ਸਰੀਰ ਦਾ ਭਾਰ ਘਟਾਉਣ ਲਈ ਖੁਰਾਕ ਦੀ ਇਸ ਵਿਧੀ ਦੀ ਕਾਫੀ ਚਰਚਾ ਹੈ, ਪਰ ਕੀ ਇਹ ਕਾਰਗਰ ਹੈ

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਬ੍ਰੈਡਲੀ
- ਰੋਲ, ਬੀਬੀਸੀ ਨਿਊਜ਼
ਓਜ਼ੈਂਪਿਕ ਵਰਗੀਆਂ ਦਵਾਈਆਂ ਨੇ ਕਈ ਲੋਕਾਂ ਨੂੰ ਭਾਰ ਘਟਾਉਣ ਵਿੱਚ ਮਦਦ ਕੀਤੀ ਹੈ, ਅਜਿਹੇ ਲੋਕ, ਜੋ ਪਹਿਲਾਂ ਭਾਰ ਘਟਾਉਣ ਵਿੱਚ ਅਸਫਲ ਹੋ ਰਹੇ ਸਨ। ਪਰ ਕੀ ਬਿਨ੍ਹਾਂ ਡਾਕਟਰ ਵੱਲੋਂ ਸੁਝਾਈ ਗਈ ਡਾਈਟ ਵੀ ਓਨੀ ਹੀ ਕਾਰਗਰ ਹੁੰਦੀ ਹੈ?
ਓਜ਼ੈਂਪਿਕ ਅਤੇ ਵੇਗੋਵੀ ਵਰਗੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ (ਐਗੋਨਿਸਟ) ਦੇ ਬਾਜ਼ਾਰ ਵਿੱਚ ਆਉਣ ਨਾਲ ਹਾਲ ਹੀ ਦੇ ਸਾਲਾਂ ਵਿੱਚ ਡਾਕਟਰੀ ਦੁਨੀਆਂ ਪੂਰੀ ਤਰ੍ਹਾਂ ਬਦਲ ਗਈ ਹੈ।
ਗਲੂਕੋਜਨ ਲਾਈਕ ਪੇਪਟਾਇਡ 1 (ਜੀਐੱਲਪੀ-1) ਐਗੋਨਿਸਟ ਮੋਟੇ ਲੋਕਾਂ ਦੀ ਭੁੱਖ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ ਹਨ ਅਤੇ ਇਸ ਕਾਰਨ ਉਹ ਘੱਟ ਖਾਂਦੇ ਹਨ। ਪਰ ਇਸ ਪ੍ਰਚਾਰ ਦੇ ਨਾਲ ਇਹ ਵੀ ਦਾਅਵੇ ਕੀਤੇ ਗਏ ਹਨ ਕਿ ਕੀ ਅਸੀਂ ਆਪਣੇ ਖਾਣ-ਪੀਣ ਰਾਹੀਂ ਇਨ੍ਹਾਂ ਦਵਾਈਆਂ ਦੇ ਪ੍ਰਭਾਵਾਂ ਦੀ ਆਸਾਨੀ ਨਾਲ ਨਕਲ ਕਰ ਸਕਦੇ ਹਾਂ।
ਉਦਾਹਰਣ ਵਜੋਂ, ਇੱਕ ਸੋਸ਼ਲ ਮੀਡੀਆ ਰੁਝਾਨ ਸੁਝਾਅ ਦਿੰਦਾ ਹੈ ਕਿ ਓਟਸ ਵਿੱਚ ਪਾਣੀ ਅਤੇ ਨਿੰਬੂ ਦੇ ਰਸ ਮਿਲਾਏ ਪਾਣੀ ਨੂੰ, 'ਓਟਜ਼ੈਂਪਿਕ' ਕਿਹਾ ਜਾਂਦਾ ਹੈ। ਇਹ ਭੁੱਖ ਨੂੰ ਦਬਾਉਣ ਵਾਲਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਇਸ ਤਰ੍ਹਾਂ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਪਰ ਕੀ ਕੋਈ ਵੀ ਖੁਰਾਕ ਜਾਂ ਵਿਅਕਤੀਗਤ ਭੋਜਨ ਜਾਂ ਪੀਣ ਵਾਲਾ ਪਦਾਰਥ ਸੱਚਮੁੱਚ ਓਜ਼ੈਂਪਿਕ ਦੇ ਪ੍ਰਭਾਵਾਂ ਦੇ ਨੇੜੇ ਵੀ ਆ ਸਕਦਾ ਹੈ? ਕੀ ਇੱਕ "ਓਟਜ਼ੈਂਪਿਕ" ਡਾਈਟ ਸੱਚਮੁੱਚ ਕਾਰਗਰ ਹੈ?

