ਬਰਿਕਸ ਸੰਮੇਲਨ: ਪੁਤਿਨ ਨੂੰ ਮਿਲੇ ਪੀਐੱਮ ਮੋਦੀ, ਸ਼ੀ ਜਿਨਪਿੰਗ ਨਾਲ ਕਿਸ ਮੁੱਦੇ 'ਤੇ ਹੋ ਸਕਦੀ ਹੈ ਚਰਚਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਦੇ ਕਜ਼ਾਨ ਵਿੱਚ ਬਰਿਕਸ ਦਾ 16ਵਾਂ ਸ਼ਿਖ਼ਰ ਸੰਮੇਲਨ ਚੱਲ ਰਿਹਾ ਹੈ

ਅਸਲ ਕੰਟਰੋਲ ਰੇਖਾ 'ਤੇ ਤਣਾਅ ਘਟਾਉਣ ਲਈ ਸਮਝੌਤੇ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੁੱਧਵਾਰ ਨੂੰ ਰੂਸ 'ਚ ਦੁਵੱਲੀ ਗੱਲਬਾਤ ਹੋਵੇਗੀ।

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਕਰੀਬ ਪੰਜ ਸਾਲ ਬਾਅਦ ਦੁਵੱਲੀ ਗੱਲਬਾਤ ਹੋਵੇਗੀ।

ਸੋਮਵਾਰ ਨੂੰ ਹੀ ਵਿਦੇਸ਼ ਸਕੱਤਰ ਨੇ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਸੀ ਕਿ 2020 'ਚ ਚੁੱਕੇ ਗਏ ਮੁੱਦਿਆਂ ਨੂੰ ਸੁਲਝਾਉਣ ਅਤੇ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋ ਗਿਆ ਹੈ।

ਮਿਸਰੀ ਦੇ ਐਲਾਨ ਨੇ ਸੰਕੇਤ ਦਿੱਤਾ ਕਿ ਦੋ ਏਸ਼ੀਆਈ ਸ਼ਕਤੀਆਂ ਵਿਚਕਾਰ ਉੱਚ ਪੱਧਰੀ ਕੂਟਨੀਤੀ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਣ ਵਾਲਾ ਹੈ।

ਸਰਹੱਦੀ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ 'ਤੇ ਮਿਸ਼ਰੀ ਨੇ ਕਿਹਾ, "ਜਿਨ੍ਹਾਂ ਇਲਾਕਿਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਉੱਥੇ ਗਸ਼ਤ ਅਤੇ ਪਸ਼ੂ ਚਰਾਉਣ ਦੀਆਂ ਗਤੀਵਿਧੀਆਂ 2020 ਦੀ ਸਥਿਤੀ ਵਿੱਚ ਵਾਪਸ ਆ ਜਾਣਗੀਆਂ।"

"ਜਿੱਥੋਂ ਤੱਕ ਡਿਸਅੰਗੇਜਮੈਂਟ ਨੂੰ ਲੈ ਕੇ ਪਹਿਲੇ ਹੋਏ ਸਮਝੌਤੇ ਦੀ ਗੱਲ ਹੈ, ਇਨ੍ਹਾਂ ਗੱਲਬਾਤਾਂ ਵਿੱਚ ਉਨ੍ਹਾਂ ʼਤੇ ਗੱਲ ਨਹੀਂ ਹੋਈ ਸੀ।"

"ਸੋਮਵਾਰ ਨੂੰ ਜੋ ਸਮਝੌਤਾ ਹੋਇਆ, ਉਹ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਲਟਕੇ ਪਏ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰੂਸ ਦੇ ਕਜ਼ਾਨ ਵਿੱਚ ਬਰਿਕਸ ਦਾ 16ਵਾਂ ਸ਼ਿਖ਼ਰ ਸੰਮੇਲਨ ਚੱਲ ਰਿਹਾ ਹੈ ਅਤੇ ਇਸ ਵਿੱਚ ਹਿੱਸਾ ਲੈਣ ਲਈ ਪੀਐੱਮ ਮੋਦੀ ਮੰਗਲਵਾਰ ਉੱਥੇ ਪਹੁੰਚੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਮੇਲਨ ਦੇ ਮੇਜ਼ਬਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਪਹਿਲੇ ਦਿਨ ਦੁਵੱਲੀ ਗੱਲਬਾਤ ਹੋਈ। ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ।

