ʻਮੈਂ ਆਪਣੀ ਬੱਚੇਦਾਨੀ ਕਢਵਾਉਣਾ ਚਾਹੁੰਦੀ ਹਾਂ ਪਰ ਡਾਕਟਰ ਕਹਿੰਦੇ ਹਨ ਮੇਰੀ ਉਮਰ ਅਜੇ ਛੋਟੀ ਹੈʼ

    • ਲੇਖਕ, ਜੈਨੀ ਰੀਸ
    • ਰੋਲ, ਬੀਬੀਸੀ ਪੱਤਰਕਾਰ

26 ਸਾਲਾ ਐਮਿਲੀ ਗ੍ਰਿਫਿਥਸ ਆਪਣੀ ਬੱਚੇਦਾਨੀ ਕਢਵਾਉਣਾ ਚਾਹੁੰਦੀ ਹੈ। ਇਸ ਆਪਰੇਸ਼ਨ ਨੂੰ ਡਾਕਟਰੀ ਭਾਸ਼ਾ ਵਿੱਚ ‘ਹਿਸਟਰੇਕਟਮੀ’ ਕਿਹਾ ਜਾਂਦਾ ਹੈ।

ਉਹ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਉਨ੍ਹਾਂ ਲਈ ਇੰਨਾ ਵੱਡਾ ਕਦਮ ਚੁੱਕਣਾ ਕੋਈ ਸੌਖੀ ਗੱਲ ਨਹੀਂ ਹੈ ਅਤੇ ਉਨ੍ਹਾਂ ਦਾ ਕੋਈ ਬੱਚਾ ਵੀ ਨਹੀਂ ਹੈ।

ਪਰ ਐਂਡੋਮੇਟ੍ਰੀਓਸਿਸ ਅਤੇ ਐਡੀਨੋਮਾਇਓਸਿਸ ਕਾਰਨ ਐਮਿਲੀ ਬੇਹੱਦ ਦਰਦ ਵਿੱਚ ਹਨ ਅਤੇ ਘਰ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।

ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਉਹ ਬੇਔਲਾਦ ਹੋਣ ਦਾ ਦਰਦ ਸਦਾ ਲਈ ਝੱਲਣ ਲਈ ਤਿਆਰ ਹਨ।

ਫਿਲਹਾਲ ਉਹ ਬਿਨਾਂ ਕਿਸੇ ਸਹਾਰੇ ਦੇ ਸੈਰ ਲਈ ਜਾ ਸਕਣ ਦਾ ਸੁਪਨਾ ਦੇਖਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਕਾਰਨ ਉਨ੍ਹਾਂ ਕੋਈ ਅਜਿਹਾ ਡਾਕਟਰ ਨਹੀਂ ਮਿਲ ਰਿਹਾ ਜੋ ਇਸ ਪ੍ਰਕਿਰਿਆ ʼਤੇ ਚਰਚਾ ਕਰ ਸਕੇ।

ਕਾਰਮਾਰਥੇਨਸ਼ਾਇਰ ਦੀ ਐਮਿਲੀ ਦਾ ਕਹਿਣਾ ਹੈ, "ਡਾਕਟਰ ਭਵਿੱਖ ਵਿੱਚ ਮੇਰੇ ਬੱਚਿਆਂ ਦੀ ਯੋਜਨਾ ਬਣਾਉਣ ਵਿੱਚ ਮਸਰੂਫ਼ ਹਨ ਪਰ ਉਹ ਇਹ ਨਹੀਂ ਦੇਖ ਰਹੇ ਕਿ ਮੈਂ ਇਸ ਵੇਲੇ ਕਿਸ ਦੌਰ ਵਿੱਚੋਂ ਲੰਘ ਰਹੀ ਹਾਂ।"

ਐਮਿਲੀ ਦੇ ਲੱਛਣ ਉਦੋਂ ਸ਼ੁਰੂ ਹੋਏ ਜਦੋਂ ਉਹ 12 ਸਾਲ ਦੀ ਸੀ ਅਤੇ ਉਨ੍ਹਾਂ ਨੂੰ ਪੀਰੀਅਡਸ ਇੰਨੇ ਦਰਦਨਾਕ ਅਤੇ ਭਾਰੀ ਹੁੰਦੇ ਸਨ ਕਿ ਉਹ ਸਕੂਲ ਹੀ ਨਹੀਂ ਜਾ ਸਕਦੀ ਸੀ।