ਤਸਵੀਰ ਸਰੋਤ, Getty Images
ਜੀਐੱਲਪੀ-1 ਭਾਰ ਘਟਾਉਣ ਵਾਲੀਆਂ ਦਵਾਈਆਂ ਕੀ ਹਨ?
ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਨਵੀਂ ਪੀੜ੍ਹੀ ਇੱਕ ਪ੍ਰਕਿਰਿਆ ਦੀ ਨਕਲ ਕਰਦੀ ਹੈ ਜੋ ਕੁਦਰਤੀ ਤੌਰ 'ਤੇ ਸਾਡੇ ਸਰੀਰ ਵਿੱਚ ਹਰ ਰੋਜ਼ ਹੁੰਦੀ ਹੈ।
ਜਦੋਂ ਅਸੀਂ ਖਾਂਦੇ ਹਾਂ, ਤਾਂ ਸਾਡੀਆਂ ਅੰਤੜੀਆਂ ਜੀਐੱਲਪੀ-1 ਹਾਰਮੋਨ ਪੈਦਾ ਕਰਦੀਆਂ ਹਨ, ਜੋ ਸਾਡੇ ਖੂਨ ਵਿੱਚ ਇੰਸੁਲਿਨ ਦੇ ਪੱਧਰ ਨੂੰ ਵਧਾਉਂਦੀਆਂ ਹਨ, ਜਿਗਰ ਦੇ ਸ਼ੂਗਰ ਦੇ ਉਤਪਾਦਨ ਨੂੰ ਘਟਾਉਂਦੀਆਂ ਹਨ, ਪਾਚਨ ਪ੍ਰਕਿਰਿਆ ਨੂੰ ਹੌਲੀ ਕਰਦੀਆਂ ਹਨ ਅਤੇ ਭੁੱਖ ਘਟਾਉਂਦੀਆਂ ਹਨ।
ਵਾਸ਼ਿੰਗਟਨ ਯੂਨੀਵਰਸਿਟੀ ਦੇ ਗੈਸਟ੍ਰੋਐਂਟਰੋਲੌਜਿਸਟ ਅਤੇ ਕਲੀਨਿਕਲ ਐਸੋਸੀਏਟ ਪ੍ਰੋਫੈਸਰ ਕ੍ਰਿਸ ਡੈਮਨ ਕਹਿੰਦੇ ਹਨ ਕਿ ਜੀਐੱਲਪੀ-1 ਹਾਰਮੋਨ ਸਾਡੇ ਸਰੀਰ ਦੀ ਪੂਰੀ ਪਾਚਕ ਪ੍ਰਕਿਰਿਆ ਦੇ "ਮਾਸਟਰ ਰੈਗੂਲੇਟਰ" ਹੁੰਦੇ ਹਨ।
ਉਹ ਦੱਸਦੇ ਹਨ, "ਇਹ ਰਸਤੇ ਬਹੁਤ ਹੀ ਸੂਖ਼ਮ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਵੱਖ-ਵੱਖ ਹਾਰਮੋਨ ਸ਼ਾਮਲ ਹੁੰਦੇ ਹਨ।"

ਕੀ ਅਸੀਂ ਖੁਰਾਕ ਨਾਲ ਜੀਐੱਲਪੀ-1 ਦੀ ਨਕਲ ਕਰ ਸਕਦੇ ਹਾਂ?
