ਮਰਦਾਂ ਵਿੱਚ ਬੇਔਲਾਦ ਹੋਣਾ ਕਿਵੇਂ ਵੱਡੀ ਸਮੱਸਿਆ ਬਣ ਰਿਹਾ ਹੈ ਤੇ ਕਿਉਂ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਘਟੀ ਹੈ

    • ਲੇਖਕ, ਸਟੇਫਨੀ ਹੇਗਾਰਟੀ
    • ਰੋਲ, ਬੀਬੀਸੀ ਪੱਤਰਕਾਰ

ਇੱਕ ਪਾਸੇ ਧਰਤੀ ਉੱਤੇ ਲੋਕਾਂ ਦਾ ਵਾਧੂ ਭਾਰ ਪੈਂਦਾ ਜਾ ਰਿਹਾ ਤੇ ਦੂਜੇ ਪਾਸੇ ਜਨਮ ਦਰ ਵਿੱਚ ਵੀ ਭਾਰੀ ਕਮੀ ਆਈ ਹੈ। ਔਰਤਾਂ ਅਤੇ ਮਰਦਾਂ ਦੀ ਜਣਨ ਸਮਰੱਥਾ ਵਿੱਚ ਗਿਰਾਵਟ ਕਾਰਨ ਪ੍ਰਜਣਨ ਦਰ ʼਤੇ ਅਸਰ ਪਿਆ ਹੈ।

ਰੌਬਿਨ ਹੈਡਲੇ ਵੀ ਇੱਕ ਬੱਚਾ ਚਾਹੁੰਦੇ ਹਨ ਅਤੇ ਉਸ ਲਈ ਸੰਘਰਸ਼ ਕਰ ਰਹੇ ਹਨ। ਉਹ ਕਦੇ ਵੀ ਯੂਨੀਵਰਸਿਟੀ ਨਹੀਂ ਗਏ ਅਤੇ ਮੈਨਚੈਸਟਰ ਵਿੱਚ ਇੱਕ ਯੂਨੀਵਰਸਿਟੀ ਲੈਬ ਵਿੱਚ ਫੋਟੋਗ੍ਰਾਫਰ ਬਣ ਗਏ।

ਰੌਬਿਨ ਆਪਣੀ 30ਵਿਆਂ ਦੇ ਦੌਰ ਵਿੱਚ ਹਨ ਅਤੇ ਬੱਚੇ ਲਈ ਪਰੇਸ਼ਾਨ ਹੋ ਰਹੇ ਹਨ।

ਰੌਬਿਨ ਦਾ ਉਨ੍ਹਾਂ ਦੀ 20ਵਿਆਂ ਦੀ ਉਮਰ ਦੌਰਾਨ ਹੀ ਤਲਾਕ ਹੋ ਗਿਆ ਸੀ ਅਤੇ ਉਹ ਇਸ ਵੇਲੇ ਇਕੱਲੇ ਹਨ।

ਉਹ ਆਪਣੀ ਥੋੜ੍ਹੀ ਜਿਹੀ ਆਮਦਨ ਵਿੱਚੋਂ ਆਪਣੇ ਕਿਰਾਏ ਦਾ ਭੁਗਤਾਨ ਕਰਦੇ ਹਨ। ਉਹ ਜ਼ਿਆਦਾ ਬਾਹਰ ਨਹੀਂ ਜਾਂਦੇ ਇਸ ਲਈ ਉਨ੍ਹਾਂ ਵਾਸਤੇ ਡੇਟਿੰਗ ਇੱਕ ਚੁਣੌਤੀ ਹੈ।

ਜਦੋਂ ਉਨ੍ਹਾਂ ਦੇ ਦੋਸਤ ਅਤੇ ਸਹਿਯੋਗੀ ਪਿਤਾ ਬਣਨ ਲੱਗੇ ਤਾਂ ਉਨ੍ਹਾਂ ਨੂੰ ਆਪਣੇ ਇਸ ਕਮੀ ਦਾ ਅਹਿਸਾਸ ਹੋਇਆ।

ਉਹ ਆਖਦੇ ਹਨ, "ਬੱਚਿਆਂ ਦੇ ਜਨਮ ਦਿਨ ਦੇ ਕਾਰਡ ਜਾਂ ਸਹਿਯੋਗੀਆਂ ਦੇ ਬੱਚਿਆਂ ਦੇ ਨਵ-ਜਨਮੇਂ ਬੱਚਿਆਂ ਲਈ ਕਾਰਡ, ਉਸ ਚੀਜ਼ ਦਾ ਅਹਿਸਾਸ ਕਰਵਾਉਂਦੇ ਹਨ ਜੋ ਤੁਹਾਡੇ ਕੋਲ ਨਹੀਂ ਹੈ ਅਤੇ ਤੁਸੀਂ ਉਸ ਦੀ ਆਸ ਰੱਖਦੇ ਹੋ। ਇਸ ਨਾਲ ਦਰਦ ਵਾਲਾ ਅਹਿਸਾਸ ਜੁੜਿਆ ਹੋਇਆ ਹੈ।"

ਉਨ੍ਹਾਂ ਦੇ ਤਜਰਬੇ ਨੇ ਉਨ੍ਹਾਂ ਨੂੰ ਇੱਕ ਕਿਤਾਬ ਲਈ ਪ੍ਰੇਰਿਆ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਵਰਗੇ ਜ਼ਿਆਦਾਤਰ ਪੁਰਸ਼ ਜੋ ਪਿਤਾ ਬਣਨਾ ਚਾਹੁੰਦੇ ਪਰ ਕਿਉਂ ਨਹੀਂ ਬਣ ਰਹੇ।

