ਰੀਲਾਂ ਵੇਖ ਕੇ ਭਾਰ ਘਟਾਉਣ ਲਈ ਨੁਸਖ਼ੇ ਅਜ਼ਮਾਉਣ ਤੋਂ ਪਹਿਲਾਂ ਇਹ ਖ਼ਬਰ ਪੜ੍ਹੋ, ਉਨ੍ਹਾਂ ਦਾਅਵਿਆਂ ਦੀ ਇੰਝ ਪੜਚੋਲ ਕਰੋ

ਤਸਵੀਰ ਸਰੋਤ, Getty Images
- ਲੇਖਕ, ਲੌਰੈਨ ਪੌਟਸ
- ਰੋਲ, ਬੀਬੀਸੀ ਨਿਊਜ਼
"ਕੀ ਤੁਸੀਂ 3 ਦਿਨਾਂ ਵਿੱਚ ਸਾਢੇ ਚਾਰ ਕਿਲੋ ਭਾਰ ਘਟਾਉਣਾ ਚਾਹੁੰਦੇ ਹੋ? ਇੱਕ ਗਲਾਸ ਠੰਢਾ ਪਾਣੀ ਲਓ, ਉਸ ਵਿੱਚ ਇੱਕ ਚਮਚਾ ਕੌਫੀ ਪਾਓ। ਥੋੜ੍ਹਾ ਜਿਹਾ ਜੈਤੂਨ ਦਾ ਤੇਲ ਮਿਲਾਓ ਅਤੇ ਇੱਕ ਚਮਚਾ ਕੱਟਿਆ ਹੋਇਆ ਪਿਆਜ਼ ਪਾਓ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ ਨੂੰ ਪੀਓ ਅਤੇ ਰੀਲਾਂ 'ਤੇ ਆਉਣ ਵਾਲੀ ਹਰ ਚੀਜ਼ 'ਤੇ ਵਿਸ਼ਵਾਸ ਨਾ ਕਰੋ।"
ਜਿਸ ਵੀਡੀਓ ਵਿੱਚ ਇਹ ਸਲਾਹ ਦਿੱਤੀ ਗਈ ਹੈ, ਉਸ ਨੂੰ ਸੋਸ਼ਲ ਮੀਡੀਆ 'ਤੇ 15,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਕੁਝ ਲੋਕ ਕਹਿ ਸਕਦੇ ਹਨ ਕਿ ਇਹ ਸਹੀ ਹੈ।
ਕਈ ਲੋਕਾਂ ਨੇ ਇਸ ਵੀਡੀਓ ਦੀ ਪ੍ਰਸ਼ੰਸਾ ਵੀ ਕੀਤੀ। ਪਰ ਕੁਝ ਲੋਕਾਂ ਨੇ ਇਸ 'ਤੇ ਗੰਭੀਰ ਸਵਾਲ ਵੀ ਚੁੱਕੇ ਹਨ।
ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਲੋਕ ਸਵੇਰੇ ਪਾਣੀ ਵਿੱਚ ਪਿਆਜ਼ ਮਿਲਾ ਕੇ ਆਪਣੀ ਚਰਬੀ ਘਟਾਉਣਾ ਚਾਹੁੰਦੇ ਹਨ।

ਕੀ ਖਾਣ ਨਾਲ ਫੈਟ ਬਰਨ ਹੁੰਦਾ ਹੈ ?
