ਪੰਜਾਬ ਸਣੇ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਢ, ਜਾਣੋ ਮੌਸਮ ਵਿਭਾਗ ਨੇ ਚੇਤਾਵਨੀ 'ਚ ਕੀ-ਕੀ ਕਿਹਾ

ਤਸਵੀਰ ਸਰੋਤ, Getty Images
ਉੱਤਰ - ਪੂਰਬੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਆਮ ਜਨ-ਜੀਵਨ ਖਾਸਾ ਪ੍ਰਭਾਵਿਤ ਹੋ ਰਿਹਾ ਹੈ।
ਪੰਜਾਬ ਤੇ ਹਰਿਆਣਾ ਸਮੇਤ ਰਾਜਸਥਾਨ ਦੇ ਕੁਝ ਇਲਾਕਿਆਂ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਵਿੱਚ ਸੰਘਣੀ ਧੁੰਧ ਛਾਈ ਹੋਈ ਹੈ।
ਧੁੰਦ ਕਾਰਨ ਪੰਜਾਬ ਵਿੱਚ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਲੰਘੇ ਐਤਵਾਰ ਨੂੰ ਉੱਤਰੀ ਭਾਰਤ ਅਤੇ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਪੈ ਰਹੀ ਧੁੰਦ ਕਾਰਨ 480 ਤੋਂ ਵੱਧ ਰੇਲ ਗੱਡੀਆਂ ਅਤੇ 25 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਠੰਢ ਕਾਰਨ 8 ਜਨਵਰੀ ਨੂੰ ਇੱਥੋਂ ਦਾ ਨਿਊਨਤਮ ਤਾਪਮਾਨ 1.9 ਡਿਗਰੀ ਸੈਲਸੀਅਸ ਰਿਹਾ।
ਅੱਤ ਦੀ ਇਸ ਠੰਢ ਨਾਲ ਬੇਘਰ ਲੋਕਾਂ ਅਤੇ ਆਵਾਰਾ ਜਾਨਵਰਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ।
ਮੌਸਮ ਦਾ ਹਾਲ ਦੇਖਦਿਆਂ, ਭਾਰਤ ਦੇ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ 'ਆਰੇਂਜ' ਐਲਰਟ ਵੀ ਜਾਰੀ ਕੀਤਾ ਹੈ।

ਤਸਵੀਰ ਸਰੋਤ, Getty Images
ਬਠਿੰਡਾ 'ਚ ਵਿਜ਼ੀਬਿਲਿਟੀ ਜ਼ੀਰੋ
ਮੌਸਮ ਵਿਭਾਗ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, 9 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਔਸਤ ਤਾਪਮਾਨ 1.2 ਡਿਗਰੀ ਸੈਲਸੀਅਸ ਰਿਹਾ।
ਜਦਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਔਸਤ ਤਾਪਮਾਨ 1.5 ਅਤੇ 2.9 ਡਿਗਰੀ ਸੈਲਸੀਅਸ ਰਿਹਾ।
9 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦੇ ਕਾਰਨ ਬਠਿੰਡਾ ਵਿੱਚ ਵਿਜ਼ੀਬਿਲਿਟੀ ਜ਼ੀਰੋ ਰਹੀ।
ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਵਿਜ਼ੀਬਿਲਿਟੀ 25 ਮੀਟਰ ਤੱਕ ਰਹੀ।
ਟ੍ਰੇਨਾਂ ਹੋ ਰਹੀਆਂ ਰੱਦ ਤੇ ਉਡਾਣਾਂ ਹੋ ਰਹੀਆਂ ਲੇਟ

