ਯੂਕੇ ਦੇ ਪੰਜਾਬੀ ਪਰਿਵਾਰ ਨੇ ਕਿਵੇਂ ਅੰਗਰੇਜ਼ਾਂ ਦੀ ਲੀਗ ’ਚ ਰੈਫਰੀ ਬਣ ਕੇ ਨਾਮਣਾ ਖੱਟਿਆ

ਭੁਪਿੰਦਰ ਸਿੰਘ ਗਿੱਲ ਨੇ ਯੂਕੇ ਦੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਪਹਿਲੇ ਪੰਜਾਬੀ-ਸਿੱਖ ਅਸਿਸਟੈਂਟ ਰੈਫ਼ਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਬੁੱਧਵਾਰ ਨੂੰ ਸਾਉਥੈਂਪਟਨ ਦੀਆਂ ਘਰੇਲੂ ਖੇਡਾਂ ਵਿੱਚ ਹੋਏ ਇੱਕ ਫ਼ੁੱਟਬਾਲ ਮੈਚ ਦੌਰਾਨ ਭੁਪਿੰਦਰ ਸਿੰਘ ਗਿੱਲ ਨੇ ਅਸਿਸਟੈਂਟ ਰੈਫ਼ਰੀ ਦੀ ਭੂਮਿਕਾ ਨਿਭਾਈ।
ਭੁਪਿੰਦਰ ਗਿੱਲ ਰੈਫ਼ਰੀਆਂ ਦੇ ਪਰਿਵਾਰ ਵਿੱਚੋਂ ਆਉਂਦੇ ਹਨ।
ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਗਿੱਲ ਦਾੜੀ ਅਤੇ ਪੱਗ ਵਾਲੇ ਪਹਿਲੇ ਸਿੱਖ ਰੈਫ਼ਰੀ ਸਨ, ਜਿੰਨਾਂ ਨੇ ਇੰਗਲਿੰਸ਼ ਲੀਗ ਵਿੱਚ ਰੈਫ਼ਰੀ ਦੀ ਸੇਵਾ ਨਿਭਾਈ ਸੀ।
ਜਰਨੈਲ ਸਿੰਘ ਗਿੱਲ ਦੇ ਦੂਜੇ ਪੁੱਤਰ ਸਨੀ ਸਿੰਘ ਗਿੱਲ ਵੀ ਇਸ ਤੋਂ ਪਹਿਲਾਂ ਈਐੱਫ਼ਐੱਲ ਵਿੱਚ ਪਹਿਲੇ ਬ੍ਰਿਟਿਸ਼ ਸਾਉਥ ਏਸ਼ੀਅਨ ਵੱਜੋਂ ਰੈਫਰੀ ਦੀ ਭੂਮਿਕਾ ਨਿਭਾ ਚੁੱਕੇ ਹਨ। ਈਐੱਫ਼ਐੱਲ ਈਪੀਐੱਲ ਦੀ ਹੀ ਛੋਟੀ ਲੀਗ ਹੁੰਦੀ ਹੈ। ਈਐੱਫ਼ਐੱਲ ਤੋਂ ਈਪੀਐੱਲ ਵਿੱਚ ਟਾਪ 20 ਟੀਮਾਂ ਪਹੁੰਚਦੀਆਂ ਹਨ।
ਭੁਪਿੰਦਰ ਸਿੰਘ ਗਿੱਲ ਨੇ ਕਿਹਾ, “ਸੱਚੀ ਗੱਲ ਕਹਾਂ ਤਾਂ ਇਹ ਮੇਰੇ ਲਈ ਬੜੀ ਹੀ ਖੁਸ਼ੀ ਵਾਲਾ ਪਲ ਸੀ।”
ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਖੇਡ ਵਿੱਚ ਹੋਰ ਵੀ ਬ੍ਰਿਟਿਸ਼ ਏਸ਼ੀਅਨ ਆਉਣ ਪਰ ਇਸ ਲਈ ਉਹਨਾਂ ਨੂੰ ਯਤਨ ਕਰਨੇ ਪੈਣਗੇ।
