ਉਹ ਮਿਜ਼ਾਇਲ ਜੋ 24 ਹਜ਼ਾਰ ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਨਿਸ਼ਾਨੇ ਉੱਤੇ ਪਹੁੰਚ ਸਕਦੀ ਹੈ

    • ਲੇਖਕ, ਮਾਰਕ ਸ਼ੀਆ
    • ਰੋਲ, ਬੀਬੀਸੀ ਪੱਤਰਕਾਰ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਰੂਸ, ਯੂਕਰੇਨ ਨੂੰ ਹਥਿਆਰਾਂ ਦੇ ਟੈਸਟਿੰਗ ਮੈਦਾਨ ਵੱਜੋਂ ਵਰਤ ਰਿਹਾ ਹੈ।

ਜ਼ੇਲੇਂਸਕੀ ਨੇ ਵੀਰਵਾਰ ਸਵੇਰੇ ਪੂਰਬੀ ਸ਼ਹਿਰ ਨੀਪਰੋ 'ਤੇ ਹੋਏ ਇੱਕ ਹਮਲੇ ਬਾਰੇ ਗੱਲ ਕਰਦਿਆਂ ਕਿਹਾ, “ਇੱਥੇ ਹੋਏ ਹਮਲੇ ਵਿੱਚ ਵਰਤੇ ਗਏ ਹਥਿਆਰ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਗਤੀ, ਉਚਾਈ ਸਭ ਕੁਝ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਨਾਲ ਮੇਲ ਖਾਂਦੀਆਂ ਹਨ।”

ਰੂਸ ਨੇ ਹਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਈ ਪੱਛਮੀ ਅਧਿਕਾਰੀਆਂ ਨੇ ਇਹ ਖ਼ਦਸ਼ਾ ਜਤਾਇਆ ਹੈ ਕਿ ਇਹ ਮਿਜ਼ਾਈਲਾਂ ਅਸਲ ਵਿੱਚ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਸਨ।

ਪਰ ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੁਨੀਆ ਵਿੱਚ ਕਿਤੇ ਵੀ ਕਿਸੇ ਜੰਗ ਵਿੱਚ ਆਮ ਤੌਰ 'ਤੇ ਆਈਸੀਬੀਐੱਮ ਵਜੋਂ ਜਾਣੇ ਜਾਂਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋਵੇ।

ਸਮਝਦੇ ਹਾਂ ਕਿ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਕੀ ਹਨ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਚਰਚਾ ਇੰਨੀ ਅਹਿਮ ਕਿਉਂ ਹੈ?

ਇੱਕ ਆਈਸੀਬੀਐੱਮ ਕੀ ਹੈ?

ਆਈਸੀਬੀਐੱਮ ਦਾ ਅਰਥ ਹੈ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ। ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਉਹ ਹਥਿਆਰ ਹਨ ਜੋ ਬਹੁਤ ਲੰਬੀ ਦੂਰੀ 'ਤੇ ਵਾਰਹੈੱਡ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਨ। ਵਾਰਹੈੱਡ ਉਹ ਸਮੱਗਰੀ ਹੈ ਜੋ ਕਿਸੇ ਕਿਸਮ ਦੇ ਧਮਾਕੇ ਲਈ ਕਿਸੇ ਮਿਜ਼ਾਈਲ ਜਾਂ ਰਾਕੇਟ ਜ਼ਰੀਏ ਇੱਕ ਤਾਂ ਤੋਂ ਦੂਜੀ ਥਾਂ ਪਹੁੰਚਾਈ ਜਾਂਦੀ ਹੈ।

ਹਰੇਕ ਮਿਜ਼ਾਈਲ ਵਿੱਚ ਕਈ ਵਾਰਹੈੱਡ ਹੋ ਸਕਦੇ ਹਨ ਜਿਨ੍ਹਾਂ ਨੂੰ ਸੁਤੰਤਰ ਤੌਰ 'ਤੇ ਗਾਈਡ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਵੱਖ-ਵੱਖ ਟੀਚਿਆਂ 'ਤੇ ਹਮਲਾ ਕੀਤਾ ਜਾ ਸਕਦਾ ਹੈ।

ਯੂਐੱਸਐੱਸਆਰ ਅਗਸਤ 1957 ਵਿੱਚ ਆਈਸੀਬੀਐੱਮ ਦਾ ਟੈਸਟ ਕਰਨ ਵਾਲਾ ਪਹਿਲਾ ਦੇਸ਼ ਸੀ, ਪਰ ਹੁਣ, ਰੂਸ ਤੋਂ ਇਲਾਵਾ, ਅਮਰੀਕਾ ਅਤੇ ਚੀਨ ਕੋਲ ਮਿਜ਼ਾਈਲਾਂ ਸਣੇ ਜ਼ਮੀਨੀ ਹਥਿਆਰਾਂ ਦੇ ਵੱਡੇ ਭੰਡਾਰ ਹਨ।