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐੱਨਆਈ ਮੁਤਾਬਕ, 9 ਜਨਵਰੀ ਨੂੰ ਸਵੇਰੇ ਸਾਢੇ ਦਸ ਵਜੇ ਤੱਕ ਦਿੱਲੀ ਤੋਂ ਉੱਡਣ ਵਾਲੀਆਂ 118 ਘਰੇਲੂ ਉਡਾਣਾਂ ਦੇਰੀ ਨਾਲ ਉੱਡੀਆਂ ਜਦਕਿ ਦਿੱਲੀ ਆਉਣ ਵਾਲੀਆਂ 32 ਉਡਾਣਾਂ ਵੀ ਦੇਰੀ ਨਾਲ ਪਹੁੰਚੀਆਂ।
ਸੰਘਣੀ ਧੁੰਦ ਕਾਰਨ ਦਿੱਲੀ ਤੋਂ ਉੱਡਣ ਵਾਲੀਆਂ 3 ਉਡਾਣਾਂ ਦਾ ਰੂਟ ਬਦਲ ਕੇ ਜੈਪੁਰ ਵੱਲ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਉਡਾਣ ਸ਼ਾਰਜਾਹ (ਯੂਏਈ) ਲਈ, ਇੱਕ ਅਹਿਮਦਾਬਾਦ ਲਈ ਅਤੇ ਇੱਕ ਪੁਣੇ ਲਈ ਉੱਡੀ ਸੀ।
ਇਸੇ ਤਰ੍ਹਾਂ 9 ਜਨਵਰੀ ਨੂੰ ਸੰਘਣੀ ਧੁੰਦ ਕਾਰਨ, 267 ਟ੍ਰੇਨਾਂ ਰੱਦ ਕਰਨ ਦੀ ਜਾਣਕਾਰੀ ਹੈ।
ਖ਼ਬਰ ਏਜੰਸੀ ਏਐੱਨਆਈ ਦੇ ਟਵੀਟ ਮੁਤਾਬਕ, ਸਵੇਰੇ 11 ਵਜੇ ਤੱਕ 170 ਟ੍ਰੇਨਾਂ ਵਿੱਚੋਂ 91 ਆਪਣੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਸਨ।
ਸੀਨੀਅਰ ਮੌਸਮ ਵਿਗਿਆਨੀ ਡਾਕਟਰ ਆਰ ਕੇ ਜੇਨਾਮਨੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉੱਤਰੀ ਭਾਰਤ ਦੇ ਲਗਭਗ ਸਾਰੇ ਹਵਾਈ ਅੱਡਿਆਂ 'ਤੇ ਵਿਜ਼ੀਬਿਲੀਟੀ ਜ਼ੀਰੋ ਹੈ ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋ ਹਰੀਆਂ ਹਨ।
ਉਨ੍ਹਾਂ ਕਿਹਾ ਕਿ ਦਿਨ ਚੜ੍ਹਨ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਧੁੰਦ ਛਾਈ ਰਹਿਣ ਕਾਰਨ ਦਿਨ ਭਰ 'ਚ ਤਾਪਮਾਨ ਡਿੱਗਿਆ ਰਹਿੰਦਾ ਹੈ।

- ਪੰਜਾਬ ਸਣੇ ਪੂਰੇ ਉੱਤਰ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਢ, ਕਈ ਥਾਵਾਂ 'ਤੇ ਵਿਜ਼ੀਬਿਲਿਟੀ ਜ਼ੀਰੋ
- ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਅਗਲੇ 3-4 ਦਿਨਾਂ ਤੱਕ ਠੰਢ ਤੋਂ ਰਾਹਤ ਨਹੀਂ
- ਸੰਘਣੀ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਤੇ ਕਈ ਟ੍ਰੇਨਾਂ ਹੋਈਆਂ ਰੱਦ
- 9 ਜਨਵਰੀ ਨੂੰ ਸੰਘਣੀ ਧੁੰਦ ਕਾਰਨ, 267 ਟ੍ਰੇਨਾਂ ਰੱਦ ਕਰਨ ਦੀ ਜਾਣਕਾਰੀ ਹੈ
- ਪਿਛਲੇ 24 ਘੰਟਿਆਂ 'ਚ ਰਾਜਸਥਾਨ ਦੇ ਚੁਰੂ ਵਿੱਚ ਸਭ ਤੋਂ ਘੱਟ ਤਾਪਮਾਨ -0.5 ਡਿਗਰੀ ਸੈਲਸੀਅਸ ਰਿਹਾ