ਇਸ ਦੇ ਨਾਲ ਹੀ ਉਹ ਅਨੀਮੀਆ ਨਾਲ ਪੀੜਤ ਹੋ ਗਈ ਸੀ। ਉਨ੍ਹਾਂ ਦੱਸਦੇ ਹਨ ਕਿ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਨ੍ਹਾਂ ਦਾ ਦਰਦ ਆਮ ਹੈ।

ਉਹ ਆਖਦੇ ਹਨ, "ਇਹ ਸਭ ਮੇਰੇ ਦਿਮਾਗ਼ ਵਿੱਚ ਅਤੇ ਮੈਂ ਸਿਰਫ਼ ਸਕੂਲ ਤੋਂ ਛੁੱਟੀ ਕਰਨਾ ਚਾਹੁੰਦੀ ਹਾਂ।"

ਐਮਿਲੀ ਨੂੰ 21 ਸਾਲਾ ਦੀ ਉਮਰ ਵਿੱਚ ਐਂਡੋਮੈਟਰੀਓਸਿਸ ਨਾਲ ਪੀੜਤ ਹੋਣ ਬਾਰੇ ਪਤਾ ਲੱਗਾ ਸੀ, ਜਦੋਂ ਉਨ੍ਹਾਂ ਨੂੰ ਸੈਪਸਿਸ ਦੀ ਬਿਮਾਰੀ ਹੋਈ ਸੀ।

ਉਨ੍ਹਾਂ ਨੂੰ ਕਾਰਡਿਫ ਦੇ ਇੱਕ ਵਿਸ਼ੇਸ਼ ਕੇਂਦਰ ਵਿੱਚ ਭੇਜਿਆ ਗਿਆ ਪਰ ਉੱਥੇ ਇੰਤਜ਼ਾਰ ਇੰਨਾ ਲੰਬਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਸਰਜਰੀ ਲਈ ਖ਼ੁਦ ਹੀ ਪੈਸੇ ਖ਼ਰਚ ਕੀਤੇ।

ਐਮਿਲੀ ਇੱਕ ਐੱਨਐੱਚਐੱਸ ਮਾਹਰ (ਸਰਕਾਰੀ ਡਾਕਟਰ) ਤੱਕ ਪਹੁੰਚਣ ਦੇ ਅਸਮਰੱਥ ਸਨ। ਉਸ ਦਾ ਕਹਿਣਾ ਹੈ ਕਿ ਉਸਨੇ ਅਣਗਿਣਤ ਪ੍ਰਾਈਵੇਟ ਕਲੀਨਿਕਾਂ ਤੱਕ ਪਹੁੰਤ ਕੀਤੀ ਪਰ ਕਿਤੇ ਵੀ ਕੋਈ ਮਦਦ ਨਹੀਂ ਮਿਲੀ।

ਹਿਸਟਰੇਕਟਮੀ ਨਾ ਸਿਰਫ਼ ਐਮਿਲੀ ਨੂੰ ਬਾਂਝ ਬਣਾਵੇਗੀ ਸਗੋਂ ਮੀਨੋਪੌਜ਼, ਓਸਟੀਓਪੋਰੋਸਿਸ, ਦਿਲ ਦੀ ਬਿਮਾਰੀ ਅਤੇ ਦਿਮਾਗ਼ੀ ਕਮਜ਼ੋਰੀ ਦੇ ਜੋਖ਼ਮ ਨੂੰ ਵੀ ਵਧਾ ਸਕਦੀ ਹੈ।

ਹਾਲਾਂਕਿ, ਪਿਛਲੇ ਤਿੰਨ ਸਾਲਾਂ ਤੋਂ ਉਹ ਆਪਣੇ ਲੱਛਣਾਂ ਅਤੇ ਤਕਲੀਫਾਂ ਨੂੰ ਘੱਟ ਕਰਨ ਲਈ ਹਰ ਮਹੀਨੇ ਐਂਟੀ-ਪੀਰੀਓਡਿਕ ਇੰਜੈਕਸ਼ਨ ਲੈ ਰਹੀ ਹੈ। ਕਈ ਟੈਸਟ ਹੁਣ ਸੰਕੇਤ ਦੇ ਰਹੇ ਹਨ ਕਿ ਉਸ ਦੀਆਂ ਹੱਡੀਆਂ ਦੀ ਸਿਹਤ ਵਿਗੜ ਰਹੀ ਹੈ।

ਉਨ੍ਹਾਂ ਨੇ ਕਿਹਾ, "ਹਿਸਟਰੇਕਟਮੀ ਐਂਡੋਮੈਟਰੀਓਸਿਸ ਲਈ ਇਲਾਜ ਨਹੀਂ ਹੈ ਪਰ ਇਹ ਐਡੀਨੋਮਿਓਸਿਸ ਲਈ ਹੈ।"

