‘ਮੌਤ ਤੋਂ ਪਹਿਲਾਂ ਸਫ਼ਾਈ’: ਆਉਣ ਵਾਲੀਆਂ ਪੀੜੀਆਂ ਨੂੰ ਬੇਲੋੜੇ ਬੋਝ ਤੋਂ ਬਚਾਉਣ ਦਾ ਇੱਕ ਸਵੀਡਿਸ਼ ਤਰੀਕਾ ਜੋ ਤੁਹਾਡੇ ਕੰਮ ਆ ਸਕਦਾ ਹੈ

ਮੈਗਨੂਸਨ

ਤਸਵੀਰ ਸਰੋਤ, Alexander Mahmoud

ਤਸਵੀਰ ਕੈਪਸ਼ਨ, ਮੈਗਨੂਸਨ ਕਹਿੰਦੇ ਹਨ ਕਿ ਮੈਂ ਹਰ ਰੋਜ਼ ਆਪਣੀ ਮੌਤ ਦੀ ਤਿਆਰੀ ਵਜੋਂ ਥੋੜ੍ਹੀ-ਥੋੜ੍ਹੀ ਸਫ਼ਾਈ ਕੀਤੀ ਤੇ ‘ਹੁਣ ਮੈਂ ਤਿਆਰ ਹਾਂ’
    • ਲੇਖਕ, ਲੌਰਾ ਪਲੀਟ
    • ਰੋਲ, ਬੀਬੀਸੀ ਪੱਤਰਕਾਰ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਮਜ਼ੀਦ ਬੇਲੋੜੀਆਂ ਚੀਜ਼ਾਂ ਨਾਲ ਘਿਰੇ ਰਹਿੰਦੇ ਹਨ।

ਪੁਰਾਣੇ ਕੱਪੜਿਆਂ ਤੋਂ ਲੈ ਕੇ ਬਿਲਕੁਲ ਨਵੇਂ ਕੱਪੜਿਆਂ ਤੱਕ, ਘਰਾਂ ਵਿੱਚ ਪਈਆਂ ਬੇਲੋੜੀਆਂ ਤਸਵੀਰਾਂ ਜਿਨ੍ਹਾਂ ਬਾਰੇ ਇਹ ਵੀ ਚੇਤਾ ਨਹੀਂ ਕਿ ਕਿਸ ਦੀਆਂ ਹਨ ਤੇ ਉਹ ਉਪਕਰਣ ਜੋ ਅਸੀਂ ਕਦੇ ਵਰਤੇ ਹੀ ਨਹੀਂ, ਘਰਾਂ ਵਿੱਚ ਸਾਂਭੇ ਰਹਿੰਦੇ ਹਨ।

ਪਤਾ ਵੀ ਨਹੀਂ ਲੱਗਦਾ ਕਿ ਕਦੋਂ ਅਸੀਂ ਜਿਉਣ ਦੀ ਲੋੜ ਨਾਲੋਂ ਕਿਤੇ ਜ਼ਿਆਦਾ ਇਕੱਠਾ ਕਰ ਲਿਆ।

ਤੇ ਜੇ ਸਾਨੂੰ ਖ਼ੁਦ ਨੂੰ ਹੀ ਨਹੀਂ ਪਤਾ ਕਿ ਇਨ੍ਹਾਂ ਚੀਜ਼ਾਂ ਦਾ ਕਰਨਾ ਕੀ ਹੈ, ਤਾਂ ਸੋਚੋ ਕਿ ਸਾਡੇ ਪਿੱਛੋਂ ਸਾਡੇ ਪਰਿਵਾਰਾਂ ਲਈ ਸਾਡੀਆਂ ਭਰੀਆਂ ਪੇਟੀਆਂ, ਟਰੰਕ ਤੇ ਪਰਛੱਤੀਆਂ ਕਿਵੇਂ ਸਿਰਦਰਦੀ ਹੋ ਨਿਭੜਨਗੀਆਂ।

