You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਗਲੇਸ਼ੀਅਰ ਪਿਘਲਣ ਨਾਲ ਪੂਰਾ ਪਿੰਡ ਰੁੜਿਆ, ʻਹੁਣ ਲੱਗਦਾ ਹੈ ਸਾਹ ਹੀ ਚੱਲ ਰਹੇ ਹਨ ਬਾਕੀ ਕੁਝ ਨਹੀਂ ਹੈʼ
- ਲੇਖਕ, ਅਜ਼ੀਜ਼ਉੱਲ੍ਹਾ ਖ਼ਾਨ
- ਰੋਲ, ਬੀਬੀਸੀ ਪੱਤਰਕਾਰ
ਮੁਹੰਮਦ ਅਲੀ ਅਤੇ ਉਨ੍ਹਾਂ ਦਾ ਪਰਿਵਾਰ, ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਇੱਕ ਉੱਤਰੀ ਜ਼ਿਲ੍ਹੇ ਚਿਤਰਾਲ ਵਿੱਚ ਇੱਕ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ।
ਉਨ੍ਹਾਂ ਕੋਲ 55 ਸਾਲਾਂ ਤੋਂ ਸੇਬ, ਖੁਰਮਾਨੀ ਅਤੇ ਨਾਸ਼ਪਾਤੀ ਦੇ ਦਰੱਖਤਾਂ ਤੇ ਅੰਗੂਰਾਂ ਦੇ ਨਾਲ-ਨਾਲ ਕਈ ਫਲਾਂ ਦੇ ਬਾਗਾਂ ਦੀ ਮਾਲਕੀ ਸੀ।
ਉਨ੍ਹਾਂ ਦੇ ਛੇ ਬੱਚੇ ਹਨ, ਜੋ ਸਾਰੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ ਅਤੇ ਉਨ੍ਹਾਂ ਦਾ ਪਰਿਵਾਰ ਦਾ ਚਿਤਰਾਲ ਦੇ ਬਰਫ਼ ਨਾਲ ਢਕੇ ਪਹਾੜਾਂ ਅਤੇ ਗਲੇਸ਼ੀਅਰਾਂ ਦੇ ਦ੍ਰਿਸ਼ਾਂ ਨਾਲ ਇੱਕ ਵਿਸ਼ਾਲ ਘਰ ਹੁੰਦਾ ਸੀ।
ਪਰ ਚਾਰ ਸਾਲ ਪਹਿਲਾਂ ਸਭ ਕੁਝ ਬਦਲ ਗਿਆ।
ਹੁਣ ਉਹ ਅਤੇ ਉਨ੍ਹਾਂ ਦੇ ਬੱਚੇ ਇੱਕ ਢਹਿ-ਢੇਰੀ ਹੋਏ ਦੋ ਬੈੱਡਰੂਮ ਵਾਲੇ ਘਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਗੁਜ਼ਾਰੇ ਲਈ ਵੀ ਲੋੜੀਂਦੇ ਪੈਸੇ ਨਹੀਂ ਹਨ।
ਉਹ ਦੱਸਦੇ ਹਨ, “ਮੈਂ ਕਰਜ਼ੇ ਵਿੱਚ ਹਾਂ। ਮੈਂ ਦਿਹਾੜੀ ਕਰਦਾ ਹਾਂ ਅਤੇ ਰੋਜ਼ਾਨਾ 1,000 ਰੁਪਏ ਕਮਾਉਂਦਾ ਹਾਂ ਅਤੇ ਇਹ ਮੇਰੇ ਪਰਿਵਾਰ ਦਾ ਢਿੱਡ ਭਰਨ ਲਈ ਕਾਫ਼ੀ ਨਹੀਂ ਹੈ।”
550 ਗਲੇਸ਼ੀਅਰਾਂ ਦਾ ਘਰ
ਅੱਪਰ ਚਿਤਰਾਲ ਦੇ ਪਿੰਡ ਰੇਸ਼ੁਨ ਦੇ ਕਈ ਹੋਰ ਲੋਕਾਂ ਵਾਂਗ ਦੇ ਮੁਹੰਮਦ ਦੀ ਜ਼ਿੰਦਗੀ ਵੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਪ੍ਰਭਾਵਿਤ ਹੋਈ ਹੈ।