ਸਾਡੀ ਖੁਰਾਕ ਦੇ ਦੋ ਮੁੱਖ ਤੱਤ ਜੋ ਜੀਐੱਲਪੀ-1 ਨਾਲ ਜੁੜੇ ਹੋਏ ਹਨ, ਉਹ ਫਾਈਬਰ ਅਤੇ ਪੌਲੀਫੇਨੋਲ ਹਨ।
ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਰੈਜ਼ੀਡੈਂਟ ਫਿਜ਼ੀਸ਼ੀਅਨ ਅਤੇ ਪੋਸ਼ਣ ਲੇਖਕ ਮੈਰੀ ਸਕੋ ਦਾ ਕਹਿਣਾ ਹੈ, "ਫਾਈਬਰ ਸਾਡੇ ਅੰਤੜੀਆਂ ਵਿੱਚ ਰਹਿਣ ਵਾਲੇ ਅਰਬਾਂ ਬੈਕਟੀਰੀਆ ਲਈ ਪਸੰਦੀਦਾ ਭੋਜਨ ਹੈ।"
ਜਦੋਂ ਅਸੀਂ ਫਾਈਬਰ ਅਤੇ ਪੌਲੀਫੇਨੋਲ ਨਾਲ ਭਰਪੂਰ ਭੋਜਨ ਖਾਂਦੇ ਹਾਂ, ਤਾਂ ਇਹ ਹਿੱਸੇ ਸਾਡੇ ਅੰਤੜੀਆਂ ਦੇ ਮਾਈਕ੍ਰੋਬਾਇਓਮ ਦੁਆਰਾ ਸ਼ਾਰਟ-ਚੇਨ ਫੈਟੀ ਐਸਿਡ ਵਿੱਚ ਬਦਲ ਜਾਂਦੇ ਹਨ, ਜੋ ਜੀਐੱਲਪੀ-1 ਦੇ ਉਤਪਾਦਨ ਨੂੰ ਉਤੇਜਿਤ ਕਰਦੇ ਹਨ। ਫਾਈਬਰ ਵਾਲੇ ਭੋਜਨਾਂ ਵਿੱਚ ਗਿਰੀਦਾਰ, ਫਲ਼ੀਦਾਰ, ਫਲ ਅਤੇ ਸਬਜ਼ੀਆਂ ਸ਼ਾਮਲ ਹਨ, ਜਦਕਿ ਪੌਲੀਫੇਨੋਲ ਵੀ ਫਲਾਂ, ਸਬਜ਼ੀਆਂ ਅਤੇ ਗਿਰੀਆਂ ਵਿੱਚ ਵੀ ਮਿਲਦੇ ਹਨ।
ਮੈਟਾਬੋਲਿਜ਼ਮ ਲਈ ਇੱਕ ਹੋਰ ਮਹੱਤਵਪੂਰਨ ਪੌਸ਼ਟਿਕ ਤੱਤ ਮੋਨੋਅਨਸੈਚੁਰੇਟਿਡ ਚਰਬੀ ਹੈ, ਜਿਸ ਨੂੰ ਵਧੇ ਹੋਏ ਜੀਐੱਲਪੀ-1 ਨਾਲ ਵੀ ਜੋੜਿਆ ਗਿਆ ਹੈ। ਇਹ ਜੈਤੂਨ ਦੇ ਤੇਲ, ਐਵੋਕਾਡੋ ਅਤੇ ਗਿਰੀਆਂ ਵਿੱਚ ਹੁੰਦਾ ਹੈ।
ਇਹ ਪ੍ਰਕਿਰਿਆ, ਭੋਜਨ ਸਾਡੇ ਅੰਤੜੀਆਂ ਤੱਕ ਪਹੁੰਚਣ ਤੋਂ ਪਹਿਲਾਂ ਵੀ ਸ਼ੁਰੂ ਹੋ ਜਾਂਦੀ ਹੈ। ਖੋਜ ਦਰਸਾਉਂਦੀ ਹੈ ਕਿ ਪੌਲੀਫੇਨੋਲ ਵਾਲੇ ਭੋਜਨਾਂ ਦਾ ਕੌੜਾ ਸੁਆਦ ਸਾਡੇ ਸੁਆਦ ਰੀਸੈਪਟਰਾਂ ਨੂੰ ਅੰਤੜੀਆਂ ਨੂੰ ਜੀਐੱਲਪੀ-1 ਸਣੇ ਪਾਚਨ ਹਾਰਮੋਨ ਪੈਦਾ ਕਰਨ ਲਈ ਸੰਕੇਤ ਭੇਜਣ ਲਈ ਪ੍ਰੇਰਿਤ ਕਰਦਾ ਹੈ।
ਸਕੋ ਦਾ ਕਹਿਣਾ ਹੈ ਕਿ ਸਰੀਰ ਵਿੱਚ ਜੀਐੱਲਪੀ-1 ਦੇ ਪੱਧਰ ਨੂੰ ਕੁਦਰਤੀ ਤੌਰ 'ਤੇ ਵਧਾਉਣਾ ਸਿਰਫ਼ ਇਸ ਗੱਲ 'ਤੇ ਨਿਰਭਰ ਨਹੀਂ ਹੈ ਕਿ ਅਸੀਂ ਕੀ ਖਾ ਰਹੇ ਹਾਂ, ਸਗੋਂ ਇਸ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਵੇਂ ਖਾਂਦੇ ਹਾਂ।