ਉਨ੍ਹਾਂ ਜਦੋਂ ਇਹ ਵਧੇਰੇ ਇਲਾਜ ਮਿਲਿਆ ਤਾਂ ਉਨ੍ਹਾਂ ਦੀ ਉਮਰ 23 ਸਾਲ ਦੀ ਸੀ।

"ਹਾਲਾਂਕਿ ਇਹ ਇੱਕ ਵੱਡਾ ਕਦਮ ਹੈ, ਇਸ ਸਮੇਂ ਮੈਂ ਬਹੁਤ ਦਰਦ ਵਿੱਚ ਹਾਂ ਇਹ ਆਪ੍ਰੇਸ਼ਨ ਮੈਨੂੰ ਥੋੜ੍ਹਾ ਜਿਹਾ ਤੁਰਨ ਦੇ ਯੋਗ ਬਣਾ ਸਕਦਾ ਹੈ। ਮੈਂ ਇਸ ਸਮੇਂ ਬਹੁਤ ਹਨੇਰੇ ਵਿੱਚ ਫਸੀ ਹੋਈ ਮਹਿਸੂਸ ਕਰ ਰਹੀ ਹਾਂ।"

ਹਿਸਟਰੇਕਟਮੀ ਕੀ ਹੈ?

ਹਿਸਟਰੇਕਟਮੀ ਇੱਕ ਵੱਡਾ ਆਪਰੇਸ਼ਨ ਹੈ ਜਿਸ ਵਿੱਚ ਠੀਕ ਹੋਣ ਲਈ ਲੰਬਾ ਸਮਾਂ ਲੱਗਦਾ ਹੈ ਅਤੇ ਆਖ਼ਰੀ ਉਪਾਅ ਵਜੋਂ ਵਰਤਿਆ ਜਾਂਦਾ ਹੈ।

ਇਹ ਆਪਰੇਸ਼ਨ ਔਰਤ ਪ੍ਰਜਨਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਕੀਤਾ ਜਾਂਦਾ ਹੈ।

ਹਿਸਟਰੇਕਟੋਮੀ ਵਿੱਚ ਬੱਚੇਦਾਨੀ ਅਤੇ ਬੱਚੇਦਾਨੀ ਦਾ ਮੂੰਹ ਸਰਜਰੀ ਨਾਲ ਹਟਾ ਦਿੱਤਾ ਜਾਂਦਾ ਹੈ।

ਕੁਝ ਮਾਮਲਿਆਂ ਵਿੱਚ ਫੈਲੋਪੀਅਨ ਟਿਊਬਾਂ, ਅੰਡਾਸ਼ਯ, ਲਿੰਫ ਗ੍ਰੰਥੀਆਂ ਅਤੇ ਯੋਨੀ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਹਟਾਇਆ ਜਾ ਸਕਦਾ ਹੈ।

ਐਂਡੋਮੈਟਰੀਓਸਿਸ ਅਤੇ ਐਡੀਨੋਮਾਈਸਿਸ ਕੀ ਹੈ

ਐਂਡੋਮੈਟਰੀਓਸਿਸ ਇੱਕ ਬਿਮਾਰੀ ਹੈ ਜਿਸ ਵਿੱਚ ਬੱਚੇਦਾਨੀ ਦੀ ਪਰਤ ਦੇ ਸਮਾਨ ਟਿਸ਼ੂ ਬੱਚੇਦਾਨੀ ਦੇ ਬਾਹਰ ਵਧਦੇ ਹਨ।

ਇਸ ਨਾਲ ਪੀਰੀਅਡ ਵਿੱਚ ਗੰਭੀਰ ਦਰਦ ਅਤੇ ਭਾਰੀ ਬਲੀਡਿੰਗ ਹੋ ਸਕਦੀ ਹੈ, ਇਸ ਦੇ ਨਾਲ ਪੈਲਵਿਕ ਵਿੱਚ ਦਰਦ,ਸੋਜ ਅਤੇ ਸਰੀਰਕ ਸਬੰਧ ਬਣਾਉਣ ਦੌਰਾਨ ਵੀ ਦਰਦ ਹੋ ਸਕਦਾ ਹੈ।

ਐਂਡੋਮੈਟਰੀਓਸਿਸ ਉਹ ਸਥਿਤੀ ਹੈ ਜਿਸ ਵਿੱਚ ਬੱਚੇਦਾਨੀ ਦੀ ਪਰਤ ਦੇ ਸਮਾਨ ਕੋਸ਼ਿਕਾਵਾਂ ਸਰੀਰ ਦੇ ਹੋਰਨਾਂ ਹਿੱਸਿਆਂ ʼਤੇ ਵਿਕਸਿਤ ਹੋਣ ਲੱਗਦੀਆਂ ਹਨ।

