ਪੰਜਾਬ ’ਚ ‘ਆਪ’ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਕਿਹੋ ਜਿਹੇ ਸਿਆਸਤਦਾਨ ਹਨ? ਭਗਵੰਤ ਮਾਨ ਦੇ ਜਾਣ ਦੇ ਕੀ ਅਰਥ?

ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਕੈਬਿਨਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੂਬੇ ਦਾ ਨਵਾਂ ਪ੍ਰਧਾਨ ਲਗਾਇਆ ਹੈ। ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਹੀ ਸੂਬੇ ਦੀ ਪ੍ਰਧਾਨਗੀ ਸਾਂਭ ਰਹੇ ਸਨ।

ਇਸ ਦੇ ਨਾਲ ਹੀ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਦਿੱਤੀ ਗਈ ਹੈ।

ਪ੍ਰਧਾਨ ਅਤੇ ਉਪ ਪ੍ਰਧਾਨ ਦੇ ਨਾਵਾਂ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰ ਕੇ ਕੀਤਾ।

ਮਾਨ ਨੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ,“ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਿਨਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ।”

ਉਹਨਾਂ ਅੱਗੇ ਲਿਖਿਆ, “ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉਪ ਪ੍ਰਧਾਨ ਦੇ ਤੌਰ ’ਤੇ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ’ਚ ਹੋਰ ਮਜ਼ਬੂਤ ਕਰਨਗੇ ਅਤੇ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ।”

ਭਗਵੰਤ ਮਾਨ ਦਾ ਜਾਣ ਤੇ ਅਰੋੜਾ ਦੀ ਪ੍ਰਧਾਨਗੀ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਸਿਆਸੀ ਕਾਰਕੁਨ ਮਨਜੀਤ ਸਿੰਘ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ “ਸਾਈਡ” ’ਤੇ ਕੀਤਾ ਹੈ।

ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਪਾਰਟੀ ਨੇ ਭਾਈਚਾਰਿਆਂ ਤੇ ਦੋ ਖਿੱਤਿਆਂ (ਮਾਲਵਾ ਤੇ ਮਾਝਾ) ਨੂੰ ਲੈ ਕੇ ਵੀ ਨਵੇਂ ਅਹੁਦੇ ਦਿੱਤੇ ਹੋ ਸਕਦੇ ਹਨ।

ਉਨ੍ਹਾਂ ਕਿਹਾ,“ਪਹਿਲਾਂ ਚਰਚਾ ਇਹ ਵੀ ਸੀ ਕਿ ਅਮਨ ਅਰੋੜਾ ਕਾਂਗਰਸ ਵਿੱਚ ਜਾ ਸਕਦੇ ਹਨ ਪਰ ਅੱਜ ਜੇ ਉਨ੍ਹਾਂ ਨੂੰ ਪ੍ਰਧਾਨ ਲਾਇਆ ਗਿਆ ਹੈ ਤਾਂ ਹਾਈਕਮਾਨ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਵੀ ਦੇਖੀ ਗਈ ਹੋਵੇਗੀ।”

ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਬਦਲਾਅ ਨਾਲ ਪੰਜਾਬ ’ਤੇ ਕੀ ਅਸਰ ਪੈਂਦਾ ਹੈ ਇਹ ਬਾਅਦ ਵਿੱਚ ਪਤਾ ਲੱਗੇਗਾ ਪਰ ਦਿੱਲੀ ਦੀਆਂ ਚੋਣਾਂ ਵਿੱਚ ਇਸ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਉਹ ਦੇਖਣਾ ਹੋਵੇਗਾ।

ਅਮਨ ਅਰੋੜਾ ਨੇ ਪ੍ਰਧਾਨਗੀ ਮਿਲਣ ’ਤੇ ਕੀ ਕਿਹਾ

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅਮਨ ਅਰੋੜਾ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ,“ਪਾਰਟੀ ਨੇ ਮੈਨੂੰ ਤੇ ਸ਼ੈਰੀ ਕਲਸੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮਾਨ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ। ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਭਗਵੰਤ ਮਾਨ ਦੀ ਟੀਮ ਬਣ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ।”

