ਉਹ ਔਰਤ ਜਿਸ ਨੂੰ ਆਪਣੇ ਪ੍ਰੇਮੀ ਦੇ ਅਪਰਾਧ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ

ਐਡਿਥ

ਤਸਵੀਰ ਸਰੋਤ, RENÉ WEIS

ਤਸਵੀਰ ਕੈਪਸ਼ਨ, ਫਰੈਡੀ ਬਾਈਵਾਟਰਜ਼ (ਖੱਬੇ) ਦੀ ਐਡੀਥ ਅਤੇ ਪਰਸੀ ਥੌਮਸਨ ਨਾਲ ਤਸਵੀਰ
    • ਲੇਖਕ, ਟਿਮ ਸਟੌਕਸ
    • ਰੋਲ, ਬੀਬੀਸੀ ਨਿਊਜ਼

9 ਜਨਵਰੀ, 1923 ਨੂੰ ਐਡਿਥ ਥੌਮਸਨ ਅਤੇ ਉਸ ਦੇ ਪ੍ਰੇਮੀ ਫਰੈਡੀ ਬਾਈਵਾਟਰਜ਼ ਨੂੰ ਐਡਿਥ ਦੇ ਪਤੀ ਦੇ ਕਤਲ ਕਾਰਨ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਭਾਵੇਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਸੀ ਜਿਸ ਤੋਂ ਪਤਾ ਲੱਗਦਾ ਕਿ ਐਡਿਥ ਨੂੰ ਉਸ ਦੇ ਪਤੀ ਦੇ ਕਤਲ ਦੀ ਯੋਜਨਾ ਬਾਰੇ ਕੁਝ ਵੀ ਪਤਾ ਸੀ। ਫਿਰ ਉਸ ਨੂੰ ਸਜ਼ਾ-ਏ-ਮੌਤ ਕਿਉਂ ਦਿੱਤੀ ਗਈ, ਅਤੇ ਇਹ ਕੇਸ ਇੱਕ ਸਦੀ ਬਾਅਦ ਵੀ ਮਾਇਨੇ ਕਿਉਂ ਰੱਖਦਾ ਹੈ ?

ਮੰਗਲਵਾਰ ਦੀ ਉਸ ਸਰਦ ਸਵੇਰ ਜੱਲਾਦ ਅਤੇ ਉਸ ਦੇ ਸਹਾਇਕ ਜਲਦੀ-ਜਲਦੀ ਲੰਡਨ ਦੀ ਹੌਲੋਵੇਅ ਜੇਲ੍ਹ ਦੀ ਉਸ ਕੋਠੜੀ ਵਿੱਚ ਪਹੁੰਚੇ, ਜਿੱਥੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ।

ਉਨ੍ਹਾਂ ਦੇ ਸਾਹਮਣੇ 29 ਸਾਲਾ ਥੌਮਸਨ ਡਿੱਗੀ ਪਈ ਸੀ, ਕਈ ਦਿਨਾਂ ਤੱਕ ਲਗਾਤਾਰ ਨੀਂਦ ਦੀ ਦਵਾਈ ਦਾ ਟੀਕਾ ਲਗਾਏ ਜਾਣ ਕਾਰਨ ਉਸ ਨੂੰ ਕੁਝ ਹੋਸ਼ ਨਹੀਂ ਸੀ। ਜਿਵੇਂ ਹੀ ਸਜ਼ਾ ਦੇਣ ਵਾਲੀ ਟੀਮ ਪਹੁੰਚੀ ਤਾਂ ਉਸ ਦਾ ਰੋਣਾ ਨਿਕਲਿਆ।

“ਆ ਜਾਓ, ਇਹ ਜਲਦੀ ਖ਼ਤਮ ਹੋ ਜਾਏਗੀ।” ਐਡਿਥ ਨੂੰ ਕਮਰ ਤੋਂ ਚੁੱਕਦਿਆਂ ਟੀਮ ਵਿੱਚੋਂ ਇੱਕ ਆਦਮੀ ਨੇ ਕਿਹਾ।

ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵੇਰੇ ਈਡਥ ਨੂੰ ਫਾਂਸੀ ਵੇਲੇ ਹੋਲੋਵੇ ਜੇਲ੍ਹ ਦੇ ਬਾਹਰ ਇੱਕ ਵੱਡੀ ਭੀੜ ਇਕੱਠੀ ਹੋਈ

ਐਡਿਥ ਦੀਆਂ ਬਾਹਵਾਂ ਅਤੇ ਗਿੱਟੇ ਬੰਨ੍ਹੇ ਹੋਏ ਸੀ ਅਤੇ ਉਸ ਨੂੰ ਇੱਕ ਸ਼ੈਡ ਵੱਲ ਲੈ ਕੇ ਜਾ ਰਹੇ ਸਨ, ਜਿੱਥੇ ਫਾਂਸੀ ਅਤੇ ਤਖ਼ਤਾ ਉਸ ਦਾ ਇੰਤਜ਼ਾਰ ਕਰ ਰਹੇ ਸੀ। ਕੁਝ ਹੀ ਪਲਾਂ ਵਿੱਚ, ਉਹ ਮਰ ਚੁੱਕੀ ਸੀ।

ਉਸੇ ਵੇਲੇ ਇੱਥੋਂ ਅੱਧਾ ਕੁ ਮੀਲ ਦੂਰ ਪੈਂਟੋਨਵਿਲ ਜੇਲ੍ਹ ਵਿੱਚ ਉਸ ਦੇ 20 ਸਾਲਾ ਪ੍ਰੇਮੀ ਨਾਲ ਵੀ ਇਹੀ ਹੋਇਆ ਸੀ।

ਤਿੰਨ ਮਹੀਨੇ ਪਹਿਲਾਂ ਫਰੈਡੀ ਬਾਈਵਾਟਰਜ਼ ਨੇ ਐਡਿਥ ਦੇ ਪਤੀ ਪਰਸੀ ਦਾ ਉਸ ਵੇਲੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਐਡਿਥ ਅਤੇ ਪਰਸੀ ਇੱਕ ਥੀਏਟਰ ਤੋਂ ਘਰ ਜਾ ਰਹੇ ਸੀ।

ਫਰੈਡੀ ਨੇ ਹਮੇਸ਼ਾ ਇਸੇ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਹਮਲੇ ਵਾਰੇ ਐਡਿਥ ਨੂੰ ਕੁਝ ਜਾਣਕਾਰੀ ਨਹੀਂ ਸੀ।

ਐਡਿਥ ਦਾ ਗੁਨਾਹ ਸੀ ਆਕਰਸ਼ਕ, ਸੁਤੰਤਰ, ਕੰਮਕਾਜੀ ਅਤੇ ਬੇਵਫ਼ਾ ਹੋਣਾ। ਕੇਸ ਦੇ ਇੱਕ ਮਾਹਿਰ ਮੁਤਾਬਕ ਉਹ ਨੈਤਿਕ ਨਿਯਮਾਂ ਨੂੰ ਨਾ ਮੰਨਣ ਵਾਲੀਆਂ ਔਰਤਾਂ ਪ੍ਰਤੀ ਸਮਾਜਿਕ ਅਸਹਿਣਸ਼ੀਲਤਾ ਦੀ ਪੀੜਤ ਸੀ। 

ਮੰਨੇ-ਪ੍ਰੰਮਨੇ ਨਾਵਲਕਾਰ ਅਤੇ ਸਕਰੀਨ ਰਾਈਟਰ ਐਜਰ ਵਾਲੇਸ ਕਹਿੰਦੇ ਹਨ, “ਇਸ ਦੇਸ਼ ਦੇ ਇਤਿਹਾਸ ਵਿੱਚ ਜੇਕਰ ਕਦੇ ਕਿਸੇ ਔਰਤ ਨੂੰ ਅਣਜਾਣ ਜਨਤਾ ਦੇ ਪੱਖਪਾਤ ਅਤੇ ਫਾਂਸੀ ਨੂੰ ਜਾਇਜ਼ ਠਹਿਰਾਉਣ ਲਈ ਮਾਮੂਲੀ ਸਬੂਤ ਤੋਂ ਬਿਨ੍ਹਾਂ ਵੀ ਮੌਤ ਦੀ ਸਜ਼ਾ ਦਿੱਤੀ ਗਈ ਹੈ, ਤਾਂ ਉਹ ਐਡਿਥ ਥੌਮਸਨ ਹੈ।”