ਇਸ ʼਤੇ ਖੋਜ ਕਰਦੇ ਹੋਏ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਿਵੇਂ ਉਹ ਕਹਿੰਦੇ ਹਨ, ਉਹ, "ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋਏ ਹਨ ਪ੍ਰਜਨਨ ਨਤੀਜਿਆਂ ਨੂੰ ਪ੍ਰਭਆਵਿਤ ਕਰਦੀ ਹੈ, ਆਰਥਿਕ, ਜੀਵ-ਵਿਗਿਆਨ, ਸਹੀ ਸਮਾਂ, ਰਿਸ਼ਤਿਆਂ ਦੀ ਚੋਣ।"

ਇੱਕ ਗੱਲ ਉਨ੍ਹਾਂ ਨੇ ਨੋਟਿਸ ਕੀਤੀ ਹੈ ਕਿ ਉਮਰ ਵਧਣ ਅਤੇ ਪ੍ਰਜਨਨ ਸਮਰੱਥਾ ʼਤੇ ਜੋ ਵੀ ਸਕੌਲਰਸ਼ਿਪ ਉਨ੍ਹਾਂ ਨੇ ਪੜ੍ਹੀਆਂ, ਉਸ ਵਿੱਚ ਬਿਨਾਂ ਸੰਤਾਨ ਵਾਲੇ ਪੁਰਸ਼ਾਂ ਦਾ ਕੋਈ ਜ਼ਿਕਰ ਨਹੀਂ ਸੀ। ਕੌਮੀ ਅੰਕੜਿਆਂ ਵਿੱਚ ਪੁਰਸ਼ ਲਗਭਗ ʻਅਣਗੌਲੇʼ ਸਨ।

ʻਸਮਾਜਿਕ ਬਾਂਝਪਨʼ ਦੀ ਉਭਾਰ

ਸਮਾਜਿਕ ਬਾਂਝਪਨ ਦੇ ਕਈ ਕਾਰਨ ਹਨ। ਕੁਝ ਕਾਰਨਾਂ ਵਿੱਚ ਬੱਚੇ ਪੈਦਾ ਕਰਨ ਲਈ ਲੋੜੀਂਦੇ ਸਾਧਨਾਂ ਦੀ ਘਾਟ ਜਾਂ ਸਹੀ ਸਮੇਂ 'ਤੇ ਸਹੀ ਵਿਅਕਤੀ ਨਾਲ ਰਿਸ਼ਤਾ ਨਾ ਹੋਣਾ ਸ਼ਾਮਲ ਹੈ। ਪਰ ਅੰਨਾ ਰੋਟਕਿਰਚ ਦਾ ਕਹਿਣਾ ਹੈ ਕਿ ਇਹ ਮੂਲ ਵਿੱਚ ਕੁਝ ਵੱਖਰਾ ਹੈ।

ਅੰਨਾ ਫਿਨਲੈਂਡ ਦੇ ਜਨਸੰਖਿਆ ਖੋਜ ਸੰਸਥਾਨ ਵਿੱਚ ਇੱਕ ਸਮਾਜ ਸ਼ਾਸਤਰੀ ਅਤੇ ਜਨਸੰਖਿਆ ਵਿਗਿਆਨੀ ਹੈ।

ਉਨ੍ਹਾਂ ਨੇ 20 ਸਾਲਾਂ ਤੋਂ ਵੱਧ ਸਮੇਂ ਲਈ ਫਿਨਲੈਂਡ ਅਤੇ ਯੂਰਪ ਵਿੱਚ ਪ੍ਰਜਣਨ ਇਰਾਦਿਆਂ ਦਾ ਅਧਿਐਨ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਕਿਵੇਂ ਦੇਖਦੇ ਹਾਂ? ਉਨ੍ਹਾਂ ਨੇ ਇਸ ਵਿਚ ਵੱਡੇ ਬਦਲਾਅ ਦੇਖੇ ਹਨ।

ਏਸ਼ੀਆ ਤੋਂ ਬਾਹਰਲੇ ਦੇਸ਼ਾਂ ਵਿੱਚ ਬੇਔਲਾਦ ਹੋਣ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ। ਇਸ ਵਿੱਚ ਫਿਨਲੈਂਡ ਸਭ ਤੋਂ ਅੱਗੇ ਹੈ।

ਪਰ 1990 ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ, ਜਣਨ ਦਰ ਵਿੱਚ ਇਸ ਗਿਰਾਵਟ ਦਾ ਮੁਕਾਬਲਾ ਕਰਨ ਲਈ ਸੰਸਾਰ ਭਰ ਵਿੱਚ ਬਾਲ-ਅਨੁਕੂਲ ਨੀਤੀਆਂ ਅਪਣਾਈਆਂ ਗਈਆਂ ਸਨ।

ਇਨ੍ਹਾਂ ਵਿੱਚ ਮਾਪਿਆਂ ਨੂੰ ਢੁਕਵੀਂ ਛੁੱਟੀ, ਬੱਚਿਆਂ ਦੀ ਕਿਫਾਇਤੀ ਦੇਖਭਾਲ ਅਤੇ ਮਰਦਾਂ ਤੇ ਔਰਤਾਂ ਨੂੰ ਘਰ ਦੇ ਕੰਮਾਂ ਲਈ ਬਰਾਬਰ ਜ਼ਿੰਮੇਵਾਰੀ ਲੈਣਾ ਸ਼ਾਮਿਲ ਸੀ।

ਪਰ ਫਿਨਲੈਂਡ ਵਿੱਚ ਜਣਨ ਦਰ 2010 ਤੋਂ ਲਗਭਗ ਇੱਕ ਤਿਹਾਈ ਤੱਕ ਘੱਟ ਗਈ ਹੈ।

ਪ੍ਰੋਫੈਸਰ ਰੋਟਕਿਰਚ ਦਾ ਕਹਿਣਾ ਹੈ, "ਵਿਆਹ ਵਾਂਗ ਬੱਚੇ ਪੈਦਾ ਕਰਨਾ ਵੀ ਜੀਵਨ ਦੇ ਇੱਕ ਪੜਾਅ ਵਾਂਗ ਦੇਖਿਆ ਜਾਂਦਾ ਹੈ।"

