰੀਕਾ ਪਹੁੰਚ ਜਾਂਦੇ ਹਨ।"

ਡੰਕੀ ਰੂਟ ਕੀ ਹੈ?
ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।
ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਹਨਾਂ ਦੇ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ।
ਡੰਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੋਂ ਡਿਪੋਰਟ ਹੋਏ ਇੱਕ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੰਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।
ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।
ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ।
ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।
ਡੰਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।
ਡੌਂਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