ਅਮਨ ਅਰੋੜਾ ਨੇ ਅੱਗੇ ਕਿਹਾ, “ਕਿਸੇ ਪਾਰਟੀ ਵਿੱਚ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਕੋਈ ਪ੍ਰਧਾਨ ਆਪਣਾ ਅਹੁਦਾ ਛੱਡ ਕੇ ਦੂਜੇ ਨੂੰ ਇਹ ਜ਼ਿੰਮੇਵਾਰੀ ਸੌਂਪੇ। ਕੁਝ ਦਿਨ ਪਹਿਲਾਂ ਹੀ ਭਗਵੰਤ ਮਾਨ ਨੇ ਖੁਦ ਇਸ ਅਹੁਦੇ ਨੂੰ ਛੱਡਣ ਦੀ ਗੱਲ ਕਹੀ ਸੀ। ਇਸ ਨੂੰ ਮੰਨ ਕੇ ਹੀ ਪਾਰਟੀ ਨੇ ਮੈਨੂੰ ਤੇ ਸ਼ੈਰੀ ਕਲਸੀ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਹੈ।”

ਨਵੇਂ ਚੁਣੇ ਗਏ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਵਿੱਚ ਵਖਰੇਵੇਂ ਬਾਰੇ ਪੁੱਛੇ ਸਵਾਲ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਨਾ ਕਦੇ ਖਿੰਡੀ ਸੀ ਤੇ ਨਾ ਹੀ ਅੱਗੇ ਕਦੇ ਅਜਿਹਾ ਹੋਵੇਗਾ।

ਅਮਨ ਅਰੋੜਾ ਦਾ ਪਿਛੋਕੜ

ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਵਿੱਚ ਪਹਿਲਾਂ ਹੀ ਸ਼ਾਮਲ ਹਨ, ਜਦਕਿ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਬਟਾਲਾ ਹਲਕੇ ਤੋਂ ਵਿਧਾਇਕ ਹਨ।

ਅਮਨ ਅਰੋੜਾ ਦਾ ਜੱਦੀ ਪਿੰਡ ਬਡਰੁੱਖਾਂ ਹੈ, ਜੋ ਕਿ ਸੁਨਾਮ ਹਲਕੇ ਵਿੱਚ ਹੀ ਪੈਂਦਾ ਹੈ। ਉਨ੍ਹਾਂ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ।

ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਵਿਧਾਇਕ ਸਨ, ਜਿਨ੍ਹਾਂ ਨੇ 1997 ਵਿੱਚ ਇਹ ਸੀਟ ਜਿੱਤੀ ਸੀ। ਉਨ੍ਹਾਂ ਨੇ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ।

ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਮੁਤਾਬਕ ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਨੇ ਖੁਦਕੁਸ਼ੀ ਕਰ ਲਈ ਸੀ।

ਅਕਾਲੀਆਂ ਦਾ ਕਿਲ੍ਹਾ ਫਤਹਿ ਕਰ ਪਹਿਲੀ ਵਾਰ ਕਦੋਂ ਵਿਧਾਇਕ ਬਣੇ

ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸੁਨਾਮ ਇਲਾਕਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਜਿੱਥੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਚੁਣੇ ਜਾਂਦੇ ਰਹੇ ਸਨ।

ਇਨ੍ਹਾਂ ਦੇ ਮੁਕਾਬਲੇ ਅਮਨ ਅਰੋੜਾ ਕਾਂਗਰਸ ਵੱਲੋਂ ਚੋਣ ਲੜਦੇ ਰਹੇ ਹਨ, ਜਿਨ੍ਹਾਂ ਨੂੰ ਢੀਂਡਸਾ ਪਰਿਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਆਪਣੇ ਪਿਤਾ ਦੀ ਮੌਤ ਤੋਂ ਕਈ ਸਾਲ ਬਾਅਦ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੁਨਾਮ ਸੀਟ ਜਿੱਤੀ ਸੀ। ਅਮਨ 2017 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ।

2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਮਨ ਅਰੋੜਾ ਦੂਜੀ ਵਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ। ਉਨ੍ਹਾਂ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ ਹਰਾਇਆ ਸੀ।

2022 ਵਿੱਚ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਦਾਇਰ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 88 ਕਰੋੜ ਰੁਪਏ ਹੈ। ਅਮਨ ਅਰੋੜਾ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ।