ਪਿਛਲੀਆਂ ਪੀੜੀਆਂ ਵਿੱਚ ਨੌਜਵਾਨਾਂ ਨੇ ਬਾਲਗ਼ ਹੋਣ ʼਤੇ ਲਗਭਗ ਅਜਿਹਾ ਹੀ ਕੀਤਾ ਸੀ।

ਪਰ ਹੁਣ ਇਸ ਚੀਜ਼ ਨੂੰ ਜ਼ਿੰਦਗੀ ਦੀ ਇੱਕ ਅਹਿਮ ਪ੍ਰਾਪਤੀ ਜਾਂ ਮਹੱਤਵਪੂਰਨ ਚੀਜ਼ ਵਜੋਂ ਦੇਖਿਆ ਜਾਂਦਾ ਹੈ। ਹੁਣ ਜੇ ਤੁਸੀਂ ਜ਼ਿੰਦਗੀ ਵਿੱਚ ਆਪਣੇ ਟੀਚੇ ਹਾਸਿਲ ਕਰ ਲਏ ਹਨ ਤਾਂ ਤੁਸੀਂ ਕੀ ਕਰੋਗੇ?

ਪ੍ਰੋਫ਼ੈਸਰ ਰੋਟਕਿਰਚ ਕਹਿੰਦੇ ਹਨ, "ਜੀਵਨ ਦੇ ਸਾਰੇ ਖੇਤਰਾਂ ਦੇ ਲੋਕ ਬੱਚੇ ਪੈਦਾ ਕਰਨ ਨੂੰ ਜੀਵਨ ਦੀ ਅਨਿਸ਼ਚਿਤਤਾ ਵਿੱਚ ਵਾਧਾ ਸਮਝਦੇ ਹਨ।"

ਫਿਨਲੈਂਡ ਵਿੱਚ, ਉਨ੍ਹਾਂ ਨੇ ਦੇਖਿਆ ਕਿ ਸਭ ਤੋਂ ਅਮੀਰ ਔਰਤਾਂ ਦੇ ਬਿਨਾਂ ਇੱਛਾ ਬੇਔਲਾਦ ਹੋਣ ਦੀ ਸੰਭਾਵਨਾ ਸਭ ਤੋਂ ਘੱਟ ਸੀ। ਦੂਜੇ ਪਾਸੇ, ਘੱਟ ਆਮਦਨ ਵਰਗ ਦੇ ਮਰਦ ਅਜੇ ਵੀ ਬੇਔਲਾਦ ਹਨ ਭਾਵੇਂ ਉਹ ਬੱਚੇ ਚਾਹੁੰਦੇ ਵੀ ਹਨ।

ਇਹ ਪਿਛਲੇ ਸਮੇਂ ਵਿੱਚ ਆਇਆ ਵੱਡਾ ਬਦਲਾਅ ਹੈ। ਪਹਿਲਾਂ ਗਰੀਬ ਪਰਿਵਾਰਾਂ ਦੇ ਲੋਕ ਦੁਨਿਆਵੀ ਜ਼ਿੰਮੇਵਾਰੀਆਂ ਜਲਦੀ ਸੰਭਾਲ ਲੈਂਦੇ ਸਨ।

ਅਕਸਰ ਕਿਹਾ ਜਾਂਦਾ ਸੀ ਕਿ ਉਹ ਬਹੁਤਾ ਪੜਿਆ-ਲਿਖਿਆ ਨਹੀਂ ਸੀ, ਇਸ ਲਈ ਉਸ ਨੇ ਜਲਦੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਛੋਟੀ ਉਮਰ ਵਿੱਚ ਹੀ ਵਿਆਹ ਕਰਵਾ ਕੇ ਸੰਸਾਰਕ ਜੀਵਨ ਦੀ ਸ਼ੁਰੂਆਤ ਕੀਤੀ।

ਪੁਰਸ਼ਾਂ ਦਾ ਸੰਕਟ

ਆਰਥਿਕ ਅਨਿਸ਼ਚਿਤਤਾ ਦਾ ਪੁਰਸ਼ਾਂ ʼਤੇ ਵੱਧ ਅਸਰ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਬੱਚੇ ਪੈਦਾ ਕਰਨ ਦੀ ਸਭਾਵਨਾ ਘੱਟ ਹੋ ਜਾਂਦੀ ਹੈ। ਸਮਾਜਸ਼ਾਸਤਰੀ ਇਸ ਨੂੰ "ਚੋਣ ਪ੍ਰਭਾਵ" ਕਹਿੰਦੇ ਹਨ।

ਇਸ ਵਿੱਚ ਔਰਤਾਂ ਆਪਣਾ ਜੀਵਨ ਸਾਥਈ ਚੁਣਨ ਵੇਲੇ ਆਪਣੇ ਹੀ ਸਮਾਜਿਕ ਵਰਗ ਜਾਂ ਉਸ ਤੋਂ ਉੱਤੇ ਦੇ ਪੁਰਸ਼ ਨੂੰ ਚੁਣਦੀਆਂ ਹਨ।

