ਜੋਸ਼ੀਮਠ: 'ਅਸੀਂ ਹੌਲੀ ਹੌਲੀ ਆਪਣੇ ਘਰਾਂ ਨੂੰ ਗਰਕਦੇ ਦੇਖ ਰਹੇ ਹਾਂ', ਆਖ਼ਰ ਕਿਵੇਂ ਬਣੇ ਇਹ ਹਾਲਾਤ

ਤਸਵੀਰ ਸਰੋਤ, ANI
- ਲੇਖਕ, ਸੌਤਿਕ ਬਿਸਵਾਸ ਅਤੇ ਰਾਜੂ ਗੁਸਾਈਂ
- ਰੋਲ, ਬੀਬੀਸੀ ਨਿਊਜ਼
2 ਜਨਵਰੀ ਨੂੰ ਪਹੁ ਫੁਟਾਲੇ ਸਮੇਂ ਪ੍ਰਕਾਸ਼ ਭੋਟੀਆਲ ਆਪਣੇ ਜੋਸ਼ੀਮਠ ਵਿੱਚ ਘਰ ਅੰਦਰ “ਉੱਚੀ ਆਵਾਜ਼” ਸੁਣ ਕੇ ਉੱਠਿਆ।
ਹਿਮਾਲਿਆ ਦੀਆਂ ਪਹਾੜਾਈਆਂ ਵਿੱਚ ਇਹ ਇਲਾਕਾ ਭਾਰਤ ਦੇ ਉੱਤਰ ਵਿੱਚ ਸਥਿਤ ਉੱਤਰਾਖੰਡ ਸੂਬੇ ਵਿੱਚ ਹੈ।
ਇਸ 52 ਸਾਲਾ ਟੇਲਰ ਨੇ ਜਦੋਂ ਬਲਬ ਚਲਾਇਆ ਅਤੇ ਆਪਣੀ ਨਵੀਂ ਇਮਾਰਤ ਵਿੱਚ ਦੇਖਿਆ ਤਾਂ 11 ਵਿੱਚੋਂ 9 ਕਮਰਿਆਂ ਦੀਆਂ ਕੰਧਾਂ ’ਤੇ ਤਰੇੜਾਂ ਆ ਗਈਆਂ ਸਨ।
ਡਰ ਕਾਰਨ ਪਰਿਵਾਰ ਦੇ 11 ਮੈਂਬਰਾਂ ਨੂੰ ਉਹਨਾਂ ਦੋ ਕਮਰਿਆਂ ਵਿੱਚ ਲਿਜਾਇਆ ਗਿਆ ਜਿੱਥੇ ਬਹੁਤ ਮਾਮੂਲੀ ਜਿਹੀਆਂ ਤਰੇੜਾਂ ਸਨ।
ਭੋਟੀਆਲ ਕਹਿੰਦੇ ਹਨ, “ਅਸੀਂ ਦੇਰ ਤੱਕ ਜਾਗਦੇ ਰਹੇ। ਛੋਟੀ ਜਿਹੀ ਆਵਾਜ਼ ਨੇ ਡਰ ਪੈਦਾ ਕਰ ਦਿੱਤਾ। ਅਸੀਂ ਇਸ ਲਈ ਬਿਸਤਰੇ ਤਿਆਰ ਕਰ ਲਏ ਤਾਂ ਕਿ ਲੋੜ ਪੈਣ ’ਤੇ ਭੱਜਿਆ ਦਾ ਸਕੇ।”

ਤਸਵੀਰ ਸਰੋਤ, Getty Images
‘ ਹਲਾਤ ਚੰਗੇ ਨਹੀਂ’
ਉਹ ਕਹਿੰਦੇ ਹਨ ਕਿ ਘਰ ਦੇ ਬਾਹਰ ਵੀ ਹਲਾਤ ਚੰਗੇ ਨਹੀਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋਸ਼ੀਮਠ ਵਿੱਚ ਧਰਤੀ ਹੌਲੀ-ਹੌਲੀ ਧੱਸ ਰਹੀ ਹੈ। ਇਸ ਕਸਬੇ ਵਿੱਚ ਕਰੀਬ 20,000 ਲੋਕ ਰਹਿੰਦੇ ਹਨ ।
ਇਹ ਕਸਬਾ ਦੋ ਘਾਟੀਆਂ ਵਿਚਕਾਰ 6151 ਫੁੱਟ ’ਤੇ ਸਥਿਤ ਹੈ। ਇਲਾਕੇ ਵਿੱਚ 4500 ਇਮਾਰਤਾਂ ਵਿੱਚੋਂ 670 ਵਿੱਚ ਤਰੇੜਾਂ ਆ ਗਈਆਂ ਹਨ।
ਇਹਨਾਂ ਇਮਾਰਤਾਂ ਵਿੱਚ ਸਥਾਨਕ ਮੰਦਿਰ ਅਤੇ ਰੋਪਵੇਅ ਵੀ ਸ਼ਾਮਿਲ ਹਨ। ਅਧਿਕਾਰੀਆਂ ਮੁਤਾਬਕ ਇਹ ਇਲਾਕਾ 350 ਮੀਟਰ ਚੌੜਾ ਹੈ।