ਰੂਸ ਦੀ ਪ੍ਰਧਾਨਗੀ 'ਚ 22 ਤੋਂ 24 ਅਕਤੂਬਰ ਤੱਕ ਹੋਣ ਵਾਲੀ ਇਸ ਕਾਨਫਰੰਸ 'ਚ ਆਰਥਿਕ ਸਹਿਯੋਗ, ਜਲਵਾਯੂ ਪਰਿਵਰਤਨ ਅਤੇ ਡਿਜੀਟਲ ਸਮਾਵੇਸ਼ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ ਅਤੇ ਨਾਲ ਹੀ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ 'ਤੇ ਵੀ ਵਿਚਾਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਿਕਸ ਮੈਂਬਰ ਦੇਸ਼ਾਂ ਦੇ ਮੁਖੀਆਂ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ।

ਈਰਾਨ ਦੇ ਰਾਸ਼ਟਰਪੀ ਅਤੇ ਪੀਐੱਮ ਮੋਦੀ

ਤਸਵੀਰ ਸਰੋਤ, @narendramodi/X

ਤਸਵੀਰ ਕੈਪਸ਼ਨ, ਪੀਐੱਮ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ

ਮੋਦੀ ਨੇ ਯੂਕਰੇਨ ਜੰਗ ʼਤੇ ਕੀ ਕਿਹਾ

ਪੁਤਿਨ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਰੂਸ-ਯੂਕਰੇਨ ਜੰਗ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਸ਼ਾਂਤੀ ਲਈ ਭਾਰਤ ਦੀ ਜੋ ਵੀ ਭੂਮਿਕਾ ਜ਼ਰੂਰੀ ਹੋਵੇਗੀ, ਭਾਰਤ ਉਸ ਨੂੰ ਨਿਭਾਉਣ ਲਈ ਤਿਆਰ ਹੈ।

ਪੀਐੱਮ ਮੋਦੀ ਨੇ ਕਿਹਾ, "ਅਸੀਂ ਰੂਸ ਅਤੇ ਯੂਕਰੇਨ ਵਿਚਾਲੇ ਟਕਰਾਅ ਦੇ ਵਿਸ਼ੇ 'ਤੇ ਲਗਾਤਾਰ ਸੰਪਰਕ ਵਿੱਚ ਰਹੇ ਹਾਂ। ਸਾਡਾ ਮੰਨਣਾ ਹੈ ਕਿ ਸਮੱਸਿਆਵਾਂ ਦਾ ਹੱਲ ਸ਼ਾਂਤਮਈ ਹੋਣਾ ਚਾਹੀਦਾ ਹੈ।"

"ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਤੋਂ ਜਲਦੀ ਬਹਾਲੀ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ। ਭਾਰਤ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।"

ਉੱਥੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਪ੍ਰੋਜੈਕਟਾਂ 'ਤੇ ਚਰਚਾ ਕੀਤੀ ਅਤੇ ਭਾਰਤ ਦਾ ਕਜ਼ਾਨ 'ਚ ਵਣਜ ਦੂਤਘਰ ਖੋਲ੍ਹਣ ਦਾ ਸਵਾਗਤ ਕੀਤਾ।

ਰਾਸ਼ਟਰਪਤੀ ਪੁਤਿਨ ਨੇ ਕਿਹਾ, “ਸਾਡੇ ਵੱਡੇ ਪ੍ਰੋਜੈਕਟ ਲਗਾਤਾਰ ਵਿਕਸਿਤ ਹੋ ਰਹੇ ਹਨ। ਜੋ ਤੁਸੀਂ ਕਜ਼ਾਨ ਵਿੱਚ ਭਾਰਤ ਦੇ ਵਣਜ ਦੂਤਘਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ, ਅਸੀਂ ਇਸ ਦਾ ਸਵਾਗਤ ਕਰਦੇ ਹਾਂ। ਭਾਰਤ ਦੇ ਕੂਟਨੀਤਕ ਮੌਜੂਦਗੀ ਨਾਲ ਸਾਡੇ ਸਹਿਯੋਗ ਨੂੰ ਫਾਇਦਾ ਮਿਲੇਗਾ।"

ਮੋਦੀ ਅਤੇ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਤਿਨ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਰੂਸ-ਯੂਕਰੇਨ ਜੰਗ 'ਤੇ ਚਰਚਾ ਕੀਤੀ

