ਦੀਵਾਲੀ ਮੌਕੇ ਮਿਲਾਵਟੀ ਮਠਿਆਈ, ਖੋਏ ਤੇ ਦੁੱਧ ਦੀ ਪਛਾਣ ਘਰ ਬੈਠੇ ਸੌਖੇ ਤਰੀਕੇ ਨਾਲ ਕਿਵੇਂ ਕਰੀਏ

ਤਸਵੀਰ ਸਰੋਤ, Getty Images
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਦੀਵਾਲੀ ਦਾ ਤਿਉਹਾਰ - ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਘਰ ਦੇ ਫਰਿੱਜ ਤੋਂ ਲੈਕੇ ਖਾਣ ਦੀ ਮੇਜ਼ ਤੱਕ ਮਠਿਆਈ ਦੇ ਡੱਬੇ ਨਜ਼ਰ ਆਉਂਦੇ ਹਨ।
ਪਰ ਇਸ ਮਠਿਆਈ ਦੇ ਨਾਲ-ਨਾਲ ਮਠਿਆਈਆਂ ਵਿੱਚ ਮਿਲਾਵਟ ਦੀਆਂ ਖ਼ਬਰਾਂ ਵੀ ਉਸੇ ਤਦਾਦ 'ਚ ਆ ਰਹੀਆਂ ਹੁੰਦੀਆਂ ਹਨ।
ਇਨ੍ਹਾਂ ਦਿਨਾਂ ਵਿੱਚ ਵੱਡੀ ਮਾਤਰਾ 'ਚ ਮਿਲਾਵਟ ਵਾਲੇ ਦੁੱਧ, ਘਿਉ, ਖੋਆ ਦੀ ਖੇਪ ਜ਼ਬਤ ਕੀਤੀ ਜਾਂਦੀ ਹੈ।
ਮਾਹਿਰਾਂ ਮੁਤਾਬਿਕ ਇਸ ਪਿੱਛੇ ਮੁੱਖ ਕਾਰਨ ਹੁੰਦਾ ਹੈ ਇਹਨਾਂ ਦਿਨਾਂ 'ਚ ਮਠਿਆਈ ਦੀ ਵਧੀ ਮੰਗ, ਜਿਸ ਨੂੰ ਪੂਰਾ ਕਰਨ ਲਈ ਅਕਸਰ ਇਨ੍ਹਾਂ ਖਾਧ ਪਦਾਰਥਾਂ 'ਚ ਸਿੰਥੈਟਿਕ ਤੱਤਾਂ ਅਤੇ ਰਸਾਇਣਾਂ ਦੀ ਮਿਲਾਵਟ ਕੀਤੀ ਜਾਂਦੀ ਹੈ।
ਇਹ ਮਿਲਾਵਟ ਭਰਿਆ ਚੀਜਾਂ ਮਨੁੱਖੀ ਸਿਹਤ ਲਈ ਯਕੀਨਨ ਹਾਨੀਕਾਰਕ ਹੁੰਦੀਆਂ ਹਨ।

ਪਰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ਼ਐੱਸਐੱਸਏਆਈ) ਵੱਲੋਂ ਕੁਝ ਬਹੁਤ ਸੌਖੇ ਟੈਸਟ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਘਰ ਵਿੱਚ ਹੀ ਲੋਕ ਇਨ੍ਹਾਂ ਮਿਲਾਵਟਾਂ ਦਾ ਪਤਾ ਲਗਾ ਸਕਦੇ ਹਨ।
ਦੁੱਧ ਅਤੇ ਦੁੱਧ ਉਤਪਾਦ

ਤਸਵੀਰ ਸਰੋਤ, Getty Images
ਦੁੱਧ ਅਤੇ ਦੁੱਧ ਉਤਪਾਦਾਂ 'ਚ ਮਿਲਾਵਟ ਇੱਕ ਬਹੁਤ ਹੀ ਆਮ ਸਮੱਸਿਆ ਹੈ।
ਮਿਲਾਵਟ ਵਿੱਚ ਫੈਟ ਜਾਂ ਸੋਲਿਡ ਨਾਟ ਫੈਟ ਸਮੱਗਰੀ ਨੂੰ ਵਧਾ ਕੇ ਉਤਪਾਦ ਦੀ ਮਾੜੀ ਗੁਣਵੱਤਾ ਨੂੰ ਛੁਪਾਉਣਾ ਸ਼ਾਮਲ ਹੈ।