ਇਸ ਦੇ ਨਾਲ ਹੀ ਗਲੀਆਂ ਅਤੇ ਪਗਡੰਡੀਆਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਦੋ ਹੋਟਲਾਂ ਦੀਆਂ ਇਮਾਰਤਾਂ ਇੱਕ ਦੂਜੇ ਵੱਲ ਝੁਕੀਆਂ ਹੋਈਆਂ ਹਨ।
ਪਾਣੀ ਖੇਤਾਂ ਵਿੱਚੋਂ ਪੂਰੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਬਾਹਰ ਡੁੱਲ ਰਿਹਾ ਹੈ।
ਤਬਾਹੀ ਤੋਂ ਬਚਾਉਣ ਵਾਲੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਲੋੜ ਪੈਣ ’ਤੇ ਵਰਤਣ ਲਈ ਹੈਲੀਕਾਪਟਰ ਬੁਲਾ ਲਏ ਗਏ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ, “ਜਾਨਾਂ ਬਚਾਉਣਾ ਸਾਡੀ ਪਹਿਲੀ ਤਰਜ਼ੀਹ ਹੈ।”

ਜੋਸ਼ੀਮਠ ਦੀ ਕੀ ਮਾਮਲਾ ਹੈ ?
- ਜੋਸ਼ੀਮਠ ਹਿਮਾਲਿਆ ਦੀਆਂ ਪਹਾੜਾਈਆਂ ਵਿੱਚ ਭਾਰਤ ਦੇ ਉੱਤਰ ਵਿੱਚ ਸਥਿਤ ਉੱਤਰਾਖੰਡ ਸੂਬੇ ਵਿੱਚ ਹੈ।
- ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋਸ਼ੀਮਠ ਵਿੱਚ ਧਰਤੀ ਹੌਲੀ-ਹੌਲੀ ਧੱਸ ਰਹੀ ਹੈ।
- ਇਸ ਕਸਬੇ ਵਿੱਚ ਕਰੀਬ 20,000 ਲੋਕ ਰਹਿੰਦੇ ਹਨ।
- 80 ਪਰਿਵਾਰਾਂ ਨੂੰ ਘਰੋਂ ਤੋਂ ਸਕੂਲਾਂ, ਹੋਟਲਾਂ ਅਤੇ ਹੋਰ ਥਾਵਾਂ ਵਿੱਚ ਰੱਖਿਆ ਗਿਆ ਹੈ।


ਤਸਵੀਰ ਸਰੋਤ, PRAKASH BHOTHIYAL
‘ਅਸੀਂ ਆਪਣੇ ਘਰ ਨੂੰ ਹੌਲੀ-ਹੌਲੀ ਟੁੱਟਦਾ ਦੇਖ ਰਹੇ ਹਾਂ’
ਜਦੋਂ 52 ਸਾਲਾਂ ਮਜ਼ਦੂਰ ਦੁਰਗਾ ਪ੍ਰਸ਼ਾਦ ਸਕਲਾਨੀ ਦੇ ਘਰ ਦੀਆਂ ਕੰਧਾਂ ਅਤੇ ਫਰਸ਼ਾਂ ਉਪਰ ਤਰੇੜਾਂ ਆ ਗਈਆਂ ਸਨ ਤਾਂ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਦੇ 14 ਮੈਂਬਰਾਂ ਨੂੰ ਸਥਾਨਕ ਹੋਟਲ ਵਿੱਚ ਭੇਜ ਦਿੱਤਾ।
ਪਰ ਪਰਿਵਾਰ ਦਿਨ ਸਮੇਂ ਆਪਣੇ ਘਰ ਆ ਜਾਂਦਾ ਹੈ।
