ਰੂਸ ਯੂਕਰੇਨ ਜੰਗ ’ਚ ਡਰੋਨ ਤੇ ਹੋਰ ਕਿਹੜੇ ਨਵੇਂ ਤਰੀਕੇ ਵਰਤੇ ਗਏ, ਫ਼ੌਜੀ ਆਗੂਆਂ ਨੂੰ ਕੀ-ਕੀ ਸਬਕ ਮਿਲੇ

ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਜ਼ਮੀਨੀ ਹਮਲਾ ਕੀਤਾ ਸੀ। ਦੋਵੇਂ ਦੇਸ ਉਦੋਂ ਤੋਂ ਹੀ ਲੜਾਈ ਲੜ ਰਹੇ ਹਨ। ਇਸ ਲੜਾਈ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਸ ਵਿੱਚ ਹੋ ਰਹੀ ਡਰੋਨਾਂ ਦੀ ਹਥਿਆਰਾਂ ਵਜੋਂ ਵਰਤੋਂ ਹੈ।

ਪਿਛਲੇ ਦਿਨਾਂ ਦੌਰਾਨ ਦੋਵਾਂ ਦੇਸਾਂ ਨੇ ਇੱਕ ਦੂਜੇ ਦੇ ਖਿਲਾਫ਼ ਹੁਣ ਤੱਕ ਦੇ ਸਭ ਤੋਂ ਭਰਵੇਂ ਡਰੋਨ ਹਮਲੇ ਕੀਤੇ ਹਨ।

ਰਿਪੋਰਟਾਂ ਮੁਤਾਬਕ ਜਿੱਥੇ ਰੂਸ ਵੱਲ 80 ਡਰੋਨ ਭੇਜੇ, ਜਿਨ੍ਹਾਂ ਵਿੱਚੋਂ ਕੁਝ ਦਾ ਨਿਸ਼ਾਨਾ ਮਾਸਕੋ ਵੀ ਸੀ। ਜਦਕਿ ਰੂਸ ਨੇ 140 ਡਰੋਨ ਯੂਕਰੇਨ ਵਿੱਚ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਛੱਡੇ ਹਨ।

ਰੂਸ ਯੂਕਰੇਨ ਜੰਗ ਵਿੱਚ ਡਰੋਨ ਦੀ ਹਮਲਾਵਰ ਹਥਿਆਰਾਂ ਵਜੋਂ ਇੰਨੀ ਵਿਆਪਕ ਵਰਤੋਂ ਯੁੱਧ ਕਲਾ ਵਿੱਚ ਆ ਰਹੇ ਕ੍ਰਾਂਤੀਕਾਰੀ ਬਦਲਾ ਨੂੰ ਦਰਸਾਉਂਦੀ ਹੈ।

ਜੇ ਤੋਪਖ਼ਾਨੇ ਅਤੇ ਬਿਜਲ-ਯੁੱਧ-ਕਲਾ (ਇਲੈਕਟਰਾਨਿਕ ਵਾਰ ਫੇਅਰ) ਨਾਲ ਮਿਲਾ ਕੇ ਵਰਤੇ ਜਾਣ ਤਾਂ ਡਰੋਨ ਰੱਖਿਆਤਮਕ ਹਥਿਆਰਾਂ ਵਜੋਂ ਵੀ ਬੜੇ ਕਾਰਗਰ ਹਨ।

ਡਰੋਨ: ਜੰਗ ਦੇ ਮੈਦਾਨ ਦਾ ਉਕਾਬ

ਸਕਾਟਲੈਂਡ ਦੀ ਸੈਂਟ ਐਂਡਰਿਊਜ਼ ਯੂਨੀਵਰਸਿਟੀ ਵਿੱਚ ਵਾਰ ਸਟੱਡੀਜ਼ ਦੇ ਪ੍ਰੋਫੈਸਰ ਫਿਲਿਪਸ ਓ’ਬਰਾਇਨ ਮੁਤਾਬਕ ਡਰੋਨ ਯੂਕਰੇਨ ਜੰਗ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਬਣ ਗਏ ਹਨ ਅਤੇ ਲੜਾਈ ਦੇ ਤਰੀਕੇ ਉੱਤੇ ਬਹੁਤ ਜ਼ਿਆਦਾ ਅਸਰ ਪਾ ਰਹੇ ਹਨ।