ਪਰ ਸਵੀਡਨ ਵਾਸੀਆਂ ਨੇ ਇਸ ਹਾਲਾਤ ਨਾਲ ਨਜਿੱਠਣ ਦਾ ਇੱਕ ਬਹੁਤ ਹੀ ਵਿਵਹਾਰਕ ਤਰੀਕਾ ਲੱਭਿਆ ਹੈ।

ਅਸਲ ਵਿੱਚ ਸਵੀਡਨ ਵਾਸੀ ਇਸ ਤੋਂ ਪਹਿਲਾਂ ਕੇ ਮੌਤ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇਵੇ ਘਰਾਂ ਵਿੱਚੋਂ ਵਾਧੂ ਸਮਾਨ ਦੀ ਛਾਂਟੀ ਕਰਨ ਲੱਗਦੇ ਹਨ। ਇਸ ਪ੍ਰੀਕਿਰਿਆ ਨੂੰ ਉਹ ‘ਡੈਥ ਕਲੀਨਿੰਗ’ ਯਾਨੀ ‘ਮੌਤ ਸਫ਼ਾਈ’ ਕਹਿੰਦੇ ਹਨ।

ਇਸ ਵਰਤਾਰੇ ਬਾਰੇ ਵਿਸਥਾਰ ਨਾਲ ਸਮਝਦੇ ਹਾਂ ਤੇ ਜਾਣਦੇ ਹਾਂ ਕਿ ਦੁਨੀਆਂ ਤੋਂ ਜਾਣ ਵਾਲਿਆਂ ਦੇ ਪਰਿਵਾਰਾਂ ਨੂੰ ਪਿਛਲੀਆਂ ਪਰੇਸ਼ਾਨੀਆਂ ਤੋਂ ਬਚਾਉਣ ਦਾ ਕੰਮ ਕਿਵੇਂ ਕਰਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੀ ਹੈ ਡੈਥ ਕਲੀਨਿੰਗ

ਵੱਡੀ ਉਮਰ ਦੇ ਬਹੁਤੇ ਸਵੀਡਿਸ਼ ਆਪਣੇ ਜ਼ਿਆਦਾਤਰ ਸਮਾਨ ਦੀ ਛਾਂਟੀ ਕਰਨ ਲੱਗਦੇ ਹਨ, ਘਰ ਵਿੱਚੋਂ ਵਾਧੂ ਬੇਲੋੜੇ ਸਮਾਨ ਨੂੰ ਬਾਹਰ ਕੱਢਣ ਲੱਗਦੇ ਹਨ।

ਇਹ ਇੱਕ ਅਭਿਆਸ ਹੈ ਜਿਸਨੂੰ ‘ਡੋਸਟੋਡਨਿੰਗ’ ਕਿਹਾ ਜਾਂਦਾ ਹੈ। ਇਹ ਇੱਕ ਪ੍ਰਾਚੀਨ ਰਿਵਾਜ਼ ਹੈ ਜੋ ਮੌਤ ਦੇ ਸਫ਼ਾਈ ਨਾਲ ਸਬੰਧ ਨੂੰ ਦਰਸਾਉਂਦਾ ਹੈ।

ਇਹ ਪ੍ਰੀਕਿਰਿਆ ‘ਮੌਤ ਤੋਂ ਪਹਿਲਾਂ ਸਫਾਈ’ ਯਾਨੀ ਦੁਨੀਆਂ ਤੋਂ ਰੁਖ਼ਸਤੀ ਲੈਣ ਤੋਂ ਪਹਿਲਾਂ ਸਾਰੀਆਂ ਬੇਲੋੜੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਹੈ।

ਇੱਕ ਅਭਿਆਸ ਜਿਸ ਨੂੰ ਸਵੀਡਿਸ਼ ਕਲਾਕਾਰ ਮਾਰਗਰੇਟਾ ਮੈਗਨੂਸਨ ਨੇ ‘ਦਿ ਸਵੀਡਿਸ਼ ਆਰਟ ਆਫ਼ ਟਾਈਡਿੰਗ ਅਪ ਬਿਫਾਰ ਡਾਇੰਗ’ ਵਿੱਚ ਵਿਸਥਾਰ ਵਿੱਚ ਦੱਸਿਆ ਹੈ।

ਮੈਗਨੂਸਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਮੂਲ ਰੂਪ ਵਿੱਚ ਇਹ ਵਿਚਾਰ ਹੈ ਕਿ ਜਦੋਂ ਤੁਸੀਂ ਮਰਦੇ ਹੋ ਤਾਂ ਪਿੱਛੇ ਬੇਲੋੜੀਆਂ ਵਸਤੂਆਂ ਦੇ ਢੇਰ ਨੂੰ ਛੱਡਣਾ ਠੀਕ ਨਹੀਂ ਹੈ। ਖ਼ਾਸਕਰ ਅਜਿਹਾ ਅੰਬਾਰ ਜਿਸ ਦੀ ਹੋਰ ਲੋਕਾਂ ਨੂੰ ਦੇਖਭਾਲ ਕਰਨੀ ਪਵੇਗੀ।

ਉਹ ਅੱਗੇ ਕਹਿੰਦੇ ਹਨ, "ਉਪਭੋਗਤਾਵਾਦੀ ਤੇ ਤੇਜ਼ ਰਫ਼ਤਾਰ ਸਮਾਜ, ਜਿਸ ਵਿੱਚ ਅਸੀਂ ਰਹਿੰਦੇ ਹਾਂ, ਅਜਿਹੀਆਂ ਚੀਜ਼ਾਂ ਨੂੰ ਵਾਪਸ ਦੇਣਾ ਉਨ੍ਹਾਂ ਪਰਿਵਾਰਕ ਜੀਆਂ ਦੀ ਮਦਦ ਕਰਨ ਦਾ ਇੱਕ ਤਰੀਕਾ ਹੈ ਜਿਨਾਂ ਨੂੰ ਤੁਸੀਂ ਪਿੱਛੇ ਛੱਡ ਕੇ ਜਾ ਰਹੇ ਹੋ।"

ਬੇਲੋੜਾ ਸਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਜਿਹੜੀਆਂ ਚੀਜ਼ਾਂ ਅਸੀਂ ਖ਼ੁਦ ਜਿਉਂਦੇ-ਜੀਅ ਨਹੀਂ ਸੁਲਝਾ ਸਕੇ ਹੁੰਦੇ, ਉਨ੍ਹਾਂ ਦਾ ਬੋਝ ਮੌਤ ਤੋਂ ਬਾਅਦ ਪਿੱਛੇ ਬਚੇ ਪਰਿਵਾਰ ਸਿਰ ਲੱਦ ਦਿੰਦੇ ਹਾਂ

ਆਪਣੇ ਪਿਆਰਿਆਂ ਤੇ ਸਮਾਨ ਦਾ ਖ਼ਿਆਲ ਰੱਖਣਾ

ਹੋ ਸਕਦਾ ਹੈ ਕਿ ਕੋਈ ਕਹੇ ਕਿ ਇਹ ਇੰਨਾ ਸਾਧਾਰਨ ਵਿਚਾਰ ਹੈ ਕਿ ਇਸਦੀ ਵਿਆਖਿਆ ਦੀ ਲੋੜ ਨਹੀਂ ਹੈ।

ਪਰ ਸੋਚੋ ਜਿਸ ਪਰਿਵਾਰ ਨੂੰ ਤੁਸੀਂ ਅਸਹਿ ਸੋਗ ਵਿੱਚ ਛੱਡ ਕੇ ਜਾ ਰਹੇ ਹੋ, ਉਸ ਨੂੰ ਨਾਲ ਹੀ ਅਣਗਿਣਤ ਅਣਸੁਲਝੀਆਂ ਮੁਸ਼ਕਿਲਾਂ ਅਤੇ ਸਾਂਭ ਕੇ ਰੱਖਣ ਵਾਲਾ ਸਮਾਨ ਵੀ ਦੇ ਕੇ ਜਾ ਰਹੇ ਹੋ।

ਮੈਗਨੂਸਨ ਨੇ ਆਪਣੀ ਧੀ ਨਾਲ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਦੱਸਿਆ, "ਇੱਕ ਦਿਨ ਜਦੋਂ ਤੁਸੀਂ ਇੱਥੇ ਨਹੀਂ ਹੋਵੋਗੇ, ਤੁਹਾਡੇ ਪਰਿਵਾਰ ਨੂੰ ਤੁਹਾਡੀਆਂ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰਨੀ ਪਵੇਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤੀ ਸਹੀ ਗੱਲ ਹੈ।"