ਐਫ਼ਐੱਸਐੱਸਏਆਈ ਮੁਤਾਬਿਕ ਸਿੰਥੈਟਿਕ ਦੁੱਧ ਵਿੱਚ ਯੂਰੀਆ, ਲਾਂਡਰੀ ਡਿਟਰਜੈਂਟ, ਪੁਲਵਰਾਈਜ਼ਡ ਸਾਬਣ, ਬੋਰਿਕ ਐਸਿਡ, ਹਾਈਡਰੋਜਨ ਪਰਆਕਸਾਈਡ, ਸਟਾਰਚ ਅਤੇ ਨਿਊਟ੍ਰਲਾਈਜ਼ਰ, ਕਾਸਟਿਕ ਸੋਡਾ ਜਾਂ ਸੋਡੀਅਮ ਹਾਈਡ੍ਰੋਕਸਾਈਡ, ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਬਾਈਕਾਰਬੋਨੇਟ ਵਰਗੇ ਖਤਰਨਾਕ ਰਸਾਇਣ ਹੁੰਦੇ ਹਨ।
ਅਜਿਹੇ ਮਿਲਾਵਟੀ ਪਦਾਰਥਾਂ ਦੇ ਸੇਵਨ ਨਾਲ ਸਿਹਤ ਲਈ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਹੁੰਦੇ ਹਨ।
ਐਫ਼ਐੱਸਐੱਸਏਆਈ ਵੱਲੋਂ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਮਿਲਾਵਟ ਦਾ ਪਤਾ ਲਗਾਉਣ ਲਈ ਕਈ ਤਰੀਕੇ ਪੇਸ਼ ਕੀਤੇ ਗਏ ਹਨ।

ਤਸਵੀਰ ਸਰੋਤ, Getty Images
ਦੁੱਧ ਵਿੱਚ ਪਾਣੀ ਦਾ ਪਤਾ ਲਗਾਉਣਾ
ਟੈਸਟਿੰਗ ਦੀ ਵਿਧੀ:
- ਦੁੱਧ ਦੀ ਇੱਕ ਬੂੰਦ ਪਲੇਟ ਨੂੰ ਹਲਕਾ ਜਿਹਾ ਟੇਢਾ ਕਰਕੇ ਉਸਦੀ ਸਤਹ 'ਤੇ ਪਾ ਦਿਓ.
- ਸ਼ੁੱਧ ਦੁੱਧ ਪਹਿਲਾਂ ਤਾਂ ਸਥਿਰ ਰਹਿੰਦਾ ਹੈ ਅਤੇ ਫਿਰ ਹੌਲੀ-ਹੌਲੀ ਵਗਦਾ ਹੈ। ਵਗਣ ਮਗਰੋਂ ਇਹ ਪਿੱਛੇ ਇੱਕ ਚਿੱਟੀ ਲੀਕ ਛੱਡਦਾ ਹੈ।
- ਪਾਣੀ ਵਿੱਚ ਮਿਲਾਵਟ ਵਾਲਾ ਦੁੱਧ ਬਿਨਾਂ ਨਿਸ਼ਾਨ ਛੱਡੇ ਤੁਰੰਤ ਵਹਿ ਜਾਵੇਗਾ।
ਦੁੱਧ ਵਿੱਚ ਡਿਟਰਜੈਂਟ ਦਾ ਪਤਾ ਲਗਾਉਣਾ
ਟੈਸਟਿੰਗ ਵਿਧੀ:
- 5 ਤੋਂ 10ml ਦੁੱਧ ਦਾ ਸੈਂਪਲ ਲਓ ਅਤੇ ਉਸ ਵਿੱਚ ਬਰਾਬਰ ਮਾਤਰਾ 'ਚ ਪਾਣੀ ਮਿਲਾਓ।
- ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ।
- ਜੇਕਰ ਦੁੱਧ 'ਚ ਡਿਟਰਜੈਂਟ ਨਾਲ ਮਿਲਾਵਟ ਕੀਤਾ ਗਈ ਹੋਵੇਗੀ ਤਾਂ ਇਸਦੇ ਉੱਪਰ ਸੰਘਣੀ ਝੱਗ ਬਣ ਜਾਵੇਗੀ।
- ਹਿਲਾਉਣ ਤੋਂ ਬਾਅਦ ਜੇਕਰ ਬਹੁਤ ਪਤਲੀ ਝੱਗ ਦੀ ਪਰਤ ਬਣੇ ਤਾਂ ਮੰਨਿਆ ਜਾ ਸਕਦਾ ਹੈ ਕਿ ਦੁੱਧ ਸ਼ੁੱਧ ਹੈ।
ਖੋਆ 'ਚ ਮਿਲਾਵਟ ਦਾ ਕਿਵੇਂ ਪਤਾ ਲੱਗ ਸਕਦਾ ਹੈ ?