ਉਨ੍ਹਾਂ ਨੇ ਜੰਗੇ ਮੈਦਾਨ ਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਬਣਾ ਦਿੱਤਾ ਹੈ।

ਉਹ ਕਹਿੰਦੇ ਹਨ ਕਿ ਨਿਗਾਹੀਏ ਡਰੋਨ ਦੁਸ਼ਮਣ ਫੌਜਾਂ ਉੱਤੇ ਨਿਗ੍ਹਾ ਰੱਖ ਕੇ ਹਮਲੇ ਦੀ ਤਿਆਰੀ ਵਿੱਚ ਸਹਾਈ ਹੋ ਸਕਦੇ ਹਨ।

ਇਹ ਕਿਸੇ ਨਿਸ਼ਾਨੇ ਨੂੰ ਦੇਖ ਕੇ ਉਸਦੀ ਸੂਚਨਾ ਪਿੱਛੇ ਆਪਣੇ ਕਮਾਂਡ ਸੈਂਟਰ ਨੂੰ ਭੇਜ ਸਕਦੇ ਹਨ, ਜੋ ਕਿ ਤੋਪਖ਼ਾਨੇ ਦੀ ਵਰਤੋਂ ਦੇ ਹੁਕਮ ਦੇ ਸਕਦਾ ਹੈ।

ਨਿਸ਼ਾਨੇ ਨੂੰ ਦੇਖਣ ਤੋਂ ਲੈ ਕੇ ਮਾਰਨ ਤੱਕ ਦੀ ਪ੍ਰਕਿਰਿਆ ਨੂੰ ਫੌਜੀ ਸ਼ਬਦਾਵਲੀ ਵਿੱਚ “ਕਿਲ ਚੇਨ” ਕਿਹਾ ਜਾਂਦਾ ਹੈ।

ਓ’ਬਰਾਇਨ ਕਹਿੰਦੇ ਹਨ, ਡਰੋਨਾਂ ਦੀ ਵਰਤੋਂ ਨੇ ਇਸ ਨੂੰ ਤੇਜ਼ ਕੀਤਾ ਹੈ।

“ਜਦੋਂ ਤੱਕ ਡੂੰਘਾ ਲੁਕਿਆ ਨਾ ਹੋਵੇ, ਸਭ ਕੁਝ ਨਜ਼ਰਾਂ ਵਿੱਚ ਹੈ। ਇਸਦਾ ਮਤਲਬ ਹੈ ਕਿ ਤੁਸੀਂ ਬਿਨਾਂ ਨਿਸ਼ਾਨਾ ਬਣੇ ਟੈਂਕ ਇੱਕਠੇ ਕਰਕੇ ਕਿਸੇ ਹਮਲੇ ਦੀ ਤਿਆਰੀ ਨਹੀਂ ਕਰ ਸਕਦੇ।”

ਹਮਲਾਵਰ ਡਰੋਨ ਹਮਲਾ ਕਰਨ ਲਈ ਤੋਪਖ਼ਾਨੇ ਦੇ ਸਹਿਯੋਗੀ ਵਜੋਂ ਵਰਤੇ ਜਾ ਰਹੇ ਹਨ। ਯੂਕਰੇਨ ਨੇ ਸਿਰਫ਼ ਡਰੋਨਾਂ ਰਾਹੀਂ ਰੂਸ ਦੇ ਚੜ੍ਹੇ ਆ ਰਹੇ ਟੈਂਕਾਂ ਨੂੰ ਠੱਲ੍ਹਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਜੰਗ ਦੀ ਸ਼ੁਰੂਆਤ ਵਿੱਚ ਯੂਕਰੇਨ ਨੇ ਫੌਜੀ ਵਰਤੋਂ ਲਈ ਬਣੇ ਤੁਰਕੀ ਦੇ ਟੀਬੀ-2 ਬੇਰਕਰਟਾਰ ਡਰੋਨ ਵਰਤੇ ਸਨ। ਜੋ ਬੰਬ ਸੁੱਟ ਸਕਦਾ ਹੈ ਅਤੇ ਮਿਜ਼ਾਈਲਾਂ ਦਾਗ ਸਕਦਾ ਹੈ।