ਸੰਗਰੂਰ ਤੋਂ ਸੀਨੀਅਰ ਪੱਤਰਕਾਰ ਗੁਰਦੀਪ ਸਿੰਘ ਲਾਲੀ ਕਹਿੰਦੇ ਹਨ ਕਿ ਅਮਨ ਅਰੋੜਾ ਲੋਕਾਂ ਨਾਲ ਜੁੜੀ ਸਿਆਸਤ ਕਰਦੇ ਹਨ ਅਤੇ ਇਹੋ ਕਾਰਨ ਹੈ ਕਿ ਉਹ ਦੂਜੀ ਵਾਰ ਵੀ ਸੁਨਾਮ ਤੋਂ ਵੱਡੀ ਗਿਣਤੀ ਵੋਟਾਂ ਨਾਲ ਜਿੱਤੇ ਸਨ।

ਉਹ ਕਹਿੰਦੇ ਹਨ, ‘‘ਅਮਨ ਅਰੋੜਾ ਨੇ ਸੁਨਾਮ ਵਿੱਚ ਆਪਣੇ ਘਰ ਅੰਦਰ ਲੋਕਾਂ ਦੀ ਸਹਾਇਤਾ ਲਈ ਇੱਕ ਸੁਵਿਧਾ ਕੇਂਦਰ ਖੋਲਿਆ ਹੋਇਆ ਹੈ ਜਿੱਥੇ ਉਹਨਾਂ ਦੇ ਮੁਲਾਜ਼ਮ ਲੋਕਾਂ ਦੇ ਕੰਮ ਕਰਵਾਉਂਦੇ ਹਨ। ਉਹਨਾਂ ਨੇ ਇਲਾਕੇ ਵਿੱਚ ਵੱਡੀ ਗਿਣਤੀ ਲੋਕਾਂ ਦੀਆਂ ਪੈਨਸ਼ਨਾਂ ਲਗਵਾਈਆਂ ਹਨ ਅਤੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਵੀ ਲਗਾਤਾਰ ਲਗਾ ਰਹੇ ਹਨ।’’

ਅਮਨ ਅਰੋੜਾ ਦਾ ਰਾਜਿੰਦਰ ਦੀਪਾ ਨਾਲ ਵਿਵਾਦ

ਅਮਨ ਅਰੋੜਾ ਦਾ ਆਪਣੇ ਜੀਜਾ ਰਾਜਿੰਦਰ ਦੀਪਾ ਨਾਲ ਵੀ ਜ਼ਮੀਨੀ ਵਿਵਾਦ ਰਹਿ ਚੁੱਕਾ ਹੈ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਰਾਜਿੰਦਰ ਦੀਪਾ ਨੇ ਅਮਨ ਅਰੋੜਾ ਖ਼ਿਲਾਫ਼ 3 ਮਾਰਚ 2008 ਨੂੰ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਵਿੱਚ ਅਮਨ ਅਰੋੜਾ ਵੱਲੋਂ ਵੀ ਰਾਜਿੰਦਰ ਦੀਪਾ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ।

ਇਸ ਮਾਮਲੇ ਵਿੱਚ ਉਸ ਸਮੇਂ ਰਾਜਿੰਦਰ ਦੀਪਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਨਾਮ ਅਦਾਲਤ ਨੇ 21 ਦਸੰਬਰ 2023 ਨੂੰ ਰਾਜਿੰਦਰ ਦੀਪਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਮਨ ਅਰੋੜਾ ਸਣੇ 9 ਵਿਅਕਤੀਆਂ ਖ਼ਿਲਾਫ਼ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ।

ਇਸ ਮਾਮਲੇ ਵਿੱਚ ਅਮਨ ਅਰੋੜਾ ਨੂੰ ਸੰਗਰੂਰ ਅਦਾਲਤ ਤੋਂ ਸਟੇਅ ਮਿਲ ਗਈ ਸੀ।

ਉਨ੍ਹਾਂ ਦੱਸਿਆ ਕਿ ਰਾਜਿੰਦਰ ਦੀਪਾ ਵੱਲੋਂ ਵੀ ਇਸ ਫ਼ੈਸਲੇ ਵਿਰੁੱਧ ਸੰਗਰੂਰ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਅਦਾਲਤ ਵੱਲੋਂ ਇਹ ਮਾਮਲਾ ਅਜੇ ਰਾਖਵਾਂ ਰੱਖਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ 2024 ਨੂੰ ਹੈ।