ਤਸਵੀਰ ਸਰੋਤ, Getty Images
ਹਰ ਸਾਲ, ਦੀਵਾਲੀ ਦੇ ਨੇੜੇ ਐਫ਼ਐੱਸਐੱਸਏਆਈ ਟਨਾਂ ਦੀ ਮਾਤਰਾ 'ਚ ਨਕਲੀ ਖੋਆ ਜ਼ਬਤ ਕਰਦੇ ਹਨ।
ਖੋਆ ਇੱਕ ਡੇਅਰੀ ਉਤਪਾਦ ਹੈ ਜੋ ਆਮ ਤੌਰ 'ਤੇ ਮਠਿਆਈਆਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਇਹ ਦੁੱਧ ਨੂੰ ਉਬਾਲ ਕੇ ਬਣਾਇਆ ਜਾਂਦਾ ਹੈ।
ਇਹ ਆਮ ਤੌਰ 'ਤੇ ਚਿੱਟੇ ਜਾਂ ਪੀਲੇ ਰੰਗ ਦਾ ਹੁੰਦਾ ਹੈ, ਅਤੇ ਸੁਆਦ 'ਚ ਇਹ ਥੋੜ੍ਹਾ ਮਿੱਠਾ ਹੁੰਦਾ ਹੈ।
ਇਹ ਬਹੁਤ ਸਾਰੀਆਂ ਰਵਾਇਤੀ ਮਿਠਾਈਆਂ ਵਿੱਚ ਇੱਕ ਮੁੱਖ ਸਮੱਗਰੀ ਵਜੋਂ ਇਸਤੇਮਾਲ ਹੁੰਦਾ ਹੈ।
ਖੋਏ ਵਿੱਚ ਆਮ ਮਿਲਾਵਟ ਸਟਾਰਚ, ਬਨਸਪਤੀ ਘਿਉ, ਬਲੋਟਿੰਗ ਪੇਪਰ, ਚਾਕ ਪਾਊਡਰ ਰਾਹੀਂ ਕੀਤੀ ਜਾਂਦੀ ਹੈ।
ਖੋਏ 'ਚ ਮਿਲਾਵਟ ਪਰਖਣ ਦੇ ਕਾਫੀ ਤਰੀਕੇ ਹਨ ਜਿਵੇ -
- ਫੂਡ ਸਟੈਂਡਰਡਜ਼ ਐਂਡ ਸੇਫਟੀ ਅਥਾਰਟੀ (FSSAI) ਦੇ ਅਨੁਸਾਰ, ਇੱਕ ਚਮਚ ਖੋਆ ਲਓ ਅਤੇ ਇਸਨੂੰ ਇੱਕ ਕੱਪ ਗਰਮ ਪਾਣੀ ਵਿੱਚ ਮਿਲਾਓ। ਅੱਗੇ, ਕੱਪ ਵਿੱਚ ਥੋੜਾ ਜਿਹਾ ਆਇਓਡੀਨ ਪਾਓ। ਜੇਕਰ ਖੋਆ ਇਸ ਵਿੱਚ ਆਇਓਡੀਨ ਸੁੱਟਣ ਤੋਂ ਬਾਅਦ ਨੀਲਾ ਹੋ ਜਾਂਦਾ ਹੈ, ਤਾਂ ਇਸ ਵਿੱਚ ਸਟਾਰਚ ਦੀ ਵਰਤੋਂ ਕਰਕੇ ਮਿਲਾਵਟ ਕੀਤੀ ਗਈ ਹੈ। ਜੇ ਨਹੀਂ, ਤਾਂ ਇਹ ਸ਼ੁੱਧ ਹੈ ਅਤੇ ਮਨੁੱਖੀ ਖਪਤ ਲਈ ਫਿੱਟ ਹੈ।