ਉਨ੍ਹਾਂ ਦਾ ਕਹਿਣਾ ਹੈ, "ਇੱਕ ਉਭਰ ਰਹੀ ਖੋਜ ਦਰਸਾਉਂਦੀ ਹੈ ਕਿ ਅਸੀਂ ਜਿਸ ਕ੍ਰਮ ਵਿੱਚ ਖਾਂਦੇ ਹਾਂ ਉਹ ਵੀ ਮਾਇਨੇ ਰੱਖਦਾ ਹੈ।"

ਤਸਵੀਰ ਸਰੋਤ, Getty Images
ਖੋਜਕਾਰਾਂ ਨੇ 2020 ਦੀ ਇੱਕ ਸਮੀਖਿਆ ਵਿੱਚ ਲਿਖਿਆ ਹੈ ਕਿ ਕੁਝ ਖੋਜਾਂ ਹਨ ਜੋ ਸੁਝਾਅ ਦਿੰਦੀਆਂ ਹਨ ਕਿ ਕਾਰਬੋਹਾਈਡ੍ਰੇਟ ਤੋਂ ਪਹਿਲਾਂ ਮਾਸ ਅਤੇ ਅੰਡੇ ਤੇ ਸਬਜ਼ੀਆਂ ਵਰਗੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣ ਨਾਲ, ਕਾਰਬੋਹਾਈਡ੍ਰੇਟ ਖਾਣ ਦੇ ਮੁਕਾਬਲੇ ਜੀਐੱਲਪੀ-1 ਦੇ ਪੱਧਰ ਉੱਚੇ ਹੋ ਜਾਂਦੇ ਹਨ। ਹਾਲਾਂਕਿ, ਉਹ ਕਹਿੰਦੇ ਹਨ ਕਿ ਇਸ ਦੇ ਪਿੱਛੇ ਵਿਧੀਆਂ ਬਹੁਤ ਹੱਦ ਤੱਕ ਅਣਜਾਣ ਹਨ।
ਦਿਨ ਵੇਲੇ ਜਿਸ ਸਮੇਂ ਤੁਸੀਂ ਖਾ ਰਹੇ ਹੋ, ਇਹ ਸਾਡੇ ਸਰੀਰ ਦੁਆਰਾ ਪੈਦਾ ਕੀਤੇ ਗਏ ਜੀਐੱਲਪੀ-1 ਦੀ ਮਾਤਰਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਮ ਨੂੰ ਦੇਰ ਨਾਲ ਖਾਣ ਦੇ ਮੁਕਾਬਲੇ, ਸਵੇਰੇ ਜਲਦੀ ਖਾਣਾ ਖਾਣ ਨਾਲ ਸਰੀਰ ਜ਼ਿਆਦਾ ਜੀਐੱਲਪੀ-1 ਪੈਦਾ ਕਰਦਾ ਹੈ।
ਖੋਜਕਾਰਾਂ ਨੇ 2023 ਦੇ ਪੇਪਰ ਵਿੱਚ ਲਿਖਿਆ ਹੈ ਕਿ ਇਹ ਪ੍ਰਭਾਵ ਦਿਨ ਭਰ ਸਾਡੇ ਹਾਰਮੋਨ ਦੇ ਪੱਧਰਾਂ ਵਿੱਚ ਕੁਦਰਤੀ ਤਬਦੀਲੀਆਂ ਨਾਲ ਜੁੜਿਆ ਹੋਇਆ ਹੈ ਅਤੇ ਦਿਨ ਵਿੱਚ ਜਲਦੀ ਖਾਣਾ ਸਰੀਰ ਦੇ ਸਰਕੇਡੀਅਨ ਤਾਲ (ਤੁਹਾਡੀ ਨੀਂਦ ਤੋਂ ਲੈ ਕੇ ਸਰੀਰਕ ਤੇ ਦਿਮਾਗੀ ਸਿਹਤ) ਦਾ ਸਮਰਥਨ ਕਰਦਾ ਹੈ।