ਹਾਲਾਂਕਿ ਸਮੇਂ ਦੇ ਨਾਲ ਦੋਵੇਂ ਧਿਰਾਂ ਕਮੀਕੇਜ਼ ਡਰੋਨ ਦੀ ਵਰਤੋਂ ਜ਼ਿਆਦਾ ਕਰਨ ਲੱਗੀਆਂ ਹਨ, ਜੋ ਕਿ ਮੁਕਾਬਲਤਨ ਸਸਤੇ ਵੀ ਹਨ।

ਕਮੀਕੇਜ਼ ਇਹ ਆਮ ਤੌਰ ਉੱਤੇ ਧਮਾਕੇਖੇਜ ਸਮੱਗਰੀ ਨਾਲ ਲੈਸ ਕਮਰਸ਼ੀਅਲ ਡਰੋਨ ਹੁੰਦੇ ਹਨ। ਇਨ੍ਹਾਂ ਨੂੰ ਕਈ ਕਿਲੋਮੀਟਰ ਦੂਰ ਤੋਂ ਚਲਾਇਆ ਜਾ ਸਕਦਾ ਹੈ ਅਤੇ ਹਮਲੇ ਤੋਂ ਪਹਿਲਾਂ ਨਿਸ਼ਾਨੇ ਉੱਤੇ ਮੰਡਰਾ ਕੇ ਉਸਦੀ ਨਿਗਰਾਨੀ ਕਰ ਸਕਦੇ ਹਨ।

ਰੂਸ ਨੇ ਹਜ਼ਾਰਾਂ ਕਮੀਕੇਜ਼ ਡਰੋਨ ਵਰਤੇ ਹਨ। ਮਿਸਾਲ ਵਜੋਂ- ਈਰਾਨੀ ਸ਼ਾਹਿਦ-136 ਡਰੋਨ ਜਿਸਦੀ ਵਰਤੋਂ ਰੂਸ ਨੇ ਯੂਕਰੇਨ ਦੇ ਨਾਗਿਰਿਕ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ।

ਰੂਸ ਅਕਸਰ ਡਰੋਨ ਦੀ ਵਰਤੋਂ ਟਿੱਡੀ ਦਲ ਦੇ ਰੂਪ ਵਿੱਚ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਗੁੰਮਰਾਹ ਕਰਨ ਲਈ ਕਰਦਾ ਹੈ।

ਤੋਪਖਾਨਾ: ‘ਪਾਣੀ ਵਾਂਗ’ ਵਰਤਿਆ ਜਾਣ ਵਾਲਾ ਹਥਿਆਰ

ਯੂਕਰੇਨ ਜੰਗ ਸਭ ਤੋਂ ਜ਼ਿਆਦਾ ਵਰਤੋਂ ਤੋਪਖ਼ਾਨੇ ਦੀ ਕੀਤੀ ਗਈ ਹੈ।

ਰੌਇਲ ਯੂਨਾਈਟਿਡ ਸਰਵਸਿਜ਼ ਇੰਸਟੀਚਿਊਟ (ਰੂਸੀ) ਬ੍ਰਿਟੇਨ ਅਧਾਰਿਤ ਇੱਕ ਥਿੰਕ ਟੈਂਕ ਹੈ।

ਇੰਸਟੀਚਿਊਟ ਮੁਤਾਬਕ ਰੂਸ ਹਰ ਰੋਜ਼ 10,000 ਸ਼ੈਲ ਅਤੇ ਯੂਕਰੇਨ 2,000 ਤੋਂ 2,500 ਸ਼ੈਲ ਰੋਜ਼ਾਨਾ ਦਾਗਦਾ ਰਿਹਾ ਹੈ।