ਲੱਛਣ ਉਦੋਂ ਹੁੰਦੇ ਹਨ ਜਦੋਂ ਉਹ ਪੈਚ ਟੁੱਟ ਜਾਂਦੇ ਅਤੇ ਲਹੂ ਵਗਣ ਲੱਗਦਾ ਹੈ ਪਰ ਤੁਹਾਡੇ ਸਰੀਰ ਵਿੱਚੋਂ ਬਾਹਰ ਨਹੀਂ ਨਿਕਲਦਾ।

ਐਂਡੋਮੈਟਰੀਓਸਿਸ ਇਸ ਵੇਲੇ ਐਮਿਲੀ ਦੇ ਦੋਵੇਂ ਅੰਡਸ਼ਾਯ ਦੇ ਨਾਲ-ਨਾਲ ਉਸ ਦੀ ਬੱਚੇਦਾਨੀ, ਬਲੈਡਰ ਅਤੇ ਉਸਦੀ ਅੰਤੜੀ ਦੇ ਹਿੱਸੇ ਵਿੱਚ ਵਿਆਪਕ ਤੌਰ ʼਤੇ ਫੈਲਿਆ ਹੋਇਆ ਹੈ।

ਉਸਦੇ ਮੀਨੋਪੌਜ਼ਲ ਲੱਛਣ ਵੀ ਗੰਭੀਰ ਰਹੇ ਹਨ, ਪਰ ਹਾਰਮੋਨ ਰਿਪਲੇਸਮੈਂਟ ਥੈਰੇਪੀ (ਐੱਚਆਰਟੀ) ਉਸ ਦੀ ਐਂਡੋਮੈਟਰੀਓਸਿਸ ਨੂੰ ਹੋਰ ਵੀ ਵਿਗਾੜ ਦਿੰਦੀ ਹੈ।

ਆਪਣੀਆਂ ਸਮੱਸਿਆਵਾਂ ਕਾਰਨ ਐਮਿਲੀ ਨੂੰ ਹਿਸਟਰੇਕਟਮੀ ਕਰਨ ਲਈ ਇੱਕ ਐਂਡੋਮੈਟਰੀਓਸਿਸ ਮਾਹਰ ਦੀ ਲੋੜ ਹੋਵੇਗੀ ਕਿਉਂਕਿ ਇਸ ਵਿੱਚ ਐਂਡੋਮੇਟ੍ਰੀਓਸਿਸ ਨੂੰ ਕੱਢਣਾ ਵੀ ਸ਼ਾਮਲ ਹੋਵੇਗਾ।

ʻਡਾਕਟਰ ਕਹਿੰਦੇ ਹਨ ਉਮਰ ਛੋਟੀ ਹੈʼ

ਐਮਿਲੀ ਨੇ ਕਹਿੰਦੀ ਹੈ, "ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨੂੰ ਆਪਣੇ ਸਰੀਰ ਬਾਰੇ ਚੋਣ ਕਰਨ ਦੀ ਆਜ਼ਾਦੀ ਹੈ।"

"ਮੈਨੂੰ ਦੱਸਿਆ ਜਾਂਦਾ ਹੈ ਕਿ ਜੇਕਰ ਮੈਂ ਠੀਕ ਹੋ ਗਈ ਤਾਂ ਮੈਂ ਆਪਣੇ ਪਤੀ ਨਾਲ ਬੱਚਾ ਪੈਦਾ ਕਰਨਾ ਚਾਹਾਂਗੀ। ਉਹ ਸਿਰਫ਼ ਅੱਗੇ ਦੀ ਯੋਜਨਾ ਬਣਾ ਰਹੇ ਹਨ ਅਤੇ ਇਹ ਨਹੀਂ ਦੇਖ ਰਹੇ ਹਨ ਕਿ ਮੈਂ ਇਸ ਸਮੇਂ ਕਿੱਥੇ ਖੜ੍ਹੀ ਹਾਂ।"

"ਅਸਲ ਵਿੱਚ ਪ੍ਰਜਨਨ ਸਿਹਤ ਨੂੰ ਕਿਸੇ ਵੀ ਬਿਮਾਰੀ ਤੋਂ ਉੱਪਰ ਰੱਖਿਆ ਜਾਂਦਾ ਹੈ ਭਾਵੇਂ ਮੈਂ ਇੱਕ ਸਮੱਸਿਆ ਵਿੱਚੋਂ ਲੰਘ ਰਹੀ ਹਾਂ।"