- ਇਸ ਵਿਧੀ ਦੇ ਤਹਿਤ, ਤੁਹਾਨੂੰ ਸਲਫਿਊਰਿਕ ਐਸਿਡ ਦੀ ਲੋੜ ਹੁੰਦੀ ਹੈ, ਜੋ ਕਿ ਫਾਰਮਲਿਨ ਵਰਗੇ ਰਸਾਇਣਾਂ ਦੀ ਮੌਜੂਦਗੀ ਦੀ ਜਾਂਚ ਕਰਨ ਵਿੱਚ ਮਦਦ ਕਰਦਾ ਹੈ। ਇੱਕ ਬੀਕਰ ਵਿੱਚ ਇੱਕ ਛੋਟਾ ਜਿਹਾ ਖੋਏ ਦਾ ਸੈਂਪਲ ਲਓ ਅਤੇ ਇਸ ਵਿੱਚ ਥੋੜ੍ਹਾ ਜਿਹਾ ਸਲਫਿਊਰਿਕ ਐਸਿਡ ਪਾਓ। ਜੇਕਰ ਨਮੂਨੇ ਦਾ ਬੈਂਗਨੀ ਰੰਗ ਬਣਦਾ ਹੈ, ਤਾਂ ਇਸ ਵਿਚ ਮਿਲਾਵਟ ਹੋ ਸਕਦੀ ਹੈ।

ਤਸਵੀਰ ਸਰੋਤ, Getty Images
- ਇਹ ਟੈਸਟ ਖੋਆ ਖਰੀਦਣ ਵੇਲੇ ਵੀ ਕੀਤਾ ਜਾ ਸਕਦਾ ਹੈ। ਐਫ਼ਐੱਸਐੱਸਏਆਈ ਦੇ ਅਨੁਸਾਰ, ਤਾਜ਼ੇ ਖੋਏ ਦੀ ਬਣਤਰ ਤੇਲਯੁਕਤ ਅਤੇ ਦਾਣੇਦਾਰ ਹੁੰਦੀ ਹੈ। ਇਸਦਾ ਸੁਆਦ ਥੋੜਾ ਮਿੱਠਾ ਹੁੰਦਾ ਹੈ ਅਤੇ ਹਥੇਲੀ 'ਤੇ ਰਗੜਨ 'ਤੇ ਗ੍ਰੀਸ ਛੱਡਦਾ ਹੈ। ਇਸ ਨੂੰ ਖਰੀਦਣ ਤੋਂ ਪਹਿਲਾਂ ਥੋੜ੍ਹਾ ਜਿਹਾ ਖੋਆ ਲਓ ਅਤੇ ਇਸ ਨੂੰ ਆਪਣੀ ਹਥੇਲੀ 'ਤੇ ਰਗੜੋ। ਜੇ ਇਸ ਵਿੱਚ ਉਪਰੋਕਤ ਗੁਣ ਹਨ, ਤਾਂ ਇਹ ਸ਼ੁੱਧ ਹੈ।
- ਖੋਏ ਵਿੱਚ ਵਨਸਪਤੀ ਦੀ ਮੌਜੂਦਗੀ ਦੀ ਜਾਂਚ ਕਰਨ ਲਈ, ਇਸਨੂੰ ਇੱਕ ਡੱਬੇ ਵਿੱਚ ਪਾਓ ਅਤੇ ਫਿਰ ਇਸ ਵਿੱਚ 2 ਚਮਚ ਹਾਈਡ੍ਰੋਕਲੋਰਿਕ ਐਸਿਡ ਅਤੇ 1 ਚਮਚ ਚੀਨੀ ਮਿਲਾਓ। ਜੇਕਰ ਮਿਸ਼ਰਣ ਲਾਲ ਹੋ ਜਾਂਦਾ ਹੈ, ਤਾਂ ਨਮੂਨਾ ਅਸ਼ੁੱਧ ਹੈ ਅਤੇ ਮਨੁੱਖੀ ਖਪਤ ਲਈ ਅਯੋਗ ਹੈ।
ਘਿਓ 'ਚ ਮਿਲਾਵਟ ਦਾ ਕਿਵੇਂ ਪਤਾ ਲੱਗ ਸਕਦਾ ਹੈ ?