ਇਕੱਲੇ ਟਿਕਟੌਕ 'ਤੇ ਫੈਟ ਬਰਨ ਕਰਨ ਵਾਲੇ ਭੋਜਨਾਂ ਬਾਰੇ 30 ਮਿਲੀਅਨ ਤੋਂ ਵੱਧ ਪੋਸਟਾਂ ਮੌਜੂਦ ਹਨ। ਇਸ ਦੇ ਨਾਲ ਹੀ, ਢਿੱਡ ਦੀ ਚਰਬੀ ਘਟਾਉਣ ਦਾ ਵਿਸ਼ਾ ਹੋਰ ਵੀ ਮਸ਼ਹੂਰ ਹੈ ਅਤੇ ਇਸ 'ਤੇ ਲਗਭਗ ਸੱਤ ਕਰੋੜ ਵੀਡੀਓ ਉਪਲਬਧ ਹਨ।
2023 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਔਨਲਾਈਨ ਪਲੇਟਫਾਰਮ ਚਰਬੀ ਘਟਾਉਣ ਨਾਲ ਸਬੰਧਤ ਸਮੱਗਰੀ ਨਾਲ ਭਰੇ ਹੋਏ ਹਨ। ਅੰਕੜੇ ਦਰਸਾਉਂਦੇ ਹਨ ਕਿ ਅਜਿਹੀ ਸਮੱਗਰੀ ਨੂੰ ਅਰਬਾਂ ਵਾਰ ਦੇਖਿਆ ਗਿਆ ਹੈ।
ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੀ ਬੁਲਾਰਾ ਐਸਲਿੰਗ ਪਿਗਟ ਕਹਿੰਦੀ ਹੈ ਕਿ ਚਰਬੀ ਘਟਾਉਣਾ ਸ਼ਬਦ ਨਾ ਸਿਰਫ਼ ਸਮੱਸਿਆ ਵਾਲਾ ਹੈ ਬਲਕਿ ਇਸਦਾ ਕੋਈ ਅਰਥ ਵੀ ਨਹੀਂ ਹੈ।
ਜਦੋਂ ਸੋਸ਼ਲ ਮੀਡੀਆ 'ਤੇ ਸਮੱਗਰੀ ਬਣਾਉਣ ਵਾਲੇ ਦਾਅਵਾ ਕਰਦੇ ਹਨ ਕਿ ਕਿਸੇ ਖ਼ਾਸ ਕਿਸਮ ਦਾ ਭੋਜਨ ਖਾਣ ਨਾਲ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ, ਤਾਂ ਇਹ ਅਸਲ ਵਿੱਚ ਚਰਬੀ ਘਟਾਉਣ ਲਈ ਵਾਧੂ ਕੈਲੋਰੀਜ਼ ਜੋੜਨ ਵਾਂਗ ਹੈ।
ਉਹ ਦੱਸਦੇ ਹਨ ਕਿ ਫੈਟ ਬਰਨ ਕਰਨ ਦਾ ਮਤਲਬ ਫੈਟ ਨੂੰ ਐਨਰਜੀ ਵਿੱਚ ਬਦਲਣ ਨਾਲ ਹੁੰਦਾ ਹੈ ਅਤੇ ਇਹ ਸਾਡਾ ਸਰੀਰ ਵਧੇਰੇ ਸਮੇਂ ਤੱਕ ਕਰਦਾ ਰਹਿੰਦਾ ਹੈ।
ਇਨ੍ਹਾਂ ਗੱਲਾਂ ਨੂੰ ਇੱਕ ਪਾਸੇ ਰੱਖਿਆ ਜਾਵੇ ਤਾਂ ਇਹ ਹਕੀਕਤ ਹੈ ਕਿ ਸੋਸ਼ਲ ਮੀਡੀਆ ਅਜਿਹੇ ਵੀਡੀਓ ਅਤੇ ਚਰਚਾਵਾਂ ਨਾਲ ਭਰਿਆ ਪਿਆ ਹੈ ਜਿੱਥੇ ਲੋਕ ਅਜਿਹੇ ਖਾਣੇ ਬਾਰੇ ਗੱਲ ਕਰਦੇ ਹਨ ਕਿ ਇਸ ਨਾਲ ਫੈਟ ਘਟਦਾ ਹੈ।

ਕਿਹੜੇ ਦਾਅਵੇ ਸਹੀ ਨਹੀਂ ਹਨ?
'ਫੈਟ ਬਰਨਿੰਗ ਕੌਫੀ' ਨਾਮ ਦੇ ਇੱਕ ਨੁਸਖ਼ੇ ਵਿੱਚ ਹਲਦੀ, ਲਾਲ ਮਿਰਚ ਅਤੇ ਅਦਰਕ ਪਾਊਡਰ ਨੂੰ ਮਿਲਾਉਣ ਦਾ ਸੁਝਾਅ ਦਿੱਤਾ ਗਿਆ ਸੀ। ਇਸ ਵੀਡੀਓ ਨੂੰ ਲਗਭਗ 20 ਲੱਖ ਵਾਰ ਦੇਖਿਆ ਗਿਆ ਹੈ ਅਤੇ ਟਿੱਪਣੀ ਬਾਕਸ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਅਜ਼ਮਾਉਣ ਬਾਰੇ ਗੱਲ ਕੀਤੀ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਅਜਮਾਉਣ ਲਾਇਕ ਹੈ?