ਲਾਈਨ

ਮੁੱਖ ਬਿੰਦੂ

  • 9 ਜਨਵਰੀ, 1923 ਨੂੰ ਐਡਿਥ ਥੌਮਸਨ ਅਤੇ ਉਸ ਦੇ ਪ੍ਰੇਮੀ ਫਰੈਡੀ ਬਾਈਵਾਟਰਜ਼ ਨੂੰ ਐਡਿਥ ਦੇ ਪਤੀ ਦੇ ਕਤਲ ਕਾਰਨ ਮੌਤ ਦੀ ਸਜ਼ਾ ਸੁਣਾਈ ਗਈ ਸੀ।
  • ਇਸ ਤੋਂ ਤਿੰਨ ਪਹਿਲਾਂ ਤਿੰਨ ਮਹੀਨੇ ਪਹਿਲਾਂ ਫਰੈਡੀ ਬਾਈਵਾਟਰਜ਼ ਨੇ ਐਡਿਥ ਦੇ ਪਤੀ ਪਰਸੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।
  • ਫਰੈਡੀ ਨੇ ਹਮੇਸ਼ਾ ਇਸੇ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਹਮਲੇ ਵਾਰੇ ਐਡਿਥ ਨੂੰ ਕੁਝ ਜਾਣਕਾਰੀ ਨਹੀਂ ਸੀ।
  • ਆਮ ਕੰਮਕਾਜੀ ਔਰਤਾਂ ਤੋਂ ਜੋ ਉਮੀਦ ਕੀਤੀ ਜਾਂਦੀ ਹੈ, ਐਡਿਥ ਉਸ ਤੋਂ ਵੱਖਰੀ ਜ਼ਿੰਦਗੀ ਚਾਹੁੰਦੀ ਸੀ।
  • ਸਭ ਤੋਂ ਵੱਡੀ ਹੋਣ ਕਰਕੇ, ਉਹ ਆਪਣੀ ਛੋਟੀ ਭੈਣ ਅਤੇ ਤਿੰਨ ਭਰਾਵਾਂ ਦਾ ਖਿਆਲ ਰੱਖਣ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਸੀ।
  • ਜਨਵਰੀ 1916 ਵਿੱਚ ਐਡਿਥ ਨੇ ਸ਼ਿਪਿੰਗ ਕਲਰਕ ਪਰਸੀ ਥੌਮਸਨ ਨਾਲ ਵਿਆਹ ਕਰਵਾਇਆ
  • ਉਹ ਆਪਣੇ ਪਤੀ ਅਤੇ ਪਿਤਾ ਤੋਂ ਵੱਧ ਕਮਾ ਰਹੀ ਸੀ
  • ਉਸ ਦੀਆਂ ਸ਼ਾਮਾਂ ਅਕਸਰ ਦੋਸਤਾਂ ਨਾਲ ਥਿਏਟਰਾਂ, ਸਿਨੇਮਿਆਂ ਜਾਂ ਰੈਸਟੋਰੈਂਟਾਂ ਵਿੱਚ ਗੁਜ਼ਰਦੀਆਂ ਸਨ
  • ਇੱਕ ਟੂਰ ਦੇ ਅੰਤ ਤੱਕ ਫਰੈਡੀ ਅਤੇ ਐਡਿਥ ਵਿਚਕਾਰ ਪਿਆਰ ਪੈ ਗਿਆ
  • ਹੌਲਵੇਅ ਜੇਲ੍ਹ ਵਿੱਚ ਉਸ ਦੀ ਫਾਂਸੀ ਦੇ ਸਮੇਂ 29 ਸਾਲਾ ਐਡਿਥ ਨੂੰ ਹਾਲੇ ਵੋਟ ਦਾ ਅਧਿਕਾਰ ਨਹੀਂ ਮਿਲਿਆ ਸੀ।
ਲਾਈਨ

‘ਉਹ ਅਸਧਾਰਨ ਬਣਨਾ ਚਾਹੁੰਦੀ ਸੀ’

ਆਮ ਕੰਮਕਾਜੀ ਔਰਤਾਂ ਤੋਂ ਜੋ ਉਮੀਦ ਕੀਤੀ ਜਾਂਦੀ ਹੈ, ਐਡਿਥ ਉਸ ਤੋਂ ਵੱਖਰੀ ਜ਼ਿੰਦਗੀ ਚਾਹੁੰਦੀ ਸੀ।

ਸਾਲ 1893 ਵਿੱਚ ਕ੍ਰਿਸਮਸ ਵਾਲੇ ਦਿਨ ਪੂਰਬੀ ਲੰਡਨ ਵਿੱਚ ਜਨਮੀ ਐਡਿਥ ਆਪਣੇ ਮਾਪਿਆਂ ਦੇ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸੀ।

ਸਭ ਤੋਂ ਵੱਡੀ ਹੋਣ ਕਰਕੇ, ਉਹ ਆਪਣੀ ਛੋਟੀ ਭੈਣ ਅਤੇ ਤਿੰਨ ਭਰਾਵਾਂ ਦਾ ਖਿਆਲ ਰੱਖਣ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਸੀ।

ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਅਭਿਲਾਸ਼ੀ ਅਤੇ ਹੁਸ਼ਿਆਰ ਜਵਾਨ ਔਰਤ ਕੰਮ ਖਾਤਰ ਸ਼ਹਿਰ ਚਲੀ ਗਈ ਜਿੱਥੇ ਉਸ ਨੇ ਬਾਰਬੀਕਨ ਦੀ ‘ਕਾਰਲਟਨ ਐਂਡ ਪਾਲਮਰ’ ਕੰਪਨੀ ਵਿੱਚ ਕੰਮ ਕੀਤਾ ਅਤੇ ਜਲਦੀ ਹੀ ਉਸ ਨੇ ਇੰਨੀ ਤਰੱਕੀ ਕਰ ਲਈ ਕਿ ਫ਼ਰਮ ਦੀ ਮੁੱਖ ਖ਼ਰੀਦਦਾਰ ਬਣ ਗਈ।

ਇਸ ਕੇਸ ਬਾਰੇ ਦੋ ਕਿਤਾਬਾਂ ਲਿਖ ਚੁੱਕੀ ਲੇਖਿਕਾ ਲੌਰਾ ਥੌਮਸਨ ਕਹਿੰਦੇ ਹਨ, “ਉਹ ਇੱਕ ਸਧਾਰਨ ਔਰਤ ਸੀ ਜੋ ਅਸਧਾਰਨ ਬਣਨਾ ਚਾਹੁੰਦੀ ਸੀ।”

ਜਨਵਰੀ 1916 ਵਿੱਚ ਐਡਿਥ ਨੇ ਸ਼ਿਪਿੰਗ ਕਲਰਕ ਪਰਸੀ ਥੌਮਸਨ ਨਾਲ ਵਿਆਹ ਕਰਵਾਇਆ, ਇਲਫੋਰਡ ਦੇ 41 ਕੇਨਸਿੰਗਟਨ ਗਾਰਡਨ ਵਿੱਚ ਘਰ ਖ਼ਰੀਦਿਆ।

ਐਡਿਥ

ਤਸਵੀਰ ਸਰੋਤ, RENÉ WEIS

ਤਸਵੀਰ ਕੈਪਸ਼ਨ, ਐਡੀਥ (ਸੱਜੇ) ਅਤੇ ਉਸਦੀ ਛੋਟੀ ਭੈਣ ਏਵਿਸ ਦਾ ਜਨਮ ਵਿਕਟੋਰੀਅਨ ਯੁੱਗ ਦੇ ਅੰਤ ਵਿੱਚ 1890 ਵਿੱਚ ਹੋਇਆ ਸੀ

ਉਹ ਆਪਣੇ ਪਤੀ ਅਤੇ ਪਿਤਾ ਤੋਂ ਵੱਧ ਕਮਾ ਰਹੀ ਸੀ ਅਤੇ ਉਸ ਨੇ 250 ਯੂਰੋ ਕੀਮਤ ਵਾਲੀ ਪ੍ਰਾਪਰਟੀ ਵਿੱਚ ਅੱਧੇ ਤੋਂ ਵੱਧ ਹਿੱਸਾ ਅਦਾ ਕੀਤਾ ਜਦਕਿ ਘਰ ਦੇ ਕਾਗਜ਼ ਉਸ ਦੇ ਪਤੀ ਪਰਸੀ ਦੇ ਨਾਮ ’ਤੇ ਬਣ ਰਹੇ ਸੀ।

ਇੱਕ ਨਵ-ਵਿਆਹੀ ਜਵਾਨ ਔਰਤ ਹੋਣ ਦੇ ਨਾਤੇ ਉਸ ਤੋਂ ਘਰੇਲੂ ਜ਼ਿੰਦਗੀ ਅਤੇ ਬੱਚੇ ਪੈਦਾ ਕਰਨ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਉਸ ਦੀਆਂ ਯੋਜਨਾਵਾਂ ਕੁਝ ਹੋਰ ਹੀ ਸਨ।

ਉਹ ਬਹੁਤ ਸੋਹਣਾ ਨੱਚਦੀ ਸੀ। ਲੰਡਨ ਦੇ ਬਿਹਤਰੀਨ ਹੋਟਲਾਂ ਅਤੇ ਡਾਂਸ ਹਾਲਾਂ ਵਿੱਚ ਅਕਸਰ ਰਾਤਾਂ ਦਾ ਆਨੰਦ ਮਾਣਦੀ ਸੀ, ਜਿੱਥੇ ਉਸ ਦੇ ਸਮਾਜਿਕ ਪੱਧਰ ਦੇ ਲੋਕ ਜ਼ਿਆਦਾ ਨਹੀਂ ਜਾਂਦੇ ਸੀ।

ਉਸ ਦੀਆਂ ਸ਼ਾਮਾਂ ਅਕਸਰ ਦੋਸਤਾਂ ਨਾਲ ਥਿਏਟਰਾਂ, ਸਿਨੇਮਿਆਂ ਜਾਂ ਰੈਸਟੋਰੈਂਟਾਂ ਵਿੱਚ ਗੁਜ਼ਰਦੀਆਂ ਸਨ।

ਐਡਿਥ

ਲੇਖਿਕਾ ਲੌਰਾ ਥੌਮਸਨ ਕਹਿੰਦੇ ਹਨ, “ਮੈਨੂੰ ਉਹ ਬਹੁਤ ਆਧੁਨਿਕ ਸ਼ਖਸੀਅਤ ਲੱਗਦੀ ਸੀ। ਉਹ ਇੱਕ ਸ਼ਹਿਰੀ ਕੁੜੀ ਸੀ। ਉਹ ਅਭਿਲਾਸ਼ੀ ਸੀ, ਉਸ ਦੀਆਂ ਖਵਾਹਿਸ਼ਾਂ ਸਨ।"

