ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਇੱਕ ਸੜਕੀ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ, ਆਈਸੀਈ ਨੇ ਡਰਾਈਵਰ ਬਾਰੇ ਕੀ ਦੱਸਿਆ

ਜਸ਼ਨਪ੍ਰੀਤ ਸਿੰਘ

ਤਸਵੀਰ ਸਰੋਤ, dhs.gov

ਤਸਵੀਰ ਕੈਪਸ਼ਨ, ਜਸ਼ਨਪ੍ਰੀਤ ਸਿੰਘ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਬਾਰੇ ਡੀਐੱਚਐੱਸ ਨੇ ਪੁਸ਼ਟੀ ਕੀਤੀ

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਮੰਗਲਵਾਰ ਨੂੰ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਭਾਰਤ ਤੋਂ ਆਏ ਇੱਕ ਅਪਰਾਧੀ ਗ਼ੈਰ-ਕਾਨੂੰਨੀ ਪਰਵਾਸੀ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਮੁਤਾਬਕ, ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਕਾਉਂਟੀ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਇੱਕ ਹਾਦਸੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਦਕਿ ਹੋਰ ਲੋਕ ਜ਼ਖ਼ਮੀ ਹੋਏ ਸਨ।

ਇਹ ਘਟਨਾ ਵੈਸਟਬਾਉਂਡ 10 ਫ੍ਰੀਵੇਅ 'ਤੇ ਵਾਪਰੀ, ਜਦੋਂ ਇੱਕ ਸੈਮੀ ਟਰੱਕ ਨੇ ਕੁਝ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਡੈਸ਼ਕੈਮ ਫੁਟੇਜ ਨੇ ਹਾਦਸੇ ਨੂੰ ਕੈਦ ਕਰ ਲਿਆ।

ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਇਸ ਘਟਨਾ ਦੌਰਾਨ 10 ਫ੍ਰੀਵੇਅ 'ਤੇ ਸੈਮੀ ਟਰੱਕ ਡਰਾਈਵਰ ਜ਼ਸ਼ਨਪ੍ਰੀਤ ਸਿੰਘ ਨੇ ਬ੍ਰੇਕ ਨਹੀਂ ਲਗਾਈ ਅਤੇ ਉਸ ਨੇ ਅੱਠ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿੱਚ ਚਾਰ ਵਪਾਰਕ ਵਾਹਨ ਵੀ ਸ਼ਾਮਲ ਸਨ।

ਹਾਦਸੇ ਵਿੱਚ ਚਾਰ ਲੋਕ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਓਨਟਾਰਿਓ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਸਾਰੇ ਪੀੜਤ ਬਾਲਗ਼ ਸਨ।

ਹੋਮਲੈਂਡ ਸਿਕਿਓਰਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਐੱਚਐੱਸ ਮੁਤਾਬਕ ਜਸ਼ਨਪ੍ਰੀਤ ਸਿੰਘ ਪਹਿਲੀ ਵਾਰ 2022 ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ

ਡੀਐੱਚਐੱਸ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਸ਼ਨਪ੍ਰੀਤ ਸਿੰਘ ਪਹਿਲੀ ਵਾਰ 2022 ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਈਡਨ ਪ੍ਰਸ਼ਾਸਨ ਦੇ ਅਧੀਨ ਦੇਸ਼ ਵਿੱਚ ਰਿਹਾਅ ਕੀਤਾ ਗਿਆ ਸੀ।

ਸਹਾਇਕ ਸਕੱਤਰ ਟ੍ਰਿਸੀਆ ਮੈਕਲਾਫਲਿਨ ਨੇ ਕਿਹਾ, "ਇਹ ਇੱਕ ਭਿਆਨਕ ਦੁਖਾਂਤ ਹੈ ਕਿ ਲਾਪਰਵਾਹੀ ਨਾਲ ਬਣਾਈਆਂ ਖੁੱਲ੍ਹੀਆਂ ਸਰਹੱਦੀ ਨੀਤੀਆਂ ਕਾਰਨ ਤਿੰਨ ਮਾਸੂਮ ਜਾਨਾਂ ਚਲੀਆਂ ਗਈਆਂ ਹਨ। ਇਨ੍ਹਾਂ ਨੀਤੀਆਂ ਨੇ ਇੱਕ ਗ਼ੈਰ-ਕਾਨੂੰਨੀ ਪਰਵਾਸੀ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖ਼ਲ ਹੋਣ ਤੇ ਅਮਰੀਕੀ ਹਾਈਵੇਅ 'ਤੇ 18-ਪਹੀਆ ਵਾਹਨ ਚਲਾਉਣ ਦੀ ਆਗਿਆ ਦਿੱਤੀ।"

ਉਸਨੇ ਅੱਗੇ ਕਿਹਾ, "ਇਹ ਹਾਦਸਾ ਅਮਰੀਕਾ ਦੀਆਂ ਸੜਕਾਂ 'ਤੇ ਗ਼ੈਰ-ਕਾਨੂੰਨੀ ਵਿਦੇਸ਼ੀਆਂ ਵੱਲੋਂ 18-ਪਹੀਆ ਵਾਹਨਾਂ ਅਤੇ ਸੈਮੀ-ਟਰੱਕ ਚਲਾਉਣ ਦੀ ਇੱਕ ਪਰੇਸ਼ਾਨ ਕਰਨ ਵਾਲੀ ਪ੍ਰਵਿਰਤੀ ਦਾ ਹਿੱਸਾ ਹੈ।"

ਇਸ ਹਫ਼ਤੇ ਦੇ ਸ਼ੁਰੂ ਵਿੱਚ ਡੀਐੱਚਐੱਸ ਨੇ ਇੰਡੀਆਨਾ ਵਿੱਚ ਵਾਪਰੇ ਇੱਕ ਹੋਰ ਘਾਤਕ ਹਾਦਸੇ ਬਾਰੇ ਦੱਸਿਆ ਜੋ ਇੱਕ ਗ਼ੈਰ-ਕਾਨੂੰਨੀ ਪਰਦੇਸੀ ਵੱਲੋਂ ਇੱਕ ਸੈਮੀ-ਟਰੱਕ ਚਲਾਉਣ ਕਾਰਨ ਵਾਪਰਿਆ ਸੀ।

ਉਨ੍ਹਾਂ ਨੇ ਕਿਹਾ, "ਰਾਸ਼ਟਰਪਤੀ ਟਰੰਪ ਅਤੇ ਸਕੱਤਰ ਨੋਏਮ ਦੀ ਅਗਵਾਈ ਵਿੱਚ ਆਈਸੀਈ ਅਮਰੀਕਾ ਦੀਆਂ ਸੜਕਾਂ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।"

ਇਹ ਵੀ ਪੜ੍ਹੋ-

ਵ੍ਹਾਈਟ ਹਾਊਸ ਨੇ ਇਸ ਮਾਮਲੇ ਬਾਰੇ ਕੀ ਦੱਸਿਆ

ਵ੍ਹਾਈਟ ਹਾਊਸ ਸਕੱਤਰ

ਤਸਵੀਰ ਸਰੋਤ, Alex Wong via Getty

ਤਸਵੀਰ ਕੈਪਸ਼ਨ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ

ਕੈਲੀਫੋਰਨੀਆ ਸੜਕ ਹਾਦਸੇ 'ਤੇ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਕਿਹਾ, "ਮੈਂ ਪੁਸ਼ਟੀ ਕਰਦੀ ਹਾਂ ਕਿ ਕੈਲੀਫੋਰਨੀਆ ਨੇ ਇਸ ਵਿਅਕਤੀ ਨੂੰ ਲਾਇਸੈਂਸ ਦਿੱਤਾ, ਅਤੇ ਆਵਾਜਾਈ ਵਿਭਾਗ ਪਹਿਲਾਂ ਹੀ ਇਸ ਦੀ ਜਾਂਚ ਕਰ ਚੁੱਕਾ ਹੈ। ਸਕੱਤਰ ਡਫੀ ਨੇਕਈ ਵਾਰ ਕਿਹਾ ਹੈ ਕਿ ਆਵਾਜਾਈ ਵਿਭਾਗ ਉਨ੍ਹਾਂ ਲਾਇਸੈਂਸਾਂ 'ਤੇ ਕਾਰਵਾਈ ਕਰ ਰਿਹਾ ਹੈ ਜੋ ਗਲਤ ਤਰੀਕੇ ਨਾਲ ਉਨ੍ਹਾਂ ਲੋਕਾਂ ਨੂੰ ਜਾਰੀ ਕੀਤੇ ਜਾ ਰਹੇ ਹਨ ਜੋ ਸਪਸ਼ਟ ਤੌਰ 'ਤੇ ਇਨ੍ਹਾਂ ਦੇ ਹੱਕਦਾਰ ਨਹੀਂ ਹਨ।''

ਉਨ੍ਹਾਂ ਕਿਹਾ, ''ਕੈਲੀਫੋਰਨੀਆ ਦੇ ਇਸ ਮਾਮਲੇ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਵਿੱਚ ਸਥਾਨਕ ਅਧਿਕਾਰੀਆਂ ਦੁਆਰਾ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, 22 ਅਕਤੂਬਰ ਨੂੰ ਆਈਸੀਈ ਨੇ ਇਸ ਵਿਅਕਤੀ ਲਈ ਇੱਕ ਇਮੀਗ੍ਰੇਸ਼ਨ ਹਿਰਾਸਤੀ ਦਰਜ ਕੀਤੀ।''

''ਉਸਨੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਅਤੇ ਉਹ ਪਹਿਲੀ ਵਾਰ 2022 ਵਿੱਚ ਦੱਖਣੀ ਸਰਹੱਦ ਰਾਹੀਂ ਸੰਯੁਕਤ ਰਾਜ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਉਸਨੂੰ ਪਿਛਲੇ ਪ੍ਰਸ਼ਾਸਨ ਦੁਆਰਾ ਸਾਡੇ ਦੇਸ਼ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।''