ਪਿਗਟ ਕਹਿੰਦੇ ਹਨ, "ਜੇ ਤੁਸੀਂ ਵੱਖ-ਵੱਖ ਤੱਤਾਂ ਨੂੰ ਦੇਖਦੇ ਹੋ, ਤਾਂ ਅਜਿਹੇ ਅਧਿਐਨ ਮਿਲਦੇ ਹਨ ਜੋ ਦਰਸਾਉਂਦੇ ਹਨ ਕਿ ਉਹ ਥਰਮੋਜੇਨੇਸਿਸ (ਸਰੀਰ ਤੋਂ ਪੈਦਾ ਹੋਣ ਵਾਲੀ ਗਰਮੀ) ਜਾਂ ਕੈਲੋਰੀ ਬਰਨ ਕਰਨ ਦੀ ਯੋਗਤਾ ਨੂੰ ਪ੍ਰਭਾਵਤ ਕਰਦੇ ਹਨ।"
2009 ਵਿੱਚ ਚੂਹਿਆਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਮਸਾਲੇ, ਖ਼ਾਸ ਕਰ ਕੇ ਮਿਰਚ, ਸਰ੍ਹੋਂ ਅਤੇ ਦਾਲਚੀਨੀ ਦਾ ਭਾਰ ਘਟਾਉਣ ਦੇ ਮਾਮਲੇ ਵਿੱਚ ਕੁਝ ਸਕਾਰਾਤਮਕ ਅਸਰ ਦੇਖਿਆ ਗਿਆ ਹੈ।
ਪਰ ਜੇਕਰ ਸਵਾਲ ਇਹ ਹੈ ਕਿ ਕੀ ਸਵੇਰ ਦੀ ਕੌਫੀ ਵਿੱਚ ਮਸਾਲੇ ਪਾਉਣ ਨਾਲ ਚਰਬੀ ਘੱਟ ਜਾਵੇਗੀ, ਤਾਂ ਇਹ ਸੱਚ ਨਹੀਂ ਹੈ।
ਪਿਗਟ ਕਹਿੰਦੇ ਹਨ, "ਇਹ ਕੰਮ ਨਹੀਂ ਕਰੇਗਾ। ਇਹ ਤੁਹਾਡੀ ਕੁੱਲ ਕੈਲੋਰੀ ਬਰਨ ਨੂੰ ਇੱਕ ਜਾਂ ਦੋ ਕੈਲੋਰੀਆਂ ਦਾ ਵਾਧਾ ਕਰ ਸਕਦਾ ਹੈ, ਪਰ ਇਸ ਨਾਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਨਹੀਂ ਮਿਲਣ ਵਾਲੀ।"

ਤਸਵੀਰ ਸਰੋਤ, Getty Images
ਕੈਫੀਨ ਕਿਸ ਕੰਮ ਆਉਂਦੀ ਹੈ?
ਪਿਗਟ ਕੈਫੀਨ ਬਾਰੇ ਚਰਚਾ ਨੂੰ ਮਹੱਤਵਪੂਰਨ ਸਮਝਦੇ ਹਨ। ਇਸ ਨੂੰ ਫੈਟ ਬਰਨ ਕਰਨ ਵਾਲੇ ਤੱਤ ਵਜੋਂ ਪ੍ਰਚਾਰਿਆ ਜਾਂਦਾ ਹੈ। 2005 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਦਿਖਾਇਆ ਕਿ ਕੈਫੀਨ ਨੇ ਚੂਹਿਆਂ ਵਿੱਚ ਸਰੀਰ ਦੀ ਚਰਬੀ ਨੂੰ ਘਟਾਇਆ।
ਹਾਲਾਂਕਿ, ਉਹ ਚੇਤਾਵਨੀ ਦਿੰਦੀ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੈਫੀਨ ਮਨੁੱਖੀ ਸਰੀਰ ਵਿੱਚ ਚਰਬੀ ਨੂੰ ਘਟਾਉਂਦੀ ਹੈ।