"ਉਹ ਆਪਣਾ ਖੁਦ ਦਾ ਮਕਾਨ ਖ਼ਰੀਦਣਾ ਚਾਹੁੰਦੀ ਸੀ, ਜੋ ਉਸ ਨੇ ਖ਼ਰੀਦਿਆ ਵੀ ਹਾਲਾਂਕਿ ਉਹ ਘਰ ਉਸ ਦੇ ਪਤੀ ਦੇ ਨਾਮ ’ਤੇ ਖ਼ਰੀਦਿਆ ਗਿਆ।”

ਇੱਥੇ ਦੱਸਣਾ ਬਣਦਾ ਹੈ ਕਿ ਥੌਮਸਨ ਦਾ ਐਡਿਥ ਥੌਮਸਨ ਨਾਲ ਕੋਈ ਸੰਬੰਧ ਨਹੀਂ ਹੈ।

ਐਡਿਥ ਆਪਣੇ ਸਮੇਂ ਦੇ ਰਿਵਾਜਾਂ ਵਿੱਚ ਨਹੀਂ ਬੱਝਣਾ ਚਾਹੁੰਦੀ ਸੀ। ਉਹ ਇੱਕ ਆਮ ਪਤਨੀ ਨਹੀਂ ਸੀ। ਹੋਰ ਤਾਂ ਹੋਰ, ਉਸ ਦਾ ਇੱਕ ਪ੍ਰੇਮੀ ਸੀ ਜੋ ਕਿ ਉਸ ਤੋਂ ਅੱਠ ਸਾਲ ਛੋਟਾ ਸੀ, ਬਹੁਤ ਸੋਹਣਾ ਅਤੇ ਆਕਰਸ਼ਕ ਆਦਮੀ ਸੀ।

ਲਾਈਨ

ਇਹ ਵੀ ਪੜ੍ਹੋ-

ਲਾਈਨ

‘ਮੈਂ ਇੱਕ ਅਜਿਹੀ ਔਰਤ ਨੂੰ ਮਿਲੀ ਜੋ ਆਪਣੇ ਤਿੰਨ ਪਤੀ ਗੁਆ ਚੁੱਕੀ ਹੈ’

ਫਰੈਡੀ ਬਾਈਵਾਟਰਜ਼ ਐਡਿਥ ਦੇ ਪੇਕੇ ਗ੍ਰੇਅਡੌਨ ਪਰਿਵਾਰ ਨੂੰ ਜਾਣਦਾ ਸੀ, ਕਿਉਂਕਿ ਉਹ ਸਕੂਲ ਵਿੱਚ ਐਡਿਥ ਦੇ ਇੱਕ ਭਰਾ ਦਾ ਸਹਿ-ਜਮਾਤੀ ਰਿਹਾ ਸੀ।

13 ਸਾਲ ਦੀ ਉਮਰ ਵਿੱਚ ਫਰੈਡੀ ਨੇ ਮਰਚੈਂਟ ਨੇਵੀ ਵਿੱਚ ਸ਼ਾਮਲ ਹੋਣ ਲਈ ਲੰਡਨ ਛੱਡਿਆ ਸੀ।

ਜੂਨ 1921 ਵਿੱਚ ਇੱਕ ਵਾਰ ਜਦੋਂ ਉਹ ਆਪਣੇ ਘਰ ਆਇਆ, ਤਾਂ ਉਸ ਨੂੰ ਹਫ਼ਤੇ ਭਰ ਦੀ ਛੁੱਟੀ ਲਈ ਪਰਸੀ, ਐਡਿਥ ਅਤੇ ਐਡਿਥ ਦੀ ਭੈਣ ਐਵਿਸ ਗ੍ਰੇਅਡੌਨ ਦੇ ਨਾਲ ‘ਆਇਲ ਆਫ ਵਾਈਟ’ ਲਈ ਸੱਦਿਆ ਗਿਆ।

ਇਸ ਟੂਰ ਦੇ ਅੰਤ ਤੱਕ ਫਰੈਡੀ ਅਤੇ ਐਡਿਥ ਵਿਚਕਾਰ ਪਿਆਰ ਪੈ ਗਿਆ, ਇਹ ਹੋਰ ਵਧ ਗਿਆ ਜਦੋਂ ਫਰੈਡੀ ਨੂੰ ਕੁਝ ਹਫ਼ਤਿਆਂ ਲਈ ਥੌਮਸਨ ਪਰਿਵਾਰ ਨੇ ਆਪਣੇ ਨਾਲ ਰਹਿਣ ਲਈ ਸੱਦਿਆ।

ਪਰਸੀ ਆਪਣੀ ਪਤਨੀ ਐਡਿਥ ਨਾਲ ਕਈ ਵਾਰ ਗਾਲ਼ੀ-ਗਲੋਚ ਕਰਦਾ ਸੀ, ਇੱਕ ਵਾਰ ਉਸ ਨਾਲ ਇੱਕ ਟਾਕਰੇ ਤੋਂ ਬਾਅਦ ਫਰੈਡੀ ਉਨ੍ਹਾਂ ਦੇ ਘਰੋਂ ਚਲਾ ਗਿਆ ਸੀ।

ਝਗੜੇ ਦੌਰਾਨ ਪਰਸੀ ਨੇ ਐਡਿਥ ਨੂੰ ਕਮਰੇ ਵਿੱਚ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ ਸੀ।

ਔਰਤਾਂ

ਤਸਵੀਰ ਸਰੋਤ, RENÉ WEIS

ਤਸਵੀਰ ਕੈਪਸ਼ਨ, ਐਡੀਥ (ਖੱਬੇ ਤੋਂ ਪੰਜਵੇਂ ਦੀ ਤਸਵੀਰ) ਬਾਰਬੀਕਨ-ਅਧਾਰਤ ਮਿਲਿਨਰ ਕਾਰਲਟਨ ਅਤੇ ਪ੍ਰਾਇਰ ਵਿੱਚ ਨੌਕਰੀ ਕੀਤੀ

ਫਰੈਡੀ ਦੂਰ ਰਹਿਣ ਕਾਰਨ ਅਕਸਰ ਐਡਿਥ ਅਤੇ ਫਰੈਡੀ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਸੀ ਅਤੇ ਕਿਹਾ ਜਾਂਦਾ ਸੀ ਕਿ ਪੜ੍ਹਣ ਤੋਂ ਬਾਅਦ ਇਹ ਚਿੱਠੀਆਂ ਨਸ਼ਟ ਕਰ ਦਿੱਤੀਆਂ ਜਾਣ।

ਆਪਣੀ ਦੂਜੀ ਕਿਤਾਬ ਵਿੱਚ ਇਨ੍ਹਾਂ ਚਿੱਠੀਆਂ ਨੂੰ ਵਿਸਥਾਰ ਨਾਲ ਭਾਂਪਣ ਵਾਲੀ ਲੌਰਾ ਥੌਮਸਨ ਨੇ ਕਿਹਾ, “ਉਹ ਕਮਾਲ ਦੇ ਦਸਤਾਵੇਜ਼ ਹਨ। ਉਹ ਬੇਹਦ ਭਾਵਪੂਰਤ ਹਨ।”

ਐਡਿਥ ਦੀਆਂ ਲਿਖਤਾਂ ਵਿੱਚ ਭਾਵਨਾਵਾਂ ਡੁੱਲ੍ਹ-ਡੁੱਲ੍ਹ ਪੈਂਦੀਆਂ ਹਨ ਅਤੇ ਉਹ ਤੱਥਾਂ ਅਤੇ ਖਿਆਲਾਂ ਦੇ ਵਿਚਕਾਰ ਉਡਦੀ ਹੈ।

ਇੱਕ ਚਿੱਠੀ ਵਿੱਚ, ਉਹ ਰੋਜ਼ਾਨਾ ਜ਼ਿੰਦਗੀ ਬਾਰੇ ਗੱਲ ਕਰਦਿਆਂ ਸੈਕਸ, ਗਰਭਪਾਤ ਅਤੇ ਖ਼ੁਦਕੁਸ਼ੀ ਜਿਹੇ ਵਿਸ਼ਿਆਂ ’ਤੇ ਨਿੱਜੀ ਵਿਚਾਰ ਜ਼ਾਹਿਰ ਕਰਦੀ ਹੈ।

ਕਈ ਖ਼ਤਾਂ ਵਿੱਚ ਬਹੁਤ ਭਿਆਨਕ ਪ੍ਰਤੀਤ ਹੁੰਦਾ ਸੀ। ਕਾਲਪਨਿਕ ਕਹਾਣੀਆਂ ਦੀ ਪਾਠਕ ਵਜੋਂ, ਉਹ ਕਦੇ ਖੁਦ ਦੀ ਕਲਪਨਾ ਇੱਕ ਨਾਵਲ ਦੇ ਕਿਰਦਾਰ ਵਜੋਂ ਕਰਦੀ ਅਤੇ ਪਰਸੀ ਤੋਂ ਖਹਿੜਾ ਛੁਡਾਉਣ ਦੀ ਇੱਛਾ ਦੇ ਸੰਕੇਤ ਦਿੰਦੀ ਸੀ।