ਉਹ ਕਹਿੰਦੇ ਹਨ, "ਆਪਣੇ ਪਸੰਦੀਦਾਂ ਲੋਕਾਂ ਬਾਰੇ ਸੋਚੋ। ਕੀ ਤੁਸੀਂ ਆਪਣਾ ਸਾਰਾ ਸਮਾਨ ਦਾ ਅੰਬਾਰ ਜਿਸ ਦੀ ਤੁਸੀਂ ਖ਼ੁਦ ਜਿਉਂਦੇ ਜੀਅ ਕਦੀ ਵਰਤੋਂ ਨਹੀਂ ਕੀਤੀ, ਉਸ ਨੂੰ ਆਪਣੇ ਪਿਆਰਿਆਂ ਦੀ ਝੋਲੀ ਪਾ ਕੇ ਜਾਣਾ ਚਾਹੋਗੇ?

ਅਤੇ ਆਪਣੀਆਂ ਸਾਰੀਆ ਮਨਪਸੰਦ ਚੀਜ਼ਾਂ ਬਾਰੇ ਸੋਚੋ, ਕੀ ਉਨ੍ਹਾਂ ਨੂੰ ਕੂੜੇਦਾਨ ਵਿੱਚ ਜਾਣਾ ਚਾਹੀਦਾ ਹੈ?"

ਮੈਗਨੂਸਨ ਨੂੰ ਉਨ੍ਹਾਂ ਦੇ ਪਿਤਾ, ਮਾਂ ਅਤੇ ਪਤੀ ਦੇ ਆਪਣੀ ਮੌਤ ਮਗਰੋਂ ਉਨ੍ਹਾਂ ਦੇ ਪਿੱਛੇ ਛੱਡੇ ਸਮਾਨ ਦੀ ਸਫ਼ਾਈ ਦੀ ਜ਼ਿੰਮੇਵਾਰੀ ਨਿਭਾਉਣੀ ਪਈ।

ਕਿਤਾਬ

ਤਸਵੀਰ ਸਰੋਤ, Alexander Mahmoud

ਤਸਵੀਰ ਕੈਪਸ਼ਨ, ਮੈਗਨੂਸਨ ਦੀ ਕਿਤਾਬ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈ ਹੈ

ਇੱਕ ਔਖਾ ਫ਼ੈਸਲਾ

ਮੈਗਨੂਸਨ ਇਸ ਨੂੰ ਇੱਕ ਔਖਾ ਕੰਮ ਦੱਸਦੇ ਹਨ। ਉਹ ਕਹਿੰਦੇ ਹਨ, “ਕਿਸੇ ਹੋਰ ਦੇ ਮਰਨ ਤੋਂ ਬਾਅਦ ਮੈਨੂੰ ਇੰਨੀ ਵਾਰ ਸਾਫ਼-ਸਫ਼ਾਈ ਕਰਨੀ ਪਈ ਹੈ ਕਿ ਮੈਂ ਆਪਣੀ ਮੌਤ ਤੋਂ ਬਾਅਦ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਬਾਰੇ ਸੋਚ ਵੀ ਨਹੀਂ ਸਕਦੀ।”

ਫਿਰ ਵੀ, ਉਹ ਸਵੀਕਾਰ ਕਰਦੇ ਹਨ ਕਿ ਇਹ ਪ੍ਰਕਿਰਿਆ ਹਰ ਕਿਸੇ ਲਈ ਸੌਖੀ ਨਹੀਂ ਹੈ।

ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਆਪਣੇ ਸਾਰੇ ਪੁਰਾਣੇ ਸਮਾਨ ਦੀ ਸੂਚੀ ਬਣਾਉਣਾ, ਪਿਛਲੀ ਵਾਰ ਜਦੋਂ ਅਸੀਂ ਉਨ੍ਹਾਂ ਦੀ ਵਰਤੋਂ ਕੀਤੀ ਸੀ, ਉਨ੍ਹਾਂ ਪਲਾਂ ਨੂੰ ਯਾਦ ਕਰਨਾ ਅਤੇ ਕਦੀ ਸਾਡੇ ਲਈ ਕੀਮਤੀ ਰਹੇ ਉਸ ਸਮਾਨ ਨੂੰ ਹੱਥੀਂ ਕਿਸੇ ਨੂੰ ਦੇ ਦੇਣਾ ਸਾਡੇ ਬਹੁਤਿਆਂ ਲਈ ਸੌਖਾ ਕੰਮ ਨਹੀਂ ਹੈ।”

