ਵਾਤਾਵਰਣ ਲਈ ਖਤਰਨਾਕ ਮੀਥੇਨ ਗੈਸ ਛੇ ਮਹੀਨੇ ਧਰਤੀ ਵਿੱਚੋਂ ਲੀਕ, ਕੀ ਹੈ ਬਹਿਸ

    • ਲੇਖਕ, ਮਾਰਕੋ ਸਿਲਵਾ, ਡੇਨੀਅਲ ਪਲੂਮੰਬੋ, ਇਰਵਨ ਰਿਵਾਲਟ
    • ਰੋਲ, ਬੀਬੀਸੀ ਵੈਰੀਫਾਈ

ਮੀਥੇਨ ਗੈਸ ਹਰੇ ਗ੍ਰਹਿ ਪ੍ਰਭਾਵ ਲਈ ਕਾਰਬਨ ਡਾਇਕਸਾਈਡ ਤੋਂ ਵੀ ਜ਼ਿਆਦਾ ਖ਼ਤਰਨਾਕ ਮੰਨੀ ਜਾਂਦੀ ਹੈ।

ਕਜ਼ਾਕਿਸਤਾਨ ਵਿੱਚ ਇਹ ਗੈਸ ਪਿਛਲੇ ਸਾਲ ਕਈ ਮਹੀਨੇ ਰਿਸਦੀ ਰਹੀ। ਇਨ੍ਹਾਂ ਦੁਰੇਡੇ ਇਲਾਕਿਆਂ ਵਿੱਚ ਕਜ਼ਾਕਿਸਤਾਨ ਦੇ ਕੁਦਰਤੀ ਤੇਲ ਅਤੇ ਗੈਸ ਦੇ ਭੰਡਾਰ ਹਨ ਅਤੇ ਖੂਹ ਹਨ।

ਬੀਬੀਸੀ ਦੇ ਵੈਰੀਫਾਈ ਮੁਤਾਬਕ ਇਹ ਹੁਣ ਤੱਕ ਮਨੁੱਖੀ ਅਣਗਹਿਲੀ ਕਾਰਨ ਵਾਪਰਿਆ ਮੀਥੇਨ ਗੈਸ ਦਾ ਸਭ ਤੋਂ ਵੱਡਾ ਰਿਸਾਵ ਹੈ।

ਅੰਦਾਜ਼ੇ ਮੁਤਾਬਕ ਗੈਸ ਦੇ ਕੁਦਰਤੀ ਫੁਹਾਰੇ ਵਿੱਚੋਂ ਲਗਭਗ 1,27,000 ਟਨ ਮੀਥੇਨ ਗੈਸ ਧਰਤੀ ਦੇ ਗਰਭ ਵਿੱਚੋਂ ਬਾਹਰ ਆ ਕੇ ਛੇ ਮਹੀਨੇ ਤੱਕ ਭਾਬੜ ਦੇ ਰੂਪ ਵਿੱਚ ਬਲਦੀ ਰਹੀ।

ਜਦਕਿ ਖੂਹ ਦੀ ਮਾਲਕ ਕੰਪਨੀ ਬੁਜ਼ਾਚੀ ਨੈਫਟ ਨੇ “ਬਹੁਤ ਜ਼ਿਆਦਾ ਮਾਤਰਾ” ਵਿੱਚ ਗੈਸ ਲੀਕ ਹੋਣ ਤੋਂ ਇਨਕਾਰ ਕੀਤਾ ਹੈ।

ਅਮਰੀਕਾ ਦੀ ਵਾਤਾਵਰਣ ਰੱਖਿਆ ਏਜੰਸੀ ਦੇ ਗਰੀਨ ਹਾਊਸ ਗੈਸ ਇਕੁਲੈਂਸੀ ਕੈਲਕੂਲੇਟਰ ਮੁਤਾਬਕ ਜਦੋਂ ਇਸ ਤਰ੍ਹਾਂ ਗੈਸ ਰਿਸਦੀ ਹੈ ਤਾਂ ਉਸ ਨਾਲ ਵਾਤਾਵਰਣ ਨੂੰ ਇੱਕ ਸਾਲ ਵਿੱਚ 7,17,000 ਪੈਟਰੋਲ ਕਾਰਾਂ ਚਲਾਉਣ ਜਿੰਨਾ ਨੁਕਸਾਨ ਪਹੁੰਚਦਾ ਹੈ।

ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਮੀਥੇਨ ਅਮਿਸ਼ਨਸ ਅਬਜ਼ਰਵੇਟਰੀ ਦੇ ਮੁਖੀ ਮੈਨਫਰੈਡੀ ਕਾਲਟਾਜਿਰੋਨ ਮੁਤਾਬਕ, “ਲੀਕ ਦਾ ਪੈਮਾਨਾ ਅਤੇ ਸਮਾਂ ਅਸਧਾਰਨ ਹੈ। ਇਹ ਬਹੁਤ ਵੱਡਾ ਹੈ”।

ਗੈਸ ਦਾ ਰਿਸਾਵ 9 ਜੂਨ 2023 ਨੂੰ ਉੱਤਰ-ਪੱਛਮੀ ਕਜ਼ਾਕਿਸਤਾਨ ਦੇ ਮਾਂਗਸਤਾਉ ਖੇਤਰ ਵਿੱਚ ਕੁਦਰਤੀ ਗੈਸ ਲੱਭਣ ਲਈ ਖੂਹ ਪੁੱਟਦਿਆਂ ਸ਼ੁਰੂ ਹੋਇਆ।

ਗੈਸ ਦਾ ਜ਼ਮੀਨ ਵਿੱਚੋਂ ਗੈਸ ਦਾ ਭਬੂਕਾ ਨਿਕਲਿਆ, ਅਤੇ ਇਸ ਮਗਰੋਂ ਭੜਕੀ ਅੱਗ ਦੀ ਜਵਾਲਾ ਸਾਲ ਦੇ ਅਖੀਰ ਤੱਕ ਜਲਦੀ ਰਹੀ।

ਆਖਰਕਾਰ ਇਸ ਅੱਗ ਨੂੰ 25 ਦਸੰਬਰ ਦੇ ਦਿਨ ਕਾਬੂ ਕੀਤਾ ਜਾ ਸਕਿਆ। ਸਥਾਨਕ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਫਿਲਹਾਲ ਖੂਹ ਨੂੰ ਸੀਮੈਂਟ ਨਾਲ ਸੀਲ ਬੰਦ ਕਰਨ ਦਾ ਕੰਮ ਜਾਰੀ ਹੈ।

ਇਸ ਗੈਸ ਨੂੰ ਮਨੁੱਖੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਪਰ ਜਦੋਂ ਸੂਰਜ ਦੀ ਧੁੱਪ ਇਸਦੇ ਗੁਬਾਰ ਵਿੱਚੋਂ ਗੁਜ਼ਰਦੀ ਹੈ ਤਾਂ ਕੁਝ ਉਪਗ੍ਰਹਿ ਇਸ ਨੂੰ ਦੇਖ ਸਕਦੇ ਹਨ।

ਇਸ ਘਟਨਾ ਦੀ ਜਾਂਚ ਸਭ ਤੋਂ ਪਹਿਲਾਂ ਫਰਾਂਸ ਦੀ ਭੂ-ਵਿਸ਼ਲੇਸ਼ਕ ਕੰਪਨੀ ਕੇਰੋਸ ਵੱਲੋਂ ਕੀਤੀ ਗਈ।

ਕੇਰੋਸ ਦੇ ਵਿਸ਼ਲੇਸ਼ਣ ਦੀ ਹੁਣ ਨੀਦਰਲੈਂਡਸ ਦੀ ਪੁਲਾੜ ਖੋਜ ਸੰਸਥਾ ਅਤੇ ਸਪੇਨ ਦੇ ਪੋਲੀਟੈਕਨਿਕ ਯੂਨੀਵਰਸਿਟੀ ਵਲੈਂਸੀਆ ਨੇ ਵੀ ਪੁਸ਼ਟੀ ਕੀਤੀ ਹੈ।

ਉਪਗ੍ਰਹਿ ਡੇਟਾ ਦੇ ਅਧਿਐਨ ਤੋਂ ਸਾਇੰਸਦਾਨਾਂ ਨੇ ਦੇਖਿਆ ਕਿ ਜੂਨ ਤੋਂ ਦਸੰਬਰ ਦਰਮਿਆਨ ਮੀਥੇਨ ਦੀ ਸੰਘਣੀ ਮਾਤਰਾ 115 ਵੱਖ-ਵੱਖ ਮੌਕਿਆਂ ਉੱਤੇ ਹਵਾ ਵਿੱਚ ਦੇਖੀ ਗਈ।