ਤੋਪਖ਼ਾਨੇ ਦੀ ਵਰਤੋਂ ਦੁਸ਼ਮਣ ਫੌਜਾਂ ਦੀ ਗਤੀਵਿਧੀ ਉੱਤੇ ਨਿਗਰਾਨੀ ਰੱਖਣ ਅਤੇ ਬਖ਼ਤਰ ਬੰਦ ਵਾਹਨਾਂ, ਰੱਖਿਆ ਅਤੇ ਕਮਾਂਡ ਚੌਂਕੀਆਂ ਅਤੇ ਪੂਰਤੀ ਡਿੱਪੂਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰਨ ਲਈ ਲਗਾਤਾਰ ਕੀਤੀ ਜਾਂਦੀ ਹੈ।

ਬੀਬੀਸੀ ਦੇ ਤੋਪਖ਼ਾਨੇ ਅਤੇ ਫੌਜੀ ਮਾਹਰ ਕੋਲੋਨਲ ਪੈਟਰੋ ਪਾਇਟਾਕੋਵ ਮੁਤਾਬਕ, ‘ਜੰਗ ਦੇ ਦੌਰਾਨ ਅਸਲਾ ਲੋਕਾਂ ਲਈ ਉਸ ਪਾਣੀ ਵਾਂਗ ਹੈ ਜੋ ਲੋਕਾਂ ਨੂੰ ਹੌਲੀ-ਹੌਲੀ ਪੀਣਾ ਪੈਂਦਾ ਹੈ ਜਾਂ ਕਾਰਾਂ ਲਈ ਈਂਧਨ ਵਾਂਗ ਹੁੰਦਾ ਹੈ।'

ਦੋਵਾਂ ਦੇਸਾਂ ਨੇ ਲੱਖਾਂ ਵਿਦੇਸ਼ੀ ਗੋਲੇ ਇੱਕ ਦੂਜੇ ਵੱਲ ਦਾਗੇ ਹਨ। ਅਮਰੀਕਾ ਅਤੇ ਯੂਰਪੀ ਦੇਸ ਯੂਕਰੇਨ ਨੂੰ ਗੋਲਾ-ਬਾਰੂਦ ਦੇ ਰਹੇ ਹਨ ਤਾਂ ਰੂਸ ਉੱਤਰੀ ਕੋਰੀਆ ਤੋਂ ਆਪਣੀਆਂ ਅਸਲੇ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ।

ਯੂਕੇ ਦੀ ਰੱਖਿਆ ਵਿਸ਼ਲੇਸ਼ਕ ਫਰਮ ਸਿਬੀਲਾਈਨ ਦੇ ਮੁੱਖ ਕਾਰਜਕਾਰੀ ਜਸਟਿਨ ਕਰੰਪ ਮੁਤਾਬਕ, ਜਿਵੇਂ ਪੱਛਮੀ ਦੇਸਾਂ ਨੂੰ ਯੂਕਰੇਨ ਦੀ ਹਥਿਆਰਾਂ ਦੀ ਲੋੜ ਪੂਰੀ ਕਰਨ ਵਿੱਚ ਮੁਸ਼ਕਿਲ ਆਈ ਹੈ ਉਸ ਤੋਂ ਉਨ੍ਹਾਂ ਦੇ ਹਥਿਆਰ ਉਦਯੋਗ ਦੀਆਂ ਕਮੀਆਂ ਵੀ ਉਜਾਗਰ ਹੋਈਆਂ ਹਨ।