“ਮਨੁੱਖੀ ਸੁਭਾਅ ਚੀਜ਼ਾਂ ਨੂੰ ਸੁੱਟਣਾ ਨਹੀਂ ਬਲਕਿ ਉਨ੍ਹਾਂ ਨੂੰ ਇਕੱਠਾ ਕਰਦੇ ਰਹਿਣਾ ਹੈ।”

ਪਰ ਉਹ ਮੰਨਦੇ ਹਨ ਕਿ ਉਹ ਹਮੇਸ਼ਾ ਇਸ ਤਰ੍ਹਾਂ ਦੀ ਸਫ਼ਾਈ ਕਰਦੇ ਰਹਿੰਦੇ ਹਨ। ਉਹ ਕਹਿੰਦੇ ਹਨ, "ਮੈਂ ਹਰ ਚੀਜ਼ ਨੂੰ ਸਹੀ ਰੱਖਣਾ ਅਤੇ ਇੱਕ ਖ਼ਾਸ ਤਰਤੀਬ ਵਿੱਚ ਬਣਾਈ ਰੱਖਣਾ ਪਸੰਦ ਕਰਦੀ ਹਾਂ।"

"ਮੈਂ ਸਮਝਦੀ ਹਾਂ ਕਿ ਆਪਣੇ ਪੋਤੇ-ਪੋਤੀਆਂ ਨੂੰ ਆਪਣੀਆਂ ਯਾਦਾਂ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਸਿੱਖੇ ਸਬਕ ਦੇ ਕੇ ਜਾਣਾ ਬੇਲੋੜਾ ਸਮਾਨ ਦੇ ਕੇ ਜਾਣ ਨਾਲੋਂ ਕਿਤੇ ਬਿਹਤਰ ਹੈ।"

ਉਹ ਕਹਿੰਦੇ ਹਨ, “ਮੈਂ ਇਸ ਨੂੰ ਉਦਾਸੀਨਤਾ ਦੇ ਰੂਪ ਵਿੱਚ ਨਹੀਂ ਦੇਖਦੀ, ਪਰ ਇੱਕ ਰਾਹਤ ਦੇ ਰੂਪ ਵਿੱਚ ਦੇਖਦੀ ਹਾਂ।”

ਇਹ ਵੀ ਪੜ੍ਹੋ-
ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਅਸੀਂ ਆਪਣੇ ਆਲੇ-ਦੁਆਲੇ ਅਜਿਹਾ ਸਮਾਨ ਇਕੱਠਾ ਕੀਤਾ ਹੁੰਦਾ ਹੈ ਜੋ ਸਾਡੇ ਲਈ ਤਾਂ ਅਹਿਮ ਹੁੰਦਾ ਹੈ ਪਰ ਸਾਡੇ ਨਾਲ ਜੁੜੇ ਲੋਕਾਂ ਲਈ ਬੋਝ (ਸੰਕੇਤਕ ਤਸਵੀਰ)

ਚਲੋ ਕੰਮ 'ਤੇ ਚੱਲੀਏ

ਇਸ ਕੰਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨ ਲਈ ਕਈ ਸੁਝਾਅ ਹਨ।

ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ, ਇਹ ਦੇਖ ਕੇ ਸ਼ੁਰੂ ਕਰੋ ਕਿ ਤੁਹਾਡੇ ਕੋਲ ਚੁਬਾਰੇ ਜਾਂ ਬੇਸਮੈਂਟ ਜਾਂ ਅਲਮਾਰੀਆਂ ਵਿੱਚ ਕੀ ਹੈ।

“ਯਾਨੀ, ਉਨ੍ਹਾਂ ਥਾਵਾਂ 'ਤੇ ਜੋ ਨਜ਼ਰ ਤੋਂ ਕੁਝ ਪਰ੍ਹੇ ਹਨ ਅਤੇ ਜਿੱਥੇ ਬਹੁਤ ਘੱਟ ਵਰਤੀਆਂ ਜਾਣ ਵਾਲੀਆ ਚੀਜ਼ਾਂ ਰੱਖੀਆਂ ਹੋਈਆਂ ਹਨ, ਉਹ ਚੀਜ਼ਾਂ ਜਿਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ ਕਿ ਕੀ ਕਰਨਾ ਹੈ ਅਤੇ ਸ਼ਾਇਦ ਤੁਹਾਨੂੰ ਯਾਦ ਵੀ ਨਹੀਂ ਰਿਹਾ ਕਿ ਇਹ ਤੁਹਾਡੇ ਕੋਲ ਹਨ।”

