ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਰੱਖੀ ਵਿਸਫ਼ੋਟਕ ਸਮੱਗਰੀ 'ਚ ਧਮਾਕਾ ਕਿਵੇਂ ਹੋ ਗਿਆ ਜਿਸ ਕਰਕੇ 9 ਮੌਤਾਂ ਹੋਈਆਂ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਸ਼ੁੱਕਰਵਾਰ ਦੇਰ ਰਾਤ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ ਨੌਂ ਲੋਕ ਮਾਰੇ ਗਏ ਹਨ ਅਤੇ 27 ਹੋਰ ਜ਼ਖਮੀ ਹੋ ਗਏ ਹਨ।
ਇਹ ਧਮਾਕਾ ਅਜਿਹੇ ਸਮੇਂ ਹੋਇਆ ਜਦੋਂ ਇਸ ਤੋਂ ਚਾਰ ਦਿਨ ਪਹਿਲਾਂ ਭਾਵ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਕਾਰ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ।
ਹਾਲਾਂਕਿ, ਜੰਮੂ-ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਨੇ ਸ਼ਨੀਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਇਹ ਇੱਕ ਹਾਦਸਾ ਸੀ, ਹੋਰ ਕੁਝ ਨਹੀਂ। ਉਨ੍ਹਾਂ ਨੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ।
ਉਨ੍ਹਾਂ ਕਿਹਾ ਕਿ ਨੌਗਾਮ ਪੁਲਿਸ ਸਟੇਸ਼ਨ ਦੇ ਬਾਹਰ ਅਮੋਨੀਅਮ ਨਾਈਟ੍ਰੇਟ ਰੱਖਿਆ ਸੀ, ਇਸ ਤੋਂ ਨਮੂਨਾ ਲੈਣ ਦਾ ਕੰਮ ਦੋ ਦਿਨਾਂ ਤੋਂ ਚੱਲ ਰਿਹਾ ਸੀ। ਡੀਜੀਪੀ ਨਲਿਨ ਪ੍ਰਭਾਤ ਨੇ ਦੱਸਿਆ ਕਿ ਨਮੂਨਾ ਬਹੁਤ ਸਾਵਧਾਨੀ ਨਾਲ ਲਿਆ ਜਾ ਰਿਹਾ ਸੀ, ਪਰ ਬਦਕਿਸਮਤੀ ਨਾਲ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਕਿਹਾ, "ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਐਸਆਈਏ ਅਧਿਕਾਰੀ, ਤਿੰਨ ਫੋਰੈਂਸਿਕ ਮਾਹਰ, ਦੋ ਮਾਲੀਆ ਅਧਿਕਾਰੀ, ਦੋ ਫੋਟੋਗ੍ਰਾਫਰ ਅਤੇ ਟੀਮ ਨਾਲ ਕੰਮ ਕਰ ਰਹੇ ਇੱਕ ਸਥਾਨਕ ਦਰਜ਼ੀ ਸ਼ਾਮਲ ਹਨ। ਇਸ ਦੌਰਾਨ 27 ਹੋਰ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।"
ਹਾਦਸੇ ਸਬੰਧੀ ਇਹੀ-ਜਿਹਾ ਬਿਆਨ ਹੀ ਗ੍ਰਹਿ ਮੰਤਰਾਲੇ ਵੱਲੋਂ ਵੀ ਆਇਆ ਹੈ। ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਵੀ ਇਹੀ ਕਿਹਾ ਹੈ ਕਿ ਇਹ ਸਿਰਫ਼ ਇੱਕ ਹਾਦਸਾ ਸੀ।

ਤਸਵੀਰ ਸਰੋਤ, ANI
ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਕਸ 'ਤੇ ਲਿਖਿਆ, "ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਗਲਤੀ ਨਾਲ ਹੋਏ ਧਮਾਕੇ ਕਾਰਨ ਹੋਈਆਂ ਮੌਤਾਂ ਤੋਂ ਬਹੁਤ ਦੁੱਖ ਹੋਇਆ। ਮੇਰੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਉਨ੍ਹਾਂ ਲਿਖਿਆ, "ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ, ਦੋਸਤਾਂ ਅਤੇ ਅਜ਼ੀਜ਼ਾਂ ਦੇ ਨਾਲ ਖੜ੍ਹੀ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਂ ਇਸ ਐਕਸੀਡੈਂਟਲ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।"
ਗ੍ਰਹਿ ਮੰਤਰਾਲੇ ਦਾ ਬਿਆਨ - ਧਮਾਕਾ ਕਿਵੇਂ ਹੋਇਆ

ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਸ਼ਾਂਤ ਲੋਖੰਡੇ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ।
ਉਨ੍ਹਾਂ ਕਿਹਾ, "14 ਨਵੰਬਰ ਦੀ ਰਾਤ ਨੂੰ ਇੱਕ ਮੰਦਭਾਗੀ ਘਟਨਾ ਵਿੱਚ, ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਇੱਕ ਧਮਾਕਾ ਹੋਇਆ। ਨੌਗਾਮ ਪੁਲਿਸ ਨੇ ਹਾਲ ਹੀ ਵਿੱਚ ਇੱਕ ਪੋਸਟਰ ਤੋਂ ਪ੍ਰਾਪਤ ਸੁਰਾਗ ਦੇ ਅਧਾਰ 'ਤੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।"
"ਨੌਗਾਮ ਪੁਲਿਸ ਦੀ ਐਫਆਈਆਰ ਦੇ ਤਹਿਤ ਜਾਂਚ ਦੌਰਾਨ, ਵਿਸਫੋਟਕਾਂ ਅਤੇ ਰਸਾਇਣਾਂ ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਸੀ। ਇਸ ਨੂੰ ਨੌਗਾਮ ਪੁਲਿਸ ਸਟੇਸ਼ਨ ਦੇ ਖੁੱਲ੍ਹੇ ਖੇਤਰ ਵਿੱਚ ਸੁਰੱਖਿਅਤ ਢੰਗ ਨਾਲ ਰੱਖਿਆ ਗਿਆ ਸੀ।''
''ਨਿਰਧਾਰਤ ਪ੍ਰਕਿਰਿਆ ਦੇ ਤਹਿਤ ਬਰਾਮਦ ਕੀਤੇ ਗਏ ਰਸਾਇਣਕ ਵਿਸਫੋਟਕ ਦੇ ਨਮੂਨੇ ਨੂੰ ਰਸਾਇਣਕ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਸੀ। ਭਾਰੀ ਮਾਤਰਾ ਵਿੱਚ ਬਰਾਮਦ ਹੋਣ ਦੇ ਕਾਰਨ, ਇਹ ਪ੍ਰਕਿਰਿਆ ਪਿਛਲੇ ਦੋ ਦਿਨਾਂ ਤੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਜਾਰੀ ਸੀ।"
ਉਨ੍ਹਾਂ ਕਿਹਾ, "ਵਿਸਫੋਟਕਾਂ ਦੀ ਅਸਥਿਰ ਪ੍ਰਕਿਰਤੀ ਦੇ ਕਾਰਨ ਇਸ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾ ਰਿਹਾ ਸੀ। ਹਾਲਾਂਕਿ, ਉਸੇ ਦੌਰਾਨ ਸ਼ੁੱਕਰਵਾਰ ਰਾਤ ਲਗਭਗ 11:20 ਵਜੇ ਇੱਕ ਅਚਾਨਕ ਧਮਾਕਾ ਹੋਇਆ।''
''ਇਸ ਮੰਦਭਾਗੀ ਘਟਨਾ ਵਿੱਚ ਨੌਂ ਲੋਕ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਕਾਰਨ ਬਾਰੇ ਕੋਈ ਹੋਰ ਅਟਕਲਾਂ ਵਿਅਰਥ ਹਨ।"
ਚਸ਼ਮਦੀਦਾਂ ਨੇ ਕੀ ਦੱਸਿਆ?