ਉਨ੍ਹਾਂ ਕਿਹਾ, "ਅਸੀਂ ਬਰਿਕਸ ਦੇ ਅੰਦਰ ਭਾਰਤ-ਰੂਸ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੇ ਹਾਂ ਕਿਉਂਕਿ ਅਸੀਂ ਦੋਵੇਂ ਦੇਸ਼ ਇਸ ਦੇ ਸੰਸਥਾਪਕ ਮੈਂਬਰ ਹਾਂ। ਸਾਡੇ ਜਨਤਕ ਨੁਮਾਇੰਦਿਆਂ, ਸਾਡੇ ਵਿਦੇਸ਼ ਮੰਤਰੀਆਂ ਨੇ ਲਗਾਤਾਰ ਸੰਪਰਕ ਰੱਖਿਆ ਹੈ ਅਤੇ ਵਪਾਰ ਵੀ ਸਕਾਰਾਤਮਕ ਢੰਗ ਨਾਲ ਵਧ ਰਿਹਾ ਹੈ।"

ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਰਿਸ਼ਤੇ ਤੇਜ਼ੀ ਨਾਲ ਵਿਕਸਤ ਹੋਏ ਹਨ ਅਤੇ ਨਵੀਂ ਦਿੱਲੀ ਨਾਲ ਆਪਣੇ ਰਿਸ਼ਤੇ ਨੂੰ ਮਾਸਕੋ ਅਹਿਮੀਅਤ ਦਿੰਦਾ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਪਿਛਲੇ ਇੱਕ ਦਹਾਕੇ ਵਿੱਚ ਪੀਐੱਮ ਮੋਦੀ ਦੀ ਦਸਵੀਂ ਅਤੇ ਉਨ੍ਹਾਂ ਦੀ ਦੂਜੀ ਯਾਤਰਾ ਹੈ।

ਇਹ ਸੰਮੇਲਨ ਯੂਕਰੇਨ ਵਿਵਾਦ ਅਤੇ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਹੋ ਰਿਹਾ ਹੈ ਅਤੇ ਇਸ ਸੰਮੇਲਨ ਨੂੰ ਗ਼ੈਰ-ਪੱਛਮੀ ਸ਼ਕਤੀਆਂ ਦੀ ਤਾਕਤ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

ਵਿਕਰਮ ਮਿਸਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਕਰਮ ਮਿਸਰੀ ਮੁਤਾਬਕ ਕੁਡਨੁਕੁਲਮ ਨਿਊਕਲੀਅਰ ਪਾਵਰ ਪ੍ਰੋਜੈਕਟ 'ਚ ਬਚੀ ਹੋਈ 3 ਤੋਂ 6 ਯੂਨਿਟਾਂ ਦੇ ਨਿਰਮਾਣ 'ਤੇ ਵੀ ਚਰਚਾ ਹੋਈ ਹੈ

ਚਾਬਹਾਰ ਪ੍ਰਾਜੈਕਟ 'ਤੇ ਚਰਚਾ

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਬ੍ਰੀਫਿੰਗ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਵਿਚਾਲੇ ਰੱਖਿਆ, ਈਂਧਣ ਅਤੇ ਪਰਮਾਣੂ ਪ੍ਰੋਗਰਾਮ 'ਚ ਸਹਿਯੋਗ ਨੂੰ ਲੈ ਕੇ ਗੱਲਬਾਤ ਹੋਈ।

ਵਿਕਰਮ ਮਿਸਰੀ ਮੁਤਾਬਕ ਕੁਡਨੁਕੁਲਮ ਨਿਊਕਲੀਅਰ ਪਾਵਰ ਪ੍ਰੋਜੈਕਟ 'ਚ ਬਚੀ ਹੋਈ 3 ਤੋਂ 6 ਯੂਨਿਟਾਂ ਦੇ ਨਿਰਮਾਣ 'ਤੇ ਵੀ ਚਰਚਾ ਹੋਈ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਵਿੱਤੀ ਖੇਤਰ ਵਿੱਚ ਵਿਆਪਕ ਭਾਈਵਾਲੀ ਬਾਰੇ ਵੀ ਚਰਚਾ ਹੋਈ।