ਚਿਤਰਾਲ ਲਗਭਗ 550 ਗਲੇਸ਼ੀਅਰਾਂ ਦਾ ਘਰ ਹੈ, ਜੋ ਜ਼ਿਲ੍ਹੇ ਦੇ ਲਗਭਗ 13 ਫੀਸਦ ਖੇਤਰ ਵਿੱਚ ਹਨ ਅਤੇ ਲੰਬੇ ਸਮੇਂ ਤੋਂ ਵਸਨੀਕਾਂ ਨੂੰ ਪੀਣ ਅਤੇ ਸਿੰਚਾਈ ਲਈ ਜ਼ਰੂਰੀ ਪਾਣੀ ਮੁਹੱਈਆ ਕਰਦੇ ਹਨ।
ਪਰ ਤਾਪਮਾਨ ਵਧਣ ਕਾਰਨ ਗਲੇਸ਼ੀਅਰ ਖ਼ਤਰਨਾਕ ਪੱਧਰ ʼਤੇ ਪਿਘਲਣ ਲੱਗੇ, ਜਿਸ ਦੇ ਭਿਆਨਕ ਸਿੱਟੇ ਨਿਕਲੇ।
ਪਿਛਲੇ ਦਹਾਕੇ ਦੌਰਾਨ, ਚਿਤਰਾਲ ਨਦੀ ਵਿੱਚ ਉਛਾਲ ਆਇਆ ਹੈ, ਜਿਸ ਨਾਲ ਅਚਾਨਕ ਹੜ੍ਹਾਂ ਅਤੇ ਜ਼ਮੀਨੀ ਦਾ ਕਟਾਅ ਹੋਇਆ।
ਇਸ ਦੌਰਾਨ ਘਰ, ਕਾਰੋਬਾਰ ਅਤੇ ਇੱਥੋਂ ਤੱਕ ਕਿ ਪੂਰੇ ਦੇ ਪੂਰੇ ਪਿੰਡ ਤਬਾਹ ਹੋ ਗਏ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਵਸੋਂ ਵਾਲੇ ਇਲ਼ਾਕਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਵਧੇਰੇ ਬਸਤੀਆਂ ਰੁੜਨ ਦੇ ਖ਼ਤਰੇ ਵਿੱਚ ਹਨ।
ਸਾਲ 2020 ਵਿੱਚ ਜਦੋਂ ਚਿਤਰਾਲ ਨਦੀ ਨੇ ਦਿਸ਼ਾ ਬਦਲੀ ਅਤੇ ਮੁਹੰਮਦ ਦੀ ਜ਼ਮੀਨ ਨਦੀ ਵਿੱਚ ਚਲੀ ਗਈ ਤਾਂ ਉਨ੍ਹਾਂ ਨੇ ਆਪਣੇ ਬਾਗ਼, ਜੰਗਲ ਦੀ ਜ਼ਮੀਨ ਅਤੇ ਜਾਇਦਾਦ ਗੁਆ ਦਿੱਤੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਸਭ ਕੁਝ ਪਿੱਛੇ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਉਹ ਅੱਗੇ ਦੱਸਦੇ ਹਨ, “ਅਸੀਂ ਸਿਰਫ਼ ਆਪਣੇ-ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਬਚਾ ਸਕਦੇ ਸੀ। ਸਾਡਾ ਘਰ, ਸਾਡੇ ਰੁੱਖ, ਸਭ ਕੁਝ ਖ਼ਤਮ ਹੋ ਗਿਆ ਹੈ।"
ਉਨ੍ਹਾਂ ਦੀ 14 ਸਾਲਾ ਧੀ ਆਈਜ਼ਾ ਲਈ, ਸਭ ਕੁਝ "ਉਲਟਾ" ਹੋ ਗਿਆ ਹੈ। ਉਹ ਕਹਿੰਦੀ ਹੈ, “ਕਦੇ-ਕਦੇ ਮੈਂ ਚੰਗੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋਂਦੀ ਹਾਂ।"