ਪਿਗਟ ਕੈਫੀਨ ਦੇ ਇੱਕ ਫਾਇਦੇ ਦਾ ਜ਼ਿਕਰ ਜ਼ਰੂਰ ਕਰਦੇ ਹਨ। ਉਹ ਕਹਿੰਦੇ ਹਨ, "ਕੈਫੀਨ ਜਿਮ ਵਿੱਚ ਕਸਰਤ ਕਰਨ ਵਿੱਚ ਤੁਹਾਡੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕੈਫੀਨ ਪੀਣ ਤੋਂ ਬਾਅਦ ਕਸਰਤ ਕਰਦੇ ਹੋ, ਤਾਂ ਇਹ ਸੰਭਵ ਹੈ ਕਿ ਤੁਸੀਂ ਵਧੇਰੇ ਊਰਜਾ ਖ਼ਤਮ ਕਰਦੇ ਹੋ ਅਤੇ ਵਧੇਰੇ ਮਾਸਪੇਸ਼ੀਆਂ ਬਣਾਉਂਦੇ ਹੋ। ਇਹ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘਟਾ ਸਕਦਾ ਹੈ।"
"ਕੈਫੀਨ ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੈ, ਪਰ ਇਹ ਇਕੱਲਾ ਸਰੀਰ ਦੀ ਚਰਬੀ ਘਟਾਉਣ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦਾ।"

ਸੋਸ਼ਲ ਮੀਡੀਆ 'ਤੇ ਕੈਫੀਨ ਨਾਲ ਸਬੰਧਤ ਕਈ ਦਾਅਵੇ ਹਨ। ਜਿਵੇਂ ਸੁਝਾਅ ਦਿੱਤਾ ਗਿਆ ਹੈ, ਇੱਕ ਦਿਨ ਵਿੱਚ ਪੰਜ ਕੱਪ ਹਰੀ ਚਾਹ ਪੀਣੀ ਚਾਹੀਦੀ ਹੈ।
ਇੰਸਟਾਗ੍ਰਾਮ 'ਤੇ ਇੱਕ ਯੂਜ਼ਰ ਨੇ ਦਾਅਵਾ ਕੀਤਾ ਕਿ ਇਸ ਨਾਲ ਫੈਟ ਬਰਨ ਹੋਵੇਗਾ। ਉਨ੍ਹਾਂ ਨੇ ਇਸਦਾ ਸਿਹਰਾ ਓਜ਼ੈਂਪਿਕ ਨੇਚਰ ਨੂੰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ ਜੀਐੱਲਪੀ-1 ਪੈਦਾ ਕਰੇਗਾ। ਇਹ ਸ਼ੂਗਰ ਨਾਲ ਜੁੜੇ ਇੱਕ ਪ੍ਰਸਿੱਧ ਬ੍ਰਾਂਡ ਦੀ ਦਵਾਈ ਵਿੱਚ ਪਾਇਆ ਜਾਂਦਾ ਹੈ ਅਤੇ ਭਾਰ ਘਟਾਉਣ ਲਈ ਪ੍ਰਸਿੱਧ ਹੋਇਆ ਹੈ।
ਪਿਗਟ ਦਾ ਕਹਿਣਾ ਹੈ ਕਿ ਚੂਹਿਆਂ ਵਿੱਚ 2015 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕੌਫੀ ਪੌਲੀਫੇਨੌਲ ਖਾਣ ਤੋਂ ਬਾਅਦ ਗਲੂਕਾਗਨ ਦੀ ਰਿਲੀਜ਼ ਨੂੰ ਵਧਾ ਦਿੰਦੀ ਹੈ। ਇਹ ਅਜਿਹਾ ਹਾਰਮੋਨ ਹੈ ਜੋ ਭੁੱਖ ਨੂੰ ਕੰਟਰੋਲ ਕਰਨ ਅਤੇ ਇਨਸੁਲਿਨ ਛੱਡਣ ਵਿੱਚ ਭੂਮਿਕਾ ਨਿਭਾਉਂਦਾ ਹੈ।
ਪਰ ਪਿਗਟ ਦਾ ਕਹਿਣਾ ਹੈ ਕਿ ਇਹ ਗੱਲ ਮਨੁੱਖਾਂ ਵਿੱਚ ਸਹੀ ਸਾਬਿਤ ਨਹੀਂ ਹੁੰਦੀ ਕਿਉਂਕਿ ਜੀਐੱਲਪੀ-1 ਦੇ ਪੱਧਰ ਜ਼ਿਆਦਾਤਰ ਜੈਨੇਟਿਕਸ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।

ਜ਼ਿਆਦਾ ਕੈਫੀਨ ਦਾ ਕੀ ਨੁਕਸਾਨ ਹੈ?