ਤਸਵੀਰ ਸਰੋਤ, Getty Images
ਤਕਰੀਬਨ ਹਰ ਕਿਸਮ ਦੀਆਂ ਰਿਵਾਇਤੀ ਮਠਿਆਈਆਂ ਬਣਾਉਣ ਲਈ ਘਿਉ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸਦੀ ਮੰਗ ਵੀ ਤਿਉਹਾਰ ਦੇ ਦਿਨਾਂ 'ਚ ਅਕਸਰ ਬਹੁਤ ਵੱਧ ਜਾਂਦੀ ਹੈ, ਜਿਸ ਨੂੰ ਪੂਰਾ ਕਰਨ ਲਈ ਮਿਲਾਵਟ ਦਾ ਸਹਾਰਾ ਲਿਆ ਜਾਂਦਾ ਹੈ।
ਦੂਜਾ ਮੁਨਾਫ਼ਾ ਵਧਾਉਣ ਲਈ ਕਈ ਲੋਕ ਘਿਉ ਦੀ ਗੁਣਵੱਤਾ ਨਾਲ ਸਮਝੌਤਾ ਕਰ ਲੈਂਦੇ ਹਨ।
ਘਿਓ/ਮੱਖਣ ਵਿਚ ਆਮ ਤੌਰ ਦੇ ਮਸਲੇ ਹੋਏ ਆਲੂ, ਸ਼ਕਰਕੰਦੀ ਅਤੇ ਹੋਰ ਸਟਾਰਚ ਵਰਗੇ ਪਦਾਰਥਾਂ ਰਾਹੀਂ ਮਿਲਾਵਟ ਕੀਤੀ ਜਾਂਦੀ ਹੈ।
ਘਿਉ 'ਚ ਮਿਲਾਵਟ ਪਰਖਣ ਦੀ ਟੈਸਟਿੰਗ ਵਿਧੀ:
- ਇੱਕ ਪਾਰਦਰਸ਼ੀ ਕੱਚ ਦੇ ਕਟੋਰੇ ਵਿੱਚ ਅੱਧਾ ਚਮਚ ਘਿਓ/ਮੱਖਣ ਲਓ।
- ਆਇਓਡੀਨ ਦੀਆਂ 2-3 ਬੂੰਦਾਂ ਪਾਓ।
- ਜੇਕਰ ਇਸਦਾ ਰੰਗ ਬਦਲ ਕੇ ਨੀਲਾ ਹੋ ਜਾਂਦਾ ਹੈ ਤਾਂ ਇਹ ਖਾਣ ਯੋਗ ਨਹੀਂ ਹੈ।
- ਨੀਲੇ ਰੰਗ ਦਾ ਬਣਨਾ ਫੇਹੇ ਹੋਏ ਆਲੂ, ਸ਼ਕਰਕੰਦੀ ਅਤੇ ਹੋਰ ਸਟਾਰਚ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ।
ਮਿੱਠੇ 'ਚ ਮਿਲਾਵਟ ਦਾ ਕਿਵੇਂ ਪਤਾ ਲੱਗਿਆ ਜਾ ਸਕਦਾ ਹੈ ?
ਮਠਿਆਈ ਨੂੰ ਮਿੱਠਾ ਬਣਾਉਣ ਵਾਲੀ ਖੰਡ, ਚੀਨੀ, ਗੁੜ ਅਤੇ ਸ਼ਹਿਦ ਵੀ ਮਿਲਾਵਟ ਤੋਂ ਬਚੇ ਨਹੀਂ ਹਨ।
ਇਨ੍ਹਾਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀ ਮਿਲਾਵਟ ਪਾਈ ਜਾਂਦੀ ਹੈ ਜਿਨ੍ਹਾਂ ਨੂੰ ਪਰਖਣ ਦੇ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ।

ਤਸਵੀਰ ਸਰੋਤ, Getty Images
ਸ਼ਹਿਦ ਵਿੱਚ ਚੀਨੀ ਦੇ ਘੋਲ ਦਾ ਪਤਾ ਲਗਾਉਣ ਲਈ