ਗਿੱਲ ਨੇ ਕਿਹਾ, “ਅਸੀਂ ਸਿਰਫ਼ ਖਾਨਾਪੂਰਤੀ ਲਈ ਇਨ੍ਹਾਂ ਖੇਡਾਂ ਵਿੱਚ ਨਹੀਂ ਰਹਿ ਸਕਦੇ ਕਿ ਅਸੀਂ ਏਸ਼ੀਅਨ ਹਾਂ।”
ਬੀਬੀਸੀ ਏਸ਼ੀਅਨ ਨੈਟਵਰਕ ਦੇ ਅੰਕੁਰ ਦੇਸਾਈ ਨਾਲ ਗੱਲ ਕਰਦਿਆਂ ਉਹਨਾਂ ਕਿਹਾ, “ਅਸੀਂ ਏਥੇ ਇਸ ਲਈ ਹਾਂ ਕਿਉਂਕਿ ਅਸੀਂ ਸਖ਼ਤ ਮੇਹਨਤ ਕੀਤੀ ਹੈ। ਅਸੀਂ ਆਪਣੇ ਰਸਤੇ ਮਿਹਨਤ ਨਾਲ ਬਣਾਏ ਹਨ।”

ਤਸਵੀਰ ਸਰੋਤ, Getty Images
14 ਸਾਲ ਦੀ ਉਮਰ ’ਚ ਰੈਫ਼ਰੀ ਲਈ ਕੁਆਲੀਫਾਈ ਕੀਤਾ
ਭੁਪਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਗਿੱਲ ਸਾਲ 2010 ਵਿੱਚ ਈਐਫ਼ਐਲ ਦੇ ਰੈਫ਼ਰੀ ਦੀ ਸੇਵਾ ਤੋਂ ਮੁਕਤ ਹੋਏ ਸਨ।
ਜਿਵੇਂ ਪਰਿਵਾਰ ਇਸ ਖੇਤਰ ਨਾਲ ਜੁੜਿਆ ਹੋਇਆ ਸੀ ਤਾਂ ਭੁਪਿੰਦਰ ਸਿੰਘ ਗਿੱਲ ਨੇ 14 ਸਾਲ ਦੀ ਉਮਰ ਵਿੱਚ ਹੀ ਰੈਫ਼ਰੀ ਵਜੋਂ ਕੁਆਲੀਫ਼ਾਈ ਕਰ ਲਿਆ ਸੀ।
ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਿਸਮਤ ਵਾਲੇ ਸਨ ਕਿਉਂਕਿ ਉਹਨਾਂ ਦੇ ਪਿਤਾ ਇੰਗਲਿਸ਼ ਫ਼ੁੱਟਬਾਲ ਦੇ ਰੈਫ਼ਰੀ ਸਨ।
ਭੁਪਿੰਦਰ ਸਿੰਘ ਕਹਿੰਦੇ ਹਨ, “ਮੇਰੇ ਪਿਤਾ ਉਹੀ ਕੰਮ ਕਰ ਰਹੇ ਸਨ ਜੋ ਮੈਂ ਹੁਣ ਕਰ ਰਿਹਾ ਹਾਂ। ਇਸ ਲਈ ਮੈਂ ਇਹ ਸਭ ਬਹੁਤ ਨੇੜੇ ਤੋਂ ਮਹਿਸੂਸ ਕਰ ਸਕਦਾ ਹਾਂ।”
ਭੁਪਿੰਦਰ ਸਿੰਘ ਇੱਕ ਸਕੂਲ ਅਧਿਆਪਕ ਹਨ। ਭੁਪਿੰਦਰ ਦਾ ਸਪਨਾ ਪ੍ਰੀਮੀਅਮ ਲੀਗ ਵਿੱਚ ਪੂਰਾ ਸਮਾਂ ਕੰਮ ਕਰਨਾ ਹੈ।
ਉਹ ਕਹਿੰਦੇ ਹਨ, “ਇਹੋ ਆਖਰੀ ਸੁਪਨਾ ਹੈ।”
ਭੁਪਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਪਤਾ ਲਗਿਆ ਕਿ ਉਨ੍ਹਾਂ ਦੀ ਚੋਣ ਹੋ ਗਈ ਹੈ ਤਾਂ ਉਹ ਬਹੁਤ ਖੁਸ਼ ਹੋਏ।