ਇਹ ਸਭ ਕੁਝ ਸੋਸ਼ਲ ਮੀਡੀਆ ਸਿਰਜਣਹਾਰਾਂ ਵੱਲੋਂ ਵਿਗਿਆਨ ਦੀ ਭਾਸ਼ਾ ਦੀ ਵਰਤੋਂ ਕਰਕੇ ਭਰੋਸੇਯੋਗ ਦਿਖਣ ਅਤੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਨ ਦੀ ਇੱਕ ਉਦਾਹਰਣ ਹੈ।
ਪਿਗਟ ਦੱਸਦੇ ਹਨ ਕਿ ਸਾਡੇ ਕੋਲ ਉਨ੍ਹਾਂ ਲੋਕਾਂ 'ਤੇ ਭਰੋਸਾ ਕਰਨ ਦੀ ਮਨੁੱਖੀ ਪ੍ਰਵਿਰਤੀ ਹੁੰਦੀ ਹੈ ਜੋ ਸਮਝਦਾਰ ਲੱਗਦੇ ਹਨ ਜਾਂ ਵੱਡੇ ਸ਼ਬਦ ਵਰਤਦੇ ਹਨ।
ਉਹ ਕਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਜਾਂ ਸਰਕਾਰੀ ਅੰਕੜਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਭਾਰ ਘਟਾਉਣ ਦੇ ਸਬੂਤ ਦਿੰਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਹੈ, "ਸਮੱਸਿਆ ਇਹ ਨਹੀਂ ਹੈ ਕਿ ਅਧਿਕਾਰਤ ਸਲਾਹ ਕੰਮ ਨਹੀਂ ਕਰਦੀ, ਬਲਕਿ ਇਹ ਹੈ ਕਿ ਸਾਨੂੰ ਇਸਦੀ ਪਾਲਣਾ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸਦੀ ਬਜਾਏ, ਅਸੀਂ ਆਸਾਨ ਹੱਲ ਜਾਂ ਚਮਤਕਾਰ ਲੱਭਦੇ ਹਾਂ। ਇਸ ਲਈ ਜਦੋਂ ਕੋਈ ਹੱਲ ਲੈ ਕੇ ਆਉਂਦਾ ਹੈ, ਅਸੀਂ ਇਸ 'ਤੇ ਵਿਸ਼ਵਾਸ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਇਹੀ ਸਾਡੀ ਸਮੱਸਿਆ ਦਾ ਹੱਲ ਹੈ।"
"ਇਹ ਸਿਰਫ਼ ਉਸ ਜਵਾਬ ਦਾ ਹਿੱਸਾ ਹੋ ਸਕਦਾ ਹੈ ਜਿਸਦੀ ਤੁਸੀਂ ਭਾਲ ਕਰ ਰਹੇ ਹੋ। ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਜਿੰਮ ਜਾਣ ਤੋਂ ਪਹਿਲਾਂ ਇੱਕ ਕੱਪ ਕੌਫੀ ਪੀਣ ਨਾਲ ਪ੍ਰਦਰਸ਼ਨ ਵਿੱਚ ਮਦਦ ਮਿਲਦੀ ਹੈ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਦਿਨ ਵਿੱਚ ਪੰਜ ਕੱਪ ਕੌਫੀ ਪੀਣ ਨਾਲ ਉਹ ਪਤਲੇ ਹੋ ਜਾਣਗੇ।"
2020 ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਕੈਫੀਨ ਪੀਣ ਨਾਲ ਨੀਂਦ ਵਿੱਚ ਵਿਘਨ ਪੈਂਦਾ ਹੈ ਅਤੇ ਇਹ ਸਿੱਧੇ ਤੌਰ 'ਤੇ ਭਾਰ ਵਧਣ ਨਾਲ ਜੁੜਿਆ ਹੋਇਆ ਹੈ।

ਤਸਵੀਰ ਸਰੋਤ, Getty Images
ਵਿਗਿਆਨ ਦੀ ਪਾਲਣਾ ਕਿਉਂ ਕਰੀਏ?