ਲਗਭਗ 4,40,000 ਲੋਕਾਂ ਦੇ ਘਰ ਵਾਲੇ ਚਿਤਰਾਲ ਦੇ ਹਾਲਾਤ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਦੇ ਸਭ ਤੋਂ ਤੁਰੰਤ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ ਕਰਨ ਵਾਲੇ ਦੁਨੀਆਂ ਭਰ ਦੇ ਦੇਸਾਂ ਦੇ ਇੱਕ ਵਿਸ਼ਾਲ ਸੰਕਟ ਨੂੰ ਦਰਸਾਉਂਦੀ ਹੈ।
ਪਾਕਿਸਤਾਨ ਵਿਸ਼ਵ ਦੇ ਗਰੀਨ-ਹਾਊਸ ਗੈਸਾਂ ਦੇ ਨਿਕਾਸ ਵਿੱਚ ਇੱਕ ਫੀਸਦ ਤੋਂ ਵੀ ਘੱਟ ਯੋਗਦਾਨ ਪਾਉਂਦਾ ਹੈ ਪਰ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਕਮਜ਼ੋਰ ਮੁਲਕਾਂ ਵਿੱਚੋਂ ਇੱਕ ਹੈ।
2022 ਵਿੱਚ, ਦੇਸ ਵਿੱਚ ਮੌਨਸੂਨ ਦੀ ਬਾਰਸ਼ ਅਤੇ ਪਿਘਲਦੇ ਗਲੇਸ਼ੀਅਰਾਂ ਦੇ ਕਾਰਨ ਵਿਨਾਸ਼ਕਾਰੀ ਹੜ੍ਹ ਆਏ ਸਨ, ਜਿਸ ਵਿੱਚ ਘੱਟੋ-ਘੱਟ 1,700 ਲੋਕ ਮਾਰੇ ਗਏ ਅਤੇ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ।
ਚਿਤਰਾਲ ਦਾ ਪ੍ਰਬੰਧ ਚਲਾਉਣ ਵਾਲੀ ਸਥਾਨਕ ਅਥਾਰਟੀ, ਖ਼ੈਬਰ ਪਖ਼ਤੂਨਖਵਾ ਸੂਬੇ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੁਜੀਬ ਉਰ ਰਹਿਮਾਨ ਦਾ ਕਹਿਣਾ ਹੈ ਕਿ ਉੱਤਰੀ ਪਾਕਿਸਤਾਨ ਦੇ ਗਲੇਸ਼ੀਅਰਾਂ ਦੇ ਨੇੜੇ ਲਗਭਗ 50 ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ।
ਰਹਿਮਾਨ ਮੁਤਾਬਕ ਲਗਭਗ 100 ਪਿੰਡਾਂ ਨੂੰ ਵੱਖ-ਵੱਖ ਪੱਧਰਾਂ ʼਤੇ ਨੁਕਸਾਨ ਪਹੁੰਚਿਆ ਹੈ।
ਜ਼ਿਲ੍ਹੇ ਵਿੱਚ ਰਹਿਣ ਵਾਲੇ ਲੋਕਾਂ ਦੇ ਹਾਲਾਤ ਦੀ ਗੰਭੀਰਤਾ ਸਪੱਸ਼ਟ ਹੈ।
ਚਿਤਰਾਲ ਦੇ ਲਗਭਗ ਇੱਕ ਤਿਹਾਈ ਵਸਨੀਕ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਹਨ, ਉਹ ਜ਼ਮੀਨ ਦੇ ਦਰਿਆਵਾਂ ਵਿੱਚ ਰੁੜਨ ਅਤੇ ਹੜ੍ਹਾਂ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।