ਡੈਮਨ ਦਾ ਕਹਿਣਾ ਹੈ ਕਿ ਇਸ ਲਈ, ਇਹ ਸਮਝਦਾਰੀ ਵਾਲੀ ਗੱਲ ਹੋਵੇਗੀ ਕਿ ਫਾਈਬਰ, ਪੌਲੀਫੇਨੋਲ ਅਤੇ ਮੋਨੋਅਨਸੈਚੁਰੇਟਿਡ ਫੈਟ ਨਾਲ ਭਰਪੂਰ ਖੁਰਾਕ ਖਾਣ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਅਸੀਂ ਬਹੁਤ ਸਾਰਾ ਜੀਐੱਲਪੀ-1 ਪੈਦਾ ਕਰ ਰਹੇ ਹਾਂ।
ਹਾਲਾਂਕਿ, ਆਧੁਨਿਕ ਪੱਛਮੀ ਖੁਰਾਕਾਂ ਵਿੱਚ ਵਰਤਮਾਨ ਵਿੱਚ ਉਨ੍ਹਾਂ ਤੱਤਾਂ ਦੀ ਘਾਟ ਹੈ ਜੋ ਸਭ ਤੋਂ ਵੱਧ ਜੀਐੱਲਪੀ-1 ਪੈਦਾ ਕਰਦੇ ਹਨ।
ਉਹ ਕਹਿੰਦੇ ਹਨ, "ਇਹ ਭਾਰ ਘਟਾਉਣ ਵਾਲੀਆਂ ਦਵਾਈਆਂ ਸਾਡੀ ਸੰਤੁਸ਼ਟੀ ਤੰਤਰ ਦੇ ਉਸ ਬੁਨਿਆਦੀ ਤੱਤ ਦੀ ਵਰਤੋਂ ਕਰ ਰਹੀਆਂ ਹਨ ਜਿਨ੍ਹਾਂ ਨੂੰ ਆਧੁਨਿਕ ਅਲਟ੍ਰਾ-ਪ੍ਰੋਸੈਸਡ ਭੋਜਨ ਨੇ ਰੋਕਿਆ ਹੋਇਆ ਹੈ।"

ਤਸਵੀਰ ਸਰੋਤ, Getty Images
ਕੀ ਦਵਾਈਆਂ ਜਾਂ ਖੁਰਾਕਾਂ ਬਿਹਤਰ ਕੰਮ ਕਰਦੀਆਂ ਹਨ?
ਡੈਮਨ ਦਲੀਲ ਦਿੰਦੇ ਹਨ ਕਿ ਕਈ ਲੋਕਾਂ ਲਈ ਇੱਕ ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨ ਸ਼ੈਲੀ ਭਾਰ ਘਟਾਉਣ ਲਈ ਕਾਫ਼ੀ ਹੈ, ਉੱਥੇ ਹੀ ਦੂਜਿਆਂ ਲਈ ਜੀਐੱਲਪੀ-1 ਐਗੋਨਿਸਟ ਵੀ ਜ਼ਰੂਰੀ ਹੁੰਦਾ ਹੈ।
ਉਹ ਸਮਝਾਉਂਦੇ ਹਨ, "ਇਹ ਵਿਹਾਰ ਵਿੱਚ ਤਬਦੀਲੀ 'ਤੇ ਨਿਰਭਰ ਕਰਦਾ ਹੈ, ਜੋ ਕਿ ਬਹੁਤ ਮੁਸ਼ਕਲ ਹੈ। ਇਸੇ ਕਰਕੇ ਜੀਵਨ ਸ਼ੈਲੀ ਦੇ ਉਪਾਅ ਅਕਸਰ ਮੈਟਾਬੋਲਿਕ ਰੁਕਾਵਟਾਂ ਵਿੱਚ ਫਸੇ ਲੋਕਾਂ ਲਈ ਕੰਮ ਨਹੀਂ ਕਰਦੇ ਅਤੇ ਇਹੀ ਕਾਰਨ ਹੈ ਕਿ ਦਵਾਈਆਂ ਪੇਚੀਦਗੀਆਂ ਵਾਲੇ ਮੋਟਾਪੇ ਨਾਲ ਪੀੜਤ ਲੋਕਾਂ ਲਈ ਬੇਹੱਦ ਮਦਦਗਾਰ ਰਹੀਆਂ ਹਨ।"
ਸਕੋ ਦਾ ਕਹਿਣਾ ਹੈ ਕਿ ਦੂਜਿਆਂ ਲਈ, ਫਾਈਬਰ, ਪੌਲੀਫੇਨੋਲ ਅਤੇ ਮੋਨੋਅਨਸੈਚੁਰੇਟਿਡ ਚਰਬੀ ਨਾਲ ਭਰਪੂਰ ਖੁਰਾਕ ਖਾਣਾ ਸਾਡੀ ਭੁੱਖ ਨੂੰ ਕੰਟ੍ਰੋਲ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਕੁਝ ਵਿਅਕਤੀਆਂ ਨੂੰ ਇੰਨਾ ਵੱਡਾ ਲਾਭ ਨਹੀਂ ਹੋ ਸਕਦਾ, ਪਰ ਉਨ੍ਹਾਂ ਨੂੰ ਫਿਰ ਵੀ ਕੁਝ ਤਾਂ ਮਿਲੇਗਾ। ਨਿਯਮ ਹਰ ਕਿਸੇ 'ਤੇ ਲਾਗੂ ਹੁੰਦੇ ਹਨ ਕਿਉਂਕਿ ਇਹ ਬੁਨਿਆਦੀ ਮਨੁੱਖੀ ਸਰੀਰ ਵਿਗਿਆਨ ਹੈ, ਸਾਨੂੰ ਸਾਰਿਆਂ ਨੂੰ 'ਖਾਣਾ ਬੰਦ ਕਰਨ' ਦਾ ਸੰਕੇਤ ਮਿਲਦਾ ਹੈ।"
ਆਖ਼ਰਕਾਰ, ਇੱਕ ਖੁਰਾਕ ਜੋ ਜੀਐੱਲਪੀ-1 ਖੁਰਾਕ ਦੇ ਕੁਦਰਤੀ ਉਤਪਾਦਨ ਨੂੰ ਉਤਸ਼ਾਹਿਤ ਕਰਦੀ ਹੈ ਉਹ ਮੁੰਕਮਲ ਹੁੰਦੀ ਹੈ, ਜਿਸ ਵਿੱਚ ਫਲ, ਸਬਜ਼ੀਆਂ, ਫਲ਼ੀਦਾਰ ਸ਼ਾਮਲ ਹਨ।
ਉਨ੍ਹਾਂ ਦਾ ਕਹਿਣਾ ਹੈ, "ਯਾਤਰਾ ਪੂਰੀ ਹੋ ਗਈ ਹੈ। ਸਾਰੇ ਰਸਤੇ ਇੱਕ ਸਿਹਤਮੰਦ ਖੁਰਾਕ ਵੱਲ ਲੈ ਜਾਂਦੇ ਹਨ ਅਤੇ ਉਨ੍ਹਾਂ ਦਾ ਕੋਈ ਬਦਲ ਨਹੀਂ ਹੈ।"

ਤਸਵੀਰ ਸਰੋਤ, Getty Images
ਜੀਐੱਲਪੀ-1 ਖੋਜ ਦਾ ਭਵਿੱਖ
ਡੈਮਨ ਦਾ ਕਹਿਣਾ ਹੈ ਕਿ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਨਿਰਧਾਰਤ ਜੀਐੱਲਪੀ-1 ਐਗੋਨਿਸਟਾਂ ਨੂੰ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਫਿਰ ਵੀ ਬਹੁਤ ਕੁਝ ਹੈ ਜੋ ਅਸੀਂ ਉਨ੍ਹਾਂ ਬਾਰੇ ਨਹੀਂ ਜਾਣਦੇ।
ਨਿਊਯਾਰਕ ਦੇ ਐਲਬਰਟ ਆਈਨਸਟਾਈਨ ਕਾਲਜ ਆਫ਼ ਮੈਡੀਸਨ ਵਿੱਚ ਮੈਡੀਸਨ, ਨਿਊਰੋਸਾਇੰਸ ਅਤੇ ਮਨੋਵਿਗਿਆਨ ਤੇ ਵਿਵਹਾਰ ਵਿਗਿਆਨ ਦੇ ਪ੍ਰੋਫੈਸਰ ਗੈਰੀ ਸ਼ਵਾਰਟਜ਼ ਕਹਿੰਦੇ ਹਨ ਕਿ ਪਰ ਖੋਜ ਦਾ ਇੱਕ ਉੱਭਰ ਰਿਹਾ ਖੇਤਰ ਹੈ ਜਿਸ ਵਿੱਚ ਭਾਰ ਘਟਾਉਣ ਵਾਲੀਆਂ ਦਵਾਈਆਂ ਕਈ ਰਾਹ ਖੋਲ੍ਹ ਰਹੀਆਂ ਹਨ, ਜੋ ਮੋਟਾਪੇ ਦੇ ਇਲਾਜ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ।