ਉਨ੍ਹਾਂ ਦੱਸਿਆ ਕਿ ਭਾਰਤ ਅਤੇ ਰੂਸ ਦੀਆਂ ਸਰਕਾਰਾਂ ਵਿਚਾਲੇ ਸਹਿਯੋਗ ਲਈ ਬਣੇ ਕਮਿਸ਼ਨ ਦੀ 25ਵੀਂ ਮੀਟਿੰਗ ਅਗਲੇ ਮਹੀਨੇ 12 ਨਵੰਬਰ ਨੂੰ ਦਿੱਲੀ ਵਿਖੇ ਹੋਵੇਗੀ। ਰੂਸੀ ਵਫ਼ਦ ਦੀ ਅਗਵਾਈ ਰੂਸ ਦੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਚੂਰੋਵ ਕਰਨਗੇ।

ਵਿਦੇਸ਼ ਸਕੱਤਰ ਅਨੁਸਾਰ, ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਹੋਈ।

ਦੋਵਾਂ ਨੇਤਾਵਾਂ ਵਿਚਕਾਰ ਚਾਬਹਾਰ ਪੋਰਟ ਅਤੇ ਅੰਤਰਰਾਸ਼ਟਰੀ ਉੱਤਰੀ ਦੱਖਣੀ ਟਰਾਂਸਪੋਰਟ ਕੋਰੀਡੋਰ (ਆਈਐੱਨਐੱਸਟੀਸੀ) ਬਾਰੇ ਚਰਚਾ ਹੋਈ, ਜੋ ਖੇਤਰੀ ਸੰਪਰਕ ਅਤੇ ਵਪਾਰਕ ਸਾਂਝੇਦਾਰੀ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ।

ਇਸ ਤੋਂ ਇਲਾਵਾ ਪੱਛਮੀ ਏਸ਼ੀਆ 'ਚ ਵਿਗੜਦੇ ਹਾਲਾਤ 'ਤੇ ਵੀ ਚਰਚਾ ਹੋਈ ਅਤੇ ਪੀਐੱਮ ਮੋਦੀ ਨੇ ਇਸ 'ਤੇ ਚਿੰਤਾ ਪ੍ਰਗਟਾਈ।

ਇਸ ਸੰਮੇਲਨ ਦੌਰਾਨ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ 'ਤੇ ਵੀ ਚਰਚਾ ਹੋਣ ਵਾਲੀ ਹੈ।

ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਸਕੱਤਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗ਼ਲਤ ਸੂਚਨਾ ਹੈ ਕਿ ਭਾਰਤ ਨੇ ਬਰਿਕਸ ਦੇ ਵਿਸਥਾਰ ਦਾ ਵਿਰੋਧ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਬਰਿਕਸ ਵਿੱਚ ਸ਼ਾਮਲ ਹੋਏ ਨਵੇਂ ਦੇਸ਼ਾਂ ਨੇ ਇਸ ਪ੍ਰਕਿਰਿਆ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਸੀ।

ਬਰਿਕਸ ਦੇ ਮੁਲਕ
ਤਸਵੀਰ ਕੈਪਸ਼ਨ, ਬਰਿਕਸ ਦੇ ਮੁਲਕ

ਬਰਿਕਸ ਕੀ ਹੈ

2006 ਵਿੱਚ, ਬ੍ਰਾਜ਼ੀਲ (B), ਰੂਸ (R), ਭਾਰਤ (I), ਚੀਨ (C) ਨੂੰ ਮਿਲਾ ਕੇ ਬਰਿਕ (BRIC) ਸਮੂਹ ਬਣਿਆ ਸੀ। ਸਾਲ 2010 ਵਿੱਚ ਇਸ ਵਿੱਚ ਦੱਖਣੀ ਅਫ਼ਰੀਕਾ (S) ਸ਼ਾਮਲ ਹੋਇਆ ਸੀ। ਇਨ੍ਹਾਂ ਦੇਸ਼ਾਂ ਦੇ ਨਾਮ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਬਰਿਕਸ (BRICS) ਬਣਿਆ ਹੈ।

ਇਸ ਸਮੂਹ ਦਾ ਗਠਨ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਵਿਕਾਸਸ਼ੀਲ ਦੇਸ਼ਾਂ ਨੂੰ ਨਾਲ ਲੈ ਕੇ ਆਉਣ ਲਈ ਹੋਇਆ ਸੀ, ਤਾਂ ਜੋ ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਦੇ ਅਮੀਰ ਮੁਲਕਾਂ ਦੀ ਸਿਆਸੀ ਤੇ ਆਰਥਿਕ ਸ਼ਕਤੀ ਨੂੰ ਚੁਣੌਤੀ ਦਿੱਤੀ ਜਾ ਸਕੇ। ਹੁਣ ਇਸ ਦਾ ਦਾਇਰਾ ਵਧ ਗਿਆ ਹੈ।