ਪਿਗਟ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ, ਕੱਪ ਵਿੱਚ ਮੱਖਣ ਜਾਂ ਨਿੰਬੂ ਪਾ ਕੇ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ, ਪਰ ਇਸ ਨਾਲ ਵੀ ਕੋਈ ਫਾਇਦਾ ਨਹੀਂ ਹੋਣ ਵਾਲਾ।
ਸੋਸ਼ਲ ਮੀਡੀਆ 'ਤੇ, ਬਲੂਬੇਰੀ ਨੂੰ ਵੀ ਫੈਟ ਬਰਨ ਕਰਨ ਵਾਲਾ ਉਤਪਾਦ ਦੱਸਿਆ ਜਾਂਦਾ ਹੈ।
ਪਿਗਟ ਮੁਤਾਬਕ, "ਇਹ ਵਿਟਾਮਿਨ ਸੀ ਅਤੇ ਫਾਈਬਰ ਦਾ ਇੱਕ ਚੰਗਾ ਸਰੋਤ ਹੈ। ਪਰ ਇਹ ਤੁਹਾਨੂੰ ਪਤਲਾ ਨਹੀਂ ਬਣਾਉਂਦਾ। ਇਹ ਸਿਰਫ਼ ਬਲੂਬੇਰੀ ਹੀ ਹੈ।"
ਐਪਲ ਸਾਈਡਰ ਸਿਰਕਾ ਵੀ ਚਰਬੀ ਸਾੜਨ ਵਾਲੇ ਉਤਪਾਦ ਵਜੋਂ ਵੀ ਵੇਚਿਆ ਜਾਂਦਾ ਹੈ, ਪਰ ਇਹ ਵੀ ਆਪਣੇ ਆਪ ਵਿੱਚ ਇੱਕ ਰਹੱਸ ਹੈ।
ਪਿਗਟ ਦਾ ਕਹਿਣਾ ਹੈ ਕਿ ਇਹ ਵਿਚਾਰ ਗ਼ਲਤ ਹੈ ਕਿ ਸਿਰਕਾ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਘੱਟੋ-ਘੱਟ 1800 ਦੇ ਦਹਾਕੇ ਤੋਂ ਪ੍ਰਚਲਿਤ ਹੈ।
ਹਾਲਾਂਕਿ, ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਇਹ ਗਲੂਕੋਜ਼ ਅਤੇ ਭਾਰ ਕੰਟਰੋਲ ਨੂੰ ਲਾਭ ਪਹੁੰਚਾ ਸਕਦਾ ਹੈ। ਪਰ ਵੱਡੇ ਪੱਧਰ 'ਤੇ, ਉੱਚ-ਗੁਣਵੱਤਾ ਵਾਲੀ ਖੋਜ ਵਿੱਚ ਅਜਿਹੀ ਕੋਈ ਗੱਲ ਕਦੇ ਸਾਹਮਣੇ ਨਹੀਂ ਆਈ ਹੈ।
ਪਿਗਟ ਕਹਿੰਦੇ ਹਨ, "ਜੇਕਰ ਤੁਸੀਂ ਇਹ ਦੇਖਦੇ ਹੋ ਕਿ ਤੁਸੀਂ ਚੰਗੀ ਤਰ੍ਹਾਂ ਫਾਈਬਰ, ਪ੍ਰੋਟੀਨ, ਫ਼ਲ ਅਤੇ ਸਬਜ਼ੀਆਂ ਖਾ ਰਹੇ ਹੋ ਤਾਂ ਉਸ ਨਾਲ ਜ਼ਿਆਦਾ ਫਾਇਦਾ ਹੋਣ ਦੀ ਉਮੀਦ ਹੈ।"
ਪਿਗਟ ਦਾ ਕਹਿਣਾ ਹੈ ਕਿ ਸਾਇੰਸ ਨੂੰ ਫੌਲੋ ਕਰਨਾ ਹੀ ਸਭ ਤੋਂ ਬਿਹਤਰ ਹੈ।

ਕਿੱਥੋਂ ਜਾਣਕਾਰੀ ਲੈਣਾ ਬਿਹਤਰ ਹੈ?