ਕੁਝ ਭਾਈਚਾਰਿਆਂ ਨੂੰ ਤੁਰੰਤ ਉਜਾੜੇ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2019 ਵਿੱਚ 47 ਘਰ ਰੁੜ ਗਏ
ਸਥਿਤੀ ਦੀ ਨਿਗਰਾਨੀ ਕਰਨ ਵਾਲੀ ਇੱਕ ਸਥਾਨਕ ਗ਼ੈਰ-ਸਰਕਾਰੀ ਸੰਸਥਾ ਦੇ ਮੁਖੀ ਸ਼ਾਹਿਦ ਇਕਬਾਲ ਅਨੁਸਾਰ, ਰੇਸ਼ੁਨ ਖੇਤਰ ਵਿੱਚ ਪਿਛਲੇ 15 ਸਾਲਾਂ ਦੌਰਾਨ ਅੱਠ ਪਿੰਡਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ 111 ਪਰਿਵਾਰਾਂ ਨੂੰ ਜ਼ਮੀਨੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਤੰਬਰ 2019 ਵਿੱਚ 47 ਘਰ ਰੁੜ ਗਏ ਜਦਕਿ ਭੂਮੀ ਕਟੌਤੀ ਦੇ ਨਤੀਜੇ ਵਜੋਂ 300 ਏਕੜ ਤੋਂ ਵੱਧ ਸਿੰਜਾਈ ਵਾਲੀ ਜ਼ਮੀਨ ਤਬਾਹ ਹੋ ਗਈ ਹੈ।
ਇਸ ਨਾਲ ਖੇਤੀਬਾੜੀ ਅਤੇ ਖੇਤੀ 'ਤੇ ਨਿਰਭਰ ਲੋਕਾਂ ਦੀ ਰੋਜ਼ੀ-ਰੋਟੀ ਲਈ ਇੱਕ ਮਹੱਤਵਪੂਰਨ ਖ਼ਤਰਾ ਪੈਦਾ ਹੋ ਗਿਆ ਹੈ।
ਰੇਸ਼ੁਨ ਵਿੱਚ ਉੱਜੜੇ ਪਰਿਵਾਰ ਅਸਥਾਈ ਸ਼ੈਲਟਰਾਂ ਵਿੱਚ ਰਹਿ ਰਹੇ ਹਨ, ਭੋਜਨ ਅਤੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਰੁਜ਼ਗਾਰ ਦੇ ਸੁਰੱਖਿਅਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
65 ਸਾਲਾ ਵਿਧਵਾ ਸ਼ਹਾਦਤ ਬੀਬੀ ਨੇ ਪੰਜ ਸਾਲ ਪਹਿਲਾਂ ਜ਼ਮੀਨ ਖਿਸਕਣ ਕਾਰਨ ਆਪਣਾ ਘਰ ਗੁਆ ਲਿਆ ਸੀ।
ਉਨ੍ਹਾਂ ਨੂੰ ਇੱਕ ਗੁਆਂਢੀ ਨੇ ਘੱਟੋ-ਘੱਟ ਕਿਰਾਏ ʼਤੇ ਪਨਾਹ ਦਿੱਤੀ ਪਰ ਇਹ ਬਿਜਲੀ ਨਾਲ ਲੱਗੀ ਅੱਗ ਕਾਰਨ ਸੜ੍ਹ ਗਿਆ, ਜਿਸ ਵਿੱਚ ਸਿਰਫ਼ ਨੁਕਸਾਨੀ ਹੋਈ ਰਸੋਈ ਹੀ ਰਹਿ ਗਈ।
ਉਹ ਹੁਣ ਆਪਣੇ ਦੋ ਬਾਲਗ਼ ਪੁੱਤਰਾਂ ਨਾਲ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਨੇੜਲੇ ਹੀ ਇੱਕ ਟੁੱਟੇ ਹੋਏ ਤੰਬੂ ਵਿੱਚ ਰਹਿੰਦੀ ਹੈ।