ਮੌਸਮ ਵਿਭਾਗ ਨੇ ਦਿੱਤੀ ਇਹ ਜਾਣਕਾਰੀ
ਭਾਰਤ ਦੇ ਮੌਸਮ ਵਿਭਾਗ ਨੇ ਇੱਕ ਪ੍ਰੈੱਸ ਰਿਲੀਜ਼ ਰਾਹੀਂ ਉੱਤਰ-ਪੱਛਮੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਢ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਆਉਂਦੇ ਦਿਨਾਂ ਵਿੱਚ ਮੌਸਮ ਦਾ ਹਾਲ ਦੱਸਿਆ ਹੈ।

8 ਜਨਵਰੀ ਨੂੰ ਜਾਰੀ ਇਸ ਪ੍ਰੈੱਸ ਰਿਲੀਜ਼ ਮੁਤਾਬਕ ਪਿਛਲੇ 24 ਘੰਟਿਆਂ ਦੇ ਮੌਸਮ ਦਾ ਹਾਲ:
- ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 1-2 ਡਿਗਰੀ ਸੈਲਸੀਅਸ ਤੱਕ ਵਧਿਆ ਹੈ ਜਦਕਿ ਪੰਜਾਬ ਅਤੇ ਹਰਿਆਣਾ ਦੇ ਵਧੇਰੇ ਖੇਤਰ ਵਿੱਚ ਲੰਘੇ 24 ਘੰਟਿਆਂ ਦੌਰਾਨ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਹੋਈ ਬਲਕਿ ਕੁਝ ਇਲਾਕਿਆਂ ਵਿੱਚ ਪਾਰਾ 2-4 ਡਿਗਰੀ ਸੈਲਸੀਅਸ ਤੱਕ ਡਿੱਗਿਆ ਹੀ ਹੈ।
- ਦੱਖਣੀ ਹਰਿਆਣਾ, ਉੱਤਰੀ ਰਾਜਸਥਾਨ, ਦੱਖਣੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਖੇਤਰ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 1-4 ਡਿਗਰੀ ਸੈਲਸੀਅਸ ਹੈ।
- ਚੁਰੂ (ਰਾਜਸਥਾਨ) ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ -0.5°C ਦਰਜ ਕੀਤਾ ਗਿਆ।
- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਦੇਖੀ ਗਈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ, ਉੱਤਰੀ ਰਾਜਸਥਾਨ, ਜੰਮੂ ਦੇ ਅਲੱਗ-ਥਲੱਗ ਖੇਤਰਾਂ ਵਿੱਚ, ਪੱਛਮੀ ਬੰਗਾਲ ਅਤੇ ਬਿਹਾਰ ਦੇ ਕੁਝ ਖੇਤਰਾਂ ਵਿੱਚ ਵੀ ਵਿੱਚ ਸੰਘਣੀ ਧੁੰਦ ਰਹੀ।
- ਉੱਤਰਾਖੰਡ, ਤ੍ਰਿਪੁਰਾ ਅਤੇ ਆਸਾਮ ਦੇ ਘੱਟ ਆਬਾਦੀ ਵਾਲੇ ਇਲਾਕਿਆਂ ਵਿੱਚ ਵੀ ਧੁੰਦ ਛਾਈ ਰਹੀ।
- ਹਰਿਆਣਾ, ਉੱਤਰ-ਪੂਰਬੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ, ਉੱਤਰ ਪ੍ਰਦੇਸ਼, ਬਿਹਾਰ ਦੇ ਕਈ ਹਿੱਸਿਆਂ ਵਿੱਚ ਦਿਨ ਵਧੇਰੇ ਠੰਢੇ ਰਹੇ ਹਨ।