ਸੋਸ਼ਲ ਮੀਡੀਆ ʼਤੇ ਅਜਿਹੇ ਵੀਡੀਓ ਨੂੰ ਕਰੀਬ 70 ਲੱਖ ਵਾਰ ਦੇਖਿਆ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਸ਼ੀਆ ਸੀਡਸ ਨੂੰ ਪਾਣੀ ਦੀ ਬੋਤਲ ਵਿੱਚ ਮਿਲਾ ਕੇ ਪੀਣ ਨਾਲ ਭਾਰ ਘੱਟ ਜਾਂਦਾ ਹੈ।
ਪਿਗਟ ਆਖਦੇ ਹਨ, ਅਜਿਹੇ ਵੀਡੀਓ ʼਤੇ ਵਿਸ਼ਵਾਸ਼ ਕਰਨ ਦੀ ਬਜਾਇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਜਿੰਨਾ ਫਾਈਬਰ ਤੁਹਾਨੂੰ ਚਾਹੀਦਾ ਹੈ ਓਨਾਂ ਤੁਸੀਂ ਲੈ ਰਹੇ ਹੋ ਜਾਂ ਨਹੀਂ।
ਸਹੀ ਖਾਣ-ਪੀਣ ਅਤੇ ਕਸਰਤ ਕਰਨ ਦਾ ਕੋਈ ਸ਼ਾਰਟਕੱਟ ਨਹੀਂ ਹੋ ਸਕਦਾ।
ਪਿਗਟ ਕਹਿੰਦੇ ਹਨ, "ਅੰਤ ਵਿੱਚ, ਮਾਅਨੇ ਇਹ ਰੱਖਦਾ ਹੈ ਕਿ ਤੁਸੀਂ ਉਸ ਊਰਜਾ ਦੀ ਓਨੀ ਵਰਤੋਂ ਕਰ ਰਹੇ ਹੋ ਜਿੰਨੀ ਤੁਸੀਂ ਖਾ ਰਹੇ ਹੋ ਜਾਂ ਨਹੀਂ। ਇਹ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਨਿਰਧਾਰਤ ਕਰਦਾ ਹੈ।"
"ਤੁਹਾਡੇ ਚਰਬੀ ਸਾੜਨ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਸਹੀ ਸਮੱਗਰੀ ਵਾਲੀ ਖੁਰਾਕ ਜ਼ਰੂਰੀ ਹੈ।"
ਇਸ ਲਈ, ਉਹ ਹਰ ਰੋਜ਼ ਘੱਟੋ-ਘੱਟ 30 ਗ੍ਰਾਮ ਫਾਈਬਰ ਲੈਣ ਦੀ ਸਿਫਾਰਸ਼ ਕਰਦੇ ਹਨ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਜਦੋਂ ਵੀ ਤੁਸੀਂ ਦਿਨ ਵਿੱਚ ਖਾਣਾ ਖਾਂਦੇ ਹੋ, ਉਸ ਵਿੱਚ ਪ੍ਰੋਟੀਨ ਹੋਣਾ ਚਾਹੀਦਾ ਹੈ ਅਤੇ ਇਸਦੇ ਨਾਲ, ਤੁਹਾਨੂੰ ਫ਼ਲ ਅਤੇ ਸਬਜ਼ੀਆਂ ਵੀ ਖਾਣੀਆਂ ਚਾਹੀਦੀਆਂ ਹਨ।
ਪਿਗਟ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਣ ਵਾਲੇ ਲੋਕ ਜਾਣਦੇ ਹਨ ਕਿ ਕਿਸ ਨੂੰ ਜ਼ਿਆਦਾ ਵਿਊਜ਼ ਜਾਂ ਲਾਈਕਸ ਮਿਲਣਗੇ, ਇਸ ਲਈ ਉਨ੍ਹਾਂ ਦੇ ਦਾਅਵਿਆਂ 'ਤੇ ਸਵਾਲ ਚੁੱਕਣਾ ਮਹੱਤਵਪੂਰਨ ਹੈ।
"ਜਾਣਕਾਰੀ ਤੁਹਾਨੂੰ ਸੁਣ ਕੇ ਸੱਚੀ ਲੱਗ ਸਕਦੀ ਹੈ। ਜਾਣਕਾਰੀ ਦੇਣ ਵਾਲਾ ਵੀ ਇਸ ਤਰੀਕੇ ਨਾਲ ਸਮਝਾਏਗਾ ਕਿ ਤੁਹਾਨੂੰ ਇਹ ਸਹੀ ਲੱਗੇ, ਪਰ ਸੋਸ਼ਲ ਮੀਡੀਆ ਤੋਂ ਦੂਰ ਰਹੋ ਅਤੇ ਅਜਿਹੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰੋ ਜਿਸ 'ਤੇ ਭਰੋਸਾ ਕੀਤਾ ਜਾ ਸਕੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