ਉਹ ਕਹਿੰਦੇ, “ਮੈਨੂੰ ਬੱਚੇ ਕਹਿੰਦੇ ਕਿ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਹਾਡੀ ਚੋਣ ਹੋ ਗਈ ਹੈ। ਤੁਸੀਂ ਇੱਥੇ ਕੀ ਕਰ ਰਹੇ ਹੋ। ਤੁਸੀਂ ਅਜੇ ਪੜ੍ਹਾ ਕਿਉਂ ਰਹੇ ਹੋ।”
“ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੀ ਨੌਕਰੀ ਹੈ ਤੇ ਉਹ ਕੇਵਲ ਇੱਕ ਮੈਚ।”
“ਬੱਚਿਆਂ ਵੱਲੋਂ ਮਿਲਿਆ ਹੁੰਗਾਰਾ ਮੇਰੀ ਲਈ ਬਹੁਤ ਵਧੀਆ ਸੀ। ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਨੂੰ ਉਤਸ਼ਾਹਤ ਕਰ ਸਕਾਂਗਾ ਤਾਂ ਜੋ ਉਹ ਕੋਰਸ ਲਈ ਰਜਿਸਟਰ ਕਰਨ।”
ਭੁਪਿੰਦਰ ਸਿੰਘ ਚਾਹੁੰਦੇ ਹਨ ਕਿ ਹੋਰ ਦੱਖਣੀ ਮੂਲ ਦੇ ਲੋਕਾਂ ਨੂੰ ਰੈਫਰੀ ਬਣਨ, ਕੋਚਿੰਗ ਕਰਨ ਅਤੇ ਫੁੱਟਬਾਲ ਦੇ ਹਰ ਖੇਤਰ ਨਾਲ ਜੁੜਨਾ ਚਾਹੀਦਾ ਹੈ।
ਇੱਕ ਅੰਕੜੇ ਮੁਤਾਬਕ ਯੂਕੇ ਦੇ 15 ਹਜ਼ਾਰ ਪ੍ਰੋਫੈਸ਼ਨਲ ਖਿਡਾਰੀਆਂ ਵਿੱਚੋਂ ਕੇਵਲ 115 ਖਿਡਾਰੀ ਦੱਖਣੀ ਏਸ਼ੀਆਈ ਮੂਲ ਦੇ ਹਨ।
ਉਹ ਕਹਿੰਦੇ ਹਨ, “ਫੁੱਟਬਾਲ ਨਾਲ ਕਈ ਰਾਹ ਖੁੱਲ੍ਹਦੇ ਹਨ। ਮੇਰਾ ਮੰਨਣਾ ਹੈ ਕਿ ਪ੍ਰੀਮੀਅਰ ਲੀਗ ਇਸ ਵੇਲੇ ਬਹੁਤ ਕੁਝ ਕਰ ਰਹੀ ਹੈ।”

ਗਿੱਲ ਪਰਿਵਾਰ ਬਾਰੇ ਖਾਸ ਗੱਲਾਂ:
- ਇੰਗਲੈਂਡ ਵਿੱਚ ਭੁਪਿੰਦਰ ਸਿੰਘ ਗਿੱਲ ਬਣੇ ਪ੍ਰੀਮੀਅਰ ਲੀਗ ਦੇ ਪਹਿਲੇ ਪੰਜਾਬੀ-ਸਿੱਖ ਅਸਿਸਟੈਂਟ ਰੈਫ਼ਰੀ।
- ਭੁਪਿੰਦਰ ਦੇ ਪਿਤਾ ਜਰਨੈਲ ਸਿੰਘ ਗਿੱਲ ਦਾੜੀ ਅਤੇ ਪੱਗ ਵਾਲੇ ਪਹਿਲੇ ਸਿੱਖ ਰੈਫ਼ਰੀ ਸਨ।
- ਜਰਨੈਲ ਸਿੰਘ ਦੇ ਦੋਵੇਂ ਪੁੱਤਰ ਵੀ ਰੈਫ਼ਰੀ ਬਣੇ ਜੋ ਅੱਲੜ ਉਮਰ ਤੋਂ ਹੀ ਪਿਤਾ ਨਾਲ ਫੁੱਟਬਾਲ ਦੇ ਮੈਦਾਨ ਵਿੱਚ ਜਾਂਦੇ ਸਨ।