ਟੈਸਟ ਵਿਧੀ 1
- ਇੱਕ ਪਾਰਦਰਸ਼ੀ ਗਲਾਸ ਵਿੱਚ ਪਾਣੀ ਲਓ।
- ਗਲਾਸ ਵਿੱਚ ਸ਼ਹਿਦ ਦੀ ਇੱਕ ਬੂੰਦ ਪਾਓ।
- ਸ਼ੁੱਧ ਸ਼ਹਿਦ ਪਾਣੀ ਵਿੱਚ ਖਿੱਲਰੇਗਾ ਨਹੀਂ।
- ਜੇਕਰ ਸ਼ਹਿਦ ਦੀ ਬੂੰਦ ਪਾਣੀ ਵਿੱਚ ਫੈਲ ਜਾਂਦੀ ਹੈ, ਤਾਂ ਇਹ ਮਿਲਾਵਟ ਕੀਤੀ ਗਈ ਖੰਡ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ।
ਟੈਸਟ ਵਿਧੀ 2
- ਇੱਕ ਕਪਾਹ ਦੀ ਬੱਤੀ ਨੂੰ ਸ਼ਹਿਦ ਵਿੱਚ ਡੁਬੋ ਕੇ ਮਾਚਿਸ ਨਾਲ ਸਾੜੋ।
- ਸ਼ੁੱਧ ਸ਼ਹਿਦ ਸੜ ਜਾਵੇਗਾ।
- ਜੇਕਰ ਮਿਲਾਵਟ ਹੋਵੇ ਤਾਂ ਪਾਣੀ ਦੀ ਮੌਜੂਦਗੀ ਸ਼ਹਿਦ ਨੂੰ ਸਾੜਨ ਨਹੀਂ ਦੇਵੇਗੀ ਅਤੇ ਜੇ ਥੋੜਾ ਸੜੇ ਵੀ ਤਾਂ ਇਸ ਵਿੱਚੋ ਹਲਕੀ ਹਲਕੀ ਆਵਾਜ਼ ਆਵੇਗੀ।
ਖੰਡ/ਚੀਨੀ/ਗੁੜ ਵਿੱਚ ਚਾਕ ਪਾਊਡਰ ਦਾ ਪਤਾ ਲਗਾਉਣ ਲਈ
ਟੈਸਟਿੰਗ ਵਿਧੀ:
- ਇੱਕ ਪਾਰਦਰਸ਼ੀ ਗਿਲਾਸ ਵਿੱਚ ਪਾਣੀ ਲਓ।
- 10 ਗ੍ਰਾਮ ਸ਼ਹਿਦ ਨੂੰ ਪਾਣੀ ਵਿੱਚ ਘੋਲ ਦਿਓ।
- ਜੇਕਰ ਖੰਡ/ਚੀਨੀ/ਗੁੜ 'ਚ ਚਾਕ ਪਾਊਡਰ ਮਿਲਿਆ ਹੋਵੇਗਾ ਤਾਂ ਉਹ ਗਿਲਾਸ 'ਚ ਥੱਲੇ ਬੈਠ ਜਾਵੇਗਾ।
ਮਠਿਆਈ 'ਤੇ ਲੱਗੇ ਚਾਂਦੀ ਦੇ ਵਰਕ 'ਚ ਮਿਲਾਵਟ

ਤਸਵੀਰ ਸਰੋਤ, Getty Images
ਮਠਿਆਈ ਦੀ ਵਿਕਰੀ ਖਾਤਿਰ ਉਸਨੂੰ ਆਕਰਸ਼ਿਤ ਤਰੀਕੇ 'ਚ ਪੇਸ਼ ਕਰਨ ਲਈ ਮਠਿਆਈ ਦੇ ਉੱਪਰ ਦੀ ਚਾਂਦੀ ਦਾ ਵਰਕ ਲਗਾਇਆ ਜਾਂਦਾ ਹੈ।
ਪਰ ਚਾਂਦੀ ਦੀ ਵਧਦੀ ਕੀਮਤ ਦੇ ਮੱਦੇਨਜ਼ਰ ਇਸ ਵਿੱਚ ਮਿਲਾਵਟ ਹੋਣ ਲੱਗ ਗਈ ਹੈ। ਇਸ ਵਿਚ ਅਕਸਰ ਐਲਮੀਨੀਅਮ ਦੀ ਮਿਲਾਵਟ ਕੀਤੀ ਜਾਂਦੀ ਹੈ ਜੋ ਕਿ ਕੈਂਸਰ ਕਾਰਕ ਹੁੰਦਾ ਹੈ।
ਟੈਸਟਿੰਗ ਵਿਧੀ:
- ਵਰਕ ਦਾ ਕੁਝ ਹਿੱਸਾ ਲਓ ਅਤੇ ਇਸ ਨੂੰ ਦੋ ਉਂਗਲਾਂ ਦੇ ਵਿਚਕਾਰ ਹਲਕਾ-ਹਲਕਾ ਰਗੜੋ।
- ਸ਼ੁੱਧ ਚਾਂਦੀ ਦੀਆਂ ਪੱਤੀਆਂ ਆਸਾਨੀ ਨਾਲ ਪਾਊਡਰ ਦੇ ਰੂਪ ਵਿੱਚ ਚੂਰ-ਚੂਰ ਹੋ ਜਾਣਗੀਆਂ ਜਦੋਂ ਕਿ ਐਲਮੀਨੀਅਮ ਦੇ ਪੱਤੇ ਸਿਰਫ਼ ਛੋਟੇ ਟੁਕੜਿਆਂ ਵਿੱਚ ਟੁੱਟਣਗੇ ਜਾ ਉਸਦੀ ਗੋਲੀ ਬਣ ਜਾਵੇਗੀ।
- ਇਸ ਤੋਂ ਇਲਾਵਾ ਸ਼ੱਕੀ ਚਾਂਦੀ ਦੀਆਂ ਪੱਤੀਆਂ ਨੂੰ ਲੈ ਕੇ ਗੇਂਦ ਦੇ ਰੂਪ 'ਚ ਬਣਾ ਲਓ ਅਤੇ ਅੱਗ ਦੀ ਮਦਦ ਨਾਲ ਸਾੜ ਦਿਓ।
- ਸ਼ੁੱਧ ਚਾਂਦੀ ਦੇ ਪੱਤੇ ਪੂਰੀ ਤਰ੍ਹਾਂ ਸੜ ਜਾਂਦੇ ਹਨ ਜਦੋਂ ਕਿ ਐਲਮੀਨੀਅਮ ਦੇ ਪੱਤੇ ਸਲੇਟੀ ਸੁਆਹ ਵਿੱਚ ਬਦਲ ਜਾਂਦੇ ਹਨ।
ਕੇਸਰ 'ਚ ਵੀ ਹੁੰਦੀ ਹੈ ਮਿਲਾਵਟ

ਤਸਵੀਰ ਸਰੋਤ, Getty Images
ਮਾਤਰਾ ਵਧਾਉਣ ਲਈ ਛੱਲੀਆਂ ਦੇ ਵਾਲਾਂ ਨੂੰ ਰੰਗ ਦੇ ਕੇ ਕੇਸਰ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਸ ਮਿਲਾਵਟ ਦਾ ਵੀ ਟੈਸਟ ਘਰ 'ਚ ਹੀ ਕੀਤਾ ਜਾ ਸਕਦਾ ਹੈ।
ਟੈਸਟਿੰਗ ਵਿਧੀ:
- ਅਸਲੀ ਕੇਸਰ ਨਕਲੀ ਵਾਂਗ ਆਸਾਨੀ ਨਾਲ ਨਹੀਂ ਟੁੱਟੇਗਾ।
- ਇਸ ਨੂੰ ਟੈਸਟ ਕਰਨ ਲਈ ਇੱਕ ਪਾਰਦਰਸ਼ੀ ਗਲਾਸ 'ਚ ਪਾਣੀ ਲਓ ਅਤੇ ਥੋੜ੍ਹੀ ਮਾਤਰਾ ਵਿੱਚ ਕੇਸਰ ਉਸ ਵਿੱਚ ਭਿਉਂ ਦਿਓ।
- ਜੇਕਰ ਕੇਸਰ ਵਿੱਚ ਮਿਲਾਵਟ ਹੁੰਦੀ ਹੈ ਤਾਂ ਨਕਲੀ ਰੰਗ ਪਾਣੀ ਵਿੱਚ ਤੇਜ਼ੀ ਨਾਲ ਘੁਲ ਜਾਂਦਾ ਹੈ।
- ਪਰ ਜੇਕਰ ਸ਼ੁੱਧ ਕੇਸਰ ਪਾਣੀ ਵਿੱਚ ਘੁਲਣ ਦਿੱਤਾ ਜਾਂਦਾ ਹੈ ਤਾਂ ਇਹ ਭਗਵਾ ਰੰਗ ਦਿੰਦਾ ਰਹਿੰਦਾ ਹੈ ਜਦੋਂ ਤੱਕ ਇਹ ਪੂਰੀ ਤਰ੍ਹਾਂ ਮਿਲ ਨਹੀਂ ਜਾਂਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