ਜਦੋਂ ਕਿ ਯੂਕੇ, ਫਰਾਂਸ, ਭਾਰਤ, ਇਜ਼ਰਾਈਲ ਅਤੇ ਉੱਤਰੀ ਕੋਰੀਆ ਕੋਲ ਘੱਟ ਸੰਖਿਆਵਾਂ ਜਾਂ ਪਣਡੁੱਬੀਆਂ ਵੱਲੋਂ ਲਾਂਚ ਕੀਤੇ ਜਾਂਦੇ ਅਜਿਹੇ ਹੀ ਗੁਣਾਂ ਵਾਲੇ ਹਥਿਆਰ ਹਨ।

ਆਈਸੀਬੀਐੱਮ ਦੀ ਰੇਂਜ ਅਤੇ ਗਤੀ ਹੋਰ ਬੈਲਿਸਟਿਕ ਮਿਜ਼ਾਈਲਾਂ ਨਾਲੋਂ ਵੱਧ ਹੈ, ਜੋ ਵੱਡੀ ਮਾਤਰਾ ਵਿੱਚ ਪੇਲੋਡ ਯਾਨੀ ਆਪਰੇਸ਼ਨ ਲਈ ਲੋੜੀਂਦਾ ਬਰੂਦ ਨਾਲ ਲੈ ਜਾ ਸਕਦੀ ਹੈ।

ਆਈਸੀਬੀਐੱਮ ਕਿੰਨੀ ਦੂਰੀ ’ਤੇ ਮਾਰ ਕਰ ਸਕਦੀ ਹੈ?

ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੀ ਸਟੈਂਡਰਡ ਪਰਿਭਾਸ਼ਾ ਇਹ ਹੈ ਕਿ ਇਸਦੀ ਰੇਂਜ 5,500 ਕਿੱਲੋਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ, ਹਾਲਾਂਕਿ ਕੁਝ ਮਿਜ਼ਾਈਲਾਂ ਇਸ ਤੋਂ ਬਹੁਤ ਅੱਗੇ ਤੱਕ ਜਾ ਸਕਦੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਰੂਸ ਨੇ 21 ਨਵੰਬਰ ਨੂੰ ਜੋ ਮਿਜ਼ਾਈਲ ਲਾਂਚ ਕੀਤੀ, ਉਹ ਉਸ ਦੇ ਦੱਖਣੀ ਅਸਤ੍ਰਾਖਾਨ ਖਿੱਤੇ ਤੋਂ ਦਾਗੀ ਗਈ ਸੀ।

ਰੂਸੀ ਆਈਸੀਬੀਐੱਮ ਦੀ ਰੇਂਜ 10,000 ਕਿਲੋਮੀਟਰ ਤੋਂ ਵੱਧ ਹੋ ਸਕਦੀ ਹੈ, ਯਾਨੀ ਕਿ ਇਸ ਖੇਤਰ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਅਮਰੀਕਾ ਦੇ ਪੂਰਬੀ ਤੱਟ ਤੱਕ ਪਹੁੰਚ ਸਕਦੀਆਂ ਹਨ।

ਆਈਸੀਬੀਐੱਮ ਦੀ ਰਫ਼ਤਾਰ ਕਿੰਨੀ ਤੇਜ਼ ਹੈ?

ਕਿਆਸਰਾਈਆਂ ਹਨ ਕਿ ਰੂਸ ਨੇ ਨਿਪਰੋ 'ਤੇ ਹਮਲੇ 'ਚ ਆਰਐੱਸ -26 ਰੁਬੇਜ਼ ਮਿਜ਼ਾਈਲ ਦੀ ਵਰਤੋਂ ਕੀਤੀ ਸੀ।

ਇਨ੍ਹਾਂ ਮਿਜ਼ਾਈਲਾਂ ਦੀ ਰਫ਼ਤਾਰ 24,500 ਕਿੱਲੋਮੀਟਰ ਪ੍ਰਤੀ ਘੰਟਾ ਹੈ, ਜੋ ਕਿ ਤਕਰੀਬਨ 7 ਕਿੱਲੋਮੀਟਰ ਪ੍ਰਤੀ ਸੈਕਿੰਡ ਬਣਦੀ ਹੈ।