ਇਨ੍ਹਾਂ ਅਧਿਐਨ ਤੋਂ ਸਾਇੰਸਦਾਨਾਂ ਨੇ ਨਤੀਜਾ ਕੱਢਿਆ ਕਿ ਇਸ ਇਕੱਲੇ ਖੂਹ ਵਿੱਚੋਂ 1,27,000 ਟਨ ਮੀਥੇਨ ਗੈਸ ਰਿਸੀ ਹੈ।

ਇਸ ਮਾਤਰ ਕਾਰਨ ਇਹ ਮਨੁੱਖ ਦਾ ਸਿਰਜਿਆ ਹੁਣ ਤੱਕ ਰਿਕਾਰਡ ਕੀਤਾ ਗਿਆ ਦੂਜਾ ਸਭ ਤੋਂ ਵੱਡਾ ਮੀਥੇਨ ਗੈਸ ਸੰਕਟ ਹੋ ਸਕਦਾ ਹੈ।

ਪੋਲੀਟੈਕਨਿਕ ਯੂਨੀਵਰਸਿਟੀ ਵਲੈਂਸੀਆ ਦੇ ਲੂਈਸ ਗੁਆਂਟਰ ਨੇ ਲੀਕ ਦੀ ਪੁਸ਼ਟੀ ਕਰਨ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਦੱਸਿਆ, “ਸਿਰਫ਼ ਨੌਰਡ ਸਟਰੀਮ ਦੇ ਟੁੱਟਣ ਕਾਰਨ ਹੀ ਇੰਨੀ ਜ਼ਿਆਦਾ ਗੈਸ ਰਿਸ ਸਕਦੀ ਹੈ।”

ਸਤੰਬਰ 2022 ਵਿੱਚ ਸਮੁੰਦਰ ਦੇ ਅੰਦਰ ਹੋਏ ਦੋ ਧਮਾਕਿਆਂ ਵਿੱਚ ਰੂਸ ਤੋਂ ਜਰਮਨੀ ਜਾ ਰਹੀ ਗੈਸ ਪਾਈਪ ਫਟ ਗਈ ਸੀ।

ਨੌਰਡ ਸਟਰੀਮ 1 ਅਤੇ 2 ਵਿੱਚ ਧਮਾਕੇ ਕਾਰਨ 2,30,000 ਟਨ ਤੋਂ ਜ਼ਿਆਦਾ ਮੀਥੇਨ ਗੈਸ ਵਾਤਾਵਰਣ ਵਿੱਚ ਲੀਕ ਹੋ ਗਈ ਸੀ।

ਕੌਮਾਂਤਰੀ ਊਰਜਾ ਏਜੰਸੀ ਮੁਤਾਬਕ ਸਨਅਤੀ ਕ੍ਰਾਂਤੀ ਤੋਂ ਬਾਅਦ ਧਰਤੀ ਦਾ ਜਿੰਨਾ ਤਾਪਮਾਨ ਵਧਿਆ ਹੈ ਉਸਦੇ 30% ਲਈ ਇਕੱਲੀ ਮੀਥੇਨ ਗੈਸ ਜ਼ਿੰਮੇਵਾਰ ਹੈ।

ਭਾਵੇਂ ਕਿ ਉਪਗ੍ਰਹਿ ਦੀਆਂ ਪੜ੍ਹਤਾਂ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੋ ਸਕਦੀਆਂ ਹਨ, ਜਿਵੇਂ ਕਿ ਗੁਬਾਰ ਦਾ ਅਕਾਰ। ਫਿਰ ਵੀ ਸਾਇੰਸਦਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ “ਪੂਰਾ ਭਰੋਸਾ” ਹੈ ਕਿ ਇਸ ਦੌਰਾਨ ਬਹੁਤ ਜ਼ਿਆਦਾ ਮਾਤਰਾ ਵਿੱਚ ਗੈਸ ਸਿਰਫ਼ ਇੱਕ ਖੂਹ ਤੋਂ ਲੀਕ ਹੋਈ ਹੈ।