“ਉਹ ਅਜਿਹੀਆਂ ਚੀਜ਼ਾਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਦੇਣ ਦਾ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਤਾਂ ਹੁਣ ਉਹ ਚੀਜ਼ਾਂ ਨਹੀਂ ਵਰਤਦੇ ਅਤੇ ਪਰ ਇਹ ਉਨ੍ਹਾਂ ਲਈ ਬਹੁਤ ਲੋੜ ਦੀਆਂ ਹੋਣ।”

ਮੈਗਨੂਸਨ ਕਹਿੰਦੇ ਹਨ, "ਵੱਡੀਆਂ ਚੀਜ਼ਾਂ ਤੋਂ ਸ਼ੁਰੂਆਤ ਕਰੋ... ਮੇਜ਼, ਕੁਰਸੀਆਂ, ਫ਼ਰਨੀਚਰ, ਫਿਰ ਛੋਟੀਆਂ ਚੀਜ਼ਾਂ ਜਿਵੇਂ ਕੱਪੜੇ ਜਾਂ ਬਰਤਨਾਂ ਦੀ ਛਾਂਟੀ ਸ਼ੁਰੂ ਕਰੋ।"

ਕੱਪੜਿਆਂ ਲਈ, ਉਹ ਮੰਨਦੇ ਹਨ ਕਿ ਸਹੀ ਅਲਮਾਰੀ ਉਹੀ ਹੈ ਜਿਸ ਵਿੱਚ ਅਸੀਂ ਸਿਰਫ਼ ਉਹ ਕੱਪੜੇ ਰੱਖਦੇ ਹਾਂ ਜੋ ਪਹਿਨਣਾ ਪਸੰਦ ਕਰਦੇ ਹਾਂ। ਅਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਵਰਤੋਂ ਬਾਰੇ ਫ਼ੈਸਲਾ ਅੱਖਾਂ ਬੰਦ ਕਰਕੇ ਕੀਤਾ ਜਾ ਸਕਦਾ ਹੈ।

ਵਸਤੂਆਂ ਜੋ ਤੁਹਾਨੂੰ ਚਿੰਤਤ ਕਰਦੀਆਂ ਹਨ, ਜਿਵੇਂ ਕਿ ਯਾਦਗਾਰੀ ਚਿੰਨ੍ਹ, ਚਿੱਠੀਆਂ, ਡਾਇਰੀਆਂ ਜਾਂ ਨਿੱਜੀ ਤਸਵੀਰਾਂ, ਕਿਸੇ ਅਜਿਹੇ ਭਰੋਸੇਮੰਦ ਵਿਅਕਤੀ ਦੇ ਨਾਮ ਦੇ ਲੇਬਲ ਵਾਲੇ ਬਕਸੇ ਵਿੱਚ ਸਟੋਰ ਕੀਤੀਆਂ ਜਾ ਸਕਦੀਆਂ ਹਨ ਜਿਸ ਨੂੰ ਤੁਸੀਂ ਉਹ ਦੇਣਾ ਚਾਹੁੰਦੇ ਹੋ।

ਇਸ ਬਕਸੇ ਨਾਲ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਨਾਲ ਜੁੜੇ ਨਿਰਦੇਸ਼ਾਂ ਬਾਰੇ ਵੀ ਲਿਖਿਆ ਜਾ ਸਕਦਾ ਹੈ।