ਤਸਵੀਰ ਸਰੋਤ, ANI
ਧਮਾਕੇ ਦੇ ਚਸ਼ਮਦੀਦ ਗਵਾਹ ਤਾਰਿਕ ਅਹਿਮਦ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "11 ਵੱਜ ਕੇ 22 ਮਿੰਟ 'ਤੇ ਇੱਕ ਬਹੁਤ ਜ਼ੋਰਦਾਰ ਧਮਾਕਾ ਹੋਇਆ। ਪਹਿਲਾਂ ਤਾਂ ਅਸੀਂ ਡਰ ਗਏ। 15-20 ਮਿੰਟ ਤਾਂ ਇਹ ਸਮਝਣ ਵਿੱਚ ਲੱਗ ਗਏ ਕਿ ਹੋਇਆ ਕੀ ਹੈ। ਕੀ ਹਵਾਈ ਹਮਲਾ ਹੋਇਆ ਹੈ, ਕੁਝ ਫਟਿਆ ਹੈ ਜਾਂ ਭੂਚਾਲ ਆਇਆ ਸੀ। ਪਰ ਜਦੋਂ ਕੁਝ ਮਹਿਲਾਵਾਂ ਰੋਦੀਆਂ ਹੋਈਆਂ ਬਾਹਰ ਆਈਆਂ ਤਾਂ ਪਤਾ ਲੱਗਿਆ ਕਿ ਪੁਲਿਸ ਸਟੇਸ਼ਨ ਵਿੱਚ ਧਮਾਕਾ ਹੋਇਆ ਹੈ।"
"ਜਦੋਂ ਅਸੀਂ ਪੁਲਿਸ ਸਟੇਸ਼ਨ ਗਏ ਤਾਂ ਉੱਥੇ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਇੱਕਦਮ ਕਿਆਮਤ ਸੀ। ਹਰ ਪਾਸੇ ਧੂੰਆਂ ਹੀ ਧੂੰਆਂ। ਲਾਸ਼ਾਂ ਸਨ। ਸਾਡਾ ਬਹੁਤ ਨੁਕਸਾਨ ਹੋਇਆ ਹੈ। ਸਾਡੇ ਲੋਕ, ਸਾਡੇ ਗੁਆਂਢੀ ਇਸ ਵਿੱਚ ਮਾਰੇ ਗਏ ਹਨ।"
ਇੱਕ ਹੋਰ ਸਥਾਨਕ ਵਿਅਕਤੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਤੋਂ ਤੀਜਾ ਘਰ ਉਨ੍ਹਾਂ ਦਾ ਹੈ।
ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਉਨ੍ਹਾਂ ਕਿਹਾ, "ਗਿਣਤੀ ਅਜੇ ਵੀ ਜਾਰੀ ਹੈ। ਮੇਰੇ ਘਰ ਵਿੱਚ ਸਾਰਾ ਕੁਝ ਸੁਰੱਖਿਅਤ ਹੈ। ਪਰ ਆਲੇ-ਦੁਆਲੇ ਦੇ ਸਾਰੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।"
ਇੱਕ ਹੋਰ ਸਥਾਨਕ ਵਿਅਕਤੀ, ਸ਼ਫਾਦ ਅਹਿਮਦ ਨੇ ਕਿਹਾ, "ਮੇਰੇ ਨਜ਼ਦੀਕੀ ਰਿਸ਼ਤੇਦਾਰ ਪੁਲਿਸ ਸਟੇਸ਼ਨ ਦੇ ਨੇੜੇ ਰਹਿੰਦੇ ਹਨ। ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਹੈ। ਸਾਨੂੰ ਜਾਣ ਨਹੀਂ ਦੇ ਰਹੇ। ਕੀ ਕਰੀਏ? ਉਨ੍ਹਾਂ ਦੀ ਵੀ ਮਜਬੂਰੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇੰਨਾ ਜ਼ੋਰਦਾਰ ਧਮਾਕਾ ਨਹੀਂ ਸੁਣਿਆ।"
ਕਿੱਥੋਂ ਆਇਆ ਸੀ ਇੰਨਾ ਵਿਸਫੋਟਕ

ਤਸਵੀਰ ਸਰੋਤ, Getty Images
ਇਹ ਧਮਾਕਾ ਸ਼ੁੱਕਰਵਾਰ ਰਾਤ 11 ਵੱਜ ਕੇ 20 ਮਿੰਟ 'ਤੇ ਹੋਇਆ, ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ।