ਰੌਬਿਨ ਹੈਡਲੇ ਆਪਣੇ ਤੀਹਵਿਆਂ ਵਿੱਚ ਟੁੱਟੇ ਹੋਏ ਕਹਿੰਦੇ ਹਨ, "ਮੈਂ ਖ਼ੁਦ ਨੂੰ ਇੱਕ ਅਜਿਹੇ ਰਿਸ਼ਤੇ ਵਿੱਚ ਦੇਖਿਆ ਜੋ ਬੌਧਿਕ ਅਤੇ ਆਤਮਵਿਸ਼ਵਾਸ਼ ਦੇ ਮਾਮਲੇ ਵਿੱਚ ਮੇਰੇ ਤੋਂ ਪਰੇ ਸੀ।"

"ਮੈਨੂੰ ਲੱਗਦਾ ਸੀ ਕਿ ਸੋਚ ʼਤੇ ਚੋਣ ਦਾ ਪ੍ਰਭਾਵ ਇੱਕ ਕਾਰਕ ਹੋ ਸਕਦਾ ਹੈ।"

ਜਦੋਂ ਉਹ ਕਰੀਬ 40 ਸਾਲਾ ਦੇ ਸਨ, ਉਨ੍ਹਾਂ ਦਾ ਮੁਲਾਕਾਤ ਆਪਣੀ ਵਰਤਮਾਨ ਪਤਨੀ ਨਾਲ ਹੋਈ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਜਾਣ ਅਤੇ ਪੀਐੱਚਡੀ ਕਰਨ ਵਿੱਚ ਸਹਾਇਤਾ ਕੀਤੀ।

ਰੌਬਿਨ ਕਹਿੰਦੇ ਹਨ, "ਜੇਕਰ ਇਹ ਮੇਰੀ ਪਤਨੀ ਲਈ ਨਹੀਂ ਹੁੰਦਾ ਤਾਂ ਮੈਂ ਉੱਥੇ ਨਹੀਂ ਹੁੰਦਾ ਜਿੱਥੇ ਮੈਂ ਅੱਜ ਹਾਂ।"

ਰੌਬਿਨ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਚਾਲੀ ਸਾਲਾਂ ਦੇ ਸਨ ਜਦੋਂ ਉਨ੍ਹਾਂ ਬੱਚਾ ਪੈਦਾ ਕਰਨ ਬਾਰੇ ਫ਼ੈਸਲਾ ਕੀਤਾ। ਇਸ ਲਈ ਬੱਚਾ ਪੈਦਾ ਕਰਨ ਵਿੱਚ ਬਹੁਤ ਦੇਰ ਹੋ ਗਈ ਸੀ।

ਦੁਨੀਆਂ ਭਰ ਵਿੱਚ ਇਸ ਨਾਲ ਵੀ ਵਧੇਰੇ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੇ 70 ਫੀਸਦ ਦੇਸ਼ਾਂ ਵਿੱਚ ਸਿੱਖਿਆ ਦੇ ਮਾਮਲੇ ਵਿੱਚ ਔਰਤਾਂ ਪੁਰਸ਼ਾਂ ਤੋਂ ਅੱਗੇ ਹਨ। ਇਸ ਦਾ ਨਤੀਜਾ ਯੇਲ ਯੂਨੀਵਰਸਿਟੀ ਦੇ ਸਮਾਜਸ਼ਾਸਤਰੀ ਮਾਰਸੀਆ ਆਈਨਹੋਰਨ ਨੇ "ਸੰਭੋਗ ਅੰਤਰਾਲ" ਕਿਹਾ ਹੈ।

ਯਾਨਿ ਕਿ ਪੁਰਸ਼ ਅਤੇ ਔਰਤਾਂ ਦੇ ਇਕੱਠੇ ਆਉਣ, ਸਰੀਰਕ ਸਬੰਧ ਬਣਾਉਣ ਜਾਂ ਪਾਰਟਨਰ ਬਣਾਉਣ ʼਤੇ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ।

ਕਿਉਂਕਿ ਚੰਗੀਆਂ ਪੜ੍ਹੀਆਂ-ਲਿਖੀਆਂ ਜਾਂ ਉੱਚ ਸਿੱਖਿਅਤ ਔਰਤਾਂ ਬਰਾਬਰ ਸਿੱਖਿਅਕ ਯੋਗਤਾ ਵਾਲੇ ਪੁਰਸ਼ਾਂ ਨੂੰ ਪਸੰਦ ਕਰਦੀਆਂ ਹਨ।

ਯੂਰਪ ਵਿੱਚ ਔਰਤਾਂ ਅਤੇ ਪੁਰਸ਼ਾਂ ਵਿਚਾਲੇ ਸਿੱਖਿਅਤ ਯੋਗਤਾ ਵਿੱਚ ਅੰਤਰ ਕਾਰਨ, ਉੱਚ ਸਿੱਖਿਆ ਜਾਂ ਯੂਨੀਵਰਸਿਟੀ ਦੀ ਡਿਗਰੀ ਦੇ ਬਿਨਾਂ ਪੁਰਸ਼ਾਂ ਦੇ ਬੇਔਲਾਦ ਰਹਿਣ ਦੀ ਵਧੇਰੇ ਸੰਭਾਵਨਾ ਹੈ।

ਇੱਕ ਅਦ੍ਰਿਸ਼ ਆਬਾਦੀ ਜਿਸ ʼਤੇ ਕਿਸੇ ਦਾ ਧਿਆਨ ਨਹੀਂ ਗਿਆ

ਵਧੇਰੇ ਦੇਸ਼ਾਂ ਵਿੱਚ ਪੁਰਸ਼ ਪ੍ਰਜਨਨ ਸਮਰੱਥਾ ʼਤੇ ਬਹੁਤੇ ਚੰਗੇ ਅੰਕੜੇ ਨਹੀਂ ਹਨ ਕਿਉਂਕਿ ਜਨਮ ਦਾ ਰਜਿਸਟ੍ਰੇਸ਼ਨ ਕਰਨ ਵੇਲੇ, ਉਹ ਕੇਵਲ ਦੇ ਪ੍ਰਜਨਨ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹਨ।