ਲੂਈਸ ਦੱਸਦੇ ਹਨ,“ਅਸੀਂ ਮੀਥੇਨ ਗੈਸ ਪ੍ਰਤੀ ਸੰਵੇਦਨਾਸ਼ੀਲ ਪੰਜ ਵੱਖ-ਵੱਖ ਉਪਗ੍ਰਹ ਉਪਕਰਣਾਂ ਰਾਹੀਂ ਇਸਦੀ ਜਾਂਚ ਕੀਤੀ ਹੈ। ਇਨ੍ਹਾਂ ਵਿੱਚੋਂ ਹਰੇਕ ਉਪਕਰਣ ਮੀਥੇਨ ਦੀ ਮਿਣਤੀ ਇੱਕ ਖਾਸ ਢੰਗ ਨਾਲ ਕਰਦਾ ਹੈ। ਸਾਨੂੰ ਸਾਰੇ ਉਪਕਰਣਾਂ ਤੋਂ ਇਕਸਾਰ ਪੜ੍ਹਤਾਂ ਮਿਲੀਆਂ ਹਨ।”

ਮਾਂਗਸਤਾਉ ਦੇ ਈਕੌਲੋਜੀ ਵਿਭਾਗ ਨੇ 9 ਜੂਨ ਤੋਂ 21 ਸਤੰਬਰ ਦੌਰਾਨ 10 ਵੱਖ-ਵੱਖ ਮੌਕਿਆਂ ਉੱਪਰ ਹਵਾ ਵਿੱਚ ਮੀਥੇਨ ਦੀ ਮੌਜੂਦਗੀ ਕਨੂੰਨੀ ਹੱਦ ਤੋਂ ਜ਼ਿਆਦਾ ਹੋਣ ਦੀ ਪੁਸ਼ਟੀ ਕੀਤੀ ਹੈ।

ਵਿਭਾਗ ਨੇ ਬਿਆਨ ਵਿੱਚ ਕਿਹਾ ਕਿ ਪਹਿਲਾ ਭਬੂਕਾ ਨਿਕਲਣ ਤੋਂ ਬਾਅਦ ਦੇ ਘੰਟਿਆਂ ਦੌਰਾਨ ਹਵਾ ਵਿੱਚ ਮੀਥੇਨ ਦੇ ਪੱਧਰ ਪ੍ਰਵਾਨਿਤ ਨਾਲੋਂ 50 ਗੁਣਾਂ ਜ਼ਿਆਦਾ ਸਨ।

ਹਾਲਾਂਕਿ ਖੂਹ ਦੀ ਮਾਲਕ ਕੰਪਨੀ ਨੇ ਇੰਨੀ ਜ਼ਿਆਦਾ ਗੈਸ ਲੀਕ ਹੋਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਉਸਦੇ ਖੂਹ ਵਿੱਚ ਬਹੁਤ ਨਿਗੂਣੀ ਮਾਤਰਾ ਵਿੱਚ ਮੀਥੇਨ ਗੈਸ ਮੌਜੂਦ ਸੀ। ਜੇ ਕੋਈ ਗੈਸ ਰਿਸੀ ਵੀ ਹੈ ਤਾਂ ਉਹ ਲੱਗੀ ਅੱਗ ਕਾਰਨ ਸੜ ਗਈ ਹੋਵੇਗੀ।

ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਮੰਨਣਾ ਹੈ ਕਿ ਵਾਤਾਵਰਣ ਵਿੱਚ ਸਿਰਫ ਪਾਣੀ ਦੇ ਕਣ ਹੀ ਰਿਸੇ ਹਨ, ਜਿਨ੍ਹਾਂ ਦਾ ਬਦਲ ਪੁਲਾੜ ਵਿੱਚੋਂ ਦੇਖਿਆ ਗਿਆ।

ਕੰਪਨੀ ਦੇ ਰਣਨੀਤਿਕ ਵਿਕਾਸ ਲਈ ਉਪ ਨਿਰਦੇਸ਼ਕ ਦਾਨਿਆਰ ਦੁਇਸਮਬੇਵ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਸਥਿਤੀ ਪ੍ਰਤੀ ਜ਼ਿੰਮੇਵਾਰੀ ਦਿਖਾਈ ਹੈ।”

ਕੰਪਨੀ ਵੱਲੋਂ ਕਰਵਾਈ ਗਈ ਬਾਹਰੀ ਜਾਂਚ ਵਿੱਚ ਕੇਰੋਸ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਗਈ ਹੈ। ਹਾਲਾਂਕਿ ਇਸ ਜਾਂਚ ਦੀ ਰਿਪੋਰਟ ਬੀਬੀਸੀ ਨੂੰ ਮੁਹਈਆ ਨਹੀਂ ਕਰਵਾਈ ਗਈ।