ਉਹ ਆਪਣੇ ਲਈ ਖਾਣਾ ਪਕਾਉਂਦੇ ਹਨ ਅਤੇ ਪਸ਼ੂਆਂ ਨੂੰ ਚਾਰਾ ਪਾਉਂਦੇ ਹਨ।
ਘਬਰਾਏ ਲੋਕਾਂ ਨੇ ਕੰਧਾਂ ਨੂੰ ਧੱਸਣ ਤੋਂ ਰੋਕਣ ਲਈ ਸਪੋਟਾਂ ਲਗਾ ਦਿੱਤੀਆਂ ਹਨ।
ਸਕਲਾਨੀ ਦੀ ਪਤਨੀ ਦਾ ਪਿਛਲੇ ਸਮੇਂ ਹੀ ਅਪਰੇਸ਼ਨ ਹੋਇਆ ਸੀ।
ਪਰਿਵਾਰ ਨੂੰ ਸਮਝ ਨਹੀਂ ਆ ਰਿਹਾ ਕਿ ਹੋਟਲ ਦੇ ਮਹੌਲ ਵਿੱਚ ਉਸ ਦਾ ਸਰੀਰ ਕਿਵੇਂ ਠੀਕ ਹੋਵੇਗਾ।

ਇਹ ਵੀ ਪੜ੍ਹੋ:


ਤਸਵੀਰ ਸਰੋਤ, ATUL SATI
ਭੂਚਾਲ ਵਾਲਾ ਇਲਾਕਾ
ਇਸ ਸੰਕਟ ਦਾ ਇਕਦਮ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸੀ। ਜੋਸ਼ੀਮਠ ਖੁਦ ਨਾਜ਼ੁਕ ਭੂ-ਵਿਗਿਆਨਕ ਹਾਲਤਾਂ ਵਿਚ ਪੈਦਾ ਹੋਇਆ ਸੀ।
ਇੱਕ ਪਹਾੜੀ ਦੀ ਵਿਚਕਾਰਲੀ ਢਲਾਨ 'ਤੇ ਸਥਿਤ ਇਹ ਕਸਬਾ, ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਭੂਚਾਲ ਕਾਰਨ ਜ਼ਮੀਨ ਖਿਸਕਣ ਕਰਕੇ ਬਣੇ ਮਲਬੇ 'ਤੇ ਵਸਿਆ ਸੀ।
ਅਸਲ ਵਿੱਚ ਇਹ ਭੂਚਾਲ ਵਾਲੇ ਇਲਾਕੇ ਵਿੱਚ ਸਥਿਤ ਹੈ। ਜ਼ਮੀਨ ਕਈ ਕਾਰਨਾਂ ਕਰਕੇ ਗਰਕਨੀ ਸ਼ੁਰੂ ਹੋ ਸਕਦੀ ਹੈ।
ਇਹਨਾਂ ਵਿੱਚ ਧਰਤੀ ਦੀ ਪਰਤ ਦਾ ਪਤਲਾ ਹੋਣਾ ਜਾਂ ਭੂਚਾਲ ਵੀ ਕਾਰਨ ਹੋ ਸਕਦੇ ਹਨ।
ਇਹ ਉੱਚਾਈ ਵਿੱਚ ਤਬਦੀਲੀ ਦਾ ਕਾਰਨ ਬਣ ਸਕਦੇ ਹਨ।
ਇੱਕ ਸਿੰਕਹੋਲ ਧਰਤੀ ਦੀ ਪਰਤ ਦੇ ਢਹਿ ਜਾਣ ਕਾਰਨ ਜ਼ਮੀਨ ਵਿੱਚ ਛੇਕ ਹੋ ਸਕਦਾ ਹੈ।
ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਨਿਕਾਸੀ ਅਤੇ ਜਲ ਨਿਕਾਸੀ ਵਰਗੀਆਂ ਮਨੁੱਖੀ ਗਤੀਵਿਧੀਆਂ ਦੇ ਕਾਰਨ ਜ਼ਮੀਨ ਧਸ ਜਾਂਦੀ ਹੈ।
ਇਸ ਬਾਰੇ ਭੂ-ਵਿਗਿਆਨੀ ਮੰਨਦੇ ਹਨ ਕਿ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੁਨੀਆ ਦੇ ਕਿਸੇ ਵੀ ਸ਼ਹਿਰ ਨਾਲੋਂ ਤੇਜ਼ੀ ਨਾਲ ਗਰਕ ਰਹੀ ਹੈ।