- ਜਰਨੈਲ ਸਿੰਘ ਗਿੱਲ ਸਾਲ 2010 ਵਿੱਚ ਈਐਫ਼ਐਲ ਨੇ ਰੈਫ਼ਰੀ ਦੀ ਸੇਵਾ ਤੋਂ ਮੁਕਤ ਹੋਏ ਸਨ।


ਤਸਵੀਰ ਸਰੋਤ, Getty Images
ਜਰਨੈਲ ਸਿੰਘ ਨੇ ਪੁੱਤਰਾਂ ਨੂੰ ਲਗਾਈ ਚਿਣਗ
ਜਰਨੈਲ ਸਿੰਘ ਕਿੱਤੇ ਵੱਜੋਂ ਰੈਫ਼ਰੀ ਦਾ ਕੰਮ ਕਰਦੇ ਸਨ ਤਾਂ ਉਹ ਆਪਣੇ ਦੋਵਾਂ ਪੁੱਤਰਾਂ ਭੁਪਿੰਦਰ ਸਿੰਘ ਅਤੇ ਸਨੀ ਸਿੰਘ ਨੂੰ ਮੈਚਾਂ ਸਮੇਂ ਨਾਲ ਲੈ ਜਾਂਦੇ ਸਨ।
ਉਹਨਾਂ ਨੂੰ ਮੈਦਾਨ ਦੀ ਲਾਈਨ ਉਪਰ ਖੜ੍ਹੇ ਕਰ ਦਿੰਦੇ ਸਨ।
ਜਰਨੈਲ ਸਿੰਘ ਨੇ ਅਗਸਤ 2004 ਵਿੱਚ ਈਐਫਐਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2010 ਵਿੱਚ ਸੇਵਾ ਮੁਕਤ ਹੋਣ ਤੱਕ ਉਹਨਾਂ ਨੇ 150 ਤੋਂ ਵੱਧ ਮੈਚਾਂ ਵਿੱਚ ਰੈਫ਼ਰੀ ਦੀ ਸੇਵਾ ਨਿਭਾਈ ਸੀ।
ਇੱਕ ਸਮੇਂ ਜਰਨੈਲ ਸਿੰਘ ਨੇ ਕਿਹਾ ਸੀ ਕਿ ਉਹ ਪੱਗ ਅਤੇ ਦਾਹੜੀ ਨਾਲ ਇੱਕ ਵੱਡੇ ਭਾਈਚਾਰੇ ਦੀ ਪ੍ਰਤੀਨਿਧਤਾ ਕਰ ਰਹੇ ਸਨ। ਨਾਲ ਹੀ ਉਹ ਦੋਵੇਂ ਪੁੱਤਰਾਂ ਨੂੰ ਆਪਣੇ ਕਦਮਾਂ ਉਪਰ ਚੱਲਣ ਲਈ ਮਦਦ ਕਰ ਰਹੇ ਸਨ।

ਤਸਵੀਰ ਸਰੋਤ, Getty Images
ਨਸਲੀ ਟਿੱਪਣੀ ਦਾ ਵੀ ਕੀਤਾ ਸਾਹਮਣਾ
ਬੀਬੀਸੀ ਦੀ ਸਾਲ 2020 ਦੀ ਇੱਕ ਰਿਪੋਰਟ ਮੁਤਾਬਕ ਛੋਟੀ ਉਮਰੇ ਰੈਫ਼ਰੀ ਦਾ ਕੰਮ ਕਰਨ ਵਾਲੇ ਦੋਵੇਂ ਭਰਾਵਾਂ ਨੇ ਜ਼ਬਾਨੀ ਦੁਰਵਿਵਹਾਰ ਦੇ ਕਾਰਨ, ਇਹ ਕੰਮ ਛੱਡ ਦਿੱਤਾ ਸੀ।
ਹੁਣ ਸੰਨੀ ਗਿੱਲ ਜੇਲ੍ਹ ਅਫ਼ਸਰ ਹਨ।
ਸੰਨੀ ਗਿੱਲ ਨੇ ਕਿਹਾ ਸੀ, "ਮੈਨੂੰ ਉਸ ਸਮੇਂ ਸੰਡੇ ਲੀਗ ਦੀਆਂ ਟੀਮਾਂ ਤੋਂ ਡਰਨਾ ਪਸੰਦ ਨਹੀਂ ਸੀ।"
"ਮੈਂ ਸਿਰਫ਼ 17 ਸਾਲ ਦਾ ਸੀ। ਜੇਕਰ ਮੈਂ ਇਮਾਨਦਾਰੀ ਨਾਲ ਦੱਸਾ ਤਾਂ ਮੈਂ ਕਈ ਵਾਰ ਲੜਾਈ ਕਰਨਾ ਚਾਹੁੰਦਾ ਸੀ, ਇਹ ਸੱਚਾਈ ਹੈ। ਇਹ ਚੰਗੀ ਨਹੀਂ ਸੀ।"