ਇਹ ਵੀ ਪੜ੍ਹੋ:

ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਚੇਤਾਵਨੀ

ਤਸਵੀਰ ਸਰੋਤ, ANI
ਪੱਛਮੀ ਗੜਬੜੀ ਕਾਰਨ, 8-9 ਜਨਵਰੀ ਦੌਰਾਨ ਹਿਮਾਲਿਆ ਦੇ ਕੁਝ ਖੇਤਰ ਵਿੱਚ ਹਲਕੀ ਬਾਰਿਸ਼ ਅਤੇ ਤਾਜ਼ਾ ਬਰਫ਼ਬਾਰੀ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਡਿੱਗਣ ਦਾ ਅਨੁਮਾਨ ਹੈ।
ਇੱਕ ਹੋਰ ਪੱਛਮੀ ਮੌਸਮੀ ਗੜਬੜੀ ਕਾਰਨ, 11-12 ਜਨਵਰੀ ਦਰਮਿਆਨ ਮੁੜ ਹਿਮਾਲਿਆ ਦੇ ਪੱਛਮੀ ਖੇਤਰ 'ਚ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਵਧੇਰੇ ਸੰਭਾਵਨਾ ਹੈ ਕਿ 9 ਜਨਵਰੀ ਨੂੰ ਪੰਜਾਬ, ਹਿਮਾਚਲ ਤੇ ਉਡੀਸ਼ਾ ਵਿੱਚ ਸ਼ੀਤ ਲਹਿਰ ਜਾਰੀ ਰਹੇਗੀ ਜਦਕਿ ਦੱਖਣੀ ਹਰਿਆਣਾ, ਚੰਡੀਗੜ੍ਹ, ਉੱਤਰੀ ਰਾਜਸਥਾਨ ਤੇ ਹੋਰ ਕਈ ਇਲਾਕਿਆਂ ਵਿੱਚ ਵਧੇਰੇ ਠੰਢਾ ਮੌਸਮ ਰਹੇਗਾ।
ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਪਵੇਗੀ।

ਤਸਵੀਰ ਸਰੋਤ, Getty Images
ਇਹ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ
- ਸੰਘਣੀ ਧੁੰਦ ਕਾਰਨ ਹਵਾਈ ਰੂਟ, ਰੇਲਾਂ ਦੇ ਰੂਟ ਪ੍ਰਭਾਵਿਤ ਹੋ ਸਕਦੇ ਹਨ
- ਸੜਕੀ ਮਾਰਗ ਰਾਹੀਂ ਜਾਣ ਵਾਲਿਆਂ ਲਈ ਵੀ ਧੁੰਦ ਕਾਰਨ ਪਰੇਸ਼ਾਨੀ ਹੋ ਸਕਦੀ ਹੈ
- ਕਈ ਖੇਤਰਾਂ ਵਿੱਚ ਬਿਜਲੀ ਜਾਣ ਵਰਗੀਆਂ ਦਿੱਕਤਾਂ ਵੀ ਪੇਸ਼ ਆ ਸਕਦੀਆਂ ਹਨ

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੁਝਾਅ ਦਿੱਤਾ ਹੈ ਕਿ ਲੋਕ ਸਾਵਧਾਨੀ ਵਰਤਦੇ ਹੋਏ ਵਾਹਨ ਚਲਾਉਣ ਅਤੇ ਰੇਲ ਜਾਂ ਹਵਾਈ ਯਾਤਰਾ ਕਰਨ ਵਾਲੇ, ਸਮੇਂ-ਸਮੇਂ 'ਤੇ ਰੂਟ ਬਦਲਣ ਜਾਂ ਰੱਦ ਹੋਣ ਦੀ ਜਾਣਕਾਰੀ ਬਾਰੇ ਚੈੱਕ ਕਰਦੇ ਰਹਿਣ ਤਾਂ ਜੋ ਪਰੇਸ਼ਾਨੀ ਤੋਂ ਬਚਿਆ ਜਾ ਸਕੇ।