ਅਮਰੀਕੀ ਭੂ-ਵਿਗਿਆਨੀਆਂ ਦੇ ਸਰਵੇਖਣ ਅਨੁਸਾਰ ਇਹ ਦੁਨੀਆ ਭਰ ਵਿੱਚ 80% ਤੋਂ ਵੱਧ ਜ਼ਮੀਨ ਹੇਠਲੇ ਪਾਣੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਹੁੰਦੀ ਹੈ।

ਤਸਵੀਰ ਸਰੋਤ, Getty Images
"ਸਥਿਤੀ ਚਿੰਤਾਜਨਕ ਹੈ"
ਜੋਸ਼ੀਮਠ ਦੀਆਂ ਮੁਸੀਬਤਾਂ ਲਈ ਮੁੱਖ ਤੌਰ 'ਤੇ ਮਨੁੱਖੀ ਸਰਗਰਮੀ ਜ਼ਿੰਮੇਵਾਰ ਜਾਪਦੀ ਹੈ। ਦਹਾਕਿਆਂ ਤੋਂ ਬਹੁਤ ਸਾਰਾ ਪਾਣੀ ਜ਼ਮੀਨ ਦੇ ਹੇਠਾਂ ਤੋਂ ਖੇਤੀ ਲਈ ਬਾਹਰ ਕੱਢਿਆ ਗਿਆ ਹੈ।
ਇਸ ਨਾਲ ਰੇਤ ਅਤੇ ਪੱਥਰ ਕਮਜ਼ੋਰ ਹੋ ਗਏ ਹਨ।
ਮਿੱਟੀ ਡੁੱਲ੍ਹਣ ਨਾਲ ਕਸਬਾ ਹੌਲੀ-ਹੌਲੀ ਡੁੱਬਦਾ ਜਾ ਰਿਹਾ ਹੈ।
ਇੱਕ ਭੂ-ਵਿਗਿਆਨੀ ਡੀਪੀ ਡੋਭਾਲ ਕਹਿੰਦੇ ਹਨ, "ਸਥਿਤੀ ਚਿੰਤਾਜਨਕ ਹੈ।"
ਸਾਲ 1976 ਦੇ ਸ਼ੁਰੂ ਵਿੱਚ ਇੱਕ ਸਰਕਾਰੀ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਜੋਸ਼ੀਮਠ ਗਰਕ ਰਿਹਾ ਹੈ।
ਇਸ ਖੇਤਰ ਵਿੱਚ ਵੱਡੇ ਨਿਰਮਾਣ ਕਾਰਜਾਂ 'ਤੇ ਪਾਬੰਦੀ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਵਿਚ ਪਾਣੀ ਦੇ ਢੁਕਵੇਂ ਨਿਕਾਸੀ ਪ੍ਰਬੰਧਾਂ ਦੀ ਘਾਟ ਜ਼ਮੀਨ ਖਿਸਕਣ ਦਾ ਕਾਰਨ ਦੱਸੀ ਗਈ ਸੀ।
ਇਹ ਵੀ ਕਿਹਾ ਗਿਆ ਸੀ ਕਿ, "ਜੋਸ਼ੀਮਠ ਸ਼ਹਿਰ ਵਸਾਉਣ ਲਈ ਢੁਕਵਾਂ ਨਹੀਂ ਹੈ।"

ਤਸਵੀਰ ਸਰੋਤ, Getty Images
ਮਨੁੱਖੀ ਗਤੀਵਿਧੀਆਂ ਅਤੇ ਪਣ-ਬਿਜਲੀ ਪ੍ਰਾਜੈਕਟ
ਦਹਾਕਿਆਂ ਤੋਂ ਇਹ ਸਥਾਨ ਲੱਖਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਭਾਰੀ ਗਿਣਤੀ ਵਾਲੀ ਥਾਂ ਬਣਿਆ ਹੋਇਆ ਹੈ।
ਸ਼ਰਧਾਲੂ ਲਗਭਗ 45 ਕਿਲੋਮੀਟਰ ਦੂਰ ਹਿੰਦੂ ਧਾਮ ਲਈ ਬਦਰੀਨਾਥ ਜਾਂਦੇ ਹਨ।