ਕੰਪਨੀ ਮੁਤਾਬਕ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਪਗ੍ਰਹਿਆਂ ਨੇ ਹੋਰ ਗੈਸਾਂ ਜਿਵੇਂ ਪਾਣੀ ਦੇ ਕਣਾਂ— ਨੂੰ ਮੀਥੇਨ ਗੈਸ ਸਮਝ ਲਿਆ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਸਾਇੰਸਦਾਨਾਂ ਨੇ ਨਤੀਜਾ ਕੱਢਦੇ ਸਮੇਂ ਵਾਤਾਵਰਣ ਵਿੱਚ ਪਹਿਲਾਂ ਤੋਂ ਮੈਜੂਦ ਮੀਥੇਨ ਗੈਸ ਨੂੰ ਨਹੀਂ ਵਿਚਾਰਿਆ।

ਹਾਲਾਂਕਿ ਕੇਰੋਸ ਵੱਲੋਂ ਕੀਤੀ ਮੁਢਲੀ ਜਾਂਚ ਦੀ ਪੁਸ਼ਟੀ ਵਿੱਚ ਸ਼ਾਮਲ ਟੀਮਾਂ ਨੇ ਕੰਪਨੀ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ।

ਲੂਈਸ ਮੁਤਾਬਕ ਅਸੀਂ ਪਾਣੀ ਦੇ ਕਣਾਂ ਜਾਂ ਧੂਏਂ ਦੇ ਸੰਭਾਵੀ ਅਸਰ ਨੂੰ ਆਪਣੀ ਗਣਨਾ ਵਿੱਚ ਸ਼ਾਮਲ ਕੀਤਾ ਹੈ ਅਤੇ ਸਾਡੇ ਉਪਕਰਣਾਂ ਨਾਲ ਇਨ੍ਹਾਂ ਦੀ ਅੰਤਰ-ਕਿਰਿਆ ਦਾ ਕੋਈ ਸੰਕੇਤ ਨਹੀਂ ਹੈ।

ਲੂਈਸ ਨੇ ਇਹ ਵੀ ਕਿਹਾ ਕਿ ਹਵਾ ਵਿੱਚ ਪਹਿਲਾਂ ਤੋਂ ਮੌਜੂਦ ਮੀਥੇਨ ਉਨ੍ਹਾਂ ਦੀਆਂ ਵਿਧੀਆਂ ਉੱਪਰ ਅਸਰ ਨਹੀਂ ਪਾਉਂਦੀ।

ਕਜ਼ਾਕਿਸਤਾਨ ਦਾ ਮੀਥੇਨ ਨਿਕਾਸੀ ਪ੍ਰਤੀ ਅਹਿਦ

ਕਜ਼ਾਕਿਸਤਾਨ ਦੇ ਅਤਰਾਯੂ ਖੇਤਰ ਦੀ ਸਨਅਤੀ ਸੁਰੱਖਿਆ ਕਮੇਟੀ ਵੱਲੋਂ ਕੀਤੀ ਗਈ ਹਾਦਸੇ ਦੀ ਅਧਿਕਾਰਿਤ ਜਾਂਚ ਮੁਤਾਬਕ ਕੰਪਨੀ ਖੂਹ ਪੁੱਟਾਈ ਦੀ ਢੁਕਵੀਂ ਨਿਗਰਾਨੀ ਨਹੀਂ ਰੱਖ ਸਕੀ ਹੈ।

ਜਾਂਚ ਵਿੱਚ ਪੁਟਾਈ ਦੀ ਇੱਕ ਹੋਰ ਸਹਾਇਕ ਠੇਕੇਦਾਰ ਫਰਮ (ਜ਼ਮਾਨ ਐਨਰਗੋ) ਉੱਤੇ ਵੀ ਖੂਹ ਪੁੱਟਣ ਦੀ ਪ੍ਰਕਿਰਿਆ ਦੌਰਾਨ ਕਈ ਸਾਰੀਆਂ ਨਾਕਾਮੀਆਂ ਦਾ ਜ਼ਿਕਰ ਹੈ। ਹਾਲਾਂਕਿ ਜ਼ਮਾਨ ਐਨਰਗੋ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕਜ਼ਾਕਿਸਤਾਨ ਦੇ ਊਰਜਾ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਰਿਸਾਵ ਨਾਲ ਨਜਿੱਠਣਾ ਇੱਕ “ਪੇਚੀਦਾ, ਤਕਨੀਕੀ ਅਪਰੇਸ਼ਨ” ਸੀ ਪਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਦਾ ਕੋਈ ਰਾਮ-ਬਾਣ ਹੱਲ ਨਹੀਂ ਹੈ।

