ਏਕਿਊਆਈ ਕੀ ਹੈ, ਸਮੋਗ ਤੇ ਪੀਐੱਮ 2.5 ਕੀ ਹੈ ਤੇ ਇਨ੍ਹਾਂ ਦਾ ਸਿਹਤ ’ਤੇ ਕੀ ਅਸਰ ਹੁੰਦਾ ਹੈ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਣੇ ਪੰਜਾਬ ਦੇ ਕਈ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਪ੍ਰਦੂਸ਼ਣ ਦੇਖਿਆ ਜਾ ਰਿ ਹਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਨਵੀਂ ਦਿੱਲੀ ਵਿੱਚ ਏਅਰ ਕੁਆਲਟੀ ਇੰਡੈਕਸ (ਏਕਿਊਆਈ) 400 ਲਾਗੇ ਪਹੁੰਚ ਗਿਆ, ਜੋ ਬਹੁਤ ਮਾੜੇ ਪੱਧਰ ਵਿੱਚ ਦਰਜ ਕੀਤਾ ਜਾਂਦਾ ਹੈ।

ਇੰਨੀ ਦਿਨੀਂ ਪੰਜਾਬ ਵਿੱਚ ਵੀ ਇਹ ਹੀ ਹਾਲਾਤ ਨਜ਼ਰ ਆ ਰਹੇ ਹਨ, ਕਈ ਸ਼ਹਿਰਾਂ ਖ਼ਾਸਕਰ ਲੁਧਿਆਣਾ ਅਤੇ ਕਪੂਰਥਲਾ ਵਿੱਚ ਵੀ ਏਕਿਉਆਈ ਦਾ ਪੱਧਰ ਕਾਫ਼ੀ ਵਧਿਆ ਹੋਇਆ ਹੈ।

ਕੁਝ ਲੋਕ ਇਸ ਦਾ ਇਲਜ਼ਾਮ ਦਿਵਾਲੀ ਦੀ ਰਾਤ ਚੱਲੇ ਪਟਾਕਿਆਂ ਨੂੰ ਦੇ ਰਹੇ ਹਨ ਤਾਂ ਕੁਝ ਪਰਾਲੀ ਦੀ ਅੱਗ ਤੋਂ ਉੱਠਣ ਵਾਲੇ ਧੂੰਏ ਨੂੰ।

ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਪ੍ਰਦੂਸ਼ਣ ਦੇ ਦੌਰ ਵੇਲੇ ਵਰਤੀ ਜਾਣ ਵਾਲੀ ਸ਼ਬਦਾਵਲੀ ਬਾਰੇ ਦੱਸਾਂਗੇ।

ਏਕਿਊਆਈ ਕੀ ਹੁੰਦਾ ਹੈ?

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਹਵਾ ਵਿੱਚ ਪ੍ਰਦੂਸ਼ਣ ਦੇ ਅਨੁਪਾਤ ਨੂੰ ਮਾਪਣ ਲਈ ਏਕਿਊਆਈ ਜਾਂ ‘ਏਅਰ ਕੁਆਲਿਟੀ ਇੰਡੈਕਸ’ ਇੱਕ ਸਾਧਨ ਹੈ। ਇਸ ਦੀ ਵਰਤੋਂ ਨਾਲ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਸਥਾਨ ਦੀ ਹਵਾ ਕਿੰਨੀ ਸਾਫ਼ ਹੈ ਜਾਂ ਕਿੰਨੀ ਪ੍ਰਦੂਸ਼ਿਤ ਹੈ।

ਕਿਸੇ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਮਾਪਣ ਲਈ ਏਕਿਊਆਈ ਦੇ ਯੰਤਰ ਨੂੰ ਉੱਥੇ ਸਥਾਪਤ ਕੀਤਾ ਜਾਂਦਾ ਹੈ।