ਇਸ ਦਾ ਮਤਲਬ ਇਹ ਹੈ ਕਿ ਬੇਔਲਾਦ ਪੁਰਸ਼ ਇੱਤ ਮਾਨਤਾ ਪ੍ਰਾਪਤ "ਸ਼੍ਰੇਣੀ" ਵਜੋਂ ਮੌਜੂਦ ਨਹੀਂ ਹੈ। ਅੰਕੜੇ ਤਿਆਰ ਕਰਨ ਵੇਲੇ ਅਜਿਹੇ ਲੋਕਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ।

ਹਾਲਾਂਕਿ, ਕੁਝ ਨੌਰਡਿਕ ਦੇਸ਼ਾਂ (ਉੱਤਰੀ ਯੂਰਪ ਅਤੇ ਉੱਤਰੀ ਅਟਲਾਂਟਿਕ ਦੇਸ਼, ਜਿਵੇਂ ਕਿ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ, ਸਵੀਡਨ) ਵਿੱਚ ਮਾਂ ਅਤੇ ਪੁਰਸ਼ ਦੋਵਾਂ ਨੂੰ ਪ੍ਰਜਨਨ ਸਮਰੱਥਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਨਾਰਵੇ ਵਿੱਚ ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਅਮੀਰ ਅਤੇ ਗਰੀਬ ਪੁਰਸ਼ਾਂ ਵਿੱਚ ਬੱਚੇ ਪੈਦਾ ਕਰਨ ਵਿੱਚ ਵੱਡੀ ਅਸਮਾਨਤਾ ਨੂੰ ਦੇਖਦੇ ਹੋਏ ਕਈ ਪੁਰਸ਼ "ਪਿੱਛੇ ਰਹਿ ਗਏ" ਹਨ।

ਵਿੰਸੈਂਟ ਸਟ੍ਰਾਬ ਦਾ ਕਹਿਣਾ ਹੈ ਕਿ ਜਨਮ ਦਰ ਵਿੱਚ ਗਿਰਾਵਟ ਵਿੱਚ ਪੁਰਸ਼ਾਂ ਦੀ ਭੂਮਿਕਾ ਨੂੰ ਮੌਕਾ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਪੁਰਸ਼ਾਂ ਦੀ ਸਿਹਤ ਅਤੇ ਪ੍ਰਜਣਨ ਸਮਰੱਥਾ ਦਾ ਅਧਿਐਨ ਕਰਦੇ ਹਨ।

ਉਨ੍ਹਾਂ ਨੇ ਕਿਹਾਕਿ ਇਹ ਜਾਨਣ ਵਿੱਚ ਦਿਲਚਸਪੀ ਹੈ ਕਿ ਆਬਾਦੀ ਦਰ ਵਿੱਚ ਗਿਰਾਵਟ ਵਿੱਚ "ਪੁਰਸ਼ਾਂ ਵਿੱਚ ਸਿਹਤਯਾਬੀ ਨਾ ਹੋਣ ਅਤੇ ਖ਼ਰਾਬ ਸਿਹਤ" ਨੇ ਕਿੰਨੀ ਭੂਮਿਕਾ ਨਿਭਾਈ ਹੈ।

ਮਰਦਾਂ ਵਿੱਚ ਬੇਚੈਨੀ ਸਮਾਜ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜ ਵਿੱਚ ਮਰਦਾਨਗੀ ਅਤੇ ਮਰਦਾਨਗੀ ਦੀਆਂ ਬਦਲਦੀਆਂ ਉਮੀਦਾਂ ਕਾਰਨ ਨੌਜਵਾਨਾਂ ਵਿੱਚ ਉਲਝਣ ਨੂੰ ਦਰਸਾਉਂਦੀ ਹੈ।

ਇਸ ਨੂੰ "ਮਰਦਾਨਗੀ ਸੰਕਟ" ਵੀ ਕਿਹਾ ਜਾਂਦਾ ਹੈ ਅਤੇ ਐਂਡਰਿਊ ਟੈਟ ਵਰਗੇ ਸੱਜੇ-ਪੱਖੀ ਨਾਰੀ-ਵਿਰੋਧੀ ਲੋਕਾਂ ਦੀ ਲੋਕਪ੍ਰਿਅਤਾ ਇਸ ਦਾ ਪ੍ਰਤੀਕ ਹੈ।

ਸਟ੍ਰਾਬ ਨੇ ਬੀਬੀਸੀ ਨੂੰ ਦੱਸਿਆ, "ਘੱਟ ਪੜ੍ਹੇ-ਲਿਖੇ ਲੋਕ ਅੱਜ ਕੁਝ ਦਹਾਕੇ ਪਹਿਲਾਂ ਨਾਲੋਂ ਬਦਤਰ ਹਨ।"

ਕਈ ਅਮੀਰ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ, ਤਕਨਾਲੋਜੀ ਵਿੱਚ ਤਰੱਕੀ ਨੇ ਮਨੁੱਖੀ ਕਿਰਤ ਜਾਂ ਹੱਥੀਂ ਕੰਮ ਕਰਨ ਦੀ ਕੀਮਤ ਨੂੰ ਘਟਾ ਦਿੱਤਾ ਹੈ। ਤਕਨਾਲੋਜੀ ਦੇ ਕਾਰਨ, ਆਟੋਮੇਸ਼ਨ ਜਾਂ ਮਸ਼ੀਨੀਕਰਨ ਹਰ ਪਾਸੇ ਹੈ।

ਇਸ ਦੇ ਨਤੀਜੇ ਵਜੋਂ ਮੈਨੂਅਲ ਨੌਕਰੀਆਂ ਜਾਂ ਨੌਕਰੀਆਂ ਘੱਟ ਹੋ ਰਹੀਆਂ ਹਨ ਅਤੇ ਵਧੇਰੇ ਅਸੁਰੱਖਿਅਤ ਹੋ ਗਈ ਹੈ।