ਫਿਰ ਵੀ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇਂਦਰੀ ਏਸ਼ੀਆ ਵਿੱਚ ਵਿਆਪਕ ਮੀਥੇਨ ਰਿਸੀ ਹੋਵੇ।

ਗੁਆਂਢੀ ਦੇਸ ਤੁਰਕਮੇਨਿਸਤਾਨ , ਵਾਂਗ ਹੀ ਕਜ਼ਾਕਿਸਤਾਨ ਵਿੱਚ ਵੀ ਅਜਿਹਾ ਦਰਜਣਾਂ ਵਾਰ ਹੋ ਚੁੱਕਿਆ ਹੈ।

ਅਜਿਹੀਆਂ ਘਟਨਾਵਾਂ ਨੂੰ (ਜਦੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਮੀਥੇਨ ਗੈਸ ਰਿਸ ਕੇ ਵਾਤਵਰਣ ਵਿੱਚ ਰਲਦੀ ਹੈ) ਸਾਇੰਸਦਾਨ “ਸੂਪਰ-ਅਮਿਟਰ” ਕਹਿੰਦੇ ਹਨ।

ਲੂਈਸ ਕਹਿੰਦੇ ਹਨ ਕਿ ਮਾਂਗਸਤਾਉ ਦੀ ਘਟਨਾ ਵੱਖਰੀ ਹੈ। ਇਹ “ਸਧਾਰਨ ਮਨੁੱਖੀ ਗਤੀਵਿਧੀ ਦੌਰਾਨ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਰਿਸਾਵ ਹੈ, ਜਿਸ ਦਾ ਸਾਨੂੰ ਪਤਾ ਚਲਿਆ ਹੈ।”

ਕਲਾਈਮੇਟ ਐਕਸ਼ਨ ਟਰੈਕਰ ਦੇ ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਕੁਦਰਤੀ ਗੈਸ ਦੇ ਉਤਪਾਦਨ ਵਿੱਚ ਕਿਆਸੇ ਗਏ ਵਾਧੇ ਦੇ ਮੱਦੇ ਨਜ਼ਰ ਕਜ਼ਾਕਿਸਤਾਨ ਵਿੱਚ ਮੀਥੇਨ ਗੈਸ ਰਿਸਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ।

ਪਿਛਲੇ ਸਾਲ ਦੇ ਸੀਓਪੀ28 ਸੰਮੇਲਨ ਦੌਰਾਨ ਕਜ਼ਾਕਿਸਤਾਨ ਨੇ ਮੀਥੇਨ ਨਿਕਾਸੀ ਵਿੱਚ ਵਿਸ਼ਵੀ ਪੱਧਰ ਉੱਤੇ ਕਮੀ ਲਿਆਉਣ ਦੇ ਕੌਮਾਂਤਰੀ ਮੀਥੇਨ ਅਹਿਦਨਾਮੇ ਉੱਪਰ ਦਸਤਖ਼ਤ ਕੀਤੇ ਹਨ।

ਇਹ ਇੱਕ ਸਵੈ-ਇੱਛਾ ਨਾਲ ਕੀਤਾ ਗਿਆ ਸਮਝੌਤਾ ਹੈ ਜਿਸ ਵਿੱਚ ਸ਼ਾਮਲ 150 ਦੇਸਾਂ ਨੇ ਸਾਲ 2030 ਤੱਕ ਆਪਣੀ ਮੀਥੇਨ ਗੈਸ ਨਕਾਸੀ ਨੂੰ 30% ਘਟਾਉਣ ਦਾ ਅਹਿਦ ਲਿਆ ਹੈ।

ਇਹ ਰਿਪੋਰਟ ਰੇਹਮ ਦਮਿਤਰੀ ਅਤੇ ਬੀਬੀਸੀ ਮੌਨੀਟਰਿੰਗ ਦੇ ਦਿਲਮੁਰਾਦ ਅਵਲਬੇਵ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)