ਇੱਕ ਚਿੱਠੀ ਵਿੱਚ ਉਹ ਲਿਖਦੀ ਹੈ-

“ਕੱਲ੍ਹ ਮੈਂ ਇੱਕ ਔਰਤ ਨੂੰ ਮਿਲੀ ਜੋ ਤਿੰਨ ਪਤੀ ਗੁਆ ਚੁੱਕੀ ਹੈ। ਉਹ ਵੀ ਕਿਸੇ ਜੰਗ ਵਿੱਚ ਨਹੀਂ, ਦੋ ਡੁੱਬ ਗਏ ਅਤੇ ਇੱਕ ਨੇ ਖ਼ੁਦਕੁਸ਼ੀ ਕਰ ਲਈ ਅਤੇ ਕੁਝ ਅਜਿਹੇ ਲੋਕਾਂ ਨੂੰ ਮੈਂ ਜਾਣਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਵੀ ਨਹੀਂ ਗੁਆਇਆ। ਸਭ ਕੁਝ ਕਿੰਨਾ ਪੱਖਪਾਤੀ ਹੈ। ਬੈੱਸ ਅਤੇ ਰੇਗ ਐਤਵਾਰ ਨੂੰ ਰਾਤ ਦੇ ਖਾਣੇ ਲਈ ਆ ਰਹੇ ਹਨ।”

ਯੁਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਰੇਨੇ ਵੀਅਸ ਜਿਨ੍ਹਾਂ ਨੇ ਇਸ ਕੇਸ ਨੂੰ ਦਹਾਕਿਆਂ ਤੱਕ ਪੜ੍ਹਿਆ ਹੈ, ਮੰਨਦੇ ਹਨ ਕਿ ਇਨ੍ਹਾਂ ਚਿੱਠੀਆਂ ਵਿੱਚ ਬੇਤਾਬ ਰੋਮਾਂਟਿਕ ਕਲਪਨਾ ਤੋ ਬਿਨ੍ਹਾਂ ਕੁਝ ਵੀ ਨਹੀਂ ਸੀ।

ਐਡਿਥ ਲਈ, ਉਸ ਦੇ ਸ਼ਬਦ ਜਾਨਲੇਵਾ ਬਣ ਗਏ।

ਔਡਿਥ

ਤਸਵੀਰ ਸਰੋਤ, RENÉ WEIS

ਤਸਵੀਰ ਕੈਪਸ਼ਨ, ਫਰੈਡੀ ਜੋੜੇ ਦੇ ਘਰ, 41 ਕੇਨਸਿੰਗਟਨ ਗਾਰਡਨ ਵਿੱਚ ਪਰਸੀ ਅਤੇ ਐਡੀਥ ਨਾਲ ਕੁਝ ਸਮਾਂ ਰਿਹਾ

‘ਉਸ ਨੇ ਅਜਿਹਾ ਕਿਉਂ ਕੀਤਾ ?’

3 ਅਕਤੂਬਰ 1922 ਨੂੰ ਬੇਲਗ੍ਰੇਵ ਰੋਡ ’ਤੇ ਪਰਸੀ ਉੱਤੇ ਹਮਲਾ ਕਰਨ ਤੋਂ ਪਹਿਲਾਂ ਫ੍ਰੈਡਿਕ ਇੱਕ ਨੇੜਲੇ ਬਾਗ਼ ਵਿੱਚ ਲੁਕਿਆ।

ਐਡਿਥ ਅਤੇ ਪਰਸੀ ਨੇ ਉਹ ਸ਼ਾਮ ਪੀਕਾਡਲੀ ਸਰਕਸ ਨੇੜੇ ਥੀਏਟਰ ਵਿੱਚ ‘ਦਿ ਡਿਪਰਜ਼’ ਕਾਮੇਡੀ ਵੇਖਦਿਆਂ ਗੁਜ਼ਾਰੀ ਸੀ। ਸ਼ੋਅ ਤੋਂ ਬਾਅਦ ਇਲਫੋਰਡ ਦੀ ਟਰੇਨ ਫੜਣ ਤੋਂ ਪਹਿਲਾਂ ਉਹ ਲਿਵਰਪੂਲ ਸਟ੍ਰੀਟ ਤੱਕ ਜਾਣ ਲਈ ਟਿਊਬ ਵਿੱਚ ਬੈਠੇ।

ਜਿਵੇਂ ਹੀ ਉਹ ਬੇਲਗ੍ਰੇਵ ਰੋਡ ਤੋਂ ਆਪਣੇ ਘਰ ਵੱਲ ਤੁਰਦੇ ਜਾ ਰਹੇ ਸੀ, ਇੱਕ ਆਦਮੀ ਦੋਹਾਂ ਨਾਲ ਟਕਰਾਇਆ।

ਜਦੋਂ ਪਹਿਲੀ ਵਾਰ ਸਵਾਲ ਕੀਤੇ ਗਏ ਤਾਂ ਐਡਿਥ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਾਸੇ ਧੱਕ ਦਿੱਤਾ ਗਿਆ ਸੀ ਅਤੇ ਉਸ ਨੇ ਦੇਖਿਆ ਕਿ ਉਸ ਦਾ ਪਤੀ ਜ਼ਮੀਨ ’ਤੇ ਡਿਗ ਗਿਆ ਸੀ।

ਇੱਕ ਡਾਕਟਰ ਨੂੰ ਬੁਲਾਇਆ ਗਿਆ ਅਤੇ ਪਰਸੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸ਼ੁਰੂਆਤ ਵਿੱਚ ਸੋਚਿਆ ਗਿਆ ਕਿ 32 ਸਾਲਾ ਪਰਸੀ ਨੂੰ ਅਚਾਨਕ ਹੈਮਰੇਜ ਆਇਆ ਪਰ ਜਦੋਂ ਪੁਲਿਸ ਨੇ ਧਿਆਨ ਨਾਲ ਸਰੀਰ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਗਰਦਨ ’ਤੇ ਚਾਕੂ ਮਾਰੇ ਜਾਣ ਦੇ ਨਿਸ਼ਾਨ ਸੀ।

ਦਿਨ ਦੀ ਰੌਸ਼ਨੀ ਵਿੱਚ ਸੜਕ ਦੇ 13 ਮੀਟਰ ਹਿੱਸੇ ਵਿੱਚ ਖੂਨ ਖਿਲਰਿਆ ਦਿਸਣ ਲੱਗਾ।

ਪਰਸੀ ਦੇ ਭਰਾ ਨੇ ਪੁਲਿਸ ਨੂੰ ਫਰੈਡੀ ਨਾਲ ਗੱਲ ਕਰਨ ਲਈ ਕਿਹਾ ਗਿਆ ਜੋ ਕਿ ਦੋ ਹਫ਼ਤੇ ਪਹਿਲਾਂ ਹੀ ਸ਼ਹਿਰ ਪਰਤਿਆ ਸੀ। 20 ਸਾਲਾ ਫਰੈਡੀ ਦੇ ਕਮਰੇ ਦੀ ਛਾਣਬੀਣ ਕੀਤੀ ਗਈ ਅਤੇ ਐਡਿਥ ਦੇ ਕੁਝ ਪ੍ਰੇਮ ਪੱਤਰ ਮਿਲੇ।

ਫਰੈਡੀ

ਤਸਵੀਰ ਸਰੋਤ, RENÉ WEIS

ਤਸਵੀਰ ਕੈਪਸ਼ਨ, ਫਰੈਡੀ ਐਡਿਥ ਦੇ ਭਰਾ ਨਾਲ ਪੜ੍ਹਦਾ ਸੀ

ਇਲਫੋਰਡ ਪੁਲਿਸ ਸਟੇਸ਼ਨ ਦੇ ਕੋਰੀਡੋਰ ਵਿੱਚ ਜਾਂਚ ਅਧਿਕਾਰੀਆਂ ਨੇ ਇਸ ਤਰ੍ਹਾਂ ਯੋਜਨਾ ਬਣਾਈ ਕਿ ਐਡਿਥ ਅਤੇ ਫਰੈਡੀ ਇੱਕ ਦੂਜੇ ਨੂੰ ਦੇਖ ਸਕਣ, ਇਸ ਉਮੀਦ ਨਾਲ ਕਿ ਉਹ ਖ਼ੁਦ ਦੋਸ਼ ਮੰਨ ਲਵੇ।

ਇਸ ਆਹਮੋ-ਸਾਹਮਣੇ ਬਾਅਦ, ਐਡਿਥ ਚੀਖੀ, “ਉਸ ਨੇ ਅਜਿਹਾ ਕਿਉਂ ਕੀਤਾ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਅਜਿਹਾ ਕਰੇ। ਹਾਏ ਰੱਬਾ, ਮੈਂ ਕੀ ਕਰ ਸਕਦੀ ਹਾਂ। ਮੈਨੂੰ ਸੱਚ ਦੱਸਣਾ ਚਾਹੀਦਾ ਹੈ।”

ਪਾਣੀ ਵਾਲੇ ਜਹਾਜ਼ ਵਿੱਚ ਫਰੈਡੀ ਦੇ ਕਮਰੇ ਦੀ ਵੀ ਜਾਂਚ ਕੀਤੀ ਗਈ ਅਤੇ ਇੱਕ ਬੰਦ ਡੱਬੇ ਵਿੱਚ ਹੋਰ ਖ਼ਤ ਮਿਲੇ। ਇਨ੍ਹਾਂ ਵਿੱਚ ਉਹ ਖ਼ਤ ਵੀ ਸੀ ਜਿਸ ਵਿੱਚ ਐਡਿਥ ਨੇ ਪਰਸੀ ਦੇ ਤਸਵੀਰ ਵਿੱਚੋਂ ਪਾਸੇ ਹੋ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ।