ਜਰਨੈਲ ਸਿੰਘ ਕਹਿੰਦੇ ਹਨ ਕਿ ਉਹਨਾਂ ਨੂੰ ਨਸਲੀ ਟਿੱਪਣੀਆਂ ਦਾ ਬਹੁਤ ਘੱਟ ਸਾਹਮਣਾ ਕਰਨ ਪਿਆ ਹੈ।
ਜਰਨੈਲ ਸਿੰਘ ਨੇ ਕਿਹਾ ਸੀ, "ਮੇਰੇ ਨਾਲ ਨਿੱਜੀ ਤੌਰ 'ਤੇ ਸਿਰਫ਼ ਇੱਕ ਵਾਰ ਹੋਇਆ ਜਦੋਂ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਸੀ।"
"ਮੇਰੀ ਚਮੜੀ ਦੇ ਰੰਗ ਬਾਰੇ ਇੱਕ ਟਿੱਪਣੀ ਕੀਤੀ ਗਈ ਸੀ।”
"ਮੈਂ ਇਹ ਨਹੀਂ ਦੱਸਦਾ ਕਿ ਇਹ ਦੋ ਖਿਡਾਰੀਆਂ ਵਿੱਚੋਂ ਕੌਣ ਸਨ । ਮੈਂ ਦੋਵਾਂ ਖਿਡਾਰੀਆਂ ਨੂੰ ਖਿੱਚ ਲਿਆ ਅਤੇ ਕਿਹਾ, 'ਕੀ ਤੁਸੀਂ ਜੋ ਕਿਹਾ ਹੈ, ਉਸ ਨੂੰ ਦੁਹਰਾਉਣ ਦੀ ਹਿੰਮਤ ਹੈ?”
ਭੁਪਿੰਦਰ ਕਹਿੰਦੇ ਹਨ, “ਮੇਰੇ ਨਾਲ ਅਜਿਹਾ ਇੱਕੋ ਵਾਰ ਹੋਇਆ ਸੀ। ਉਹ ਵੀ ਇੱਕ ਫੈਨ ਵੱਲੋਂ ਕੀਤਾ ਗਿਆ ਸੀ ਜਦੋਂ ਮੈਂ ਲਾਈਨ ਦੇ ਨੇੜੇ ਭੱਜ ਰਿਹਾ ਸੀ।”
“ਮੇਰੇ ਨਾਲ ਅਜਿਹਾ ਪਹਿਲੀ ਵਾਰ ਹੋਇਆ ਸੀ ਮੈਨੂੰ ਉਸ ਵੇਲੇ ਨਹੀਂ ਪਤਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਬੱਸ ਮੁੜਿਆ ਤੇ ਉਸ ਨੂੰ ਜਵਾਬ ਦੇ ਦਿੱਤਾ ਜੋ ਮੈਨੂੰ ਲਗਦਾ ਹੀ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਸੀ।”
“ਜਦੋਂ ਤੁਸੀਂ ਫੁੱਟਬਾਲ ਲਾਈਨ ਦੇ ਲਾਗੇ ਦੌੜਦੇ ਹੋ ਤਾਂ ਤੁਸੀਂ ਫੈਨਜ਼ ਤੋਂ ਕੁਝ ਗੱਜ ਦੀ ਦੂਰੀ ਉੱਤੇ ਹੁੰਦੇ ਹੋ। ਉਸ ਵੇਲੇ ਤੁਹਾਨੂੰ ਕਈ ਤਰੀਕੇ ਦੀਆਂ ਮਾੜੀਆਂ ਸ਼ਬਦਾਵਲੀਆਂ ਸੁਣਨੀਆਂ ਪੈਂਦੀਆਂ ਹਨ। ਉਸ ਵੇਲੇ ਸਾਨੂੰ ਅਜਿਹੀ ਸ਼ਬਦਾਵਲੀ ਨੂੰ ਨਜ਼ਦਅੰਦਾਜ਼ ਕਰਨਾ ਚਾਹੀਦਾ ਹੈ।”