ਉਹ ਕਹਿੰਦੇ ਹਨ,“ਪੱਛਮੀ ਰੱਖਿਆ ਕੰਪਨੀਆਂ ਪਹਿਲਾਂ ਦੇ ਮੁਕਾਬਲੇ ਬਹੁਤ ਥੋੜ੍ਹੀ ਮਾਤਰਾ ਵਿੱਚ ਉੱਚ ਸਟੀਕਤਾ ਵਾਲੇ ਹਥਿਆਰ ਬਣਾਉਂਦੀਆਂ ਹਨ। ਹਾਲਾਂਕਿ ਉਨ੍ਹਾਂ ਕੋਲ ਬੁਨਿਆਦੀ ਅਸਲਾ ਜਿਵੇਂ ਸ਼ੈਲ ਵੱਡੀ ਸੰਖਿਆ ਵਿੱਚ ਤਿਆਰ ਕਰਨ ਦੀ ਸਮਰਥਾ ਨਹੀਂ ਹੈ।”

ਰੂਸ ਅਤੇ ਯੂਕਰੇਨ ਵੱਡੀ ਮਾਤਰਾ ਵਿੱਚ ਉੱਚ ਸਟੀਕਤਾ ਵਾਲੇ ਅਸਲੇ ਵੀ ਚਲਾ ਰਹੇ ਹਨ। ਯੂਕਰੇਨ ਪੱਛਮ ਤੋਂ ਆਏ ਉਪ ਗ੍ਰਹਿ-ਨਿਰਦੇਸ਼ਿਤ ਐਕਸਕੈਲੀਬਰ ਅਤੇ ਰੂਸ ਆਪਣੇ ਲੇਜ਼ਰ-ਗਾਈਡਿਡ ਕਰਾਸਨੋਪੋਲ ਦਾਗਦਾ ਰਿਹਾ ਹੈ।

ਅਮਰੀਕਾ ਅਤੇ ਹੋਰ ਪੱਛਮੀ ਦੇਸਾਂ ਨੇ ਯੂਕਰੇਨ ਨੂੰ ਲੰਬੀ ਦੂਰੀ ਦੀਆਂ, ਉਪ ਗ੍ਰਹਿ -ਨਿਰਦੇਸ਼ਿਤ ਹਿਮਾਰਸ ਮਿਜ਼ਾਈਲਾਂ ਵੀ ਦਿੱਤੀਆਂ ਹਨ। ਜਿਨ੍ਹਾਂ ਸਦਕਾ ਯੂਕਰੇਨ ਫਰੰਟ ਲਾਈਨ ਤੋਂ ਪਿੱਛੇ ਰੂਸ ਦੇ ਅਸਲਾ ਡਿੱਪੂਆਂ ਨੂੰ ਨਿਸ਼ਾਨਾ ਬਣਾ ਸਕਿਆ ਹੈ।

ਗਲਾਈਡ ਬੰਬ: ਸੌਖੇ, ਤਬਾਹਕਾਰੀ ਪਰ ਮੁਕਾਬਲੇ ਵਿੱਚ ਮੁਸ਼ਕਿਲ

2023 ਦੀ ਸ਼ੁਰੂਆਤ ਤੋਂ ਹੀ ਰੂਸੀ ਫੌਜਾਂ ਨੇ ਯੂਕਰੇਨੀ ਮੋਰਚਿਆਂ, ਨਾਗਰਿਕ ਰਿਹਾਇਸ਼ੀ ਇਲਾਕਿਆਂ ਅਤੇ ਬੁਨਿਆਦੀ ਢਾਂਚੇ ਉੱਤੇ ਬੰਬਾਰੀ ਕਰਨ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਗਲਾਈਡ ਬੰਬਾਂ ਦੀ ਵਰਤੋਂ ਕੀਤੀ ਹੈ।

ਇਹ ਰਵਾਇਤੀ “ਫਰੀ ਫਾਲ” ਬੰਬ ਹੁੰਦੇ ਹਨ, ਇਹ ਬਾਹਰ ਨੂੰ ਖੁੱਲ੍ਹਣ ਵਾਲੇ ਖੰਭਾਂ ਤੋਂ ਇਲਾਵਾ ਉਪ ਗ੍ਰਹਿ ਨੈਵੀਗੇਸ਼ਨ ਪ੍ਰਣਾਲੀਆਂ ਨਾਲ ਲੈਸ ਹੁੰਦੇ ਹਨ।