ਮਾਹਿਰਾਂ ਅਨੁਸਾਰ ਵੱਖ-ਵੱਖ ਦੇਸ਼ਾਂ ਕੋਲ ਹਵਾ ਦੇ ਪ੍ਰਦੂਸ਼ਣ ਨੂੰ ਪਰਖਣ ਲਈ ਵੱਖ-ਵੱਖ ਤਰੀਕੇ ਜਾਂ ਸਾਧਨ ਵਰਤੇ ਜਾਂਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਸਥਾਪਤ ਮਾਪਦੰਡਾਂ ਦੇ ਅਨੁਸਾਰ ਏਆਈਕਿਊਆਈ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ ਨੂੰ ਅਸੀਂ ਅੰਕੜਿਆਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਤੋਂ ਕਿੰਨੇ ਨੰਬਰ ਤੱਕ ਹਵਾ ਸਾਫ ਹੈ ਜਾਂ ਪ੍ਰਦੂਸ਼ਿਤ।

ਇਨ੍ਹਾਂ ਸ਼੍ਰੇਣੀਆਂ ਦੇ ਅਨੁਸਾਰ:

  • ਏਕਿਊਆਈ 0 ਤੋਂ 50 ਨੂੰ ਸਾਫ਼ ਹਵਾ ਮੰਨਿਆ ਜਾਂਦਾ ਹੈ, ਜਦੋਂ ਹਵਾ ਮਨੁੱਖੀ ਸਿਹਤ ਲਈ ਕੋਈ ਖ਼ਤਰਾ ਨਹੀਂ ਹੁੰਦੀ।
  • ਏਕਿਊਆਈ 51 ਤੋਂ 100 ਨੂੰ ਵੀ ਮਨੁੱਖੀ ਸਿਹਤ ਲਈ ਖਤਰਾ ਨਹੀਂ ਮੰਨਿਆ ਜਾਂਦਾ।
  • ਜਦੋਂ ਇਹ ਏਕਿਊਆਈ 101 ਤੋਂ 200 ਵਿੱਚ ਤੱਕ ਪਹੁੰਚ ਜਾਂਦਾ ਹੈ ਤਾਂ ਉਦੋਂ ਇਹ ਕਮਜ਼ੋਰ ਤੇ ਬਿਮਾਰ ਲੋਕਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਨੂੰ ਔਸਤਨ ਪ੍ਰਦੂਸ਼ਿਤ ਵਿੱਚ ਦਰਜ ਕੀਤਾ ਜਾਂਦਾ ਹੈ।
  • ਏਕਿਊਆਈ ਦੇ 200 ਤੋਂ ਵਧਣ ਨਾਲ ਆਮ ਜਨਤਾ ਲਈ ਖਤਰਾ ਵੱਧ ਜਾਂਦਾ ਹੈ। ਸੀਪੀਸੀਬੀ ਅਨੁਸਾਰ ਏਕਿਊਆਈ 200 ਤੋਂ 300 ਵਿੱਚ ਦਰਜ ਕਰਨ ਨਾਲ ਇਹ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਜਾਂਦਾ ਹੈ।
  • ਜਦੋਂ ਏਕਿਊਆਈ 301 ਤੋਂ 400 ਵਿਚਾਲੇ ਹੁੰਦਾ ਹੈ ਤਾਂ ਇਹ ਹਵਾ ਪ੍ਰਦੂਸ਼ਿਤ ਕਣਾਂ ਨਾਲ ਭਰੀ ਹੁੰਦੀ ਹੈ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨੀ ਜਾਂਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ 301 ਤੋਂ 400 ਵਿਚਾਲੇ ਹਵਾ ਦੀ ਗੁਣਵੱਤਾ ਬਹੁਤ ਮਾੜੀ ਮੰਨੀ ਜਾਂਦਾ ਹੈ।
  • ਏਕਿਊਆਈ 401 ਤੋਂ 500 ਵਿਚਾਲੇ ਦਰਜ ਕਰਨ ਉਤੇ ਹਵਾ ਬੇਹੱਦ ਪ੍ਰਦੂਸ਼ਿਤ ਹੋ ਜਾਂਦੀ ਹੈ। ਸੀਪੀਸੀਬੀ ਦੇ ਮੁਤਾਬਕ ਇਸ ਨੂੰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਜਾਂਦਾ ਹੈ।

ਸਮੋਗ ਜਾਂ ਧੂੰਆਂ ਕੀ ਹੈ?