ਜਿਸ ਇਲਾਕੇ ਵਿੱਚ ਧਮਾਕਾ ਹੋਇਆ, ਉਹ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਨੌਗਾਮ ਪੁਲਿਸ ਸਟੇਸ਼ਨ ਹਾਲ ਹੀ ਵਿੱਚ ਖ਼ਬਰਾਂ ਵਿੱਚ ਆਇਆ ਸੀ ਕਿਉਂਕਿ ਇਸ ਪੁਲਿਸ ਸਟੇਸ਼ਨ ਵਿੱਚ ਜੈਸ਼-ਏ-ਮੁਹੰਮਦ ਦੇ ਇੱਕ ਇੰਟਰਸਟੇਟ ਮਾਡਿਊਲ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।
ਪੁਲਿਸ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਖ਼ਬਰ ਏਜੰਸੀ ਪੀਟੀਆਈ ਨੇ ਰਿਪੋਰਟ ਦਿੱਤੀ ਹੈ ਕਿ ਧਮਾਕਾ ਉਸ ਵਿਸਫੋਟਕ ਵਿੱਚ ਹੋਇਆ, ਜੋ ਹਰਿਆਣਾ ਦੇ ਫਰੀਦਾਬਾਦ ਤੋਂ ਲਿਆਂਦਾ ਗਿਆ ਸੀ।
ਪੀਟੀਆਈ ਦੇ ਅਨੁਸਾਰ, ਇਹ ਗ੍ਰਿਫ਼ਤਾਰ ਕੀਤੇ ਗਏ ਡਾਕਟਰ ਮੁਜ਼ੱਮਿਲ ਗਨੀ ਦੇ ਘਰ ਤੋਂ ਜ਼ਬਤ ਕੀਤੇ ਗਏ 360 ਕਿਲੋਗ੍ਰਾਮ ਵਿਸਫੋਟਕਾਂ ਦਾ ਹਿੱਸਾ ਸੀ।
ਡਾਕਟਰ ਮੁਜ਼ੱਮਿਲ ਦਾ ਨਾਮ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਵੀ ਸਾਹਮਣੇ ਆਇਆ ਹੈ।
ਡੀਜੀਪੀ ਨਲਿਨ ਪ੍ਰਭਾਤ ਦੇ ਅਨੁਸਾਰ, ਧਮਾਕੇ ਕਾਰਨ ਨੌਗਾਮ ਪੁਲਿਸ ਸਟੇਸ਼ਨ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।
ਦਿੱਲੀ ਧਮਾਕੇ ਨਾਲ ਜੁੜਦੇ ਤਾਰ

ਤਸਵੀਰ ਸਰੋਤ, ANI
ਅਕਤੂਬਰ ਦੇ ਮਹੀਨੇ ਵਿੱਚ ਨੌਗਾਮ ਇਲਾਕੇ ਦੇ ਬਨਪੁਰਾ ਵਿੱਚ ਅਜਿਹੇ ਕੁਝ ਪੋਸਟਰ ਨਜ਼ਰ ਆਏ ਸਨ, ਜਿਨ੍ਹਾਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਧਮਕੀ ਦਿੱਤੀ ਗਈ ਸੀ।
ਇਸ ਤੋਂ ਬਾਅਦ ਸ਼੍ਰੀਨਗਰ ਪੁਲਿਸ ਨੇ ਇਸ ਮਾਮਲੇ ਵਿੱਚ 19 ਅਕਤੂਬਰ ਨੂੰ ਇੱਕ ਕੇਸ ਦਰਜ ਕੀਤਾ ਅਤੇ ਇੱਕ ਵੱਖਰੀ ਜਾਂਚ ਟੀਮ ਬਣਾਈ।
ਜਾਂਚ ਦੌਰਾਨ, ਪੁਲਿਸ ਨੇ ਪਹਿਲੇ ਤਿੰਨ ਸ਼ੱਕੀਆਂ ਦੀ ਪਛਾਣ ਕੀਤੀ। ਉਨ੍ਹਾਂ ਨਾਲ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਸ਼ੋਪੀਆਂ ਤੋਂ ਮੌਲਵੀ ਇਰਫਾਨ ਅਹਿਮਦ ਨੂੰ ਗ੍ਰਿਫਤਾਰ ਕੀਤਾ, ਜਿਸ 'ਤੇ ਪੋਸਟਰ ਸਪਲਾਈ ਕਰਨ ਦਾ ਇਲਜ਼ਾਮ ਸੀ।
ਅੰਤ ਵਿੱਚ ਇਸ ਮਾਮਲੇ ਦੇ ਤਾਰ ਸ਼੍ਰੀਨਗਰ ਤੋਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਨਾਲ ਜੁੜ ਗਏ, ਜਿੱਥੇ ਪੁਲਿਸ ਨੇ ਡਾਕਟਰ ਮੁਜ਼ੱਮਿਲ ਗਨੀ ਅਤੇ ਡਾਕਟਰ ਸ਼ਾਹੀਨ ਸਈਦ ਨੂੰ ਗ੍ਰਿਫਤਾਰ ਕੀਤਾ।
ਇੱਥੇ ਪੁਲਿਸ ਨੇ ਭਾਰੀ ਮਾਤਰਾ 'ਚ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸਮੇਤ ਰਸਾਇਣਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