ਰੂਸ ਗਲਾਈਡ ਬੰਬਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਦਾ ਹੈ। ਇਹ 200 ਕਿੱਲੋ ਤੋਂ 3000 ਕਿੱਲੋ ਜਾਂ ਇਸ ਤੋਂ ਵੀ ਭਾਰੇ ਹੋ ਸਕਦੇ ਹਨ।

ਰੂਸੀ ਵਿੱਚ ਹਵਾਈ ਯੁੱਧ ਕਲਾ ਦੇ ਮਾਹਰ ਪ੍ਰੋਫੈਸਰ ਜਸਟਿਨ ਬਰੌਂਕ ਮੁਤਾਬਕ, “ਗਲਾਈਡ ਬੰਬ ਮੋਰਚਿਆਂ ਅਤੇ ਇਮਾਰਤਾਂ ਨੂੰ ਤੋੜਨ ਵਿੱਚ ਕਾਫ਼ੀ ਕਾਰਗਰ ਰਹੇ ਹਨ।”

ਉਹ ਕਹਿੰਦੇ ਹਨ ਕਿ ਰੂਸ ਨੇ ਯੂਕਰੇਨ ਦੀ ਰੱਖਿਆ ਨੂੰ ਤਾਰ-ਤਾਰ ਕਰਨ ਲਈ ਅਤੇ ਫਰਵਰੀ 2024 ਵਿੱਚ ਪੂਰਬੀ ਯੂਕੇਰਨ ਵਿੱਚ ਕਬਜ਼ਾਏ ਜੰਗੀ ਪੈਂਤੜੇ ਤੋਂ ਅਹਿਮ ਅਡਿਵੀਕਾ ਕਸਬੇ ਦੇ ਆਸ-ਪਾਸ ਇਨ੍ਹਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ।

ਪ੍ਰੋਫੈਸਰ ਬਰੌਂਕ ਮੁਤਾਬਕ ਇੱਕ ਗਲਾਈਡ ਬੰਬ ਬਣਾਉਣ ਵਿੱਚ ਮਹਿਜ਼ 20,000 ਜਾਂ 30,000 ਡਾਲਰ ਦੀ ਲਾਗਤ ਆਉਂਦੀ ਹੈ। ਇਨ੍ਹਾਂ ਨੂੰ ਨਿਸ਼ਾਨੇ ਤੋਂ ਦਰਜਨਾਂ ਮੀਲ ਦੂਰੋਂ ਦਾਗਿਆ ਜਾ ਸਕਦਾ ਹੈ। ਇਨ੍ਹਾਂ ਨੂੰ ਅਤਿ-ਸਟੀਕ ਹਵਾਈ ਰੱਖਿਆ ਮਿਜ਼ਾਈਲਾਂ ਤੋਂ ਬਿਨਾਂ ਡੇਗਣਾ ਬਹੁਤ ਮੁਸ਼ਕਿਲ ਹੈ।

ਯੂਕਰੇਨ ਵੀ ਅਮਰੀਕਾ ਅਤੇ ਫਰਾਂਸ ਤੋਂ ਮਿਲੇ ਗਲਾਈਡ ਬੰਬਾਂ ਦੀ ਵਰਤੋਂ ਇੱਕ ਲੰਬੀ ਦੂਰੀ ਦੇ ਸੰਯੁਕਤ ਸਟੈਂਡ ਆਫ਼ ਹਥਿਆਰ ਵਜੋਂ ਕਰਦਾ ਹੈ। ਯੂਕਰੇਨ ਨੇ ਅਮਰੀਕਾ ਵਿੱਚ ਬਣੇ ਛੋਟੇ ਘੇਰੇ ਦੇ ਬੰਬਾਂ ਨੂੰ ਖੰਭ ਲਾ ਕੇ ਖ਼ੁਦ ਵੀ ਜੁਗਾੜੂ ਗਲਾਈਡ ਬੰਬ ਤਿਆਰ ਕੀਤੇ ਹਨ। ਇਹ ਜੁਗਾੜ ਬੰਬ 200 ਕਿੱਲੋ ਤੱਕ ਧਮਾਕੇ ਖੇਜ ਲਿਜਾ ਸਕਦੇ ਹਨ।