‘ਸਮੋਗ’ (ਧੂੰਆਂ) ਤੇ ‘ਫੋਗ’ (ਧੁੰਦ) ਦੋ ਸ਼ਬਦਾਂ ਨੂੰ ਮਿਲਾ ਕੇ ਸਮੋਗ ਬਣਿਆ ਹੈ। ਸਮੋਗ ਇੱਕ ਪੀਲੇ ਜਾਂ ਕਾਲੇ ਰੰਗ ਦੀ ਧੁੰਦ ਹੁੰਦੀ ਹੈ, ਜੋ ਕਿ ਮੁੱਖ ਤੌਰ ’ਤੇ ਵਾਤਾਵਰਨ ਵਿੱਚ ਫੈਲੇ ਪ੍ਰਦੂਸ਼ਣ ਕਰਕੇ ਹੁੰਦੀ ਹੈ। ਧੂੜ ਵਿੱਚ ਕੁਝ ਗੈਸਾਂ ਤੇ ਭਾਫ਼ ਦੇ ਮਿਸ਼ਰਨ ਨਾਲ ਸਮੋਗ ਬਣਦੀ ਹੈ।

5 ਦਸੰਬਰ, 1952 ਵਿੱਚ ਲੰਡਨ ਵਿੱਚ ਸਭ ਤੋਂ ਖ਼ਤਰਨਾਕ ਹਵਾ ਪ੍ਰਦੂਸ਼ਨ ਦਰਜ ਕੀਤਾ ਗਿਆ ਜੋ ਚਾਰ ਦਿਨਾਂ ਤੱਕ ਜਾਰੀ ਰਿਹਾ ਸੀ। ਇਸ ਪ੍ਰਦੂਸ਼ਣ ਕਰਕੇ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ।

ਬਿਲਕੁੱਲ ਵੀ ਦੇਖਣ ਦੀ ਸਮਰੱਥ ਨਹੀਂ ਸੀ ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਸਨ। ਇਸ ਸਮੇਂ ਪਹਿਲੀ ਵਾਰ ਸਮੋਗ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ।

ਸਮੋਗ ਤੋਂ ਬਚਾਅ ਕਿਵੇਂ?

ਅਸੀਂ ਥੋੜਾ ਸਾਵਧਾਨ ਰਹਿ ਕੇ ਵੀ ਆਪਣਾ ਬਚਾਅ ਕਰ ਸਕਦੇ ਹਾਂ।

  • ਬਾਹਰ ਨਿਕਲਦੇ ਹੋਏ ਮਾਸਕ ਦਾ ਇਸਤੇਮਾਲ ਕਰੋ।
  • ਜੇ ਸੰਭਵ ਹੋ ਸਕੇ ਤਾਂ ਬਾਹਰ ਨਿਕਲਣ ਦਾ ਸਮਾਂ ਬਦਲ ਲਓ।
  • ਹੋ ਸਕੇ ਤਾਂ ਗੱਡੀ ਦੀ ਵਰਤੋਂ ਘੱਟ ਕਰੋ।
  • ਜੇ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਡਾਕਟਰ ਨੂੰ ਦਿਖਾਓ
  • ਸ਼ਾਮ ਵੇਲੇ ਜਦੋਂ ਸਮੋਗ ਹੋਵੇ ਤਾਂ ਸੈਰ ’ਤੇ ਜਾਣ ਤੋਂ ਬਚੋ

ਪੀਐੱਮ 2.5 ਕੀ ਹੈ?

ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੇ ਮੁਤਾਬਕ ਏਅਰਬੋਰਨ ਪਾਰਟੀਕੁਲੇਟ ਮੈਟਰ ਨੂੰ ਪੀਐੱਮ ਕਿਹਾ ਜਾਂਦਾ ਹੈ। ਇਹ ਕਈ ਰਸਾਈਣਿਕ ਕਿਸਮਾਂ ਦਾ ਮਿਸ਼ਰਣ ਹੈ। ਪਾਰਟੀਕੁਲੇਟ ਮੈਟਰ ਜਾਂ ਪੀਐੱਮ2.5 ਇੱਕ ਕਿਸਮ ਦਾ ਪ੍ਰਦੂਸ਼ਣ ਹੈ, ਜਿਸ ਵਿੱਚ 2.5 ਮਾਈਕ੍ਰੋਨ ਤੋਂ ਵੀ ਮਹੀਨ ਕਣ ਹੁੰਦੇ ਹਨ।