1 ਜਨਵਰੀ, 2024 ਵਿੱਚ ਇਸ ਸਮੂਹ ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਇਸ ਵਿੱਚ ਜਗ੍ਹਾ ਦੇਣ ਲਈ ਸੱਦਾ ਭੇਜਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਸੀ।

ਸਾਊਦੀ ਅਰਬ ਸਰਕਾਰ ਦੇ ਇੱਕ ਮੰਤਰੀ ਅਨੁਸਾਰ ਉਹ ਜਨਵਰੀ ਦੇ ਅੱਧ ਤੱਕ ਇਸ ਵਿੱਚ ਸ਼ਾਮਲ ਨਹੀਂ ਹੋਇਆ ਸੀ ਪਰ ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਉਸ ਦੀ ਮੈਂਬਰਸ਼ਿਪ ਦੀ ਪੁਸ਼ਟੀ ਕਰ ਦਿੱਤੀ ਸੀ।

ਅਰਜਨਟੀਨਾ ਨੂੰ ਵੀ ਇਸ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਪਰ ਦਸੰਬਰ 2023 ਵਿੱਚ ਖਾਵੀਅਰ ਮਿਲੇ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਰਜਨਟੀਨਾ ਇਸ ਤੋਂ ਪਿੱਛੇ ਹਟ ਗਿਆ।

ਤਿੰਨ ਦਰਜਨ ਹੋਰ ਦੇਸ਼ਾਂ ਨੇ ਬਰਿਕਸ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ, ਇਨ੍ਹਾਂ 'ਚੋਂ ਕਈ ਦੇਸ਼ਾਂ ਨੇ ਆਪਣੇ ਉੱਚ ਪੱਧਰੀ ਵਫ਼ਦ ਭੇਜੇ ਹਨ।

ਬਰਿਕਸ ਸੰਮੇਲਨ ਇੰਨਾ ਅਹਿਮ ਕਿਉਂ ਹੈ

ਜਦੋਂ ਵੀ ਬਰਿਕਸ ਸ਼ਿਖ਼ਰ ਸੰਮੇਲਨ ਹੁੰਦਾ ਹੈ ਤਾਂ ਉਸ ਵਿੱਚ ਪ੍ਰਾਥਮਿਕਤਾਵਾਂ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਫ਼ੈਸਲੇ ਲਏ ਜਾਂਦੇ ਹਨ।

ਵੱਖ-ਵੱਖ ਮੈਂਬਰ ਦੇਸ਼ ਇੱਕ ਸਾਲ ਲਈ ਇਸ ਦੇ ਪ੍ਰਧਾਨ ਬਣਦੇ ਹਨ।

ਹੁਣ ਜਦੋਂ ਕਿ ਇਸ ਸੰਸਥਾ ਦੇ ਕੁਝ ਚੋਣਵੇਂ ਮੈਂਬਰ ਨਹੀਂ ਰਹੇ ਤਾਂ ਇਸ ਦੀ ਕੀ ਨਾਮ ਹੋਵੇਗਾ ਇਹ ਅਜੇ ਇਹ ਸਪੱਸ਼ਟ ਨਹੀਂ ਹੈ, ਪਰ ਫਿਲਹਾਲ ਇਸ ਨੂੰ ਬਰਿਕਸ ਪਲੱਸ ਕਿਹਾ ਜਾ ਰਿਹਾ ਹੈ।

ਇਸ ਸਮੂਹ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੰਯੁਕਤ ਆਬਾਦੀ 3.5 ਅਰਬ ਹੈ, ਜੋ ਕਿ ਵਿਸ਼ਵ ਦੀ ਕੁੱਲ ਆਬਾਦੀ ਦਾ 45 ਫੀਸਦ ਹੈ।