ਹਾਲਾਂਕਿ ਯੂਕਰੇਨ ਕੋਲ ਰੂਸ ਦੇ ਮੁਕਾਬਲੇ ਥੋੜ੍ਹੇ ਗਲਾਈਡ ਬੰਬ ਹਨ।

ਬਿਜਲ-ਯੁੱਧ-ਕਲਾ : ਮਹਿੰਗੇ ਹਥਿਆਰਾਂ ਦੀ ਸਸਤੀ ਕਾਟ

ਬਿਜਲ-ਯੁੱਧ-ਕਲਾ ਵੀ ਰੂਸ-ਯੂਕਰੇਨ ਜੰਗ ਵਿੱਚ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵਰਤੀ ਜਾ ਰਹੀ ਹੈ।

ਹਜ਼ਾਰਾਂ ਫੌਜੀ ਆਪਣੇ ਟਿਕਾਣਿਆਂ ਵਿੱਚ ਬੈਠੇ ਦੁਸ਼ਮਣ ਦੇ ਡਰੋਨਾਂ ਨੂੰ ਨਕਾਰਾ ਕਰਨ, ਉਨ੍ਹਾਂ ਦੇ ਸੰਚਾਰ ਤੰਤਰ ਨੂੰ ਤੋੜਨ ਅਤੇ ਮਿਜ਼ਾਈਲਾਂ ਨੂੰ ਨਿਸ਼ਾਨੇ ਤੋਂ ਭਟਕਾਉਣ ਦੀ ਅੰਤਹੀਣ ਮੁਸ਼ੱਕਤ ਵਿੱਚ ਲੱਗੇ ਹੋਏ ਹਨ।

ਰੂਸੀ ਫ਼ੌਜਾਂ ਕੋਲ ਜਿਟਲ ਵਰਗੀਆਂ ਪ੍ਰਣਾਲੀਆਂ ਹਨ ਜੋ ਹਰ ਕਿਸਮ ਦੇ ਉਪ ਗ੍ਰਹਿ, ਰੇਡੀਓ ਅਤੇ ਮੋਬਾਈਲ ਫੋਨ ਸਿਗਨਲ ਨੂੰ ਰੇਡੀਓ-ਚੁੰਬਕੀ ਊਰਜਾ ਦੀਆਂ ਤਰੰਗਾਂ ਰਾਹੀਂ 10 ਕਿਲੋਮੀਟਰ ਦੇ ਘੇਰ ਵਿੱਚ ਨਕਾਰਾ ਕਰ ਸਕਦੀਆਂ ਹਨ।

ਸ਼ਿਪੋਵਨਿਕ-ਐਰੋ ਯੁਨਿਟ ਦੇ ਨਾਲ ਰੂਸੀ ਫ਼ੌਜਾਂ 10 ਕਿਲੋਮੀਟਰ ਦੀ ਦੂਰੀ ਤੋਂ ਹੀ ਕਿਸੇ ਡਰੋਨ ਨੂੰ ਫੁੰਡ ਸਕਦੀਆਂ ਹਨ। ਇਹ ਡਰੋਨ ਪਾਈਲਟਾਂ ਦੇ ਟਿਕਾਣੇ ਦਾ ਪਤਾ ਕਰ ਸਕਦਾ ਹੈ ਅਤੇ ਫਿਰ ਇਹ ਸੂਚਨਾ ਤੋਪਖ਼ਾਨੇ ਨੂੰ ਦੇ ਸਕਦਾ ਹੈ।