ਫਰੈਡੀ ਨੇ ਪਰਸੀ ਨੂੰ ਚਾਕੂ ਮਾਰਨ ਦੀ ਗੱਲ ਸਵੀਕਾਰਨ ਤੋਂ ਇਨਕਾਰ ਨਹੀਂ ਕੀਤਾ, ਪਰ ਦਾਅਵਾ ਕੀਤਾ ਕਿ ਪਰਸੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੇ ਸਵੈ-ਬਚਾਅ ਵਿੱਚ ਕਾਰਵਾਈ ਕੀਤੀ।

ਜਦੋਂ ਪੁਲਿਸ ਨੇ ਉਸ ਨੂੰ ਦੱਸਿਆ ਕਿ ਐਡਿਥ 'ਤੇ ਵੀ ਕਤਲ ਦਾ ਮੁਕੱਦਮਾ ਚੱਲੇਗਾ ਤਾਂ ਫਰੈਡੀ ਨੇ ਕਿਹਾ, “ਉਹ ਕਿਉਂ? ਥੌਮਸਨ ਨੂੰ ਮੇਰੀ ਕਾਰਵਾਈ ਬਾਰੇ ਕੁਝ ਵੀ ਪਤਾ ਨਹੀਂ ਸੀ।”

‘ਪਹਿਲੀ ਰਾਤ ਜਿਹਾ ਮਾਹੌਲ’

ਅਦਾਲਤੀ ਸੁਣਵਾਈ ਦੌਰਾਨ ਚਿੱਠੀਆਂ ਵਿੱਚੋਂ ਲਿਖਤਾਂ ਨਾਲ ਅਖਬਾਰਾਂ ਦੇ ਪੰਨੇ ਭਰ ਗਏ ਸੀ। ਐਡਿਥ ਅਤੇ ਫਰੈਡੀ ਨੇ ਖੁਦ ਨੂੰ ਇੱਕ ਤੂਫ਼ਾਨ ਦੇ ਵਿਚਕਾਰ ਮਹਿਸੂਸ ਕੀਤਾ।

ਲੌਰਾ ਥੌਮਸਨ ਕਹਿੰਦੇ ਹਨ, “ਉਹ ਬਹੁਤ ਗਲੈਮਰਸ ਸਨ। ਫ਼ਿਲਮੀ ਸਿਤਾਰਿਆਂ ਵਾਲਾ ਜਲਵਾ ਸੀ। ਉਹ ਇੰਗਲੈਂਡ ਦੇ ਸਭ ਤੋਂ ਸੋਹਣੇ ਮੰਨੇ ਜਾਂਦੇ ਨੌਜਵਾਨ ਰੁਪੇਰਟ ਬਰੂਕ ਦੀ ਸਖ਼ਸ਼ੀਅਤ ਵਰਗਾ ਸੀ ਅਤੇ ਐਡਿਥ ਦਾ ਸੁਹੱਪਣ ਮਲ੍ਹੇ-ਮੱਲ੍ਹੀ ਉਸ ਵੱਲ ਖਿੱਚਦਾ ਸੀ।”

6 ਦਸੰਬਰ, 1922 ਨੂੰ ਕਤਲ ਦੇ ਮੁਕੱਦਮੇ ਲਈ ਦੋਹਾਂ ਨੂੰ ਓਲਡ ਬੈਲੀ ਦੇ ਕੋਰਟਰੂਮ ਵਿੱਚ ਲਿਆਇਆ ਗਿਆ।

ਮਸ਼ਹੂਰ ਲੰਡਨ ਅਦਾਲਤ ਦੇ ਬਾਹਰ ਸਵੇਰੇ ਹੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ।

ਨੌਂ ਦਿਨਾਂ ਦੇ ਟ੍ਰਾਇਲ ਦੇ ਖ਼ਤਮ ਹੁੰਦਿਆਂ, ਬੇਰੁਜ਼ਗਾਰ ਆਦਮੀ ਰਾਤ ਨੂੰ ਹੀ ਇਮਾਰਤ ਦੇ ਬਾਹਰ ਕਤਾਰਾਂ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਸੀ ਅਤੇ ਅਗਲੀ ਸਵੇਰ ਆਪਣੀ ਜਗ੍ਹਾ ਕਿਸੇ ਹੋਰ ਦੇ ਖੜ੍ਹਣ ਲਈ ਵੇਚਦੇ ਸੀ। ਇਹ ਕੀਮਤ ਬ੍ਰਿਟੇਨ ਦੇ ਉਸ ਵੇਲੇ ਦੀ ਹਫ਼ਤੇ ਦੀ ਤਨਖਾਹ ਤੋਂ ਵੱਧ ਹੁੰਦੀ ਸੀ।

ਦੋ ਬੰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਫੋਰਡ ਪੁਲਿਸ ਸਟੇਸ਼ਨ 'ਤੇ ਨਜ਼ਰ ਆਏ ਫਰੈਡੀ ਨੂੰ ਐਡੀਥ ਦੇ ਮਾਪਿਆਂ ਨੂੰ ਮਿਲਣ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ

ਲੇਖਕ ਬੈਵਰਲੀ ਨਿਕੋਲਸ ਜੋ ਕਿ ਉਸ ਵੇਲੇ ਨੌਜਵਾਨ ਰਿਪੋਰਟਰ ਸੀ ਅਤੇ ਟ੍ਰਾਇਲ ਵਿੱਚ ਮੌਜੂਦ ਰਹੇ ਸੀ, ਉਨ੍ਹਾਂ ਲਈ ਇਹ ਕੇਸ ‘ਰੋਮਨ ਸ਼ਾਸਨ ਦੇ ਦਿਨਾਂ ਜਿਹਾ ਸੀ ਜਿੱਥੇ ਇਸਾਈਆਂ ਨੂੰ ਸ਼ੇਰਾਂ ਸਾਹਮਣੇ ਸੁੱਟਿਆ ਜਾਂਦਾ ਸੀ।’

ਸਾਲ 1973 ਵਿੱਚ ਬੀਬੀਸੀ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਉਹ ਦੱਸਦੇ ਹਨ ਕਿ ਕਿਵੇਂ “ਓਲਡ ਬੈਲੀ ਦਾ ਮਾਹੌਲ ਪਹਿਲੀ ਰਾਤ ਜਿਹਾ ਸੀ।”

ਉੱਥੇ ਕਈ ਲੋਕ ਸੀ ਜੋ ਕੁਝ ਉਪਰਲੀ ਕਤਾਰ ਵਿੱਚ ਬੈਠੇ ਸੀ, ਕੁਝ ਹੇਠਲੀ ਵਿੱਚ। ਕਈ ਸਮਾਜਿਕ ਔਰਤਾਂ, ਸਨਸਨੀ ਭਾਲਣ ਵਾਲੇ, ਅਤੇ ਉਹ ਸਭ ਇਸ ਨੂੰ ਇੱਕ ਅਜਿਹੀ ਚੀਜ਼ ਵਾਂਗ ਸਮਝ ਰਹੇ ਸੀ ਜਿਸ ਲਈ ਉਨ੍ਹਾਂ ਨੇ ਕੀਮਤ ਅਦਾ ਕੀਤੀ।

ਮੈਡਮ ਤੁਸਾਡ ਮਿਊਜ਼ੀਅਮ ਤੋਂ ਕਲਾਕਾਰ ਵੀ ਕੋਰਟਰੂਮ ਨੰਬਰ ਇੱਕ ਵਿਖੇ ਮੌਜੂਦ ਸੀ ਜੋ ਕਿ ਦੋ ਨਵੇਂ ਖਲਨਾਇਕਾਂ ਦੇ ਸਕੈਚ ਬਣਾ ਰਹੇ ਸੀ ਤਾਂ ਕਿ ‘ਚੈਂਬਰ ਆਫ ਹੌਰਰਜ਼’ ਵਿੱਚ ਲਗਾਏ ਜਾ ਸਕਣ।

‘ਇੱਕ ਨੀਚ ਅਤੇ ਸਵਾਰਥੀ ਜਵਾਨ ਔਰਤ’

 ਮੁਕੱਦਮੇ ਲਈ ਅਹਿਮ ਸਬੂਤਾਂ ਵਜੋਂ, ਅਦਾਲਤ ਵਿੱਚ ਇਨ੍ਹਾਂ ਪ੍ਰੇਮ ਪੱਤਰਾਂ ਦੇ ਕੁਝ ਅੰਸ਼ ਪੜ੍ਹ ਕੇ ਸੁਣਾਏ ਗਏ। ਪਬਲਿਕ ਗੈਲਰੀ ਵਿੱਚ ਅਜਿਹਾ ਪ੍ਰਤੀਕਰਮ ਸੀ, ਜੱਜਾਂ ਨੂੰ ਉਹ ਪੈਰ੍ਹੇ ਖੁਦ ਪੜ੍ਹਣ ਲਈ ਕਿਹਾ ਗਿਆ।