ਦੁਨੀਆ ਦੇ ਕਈ ਹਿੱਸਿਆਂ ਵਿੱਚ ਮੋਟਾਪੇ ਦੀ ਵਧਦੀ ਦਰ ਦੇ ਕਈ ਗੁੰਝਲਦਾਰ ਕਾਰਨ ਹਨ, ਪਰ ਬਹੁਤ ਸਾਰੇ ਖੋਜਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਸਾਡਾ ਭੋਜਨ, ਵਾਤਾਵਰਣ ਅਤੇ ਆਧੁਨਿਕ ਜੀਵਨ ਪ੍ਰੇਰਕ ਸ਼ਕਤੀ ਦਾ ਇੱਕ ਹਿੱਸਾ ਹਨ।
ਸ਼ਵਾਰਟਜ਼ ਕਹਿੰਦੇ ਹਨ ਕਿ ਸਾਡਾ ਭੋਜਨ ਵਾਤਾਵਰਣ ਮਨੁੱਖੀ ਜੀਵਨ ਲਈ ਮੁਕਾਬਲਤਨ ਖ਼ਤਰਾ ਬਣ ਗਿਆ ਹੈ, ਇਸਦਾ ਸਿਹਰਾ ਜ਼ਿਆਦਾ-ਖੰਡ, ਉੱਚ-ਚਰਬੀ ਵਾਲੇ ਅਲਟ੍ਰਾ-ਪ੍ਰੋਸੈਸਡ ਭੋਜਨਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੀ ਭਾਲ ਕਰਨ ਲਈ ਅਸੀਂ ਜੈਵਿਕ ਤੌਰ 'ਤੇ ਪ੍ਰੇਰਿਤ ਹੁੰਦੇ ਹਾਂ।
ਜਦੋਂ ਅਸੀਂ ਇਨ੍ਹਾਂ ਭੋਜਨਾਂ ਦਾ ਸੇਵਨ ਕਰਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਇਨਾਮ ਖੇਤਰ ਡੋਪਾਮਾਈਨ ਦੇ ਹਿੱਟ ਨਾਲ ਕਿਰਿਆਸ਼ੀਲ ਹੋ ਜਾਂਦੇ ਹਨ, ਜਿਸਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਖਾਂਦੇ ਹਾਂ। ਸ਼ਵਾਰਟਜ਼ ਕਹਿੰਦੇ ਹਨ, ਇਹ ਸਮੇਂ ਦੇ ਨਾਲ ਉਹਨਾਂ ਹਿੱਸਿਆਂ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਨੂੰ ਘਟਾ ਸਕਦਾ ਹੈ, ਇਸ ਲਈ ਸਾਨੂੰ ਸੰਵੇਦੀ ਸੰਤੁਸ਼ਟੀ ਦੇ ਉਸੇ ਪੱਧਰ ਨੂੰ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਖਪਤ ਕਰਨੀ ਪੈਂਦੀ ਹੈ।
ਜਦੋਂ ਅਸੀਂ ਇਹ ਭੋਜਨ ਖਾਂਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਡੋਪਾਮਾਈਨ ਦੇ ਵਾਧੇ ਦੁਆਰਾ ਕਿਰਿਆਸ਼ੀਲ ਹੋ ਜਾਂਦੇ ਹਨ, ਜਿਸ ਦਾ ਮਤਲਬ ਹੈ ਕਿ ਅਸੀਂ ਜ਼ਿਆਦਾ ਖਾ ਲੈਂਦੇ ਹਾਂ।

ਤਸਵੀਰ ਸਰੋਤ, Getty Images