ਸੈਲਾਨੀ ਇਸ ਖੇਤਰ ਵਿੱਚ ਟ੍ਰੈਕਿੰਗ ਵੀ ਕਰਦੇ ਹਨ। ਇਲਾਕੇ ਵਿੱਚ ਹੋਟਲ, ਰਿਹਾਇਸ਼ੀ ਘਰ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵੱਧ ਗਈਆਂ ਹਨ।
ਸ਼ਹਿਰ ਦੇ ਆਲੇ-ਦੁਆਲੇ ਕਈ ਪਣ-ਬਿਜਲੀ ਪ੍ਰਾਜੈਕਟ ਵੀ ਬਣਾਏ ਜਾ ਰਹੇ ਹਨ।
ਆਉਣ ਜਾਣ ਨੂੰ ਸੁਖਾਲਾ ਬਣਾਉਣ ਅਤੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸੜਕਾਂ ਬਣਾਈਆਂ ਗਈਆਂ ਹਨ।
ਇਸ ਦੇ ਨਾਲ ਹੀ ਸੁਰੰਗਾਂ ਲਈ ਬੋਰ ਕੀਤੇ ਗਏ।ਤਪੋਵਨ ਵਿਸ਼ਨੂੰਗੜ ਪਣ ਬਿਜਲੀ ਪ੍ਰੋਜੈਕਟ ਇੱਕ ਚਿੰਤਾ ਦੀ ਵਿਸ਼ਾ ਹੈ।
ਭੂ-ਵਿਗਿਆਨੀ ਐਮਪੀਐਸ ਬਿਸ਼ਟ ਅਤੇ ਪੀਯੂਸ਼ ਰੌਤੇਲਾ ਨੇ ਜੋਸ਼ੀਮਠ ਦੇ ਉੱਪਰ ਇੱਕ 2010 ਦਾ ਪੇਪਰ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਕਿਹਾ ਸੀ ਕਿ "ਇਹ ਸੁਰੰਗ ਜੋਸ਼ੀਮਠ ਦੇ ਹੇਠਾਂ ਭੂ-ਵਿਗਿਆਨਕ ਤੌਰ 'ਤੇ ਨਾਜ਼ੁਕ ਖੇਤਰ ਵਿੱਚੋਂ ਲੰਘਦੀ ਹੈ।"
ਭੂ-ਵਿਗਿਆਨੀਆਂ ਨੂੰ ਪਤਾ ਲਗਿਆ ਕਿ ਦਸੰਬਰ 2009 ਵਿੱਚ, ਪ੍ਰੋਜੈਕਟ ਲਈ ਬੋਰਿੰਗ ਉਪਕਰਨਾਂ ਨੇ ਜੋਸ਼ੀਮਠ ਵਿੱਚ ਇੱਕ ਐਕੁਆਇਰ ਨੂੰ ਪੰਕਚਰ ਕਰ ਦਿੱਤਾ।
ਇਸ ਨਾਲ ਰੋਜ਼ਾਨਾ ਲਗਭਗ 70 ਮਿਲੀਅਨ ਲੀਟਰ ਭੂਮੀਗਤ ਪਾਣੀ ਦਾ ਨਿਕਾਸ ਹੁੰਦਾ ਹੈ। ਇਹ 30 ਲੱਖ ਲੋਕਾਂ ਨੂੰ ਲਈ ਕਾਫ਼ੀ ਹੈ।
“ਨਾਜ਼ੁਕ ਲੈਂਡਸਕੇਪ"
ਭੂ-ਵਿਗਿਆਨੀ ਕਹਿੰਦੇ ਹਨ ਕਿ ਘਾਟੀਆਂ, ਪਹਾੜੀਆਂ ਅਤੇ ਨਦੀਆਂ ਵਾਲਾ ਇਹ ਖੇਤਰ "ਨਾਜ਼ੁਕ ਲੈਂਡਸਕੇਪ" ਹੈ।
ਸੂਬੇ ਵਿੱਚ ਕੁਦਰਤੀ ਆਫ਼ਤਾਂ ਦਾ ਲੰਮਾ ਇਤਿਹਾਸ ਰਿਹਾ ਹੈ।
ਸਾਲ 1880 ਅਤੇ 1999 ਦੇ ਵਿਚ ਸਿਰਫ਼ ਪੰਜ ਘਟਨਾਵਾਂ - ਭੂਚਾਲ ਅਤੇ ਜ਼ਮੀਨ ਖਿਸਕਣ ਦੀਆਂ ਵਿੱਚ 1,300 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ।
ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2000 ਅਤੇ 2009 ਦੇ ਵਿਚਕਾਰ ਜ਼ਮੀਨ ਧਸਣ, ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਕਾਰਨ ਘੱਟੋ-ਘੱਟ 433 ਲੋਕਾਂ ਦੀ ਜਾਨ ਗਈ ਸੀ।
ਸਾਲ 2010 ਅਤੇ 2020 ਦੇ ਵਿਚਕਾਰ ਮੌਸਮੀ ਘਟਨਾਵਾਂ ਵਿੱਚ 1,312 ਲੋਕ ਮਾਰੇ ਗਏ ਸਨ। ਇਸ ਦੌਰਾਨ ਤਕਰੀਬਨ 400 ਪਿੰਡਾਂ ਨੂੰ ਰਹਿਣ ਲਈ ਅਸੁਰੱਖਿਅਤ ਦੱਸਿਆ ਗਿਆ ਸੀ।
ਆਫ਼ਤ ਪ੍ਰਬੰਧਨ ਅਧਿਕਾਰੀ ਸੁਸ਼ੀਲ ਖੰਡੂਰੀ ਦੇ ਅਧਿਐਨ ਅਨੁਸਾਰ, ਇਕੱਲੇ 2021 ਵਿੱਚ, ਉਤਰਾਖੰਡ ਵਿੱਚ ਜ਼ਮੀਨ ਖਿਸਕਣ, ਹੜ੍ਹਾਂ ਅਤੇ ਬਰਫ਼ਬਾਰੀ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।
ਕੀ ਜੋਸ਼ੀਮਠ ਨੂੰ ਬਚਾਇਆ ਜਾ ਸਕਦਾ ਹੈ?
ਅੱਜ ਜੋਸ਼ੀਮਠ ਦੇ ਲੋਕ ਫਸੇ ਹੋਏ ਹਨ। ਧਰਤੀ ਉਨ੍ਹਾਂ ਦੇ ਘਰਾਂ ਨੂੰ ਖਾਣ ਲਈ ਕਿੰਨਾ ਸਮਾਂ ਲਵੇਗੀ? ਆਖ਼ਰਕਾਰ ਇਹ ਇੱਕ ਹੌਲੀ ਪ੍ਰਕਿਰਿਆ ਹੋ ਸਕਦੀ ਹੈ।
ਕੋਈ ਨਹੀਂ ਜਾਣਦਾ ਕਿ ਦਹਾਕਿਆਂ ਤੋਂ ਮਿੱਟੀ ਕਿੰਨੇ ਇੰਚ ਜਾਂ ਫੁੱਟ ਧਸ ਰਹੀ ਹੈ।
ਸਮੇਂ ਦੇ ਨਾਲ ਇਹ ਕਸਬਾ ਕਿੰਨਾ ਡੁੱਬ ਸਕਦਾ ਹੈ ਇਸ ਬਾਰੇ ਕੋਈ ਅਧਿਐਨ ਨਹੀਂ ਹੈ।
ਵੱਡੀ ਗੱਲ ਇਹ ਹੈ ਕਿ ਕੀ ਜੋਸ਼ੀਮਠ ਨੂੰ ਬਚਾਇਆ ਜਾ ਸਕਦਾ ਹੈ?
ਇੱਕ ਸਥਾਨਕ ਕਾਰਕੁਨ ਨੇ ਇੱਕ ਉੱਚ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਧਰਤੀ ਦਾ ਗਰਕਣਾ ਜਾਰੀ ਰਿਹਾ ਤਾਂ ਸ਼ਹਿਰ ਦੇ 40% ਲੋਕਾਂ ਨੂੰ ਬਾਹਰ ਕੱਢਣ ਦੀ ਲੋੜ ਹੋਵੇਗੀ।
ਅਤੁਲ ਸਤੀ ਕਹਿੰਦੇ ਹਨ, “ਜੇਕਰ ਇਹ ਸੱਚ ਹੈ ਤਾਂ ਬਾਕੀ ਸ਼ਹਿਰ ਨੂੰ ਬਚਾਉਣਾ ਔਖਾ ਹੋਵੇਗਾ।"