ਇਨ੍ਹਾਂ ਨੂੰ ਬੈਲਿਸਟਿਕ ਮਿਜ਼ਾਈਲਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਰਾਕੇਟ ਵੱਲੋਂ ਸੰਚਾਲਿਤ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਟੀਚੇ ਵੱਲ ਅਣ-ਪਾਵਰਡ ਉਤਰਨ ਤੋਂ ਪਹਿਲਾਂ, ਵਾਯੂਮੰਡਲ ਵਿੱਚ ਉੱਚੇ ਟ੍ਰੈਜੈਕਟਰੀ ਵਿੱਚ ਲੈ ਜਾਂਦਾ ਹੈ।

ਇਹ ਟ੍ਰੈਜੈਕਟਰੀ ਉਨ੍ਹਾਂ ਦੀ ਗਤੀ ਪ੍ਰਦਾਨ ਕਰਦੀ ਹੈ। ਇਸ ਰਫ਼ਤਾਰ ਅਤੇ ਉੱਚ ਟ੍ਰੈਜੈਕਟਰੀ ਕਾਰਨ ਇਨ੍ਹਾਂ ਨੂੰ ਮੁਕਾਬਲਤਨ ਹੌਲੀ ਕਰੂਜ਼ ਮਿਜ਼ਾਈਲਾਂ ਨਾਲ ਰੋਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ।

ਕੀ ਆਈਸੀਬੀਐੱਮ ਪਰਮਾਣੂ ਮਿਜ਼ਾਈਲਾਂ ਹਨ?

ਆਈਸੀਬੀਐੱਮ ਪਰਮਾਣੂ ਜਾਂ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਸਕਦੇ ਹਨ।

ਇਸ ਗੱਲ ਦਾ ਕੋਈ ਤੱਥ ਨਹੀਂ ਮਿਲਿਆ ਕਿ ਰੂਸ ਵੱਲੋਂ ਲਾਂਚ ਕੀਤੀ ਗਈ ਮਿਜ਼ਾਈਲ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।

ਯੂਕਰੇਨ ਦੀ ਹਵਾਈ ਫ਼ੌਜ ਮੁਤਾਬਕ, ਇਹ ਹਥਿਆਰ ਬਗ਼ੈਰ ਕਿਸੇ ਮਿੱਥੇ ਨਿਸ਼ਾਨੇ ਨੂੰ ਪੂਰਾ ਕੀਤਿਆਂ ਨਸ਼ਟ ਹੋ ਗਿਆ ਹੈ। ਫ਼ੌਜ ਨੇ ਕਿਸੇ ਕਿਸਮ ਦੇ ਜਾਨ ਜਾਂ ਹੋਰ ਨੁਕਸਾਨ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਹੈ।

ਆਈਸੀਬੀਐੱਮ ਦੀ ਕੀਮਤ ਕਿੰਨੀ ਹੈ?

ਇਹ ਪਤਾ ਨਹੀਂ ਹੈ ਕਿ ਰੂਸ ਆਪਣੇ ਆਈਸੀਬੀਐੱਮ ਪ੍ਰੋਗਰਾਮ 'ਤੇ ਕਿੰਨਾ ਖ਼ਰਚ ਕਰਦਾ ਹੈ, ਪਰ ਸਾਨੂੰ ਇਹ ਜਾਣਕਾਰੀ ਜ਼ਰੂਰ ਹੈ ਕਿ ਅਮਰੀਕਾ ਇਸ ’ਤੇ ਕਿੰਨਾ ਖ਼ਰਚ ਕਰਦਾ ਹੈ।

ਪੈਂਟਾਗਨ ਨੇ 14 ਹਜ਼ਾਰ ਕਰੋੜ ਡਾਲਰ ਦੇ ਬਜਟ ਨਾਲ, ਜੁਲਾਈ ਵਿੱਚ ਆਪਣੇ ਨਵੀਨਤਮ ਸੈਂਟੀਨੇਲ ਆਈਸੀਬੀਐੱਮ ਪ੍ਰੋਗਰਾਮ ਨੂੰ ਹਰੀ ਝੰਡੀ ਦਿੱਤੀ।

ਦੱਸਿਆ ਜਾਂਦਾ ਹੈ ਕਿ ਇੱਕ ਸੈਂਟੀਨੇਲ ਆਈਸੀਬੀਐਓੱਮ ਦੀ ਲਾਗਤ 16.2 ਕਰੋੜ ਡਾਲਰ ਤੱਕ ਪਹੁੰਚ ਗਈ ਸੀ।