ਇਸ ਵਿੱਚ ਲੋਕਾਂ ਦੇ ਵਿਚਾਲੇ ਅੰਤਰ ਵਧ ਜਾਂਦਾ ਹੈ, ਜਿਨ੍ਹਾਂ ਨੇ ਯੂਨੀਵਰਸਿਟੀ ਦੀ ਡਿਗਰੀ ਹਾਸਿਲ ਕੀਤੀ ਹੈ ਅਤੇ ਜਿਨ੍ਹਾਂ ਨੇ ਨਹੀਂ ਹਾਸਿਲ ਕੀਤੀ ਹੈ।

ਇਸ ਨਾਲ ਪੁਰਸ਼ਾਂ ਅਤੇ ਔਰਤਾਂ ਵਿੱਚ "ਸੰਭੋਗ ਅੰਤਰ" ਵੀ ਵਧ ਗਿਆ ਹੈ। ਇਸ ਨਾਲ ਪੁਰਸ਼ਾਂ ਦੀ ਸਹਿਤ ʼਤੇ ਕਾਫੀ ਅਸਰ ਪੈਂਦਾ ਹੈ।

ਸਟ੍ਰਾਬ ਕਹਿੰਦੇ ਹਨ, "ਵੈਸ਼ਵਿਕ ਪੱਧਰ ʼਤੇ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੀ ਵਰਤੋਂ ਵਧ ਰਹੀ ਹੈ।"

ਇਹ ਉਮਰ ਦਾ ਉਹ ਪੜਾਅ ਹੁੰਦਾ ਹੈ, ਜਦੋਂ ਪੁਰਸ਼ ਸਭ ਤੋਂ ਵੱਧ ਉਪਜਾਊ ਅਤੇ ਜਵਾਨ ਹੁੰਦੇ ਹਨ। ਇਹ ਹਰ ਥਾਂ ਹੈ। ਭਾਵੇਂ ਅਫਰੀਕਾ ਹੋਵੇ, ਦੱਖਣੀ ਅਮਰੀਕਾ ਹੋਵੇ ਜਾਂ ਉੱਤਰੀ ਅਮਰੀਕਾ।

ਸਟ੍ਰਾਬ ਆਖਦੇ ਹਨ, "ਇਨ੍ਹਾਂ ਸਾਰਿਆਂ ਦੀ ਸਮਾਜਿਕ ਅਤੇ ਜੈਵਿਕ ਪ੍ਰਜਣਨ ਸਮਰੱਥਾ ʼਤੇ ਨਕਾਰਾਤਮਤ ਅਸਰ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਪ੍ਰਕਾਰ ਦੇ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਅਤੇ ਉਪਜਾਊ ਸ਼ਕਤੀ ਵਿਚਕਾਰ ਸਬੰਧ ਨੂੰ ਅਸਲ ਵਿੱਚ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।"

ਇਸ ਨਾਲ ਮਰਦਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬੁਨਿਆਦੀ ਪ੍ਰਭਾਵ ਪੈ ਸਕਦਾ ਹੈ। ਸਟ੍ਰਾਬ ਕਹਿੰਦੇ ਹਨ, "ਇਕੱਲੇ ਮਰਦਾਂ ਦੀ ਸਿਹਤ ਵਿਆਹੇ ਜਾਂ ਪਾਰਟਨਰ ਮਰਦਾਂ ਨਾਲੋਂ ਖ਼ਰਾਬ ਹੁੰਦੀ ਹੈ।"

ਇਸ ਬਾਰੇ ਕੀ ਕੀਤਾ ਜਾ ਸਕਦਾ ਹੈ

ਸਟ੍ਰਾਬ ਅਤੇ ਹੈਡਲੇ ਨੇ ਦੇਖਿਆ ਹੈ ਕਿ ਪ੍ਰਜਣਨ ਸੰਚਾਰ ਵਿਸ਼ੇਸ਼ ਤੌਰ ʼਤੇ ਔਰਤਾਂ ʼਤੇ ਕੇਂਦਰਿਤ ਸੀ। ਇਸ ਦੇ ਨਾਲ ਹੀ ਜਨਮ ਦਰ ਜਾਂ ਪ੍ਰਜਣਨ ਸਮਰੱਥਾ ਨਾਲ ਜੁੜੇ ਮੁੱਦਿਆਂ ਨਾਲ ਨਜਿੱਠਣ ਲਈ ਬਣਾਈਆਂ ਗਈਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਸਮਾਜ ਨੂੰ ਪ੍ਰਤੀਬਿੰਬਤ ਨਹੀਂ ਕਰਦੀਆਂ ਹਨ।

ਕਿਉਂਕਿ ਇਹ ਨੀਤੀਆਂ ਕੇਵਲ ਔਰਤਾਂ ʼਤੇ ਵਿਚਾਰ ਕਰਦੀਆਂ ਹਨ, ਇਹ ਅਧੂਰੀ ਹੈ। ਉਨ੍ਹਾਂ ਪੁਰਸ਼ਾਂ ਨਹੀਂ ਸੋਚਿਆ ਜਾਂਦਾ।

ਸਟ੍ਰਾਬ ਦਾ ਮੰਨਣਾ ਹੈ ਕਿ ਅਸੀਂ ਪੁਰਸ਼ਾਂ ਦੇ ਸਿਹਤ ਮੁੱਦੇ ਦੇ ਰੂਪ ਵਿੱਚ ਪ੍ਰਜਨਨ ਸਮਰੱਥਾ ਦੇ ਮੁੱਦੇ ʼਤੇ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਵਿੱਚ ਸਾਨੂੰ ਪਿਤਾ ਦੀ ਦੇਖਭਾਲ ʼਤੇ ਵੀ ਚਰਚਾ ਕਰਨੀ ਚਾਹੀਦੀ ਹੈ।