ਉਨ੍ਹਾਂ ਦੇ ਕਿਸੇ ਪੁੱਤਰ ਕੋਲ ਰੁਜ਼ਗਾਰ ਨਹੀਂ ਹੈ। ਸ਼ਹਾਦਤ ਦਾ ਕਹਿਣਾ ਹੈ ਕਿ ਉਹ ਸਰਦੀਆਂ ਦੀ ਆਮਦ ਬਾਰੇ ਚਿੰਤਤ ਹੈ, ਜਦੋਂ ਤਾਪਮਾਨ ਹੇਠਾਂ ਜਾਵੇਗਾ।
ਚਿਤਰਾਲ ਨਦੀ ਦੇ ਨੇੜੇ ਰਹਿੰਦੇ ਭਾਈਚਾਰੇ ਇਸ ਤੋਂ ਪਹਿਲਾਂ ਕਿ ਉਹ ਰੁੜ ਜਾਣ, ਇਸ ਲਈ ਹੁਣ ਵਾਧੂ ਸੁਰੱਖਿਆ ਹਾਸਲ ਕਰਨ ਦੀ ਜੱਦੋਜਹਿਦ ਵਿੱਚ ਜੁਟੇ ਹੋਏ ਹਨ।
ਕਿਸੇ ਵੇਲੇ ਖੁਸ਼ਹਾਲ ਖੇਤੀਬਾੜੀ ਵਜੋਂ ਜਾਣੇ ਜਾਂਦੇ ਗਰੀਨ ਲਸ਼ਟ ਪਿੰਡ ਵਿੱਚ ਢਹਿ-ਢੇਰੀ ਹੋਏ ਘਰਾਂ ਦੇ ਅਵਸ਼ੇਸ਼ ਬਚੇ ਹਨ।
ਪਿੰਡ ਦੀ ਕੌਂਸਲ ਦੇ ਚੇਅਰਮੈਨ ਇਸ਼ਫਾਕ ਅਹਿਮਦ ਅਫਜ਼ਲ ਦਾ ਕਹਿਣਾ ਹੈ ਕਿ ਜ਼ਮੀਨ ਦੇ ਕਟਾਅ ਅਤੇ ਹੜ੍ਹਾਂ ਨੂੰ ਰੋਕਣ ਲਈ ਇੱਕ ਹੋਰ ਸੁਰੱਖਿਅਤ ਕੰਧ ਦੀ ਤੁਰੰਤ ਲੋੜ ਹੈ, ਨਹੀਂ ਤਾਂ ਅਗਲੇ ਕੁਝ ਸਾਲਾਂ ਵਿੱਚ ਸਾਰਾ ਪਿੰਡ ਖ਼ਤਮ ਹੋ ਜਾਵੇਗਾ।
ਪਰ ਉਹ ਕਹਿੰਦੇ ਹਨ ਕਿ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਹਿਣਾ ਵੀ ਇੱਕ ਸੰਘਰਸ਼ ਵਾਂਗ ਰਿਹਾ ਹੈ।
ਉਹ ਆਖਦੇ ਹਨ, “ਅਸੀਂ ਸਿਰਫ਼ ਆਪਣੀ ਆਵਾਜ਼ ਚੁੱਕ ਸਕਦੇ ਹਾਂ। ਅਸੀਂ ਵਾਰ-ਵਾਰ ਸਬੰਧਤ ਵਿਭਾਗਾਂ ਵਿੱਚ ਜਾਂਦੇ ਹਾਂ ਪਰ ਨੌਕਰਸ਼ਾਹੀ ਮਸ਼ੀਨਰੀ ਨੂੰ ਜੁਟਾਉਣਾ ਮੁਸ਼ਕਲ ਹੈ।"
ਖ਼ੈਬਰ ਪਖ਼ਤੂਨਖਵਾ ਸੂਬੇ ਨੇ ਰੇਸ਼ੁਨ, ਅਰਕਾਰੀ ਘਾਟੀਆਂ ਅਤੇ ਚਿਤਰਾਲ ਦੀਆਂ ਹੋਰ ਕਮਜ਼ੋਰ ਥਾਵਾਂ ਉੱਤੇ ਧੁੱਸੀ ਬੰਨ੍ਹ ਉਸਾਰੇ ਹਨ।
ਪਰ ਅਫਜ਼ਲ ਦਾ ਕਹਿਣਾ ਹੈ ਕਿ ਜਗ੍ਹਾ ਬਾਰੇ ਯੋਜਨਾ ਵਿੱਚ ਘਾਟ ਸੀ, ਇਸ ਦਾ ਮਤਲਬ ਕਿ ਉਹ ਜਾਂ ਤਾਂ ਨਦੀ ਦੁਆਰਾ ਨੁਕਸਾਨੀਆਂ ਗਈਆਂ ਹਨ ਜਾਂ ਤਬਾਹ ਹੋ ਗਏ ਹਨ।
ਪਾਕਿਸਤਾਨ ਸਰਕਾਰ ਲਈ ਚੁਣੌਤੀਆਂ ਵੱਡੀਆਂ
ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬੁਲਾਰੇ ਮੁਹੰਮਦ ਅਲੀ ਸੈਫ਼ ਨੇ ਕਿਹਾ ਹੈ ਕਿ ਢਾਂਚਾਗਤ ਅਸਫ਼ਲਤਾਵਾਂ ਜਾਂ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਸੁਰੱਖਿਆ ਰੁਕਾਵਟਾਂ ਦੀ ਗੁਣਵੱਤਾ ਬਾਰੇ ਚਿੰਤਾ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਉਨ੍ਹਾਂ ਨੇ ਕਿਹਾ, "ਹਾਲਾਂਕਿ, ਉਹ ਪੂਰੀ ਤਰ੍ਹਾਂ ਨਾਲ ਰੋਕਥਾਮ ਨਹੀਂ ਕਰ ਸਕਦੇ ਹਨ, ਪਰ ਇਹ ਬੰਨ੍ਹ ਸੰਭਾਵੀ ਕੁਦਰਤੀ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।"
ਚਿਤਰਾਲ ਵਰਗੇ ਖੇਤਰਾਂ ਲਈ ਦਾਅ ਉੱਚੇ ਹਨ। ਅਬਦੁਲ ਵਲ਼ੀ ਖ਼ਾਨ ਯੂਨੀਵਰਸਿਟੀ ਮਰਦਾਨ ਵਿੱਚ ਵਾਤਾਵਰਨ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸ਼ਮਸ ਅਲੀ ਬੇਗ਼ ਕਹਿੰਦੇ ਹਨ ਕਿ ਜੇਕਰ ਉੱਚ ਤਾਪਮਾਨ ਅਤੇ ਭਾਰੀ ਬਰਸਾਤ ਦਾ ਵਰਤਮਾਨ ਮੌਸਮ ਪੈਟਰਨ ਜਾਰੀ ਰਹਿੰਦਾ ਹੈ ਤਾਂ ਜ਼ਿਲ੍ਹੇ ਦੇ ਕਰੀਬ ਇੱਕ ਤਿਹਾਈ ਪਿੰਡ ਰੁੜ ਜਾਣਗੇ।
ਉੁਹ ਕਹਿੰਦੇ ਹਨ, "ਚਿਤਰਾਲ ਮੁੱਖ ਤੌਰ 'ਤੇ ਪਹਾੜੀ ਖੇਤਰਾਂ ਵਿੱਚ ਜਲਵਾਯੂ ਪ੍ਰਭਾਵਾਂ ਲਈ ਇੱਕ ਕੇਸ ਸਟੱਡੀ ਦਾ ਰੂਪ ਹੈ, ਜਿੱਥੇ ਦੇਸ ਦੇ ਮੈਦਾਨੀ ਖੇਤਰਾਂ ਨਾਲੋਂ ਬਦਲਾਅ ਦੀ ਤੀਬਰਤਾ ਵਧੇਰੇ ਸਪੱਸ਼ਟ ਹੈ।"
ਪਾਕਿਸਤਾਨ ਸਰਕਾਰ ਲਈ ਚੁਣੌਤੀਆਂ ਵੱਡੀਆਂ ਹਨ। ਇਸ ਦਾ ਅੰਦਾਜ਼ਾ ਹੈ ਕਿ ਅਨੁਕੂਲਤਾ ਅਤੇ ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਨੂੰ ਬਣਾਉਣ ਲਈ 2050 ਤੱਕ ਹਰ ਸਾਲ 7-14 ਬਿਲੀਅਨ ਡਾਲਰ ਦੀ ਲੋੜ ਪਵੇਗੀ।
ਪਰ ਸ਼ਹਾਦਤ ਵਰਗੇ ਪਿੰਡ ਵਾਸੀਆਂ ਲਈ, ਉਨ੍ਹਾਂ ਦਾ ਜ਼ਿੰਦਗੀ ਜਿਉਣ ਦੀ ਸ਼ੈਲੀ ਪਹਿਲਾਂ ਹੀ ਖ਼ਤਮ ਹੋ ਗਈ। ਉਹ ਆਖਦੇ ਹਨ, "ਹੁਣ ਜ਼ਿੰਦਗੀ ਮਹਿਸੂਸ ਹੁੰਦੀ ਹੈ ਕਿ ਸਿਰਫ਼ ਸਾਹ ਹੀ ਚੱਲ ਰਹੇ ਹਨ ਅਤੇ ਹੋਰ ਕੁਝ ਨਹੀਂ ਬਚਿਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