ਹਰ ਇੱਕ ਦੇਸ਼ ਲਈ ਇਹ ਹਥਿਆਰ ਬਹੁਤ ਮਹਿੰਗੇ ਪਏ ਹਨ।

ਮਾਸਕੋ ਵਿੱਚ ਹੋਣ ਵਾਲੇ ਮਈ ਦਿਵਸ ਸਮਾਗਮਾਂ ਵਿੱਚ ਤਕਰੀਬਨ ਹਰ ਵਾਰ ਰੂਸ ਆਪਣੇ ਯਾਰਸ ਮਿਜ਼ਾਈਲ ਲਾਂਚਰ ਵਰਗੇ ਆਈਸੀਬੀਐੱਮ ਹਥਿਆਰਾਂ ਨੂੰ ਪਰੇਡ ਦਾ ਹਿੱਸਾ ਬਣਾਉਂਦਾ ਹੈ।

ਜੇਕਰ ਪੁਸ਼ਟੀ ਹੋ ਜਾਂਦੀ ਹੈ ਕਿ ਰੂਸ ਨੇ ਹੁਣ ਇਹ ਮਿਜ਼ਾਈਲ ਕਿਉਂ ਲਾਂਚ ਕੀਤੇ ਤਾਂ?

ਯੂਕਰੇਨ ਵਿੱਚ ਜੰਗ ਲਗਾਤਾਰ ਭਖ਼ ਰਹੀ ਹੈ ਕਿਉਂਕਿ ਪੂਰੇ ਪੈਮਾਨੇ 'ਤੇ ਹੋਏ ਰੂਸੀ ਹਮਲੇ ਤੋਂ 1,000 ਦਿਨਾਂ ਤੋਂ ਵੱਧ ਸਮਾਂ ਲੰਘ ਚੁੱਕਿਆ ਹੈ ਪਰ ਜੰਗ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।

ਰੂਸ ਦੇ ਕੁਰਸਕ ਇਲਾਕੇ ਵਿੱਚ ਉੱਤਰ ਕੋਰੀਆਈ ਫ਼ੌਜਾਂ ਦੀ ਤਾਇਨਾਤੀ ਕੀਤੀ ਹੈ, ਜਿੱਥੇ ਯੂਕਰੇਨੀਅਨਾਂ ਨੇ ਅਗਸਤ 2024 ਵਿੱਚ ਇੱਕ ਘੁਸਪੈਠ ਵਿੱਚ 1,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।

ਇਸ ਤੋਂ ਬਾਅਦ ਇਸ ਖਿੱਤੇ ਵਿੱਚ ਜੰਗ ਦਾ ਪੱਧਰ ਹੋਰ ਵੱਧ ਗਿਆ ਸੀ।

ਸ਼ਾਇਦ ਇਸੇ ਦੇ ਨਤੀਜੇ ਵਜੋਂ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਹਿਲੀ ਵਾਰ ਰੂਸੀ ਇਲਾਕੇ ਦੇ ਅੰਦਰ ਐਟੈਕਮਸ ਮਿਜ਼ਾਈਲ ਪ੍ਰਣਾਲੀ ਦੀ ਵਰਤੋਂ ਨੂੰ ਅਧਿਕਾਰਤ ਕੀਤਾ ਅਤੇ ਬਰਤਾਨਵੀ ਜਾਂ ਫ੍ਰੈਂਚ ਸਟੋਰਮ ਸਕੈਲਪ ਮਿਜ਼ਾਈਲਾਂ ਨੂੰ ਵੀ ਹੁਣ ਰੂਸ ਦੇ ਅੰਦਰ ਨਿਸ਼ਾਨੇ 'ਤੇ ਦਾਗ਼ਿਆ ਗਿਆ ਹੈ।

ਰੂਸ ਨੇ ਕਿਹਾ ਹੈ ਕਿ ਜੇ ਯੂਕਰੇਨ ਇਸ ਦੇ ਅਧਿਕਾਰ ਖੇਤਰ 'ਤੇ ਹਮਲਾ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨਾ ਚੁਣਦਾ ਹੈ ਤਾਂ ਉਹ ਵੀ ਇਸ ਲਈ ਬਣਦੀ ‘ਉੱਚਿਤ ਜਵਾਬੀ ਕਾਰਵਾਈ’ ਕਰੇਗਾ।

ਜੰਗ ਵਿੱਚ ਇਹ ਵਿਸਥਾਰ ਉਸ ਸਮੇਂ ਹੋ ਰਿਹਾ ਹੈ ਜਦੋਂ ਰਾਸ਼ਟਰਪਤੀ ਚੁਣੇ ਗਏ ਡੌਨਲਡ ਟਰੰਪ ਵ੍ਹਾਈਟ ਹਾਊਸ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਨੇ 24 ਘੰਟਿਆਂ ਵਿੱਚ ਯੂਕਰੇਨ ਵਿੱਚ ਜੰਗ ਨੂੰ ਖ਼ਤਮ ਕਰਨ ਅਹਿਦ ਲਿਆ ਸੀ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)