''ਆਈਸੀਈ ਨੇ ਇਸ ਵਿਅਕਤੀ ਲਈ ਇੱਕ ਵੱਖਰਾ ਡੀਟੇਨਰ ਦਰਜ ਕੀਤਾ ਹੈ ਅਤੇ ਅਜਿਹੇ ਦੁਖਾਂਤ ਇਨ੍ਹਾਂ ਅਪਰਾਧੀ ਗੈਰ-ਕਾਨੂੰਨੀ ਪਰਦੇਸੀਆਂ ਨੂੰ ਵਪਾਰਕ ਵਾਹਨ ਲਾਇਸੈਂਸ ਜਾਰੀ ਕਰਨ ਪੈਟਰਨ ਦਿਖਾਉਂਦੀਆਂ ਹਨ ਜੋ ਕਿ ਪ੍ਰੇਸ਼ਾਨ ਕਰਨ ਵਾਲਾ ਹੈ। ਆਵਾਜਾਈ ਵਿਭਾਗ ਇਸ 'ਤੇ ਪੂਰੀ ਤਰ੍ਹਾਂ ਕਾਰਵਾਈ ਕਰ ਰਿਹਾ ਹੈ।"

ਅਗਸਤ ਮਹੀਨੇ ਵੀ ਵਾਪਰਿਆ ਸੀ ਹਾਦਸਾ

ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਫਲੋਰੀਡਾ 'ਚ ਟਰੱਕ ਹਾਦਸੇ ਦੇ ਮਾਮਲੇ 'ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 12 ਅਗਸਤ ਨੂੰ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਟੱਕਰ ਹੋ ਗਈ ਸੀ। ਜਿਸ ਵਿੱਚ ਵੀ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ।

ਇਸ ਘਟਨਾ ਦੌਰਾਨ ਟਰੱਕ ਡਰਾਈਵਰ ਹਰਜਿੰਦਰ ਸਿੰਘ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਇਲਜ਼ਾਮ ਲੱਗੇ ਸਨ। ਹਰਜਿੰਦਰ ਵੀ 2018 'ਚ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਸ ਹਾਦਸੇ ਮਗਰੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਕਾਫ਼ੀ ਚਰਚਾ ਵਿੱਚ ਆਇਆ ਸੀ।

ਅਮਰੀਕਾ ਨੇ ਵੀਜ਼ਾ 'ਤੇ ਲਾਈ ਸੀ ਰੋਕ

ਹਰਜਿੰਦਰ ਸਿੰਘ ਆਪਣੀ ਪੇਸ਼ੀ ਦੌਰਾਨ

ਤਸਵੀਰ ਸਰੋਤ, X/@stluciesheriff

ਤਸਵੀਰ ਕੈਪਸ਼ਨ, ਹਰਜਿੰਦਰ ਸਿੰਘ ਨੂੰ ਅਮਰੀਕਾ ਵਿੱਚ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ

ਅਗਸਤ ਵਿੱਚ ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ੇ ਜਾਰੀ ਕਰਨਾ ਰੋਕ ਦਿੱਤਾ ਸੀ। 22 ਅਗਸਤ ਨੂੰ ਅਮਰੀਕਾ ਦੇ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਉੱਤੇ ਲਿਖਿਆ ਸੀ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰਜ਼ ਵੀਜ਼ੇ ਦਿੱਤੇ ਜਾਣ ਉੱਤੇ ਤੁਰੰਤ ਰੋਕ ਲਾਈ ਜਾ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ ਅਮਰੀਕਾ ਵਿੱਚ ਵਿਦੇਸ਼ੀ ਡਰਾਈਵਰਾਂ ਵੱਲੋਂ ਅਮਰੀਕੀ ਸੜਕਾਂ ਉੱਤੇ ਟਰੈਕਟਰ-ਟਰੇਲਰ ਚਲਾਏ ਜਾਣ ਦੀ ਗਿਣਤੀ ਦਾ ਵਧਣਾ ਅਮਰੀਕੀਆਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਅਮਰੀਕੀ ਟਰੱਕ ਡਰਾਇਵਰਾਂ ਕੋਲੋਂ ਉਨ੍ਹਾਂ ਦਾ ਰੁਜ਼ਗਾਰ ਖੁੰਝ ਰਿਹਾ ਹੈ।

ਉਸ ਸਮੇਂ ਸਟੇਟ ਡਿਪਾਰਟਮੈਂਟ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਇਹ ਰੋਕ ਇਸ ਲਈ ਲਗਾਈ ਗਈ ਹੈ ਤਾਂ ਜੋ ਅਮਰੀਕੀ ਵੀਜ਼ਾ ਜਾਰੀ ਕਰਨ ਲਈ ਵਰਤੇ ਜਾਂਦੇ ਸਕ੍ਰੀਨਿੰਗ ਅਤੇ ਜਾਂਚ ਪ੍ਰੋਟੋਕੋਲ ਦੀ ਪੂਰੀ ਅਤੇ ਵਿਸਤ੍ਰਿਤ ਸਮੀਖਿਆ ਕੀਤੀ ਜਾ ਸਕੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)