ਉਹ ਦਸਤਾਵੇਜ਼ਾਂ ਨੂੰ ਨਸ਼ਟ ਕਰਨ ਲਈ ਇੱਕ ਪੇਪਰ ਸ਼ਰੈਡਰ ਲੈਣ ਦੀ ਵੀ ਸਿਫ਼ਾਰਸ਼ ਕਰਦੇ ਹਨ ਜੋ ਬੇਹੱਦ ਨਿੱਜੀ ਹਨ ਤੇ ਸੰਭਾਵੀ ਤੌਰ 'ਤੇ ਤੁਹਾਡੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਦੋਸਤਾਂ ਅਤੇ ਪਰਿਵਾਰ ਨਾਲ ਅਣਸੁਲਝੀਆਂ ਸਮੱਸਿਆਵਾਂ ਜਾਂ ਸਥਿਤੀਆਂ ਵੀ ਬਰਾਬਰ ਹੀ ਅਹਿਮ ਹਨ। ਬਹੁਤ ਦੇਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਵਿਚਾਰ ਹੈ।

ਉਹ ਕਹਿੰਦੇ ਹਨ, “ਵੈੱਬਸਾਈਟਾਂ ਅਤੇ ਡਿਜੀਟਲ ਖਾਤਿਆਂ ਤੱਕ ਪਹੁੰਚ ਕਰਨ ਲਈ ਪਾਸਵਰਡ ਕਿਤੇ ਲਿਖੇ ਜਾ ਸਕਦੇ ਹਨ ਤਾਂ ਜੋ ਪਿੱਛੇ ਰਹਿਣ ਵਾਲਿਆਂ ਲਈ ਚੀਜ਼ਾਂ ਨੂੰ ਸੌਖਾ ਬਣਾਇਆ ਜਾ ਸਕੇ।”

“ਅਖ਼ੀਰ ਵਿੱਚ ਕਰਨ ਵਾਲਾ ਕੰਮ ਹੈ ਆਪਣੀਆਂ ਨਿੱਜੀ ਤਸਵੀਰਾਂ ਦੀ ਛਾਂਟੀ ਕਰਨਾ। ਕਿਉਂਕਿ ਪਤਾ ਨਹੀਂ ਕਦੋਂ ਤੁਸੀਂ ਇਹ ਤਸਵੀਰਾਂ ਦੇਖਦੇ ਯਾਦਾਂ ਦੇ ਤਾਣੇ-ਬਾਣੇ ਵਿੱਚ ਫ਼ਸ ਜਾਓ ਅਤੇ ਕੁਝ ਵੀ ਨਾ ਕਰ ਸਕੋਗੇ।"

“ਇਸ ਸਾਰੇ ਕੰਮ ਨੂੰ ਇਕੱਲਿਆਂ ਕਰਨਾ ਠੀਕ ਹੈ ਕਿਉਂਕਿ ਸਾਡਾ ਮਕਸਦ ਆਪਣੇ ਪਿਆਰਿਆਂ ਨੂੰ ਵਾਧੂ ਬੋਝ ਤੋਂ ਬਚਾਉਣ ਦਾ ਹੈ।”

ਮੈਗਨੂਸਨ

ਤਸਵੀਰ ਸਰੋਤ, Alexander Mahmoud

ਤਸਵੀਰ ਕੈਪਸ਼ਨ, ਮੈਗਨੂਸਨ ਕੋਲ ਇੱਕ ਅਲਮਾਰੀ ਸੀ ਜਿਸ ਵਿੱਚ ਇੱਕ ਦੂਜੇ ਨਾਲ ਮੈਚ ਕਰਦੇ ਕੱਪੜੇ ਭਰੇ ਹੋਏ ਸਨ

ਔਖੀ ਗੱਲਬਾਤ

ਇਸ ਕੰਮ ਨਾਲ ਨਜਿੱਠਣ ਦਾ ਸਹੀ ਆਦਰਸ਼ ਵਕਤ ਕਦੋਂ ਹੈ?

ਉਹ ਲਿਖਦੇ ਹਨ, "ਜੇ ਤੁਸੀਂ ਜ਼ਿੰਦਗੀ ਦੇ ਅੰਤਿਮ ਪੜਾਅ ’ਤੇ ਹੋ, ਤਾਂ ਬਹੁਤ ਜ਼ਿਆਦਾ ਉਮੀਦ ਨਾ ਕਰੋ।”