ਇਨ੍ਹਾਂ ਮੈਂਬਰ ਦੇਸ਼ਾਂ ਦੀ ਸੰਯੁਕਤ ਅਰਥਚਾਰੇ ਦੀ ਤਾਕਤ 28.5 ਲੱਖ ਕਰੋੜ ਡਾਲਰ ਹੈ, ਜੋ ਕਿ ਵਿਸ਼ਵ ਦੇ ਅਰਥਚਾਰੇ ਦਾ ਲਗਭਗ 28 ਫੀਸਦ ਹਿੱਸਾ ਹੈ।

ਬਰਿਕਸ

ਜੇਕਰ ਈਰਾਨ, ਸਾਊਦੀ ਅਰਬ ਅਤੇ ਯੂਏਈ ਦੀ ਗੱਲ ਕਰੀਏ ਤਾਂ ਬਰਿਕਸ ਦੇ ਇਹ ਮੈਂਬਰ ਦੁਨੀਆ ਦੇ ਕੁੱਲ ਕੱਚੇ ਤੇਲ ਦਾ 44 ਫੀਸਦੀ ਉਤਪਾਦਨ ਖ਼ੁਦ ਕਰਦੇ ਹਨ।

ਇਹ ਸੰਸਥਾ ਇਹ ਵੀ ਦਲੀਲ ਦਿੰਦੀ ਹੈ ਕਿ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ 'ਤੇ ਪੱਛਮੀ ਦੇਸ਼ਾਂ ਦਾ ਦਬਦਬਾ ਹੈ ਅਤੇ ਇਹ ਸੰਸਥਾਵਾਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੈਸਾ ਦਿੰਦੀਆਂ ਹਨ।

ਬਰਿਕਸ ਉਭਰਦੇ ਅਰਤਚਾਰਿਆਂ ਲਈ ਇੱਕ ਪ੍ਰਮੁੱਖ ਆਵਾਜ਼ ਅਤੇ ਉਨ੍ਹਾਂ ਪ੍ਰਤੀਨਿਧੀ ਬਣਨਾ ਚਾਹੁੰਦਾ ਹੈ।

ਇਸ ਲੜੀ ਵਿੱਚ, ਸਾਲ 2014 ਵਿੱਚ, ਬਰਿਕਸ ਦੇਸ਼ਾਂ ਨੇ ਨਿਊ ਡਵੈਲਪਮੈਂਟ ਬੈਂਕ ਸ਼ੁਰੂ ਕੀਤਾ ਸੀ ਜੋ ਬੁਨਿਆਦੀ ਢਾਂਚੇ ਲਈ ਕਰਜ਼ਾ ਦਿੰਦਾ ਹੈ।

2022 ਦੇ ਅੰਤ ਤੱਕ, ਇਸ ਨੇ ਉਭਰਦੇ ਦੇਸ਼ਾਂ ਨੂੰ ਨਵੀਆਂ ਸੜਕਾਂ, ਪੁਲਾਂ, ਰੇਲ ਅਤੇ ਜਲ ਸਪਲਾਈ ਪ੍ਰੋਜੈਕਟਾਂ ਲਈ ਲਗਭਗ 32 ਅਰਬ ਡਾਲਰ ਦਿੱਤੇ ਸਨ।

ਮਾਹਰਾਂ ਦਾ ਮੰਨਣਾ ਹੈ ਕਿ ਚੀਨ ਦਾ ਬਰਿਕਸ ਲਈ ਇਹੀ ਮੁੱਖ ਟੀਚਾ ਹੈ।

ਕਰੰਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਿਕਸ ਵਿੱਚ ਇੱਕ ਸਾਂਝੀ ਮੁਦਰਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ

ਆਮ ਮੁਦਰਾ 'ਤੇ ਵਿਚਾਰ

ਵਪਾਰ ਲਈ ਡਾਲਰ ਬਹੁਤ ਮਹੱਤਵਪੂਰਨ ਹੈ ਅਤੇ ਬਰਿਕਸ ਦੇਸ਼ਾਂ ਵਿੱਚ ਇੱਕ ਸਾਂਝੀ ਮੁਦਰਾ 'ਤੇ ਵਿਚਾਰ ਕਰਨ ਦੀਆਂ ਰਿਪੋਰਟਾਂ ਰਹੀਆਂ ਹਨ।