ਕਿੰਗਸ ਕਾਲਜ ਲੰਡਨ ਦੇ ਵਾਰ ਸਟੱਡੀਜ਼ ਡਿਪਾਰਟਮੈਂਟ ਦੇ ਡਾ਼ ਮਰੀਨਾ ਮਿਰੌਨ ਮੁਤਾਬਕ, ਪੱਛਮੀ ਮੁਲਕ ਇਹ ਦੇਖ ਕੇ ਹੈਰਾਨ ਜ਼ਰੂਰ ਹੋਣਗੇ ਕਿ ਕਿਵੇਂ ਰੂਸ ਦੇ ਬਿਜਲੀ ਦੀ ਵਰਤੋਂ ਵਾਲੀ ਯੁੱਧ ਕਲਾ ਰਾਹੀਂ ਸੌਖਿਆਂ ਹੀ ਯੂਕਰੇਨ ਦੀਆਂ ਹਿਮਾਰਸ ਵਰਗੀਆਂ ਉੱਨਤ ਮਿਜ਼ਾਈਲਾਂ ਨੂੰ ਬੇਕਾਰ ਕਰ ਦਿੱਤਾ।

“ਇਹ ਇੱਕ ਅਨੋਖੀ ਯੁੱਧ ਕਲਾ ਹੈ। ਨਾਟੋ ਫੌਜਾਂ ਕੋਲ ਤਕਨੀਕੀ ਰੂਪ ਵਿੱਚ ਰੂਸ ਤੋਂ ਚੰਗੇ ਹਥਿਆਰ ਹੋ ਸਕਦੇ ਹਨ। ਲੇਕਿਨ ਰੂਸ ਨੇ ਦਿਖਾ ਦਿੱਤਾ ਹੈ ਕਿ ਉਹ ਕਿਵੇਂ ਇੱਕ ਸਸਤੀ ਜਿਹੀ ਬਿਜਲ-ਕਿੱਟ ਜ਼ਰੀਏ ਉਨ੍ਹਾਂ ਨੂੰ ਨਕਾਰਾ ਕਰ ਸਕਦਾ ਹੈ।”

ਕਿੰਗਸ ਕਾਲਜ ਵਿੱਚ ਹੀ ਫਰੀਆਰਮ ਏਅਰ ਐਂਡ ਸਪੇਸ ਇੰਸਟੀਚਿਊਟ ਦੇ ਡੰਕਨ ਮੈਕਰੋਰੀ ਦਾ ਕਹਿਣਾ ਹੈ ਕਿ ਨਾਟੋ ਦੇਸਾਂ ਦੇ ਫੌਜੀ ਮੁਖੀਆਂ ਨੂੰ ਜੋ ਰੂਸ ਯੂਕਰੇਨ ਵਿੱਚ ਬਿਜਲ-ਲੜਾਈ ਲੜ ਰਿਹਾ ਹੈ ਉਸ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਉਨ੍ਹਾਂ ਨੂੰ ਆਪਣੇ ਸੈਨਿਕਾਂ ਨੂੰ ਸਿਖਲਾਈ ਦੇਣੀ ਪਵੇਗੀ ਕਿ ਜਦੋਂ ਡਰੋਨ ਪਿੱਛਾ ਕਰ ਰਹੇ ਹੋਣ ਅਤੇ ਦੁਸ਼ਮਣ ਉਨ੍ਹਾਂ ਵੱਲੋਂ ਭੇਜਿਆ ਜਾ ਰਿਹਾ ਹਰੇਕ ਰੇਡੀਓ ਸਿਗਨਲ ਸੁਣ ਰਿਹਾ ਹੋਵੇ ਤਾਂ ਕਿਵੇਂ ਲੜਾਈ ਕਰਨੀ ਹੈ।”

“ਬਿਜਲ ਯੁੱਧ ਕਲਾ ਨੂੰ ਹੁਣ ‘ਬਾਅਦ ਵਿੱਚ ਸੋਚਾਂਗੇ’ ਲਈ ਨਹੀਂ ਰੱਖਿਆ ਜਾ ਸਕਦਾ। ਇਸ ਨੂੰ ਪੈਂਤੜੇ, ਸਿਖਲਾਈ ਅਤੇ ਨਵੇਂ ਹਥਿਆਰ ਵਿਕਸਿਤ ਕਰਦੇ ਸਮੇਂ ਹੀ ਧਿਆਨ ਵਿੱਚ ਰੱਖਣ ਦੀ ਲੋੜ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)