ਲੌਰਾ ਥੌਮਸਨ ਨੇ ਕਿਹਾ, “ਅਦਾਲਤ ਵਿੱਚ ਉਨ੍ਹਾਂ ਨੂੰ ਪੜ੍ਹੇ ਜਾਣ ਦੀ ਭਿਆਨਕਾਤਾ, ਮੈਨੂੰ ਮਾਰਦੀ ਹੈ। ਉਹ ਨਿੱਜੀ, ਨਜ਼ਦੀਕੀਆਂ ਨਾਲ ਭਰੇ ਸ਼ਬਦ ਅਤੇ ਪਬਲਿਕ ਗੈਲਰੀ ਵਿੱਚ ਬੈਠੇ ਲੋਕ ਇਸ ਨਿੱਜੀ ਗੱਲਬਾਤ ਨੂੰ ਸੁਣਦਿਆਂ ਬੇ-ਅਕਲਾਂ ਵਾਂਗ ਵਤੀਰਾ ਕਰ ਰਹੇ ਸੀ। ਇਹ ਕਿਸੇ ’ਤੇ ਤਸ਼ਦੱਦ ਕਰਨ ਜਿਹਾ ਹੈ, ਮੈਨੂੰ ਲਗਦਾ ਹੈ।”

ਪ੍ਰੋਫੈਸਰ ਵੀਅਸ ਸਮਝਾਉਂਦੇ ਹਨ, “ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਵਾਲੇ ਇਸ ਕੇਸ ਦੇ ਵਾਪਰਨ ਦਾ ਸਮਾਂ ਐਡਿਥ ਖ਼ਿਲਾਫ਼ ਨਫ਼ਰਤ ਦੀ ਭਾਵਨਾ ਹੋਰ ਭੜਕਾਉਣ ਵਾਲਾ ਸੀ।”

ਐਡਿਥ ਅਤੇ ਪਰਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡਿਥ ਅਤੇ ਪਰਸੀ ਦਾ ਵਿਆਗ ਜਨਵਰੀ 1916 ਵਿੱਚ ਹੋਇਆ ਸੀ

“ਬਿਰਤਾਂਤ ਇਹ ਚੱਲਿਆ ਕਿ ਬ੍ਰਿਟੇਨ ਜੰਗੀ ਵਿਧਵਾਵਾਂ ਨਾਲ ਭਰਿਆ ਸੀ ਅਤੇ ਇੱਥੇ ਇੱਕ ਠੀਕ-ਠਾਕ ਪਿਛੋਕੜ ਵਾਲੀ ਨੀਚ ਤੇ ਸਵਾਰਥੀ ਜਵਾਨ ਔਰਤ ਸੀ, ਜਿਸ ਕੋਲ ਸਭ ਕੁਝ ਸੀ ਜਿਵੇਂ ਕਿ ਸੋਹਣੀ ਦਿੱਖ, ਪਿਆਰਾ ਘਰ, ਪੈਸਾ, ਇੱਕ ਚੰਗਾ ਪਤੀ, ਖਾਣਾ, ਨਾਚ, ਥੀਏਟਰ ਵਗੈਰਾ ਅਤੇ ਦੇਖੋ ਉਸ ਨੇ ਕੀ ਕੀਤਾ? ਇੱਕ ਚੰਗਾ ਆਦਮੀ ਉਸ ਲਈ ਕਾਫ਼ੀ ਨਹੀਂ ਸੀ।”

ਪ੍ਰੋਫੈਸਰ ਵੀਅਸ ਕਹਿੰਦੇ ਹਨ, “ਜਨਤਾ ਫਰੈਡੀ ਦੇ ਹੱਕ ਵਿੱਚ ਆ ਰਹੀ ਸੀ ਅਤੇ ਐਡਿਥ ਨੂੰ ਬਹੁਤ ਨਾਪਸੰਦ ਕਰ ਰਹੀ ਸੀ। ਇੱਕ ਡਾਇਨ ਵਜੋਂ, ਜਿਸ ਨੇ ਇੱਕ ਨੌਜਵਾਨ ਨੂੰ ਫਸਾਇਆ ਅਤੇ ਅਜਿਹੇ ਹਾਲਾਤ ਪੈਦਾ ਕੀਤੇ ਜਿਸ ਕਾਰਨ ਪਰਸੀ ਦੀ ਮੌਤ ਹੋਈ।”

‘ਉਹ ਔਰਤ ਦੋਸ਼ੀ ਨਹੀਂ ਹੈ’

ਹੌਲਵੇਅ ਜੇਲ੍ਹ ਵਿੱਚ ਉਸ ਦੀ ਫਾਂਸੀ ਦੇ ਸਮੇਂ 29 ਸਾਲਾ ਐਡਿਥ ਨੂੰ ਹਾਲੇ ਵੋਟ ਦਾ ਅਧਿਕਾਰ ਨਹੀਂ ਮਿਲਿਆ ਸੀ।

ਜਨਤਾ ਦਾ ਐਡਿਥ ਨੂੰ ਨਾਪਸੰਦ ਕੀਤੇ ਜਾਣਾ, ਜੱਜ ਸ਼ੀਅਰਮੈਨ ਵੱਲੋਂ ਵੀ ਸਾਂਝਾ ਕੀਤਾ ਜਾਂਦਾ ਸੀ ਜੋ ਕਿ ਅਕਸਰ ਸਰਕਾਰੀ ਪੱਖ ਵੱਲ ਝੁਕੇ ਜਾਪਦੇ ਸੀ।

ਆਪਣੇ ਨਿਚੋੜ ਵਿੱਚ, ਉਸ ਨੇ ਜੱਜਾਂ ਨੂੰ ਕਿਹਾ, ਜਿਨ੍ਹਾਂ ਵਿੱਚ ਦੋ ਔਰਤਾਂ ਹੋਣ ਦੇ ਬਾਵਜੂਦ ਉਹ ਉਨ੍ਹਾਂ ਨੂੰ ਜੈਂਟਲਮੈਨ ਵਜੋਂ ਸੰਬੋਧਨ ਕਰਦਾ ਸੀ, ਕਿ ਐਡਿਥ ਦੇ ਇਸ ਵਿਭਚਾਰ ਬਾਰੇ ਉਹ ਕਿਵੇਂ ਮਹਿਸੂਸ ਕਰਦੇ ਹਨ।

ਮੈਨੂੰ ਯਕੀਨ ਹੈ ਕਿ ਕਿਸੇ ਵੀ ਸਹੀ ਦਿਮਾਗ਼ ਦੇ ਇਨਸਾਨ ਦੀ ਤਰ੍ਹਾਂ ਤੁਸੀਂ ਵੀ ਅਜਿਹੀ ਧਾਰਨਾ ਪ੍ਰਤੀ ਨਫ਼ਰਤ ਨਾਲ ਭਰੇ ਹੋਵੋਗੇ।

ਉਸ ਖ਼ਿਲਾਫ਼ ਸਬੂਤ ਬਹੁਤ ਮਾਮੂਲੀ ਸਨ। ਪਰਸੀ ਦੇ ਸਰੀਰ ਅੰਦਰ ਜ਼ਹਿਰ ਜਾਂ ਕੱਚ ਦੇ ਟੁਕੜੇ ਹੋਣ ਦੀ ਜਾਂਚ ਕੀਤੀ ਗਈ ਸੀ ਪਰ ਕੁਝ ਵੀ ਨਹੀਂ ਮਿਲਿਆ ਸੀ। ਘਟਨਾ ਵਾਲੀ ਰਾਤ ਗਵਾਹਾਂ ਦੇ ਬਿਆਨਾਂ ਮੁਤਾਬਕ ਉਸ ਵੇਲੇ ਐਡਿਥ ਵੀ ਹੈਰਾਨ ਰਹਿ ਗਈ ਸੀ।

ਐਡਿਥ ਦੇ ਵਕੀਲ ਦੀਆਂ ਕਈ ਅਪੀਲਾਂ ਦੇ ਬਾਵਜੂਦ, ਐਡਿਥ ਸਬੂਤ ਦੇਣ ਲਈ ਸਟੈਂਡ ਵਿੱਚ ਗਈ।

ਪਰਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰੈਡੀ ਦੀ ਪਰਸੀ ਦੀ ਪੁੱਛਗਿੱਛ 'ਤੇ ਫੋਟੋ ਖਿੱਚੀ ਗਈ ਸੀ, ਜੋ ਕਿ ਰਸਮੀ ਸ਼ੱਕੀ ਹੋਣ ਤੋਂ ਪਹਿਲਾਂ ਹੋਈ ਸੀ

ਲੌਰਾ ਥੌਮਸਨ ਮੁਤਾਬਕ, “ਮੈਨੂੰ ਲਗਦਾ ਹੈ ਇਹ ਭੋਲੇਪਣ ਦੀ ਨਿਸ਼ਾਨੀ ਸੀ ਕਿ ਤੁਸੀਂ ਇੰਨੇ ਦ੍ਰਿੜ੍ਹ ਹੋ ਕਿ ਇਹ ਕਰਨਾ ਚਾਹੁੰਦੇ ਹੋ।”

ਪਰ ਐਡਿਥ ਨੇ ਬਹੁਤ ਵੱਡੀ ਗ਼ਲਤੀ ਕਰ ਲਈ ਸੀ। ਸਰਕਾਰੀ ਪੱਖ ਨੇ ਉਸ ਦੇ ਖ਼ਤਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ, ਗ਼ਲਤ ਬਿਰਤਾਂਤ ਲੱਭੇ ਤਾਂ ਕਿ ਉਸ ਨੂੰ ਬੇੜੀਆਂ ਵਿੱਚ ਬੰਨ੍ਹਿਆਂ ਜਾ ਸਕੇ।