ਮੈਗਨੂਸਨ ਇਹ ਕੰਮ 65 ਸਾਲ ਦੀ ਉਮਰ ਤੋਂ ਸ਼ੁਰੂ ਕਰਨ ਦੀ ਸਲਾਹ ਦਿੰਦੇ ਹਨ, ਪਰ ਉਨ੍ਹਾਂ ਦਾ ਸੁਝਾਅ ਹੈ ਕਿ ਜਿੰਨੀ ਜਲਦੀ ਹੋ ਸਕੇ ਇਹ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਮੈਗਨੂਸਨ ਕਹਿੰਦੇ ਹਨ, ਕਿ ਉਹ ਹਰ ਰੋਜ਼ ਥੋੜ੍ਹਾ ਜਿਹਾ ਕਰਦੇ ਹਨ। ਜਲਦੀ ਸ਼ੁਰੂ ਕਰੋ, ਇਸ ਤੋਂ ਪਹਿਲਾਂ ਕਿ ਤੁਸੀਂ ਬਹੁਤ ਬੁੱਢੇ ਹੋ ਜਾਵੋ ਅਤੇ ਸਫ਼ਾਈ ਕਰਨ ਲਈ ਲੋੜੀਂਦੀ ਤਾਕਤ ਤੇ ਹਿੰਮਤ ਤੁਹਾਡੇ ਵਿੱਚ ਨਾ ਰਹੇ।"

ਉਨ੍ਹਾਂ ਨੇ ਦੱਸਿਆ, "ਇਹ ਕੰਮ ਕਰਨਾ ਕਦੇ ਵੀ ਜਲਦੀ ਨਹੀਂ ਹੁੰਦਾ ਪਰ ਹਾਂ ਉਸ ਸਮੇਂ ਦੇਰ ਹੁੰਦੀ ਹੈ, ਜਦੋਂ ਤੁਸੀਂ ਮਰ ਚੁੱਕੇ ਹੁੰਦੇ ਹੋ।”

ਉਹ ਕਹਿੰਦੇ ਹਨ, "ਤੁਹਾਨੂੰ ਇਸ ਕੰਮ ਦਾ ਪਛਤਾਵਾ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਡੇ ਅਜ਼ੀਜ਼ ਜਾਂ ਨਜ਼ਦੀਕੀਆਂ ਨੂੰ

ਅਤੇ ਜੇਕਰ ਅਸੀਂ ਆਪਣੇ ਬਾਰੇ ਨਹੀਂ ਸਗੋਂ ਆਪਣੇ ਮਾਤਾ-ਪਿਤਾ ਬਾਰੇ ਸੋਚ ਰਹੇ ਹਾਂ, ਤਾਂ ਮੈਗਨੂਸਨ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨ ਦਾ ਸੁਝਾਅ ਦਿੰਦੇ ਹਨ।”

ਉਹ ਦੱਸਦੇ ਹਨ, "ਬੇਸ਼ੱਕ ਇਹ ਸੌਖਾ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਹ ਨਹੀਂ ਕਰਦੇ ਜਦੋਂ ਉਹ ਜਿਉਂਦੇ ਹਨ, ਤਾਂ ਇਹ ਤੁਹਾਡੇ ਲਈ ਬਾਅਦ ਵਿੱਚ ਨਰਕ ਬਣ ਜਾਵੇਗਾ।"

"ਤੁਹਾਨੂੰ ਥੋੜਾ ਰੁੱਖਾ ਹੋਣਾ ਪਏਗਾ ਅਤੇ ਜਾਂ ਫਿਰ ਉਹਨਾਂ ਦੇ ਨਾਲ ਬੇਸਮੈਂਟ ਜਾਂ ਚੁਬਾਰੇ ਵਿੱਚ ਜਾਓ ਅਤੇ ਉਹਨਾਂ ਨੂੰ ਪੁੱਛੋ ਕਿ ਉਹ ਇਨਾਂ ਚੀਜ਼ਾਂ ਨਾਲ ਕੀ ਕਰਨਾ ਚਾਹੁੰਦੇ ਹਨ, ਅਤੇ ਕੀ ਤੁਸੀਂ ਉਹਨਾਂ ਦਾ ਸਮਾਨ ਘਟਾਉਣ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ।"

ਮੈਗਨੂਸਨ ਨੇ ਸਿੱਟਾ ਕੱਢਿਆ,"ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਕੰਮ ਬਾਰੇ ਸੁਣ ਕੇ ਪਰੇਸ਼ਾਨ ਹੋਵੇਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)