ਉਹ ਆਖਦੇ ਹਨ, "ਯੂਰਪ ਵਿੱਚ 100 ਵਿੱਚੋਂ ਕੇਵਲ ਇੱਕ ਪੁਰਸ਼ ਆਪਣੇ ਬੱਚੇ ਦੀ ਦੇਖਭਾਲ ਲਈ ਕਰੀਅਰ ਬ੍ਰੇਕ ਲੈਂਦਾ ਹੈ ਜਾਂ ਛੁੱਟੀ ਲੈਂਦਾ ਹੈ।

ਇਸਦੇ ਉਲਟ, ਤਿੰਨਾਂ ਵਿੱਚੋਂ ਇੱਕ ਔਰਤ ਬੱਚੇ ਦੀ ਦੇਖਭਆਲ ਲਈ ਕਰੀਅਰ ਬ੍ਰੇਕ ਲੈਂਦੀ ਹੈ।"

ਇਹ ਇਸ ਗੱਲ ਦੇ ਵਧਦੇ ਸਬੂਤਾਂ ਦੇ ਬਾਵਜੂਦ ਹੈ ਕਿ ਪਾਲਣ-ਪੋਸ਼ਣ ਪੁਰਸ਼ਾਂ ਦੇ ਸਿਹਤ ਲਈ ਚੰਗਾ ਹੈ।

ਆਪਣੇ ਸੰਗਠਨ, ਨਿਯੁੰਕਾ ਮੈਡ੍ਰੇਸ ਰਾਹੀਂ, ਇਸਾਬੇਲ ਨੇ ਮੈਕਸੀਕੋ ਵਿੱਚ ਇੱਕ ਵੱਡੇ ਕੌਮਾਂਤਰੀ ਬੈਂਕ ਦੇ ਕੁਝ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।

ਨੁਮਾਇੰਦਿਆਂ ਨੇ ਇਸਾਬੇਲ ਨੂੰ ਦੱਸਿਆ ਕਿ ਪਿਤਾ ਨੂੰ ਛੇ ਮਹੀਨੇ ਦੀ ਪੈਟਰਨਿਟੀ ਛੁੱਟੀ ਦੇਣ ਦੀ ਪੇਸ਼ਕਸ਼ ਤੋਂ ਬਾਅਦ ਵੀ, ਉਨ੍ਹਾਂ ਵਿੱਚੋਂ ਕਿਸੇ ਵੀ ਇਸ ਨੂੰ ਨਹੀਂ ਲਿਆ।

ਉਨ੍ਹਾਂ ਨੇ ਕਿਹਾ, "ਲਾਤੀਨੀ ਅਮਰੀਕਾ ਪੁਰਸ਼ ਸੋਚਦੇ ਹਨ ਕਿ ਬੱਚਿਆਂ ਦੀ ਦੇਖਭਾਲ ਔਰਤਾਂ ਦਾ ਕੰਮ ਹੈ।"

ਰੌਬਿਨ ਹੈਡਲੇ ਕਹਿੰਦੇ ਹਨ, "ਸਾਨੂੰ ਬਿਹਤਰ ਡੇਟਾ ਦੀ ਲੋੜ ਹੈ।

ਜਦੋਂ ਤੱਕ ਅਸੀਂ ਮਰਦਾਂ ਦੀ ਉਪਜਾਊ ਸ਼ਕਤੀ ਨੂੰ ਰਿਕਾਰਡ ਨਹੀਂ ਕਰਦੇ, ਸਾਨੂੰ ਇਸ ਵਿਸ਼ੇ ਜਾਂ ਮਰਦਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਇਸ ਦੇ ਪ੍ਰਭਾਵ ਦੀ ਪੂਰੀ ਸਮਝ ਨਹੀਂ ਹੋਵੇਗੀ।

ਜਣਨ ਸਬੰਧੀ ਬਹਿਸ ਵਿੱਚ ਪੁਰਸ਼ਾਂ ਦੀ ਗ਼ੈਰ-ਹਾਜ਼ਰੀ ਰਿਕਾਰਡ ਤੋਂ ਪਰੇ ਹੈ। ਇਸ ਗੱਲ ʼਤੇ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਜਣਨ ਸ਼ਕਤੀ ਕਿਵੇਂ ਘਟਦੀ ਹੈ, ਹਾਲਾਂਕਿ ਨੌਜਵਾਨ ਔਰਤਾਂ ਵਿੱਚ ਇਸ ਮੁੱਦੇ ਬਾਰੇ ਜਾਗਰੂਕਤਾ ਵਧ ਰਹੀ ਹੈ, ਨੌਜਵਾਨ ਪੁਰਸ਼ਾਂ ਵਿੱਚ ਇਸ ਬਾਰੇ ਕੋਈ ਗੱਲਬਾਤ ਜਾਂ ਜਾਗਰੂਕਤਾ ਨਹੀਂ ਹੈ।

ਹੈਡਲੇ ਕਹਿੰਦੇ ਹਨ, "ਔਰਤਾਂ ਵਾਂਗ ਮਰਦਾਂ ਕੋਲ ਵੀ ਜੈਵਿਕ ਘੜੀ ਹੁੰਦੀ ਹੈ। ਇਹ ਕਹਿੰਦਿਆਂ ਉਨ੍ਹਾਂ ਖੋਜ ਵੱਲ ਇਸ਼ਾਰਾ ਕੀਤਾ ਜਿਸ ਤੋਂ ਪਤਾ ਚੱਲਦਾ ਹੈ ਕਿ ਪੁਰਸ਼ਾਂ ਵਿੱਚ 35 ਸਾਲ ਦੀ ਉਮਰ ਤੋਂ ਬਾਅਦ ਸ਼ੁਕਰਾਣੂਆਂ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ।"