ਫ਼ੈਸਲਾ 11 ਦਸੰਬਰ ਨੂੰ ਆਇਆ। ਦੋ ਘੰਟਿਆਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਘਬਰਾਈ ਹੋਈ ਐਡਿਥ ਨੂੰ ਕੋਰਟ ਵਿੱਚ ਲਿਆਂਦਾ ਗਿਆ ਤਾਂ ਕਿ ਦੱਸਿਆ ਜਾਵੇ ਕਿ ਉਹ ਅਤੇ ਫਰੈਡੀ ਕਤਲ ਦੇ ਦੋਸ਼ੀ ਮੰਨੇ ਗਏ ਹਨ।

ਕੋਰਟ ਰੂਮ ਵਿੱਚ ਰੋਂਦਿਆਂ ਫਰੈਡੀ ਚੀਕਿਆ, “ਫ਼ੈਸਲਾ ਗ਼ਲਤ ਹੈ, ਉਹ ਔਰਤ ਦੋਸ਼ੀ ਨਹੀਂ ਹੈ।” ਜਸਟਿਸ ਸ਼ੀਅਰਮੈਨ ਦੇ ਵਿਗ ’ਤੇ ਕਾਲੀ ਟੋਪੀ ਰੱਖੀ ਗਈ ਸੀ ਜਦੋਂ ਉਨ੍ਹਾਂ ਨੇ ਦੋਹਾਂ ਨੂੰ ਮੌਤ ਦੀ ਸਜ਼ਾ ਸੁਣਾਈ। 

ਐਡਿਥ ਨੂੰ ਜਦੋਂ ਕੋਠੜੀ ਵਿਚ ਲੈ ਕੇ ਜਾ ਰਹੇ ਸਨ ਤਾਂ ਉਸ ਨੇ ਜ਼ੋਰਦਾਰ ਰੋਣ ਵਾਲੀ ਚੀਕ ਮਾਰੀ।

‘ਉਸ ਨੂੰ ਸਚਮੁੱਚ ਕਦੇ ਮੌਕਾ ਨਹੀਂ ਮਿਲਿਆ’

ਐਡਿਥ ਨੇ ਮੌਤ ਦੀ ਸਜ਼ਾ ਤੋਂ ਇੱਕ ਦਿਨ ਪਹਿਲਾਂ ਆਪਣੇ ਮਾਪਿਆਂ ਨਾਲ ਮੁਲਾਕਾਤ ਕੀਤੀ। ਫਰੈਡੀ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਪਟੀਸ਼ਨ ’ਤੇ ਲੱਖਾਂ ਲੋਕਾਂ ਦੇ ਦਸਤਖਤ ਹੋਏ। ਪਰ ਐਡਿਥ ਨੂੰ ਕੋਈ ਹਮਦਰਦੀ ਨਹੀਂ ਮਿਲ ਸਕੀ।

ਲੌਰਾ ਥੌਮਸਨ ਕਹਿੰਦੇ ਹਨ, “ਔਰਤਾਂ ਉਸ ਨੂੰ ਨਾਪਸੰਦ ਕਰਦੀਆਂ ਸੀ ਕਿਉਂਕਿ ਉਸ ਤੋਂ ਡਰਦੀਆਂ ਸੀ, ਕੁਝ ਔਰਤਾਂ ਸੋਚਦੀਆਂ ਸਨ ਕਿ ਐਡਿਥ ਉਨ੍ਹਾਂ ਔਰਤਾਂ ਵਿੱਚੋਂ ਸੀ ਜਿਨ੍ਹਾਂ ਬਾਰੇ ਆਦਮੀ ਕਲਪਨਾ ਕਰਦੇ ਹਨ। ਉਹ ਮੁਸ਼ਕਲਾਂ ਪੈਦਾ ਕਰ ਰਹੀ ਸੀ ਅਤੇ ਉਸ ’ਤੇ ਤਰਸ ਨਹੀਂ ਕੀਤਾ ਜਾ ਸਕਦਾ ਸੀ।

“ਉਸ ਨੂੰ ਸਚਮੁੱਚ ਕਦੇ ਮੌਕਾ ਨਹੀਂ ਮਿਲਿਆ।”

ਅਖ਼ਬਾਰਾਂ ਵਿੱਚ ਰਾਏ ਦਿੰਦੇ ਲੇਖ ਛਪਣ ਲੱਗੇ, ਉਨ੍ਹਾਂ ਵਿੱਚ ਜ਼ਿਆਦਾਤਰ ਘਾਤਕ ਸੀ।

ਦਿ ਟਾਈਮਜ਼ ਨੇ ਲਿਖਿਆ, “ਕੇਸ ਵਿੱਚ ਅਜਿਹੇ ਕੋਈ ਹਾਲਾਤ ਨਹੀਂ ਸਨ ਜੋ ਥੋੜ੍ਹੀ ਜਿਹੀ ਵੀ ਹਮਦਰਦੀ ਪੈਦਾ ਕਰ ਸਕਦੇ। ਸਾਰਾ ਕੇਸ ਸਧਾਰਾਨ ਅਤੇ ਠੋਸ ਸੀ।”

ਖੁਦ ਨੂੰ ਨਾਰੀਵਾਦੀ ਕਰਾਰ ਦੇਣ ਵਾਲੀ ਰੇਬੇਕਾ ਵੈਸਟ ਨੇ ਇੱਥੋਂ ਤੱਕ ਲਿਖਿਆ, “ਐਡਿਥ ਬੁਰੀ ਸੀ, ਗੰਦਗੀ ਦਾ ਇੱਕ ਟੁਕੜਾ ਸੀ।”

ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਲਡ ਬੇਲੀ ਵਿੱਚ ਜਾਣ ਲਈ ਕਤਾਰਾਂ ਸਵੇਰ ਤੋਂ ਹੀ ਲੱਗ ਗਈਆ ਸੀ

ਮੌਤ ਦੀ ਸਜ਼ਾ ਤੋਂ ਬਾਅਦ, ਔਰਤਾਂ ਗ੍ਰਹਿ ਸਕੱਤਰ ਵਿਲੀਅਮ ਬ੍ਰਿਜਮੈਨ ਨੂੰ ਧੰਨਵਾਦ ਕਰਨ ਲਈ ਲਿਖਦੀਆਂ ਸਨ ਕਿ ਉਨ੍ਹਾਂ ਨੇ ਮੌਤ ਦੀ ਸਜ਼ਾ ਦੇ ਫ਼ੈਸਲੇ ਨੂੰ ਨਾ ਬਦਲ ਕੇ ਔਰਤਾਂ ਦੇ ਮਾਣ ਦੀ ਰੱਖਿਆ ਕੀਤੀ ਹੈ।

ਐਡਿਥ ਨੇ ਜੇਲ੍ਹ ਵਿੱਚੋਂ ਖ਼ਤ ਲਿਖੇ, ਜਿਸ ਵਿਚ ਮਿਟਾ ਦਿੱਤੇ ਜਾਣ ਵਾਲੀ ਔਰਤ ਦੇ ਦੁੱਖਾਂ ਨੂੰ ਉਜਾਗਰ ਕੀਤਾ। ਆਪਣੇ ਮਾਪਿਆਂ ਨੂੰ ਲਿਖੇ ਇੱਕ ਖ਼ਤ ਵਿੱਚ ਉਸ ਨੇ ਲਿਖਿਆ:

“ਅੱਜ ਹਰ ਚੀਜ਼ ਦਾ ਅੰਤ ਲੱਗ ਰਿਹਾ ਹੈ। ਮੈਂ ਸੋਚ ਨਹੀਂ ਸਕਦੀ-ਮੇਰੇ ਸਾਹਮਣੇ ਇੱਕ ਖਾਲੀ, ਮੋਟੀ ਦੀਵਾਰ ਹੈ ਜਿਸ ਵਿੱਚੋਂ ਨਾ ਤਾਂ ਮੇਰੀ ਨਜ਼ਰ ਲੰਘ ਪਾ ਰਹੀ ਹੈ ਅਤੇ ਨਾ ਹੀ ਮੇਰੇ ਵਿਚਾਰ।"

ਲੰਡਨ ਮਿਊਜ਼ੀਅਮ

ਤਸਵੀਰ ਸਰੋਤ, MUSEUM OF LONDON/GETTY IMAGES

ਤਸਵੀਰ ਕੈਪਸ਼ਨ, ਹੋਲੋਵੇ ਜੇਲ੍ਹ ਵਿਚ ਫਾਂਸੀ ਦੇ ਸਮੇਂ, 29 ਸਾਲਾ ਐਡੀਥ ਅਜੇ ਵੋਟ ਪਾਉਣ ਦੀ ਹੱਕਦਾਰ ਨਹੀਂ ਸੀ

"ਮੈਂ ਇਹ ਮੰਨਣ ਤੋਂ ਅਸਮਰਥ ਹਾਂ ਕਿ ਇਹ ਸਜ਼ਾ ਉਸ ਕੰਮ ਲਈ ਦਿੱਤੀ ਜਾ ਰਹੀ ਹੈ ਜੋ ਮੈਂ ਕੀਤਾ ਹੀ ਨਹੀਂ। ਕੁਝ ਅਜਿਹੇ ਲਈ ਜਿਸ ਬਾਰੇ ਮੈਨੂੰ ਪਤਾ ਵੀ ਨਹੀਂ ਸੀ, ਨਾ ਹੀ ਪਹਿਲਾਂ ਅਤੇ ਨਾ ਹੀ ਉਸ ਵੇਲੇ।”