ਸ਼ਵਾਰਟਜ਼ ਕਹਿੰਦੇ ਹਨ ਕਿ ਇਹ ਸਮੇਂ ਦੇ ਨਾਲ ਇਨ੍ਹਾਂ ਹਿੱਸਿਆਂ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਨੂੰ ਘਟਾ ਸਕਦਾ ਹੈ, ਜਿਸ ਨਾਲ ਅਸੀਂ ਸੰਵੇਦੀ ਸੰਤੁਸ਼ਟੀ ਦੇ ਸਮਾਨ ਪੱਧਰ ਨੂੰ ਹਾਸਲ ਕਰਨ ਲਈ ਵੱਧ ਤੋਂ ਵੱਧ ਖਾਂਦੇ ਹਾਂ।
ਸ਼ਵਾਰਟਜ਼ ਕਹਿੰਦੇ ਹਨ ਕਿ ਪਰ ਉੱਭਰ ਰਹੇ ਅੰਕੜੇ ਸੁਝਾਅ ਦਿੰਦੇ ਹਨ ਕਿ ਇਹ ਦਵਾਈਆਂ ਲੋਕਾਂ ਦੀ ਇਨ੍ਹਾਂ ਸੁਆਦੀ ਭੋਜਨਾਂ ਨੂੰ ਖਾਣ ਦੀ ਇੱਛਾ ਨੂੰ ਘਟਾਉਂਦੀਆਂ ਹਨ, ਜਦੋਂ ਕਿ ਜੀਅ ਘਬਰਾਉਣਾ ਅਤੇ ਹੋਰ ਜੀਐੱਲ ਲੱਛਣਾਂ ਦੇ ਮਾੜੇ ਪ੍ਰਭਾਵਾਂ ਨੂੰ ਵੀ ਘਟ ਕਰਦੀਆਂ ਹਨ ਜੋ ਲੋਕ ਇਨ੍ਹਾਂ ਖਾਣ ਵੇਲੇ ਅਨੁਭਵ ਕਰ ਸਕਦੇ ਹਨ।
ਉਹ ਆਖਦੇ ਹਨ, "ਇਹ ਖੋਜਾਂ ਸੁਝਾਉਂਦੀਆਂ ਹਨ ਕਿ ਇੱਕ ਵਿਧੀ ਹੈ ਜਿਸ ਦੀ ਵਰਤੋਂ ਅਸੀਂ ਦਵਾਈ ਤੋਂ ਬਿਨ੍ਹਾਂ ਸਿਹਤਮੰਦ ਭੋਜਨ ਨੂੰ ਬਹਾਲ ਕਰਨ ਲਈ ਕਰ ਸਕਦੇ ਹਾਂ ਅਤੇ ਜ਼ਿਆਦਾ ਖਾਣ ਤੋਂ ਬਿਨ੍ਹਾਂ ਸੰਤੁਸ਼ਟੀ ਦੀ ਭਾਵਨਾ ਹਾਸਲ ਕਰ ਸਕਦੇ ਹਾਂ।"
ਸ਼ਵਾਰਟਜ਼ ਕਹਿੰਦੇ ਹਨ ਕਿ ਖੋਜਕਾਰ ਖਾਣ, ਭਾਰ ਘਟਾਉਣ ਅਤੇ ਭਾਰ ਮੁੜ ਵਧਾਉਣ ਦੌਰਾਨ ਦਿਮਾਗ਼ੀ ਗਤੀਵਿਧੀ ਅਤੇ ਵਿਹਾਰ ਦਾ ਅਧਿਐਨ ਕਰ ਸਕਦੇ ਹਨ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਕੋਈ ਖੁਰਾਕ ਅਤੇ ਕਸਰਤ ਦਖ਼ਲਅੰਦਾਜ਼ੀ ਹੈ ਜਿਸ ਦਾ ਅਸਰ ਬਰਾਬਰ ਪੈ ਸਕਦਾ ਹੋਵੇ।
ਉਹ ਆਖਦੇ ਹਨ, "ਇਮੇਜਿੰਗ ਅਤੇ ਵਜ਼ਨ ਘਟਾਉਣ ਨੂੰ ਕਾਇਮ ਰੱਖਣ ਦੇ ਨਾਲ-ਨਾਲ ਕਲੀਨਿਕਲ ਜਾਂ ਖੁਰਾਕ ਸੰਬੰਧੀ ਪ੍ਰੀਖਿਆਵਾਂ ਦੀ ਲੋੜ ਹੋਵੇਗੀ ਪਰ ਇੱਕ ਦਹਾਕੇ ਦੇ ਅੰਦਰ, ਲੋਕਾਂ ਨੂੰ ਦਿਮਾਗ਼ ਵਿੱਚ ਕੁਝ ਹੌਟਸਪੌਟਸ ਦਾ ਅੰਦਾਜ਼ਾ ਹੋ ਜਾਵੇਗਾ ਅਤੇ ਵਿਹਾਰ ਜਾਂ ਖੁਰਾਕ ਨਾਲ ਉਨ੍ਹਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