ਐਮਿਲੀ ਕਹਿੰਦੇ ਹਨ, "ਮੈਨੂੰ ਰਸਾਇਣਕ ਤੌਰ 'ਤੇ ਪ੍ਰੇਰਿਤ ਮੀਨੋਪੌਜ਼ ਵਿੱਚੋਂ ਲੰਘਣ ਦੀ ਸਲਾਹ ਦਿੱਤੀ ਗਈ ਹੈ। ਗਰਭ ਨਿਰੋਧਕ ਗੋਲੀਆਂ ਲਓ, ਡਿਪਰੈਸ਼ਨ ਵਿਰੋਧੀ ਦਵਾਈਆਂ ਲਓ, ਦੌੜੋ, ਕਸਰਤ ਕਰੋ ਅਤੇ ਯੋਗਾ ਕਰੋ, ਅਜਿਹਾ ਕਿਹਾ ਜਾਂਦਾ ਹੈ।"

"ਮੈਂ ਬਿਨਾਂ ਸਹਾਰੇ ਤੁਰ ਵੀ ਨਹੀਂ ਸਕਦੀ, ਇਸ ਲਈ ਮੈਨੂੰ ਦੌੜਨ ਬਾਰੇ ਦੱਸਣਾ ਚੰਗੀ ਸਲਾਹ ਨਹੀਂ ਹੈ।"

ਐਮਿਲੀ ਪ੍ਰਜਨਨ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਹੇ ਹਨ ਅਤੇ ਇਸ ਦੀ ਬ੍ਰਿਟਿਸ਼ ਸ਼ਾਹੀ ਪਰਿਵਾਰ ਦੁਆਰਾ ਵੀ ਪ੍ਰਸ਼ੰਸਾ ਕੀਤੀ ਗਈ ਹੈ।

ਐਮਿਲੀ ਨੇ ਕਿਹਾ ਕਿ ਹੁਣ ਤੱਕ ਉਸ ਦੀਆਂ ਦੋ ਸਰਜਰੀਆਂ ਪ੍ਰਾਈਵੇਟ ਫੰਡਿੰਗ ਨਾਲ ਹੋਈਆਂ ਹਨ ਅਤੇ ਇੱਕ ਹੋਰ ਸਰਜਰੀ ਹੋ ਸਕਦੀ ਹੈ।

ਸਰਜਰੀ ਤੋਂ ਬਾਅਦ ਦੇਖਭਾਲ ਅਤੇ ਸਲਾਹ-ਮਸ਼ਵਰੇ ਲਈ ਵੀ ਖਰਚੇ ਹਨ।

ਉਹ ਆਖਦੀ ਹੈ, "ਇਸ ਵੇਲੇ ਐੱਨਐੱਚਐੱਸ ਤੋਂ ਕੋਈ ਵੀ ਮੇਰੀ ਦੇਖਭਾਲ ਨਹੀਂ ਕਰੇਗਾ, ਇਸ ਲਈ ਇਹ ਫੰਡਿੰਗ ਅਤੇ ਸਹੀ ਵਿਅਕਤੀ ਦੀ ਭਾਲ ਕਰਨਾ ਔਖਾ ਹੈ।"

ਵੈਲਸ਼ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਔਰਤਾਂ ਦੀ ਸਿਹਤ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ ਅਤੇ ਔਰਤਾਂ ਦੀ ਸਿਹਤ ਲਈ 10 ਸਾਲਾ ਯੋਜਨਾ ਦਸੰਬਰ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਹਿਲਾ ਸਿਹਤ ਨੈੱਟਵਰਕ ਦੀ ਸਥਾਪਨਾ ਐਂਡੋਮੈਟਰੀਓਸਿਸ ਦੀ ਦੇਖਭਾਲ, ਇਲਾਜ ਅਤੇ ਸਹਾਇਤਾ ਸਮੇਤ ਸੁਧਾਰ ਪ੍ਰਦਾਨ ਕਰਨ ਲਈ ਕੀਤੀ ਗਈ ਸੀ।

ਬੁਲਾਰੇ ਅਨੁਸਾਰ, "ਸਿਹਤ ਬੋਰਡ ਸੇਵਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹਨ ਅਤੇ ਅਸੀਂ ਹਰੇਕ ਸਿਹਤ ਬੋਰਡ ਦੇ ਅੰਦਰ ਇੱਕ ਐਂਡੋਮੈਟਰੀਓਸਿਸ ਫੰਡ ਪ੍ਰਦਾਨ ਕੀਤਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)