ਕੋਈ ਵੀ ਦੋ ਦੇਸ਼ ਆਪਸ ਵਿੱਚ ਵਪਾਰ ਲਈ ਡਾਲਰ ਦੀ ਵਰਤੋਂ ਕਰਦੇ ਹਨ, ਪਰ ਬ੍ਰਾਜ਼ੀਲ ਅਤੇ ਰੂਸ ਦੇ ਪ੍ਰਮੁੱਖ ਨੇਤਾਵਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਰਿਕਸ ਲਈ ਇੱਕ ਕਰੰਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਡਾਲਰ ਦਾ ਦਬਦਬਾ ਘਟਾਇਆ ਜਾ ਸਕੇ।

ਹਾਲਾਂਕਿ ਬਰਿਕਸ 2023 ਸੰਮੇਲਨ 'ਚ ਇਸ 'ਤੇ ਕੋਈ ਚਰਚਾ ਨਹੀਂ ਹੋਈ ਸੀ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਰਿਕਸ ਦੇਸ਼ਾਂ ਲਈ ਇੱਕ ਸਾਂਝੀ ਮੁਦਰਾ ਤਿਆਰ ਕਰਨਾ ਅਵਿਵਹਾਰਕ ਹੋਵੇਗਾ ਕਿਉਂਕਿ ਸਾਰੇ ਦੇਸ਼ਾਂ ਦੇ ਅਰਥਚਾਰੇ ਬਹੁਤ ਵੱਖ-ਵੱਖ ਹਨ।

ਹਾਲਾਂਕਿ, ਵਿਸ਼ਲੇਸ਼ਕ ਇਹ ਵੀ ਮੰਨਦੇ ਹਨ ਕਿ ਉਹ ਭਵਿੱਖ ਵਿੱਚ ਕੌਮਾਂਤਰੀ ਵਪਾਰ ਦੇ ਲਈ ਭੁਗਤਾਨ ਕਰਨ ਲਈ ਇੱਕ ਨਵੀਂ ਮੁਦਰਾ ਜਾਂ ਕ੍ਰਿਪਟੋਕਰੰਸੀ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਸਕਦੇ ਹਨ।

ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਜੇਕਰ ਬਰਿਕਸ ਮੈਂਬਰ ਦੇਸ਼ ਸਥਾਨਕ ਮੁਦਰਾ 'ਚ ਕਾਰੋਬਾਰ ਕਰਦੇ ਹਨ ਤਾਂ ਭੂ-ਰਾਜਨੀਤੀ ਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।

ਪਿਛਲੇ ਅਗਸਤ ਵਿੱਚ, ਰੂਸੀ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਕਿਹਾ ਸੀ ਕਿ ਰੂਸ ਅਤੇ ਉਸ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ਵਿਚਕਾਰ 95 ਫੀਸਦ ਭੁਗਤਾਨ ਰੂਬਲ ਅਤੇ ਯੁਆਨ ਵਿੱਚ ਹੋ ਰਿਹਾ ਹੈ।

ਯੂਕਰੇਨ ਜੰਗ ਕਾਰਨ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਸਾਲ 2022 ਵਿੱਚ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ, ਯੂਰਪੀਅਨ ਯੂਨੀਅਨ ਦੇ ਨਾਲ-ਨਾਲ ਜੀ-7 ਨੇ ਲਗਭਗ 325 ਅਰਬ ਡਾਲਰ ਦੀ ਰੂਸੀ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਸੀ।

ਇਹ ਜਾਇਦਾਦਾਂ ਹਰ ਸਾਲ ਤਿੰਨ ਅਰਬ ਡਾਲਰ ਦਾ ਵਿਆਜ਼ ਕਮਾ ਰਹੀਆਂ ਹਨ।

ਜੀ-7 ਯੋਜਨਾ ਦੇ ਤਹਿਤ, 3 ਅਰਬ ਡਾਲਰ ਦੀ ਵਰਤੋਂ ਯੂਕਰੇਨ ਲਈ ਕੌਮਾਂਤਰੀ ਬਾਜ਼ਾਰ ਤੋਂ ਲਏ ਗਏ ਯੂਕਰੇਨ 50 ਅਰਬ ਡਾਲਰ ਦੇ ਕਰਜ਼ੇ 'ਤੇ ਸਾਲਾਨਾ ਵਿਆਜ਼ ਦਾ ਭੁਗਤਾਨ ਕਰਨ ਲਈ ਕੀਤੀ ਜਾਵੇਗੀ।

ਅਜਿਹੇ 'ਚ ਰੂਸ ਭੁਗਤਾਨ ਦੇ ਬਦਲਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)