ਜਣਨ ਸਮੱਸਿਆਵਾਂ ਦਾ ਅਨੁਭਵ ਕਰ ਰਹੇ ਪੁਰਸ਼ਾਂ ਦੇ ਇਸ ਸਮੂਹ ਨੂੰ ਸੰਬੋਧਿਤ ਕਰਨਾ ਸਮਾਜਿਕ ਬਾਂਝਪਨ ਨਾਲ ਨਜਿੱਠਣ ਦਾ ਇੱਕ ਤਰੀਕਾ ਹੈ। ਦੂਜਾ ਤਰੀਕਾ ਪਿਤਰਤਾ ਦੀ ਪਰਿਭਾਸ਼ਾ ਨੂੰ ਵਿਆਪਕ ਬਣਾਉਣਾ ਹੈ।

ਬੇਔਲਾਦ ਜਾਂ ਬੇਔਲਾਦ ਹੋਣ ਦੇ ਮੁੱਦੇ 'ਤੇ ਟਿੱਪਣੀ ਕਰਨ ਵਾਲੇ ਸਾਰੇ ਖੋਜਕਾਰਾਂ ਨੇ ਇੱਕ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਬੇਔਲਾਦ ਵੀ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅੰਨਾ ਰੋਟਕਿਰਚ ਦੱਸਦੀ ਹੈ ਕਿ ਇਹ ਸੰਕਲਪ ਉਹ ਹੈ ਜਿਸ ਨੂੰ ਵਿਵਹਾਰਕ ਵਾਤਾਵਰਣ ਵਿਗਿਆਨੀ ਐਲੋਪੈਰੇਂਟਿੰਗ ਕਹਿੰਦੇ ਹਨ।

ਜ਼ਿਆਦਾਤਰ ਮਨੁੱਖੀ ਵਿਕਾਸ ਦੇ ਦੌਰਾਨ, ਇੱਕ ਬੱਚੇ ਨੂੰ ਨੇੜਲੇ ਦੇ ਇੱਕ ਦਰਜਨ ਲੋਕਾਂ ਦੁਆਰਾ ਪਾਲਿਆ ਜਾਂਦਾ ਹੈ।

ਖੋਜ ਕਰਨ ਵੇਲੇ ਡਾ. ਹੈਡਲੇ ਨੇ ਕਈ ਬੇਔਲਾਦ ਪੁਰਸ਼ਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਵਿੱਚੋਂ ਇੱਕ ਨੇ ਅਜਿਹੇ ਪਰਿਵਾਰ ਬਾਰੇ ਗੱਲ ਕੀਤੀ ਜੋ ਇੱਕ ਸਥਾਨਕ ਫੁੱਟਬਾਲ ਕਲੱਬ ਵਿੱਚ ਨਿਯਮਿਤ ਤੌਰ ʼਤੇ ਮਿਲਦੇ ਸਨ।

ਦੋ ਮੁੰਡਿਆਂ ਨੂੰ ਇੱਕ ਸਕੂਲ ਪ੍ਰੋਜੈਕਟ ਲਈ ਦਾਦਾ-ਦਾਦੀ ਦੀ ਲੋੜ ਸੀ। ਪਰ ਦੋਵਾਂ ਵਿੱਚੋਂ ਕਿਸੇ ਦੇ ਦਾਦਾ-ਦਾਦੀ ਨਹੀਂ ਸਨ।

ਉਸ ਵੇਲੇ ਆਦਮੀ ਮੁੰਡਿਆਂ ਲਈ ਸੈਰੋਗੇਟ ਦਾਦਾ ਬਣ ਗਿਆ ਅਤੇ ਸਾਲਾਂ ਬਾਅਦ ਜਦੋਂ ਮੁੰਡਿਆਂ ਨੇ ਉਸ ਨੂੰ ਫੁੱਟਬਾਲ ਕਲੱਬ ਵਿੱਚ ਦੇਖਿਆ ਤਾਂ ਕਿਹਾ, "ਹਾਏ ਦਾਦਾਜੀ।"

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਸੱਦੇ ਜਾਣ ਅਤੇ ਪਛਾਣੇ ਜਾਣ ʼਤੇ ਬਹੁਤ ਚੰਗਾ ਲੱਗਾ।

ਇਸ ਵਿੱਚ ਬੱਚੇ ਅਤੇ ਪਰਿਵਾਰ ਨੂੰ ਲੈ ਕੇ ਪੁਰਸ਼ਾਂ ਦੀ ਭਾਵਨਾਤਮਕ ਸਥਿਤੀ ਦਾ ਪਤ ਲੱਗਦਾ ਹੈ।

ਪ੍ਰੋਫੈਸਰ ਰੋਟਕਿਰਚ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਵਧੇਰੇ ਬੇਔਲਾਦ ਪੁਰਸ਼ ਇਸ ਪ੍ਰਕਾਰ ਦੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਗਤੀਵਿਧੀ ਸ਼ਾਮਲ ਹੈ। ਪਰ ਇਹ ਸਭ ਕੁਝ ਅਦ੍ਰਿਸ਼ ਹੈ।"

"ਇਹ ਚੀਜ਼ਾਂ ਜਨਮ ਰਜਿਸਟ੍ਰੇਸ਼ਨ, ਦਸਤਾਵੇਜ਼ਾਂ ਵਿੱਚ ਦਿਖਾਈ ਨਹੀਂ ਦਿੰਦਾ ਹੈ। ਪਰ ਅਸਲ ਵਿੱਚ ਅਹਿਮ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)