ਪਿਛਲੇ ਦਹਾਕੇ ਵਿੱਚ ਔਰਤਾਂ ਦੀ ਮੌਤ ਦੀ ਸਜ਼ਾ ਮਾਫ਼ ਕੀਤੀ ਗਈ ਸੀ ਪਰ ਐਡਿਥ ਵੱਲੋਂ ਪਾਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸੀ।

ਲੌਰਾ ਥੌਮਸਨ ਕਹਿੰਦੇ ਹਨ, “ਗ੍ਰਹਿ ਦਫ਼ਤਰ ਉਸ ਦੀ ਸਜ਼ਾ ਨੂੰ ਸੁਨਿਸ਼ਚਿਤ ਕਰਨ ਲਈ ਜਿਸ ਵਿਗਾੜ ਵਿੱਚੋਂ ਗੁਜ਼ਰਿਆ, ਉਹ ਵਾਕਈ ਬਹੁਤ ਡਰਾਉਣਾ ਸੀ।”

“ਐਡਿਥ ਦੇ ਵਿਆਹ ਤੋਂ ਬਾਹਰ ਸਬੰਧ ਨੂੰ ਨੈਤਿਕਤਾ ’ਤੇ ਹਮਲੇ ਵਜੋਂ ਦੇਖਿਆ ਗਿਆ ਸੀ। ਅਜਿਹੇ ਵਤੀਰੇ ਵਜੋਂ ਦੇਖਿਆ ਗਿਆ ਸੀ ਜੋ ਵਿਆਹ ਦੀ ਸੰਸਥਾ ਦੇ ਖ਼ਾਤਮੇ ਲਈ ਖਤਰਾ ਸੀ।”

‘ਹੁਣ ਘੱਟੋ-ਘੱਟੋ ਉਹ ਉਨ੍ਹਾਂ ਦੇ ਨਾਲ ਹੈ’

ਐਡਿਥ ਦੀ ਦੇਹ ਆਖਿਰਕਾਰ ਉਸ ਦੀ ਮਾਂ ਅਤੇ ਪਿਤਾ ਨੇ ਸਿਟੀ ਆਫ ਲੰਡਨ ਕਬਰਸਤਾਨ ਵਿੱਚ ਲਿਆਂਦੀ ਗਈ।

ਥੌਮਸਨ ਦੇ ਘਰੇਲੂ ਸਮਾਨ ਦੀ ਨਿਲਾਮੀ ਸਤੰਬਰ 1923 ਵਿੱਚ ਉਸ ਦੇ ਨਾਨਕੇ ਘਰ ਰੱਖੀ ਗਈ ਸੀ। ਨਿਲਾਮੀ ਵੇਲੇ ਲੋਕ ਗਾਰਡਨ ਅਤੇ ਸੜਕ ਤੱਕ ਭਰ ਗਏ ਸੀ।

ਨਿਲਾਮੀ ਕਰਨ ਵਾਲੇ ਸਟਾਫ਼ ਵਿੱਚੋਂ ਇਕ ਨੇ ਦੱਸਿਆ, “ਕਿਵੇਂ ਪੌਦਿਆਂ ਦਾ ਇੱਕ ਪੱਤਾ ਤੱਕ ਛੱਡਿਆ ਨਹੀਂ ਗਿਆ ਸੀ ਕਿਉਂਕਿ ਉੱਥੇ ਹਾਜ਼ਰ ਲੋਕ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਉਸ ਘਰ ਵਿੱਚੋਂ ਉਹ ਵੀ ਕੁਝ ਲਿਆਏ ਹਨ।”

‘ਮੈਡਮ ਤੁਸਾਡ’ ਮਿਊਜ਼ੀਅਮ ਵਿੱਚ ਐਡਿਥ ਅਤੇ ਫਰੈਡੀ ਦੇ ਮੋਮ ਦੇ ਪੁਤਲੇ ਖਿੱਚ ਦਾ ਕੇਂਦਰ ਸੀ, ਕਿਉਂਕਿ ਕੇਸ ਨਾਲ ਜੁੜਿਆ ਜਨੂੰਨ ਘਟਣ ਦਾ ਨਾਮ ਨਹੀਂ ਲੈ ਰਿਹਾ ਸੀ।

ਆਖਿਰ 1980ਵਿਆਂ ਵਿੱਚ ਉਹ ਪੁਤਲੇ ‘ਚੈਂਬਰ ਆਫ ਹੌਰਰਜ਼’ ਤੋਂ ਹਟਾਏ ਗਏ ਸੀ। ਮੋਮ ਦੇ ਖ਼ਰਾਬ ਹੋਣ ਅਤੇ ਰੰਗ ਉਤਰਨ ਕਾਰਨ ਹੁਣ ਉਨ੍ਹਾਂ ਨੂੰ ਪੁਰਾਲੇਖਾਂ ਵਿੱਚ ਰੱਖ ਦਿੱਤਾ ਗਿਆ ਹੈ।

ਐਡਿਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡੀਥ ਨੇ ਆਖਰੀ ਵਾਰ ਆਪਣੇ ਮਾਤਾ-ਪਿਤਾ ਨੂੰ ਫਾਂਸੀ ਤੋਂ ਇਕ ਦਿਨ ਪਹਿਲਾਂ ਦੇਖਿਆ ਸੀ

ਪ੍ਰੋਫੈਸਰ ਵੀਅਸ ਨੇ ਕਈ ਸਾਲਾਂ ਤੱਕ ਐਡਿਥ ਨੂੰ ਮਾਫ਼ ਕਰਵਾਉਣ ਦੀ ਲੜਾਈ ਲੜੀ। 2018 ਵਿੱਚ ਉਸ ਦੀ ਦੇਹ ਨੂੰ ਮੈਨਰ ਪਾਰਕ ਦੇ ਸਿਟੀ ਆਫ ਲੰਡਨ ਕਬਰਸਤਾਨ ਵਿੱਚ ਉਸ ਦੇ ਮਾਪਿਆ ਦੀਆਂ ਦੇਹਾਂ ਕੋਲ ਦੁਬਾਰਾ ਦਫ਼ਨ ਕੀਤਾ ਗਿਆ ਸੀ।

ਪ੍ਰੋਫੈਸਰ ਵੀਅਸ ਕਹਿੰਦੇ ਹਨ, “ਮੈਂ ਉਸ ਦੀ ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨੀ ਦੀ ਉਮੀਦ ਕਰ ਰਿਹਾ ਸੀ। ਹੁਣ ਘੱਟੋ-ਘੱਟ ਉਹ ਉਨ੍ਹਾਂ ਦੇ ਨਾਲ ਹੈ।”

ਲੌਰਾ ਥੌਮਸਨ ਲਈ, ਐਡਿਥ ਨਾਲ ਜੋ ਵਾਪਰਿਆ ਉਹ ਹਾਲੇ ਵੀ ਮਾਅਨੇ ਰੱਖਦਾ ਹੈ।

ਭਾਵੇਂ ਕਿ ਬ੍ਰਿਟੇਨ ਵਿੱਚ ਮੌਤ ਦੀ ਸਜ਼ਾ ਨੂੰ ਖਤਮ ਹੋਇਆਂ 50 ਸਾਲ ਤੋਂ ਵੱਧ ਹੋ ਗਏ ਹਨ। “ਲੋਕਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਕੁਝ ਨਹੀਂ ਬਦਲਦਾ, ਪੱਖਪਾਤ ਹਮੇਸ਼ਾ ਰਹਿੰਦਾ ਹੈ, ਇਸ ਦੇ ਬੱਸ ਰੂਪ ਬਦਲਦੇ ਹਨ।”

ਘਰ

ਤਸਵੀਰ ਸਰੋਤ, RENÉ WEIS

“ਇਸ ਕਹਾਣੀ ਵਿੱਚ ਭਿਆਨਕ ਚੇਤਾਵਨੀ ਹੈ। ਉਨ੍ਹਾਂ ਲੋਕਾਂ ਪ੍ਰਤੀ ਸਭ ਤੋਂ ਬੁਰੇ ਪ੍ਰਭਾਵਾਂ ਨੂੰ ਜਾਂਚੋ ਜਿਨ੍ਹਾਂ ਤੋਂ ਤੁਸੀਂ ਪੱਖਪਾਤ ਮਹਿਸੂਸ ਕਰਦੇ ਹੋ।"

"ਅਸੀਂ ‘ਕੈਂਸਲਿੰਗ ਕਲਚਰ’ ਵਿੱਚ ਰਹਿੰਦੇ ਹਾਂ (ਜਿੱਥੇ ਸਮਾਜ ਵੱਲੋਂ ਕਿਸੇ ਨੂੰ ਸਿਰਫ਼ ਇਸ ਲਈ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਕੀਤਾ ਜਾਂ ਕਿਹਾ ਤੁਹਾਨੂੰ ਨਰਾਜ਼ ਕਰਦਾ ਹੈ), ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਸੀ। ਅਤੇ ਇਹ ਬਹੁਤ, ਬਹੁਤ ਖ਼ਤਰਨਾਕ ਪ੍ਰਭਾਵ ਹੈ ਪਰ ਸਮਾਜ ਨੂੰ ਇਸ ਦਾ ਵਿਰੋਧ ਬਹੁਤ ਔਖਾ ਲਗਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)