ਇੱਕ ਦੂਜੇ ਕਿਸਮ ਦੇ ਪ੍ਰਦੂਸ਼ਕ ਪੀਐੱਮ10 ਹਨ, ਇਨ੍ਹਾਂ ਦਾ ਵਿਆਸ 10 ਮਾਈਕ੍ਰੋਨ ਤੱਕ ਹੁੰਦਾ ਹੈ।

ਇਨ੍ਹਾਂ ਵਿੱਚੋਂ ਕੁਝ ਪ੍ਰਦੂਸ਼ਣ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੈਦਾ ਹੁੰਦੇ ਹਨ। ਜਿਵੇਂ, ਧੂੜ ਭਰੀ ਹਨੇਰੀ ਅਤੇ ਕੁਝ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੁੰਦੇ ਹਨ ਜਿਵੇਂ ਉਸਾਰੀ ਕਾਰਜ।

ਪੀਐੱਮ10 ਅਤੇ ਪੀਐੱਮ2.5 ਅਕਸਰ ਵੱਖੋ-ਵੱਖਰੇ ਨਿਕਾਸ ਸਰੋਤਾਂ ਤੋਂ ਪ੍ਰਾਪਤ ਹੁੰਦੇ ਹਨ ਤੇ ਇਨ੍ਹਾਂ ਦੀਆਂ ਵੱਖ-ਵੱਖ ਰਸਾਈਣਿਕ ਰਚਨਾਵਾਂ ਹੁੰਦੀਆਂ ਹਨ।

ਪੈਟਰੋਲ, ਤੇਲ, ਡੀਜ਼ਲ ਬਾਲਣ ਜਾਂ ਲੱਕੜ ਦੇ ਬਲਣ ਤੋਂ ਨਿਕਲਣ ਵਾਲੇ ਨਿਕਾਸ ਬਾਹਰੀ ਹਵਾ ਵਿੱਚ ਪਾਏ ਜਾਣ ਵਾਲੇ ਪੀਐੱਮ2.5 ਪ੍ਰਦੂਸ਼ਣ ਦੇ ਨਾਲ-ਨਾਲ ਪੀਐੱਮ10 ਦਾ ਇੱਕ ਮਹੱਤਵਪੂਰਨ ਅਨੁਪਾਤ ਪੈਦਾ ਕਰਦੇ ਹਨ।

ਇਹ ਕਣ ਅਕਸਰ ਇੰਨੇ ਮਹੀਨ ਹੁੰਦੇ ਹਨ ਕਿ ਫੇਫੜਿਆਂ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਇਹ ਹਮੇਸ਼ਾ ਲਈ ਜੰਮ ਜਾਂਦੇ ਹਨ। ਕਈ ਤਾਂ ਉੱਥੋਂ ਅੱਗੇ ਖੂਨ ਵਿੱਚ ਸ਼ਾਮਲ ਹੋ ਜਾਂਦੇ ਹਨ।

ਹਵਾ ਪ੍ਰਦੂਸ਼ਣ ਲਈ ਕਿਹੜੇ ਕਾਰਕ ਜ਼ਿੰਮੇਵਾਰ ਹਨ?

ਕਈ ਇਲਾਕਿਆਂ ਵਿੱਚ ਵਿਗੜੀ ਹਵਾ ਦੀ ਗੁਣਵਤਾ ਕਾਰਨ ਲੋਕਾਂ ਦਾ ਸਫਰ ਵੀ ਪ੍ਰਭਾਵਿਤ ਹੋ ਰਿਹਾ ਹੈ। ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਕਈ ਕਾਰਨ ਜ਼ਿੰਮੇਵਾਰ ਹਨ।

ਇਨ੍ਹਾਂ ਕਾਰਕਾਂ ਵਿੱਚ ਸ਼ਾਮਲ ਹਨ:-

  • ਵਾਹਨਾਂ ਤੋਂ ਪੈਦਾ ਹੋਣ ਵਾਲਾ ਧੂੰਆਂ।
  • ਖੇਤੀਬਾੜੀ ਰਹਿੰਦ-ਖੂੰਹਦ ਨੂੰ ਲਾਈ ਜਾਂਦੀ ਅੱਗ।
  • ਇਮਾਰਤਾਂ ਦੇ ਜਾਰੀ ਉਸਾਰੀ ਕਾਰਜ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)